ਗੁਰਮਤਿ ਵਾਲਾ ਸਿਵ / ਸ਼ਿਵ
ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਰ ਭੈਣਾ ਗੁਰਮਤਿ ਵਾਲੇ ਸ਼ਿਵ ਨੂੰ ਸਨਾਤਨ ਮਤਿ ਵਾਲੇ ਸ਼ਿਵ ਨਾਲ ਜੋੜ ਦਿੰਦੇ ਹਨ। ਖਾਸ ਜਦੋਂ ਦਸਮ ਪਾਤਿਸ਼ਾਹ ਦੇ ਨਾਲ ਜੁੜੇ ਗੁਰਪੁਰਬ ਮਨਾਉਂਦੇ ਹਨ। ਜਦੋਂ ਵੀ ਸ਼ਬਦ ਪੜ੍ਹਦੇ ਗਾਉਂਦੇ ਹਨ “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥” ਖਾਸ ਉਸਦੀ ਵਿਆਖਿਆ ਕਰਨ ਲੱਗੇ, ਇਹ ਲੋਕ ਬਾਣੀ ਨਹੀਂ ਪੜ੍ਹਦੇ ਨਾ ਵਿਚਾਰਦੇ ਨੇ ਤੇ ਗੁਰਮਤਿ ਵਾਲੇ ਸ਼ਿਵ ਨੂੰ ਸ਼ਿਵਾ ਨੂੰ ਸਮਝਦੇ ਨਹੀਂ। ਇਹਨਾਂ ਮੂਰਖਾਂ ਲਈ ਹੀ ਪਾਤਿਸ਼ਾਹ ਨੇ ਲਿਖਿਆ “ਮਹਾ ਮੂੜ੍ਹ ਕਛੁ ਭੇਦ ਨ ਜਾਨਤ॥ ਮਹਾਦੇਵ ਕੋ ਕਹਤ ਸਦਾ ਸਿਵ॥ ਨਿਰੰਕਾਰ ਕਾ ਚੀਨਤ ਨਹਿ ਭਿਵ॥੩੯੨॥”। ਰੋਜ ਪੜ੍ਹ ਕੇ ਵੀ ਨਹੀਂ ਸਮਝਦੇ, ਇਹਨਾਂ ਲਈ ਹੀ ਲਿਖਿਆ ਕੇ
”ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ॥ਬ੍ਰਹਮਾ ਅਰੁ ਬਿਸਨ ਕੇਤੇ ਬੇਦ ਔ ਪੁਰਾਨ ਕੇਤੇ ਸਿੰਮ੍ਰਿਤਿ ਸਮੂਹਨ ਕੈ ਹੁਇ ਹੁਇ ਬਿਤਏ ਹੈਂ॥ ਮੋਨਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈਂ॥ ਪੀਰ ਔ ਪਿਕਾਂਬਰ ਕੇਤੇ ਗਨੇ ਨ ਪਰਤ ਏਤੇ ਭੂਮ ਹੀ ਤੇ ਹੁਇ ਕੈ ਫੇਰਿ ਭੂਮਿ ਹੀ ਮਿਲਏ ਹੈਂ॥”
ਜਿਵੇਂ ਗੁਰਬਾਣੀ ਵਾਲਾ ਰਾਮ (ਵੇਖੋ “ਗੁਰਮਤਿ ਵਿੱਚ ਰਾਮ”), ਹਰਿ (ਵੇਖੋ ਹਰਿ) ਸਨਾਤਨ ਵਾਲਾ ਰਾਮ ਹਰਿ ਨਹੀਂ ਹਨ। ਗੁਰਮਤਿ ਵਾਲਾ ਸਿਵ ਵੀ ਆਮ ਪ੍ਰਚਾਰਿਆ ਜਾ ਰਹਿਆ ਹਿੰਦੂ ਮਤਿ ਦਾ ਸਿਵ ਨਹੀਂ ਹੈ। ਆਦਿ ਬਾਣੀ ਤੇ ਦਸਮ ਬਾਣੀ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦੇ ਨਾਮ ਆਏ ਹਨ ਪਰ ਗੁਰਮਤਿ ਨੇ ਨਾਲ ਨਾਲ ਹੀ ਸਮਝਾਇਆ ਹੈ ਕੇ ਇਹ ਸਨਾਤਨ ਮਤਿ ਵਾਲੇ ਦੇਵੀ ਦੇਵਤੇ ਨਹੀਂ ਹਨ ਬਲਕਿ ਇਹ ਗੁਣ ਵਾਚਕ ਨਾਮ ਹਨ ਅਕਾਲ ਦੇ ਜੋਤ ਦੇ ਹੁਕਮ ਦੀ ਸ਼ਕਤੀ ਦੇ, ਵੇਖੋ “ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?”। ਨਾ ਵਿਚਾਰਣ ਕਰਕੇ ਕਈ ਭੋਲੇ ਲੋਗ ਵੀ ਗਲਤ ਸਮਝ ਲੈਂਦੇ ਹਨ। ਕਈ ਸ਼ਰਾਰਤੌ ਅਨਸਰ ਇਸ ਦਾ ਮੌਕਾ ਚੱਕ ਕੇ ਗੁਰਬਾਣੀ ਨੂੰ ਸਨਾਤਨ ਮਤਿ ਨਾਲ ਜੋੜ ਦਿੰਦੇ ਹਨ ਤੇ ਕੁੱਝ ਬਾਣੀ ਨੂੰ ਰੱਦ ਕਰਨ ਦੀ ਚੇਸ਼ਟਾ ਵੀ ਕਰਦੇ ਹਨ। ਨੀਚੇ ਗੁਰਮਤਿ ਵਾਲੇ ਸਿਵ ਨੂੰ ਸਮਝਾਉਣ ਲਈ ਆਦਿ ਬਾਣੀ ਵਿੱਚੋਂ ਪੰਕਤੀਆਂ ਦੱਸੀਆਂ ਹਨ। ਇਹਨਾਂ ਨੂੰ ਪੜ੍ਹ ਕੇ ਵੇਖੋ ਕੀ ਇਹ ਦੇਵੀ ਦੇਵਤਿਆਂ ਦੇ ਨਾਮ ਹਨ?
“ਜਹੁ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ॥ ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ॥ ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ॥੪॥ (ਮ ੧, ਰਾਗੁ ਸਿਰੀਰਾਗ, ੨੧)” – ਭਾਵ ਜਿੱਥੇ ਵੇਖਦਾ ਹਾਂ ਰਵਿ ਭਾਵ ਪ੍ਰਕਾਸ਼ਮਾਨ ਹੈ ਸ਼ਿਹ (ਮੂਲ) ਤੇ ਸ਼ਕਤੀ (ਬੁੱਧ/ਸੋਝੀ) ਦਾ ਮੇਲ। ਜੇ ਇਹ ਕਿਸੇ ਮਨੁੱਖ ਬਾਰੇ ਹੋਵੇ ਤੇ ਸਾਰੇ ਪਾਸੇ ਕਿਵੇਂ ਦਿਖੇਗਾ। ਗੁਰਬਾਣੀ ਦਾ ਤੱਤ ਗਿਆਨ ਹੈ ਕੇ ਪਰਮੇਸਰ ਦਾ ਬਿੰਦ (ਗੋਬਿੰਦ) ਸਾਰੇ ਪਾਸੇ ਹੈ। ਸ਼ਕਤੀ ਹੈ ਉਸਦਾ ਹੁਕਮ। ਸੋ ਇੱਥੇ ਗਲ ਅਕਾਲ ਦੀ ਤੇ ਹੁਕਮ ਦੀ ਹੋ ਰਹੀ ਹੈ।
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ॥ ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ॥੧॥ (ਰਾਗੁ ਗਉੜੀ ਮ ੫, ੨੦੭)
“ਕਹੁ ਗੁਰ ਗਜ ਸਿਵ ਸਭੁ ਕੋ ਜਾਨੈ॥ ਮੁਆ ਕਬੀਰੁ ਰਮਤ ਸ੍ਰੀ ਰਾਮੈ॥ (ਭਗਤ ਕਬੀਰ ਜੀ, ਰਾਗੁ ਗਉੜੀ, ੩੨੬)” – ਘਟ ਅੰਦਰ ਵੱਸਦੀ ਅਕਾਲ ਦੀ ਜੋਤ ਨੂੰ ਕਈ ਨਾਮਾਂ ਨਾਲ ਸੰਬੋਧਨ ਕੀਤਾ ਗਿਆ ਹੈ। ਜੇ ਗੁਣਾਂ ਵਿੱਚ ਰਮਿਆ ਹੈ ਭਿੱਜਿਆ ਹੈ ਤਾਂ ਰਾਮ, ਗਿਆਨ/ਸੋਝੀ ਲੈ ਕੇ ਹਰਿਆ ਹੋ ਗਿਆਨ ਹੈ ਅਗਿਆਨਤਾ ਦਲਿੱਦਰ ਕਾਰਣ ਸੁੱਕਿਆ ਹੋਇਆ ਨਹੀਂ ਰਹਿਆ ਹੁਣ ਤਾਂ ਹਰਿ। ਜੇ ਹੁਕਮ ਦਾ ਵਰਤਾਰਾ ਕਰਦਾ ਤਾਂ ਸ਼ਿੱਵ।
“ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ॥ ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ॥੨॥(ਭਗਤ ਕਬੀਰ ਜੀ, ਰਾਗੁ ਗਉੜੀ, ੩੩੨)” – ਘਰ ਦਾ ਅਰਥ ਹੁੰਦਾ ਹੈ ਘਟ/ਹਿਰਦਾ। ਗੁਰ ਕੇ ਬਾਣਿ ਭਾਵ ਗੁਣਾਂ ਦੀ ਸੋਝੀ, ਬਜਰ ਕਪਾਟ ਹਨ ਅਗਿਆਨਤਾ ਦੇ ਦਰਵਾਜੇ ਘਟ ਦੇ, ਛੇਦੀ ਭਾਵ ਛੇਦ ਕਰ ਦੇਣਾ ਖੋਲ ਦੇਣਾ। ਇਹ ਅਲੰਕਾਰ ਦੀ ਭਾਸ਼ਾ ਹੈ ਕੇ ਅਗਿਆਨ ਮਤਿ ਨੂੰ ਭੇਦ ਕੇ ਗੁਣ ਜਦੋਂ ਘਟ ਵਿੱਚ ਪ੍ਰਕਾਸ਼ਮਾਨ ਹੁੰਦੇ ਹਨ ਤਾਂ ਹਰਿ/ਰਾਮ/ਜੋਤ/ਸ਼ਿਵ ਨੂੰ ਗਿਆਨ ਦਾ ਮਾਰਗ ਪ੍ਰਗਟ ਹੁੰਦਾ ਹੈ। ਸਕਤਿ ਅਧੇਰ ਜੇਵੜੀ ਹੈ ਅਗਿਆਨਤੀ ਦੀ ਜੰਜੀਰ ਜਿਸ ਨਾਲ ਜੀਵ ਨੇ ਆਪਣੇ ਆਪ ਨੂੰ ਅਗਿਆਨਤਾ ਨਾਲ ਬੰਨਿਆ ਹੋਇਆ ਹੈ। ਸ਼ੋ ਜਦੋਂ ਗੁਣਾਂ ਨਾਲ ਰਾਹ ਦਿਸਦਾ ਹੈ ਤਾਂ ਘਟ ਵਿੱਚ ਸਿਵ ਦਾ ਬਾਸ ਹੁੰਦਾ ਹੈ।
“ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ॥ ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ॥ ਰਹਾਉ॥ ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ॥ ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ॥੧॥(ਭਗਤ ਕਬੀਰ ਜੀ, ਰਾਗੁ ਗਉੜੀ, ੩੩੯)” – ਮਾਈ ਹੈ ਮਤਿ / ਬੁੱਧ ਨੂੰ ਸਮਝਾਇਆ ਜਾ ਰਹਿਆ ਹੈ ਕੇ ਮੈਨੂੰ ਹੋਰ ਬਾਹਰ ਕੋਈ ਨਹੀਂ ਜਾਨਣਾ।
“ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ॥ ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ॥(ਭਗਤ ਕਬੀਰ ਜੀ, ਰਾਗੁ ਗਉੜੀ, ੩੩੯-੩੪੦)”
“ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ॥ ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ॥੨॥( ਮ ੧, ਰਾਗੁ ਆਸਾ, ੩੬੦)”
“ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ॥ ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ॥੧੨॥(ਰਾਗੁ ਬਿਹਾਗੜਾ, ਮ ੩, ੫੫੩)”
“ਨਿੰਦਕੁ ਗੁਰ ਕਿਰਪਾ ਤੇ ਹਾਟਿਓ॥ ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ॥੧॥ (ਰਾਗੁ ਟੋਡੀ, ਮ ੫, ੭੧੪)”
“ਸਿਵ ਨਗਰੀ ਮਹਿ ਆਸਣੁ ਅਉਧੂ ਅਲਖੁ ਅਗੰਮੁ ਅਪਾਰੀ॥੮॥(ਰਾਗੁ ਰਾਮਕਲੀ, ਮ ੧, ੮੦੭)”
“ਸਿਵ ਨਗਰੀ ਮਹਿ ਆਸਣਿ ਬੈਸੈ ਗੁਰਸਬਦੀ ਜੋਗੁ ਪਾਈ॥੧੧॥(ਰਾਗੁ ਰਾਮਕਲੀ, ਮ ੩, ੯੦੯)”
“ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥ ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ॥(ਰਾਗੁ ਰਾਮਕਲੀ, ਮ ੩, ੯੨੦)”
“ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ॥ ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ॥੩॥(ਮ ੧, ਰਾਗੁ ਮਾਰੂ, ੧੦੧੩)”
“ਚਾਰਿ ਪਦਾਰਥ ਲੈ ਜਗਿ ਆਇਆ॥ ਸਿਵ ਸਕਤੀ ਘਰਿ ਵਾਸਾ ਪਾਇਆ॥ ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ॥੬॥(ਰਾਗੁ ਮਾਰੂ, ਮ ੧, ੧੦੨੭)”
“ਹੁਕਮੇ ਧਰਤੀ ਧਉਲ ਸਿਰਿ ਭਾਰੰ॥ ਹੁਕਮੇ ਪਉਣ ਪਾਣੀ ਗੈਣਾਰੰ॥ ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ॥੧੧॥(ਰਾਗੁ ਮਾਰੂ, ਮ ੧, ੧੦੩੭)”
“ਵਾਜੈ ਪਉਣੁ ਤੈ ਆਪਿ ਵਜਾਏ॥ ਸਿਵ ਸਕਤੀ ਦੇਹੀ ਮਹਿ ਪਾਏ॥ ਗੁਰਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ॥੨॥(ਰਾਗੁ ਮਾਰੂ, ਮ ੩, ੧੦੫੬)”
“ਆਪੇ ਸੂਰਾ ਅਮਰੁ ਚਲਾਇਆ॥ ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ॥੧੩॥(ਮ ੫, ਰਾਗੁ ਮਾਰੂ, ੧੦੮੨)”
“ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ॥ ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ॥(ਰਾਗੁ ਮਾਰੂ, ਮ ੩, ੧੦੯੦)”
“ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ॥ ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ॥(ਰਾਗੁ ਮਾਰੂ, ਮ ੫, ੧੦੯੬)”
“ਗੁਰਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ॥ ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ॥੪॥(ਮ ੩, ਰਾਗੁ ਮਲਾਰ, ੧੨੭੬)”
“ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ॥ ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ॥੨॥ (ਰਾਗੁ ਪ੍ਰਭਾਤੀ, ਮ ੩, ੧੩੨੮)”
“ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ॥ ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ॥(ਰਾਗੁ ਪ੍ਰਭਾਤੀ, ਮ ੧, ੧੩੨੯)”
“ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗੵਾਨਿ ਰਤੇ॥(ਭੱਟ ਨਲੵ ਜੀ, ਸਵਈਏ ਮਹਲੇ ਚਉਥੇ ਕੇ, ੧੪੦੧)”
“ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ॥ ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ॥ ਭਯ ਭੰਜਨੁ ਪਰ ਪੀਰ ਨਿਵਾਰਨੁ ਕਲੵ ਸਹਾਰੁ ਤੋਹਿ ਜਸੁ ਬਕਤਾ॥(ਭੱਟ ਕਲੵ ਸਹਾਰ, ਸਵਈਏ ਮਹਲੇ ਪੰਜਵੇ ਕੇ, ੧੪੦੭)”
“ਸਗਲ ਧਰਮ ਅਛਿਤਾ॥ ਗੁਰ ਗਿਆਨ ਇੰਦ੍ਰੀ ਦ੍ਰਿੜਤਾ॥ ਖਟੁ ਕਰਮ ਸਹਿਤ ਰਹਤਾ॥੩॥ ਸਿਵਾ ਸਕਤਿ ਸੰਬਾਦੰ॥ ਮਨ ਛੋਡਿ ਛੋਡਿ ਸਗਲ ਭੇਦੰ॥ ਸਿਮਰਿ ਸਿਮਰਿ ਗੋਬਿੰਦੰ॥ ਭਜੁ ਨਾਮਾ ਤਰਸਿ ਭਵ ਸਿੰਧੰ॥(ਭਗਤ ਕਬੀਰ ਜੀ, ਰਾਗੁ ਗੋਂਡ, ੮੭੩)” – ਸਿਵਾ ਸਕਤਿ ਸੰਬਾਦੰ॥ ਮਨ ਛੋਡਿ ਛੋਡਿ ਸਗਲ ਭੇਦੰ॥ ਸਿਮਰਿ ਸਿਮਰਿ ਗੋਬਿੰਦੰ॥ ਭਜੁ ਨਾਮਾ ਤਰਸਿ ਭਵ ਸਿੰਧੰ॥ (ਰਾਗੁ ਗੋਂਡ, ਭਗਤ ਨਾਮਦੇਵ ਜੀ, ੮੭੩)। ਸਕਤਿ – ਸ਼ਕਤੀ, ਭਾਵ ਕਰਤਾ, ਜਿਸ ਦੇ ਦੁਆਰਾ ਕੀਤਾ ਜਾਂਦਾ ਹੋਵੇ। ਪ੍ਰਮਾਣ “ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥, “ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ ॥ – ਪੰਕਤੀ ਤੋਂ ਭਾਵ ਜਿਸ ਦੇ ਘਰ ਸਿਵ (ਮੂਲ/ਹਰਿ/ਰਾਮ) ਦੀ ਸ਼ਕਤੀ ਭਾਵ ਗੁਰਮਤਿ ਗਿਆਨ ਹੈ, ਉਸ ਘਰ (ਹਿਰਦੇ) ਵਿੱਚ ਅਗਿਆਨਤਾ ਦੀ ਵਿਕਾਰਾਂ ਦੀ ਨੀੰਦ ਨਹੀਂ ਹੁੰਦੀ। ਸੰਬਾਦੰ– ਤੋਂ ਭਾਵ ਹੈ ਵਿਚਾਰ। ਸਮਵਾਦ ਭਾਵ ਏਕ ਮਤਿ। ਸੋ ਵਿਚਾਰਨ ਵਾਲੀ ਪੰਕਤੀ ਵਿੱਚ “ਸਿਵਾ ਸਕਤਿ ਸੰਬਾਦੰ॥” ਦਾ ਭਾਵ ਬਣਦਾ, ਸਿਵਾ (ਮੂਲ/ਹਰਿ/ਰਾਮ) ਦੀ ਸ਼ਕਤੀ (ਗੁਣ/ਗਿਆਨ/ਵਿਚਾਰ/ਗੁਰਮਤਿ) ਨਾਲ ਸੰਬਾਦ ਕਰ।” ਮਨ ਛੋਡਿ ਛੋਡਿ ਸਗਲ ਭੇਦੰ” – ਮਨ ਨੇ ਕਿਹੜੇ ਭੇਦ ਫੜੇ ਹੋਏ ਨੇ? ਕੁਝ ਪ੍ਰਮਾਣ ਕੇ ਮਨ ਨੇ ਭਰਮ ਭੇਦ ਫੜੇ ਹੋਏ ਨੇ “ਗੁਰ ਕੈ ਬਚਨਿ ਕਟੇ ਭ੍ਰਮ ਭੇਦ ॥”। ਮਨ ਨੂੰ ਚਾਰ ਭਾਰ ਹਨ “ਹਉਮੈ ਮੋਹ ਭਰਮ ਭੈ ਭਾਰ॥”ੱ ਇਸ ਭਰਮ ਵਿੱਚ ਮਨ ਇਹ ਭੁਲਿਆ ਹੋਇਆ ਹੈ ਕੇ ਇਹ ਜੋਤ ਸਰੂਪ ਹੈ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥” ਮਨ ਭੁੱਲਿਆ ਹੋਇਆ ਹੈ ਕੇ ਉਹ ਆਪ ਜੋਤ ਸਰੂਪ ਹੈ ਅਕਾਲ ਦੀ ਹੀ ਜੋਤ ਹੈ। ਤੇ ਇਹੀ ਸਿਵਾ ਸਕਤੀ (ਮੂਲ ਦਾ ਗੁਰਮਤਿ ਗਿਆਨ) ਲੈਕੇ ਮਨ ਨੇ ਇਹ ਭਰਮ ਛੱਡਣਾ ਹੈ। “ਭਜੁ ਨਾਮਾ ਤਰਸਿ ਭਵ ਸਿੰਧੰ॥” – ਭਜ ਤੋਂ ਭਾਵ ਹੈ ਪ੍ਰਾਪਤ ਕਰਨਾ ਨਾਮਾ/ਨਾਮ ਹੈ ਗਿਆਨ ਤੋੰ ਪ੍ਰਾਪਤ ਸੋਝੀ। ਤਰਸਿ ਭਵ ਸਿਧੰ ਤੋਂ ਭਾਵ ਹੈ ਤਰਸ ਦੁਆਰਾ ਜੋ ਹੈ ਤਾਰਣ ਵਾਲਾ ਰੱਸ ਭਵ ਹੈ ਨਿਜ ਘਰ ਵਿੱਚ ਸਿੱਧੀ – ਸਿੱਧ/ਸਾਧ ਕੋਈ ਬਾਹਰੀ ਮੰਤ੍ਰ ਤੰਤ੍ਰ ਸਾਧਨਾ ਨਹੀਂ ਹੈ ਮਨ ਦਾ ਅਗਿਆਨਤਾ ਛੱਡਣਾ ਸਿੱਧੀ ਹੈ ਪ੍ਰਮਾਣ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥”। ਸੋ ਸਿਵਾ ਸ਼ਕਤੀ ਦੀ ਗਲ ਤਾਂ ਆਦਿ ਬਾਣੀ ਵਿਛ ਵੀ ਹੋਈ ਹੈ। ਮਨੁੱਖ ਦਾ ਮੂਲ/ਹਰਿ/ਰਾਮ/ਜੋਤ ਹੀ ਸਿਵ/ਸਿਵਾ ਹੈ।
ਸੋ ਗੁਰਮਤਿ ਨੇ ਆਮ ਭਾਸ਼ਾ ਤੇ ਪ੍ਰਚਲਿਤ ਦੇਵੀ ਦੇਵਤਿਆਂ ਅਤੇ ਕਥਾ ਕਹਾਣੀਆਂ ਰਾਹੀਂ ਲੋਕਾ ਨੂੰ ਸਮਝਾਉਣ ਲਈ ਦੱਸਿਆ ਹੈ ਕੇ ਰਾਮ, ਸ਼ਿਵ, ਹਰਿ ਇਹ ਹੋਰ ਕੋਈ ਦੇਹ ਧਾਰੀ ਦੇਵੀ ਦੇਵਤੇ ਨਹੀਂ ਹਨ, ਦੇਵਤਾ ਦਾ ਭਾਵ ਹੁੰਦਾ ਹੈ ਦੇਣ ਵਾਲਾ। ਤੇ ਗੁਰਮਤਿ ਦੇਣ ਵਾਲਾ ਦੇਵਤਾ ਕੇਵਲ ਘਟ ਅੰਦਰਲਾ ਗਿਆਨ ਰੂਪ ਜੋਤ ਰੂਪ ਹਰਿ, ਰਾਮ, ਸ਼ਿਵ, ਠਾਕੁਰ, ਪ੍ਰਭ ਹੈ। ਉਹੀ ਹੈ ਜੋ ਅਕਾਲ ਦਾ ਹੀ ਬਿੰਦ ਹੈ। ਹੋਰ ਕਿਸੇ ਦੇਵੀ ਦੇਵਤੇ ਨੇ ਕੁਝ ਨਹੀਂ ਦੇਣਾ।
ਲੋਕਾਂ ਨੂੰ ਇਹ ਵੀ ਭੁਲੇਖਾ ਹੈ ਕੇ ਦੇਵੀ ਦੇਵਤਿਆਂ ਦਾ ਵਰਣਨ ਦਸਮ ਬਾਣੀ ਵਿੱਚ ਆਇਆ ਹੈ। ਭੁਲੇਖਾ ਉਹ ਖਾਂਦੇ ਹਨ ਜਿਹਨਾਂ ਨੂੰ ਗੁਰਮਤਿ ਵਿਚਾਰ ਦਾ ਪਤਾ ਹੀ ਨਹੀਂ ਹੈ।
ਸਨਾਤਨ ਮਤਿ ਵਿੱਚ ਵੀ ਉਹਨਾਂ ਨੂੰ ਦੱਸੇ ਗਏ ਸ਼ਿਵ ਨੂੰ ਉਹ ਆਪ ਨਹੀਂ ਸਮਝ ਸਕੇ। ਵੇਖੋ ਨੀਚੇ ਇੱਕ ਉਦਾਹਰਣ ਹੈ।
मनोबुद्ध्यहंकार चित्तानि नाहं
न च श्रोत्रजिह्वे न च घ्राणनेत्रे ।
न च व्योमभूमिर्न तेजो न वायुः
चिदानन्दरूपः शिवोऽहम् शिवोऽहम्
~ निर्वाण षट्कम्
ਮਨੋ ਬੁੱਧਿ ਅਹੰਕਾਰ ਚਿੱਤਾਨਿ ਨਾਹੰ
ਨ ਚ ਸ਼੍ਰੋਤ੍ਰ ਜਿਹਵੇ ਨ ਚ ਘ੍ਰਾਣ ਨੇਤ੍ਰੇ ।
ਨ ਚ ਵ੍ਯੋਮ ਭੂਮਿਰ ਨ ਤੇਜੋ ਨ ਵਾਯੁਃ
ਚਿਦਾਨੰਦ ਰੂਪਃ ਸ਼ਿਵੋਹੰ ਸ਼ਿਵੋਹੰ
~ ਨਿਰਵਾਣ ਸ਼ਟਕਮ
Mano-buddhy-ahankāra-chittāni nāham
Na cha śrotra-jihve na cha ghrāṇa-netre
Na cha vyoma-bhūmir na tejo na vāyuḥ
Chidānanda-rūpaḥ śivo’ham śivo’ham
ਪੰਜਾਬੀ ਅਨੁਵਾਦ:
ਮੈਂ ਮਨ, ਬੁੱਧੀ, ਅਹੰਕਾਰ ਜਾਂ ਚਿੱਤ ਨਹੀਂ ਹਾਂ।
ਮੈਂ ਕੰਨ, ਜੀਭ, ਨੱਕ ਜਾਂ ਅੱਖਾਂ ਨਹੀਂ ਹਾਂ।
ਮੈਂ ਆਕਾਸ਼, ਧਰਤੀ, ਅੱਗ ਜਾਂ ਹਵਾ ਨਹੀਂ ਹਾਂ।
ਮੈਂ ਚਿੱਤ (ਸਚੇਤਨਾ) ਅਤੇ ਆਨੰਦ ਦਾ ਸਰੂਪ ਹਾਂ।
ਮੈਂ ਸ਼ਿਵ ਹਾਂ — ਮੈਂ ਸ਼ਿਵ ਹਾਂ।
ਹੁਣ ਦੱਸੀ ਇਹ ਦੇਹ ਧਾਰੀ ਸ਼ਿਵ ਹੈ ਜਾਂ ਨਹੀਂ?
ਦੇਹ ਸਿਵਾ ਬਰੁ ਮੋਹਿ ਇਹੈ ਦੀ ਵਿਚਾਰ
ਦੇਹ ਸਿਵਾ ਬਰ ਮੋਹੇ ਦੀ ਵਿਚਾਰ ਤੋਂ ਪਹਿਲਾਂ ਚੰਡੀ ਸਮਝਣੀ ਪਏਗੀ ਕਿਉਂਕੇ ਇਹ ਸ਼ਬਦ ਚੰਡੀ ਚਰਿਤ੍ਰ ਉਕਤ ਬਿਲਾਸ ਵਿੱਚ ਆਉਂਦਾ ਹੈ। ਚੰਡੀ ਚਰਿਤ੍ਰ ਦੀ ਪਹਿਲੀ ਪੰਕਤੀ ਹੈ
ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ॥ ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ॥ (ਮ ੧੦, ਚੰਡੀ ਚਰਿਤ੍ਰ ਉਕਤਿ ਬਿਲਾਸ, ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ, ੭੪)
ਮਹਾਰਾਜ ਚੰਡੀ ਚਰਿਤ੍ਰ ਵਖਿਆਨ ਕਰ ਰਹੇ ਨੇ। ਜੇ ਧਿਆਨ ਨਾਲ ਵੇਖੀਏ ਤਾਂ ਬਹੁਤ ਗਹਰਾ ਭੇਦ ਖੁਲਦਾ। ਕਈ ਪ੍ਰਚਾਰਕ ਚੰਡੀ ਸ਼ਸਤਰ ਨੂੰ ਆਖ ਦਿੰਦੇ ਨੇ ਕਈ ਦੇਵੀ ਮੰਨ ਕੇ ਪੂਜਣ ਲਗ ਜਾਦੇ ਹਨ ਜਾਂ ਮੁਨਕਰ ਹੋ ਜਆਦੇ ਹਨ, ਪਰ ਵਿਚਾਰ ਕੀਤਿਆਂ ਦੇਖਦੇ ਹਾਂ ਕੀ ਪਤਾ ਲਗਦਾ।
ਆਦਿ – ਜੋ ਸਮੇਂ ਚਕ੍ਰ ਦੇ ਸ਼ੁਰੂ ਤੋਂ ਹੈ। ਆਦਿ ਹੈ ਜਿਸਦਾ ਜਨਮ ਪਰਮੇਸਰ ਦੀ ਇੱਛਾ ਤੋਂ ਹੋਇਆ ਹੈ। ਜੋ ਪੈਦਾ ਹੋ ਚੁੱਕਿਆ ਜਾ ਸਮੇ ਦੇ ਗੇੜ ਵਿੱਚ ਹੈ। ਜਿਵੇਂ ਸੂਰਜ ਦੀ ਕਿਰਣ ਦਾ ਜਨਮ ਸੂਰਜ ਤੋਂ ਹੋਇਆ। ਪਰਮੇਸਰ ਆਦਿ ਅੰਤ ਤੋਂ ਪਰੇ ਹੈ ਪਰ ਹੁਕਮ ਉਸਦੀ ਰਜਾ ਵਿੱਚ ਪੈਦਾ ਹੋਇਆ। ਚੰਡੀ ਦਾ ਆਦਿ ਹੈ ਪਰਮੇਸਰ ਜਿਸਨੇ ਇੱਛਾ ਪੈਦਾ ਕੀਤੀ ਹੈ। ਪਰਮੇਸਰ ਅਨਾਦ ਹੈ ਇਸ ਕਾਰਣ ਉਪਰੋਕਤ ਪੰਕਤੀਆਂ ਚੰਡੀ ਚਰਿਤ੍ਰ ਲਿਖਦੇ ਆਦਿ ਲਿਖਿਆ ਚੰਡੀ ਨੂੰ ਅਨਾਦਿ ਨਹੀਂ। ਜਿੱਥੇ ਪਰਮੇਸਰ ਬਾਰੇ ਲਿਖਿਆ ਉੱਥੇ ਅਨਾਦਿ ਲਿਖਿਆ ਹੈ ਜਿਵੇਂ “ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥੨੮॥(ਮ ੧, ੬)” । ਕਿਰਪਾਨ ਜਾਂ ਇਸਤ੍ਰੀ/ਦੇਵੀ ਤੇ ਇਹ ਲਾਗੂ ਨਹੀਂ ਹੁੰਦਾ। ਕਿਰਪਾਨ ਆਦਿ ਕਾਲ ਤੋਂ ਤੇ ਅਨੰਤ ਨਹੀਂ ਹੈ।
ਅਪਾਰ – ਅਪਾਰ ਹੁੰਦਾ ਜਿਸਦਾ ਪਾਰ ਨਹੀਂ ਪਾਇਆ ਜਾ ਸਕਦਾ ਹੋਵੇ। ਹੁਕਮ ਪਰਮੇਸਰ ਦੀ ਇੱਛਾ ਸ਼ਕਤੀ ਦਾ ਪਾਰ ਨਹੀਂ ਪਾਇਆ ਜਾ ਸਕਦਾ। ਕਿਰਪਾਨ ਜਾਂ ਇਸਤ੍ਰੀ/ਦੇਵੀ ਤੇ ਇਹ ਲਾਗੂ ਨਹੀਂ ਹੁੰਦਾ।
ਅਲੇਖ – ਹੁਕਮ ਦਾ ਚੰਡੀ ਦਾ ਕੋਈ ਲੇਖਾ ਨਹੀਂ ਹੁੰਦਾ ਹੁਕਮ ਪਰਮੇਸਰ ਦੀ ਇੱਛਾ ਸ਼ਕਤੀ ਹੋਣ ਕਾਰਣ ਉਸਦੀ ਕਿਸੇ ਨੂੰ ਜਵਾਬਦੇਹੀ ਨਹੀਂ ਹੈ। ਲੇਖਾ ਸਾਨੂੰ ਦੇਣਾ, ਨਾ ਕੇ ਪਰਮੇਸਰ ਨੇ। ਨਾ ਉਸਦੇ ਹੁਕਮ ਨੇ ਕਿਸੇ ਨੂੰ ਲੇਖਾ ਦੇਣਾ। ਜਦੋਂ ਅਸੀਂ ਹੁਕਮ ਵਿੱਚ ਆ ਜਾਣਾ, ਜਦੋਂ ਮਨ ਲੈਣਾ ਕੇ ਜੋ ਹੋ ਰਹਿਆ ਹੁਕਮ ਵਿੱਚ ਹੋ ਰਹਿਆ ਤਾਂ ਸਾਡਾ ਵੀ ਲੇਖਾ ਕੱਟਿਆ ਜਾਣਾ। ਬਾਣੀ ਵਿੱਚ ਇਹੀ ਸਮਝਾਇਆ “ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥੪॥੫॥(ਮ ੪, ਰਾਗੁ ਜੈਤਸਰੀ, ੬੯੮” “ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥”। “ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ ਹੋਇ ਹੈ ਸੋਇ॥੪॥(ਭਗਤ ਨਾਮਦੇਵ ਜੀ, ਰਾਗੁ ਭੈਰਉ, ੧੧੬੫)” “ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥(ਮ ੫, ਰਾਗੁ ਗਉੜੀ, ੨੮੧)”। ਕਿਰਪਾਨ ਜਾਂ ਇਸਤ੍ਰੀ/ਦੇਵੀ ਤੇ ਇਹ ਲਾਗੂ ਨਹੀਂ ਹੁੰਦਾ।
ਅਨੰਤ – ਚੰਡੀ/ ਹੁਕਮ ਦਾ ਕੋਈ ਅੰਤ ਵੀ ਨਹੀਂ ਹੈ। ਚੰਡੀ/ ਹੁਕਮ ਗੁਪਤ ਪਰਗਟ ਤਾਂ ਹੁੰਦੀ ਹੈ ਪਰ ਉਸਦਾ ਅੰਤ ਨਹੀਂ ਹੈ। “ਜਬ ਉਦਕਰਖ ਕਰਾ ਕਰਤਾਰਾ॥ ਪ੍ਰਜਾ ਧਰਤ ਤਬ ਦੇਹ ਅਪਾਰਾ॥ ਜਬ ਆਕਰਖ ਕਰਤ ਹੋ ਕਬਹੂੰ॥ ਤੁਮ ਮੈ ਮਿਲਤ ਦੇਹ ਧਰ ਸਭਹੂੰ ॥੩੮੯॥” ਪਰਮੇਸਰ ਹੁਕਮ ਨੂੰ ਲਾਗੂ ਕਰਦਾ ਤੇ ਆਪਣੀ ਮਰਜੀ ਵਿੱਚ ਰੱਦ ਵੀ ਕਰ ਸਕਦਾ। ਪਰ ਕੋਈ ਹੋਰ ਉਸਦਾ ਅੰਤ ਨਹੀਂ ਪਾ ਸਕਦਾ। ਕਿਰਪਾਨ ਜਾਂ ਕਿਸੇ ਇਸਤ੍ਰੀ/ਦੇਵੀ ਤੇ ਇਹ ਲਾਗੂ ਨਹੀਂ ਹੁੰਦਾ।
ਅਕਾਲ – ਹੁਕਮ/ਚੰਡੀ ਆਪ ਹਰੇਕ ਦਾ ਕਾਲ ਤਾਂ ਹੈ ਪਰ ਉਸਦਾ ਆਪਣਾ ਕੋਈ ਕਾਲ ਨਹੀਂ। ਹੁਕਮ/ਚੰਡੀ ਤੋ ਕੋਈ ਨਹੀਂ ਬਚ ਸਕਦਾ। ਜੋ ਹੋਣਾ ਹੁਕਮ ਵਿੱਚ ਹੀ ਹੋਣਾ। ਖਾਲਸਾ ਕਾਲ ਪੁਰਖ (ਚੰਡੀ ਦੀ ਹੁਕਮ ਦੀ ਫੌਜ ਹੈ) ਤੇ “ਕਾਲੁ ਅਕਾਲੁ ਖਸਮ ਕਾ ਕੀਨ੍ਹਾ ਇਹੁ ਪਰਪੰਚੁ ਬਧਾਵਨੁ॥” ‘ਕਾਲੁ’ ਚੰਡੀ/ਹੁਕਮ ਦੀ ਰਚਨਾ ਅਕਾਲ ਪੁਰਖ ਨੇ ਕੀਤੀ ਹੈ। ਕਿਰਪਾਨ ਜਾਂ ਇਸਤ੍ਰੀ/ਦੇਵੀ ਤੇ ਇਹ ਲਾਗੂ ਨਹੀਂ ਹੁੰਦਾ।
ਅਭੇਖ – ਚੰਡੀ ਦਾ ਹੁਕਮ ਦਾ ਕੋਈ ਭੇਖ ਨਹੀਂ। ਜਿਹੜੇ ਸਰਬਲੋਹ ਦੀ ਕਿਰਪਾਨ ਨੂੰ ਚੰਡੀ ਆਖਦੇ ਉਹਨਾਂ ਨੂੰ ਇਸ ਵਲ ਧਿਆਨ ਦੇਣਾ ਪਏਗਾ ਕੇ ਚੰਡੀ ਚਰਿਤ੍ਰ ਵਿੱਚ ਚੰਡੀ ਨੂੰ ਅਭੇਖ ਕਹਿਆ। ਜਿਸਦਾ ਭੇਖ ਨਾ ਹੋਵੇ। ਜਦੋਂ ਮੁਗਲ ਚੜ੍ਹ ਕੇ ਆਏ ਤਾਂ ਸਨਾਤਨ ਮਤਿ ਵਾਲੇ ਆਖਦੇ ਸੀ ਕੇ ਕੋਈ ਦੇਵੀ ਆਏਗੀ ਸਾਡਾ ਭਲਾ ਕਰੇਗੀ ਤਾਂ ਪਾਤਸ਼ਾਹ ਨੇ ਕਿਰਪਾਨ ਨੂੰ ਚੰਡੀ metaphorically ਕਹਿਆ ਸੀ। ਮਹਾਰਾਜ ਨੇ ਤਾਂ ਫੜਾਈ ਸੀ ਬਾਹਰਲੇ ਦੁਸ਼ਟਾਂ ਨਾਲ ਲੜ੍ਹਨ ਲਈ ਪ੍ਰੇਰਣਾ ਦੇਣ ਲਈ। ਜਦੋਂ ਕਿਰਪਾਨ ਦੀ ਗਲ ਹੋਈ ਮਹਾਰਾਜ ਨੇ ਕਹਿਆ “ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥੩॥”। ਕਿਰਪਾਨ ਨੂੰ ਕਿਰਪਾ ਦੇਣ ਵਾਲੀ ਦੇਵੀ ਮੰਨਿਆ। ਜਦੋਂ ਉਹਨਾਂ ਦੱਸਿਆ ਕੇ ਮੈਂ ਚੰਡੀ ਕਿਸਨੁੰ ਮੰਨਦਾਂ ਤਾ ਅਭੇਖ ਲਿਖਿਆ ਚੰਡੀ ਨੂੰ। ਅੰਦਰਲੇ ਦੁਸ਼ਟ (ਵਿਕਾਰ) ਗਿਆਨ ਨਾਲ ਸੋਝੀ ਨਾਲ ਮਾਰਨੇ “ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥੩॥(ਮ ੧, ਰਾਗੁ ਮਾਰੂ, ੧੦੨੨)” ਜਦੋਂ ਜਦੋਂ ਬ੍ਰਹਮ ਗਿਆਨ ਦੀ ਵਿਚਾਰ ਹੋਣੀ ਉਦੋੰ ਵਿਕਾਰਾਂ ਨਾਲ ਲੂਝਣ ਲਈ ਗਿਆਨ ਖੜ੍ਹਗ ਦੀ ਗਲ ਹੋਣੀ ਤਲਵਾਰ/ਕਿਰਪਾਨ/ਦੇਵੀ ਨੂੰ ਚੰਡੀ ਨਹੀਂ ਕਹ ਸਕਦੇ ਕਿਉਂਕੀ ਮਹਾਰਾਜ ਨੇ ਅਭੇਖ ਕਹਿਆ। ਇਸਨੂੰ ਜੰਗ ਨਹੀਂ ਲੱਗਣਾ ਇਸਨੇ ਪੁਰਾਣਾ ਨਹੀਂ ਹੋਣਾ ਇਸਦਾ ਨਾਸ ਨਹੀਂ ਹੋਣਾ ਇਸਦਾ
“ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ” ਇਹ ਗੁਣ, ਸਰਬਲੋਹ ਦੀ ਕਿਰਪਾਨ ਦੇ ਜਾਂ ਦੇਵੀ ਦੇ ਨਹੀਂ ਹਨ ਨਾ ਹੋ ਸਕਦੇ ਹਨ। ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਦੱਸਦੇ ਨੇ “ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂ ਪੁਰ ਬਾਸਾ ॥” ਇਹ ਪੰਕਤੀਆ ਆਦ ਬਾਣੀ ਨਾਲ ਮੇਲ ਖਾਂਦੀਆਂ “ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥ (ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ, ੧੧੨੩)” ਤ੍ਰੈ ਗੁਣ ਮਾਇਆ ਇਹ ਸਾਰੇ ਹੁਕਮ /ਚੰਡੀ ਨੇ ਹੀ ਪੈਦਾ ਕੀਤੇ।
ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਦੱਸਦੇ “ਦਿਉਸ ਨਿਸਾ ਸਸਿ ਸੂਰ ਕੈ ਦੀਪ ਸੁ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ॥” – ਦਿਉਸ (ਦਿਨ) ਨਿਸਾ (ਰਾਤ) ਚੰਦ ਸੂਰਜ ਸ੍ਰਿਸਟ ਪੰਚ ਤਤ ਇਹ ਚੰਡੀ ਨੇ ਹੀ ਪ੍ਰਕਾਸ ਕੀਤੇ ਪੈਦਾ ਕੀਤੇ। ਤਲਵਾਰ/ਕਿਰਪਾਨ ਇਹ ਸਬ ਨਹੀਂ ਕਰ ਸਕਦੀ।
“ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ॥” ਤੇ ਆਦਿ ਬਾਣੀ ਦੀਆਂ ਪੰਕਤੀਆਂ “ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ॥ ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥(ਰਾਗੁ ਆਸਾ ਮ ੧ ਪਟੀ ਲਿਖੀ, ੪੩੩)” ਨਾਲ ਮੇਲ ਖਾਂਦੀਆਂ। ਇਹ ਵੀ ਪਰਮੇਸਰ ਹੁਕਮ/ਚੰਡੀ/ਬਿਬੇਕ ਬੁੱਧ ਨੇ ਸਬ ਆਪ ਕੀਤਾ।
ਪਰਮੇਸਰਦੀ ਇੱਛਾ ਸ਼ਕਤੀ ਨੂੰ ਚੰਡੀ ਆਖਦੇ ਨੇ। ਜਿਵੇਂ “ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥ ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ॥ (ਮ ੩, ਰਾਗੁ ਰਾਮਕਲੀ, ੯੨੦)”। ਸਿਵ ਪਰਮੇਸਰ ਹੈ ਤੇ ਉਸਨੇ ਜੋ ਸ਼ਕਤੀ ਪੈਦਾ ਕੀਤੀ ਹੈ ਉਹ ਹੁਕਮ ਹੈ। ਗੁਰਮਤਿ ਵਾਲਾ ਸ਼ਿਵ ਪਰਮੇਸਰ ਹੈ। ਦਸਮ ਬਾਣੀ ਵਿੱਚ ਮਹਾਰਾਜ ਸਪਸ਼ਟ ਕਰਦੇ ਨੇ “ਮਹਾ ਮੂੜ੍ਹ ਕਛੁ ਭੇਦ ਨ ਜਾਨਤ॥ ਮਹਾਦੇਵ ਕੋ ਕਹਤ ਸਦਾ ਸਿਵ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥” ਅਰਥ ਮੂਰਖ ਅਗਿਆਨਤਾ ਵਿੱਚ ਸਨਾਤਨ ਮਤਿ ਵਾਲੇ ਜਿਸਦਾ ਨਾਮ ਮਹਾਦੇਵ ਹੈ ਉਸਨੂੰ ਸਦਾ ਸ਼ਿਵ ਕਹੀ ਜਾਂਦੇ ਨੇ ਤੇ ਨਿਰੰਕਾਰ ਦਾ ਮਾੜਾ ਜਹਿਆ ਵੀ ਭੇਦ ਨਹੀਂ ਹੈ। ਸਿਵ ਦੀ ਸ਼ਕਤੀ (ਹੁਕਮ) ਨੇ ਹੀ ਸਬ ਸਿਰਜਨਾ ਕੀਤੀ ਹੈ “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥”। ਦਸਮ ਬਾਣੀ ਵਿੱਚ ਹੁਕਮ ਨੂੰ ਚੰਡੀ/ ਕਾਲਕਾ ਵੀ ਆਖਿਆ। ਹੁਕਮ ਦੇ ਗੁਣ ਚੰਡੀ ਦੇ ਗੁਣ ਦਸਮ ਬਾਣੀ ਵਿੱਚ ਦੱਸੇ ਨੇ “ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ॥(ਮ ੧੦, ਚੰਡੀ ਚਰਿਤ੍ਰ ਉਕਤਿ ਬਿਲਾਸ, ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ, ੭੪ ”।
ਗੁਣਾਂ ਦੀ ਵਿਚਾਰ ਕਰਨਾ ਇਸੇ ਲਈ ਕਰਨਾ ਕੇ ਗੁਰਮਤਿ ਦੀ ਗੱਲ ਸਾਨੂੰ ਸਮਝ ਆਉਣ।
ਇਹ ਸਮਝ ਕੇ ਚੰਡੀ ਚਰਿਤ੍ਰ ਵਿੱਚ “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥” ਪੜ੍ਹੀਏ ਤਾਂ ਗਿਆਨ ਖੜਗ ਧਾਰੀ ਭਗਤ ਆਪਣੇ ਸਿਵਾ (ਪਰਮੇਸਰ/ਮੂਲ) ਨੂੰ ਬੇਨਤੀ ਕਰਦਾ ਕੇ ਮੈਨੂੰ ਇਹ ਬਰ ਦੇ ਕੇ ਸੁਭ ਕਰਮ ਤੋ ਨਾ ਟਰਾਂ।
ਸੁਭ ਕਰਮ – ਤਾਵ ਵਿਕਾਰਾਂ ਦਾ ਨਾਸ ਹੋਣਾ। ਪਰਮਾਣ “ਸੁਭ ਕਰਮ ਕਰੇ॥ ਅਰਿ ਪੁੰਜ ਹਰੇ॥ ਅਤਿ ਸੂਰ ਮਹਾ॥ ਨਹਿ ਔਰ ਲਹਾ॥੪੭॥”, ਜਿਹੜੇ ਵਿਕਾਰ ਮਨ ਅੰਦਰ ਵਾਸ ਕਰਕੇ ਬੈਠੇ ਹਨ ਸੂਰਮਿਆਂ ਵਾਂਗ ਲੜ੍ਹਦੇ ਹਨ, ਰਕਤ ਬੀਜ ਵਾਂਗ ਹਨ ਇਕ ਵਿਕਾਰ ਮਾਰੋ ਕਰੀ ਪੈਦਾ ਹੋ ਜਾਂਦੇ ਹਨ, ਮਾਰਨੇ ਔਖੇ ਹਨ ਉਹਨਾਂ ਨਾਲ ਲੜਾਈ ਕਰਕੇ ਜਿੱਤ ਸਕਾਂ। ਇਹੀ ਸੁਭ ਕਰਮਨ ਦਾ ਵਖਿਆਨ ਆਦਿ ਬਾਣੀ ਵਿੱਚ ਕਬੀਰ ਜਿ ਨੇ ਵਿ ਕੀਤਾ ਹੈ “ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ॥ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ॥੫॥”। ਆਦਿ ਬਾਣੀ ਵਿੱਚ ਇਹ ਕਬੀਰ ਦੇ ਮਨ ਰੂਪੀ ਗੜ੍ਹ ਤੇ ਜਿੱਤ ਅਤੇ ਰਾਜ ਦਾ ਉਦਾਹਰਣ ਹੈ।
ਸੋ ਦਸਮ ਬਾਣੀ ਵਿੱਚ ਚੰਡੀ ਦੇ ਅਰਥ ਸਮਝ ਆ ਜਾਣਾ, ਸਿਵ ਦੇ ਅਰਥ ਸਮਝ ਆ ਜਾਣੇ ਤਾਂ ਆਪੇ ਹੀ ਦੇਹ ਸਿਵਾ ਬਰ ਮੋਹੇ ਦਾ ਭਾਵ ਸਮਝ ਆ ਜਾਣਾ।