Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਰਿਤ੍ਰੋਪਖ੍ਯਾਨ ਚਰਿਤ੍ਰ ਅਠਤਾਲੀ (੪੮) – Charitropakhyan charitra 48

ਚਰਿਤ੍ਰ ਅਠਤਾਲੀ – ਕਥਾ ਜਹਾਂਗੀਰ ਦੇ ਸ਼ਿਕਾਰ ਤੇ ਜਾਣ ਦਾ ਪ੍ਰਸੰਗ(ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ॥ 891 ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ)

ਅਫਜੂੰ॥ ਦੋਹਰਾ॥ ਜਹਾਗੀਰ ਪਾਤਿਸਾਹ ਕੇ ਬੇਗਮ ਨੂਰ ਜਹਾ॥ ਬਸਿ ਕੀਨਾ ਪਤਿ ਆਪਨਾ ਇਹ ਜਸ ਜਹਾ ਤਹਾ॥੧॥ – ਜਹਾਂਗੀਰ ਦੀ ਬੇਗਮ ਨੂਰ ਜਹਾਨ ਸੀ ਜਿਸਨੇ ਆਪਣੇ ਪਤੀ ਨੂੰ ਕਾਬੂ ਕੀਤਾ ਹੋਇਆ ਸੀ।

ਚੌਪਈ॥ ਨੂਰ ਜਹਾ ਇਮਿ ਬਚਨ ਉਚਾਰੇ॥ ਜਹਾਗੀਰ ਸੁਨੁ ਸਾਹ ਹਮਾਰੇ॥ ਹਮ ਤੁਮ ਆਜੁ ਅਖੇਟਕ ਜੈਹੈਂ॥ ਸਭ ਇਸਤ੍ਰਿਨ ਕਹ ਸਾਥ ਬੁਲੈਹੈਂ॥੨॥ – ਨੂਰ ਜਹਾਂ ਨੇ ਜਹਾਂਗੀਰ ਨੂੰ ਬਚਨ ਉਚਾਰੇ ਕੇ ਅਸੀਂ ਅਖੇਟਕ ਭਾਵ ਸ਼ਿਕਾਰ ਤੇ ਜਾਵਾਂਗੇ।

ਦੋਹਰਾ॥ ਜਹਾਗੀਰ ਏ ਬਚਨ ਸੁਨਿ ਖੇਲਨ ਚੜਾ ਸਿਕਾਰ॥ ਸਖੀ ਸਹੇਲੀ ਸੰਗ ਲੈ ਆਯੋ ਬਨਹਿ ਮੰਝਾਰ॥੩॥ ਅਰੁਨ ਬਸਤ੍ਰ ਤਨ ਮਹਿ ਧਰੇ ਇਮਿ ਅਬਲਾ ਦੁਤਿ ਦੇਹਿ॥ ਨਰ ਬਪੁਰੇ ਕਾ ਸੁਰਨ ਕੇ ਚਿਤ ਚੁਰਾਏ ਲੇਹਿ॥੪॥ ਨਵਲ ਬਸਤ੍ਰ ਨਵਲੈ ਜੁਬਨ ਨਵਲਾ ਤਿਯਾ ਅਨੂਪ॥ ਤਾ ਕਾਨਨ ਮੈ ਡੋਲਹੀ ਰਤਿ ਸੇ ਸਕਲ ਸਰੂਪ॥੫॥ ਇਕ ਗੋਰੀ ਇਕ ਸਾਵਰੀ ਹਸਿ ਹਸਿ ਝੂਮਰ ਦੇਹਿ॥ ਜਹਾਗੀਰ ਨਰ ਨਾਹ ਕੀ ਸਗਲ ਬਲੈਯਾ ਲੇਹਿ॥੬॥ – ਵੰਨ ਸੁਵੰਨੇ ਨਵੇਂ ਤੇ ਸੋਣੇ ਸਾਫ਼ ਕਪੜੇ ਪਾ, ਤਿਆਰ ਹੋਕੇ ਦਾਸੀਆਂ ਨਾਲ ਲੇਕੇ ਸ਼ਿਕਾਰ ਲਈ ਤਿਆਰ ਹੋ ਗਿਆ। ਦਾਸੀਆਂ ਵੀ ਸੋਹਣੇ ਕਪੜੇ ਪਾ ਚਿਤ ਚੋਰੀ ਕਰਨ ਵਾਲਾ ਸਿੰਗਾਰ ਕਰਕੇ ਨਾਲ ਤਿਆਰ ਹੋ ਗਈਆਂ। ਕੋਈ ਗੋਰੀ ਸੀ ਕੋਈ ਸਾਵਲੀ ਸੀ। ਗਹਿਣੇ ਬਸਤਰ ਸੋਹਣੇ ਪਾਏ ਹੋਏ ਸੀ।

ਚੌਪਈ॥ ਸਬ ਤ੍ਰਿਯ ਹਥਿਨ ਅਰੂੜਿਤ ਭਈ॥ ਸਭ ਹੀ ਹਾਥ ਬੰਦੂਕੈ ਲਈ॥ ਬਿਹਸਿ ਬਿਹਸਿ ਕਰਿ ਬਚਨ ਸੁਨਾਵੈ॥ ਜਹਾਗੀਰ ਕਹ ਸੀਸ ਝੁਕਾਵੈ॥੭॥ ਸਭ ਇਸਤ੍ਰਿਨ ਕਰ ਜੋਰੈ ਕੀਨੌ॥ ਏਕ ਮ੍ਰਿਗਹਿ ਜਾਨੇ ਨਹਿ ਦੀਨੌ॥ ਕੇਤਿਕ ਬੈਠ ਬਹਲ ਪਰ ਗਈ॥ ਹੈ ਗੈ ਕਿਤੀ ਅਰੂੜਿਤ ਭਈ॥੮॥ – ਸਾਰੀਆਂ ਨੇ ਹੱਥ ਵਿਛ ਸ਼ਸਤਰ ਫੜੇ ਹੋਏ ਸੀ। ਜਹਾਂਗੀਰ ਅੱਗੇ ਸਿਰ ਝੁਕਾ ਕੇ ਸਲਾਮ ਕਰਦੀਆਂ ਪਈਆਂ ਸੀ।

ਦੋਹਰਾ॥ ਕਿਨਹੂੰ ਗਹੀ ਤੁਫੰਗ ਕਰ ਕਿਨਹੂੰ ਗਹੀ ਕ੍ਰਿਪਾਨ॥ ਕਿਨਹੂੰ ਕਟਾਰੀ ਕਾਢਿ ਲੀ ਕਿਨਹੂੰ ਤਨੀ ਕਮਾਨ॥੯॥ ਚੌਪਈ॥ ਪ੍ਰਿਥਮ ਮ੍ਰਿਗਨ ਪਰ ਸ੍ਵਾਨ ਧਵਾਏ॥ ਪੁਨਿ ਚੀਤਾ ਤੇ ਹਰਿਨ ਗਹਾਏ॥ ਬਾਜ ਜੁਰਨ ਕਾ ਕਿਯਾ ਸਿਕਾਰਾ॥ ਨੂਰ ਜਹਾ ਪਰ ਪ੍ਰੀਤਿ ਅਪਾਰਾ॥੧੦॥ ਰੋਝ ਹਰਿਨ ਝੰਖਾਰ ਸੰਘਾਰੇ॥ ਨੂਰ ਜਹਾ ਗਹਿ ਤੁਪਕ ਪ੍ਰਹਾਰੇ॥ ਕਿਨਹੂੰ ਹਨੇ ਬੇਗਮਨ ਬਾਨਾ॥ ਪਸੁਨ ਕਰਾ ਜਮ ਧਾਮ ਪਯਾਨਾ॥੧੧॥ – ਕਿਸੇ ਨੇ ਬੰਦੂਕ ਫੜੀ ਕਿਸੇ ਨੇ ਕਿਰਪਾਨ ਫੜੀ ਸੀ। ਹਿਰਨ ਮਾਰੇ, ਮ੍ਰਿਗ ਮਾਰੇ, ਜੰਗਲੀ ਸੂਰ ਮਾਰੇ। ਨੂਰ ਜਹਾਨ ਤੇ ਬਿਅੰਤ ਪ੍ਰੇਮ ਬਰਸਾ ਰਹੇ ਸੀ।

ਦੋਹਰਾ॥ ਅਧਿਕ ਰੂਪ ਬੇਗਮ ਨਿਰਖਿ ਰੀਝਿ ਰਹੈ ਮ੍ਰਿਗ ਕੋਟਿ॥ ਗਿਰੇ ਮੂਰਛਨਾ ਹ੍ਵੈ ਧਰਨਿ ਲਗੇ ਬਿਨਾ ਸਰ ਚੋਟਿ॥੧੨॥ ਜਿਨ ਕੈ ਤੀਖਨ ਅਸਿ ਲਗੇ ਲੀਜਤ ਤਿਨੈ ਬਚਾਇ॥ ਜਿਨੈ ਦ੍ਰਿਗਨ ਕੇ ਸਰ ਲਗੇ ਤਿਨ ਕੋ ਕਛੁ ਨ ਉਪਾਇ॥੧੩॥ ਚੌਪਈ॥ ਕਿਤੀ ਸਹਚਰੀ ਤੁਰੈ ਧਵਾਵੈ॥ ਪਹੁਚਿ ਮ੍ਰਿਗਨ ਕੋ ਘਾਇ ਲਗਾਵੈ॥ ਕਿਨਹੂੰ ਮ੍ਰਿਗਨ ਦ੍ਰਿਗਨ ਸਰ ਮਾਰੇ॥ ਬਿਨੁ ਪ੍ਰਾਨਨ ਗਿਰਿ ਗਏ ਬਿਚਾਰੇ॥੧੪॥ ਇਹੀ ਭਾਤਿ ਸੋ ਕੀਆ ਸਿਕਾਰਾ॥ ਤਬ ਲੌ ਨਿਕਸਾ ਸਿੰਘ ਅਪਾਰਾ॥ ਯਹ ਧੁਨਿ ਸਾਹ ਸ੍ਰਵਨ ਸੁਨਿ ਪਾਈ॥ ਸਕਲ ਨਾਰਿ ਇਕਠੀ ਹ੍ਵੈ ਆਈ॥੧੫॥ – ਨੂਰਜਹਾਨ ਵੀ ਇਤਨੀ ਸੋਹਣੀ ਸੀ ਕੇ ਮ੍ਰਿਗ ਵੀ ਮੂਰਛਤ ਹੋ ਜਾਣ ਵੇਖ ਕੇ। ਭਾਂਤ ਭਾਂਤ ਦੇ ਜਾਨਵਰਾਂ ਦਾ ਸ਼ਿਕਾਰ ਕੀਤਾ। ਸ਼ਿਕਾਰ ਖੇਡਦੇ ਅਚਾਨਕ ਇੱਕ ਵੱਡਾ ਸਿੰਘ (ਸ਼ੇਰ) ਮੁਹਰੇ ਆ ਗਿਆ।

ਦੋਹਰਾ॥ ਬਹੁ ਅਰਨਾ ਭੈਸਾਨ ਕੋ ਆਗੇ ਧਰਾ ਬਨਾਇ॥ ਤਾ ਪਾਛੇ ਹਜਰਤਿ ਚਲੇ ਬੇਗਮ ਸੰਗ ਸੁਹਾਇ॥੧੬॥ ਚੌਪਈ॥ ਜਹਾਗੀਰ ਤਕਿ ਤੁਪਕਿ ਚਲਾਈ॥ ਸੋ ਨਹਿ ਲਗੀ ਸਿੰਘ ਕੇ ਜਾਈ॥ ਅਧਿਕ ਕੋਪ ਕਰਿ ਕੇਹਰਿ ਧਾਯੋ॥ ਪਾਤਿਸਾਹ ਕੇ ਊਪਰ ਆਯੋ॥੧੭॥ ਹਰਿ ਧਾਵਤ ਹਥਿਨੀ ਭਜਿ ਗਈ॥ ਨੂਰ ਜਹਾਦਿਕ ਠਾਢ ਨ ਪਈ॥ ਜੋਧ ਬਾਇ ਯਹ ਤਾਹਿ ਨਿਹਾਰਿਯੋ॥ ਤਾਕਿ ਤੁਪਕ ਕੋ ਘਾਇ ਪ੍ਰਹਾਰਿਯੋ॥੧੮॥ – ਆਖਦੇ ਬਹੁਤ ਸਾਰੇ ਜੰਗਲੀ ਜਾਨਵਰਾਂ ਭੈਸਿਆਂ ਨੂੰ ਅੱਗੇ ਰੱਖ ਹਸਰਤ (ਤੰਜ ਭਰੇ ਸ਼ਬਦਾਂ ਨਾਲ ਜਨਾਬ ਜਾਂ ਮਿਸਟਰ) ਪਿੱਛੇ ਆਪਣੀ ਬੇਗਮ ਨਾਲ ਤੁਰੈ ਜਾਂਦਾ ਸੀ। ਜਹਾਂਗੀਰ ਨੇ ਬੰਦੂਕ ਦੀ ਗੋਲੀ ਚਲਾਈ ਜੋ ਸ਼ੇਰ ਦੇ ਵੱਜੀ ਨਹੀਂ। ਨਿਸ਼ਾਨਾ ਚੂਕ ਗਿਆ। ਹੁਣ ਸ਼ੇਰ ਬਾਦਸ਼ਾਹ ਦੇ ਉਪਰ ਰੋਸ ਨਾਲ ਹਮਲਾ ਕੀਤਾ। ਹਾਥੀ ਭੱਜ ਪਿਆ। ਬੇਗਮ ਦੀ ਠਾਠ ਵੀ ਨਾ ਰਹੀ। ਉਥੇ ਜੋਧ ਬਾਈ ਨਾਮ ਦੀ ਇਸਤਰੀ ਵੀ ਸੀ। ਉਸਨੇ ਆਪਣੀ ਬੰਦੂਕ ਨਾਲ ਨਿਸ਼ਾਨਾ ਲਾਇਆ।

ਦੋਹਰਾ॥ ਸਿੰਘ ਪ੍ਰਾਨ ਤਬ ਹੀ ਤਜੇ ਲਗੇ ਤੁਪਕ ਕੇ ਘਾਇ॥ ਤੀਨ ਸਲਾਮੈ ਤਿਨ ਕਰੀ ਜਹਾਗੀਰ ਕੋ ਆਇ॥੧੯॥ ਚੌਪਈ॥ ਅਧਿਕ ਖੁਸੀ ਹਜਰਤਿ ਜੂ ਭਏ॥ ਜਨੁ ਮੁਹਿ ਪ੍ਰਾਨ ਆਜੁ ਇਹ ਦਏ॥ ਧੰਨ੍ਯ ਧੰਨ੍ਯ ਨਿਜੁ ਤ੍ਰਿਯ ਕਹ ਕੀਨੋ॥ ਪ੍ਰਾਨ ਦਾਨ ਹਮ ਕੋ ਇਨ ਦੀਨੋ॥੨੦॥ – ਜੋਧ ਬਾਈ ਦੀ ਚਲਾਈ ਗੋਲੀ ਸ਼ੇਰ ਦੇ ਲੱਗੀ ਤੇ ਉਹ ਨਾਰਿਆ ਗਿਆ। ਜੋਧ ਬਾਈ ਨੇ ਆ ਕੇ ਤਿੰਨ ਸਲਾਮ ਜਹਾਂਗੀਰ ਨੂੰ ਕੀਤੇ। ਜਹਾਂਗੀਰ ਬਹੁਤ ਖੁਸ਼ ਹੋਇਆ। ਆਖਦਾ ਅੱਜ ਮੈਨੂੰ ਪ੍ਰਾਣ ਦਾਨ ਦਿੱਤਾ ਹੈ ਜੋਧ ਬਾਈ ਨੇ। ਧੰਨ ਧੰਨ ਕਹਿਆ ਜਹਾਂਗੀਰ ਨੇ ਜੋਧ ਬਾਈ ਨੂੰ।

ਦੋਹਰਾ॥ ਨੂਰ ਜਹਾ ਕੀ ਸਹਚਰੀ ਕੌਤਕ ਸਕਲ ਨਿਹਾਰ॥ ਜਹਾਗੀਰ ਸ੍ਰਵਨਨ ਸੁਨਤ ਭਾਖ੍ਯੋ ਬਚਨ ਸੁਧਾਰਿ॥੨੧॥ – ਨੂਰ ਜਹਾਨ ਨੇ ਇਹ ਗੱਲ ਸੁਣੀ ਤੇ ਬਚਨ ਕਹੇ।

ਚੌਪਈ॥ ਜਿਨ ਕੇਹਰਿ ਤ੍ਰਿਯ ਬਲੀ ਸੰਘਾਰੋ॥ ਤਿਹ ਆਗੇ ਕ੍ਯਾ ਮਨੁਖ ਬਿਚਾਰੋ॥ ਹਾਹਾ ਦੈਯਾ ਕਹ ਕ੍ਯਾ ਕਰਿਯੈ॥ ਐਸੀ ਢੀਠ ਨਾਰਿ ਤੇ ਡਰਿਯੈ॥੨੨॥ – ਜਿਹੜੀ ਇਸਤ੍ਰੀ ਇਤਨੀ ਕਿਹਰ ਨਾਲ ਬਲੀ (ਬਲਵਾਨ ਸ਼ੇਰ) ਨੂੰ ਸੰਘਾਰਿਆ ਹੋਵੇ ਉਸਦੇ ਅੱਗੇ ਮਨੁਖ ਦੀ ਕੀ ਚਲਣੀ। ਐਸੀ ਇਸਤ੍ਰੀ ਤੋਂ ਤਾਂ ਡਰ ਕੇ ਰਹਿਣਾ ਚਾਹੀਦਾ ਹੈ।

ਅੜਿਲ॥ ਜਹਾਗੀਰ ਏ ਬਚਨ ਜਬੈ ਸ੍ਰਵਨਨ ਸੁਨ੍ਯੋ॥ ਚਿਤ ਮੈ ਅਧਿਕ ਰਿਸਾਇ ਸੀਸ ਅਪੁਨੋ ਧੁਨ੍ਰਯੋ॥ ਐਸੀ ਤ੍ਰਿਯ ਕੇ ਨਿਕਟ ਨ ਬਹੁਰੇ ਜਾਇਯੈ॥ ਹੋ ਕਰੈ ਦੇਹ ਕੋ ਘਾਤ ਬਹੁਰਿ ਕ੍ਯਾ ਪਾਇਯੈ॥੨੩॥ – ਜਿਹੜਾ ਜਹਾਂਗੀਰ ਇੱਕ ਪਲ ਪਹਿਲਾਂ ਖੁਸ਼ ਸੀ, ਧੰਨਵਾਦੀ ਸੀ ਜੋਧ ਵਾਈ ਦਾ ਹੁਣ ਉਹ ਸੋਚੀਂ ਪੈ ਗਿਆ। ਸਿਰ ਝਟਕ ਕੇ ਡਰ ਗਿਆ। ਜੋਧ ਬਾਈ ਨੇ ਕਹਿਆ ਐਸੀ ਇਸਤਰੀ ਦੇ ਨਿਕਟ ਨਹੀਂ ਜਾਣਾ ਚਾਹੀਦਾ ਕੀ ਪਤਾ ਦੇਹ ਨੂੰ ਕਦੋਂ ਘਾਣ ਕਰ ਦੇਵੇ।

ਚੌਪਈ॥ ਜਹਾਗੀਰ ਸੁਨਿ ਬਚਨ ਡਰਾਨ੍ਰਯੋ॥ ਤ੍ਰਿਯ ਕੋ ਤ੍ਰਾਸ ਅਧਿਕ ਜਿਯ ਮਾਨ੍ਯੋ॥ ਸਿੰਘ ਹਨਤ ਜਿਹ ਲਗੀ ਨ ਬਾਰਾ॥ ਤਿਹ ਆਗੇ ਕ੍ਯਾ ਮਨੁਖ ਬਿਚਾਰਾ॥੨੪॥ – ਇਹ ਬਚਨ ਸੁਣ ਕੇ ਜਹਾਂਗੀਰ ਡਰ ਗਿਆ। ਜਿਹੜੀ ਇਸਤ੍ਰੀ ਨੂੰ ਸੂਰਬੀਰ ਮੰਨਦਾ ਸੀ ਜਿਸਨੇ ਸ਼ੇਰ ਮਾਰਣ ਲੱਗੇ ਦੇਰ ਨਹੀਂ ਲਾਈ ਹੁਣ ਉਸਤੋਂ ਡਰ ਗਿਆ ਤੇ ਨਿੰਦਣਜੋਗ ਸਮਝਣ ਲੱਗ ਪਿਆ।

ਦੋਹਰਾ॥ ਅਤਿ ਬਚਿਤ੍ਰ ਗਤਿ ਤ੍ਰਿਯਨ ਕੀ ਜਿਨੈ ਨ ਜਾਨੈ ਕੋਇ॥ ਜੋ ਬਾਛੈ ਸੋਈ ਕਰੈ ਜੋ ਚਾਹੈ ਸੋ ਹੋਇ॥੨੫॥ਪਿਯਹਿ ਉਬਾਰਾ ਹਰਿ ਹਨਾ ਏਕ ਤੁਪਕ ਕੇ ਠੌਰ॥ ਤਾ ਕੌ ਛਲਿ ਪਲ ਮੈ ਗਈ ਭਈ ਔਰ ਕੀ ਔਰ॥੨੬॥ ਜਹਾਗੀਰ ਪਤਿਸਾਹ ਤਬ ਮਨ ਮੈ ਭਯਾ ਉਦਾਸ॥ ਤਾ ਸੰਗ ਸੋ ਬਾਤੈਂ ਸਦਾ ਡਰ ਤੇ ਭਯਾ ਨਿਰਾਸ॥੨੭॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੪੮॥੮੪੫॥ – ਆਖਦੇ ਤ੍ਰੀਆ ਚਰਿੱਤਰ ਅਤ ਬਚਿਤ੍ਰ ਹੈ, ਸਮਝ ਨਹੀਂ ਉਸਦੇ ਨਾਲ ਜੋ ਚਾਹੇ ਕਰ ਸਕਦੀ ਹੈ। ਜਿਸਨੇ ਪਤੀ ਨੂੰ ਬਚਾਇਆ ਉਸਨੂੰ, ਨਾਲ ਪਤੀ ਨੂੰ ਇੱਕ ਪਲ ਵਿੱਚ ਛਲ ਗਈ। ਇੱਕ ਪਲ ਵਿੱਚ ਸਾਰੀ ਸਥਿਤੀ ਦਾ ਰੁੱਖ ਬਦਲ ਦਿੱਤਾ। ਜਹਾਂਗੀਰ ਉਦੋਂ ਉਦਾਸ ਹੋ ਗਿਆ ਤੇ ਡਰ ਕਾਰਣ ਜੋਧ ਬਾਰੀ ਪ੍ਰਤੀ ਨਿਰਾਸ ਹੋ ਗਿਆ। ਇਸ ਨਾਲ ਹੀ ਮੰਤ੍ਰੀ ਅਤੇ ਭੂਪ ਵਿਚਲਾ ਸਮਵਾਦ ਸੰਪੂਰਨ ਹੁੰਦਾ ਹੈ ਜਿਸਦਾ ਵਖਿਆਨਬਦਸਮ ਪਾਤਿਸ਼ਾਹ ਕਰ ਰਹੇ ਹਨ।

ਇਸ ਚਰਿਤ੍ਰ ਦਾ ਨੈਤਿਕ ਸਾਰ

ਜਹਾਂਗੀਰ ਸ਼ੁਕਰਗੁਜ਼ਾਰ ਸੀ ਬੀਬੀ ਦਾ ਜਿਸਨੇ ਸ਼ੇਰ ਮਾਰ ਕੇ ਉਸਦੀ ਜਾਨ ਬਚਾਈ। ਨੂਰਜਹਾਂ ਨੂੰ ਉਸਦੇ ਕਿਰਦਾਰ ਦਾ ਪਤਾ ਸੀ। ਉਸਨੇ ਜਹਾਂਗੀਰ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਇਹ ਕਹਿ ਕੇ ਕੀ ਜਿਹੜੀ ਇਸਤ੍ਰੀ ਸ਼ੇਰ ਮਾਰ ਸਕਦੀ ਹੈ ਉਹ ਖਤਰਨਾਕ ਹੁੰਦੀ ਹੈ ਉਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਜਹਾਂਗੀਰ ਗੱਲਾਂ ਵਿੱਚ ਆ ਗਿਆ। ਇਕ ਪਲ ਉਹ ਸ਼ਕੁਰਗੁਜ਼ਾਰ ਸੀ, ਅਗਲੇ ਪਲ ਉਸੇ ਔਰਤ ਤੋਂ ਡਰਨ ਲੱਗ ਪਿਆ।

ਇਹ ਦਰਸਾਉਂਦਾ ਹੈ ਕੇ ਇਸਤ੍ਰੀ ਕਿਤਨੀ ਅਸਾਨੀ ਨਾਲ ਡਰਪੋਕ ਤੇ ਕੰਨ ਦੇ ਕੱਚੇ ਮਨੁੱਖ ਦੇ ਮਨ ਤੇ ਕਾਬੂ ਪਾ ਲੈਂਦੀ ਹੈ। ਇਸਤ੍ਰੀ ਤੇ ਪੁਰਖ ਦਾ ਰਿਸ਼ਤਾ ਪ੍ਰੇਮ ਦਾ ਹੁੰਦਾ ਹੈ ਭਰੋਸੇ ਦਾ। ਪਰ ਪੁਰਖ ਕਾਮ ਕਾਰਣ ਕਿਸੇ ਦੂਜੀ ਇਸਤ੍ਰੀ ਤੇ ਮੋਹਿਤ ਨਾ ਹੋ ਜਾਵੇ ਇਹ ਡਰ ਇਸਤ੍ਰੀ ਨੂੰ ਹਮੇਸ਼ਾ ਰਹਿੰਦਾ ਹੈ ਖਾਸ ਕਰਕੇ ਜਦੋਂ ਉਹ ਤਾਕਤਵਰ ਰਾਜਾ ਹੋਵੇ। ਇਹ ਡਰ ਨੂਰਜਹਾਂ ਨੂੰ ਵੀ ਸੀ। ਰਾਜਿਆਂ ਨੂੰ ਹਮੇਸ਼ਾ ਰਾਜ ਖੋਹ ਜਾਣ ਦਾ ਡਰ ਹੁੰਦਾ ਹੈ ਜਾਨ ਦਾ ਡਰ ਹੁੰਦਾ ਹੈ ਖਾਸ ਕਰਕੇ ਜਹਾਂਗੀਰ ਵਰਗੇ ਨੂੰ ਜਿਸਨੂੰ ਆਪਣੇ ਭਰਾ ਖੁਸਰੋ ਦੀ ਬਗਾਵਤ ਦਾ ਡਰ ਸੀ। ਜਹਾਂਗੀਰ ਦੀਆਂ ੨੦-੨੫ ਬੇਗਮਾਂ ਸੀ। ਨੂਰਜਹਾਂ ਨੂੰ ਵੀ ਡਰ ਸੀ ਕੇ ਜਹਾਂਗੀਰ ਕਿਸੇ ਸੂਰਮਤਾ ਕਾਰਣ ਦੂਜੀ ਬੇਗਮ ਬਣਾਂ ਕੇ ਉਸਨੂੰ ਜਿਆਦਾ ਪ੍ਰੇਮ ਨਾ ਕਰਨ ਲੱਗ ਜਾਵੇ। ਇਸ ਕਥਾ ਵਿੱਚ ਇਸਤ੍ਰੀ ਤੇ ਪੁਰਖ ਦੋਹਾਂ ਦੇ ਕਿਰਦਾਰ ਸਮਝਾਏ ਗਏ ਹਨ ਉਦਾਹਰਣ ਸਰੂਪ।

ਆਦਿ ਬਾਣੀ ਵਿੱਚ ਵੀ ਇਹੀ ਗੱਲ ਆਖੀ ਹੈ “ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ॥”। ਦਸਮ ਬਾਣੀ ਨੇ ਕਹਾਣੀ ਦੇ ਰਾਹੀਂ ਚਰਿੱਤਰ ਦਾ ਉਦਾਹਰਣ ਦਿੱਤਾ ਹੈ।

ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।

ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।

ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।

Resize text