Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਰਿਤ੍ਰੋਪਖ੍ਯਾਨ ਚਰਿਤ੍ਰ ਉਨੰਜਾ (੪੯) – Charitropakhyan charitra 49

ਚਰਿਤ੍ਰ ਉਨੰਜਾ/ਉਨਚਾਸਵੋ – ਕਥਾ ਮੂਰਖ ਤੇ ਡਰਪੋਕ ਮਨੁੱਖ ਦੀ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ

ਚੌਪਈ॥ ਆਨੰਦ ਪੁਰ ਨਾਇਨ ਇਕ ਰਹਈ॥ ਨੰਦ ਮਤੀ ਤਾ ਕੋ ਜਗ ਕਹਈ॥ ਮੂਰਖ ਨਾਥ ਤਵਨ ਕੋ ਰਹੈ॥ ਤ੍ਰਿਯ ਕਹ ਕਛੂ ਨ ਮੁਖ ਤੇ ਕਹੈ॥੧॥ – ਭੂਪ ਆਖਦਾ ਆਨੰਦ ਪੁਰ ਨਾਮ ਦੇ ਇੱਕ ਸ਼ਹਰ ਵਿੱਕ ਇੱਕ ਨਾਈਨ ਰਹਿੰਦੀ ਸੀ ਜਿਸਦਾ ਨਾਮ ਨੰਦ ਮਤੀ ਸੀ। ਉਸਦਾ ਪਤੀ ਮੂਰਖ ਬੰਦਾ ਸੀ ਜਿਸਦਾ ਉਸਦੀ ਜਨਾਨੀ ਮੁਹਰੇ ਵੱਸ ਨਹੀਂ ਚਲਦਾ ਸੀ। ਉਹ ਆਪਣੇ ਪਤੀ ਨੂੰ ਕੁੱਝ ਨਹੀਂ ਕਹਿੰਦੀ ਸੀ ਤੇ ਉਹ ਜੋ ਵੀ ਕਰਦੀ ਸੀ ਤੇ ਪਤੀ ਵੀ ਕੁੱਝ ਉਸਨੂੰ ਨਹੀਂ ਕਹਿ ਪਾਉਂਦਾ ਸੀ।

ਤਾ ਕੇ ਧਾਮ ਬਹੁਤ ਜਨ ਆਵੈ॥ ਨਿਸ ਦਿਨ ਤਾ ਸੋ ਭੋਗ ਕਮਾਵੈ॥ ਸੋ ਜੜ ਪਰਾ ਹਮਾਰੇ ਰਹਈ॥ ਤਾ ਕੋ ਕਛੂ ਨ ਮੁਖ ਤੇ ਕਹਈ॥੨॥ – ਨਾਇਨ ਦੇ ਘਰੇ ਬਹੁਤ ਜਣੇ ਆਉਂਦੇ ਸੀ ਤੇ ਉਸ ਨਾਲ ਭੋਗ ਕਰਦੇ ਸੀ ਤੇ ਉਹ ਮੂਰਖ ਬੰਦਾ ਭੂਪ ਦੇ ਘਰੇ ਪਿਆ ਰਹਿੰਦਾ ਸੀ।

ਜਬ ਕਬਹੂੰ ਵਹੁ ਧਾਮ ਸਿਧਾਵੈ॥ ਯੌ ਤਾ ਸੋ ਤ੍ਰਿਯ ਬਚਨ ਸੁਨਾਵੈ॥ ਯਾ ਕਹ ਕਲਿ ਕੀ ਬਾਤ ਨ ਲਾਗੀ॥ ਮੇਰੋ ਪਿਯਾ ਬਡੋ ਬਡਭਾਗੀ॥੩॥ – ਜਦੋਂ ਉਹ ਘਰੇ ਜਾਂਦਾ ਸੀ ਤਾਂ ਨਾਇਨ ਉਸਨੂੰ ਕਹਿੰਦੀ ਸੀ ਕੇ ਮੇਰਾ ਪਤੀ ਤਾਂ ਬਹੁਤ ਭਾਗਾਂਵਾਲਾ ਹੈ ਤੇ ਇਸਨੂੰ ਕਲਜੁਗ ਦੀ ਕੋਈ ਵੀ ਅਵਗੁਣ ਨਹੀਂ ਲੱਗਿਆ।

ਦੋਹਰਾ॥ ਨਿਸੁ ਦਿਨ ਸਬਦਨ ਗਾਵਹੀ ਸਭ ਸਾਧਨ ਕੋ ਰਾਉ॥ ਮੋ ਪਤਿ ਗੁਰ ਕੋ ਭਗਤਿ ਹੈ ਲਗੀ ਨ ਕਲਿ ਕੀ ਬਾਉ॥੪॥ – ਨਾਇਨ ਬਸ ਇਹੀ ਰਾਗ ਅਲਾਪਦੀ ਸੀ ਕੇ ਮੇਰਾ ਪਤੀ ਸਾਧ ਬਿਰਤੀ ਦਾ ਹੈ। ਗੁਰ ਦੀ ਭਗਤੀ ਕਾਰਣ ਉਸਨੂੰ ਕੋਈ ਕਲਜੁਗੀ ਰੋਗ ਨਹੀਂ ਲੱਗਿਆ। ਭਲਾਮਾਨਸ ਹੈ। ਇਹ ਇੱਕ ਹਕੀਕਤ ਹੈ ਕੇ ਸਮਾਜ ਵਿੱਚ ਕਾਮ ਨੂੰ ਮਾੜਾ ਮੰਨਿਆ ਜਾਂਦਾ ਹੇ ਤੇ ਕਾਮ ਦੇ ਤਿਆਗੀ ਨੂੰ ਸੰਤ। ਇਸ ਸਮਾਜਿਕ ਮਾਨਤਾ ਦਾ ਹਵਾਲਾ ਦੇ ਕੇ ਨਾਇਨ ਆਪਣੇ ਭੋਲੇ ਸਿੱਧੇ ਖਸਮ ਨੂੰ ਧੋਖਾ ਦੇ ਰਹੀ ਸੀ।

ਚੌਪਈ॥ ਯਹ ਜੜ ਫੂਲਿ ਬਚਨ ਸੁਨਿ ਜਾਵੈ॥ ਅਧਿਕ ਆਪੁ ਕਹ ਸਾਧੁ ਕਹਾਵੈ॥ ਵਹ ਜਾਰਨ ਸੌ ਨਿਸੁ ਦਿਨ ਰਹਈ॥ ਇਹ ਕਛੁ ਤਿਨੈ ਨ ਮੁਖ ਤੇ ਕਹਈ॥੫॥ – ਇਹ ਸਿਫ਼ਤ ਸੁਣ ਕੇ ਮੂਰਖ ਪਤੀ ਫੁੱਲ ਜਾਂਦਾ ਸੀ। ਆਪਣੇ ਆਪ ਨੂੰ ਸਾਧ ਸਮਖਦਾ ਤੇ ਅਖਾਉੰਦਾ ਸੀ। ਨਾਇਨ ਰਾਤ ਦਿਨ ਪਰ ਪੁਰਖ ਨਾਲ ਭੋਗ ਕਰਦੀ ਰਹਿੰਦੀ ਸੀ ਤੇ ਮੂਰਖ ਉਸਨੂੰ ਕੁੱਝ ਨਹੀਂ ਕਹਿੰਦਾ ਸੀ।

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੪੯॥੮੫੦॥ – ਇੱਥੇ ਮੰਤਰੀ ਤੇ ਭੂਪ ਵਿੱਚ ਹੁੰਦਾ ਸਮਵਾਦ, ਇਹ ਚਰਿੱਤਰ ਸਮਾਪਤ ਹੁੰਦਾ ਹੈ।

ਇਸ ਚਰਿਤ੍ਰ ਦਾ ਨੈਤਿਕ ਸਾਰ

ਸਾਡੇ ਸਮਾਜ ਵਿਛ ਭੋਲੇ ਮਨੁੱਖ ਵੀ ਹੁੰਦੇ ਹਨ ਜਿਹਨਾਂ ਨੂੰ ਲੋਕ “ਸਿੱਧਾ” ਬੰਦਾ ਵੀ ਕਹਿ ਕੇ ਪੁਕਾਰਦੇ ਹਨ। ਕਈ ਵਾਰ ਮੂਰਖ ਵੀ ਹੁੰਦੇ ਹਨ ਜਾਂ ਗੱਲਾਂ ਵਿੱਚ ਆ ਕੇ ਮੂਰਖ ਵੀ ਬਣਦੇ ਹਨ। ਕਈ ਇਸਤ੍ਰੀਆਂ ਵੀ ਹੁੰਦੀਆਂ ਹਨ ਜਿਹੜੀਆਂ ਸਮਾਜ ਵਿਛ ਇਹੋ ਜਿਹੇ ਮਨੁੱਖਾਂ ਨਾਲ ਵਿਆਹ ਦਿੱਤੀਆਂ ਜਾਂਦੀਆਂ ਹਨ। ਜਦੋਂ ਆਪਣੇ ਪਤੀ ਤੋਂ ਖੁਸ਼ ਜਾਂ ਤ੍ਰਿਪਤ ਨਾ ਹੋਣ ਤਾਂ ਫੇਰ ਗੈਰ ਮਰਦਾਂ ਨਾਲ ਭੋਗ ਵੀ ਕਮਾਉਂਦੀਆਂ ਹਨ। ਸਮਾਜ ਵਿੱਚ ਕਾਮ ਨੂੰ ਲੈਕੇ ਗਲਤ ਧਾਰਣਾ ਬਣੀ ਹੋਈ ਹੈ ਕੇ ਕਾਮ ਦਾ ਤਿਆਗੀ ਮਨੁੱਖ ਸੰਤ ਹੁੰਦਾ ਹੈ ਜਾਂ ਉਸਨੂੰ ਕਲ (ਕਲਜੁਗ) ਦੇ ਰੋਗ ਨਹੀਂ ਹਨ। ਇਸ ਗੱਲ ਦਾ ਫਾਇਦਾ ਵੀ ਨਾਇਨ ਵਰਗੀਆਂ ਤੀਵੀਆਂ ਚੱਕਦੀਆਂ ਹਨ। ਸਾਡੇ ਸਮਾਜ ਵਿੱਚ ਅੱਜ ਵੀ ਕਈ ਇਸਤ੍ਰੀਆਂ ਸਮਾਜਿਕ ਡਰ ਕਾਰਨ ਤਲਾਕ ਨਾ ਲੈਕੇ ਗੈਰ ਮਰਦਾਂ ਨਾਲ ਰਿਸ਼ਤਾ ਬਣਾਉਣਾ ਸੌਖਾ ਸਮਝਦੀਆਂ ਹਨ। ਇਸ ਵਿੱਚ ਇਹ ਸਿੱਖਿਆ ਵੀ ਹੈ ਕੇ ਕਈ ਮਨੁੱਖ ਕਾਮ ਨੂੰ ਆਪਣੀ ਸਮਾਜਿਕ ਇੱਜਤ ਤੋਂ ਵੀ ਉੱਪਰ ਰੱਖਦੇ ਹਨ ਤੇ ਗੈਰ ਮਨੁੱਖ ਨਾਲ ਰਿਸ਼ਤੇ ਬਣਾਉਂਦੇ ਹਨ।

ਇਸ ਚਰਿੱਤਰ ਵਿੱਚ ਸਮਾਜ ਲਈ ਸਿੱਖਿਆ ਵੀ ਹੈ ਕੇ ਭੋਲੇ ਬੰਦੇ ਦਾ ਫਾਇਦਾ ਚੱਕਿਆ ਜਾਂਦਾ ਹੈ, ਸਮਾਜ ਨੂੰ ਧਿਆਨ ਦੇਣਾ ਚਾਹੀਦਾ ਹੈ। ਨਾਇਨ ਵਰਗੇ ਕਿਰਦਾਰ ਵੀ ਹਨ ਜਿਹਨਾਂ ਤੋਂ ਸਮਾਜ ਨੂੰ ਸੁਚੇਤ ਰਹਿਣਾ ਚਾਹੀਦਾ ਹੈ।

ਗੁਰਮਤਿ ਬਿਹੰਗਮ ਰਹਿਣ ਦੇ ਖਿਲਾਫ਼ ਹੈ। ਗੁਰਮਤਿ ਵਿੱਚ ਸਵਾਲ ਹੈ “ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥” – ਜੇ ਬਿੰਦ ਰੱਖੇ ਕੋਈ ਤਰਦਾ ਹੈ ਤਾਂ ਸਾਰੇ ਖੁਸਰੇ ਤਰ ਜਾਣੇ ਚਾਹੀਦੇ ਸੀ, ਗਿਆਨ, ਨਾਮ ਤੇ ਗੁਣ ਲੈਣ ਦੀ ਲੋੜ ਹੀ ਨਹੀਂ ਸੀ। ਇਹੀ ਸਵਾਲ ਦਸਮ ਬਾਣੀ ਵਿੱਚ ਦਸਮ ਪਾਤਿਸ਼ਾਹ ਪੁੱਛਦੇ ਹਨ “ਬਿੰਦ ਕੇ ਸਧਯਾ ਤਾਹਿ ਹੀਜ ਕੀ ਬਡਯਾ ਦੇਤ ਬੰਦਰਾ ਸਦੀਵ ਪਾਇ ਨਾਗੇ ਹੀ ਫਿਰਤ ਹੈਂ॥ ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈਂ॥

ਨਾਈ ਵਰਗਿਆਂ ਲਈ ਵੀ ਉਪਦੇਸ਼ ਹੈ ਕੇ ਭਾਈ ਕੰਨ ਦਾ ਕੱਚਾ ਨਾ ਹੋ। ਤੇਰੀ ਪਿੱਠ ਪਿੱਛੇ ਕੀ ਹੁੰਦਾ ਤੈਨੂੰ ਪਤਾ ਨਹੀਂ ਲਗਦਾ। ਜੇ ਕੋਈ ਜਿਆਦਾ ਤਾਰੀਫ਼ ਕਰੇ ਤਾਂ ਭਾਈ ਸੁਚੇਤ ਰਹਿ।

ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।

ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।

ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।

Resize text