ਚਰਿਤ੍ਰੋਪਖ੍ਯਾਨ ਚਰਿਤ੍ਰ ਇਕ ਸੌ ਚੌਤੀ (੧੩੪) – Charitropakhyan charitra 134
ਚਰਿਤ੍ਰ ਇਕ ਸੌ ਚੌਤੀਸਵੋ – ਬਲਾਤਕਾਰੀ ਅੱਤਤਾਈ ਰਾਜੇ ਨੂੰ ਸਜਾ ਦੀ ਕਥਾ (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ)
ਅਫਜੂੰ॥ ਚੌਪਈ॥ ਸਬਕ ਸਿੰਘ ਰਾਜਾ ਇਕ ਭਾਰੀ॥ ਬਾਜ ਮਤੀ ਤਾ ਕੀ ਬਰ ਨਾਰੀ॥ ਕਾਹੂ ਸੋ ਨਹਿ ਰਾਵ ਲਜਾਵੈ॥ ਸਭ ਇਸਤ੍ਰਿਨ ਸੋ ਕੇਲ ਕਮਾਵੈ॥੧॥ – ਸਬਕ ਸਿੰਘ ਇੱਕ ਵੱਡਾ ਰਾਜਾ ਸੀ, ਉਸ ਦੀ ਪਤਨੀ ਬਾਜ ਮਤੀ ਸੀ ਜੋ ਬਹੁਤ ਚੰਗੀ ਔਰਤ ਸੀ। ਰਾਜਾ ਕਿਸੇ ਤੋਂ ਲਜਾਂਦਾ ਨਹੀਂ ਸੀ ਤੇ ਬਹੁਤੀਆਂ ਇਸਤਰੀਆਂ ਨਾਲ ਕਾਮ ਵਿਹਾਰ ਕਰਦਾ ਸੀ।
ਜੋ ਇਸਤ੍ਰੀ ਤਿਹ ਕਹੇ ਨ ਆਵੈ॥ ਤਾ ਕੀ ਖਾਟ ਉਠਾਇ ਮੰਗਾਵੈ॥ ਅਧਿਕ ਭੋਗ ਤਾ ਸੋ ਨ੍ਰਿਪ ਕਰਈ॥ ਰਾਨੀ ਤੇ ਜਿਯ ਨੈਕ ਨ ਡਰਈ॥੨॥ – ਜੋ ਇਸਤ੍ਰੀ ਰਾਜੇ ਦੀ ਗੱਲ ਨਹੀਂ ਮੰਨਦੀ ਸੀ ਰਾਜਾ ਉਹਦੀ ਖਾਟ/ਮੰਜਾ/ਸੇਜ ਹੀ ਚੱਕਵਾ ਲੈਂਦਾ ਸੀ। ਉਸ ਦੇ ਨਾਲ ਜੋਰ ਜਬਰ ਨਾਲ ਭੋਗ-ਵਿਲਾਸ ਕਰਦਾ ਸੀ ਤੇ ਆਪਣੀ ਰਾਣੀ ਤੋਂ ਬਿਲਕੁਲ ਸੰਕੋਚ ਨਹੀਂ ਕਰਦਾ ਸੀ।
ਬਾਜ ਮਤੀ ਜਿਯ ਅਧਿਕ ਰਿਸਾਵੈ॥ ਸਬਕ ਸਿੰਘ ਪਰ ਕਛੁ ਨ ਬਸਾਵੈ॥ ਤਬ ਤ੍ਰਿਯ ਏਕ ਚਰਿਤ੍ਰ ਬਿਚਾਰਿਯੋ॥ ਰਾਜਾ ਕੋ ਦੁਰਮਤਿ ਤੇ ਟਾਰਿਯੋ॥੩॥ – ਬਾਜ ਮਤੀ ਨੂੰ ਇਹ ਚੰਗਾ ਨਹੀਂ ਲਗਦਾ ਸੀ। ਉਹ ਰਾਜੇ ਨੂੰ ਕਿਸੇ ਤਰੀਕੇ ਦਾ ਸਬਕ ਨਹੀਂ ਦਿੰਦੀ ਸੀ। ਬਾਜ ਮਤੀ ਨੇ ਇੱਕ ਚਰਿੱਤਰ ਰਚਨ ਦਾ ਸੋਚਿਆ ਰਾਜੇ ਨੂੰ ਦੁਰਮਤਿ ਦੁਰਾਚਾਰ ਤੋਂ ਰੋਕਣ ਦਾ।
ਰੂਪਵਤੀ ਜੋ ਤ੍ਰਿਯ ਲਖਿ ਪਾਵੈ॥ ਸਬਕ ਸਿੰਘ ਸੋ ਜਾਇ ਸੁਨਾਵੈ॥ ਤੁਮ ਰਾਜਾ ਤਿਹ ਤ੍ਰਿਯਾ ਬੁਲਾਵੋ॥ ਕਾਮ ਕੇਲ ਤਿਹ ਸਾਥ ਕਮਾਵੋ॥੪॥ – ਜੋ ਇਸਤ੍ਰੀ ਰੂਪਵਤੀ ਹੋ ਜਾਂਦੀ ਸੀ, ਰਾਜਾ ਬੁਲਾ ਲੈਂਦਾ ਸੀ। ਰਾਣੀ ਨੇ ਇੱਕ ਇਸਤ੍ਰੀ ਵੱਲ ਇਸ਼ਾਰਾ ਕੀਤੇ ਤੇ ਉਸ ਨਾਲ ਕੇਲ ਕਰਨ ਨੂੰ ਆਖਿਆ।
ਜਬ ਯੌ ਬਚਨ ਰਾਵ ਸੁਨਿ ਪਾਵੈ॥ ਤੌਨ ਤ੍ਰਿਯਾ ਕੋ ਬੋਲਿ ਪਠਾਵੈ॥ ਜਾ ਕੀ ਰਾਨੀ ਪ੍ਰਭਾ ਉਚਾਰੈ॥ ਤਾ ਕੇ ਰਾਜਾ ਸੰਗ ਬਿਹਾਰੈ॥੫॥ – ਜਦੋਂ ਰਾਜਾ ਇਹ ਬਚਨ ਸੁਣਦਾ ਹੈ, ਉਹ ਤੁਰੰਤ ਉਸ ਇਸਤਰੀ ਨੂੰ ਬੁਲਾਉਣ ਲਈ ਆਖਦਾ ਹੈ
ਯਾ ਮੈ ਕਹੋ ਕਹਾ ਘਟ ਗਈ॥ ਜਾਨੁਕ ਹੋਹੂੰ ਭਿਟੋਅਨਿ ਭਈ॥ ਜਾ ਤੇ ਮੋਰ ਰਾਵ ਸੁਖ ਪਾਵੈ॥ ਵਹੈ ਬਾਤ ਹਮਰੇ ਜਿਯ ਭਾਵੈ॥੬॥ – ਰਾਣੀ ਕਹਿੰਦੀ ਹੈ ਜੇ ਮੇਰੇ ਕਾਰਨ ਉਸਨੂੰ ਸੁਖ ਮਿਲਦਾ ਹੈ, ਤਾਂ ਜੋ ਵੀ ਗੱਲ ਉਸਦੇ ਮਨ ਨੂੰ ਚੰਗੀ ਲੱਗੇ, ਉਹੀ ਮੈਨੂੰ ਵੀ ਮਨਜ਼ੂਰ ਹੈ।
ਬਲੀ ਏਕ ਸੁੰਦਰ ਲਖਿ ਪਾਯੋ॥ ਪ੍ਰਥਮ ਤਵਨ ਕੀ ਤ੍ਰਿਯਹਿ ਭਿਟਾਯੋ॥ ਜਬ ਵਹੁ ਪੁਰਖ ਅਧਿਕ ਰਿਸਿ ਭਰਿਯੋ॥ ਤਬ ਤਾ ਸੋ ਯੌ ਬਚਨ ਉਚਰਿਯੋ॥੭॥ – ਇੱਕ ਬਲੀ ਤੇ ਸੁੰਦਰ ਮਰਦ ਨੂੰ ਵੇਖ ਕੇ, ਰਾਣੀ ਨੇ ਪਹਿਲਾਂ ਉਸਦੀ ਇਸਤਰੀ ਨੂੰ ਰਾਜੇ ਕੋਲ ਭੇਜਿਆ, ਪਰ ਜਦੋਂ ਉਹ ਮਰਦ ਬਹੁਤ ਗੁੱਸੇ ਨਾਲ ਭਰ ਗਿਆ, ਤਦੋਂ ਰਾਣੀ ਨੇ ਇਹ ਬਚਨ ਕਹੇ।
ਦੋਹਰਾ॥ ਕਾਮ ਕੇਲ ਤਾ ਸੌ ਕਰਿਯੋ ਰਾਨੀ ਅਤਿ ਸੁਖ ਪਾਇ॥ ਬਹੁਰਿ ਬਚਨ ਤਿਹ ਪੁਰਖ ਸੋ ਐਸੋ ਕਹਿਯੋ ਸੁਨਾਇ॥੮॥ – ਰਾਣੀ ਨੇ ਉਸ ਮਰਦ ਨਾਲ ਕਾਮ-ਕੇਲ ਕੀਤਾ ਅਤੇ ਬਹੁਤ ਸੁਖ ਪਾਇਆ, ਫਿਰ ਉਸ ਮਰਦ ਨੂੰ ਇਹ ਬਚਨ ਸੁਣਾਏ ।
ਚੌਪਈ॥ ਤੁਮਰੀ ਪ੍ਰਭਾ ਕਹੋ ਕਾ ਰਹੀ॥ ਨਿਜ ਨਾਰੀ ਰਾਜੈ ਜੋ ਚਹੀ॥ ਜਾ ਕੀ ਤ੍ਰਿਯ ਸੋ ਔਰ ਬਿਹਾਰੈ॥ ਧ੍ਰਿਗ ਤਾ ਕੋ ਸਭ ਜਗਤ ਉਚਾਰੈ॥੯॥ – ਹੁਣ ਤੇਰੀ ਇੱਜਤ ਕੀ ਰਹੀ ਤੇਰੀ ਇਸਤਠੀ ਨਾਲ ਤਾਂ ਰਾਜੇ ਨੇ ਭੋਗ ਬਿਲਾਸ ਕਰ ਲਿਆ। ਜਿਸਦੀ ਨਾਰ ਕਿਸੇ ਦੂਜੇ ਮਰਦ ਨਾਲ ਬਿਉਹਾਰ ਕਰ ਲਏ ਤਾਂ ਸਾਰਾ ਜਗਤ ਉਸਦੇ ਜੀਵਨ ਨੂੰ ਧ੍ਰਿਗ ਆਖਦਾ ਹੈ।
ਦੋਹਰਾ॥ ਪ੍ਰਥਮ ਭੋਗ ਮਨ ਭਾਵਤੋ ਰਾਨੀ ਕਿਯੋ ਬਨਾਇ॥ ਬਹੁਰਿ ਬਚਨ ਤਾ ਸੌ ਕਹਿਯੋ ਐਸੇ ਰਿਸ ਉਪਜਾਇ॥੧੦॥ – ਪਹਿਲਾਂ ਮਨ ਭਾਵਨਾ ਭੋਗ ਰਾਣੀ ਨੇ ਉਸ ਮਨੁੱਖ ਨਾਲ ਕੀਤਾ ਫੇਰ ਉਸ ਵਿੱਚ ਗੁੱਸੇ ਦੀ ਭਾਵਨਾ ਜਗਾ ਦਿੱਤੀ।
ਚੌਪਈ॥ ਤੁਮਰੀ ਤ੍ਰਿਯ ਕੌ ਰਾਵ ਬੁਲਾਵੈ॥ ਕਾਮ ਭੋਗ ਤਿਹ ਸਾਥ ਕਮਾਵੈ॥ ਤੂ ਨਹਿ ਮਰਿਯੋ ਲਾਜ ਕੋ ਮਰਈ॥ ਪਾਵਕ ਬਿਖੈ ਜਾਇ ਨਹਿ ਜਰਈ॥੧੧॥ – ਰਾਣੀ ਉਸਨੂੰ ਆਖਦੀ ਕੇ ਰਾਜਾ ਤੇਰੀ ਇਸਤ੍ਰੀ ਨਾਲ ਭੋਗ ਕਮਾ ਰਹਿਆ ਹੈ ਤੇ ਤੂੰ ਲਾਜ ਨਾਲ ਨਹੀਂ ਮਰਿਆ। ਤੇਰੇ ਤੋਂ ਇਹ ਗੱਲ ਕਿਵੇਂ ਬਰਦਾਸ਼ਤ ਹੋ ਰਹੀ ਹੈ।
ਦੋਹਰਾ॥ ਕੈ ਯਹ ਮੂਰਖ ਰਾਵ ਤੇ ਬਦਲੋ ਲੇਹਿ ਬਨਾਇ॥ ਨਾਤਰ ਬਦ੍ਰਿਕਾਸ੍ਰਮ ਬਿਖੈ ਗਰੌ ਹਿਮਾਚਲ ਜਾਇ॥੧੨॥ – ਰਾਣੀ ਨੇ ਕਹਿਆ ਕੀ ਇਹ ਮੂਰਖ ਰਾਜੇ ਤੋਂ ਬਦਲਾ ਲੈ ਕੇ ਆਪਣੀ ਇੱਜ਼ਤ ਬਚਾ ਲਏ, ਨਹੀਂ ਤਾਂ ਬਦਰੀਕ ਆਸ਼ਰਮ ਜਾਂ ਹਿਮਾਲਿਆ ਵਿੱਚ ਜਾ ਕੇ ਜ਼ਹਿਰ ਖਾ ਲਏ।
ਚੌਪਈ॥ ਜੋ ਤ੍ਰਿਯ ਕਹੋ ਮੋਹਿ ਸੋ ਕਰੌ॥ ਸਬਕ ਸਿੰਘ ਤੇ ਨੈਕ ਨ ਡਰੌ॥ ਇਨ ਕੀਨੋ ਗ੍ਰਿਹ ਖ੍ਵਾਰ ਹਮਾਰੋ॥ ਮੈਹੂੰ ਤਿਹ ਤ੍ਰਿਯ ਸੰਗ ਬਿਹਾਰੋ॥੧੩॥ – ਉਸ ਮਰਦ ਨੇ ਕਹਿਆ ਜੋ ਤੂੰ ਕਹੇਂਗੀ ਮੈਂ ਕਰਾਂਗਾ, ਤੂੰ ਦੱਸ ਮੈਂ ਬਦਲਾ ਕਿਵੇਂ ਲਵਾਂ। ਰਾਜੇ ਨੇ ਮੇਰਾ ਘਰ ਖਰਾਬ ਕੀਤਾ ਹੈ ਤੇ ਮੈਂ ਉਸਦੀ ਇਸਤਰੀ ਨਾਲ ਵੀ ਬਿਉਹਾਰ ਕੀਤਾ ਹੈ।
ਰੋਮਾਤਕ ਤੁਮ ਪ੍ਰਥਮ ਲਗਾਵੋ॥ ਸਕਲ ਤ੍ਰਿਯਾ ਕੌ ਭੇਸ ਛਕਾਵੋ॥ ਜਬ ਤੁਮ ਕੌ ਰਾਜਾ ਲਖਿ ਪੈ ਹੈ॥ ਤੁਰਤੁ ਮਦਨ ਕੇ ਬਸਿ ਹ੍ਵੈ ਜੈ ਹੈ॥੧੪॥ – ਰਾਣੀ ਨੇ ਕਹਿਾ ਪਹਿਲਾਂ ਤੂੰ ਰੋਮਾਤਕ ਆਪਣੇ ਸਰੀਰ ਦੇ ਰੋਮ (ਬਾਲਾਂ) ਤੇ ਲਾ, ਫੇਰ ਸੁੰਦਰ ਇਸਤਰੀ ਦਾ ਭੇਸ ਧਰ। ਜਦੋਂ ਰਾਜਾ ਤੈਨੂੰ ਵੇਖੇਗਾ ਤਾਂ ਉਹ ਤੁਰੰਤ ਤੇਰੇ ਤੇ ਮੋਹਿਤ ਹੋ ਜਾਣਾ।
ਜਾਰ ਕੇਸ ਸਭ ਦੂਰਿ ਕਰਾਏ॥ ਭੂਖਨ ਅੰਗ ਅਨੂਪ ਸੁਹਾਏ॥ ਜਾਇ ਦਰਸ ਰਾਜਾ ਕੋ ਦਿਯੋ॥ ਨ੍ਰਿਪ ਕੋ ਮੋਹਿ ਆਤਮਾ ਲਿਯੋ॥੧੫॥ – ਉਸ ਨੇ ਆਪਣੇ ਸਾਰੇ ਸਰੀਰ ਦੇ ਰੋਮ ਹਟਾ ਦਿੱਤੇ ਤੇ ਸੁੰਦਰ ਗਹਿਣੇ ਪਾ ਲਏ। ਰਾਜੇ ਮੁਹਰੀ ਇਸਤਰੀ ਦੇ ਭੇਖ ਵਿੱਚ ਗਿਆ ਤੇ ਉਸਦਾ ਮਨ ਮੋਹ ਲਿਆ।
ਜਬ ਰਾਜੈ ਤਾ ਕੋ ਲਖਿ ਪਾਯੋ॥ ਦੌਰਿ ਸਦਨ ਰਾਨੀ ਕੇ ਆਯੋ॥ ਹੇ ਸੁੰਦਰਿ ਮੈ ਤ੍ਰਿਯਿਕ ਨਿਹਾਰੀ॥ ਜਾਨੁਕ ਮਹਾ ਰੁਦ੍ਰ ਕੀ ਪ੍ਯਾਰੀ॥੧੬॥ – ਜਦੋਂ ਰਾਜੇ ਨੇ ਉਸਨੂੰ ਵੇਖਿਆ, ਉਹ ਤੁਰੰਤ ਰਾਣੀ ਦੇ ਮਹਿਲ ਵੱਲ ਦੌੜਿਆ ਅਤੇ ਕਿਹਾ ਕੇ ਮੈਨੂੰ ਇਕ ਬਹੁਤ ਸੁੰਦਰ ਇਸਤਰੀ ਦਿਖੀ ਹੈ ਜੋ ਰੂਦ੍ਰ ਦਾ ਰੂਪ ਲੱਗ ਰਹੀ ਹੈ।
ਜੋ ਮੁਹਿ ਤਿਹ ਤੂ ਆਜ ਮਿਲਾਵੈਂ॥ ਜੋ ਮਾਗੈ ਮੁਖ ਤੇ ਸੋ ਪਾਵੈਂ॥ ਰਾਨੀ ਫੂਲਿ ਬਚਨ ਸੁਨਿ ਗਈ॥ ਜੋ ਮੈ ਚਾਹਤ ਥੀ ਸੋਊ ਭਈ॥੧੭॥ – ਰਾਜੇ ਨੇ ਕਿਹਾ, ਜੇ ਤੂੰ ਅੱਜ ਮੈਨੂੰ ਉਸ ਨਾਲ ਮਿਲਾਵੇਂ, ਤਾਂ ਜੋ ਕੁਝ ਤੂੰ ਮੂੰਹ ਨਾਲ ਮੰਗੇਂਗੀ, ਉਹ ਸਭ ਤੈਨੂੰ ਮਿਲੇਗਾ; ਇਹ ਸੁਣ ਕੇ ਰਾਣੀ ਖੁਸ਼ ਹੋ ਗਈ ਕਿਉਂਕਿ ਜੋ ਉਹ ਚਾਹੁੰਦੀ ਸੀ, ਉਹੀ ਹੋ ਰਿਹਾ ਸੀ।
ਸੁਨਤ ਬਚਨ ਰਾਨੀ ਗ੍ਰਿਹ ਆਈ॥ ਤੌਨ ਜਾਰ ਕੋ ਦਯੋ ਭਿਟਾਈ॥ ਜਬ ਤਾ ਕੋ ਨ੍ਰਿਪ ਹਾਥ ਚਲਾਯੋ॥ ਪਕਰਿ ਰਾਵ ਕੋ ਤਰੇ ਦਬਾਯੋ॥੧੮॥ – ਰਾਣੀ ਇਹ ਬਚਨ ਸੁਣ ਕੇ ਘਰ ਆਈ ਅਤੇ ਆਪਣੇ ਰਾਜੇ ਨੂੰ ਉਸ ਇਸਤਰੀ ਦਾ ਭੇਖ ਕੀਤੇ ਮਰਦ ਨਾਲ ਮਿਲਾਇਆ; ਪਰ ਜਦੋਂ ਰਾਜੇ ਨੇ ਉਸ ’ਤੇ ਹੱਥ ਚਲਾਇਆ, ਤਾਂ ਉਸ ਪੁਰੂਸ਼ ਨੇ ਰਾਜੇ ਨੂੰ ਪਕੜ ਕੇ ਜ਼ਮੀਨ ’ਤੇ ਦਬੋਚ ਲਿਆ।
ਨ੍ਰਿਪ ਕੋ ਪਕਰਿ ਭੁਜਨ ਤੇ ਲਿਯੋ॥ ਗੁਦਾ ਭੋਗ ਤਾ ਕੋ ਦ੍ਰਿੜ ਕਿਯੋ॥ ਤੋਰਿ ਤਾਰਿ ਤਨ ਰੁਧਿਰ ਚਲਾਯੋ॥ ਅਧਿਕ ਰਾਵ ਮਨ ਮਾਝ ਲਜਾਯੋ॥੧੯॥ – ਉਸ ਜਾਰ ਨੇ ਰਾਜੇ ਨੂੰ ਪਕੜ ਕੇ ਆਪਣੀਆਂ ਬਾਂਹਾਂ ਨਾਲ ਜ਼ੋਰ ਨਾਲ ਜਕੜ ਲਿਆ, ਉਸ ਨਾਲ ਗੁਦਾ (ਪਿਛਲੇ ਮਲ ਧਾਮ ਤੋਂ) ਭੋਗ ਕੀਤਾ, ਉਸਦਾ ਸਰੀਰ ਤੋੜ ਮਰੋੜ ਕੇ ਖੂਨ ਵਗਾ ਦਿੱਤਾ, ਅਤੇ ਰਾਜਾ ਮਨ ਹੀ ਮਨ ਬਹੁਤ ਲੱਜਾ ਮਹਿਸੂਸ ਕੀਤੀ।
ਦੋਹਰਾ॥ ਗੁਦਾ ਭੋਗ ਭੇ ਤੇ ਨ੍ਰਿਪਤਿ ਮਨ ਮਹਿ ਰਹਿਯੋ ਲਜਾਇ॥ ਤਾ ਦਿਨ ਤੇ ਕਾਹੂੰ ਤ੍ਰਿਯਹਿ ਲਯੋ ਨ ਨਿਕਟਿ ਬੁਲਾਇ॥੨੦॥ – ਰਾਜਾ (ਨ੍ਰਿਪਤਿ) ਇੱਕ ਸ਼ਰਮਨਾਕ ਭੋਗ ਦੀ ਘਟਨਾ ਕਾਰਨ ਮਨ ਵਿੱਚ ਬਹੁਤ ਲਜਿਆ ਹੋਇਆ ਸੀ। ਉਸ ਦਿਨ ਤੋਂ ਉਸਨੇ ਕਿਸੇ ਵੀ ਇਸਤਰੀ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ।
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੧੩੪॥੨੬੭੨॥ – ਇਨ੍ਹਾਂ ਚਰਿਤ੍ਰਾਂ ਵਿਚੋਂ ਇਸ ਮੰਤਰੀ ਅਤੇ ਭੂਪ (ਰਾਜਾ) ਦੀ ਗੱਲਬਾਤ ਵਾਲਾ 134ਵਾਂ ਚਰਿਤ੍ਰ ਖਤਮ ਹੋਇਆ, ਇਹ ਸੁਭ ਸ਼ੁਰੂਆਤ ਤੇ ਸੁਭ ਅੰਤ ਹੋਇਆ।
ਇਸ ਚਰਿਤ੍ਰ ਦਾ ਨੈਤਿਕ ਸਾਰ
ਇਹ ਪ੍ਰਸੰਗ ਸਾਡੇ ਸਮਾਜ ਵਿੱਚ ਹੋਣ ਵਾਲੇ ਯੌਨ ਸ਼ੋਸ਼ਣ ਬਾਰੇ ਦੱਸਦਾ ਹੈ। ਰਾਜਾ ਜਾਂ ਰਸੂਕ ਵਾਲੇ ਲੋਗ ਅੱਜ ਵੀ ਪਰਾਈ ਇਸਤ੍ਰੀ ਨੂੰ ਧੀ ਭੈਣ ਨਾ ਜਾਣ ਕੇ ਦੁਰਾਚਾਰ ਕਰਦੇ ਹਨ। ਇਹ ਸਮਾਜ ਦਾ ਇੱਕ ਬੇਹਦ ਦਰਦਨਾਕ ਰੂਪ ਹੈ। ਲੋਕ ਇਸਤ੍ਰੀਆਂ ਦੇ ਕਪੜੇ ਅੰਦਰ ਕੀ ਹੈ ਝਾਂਕ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹਨ। ਭਾਵੇਂ ਬਾਹਰੋਂ ਭੇਖ ਸੰਤਾਂ ਵਾਲਾ ਕੀਤਾ ਹੋਵੇ। ਕਾਮ ਗ੍ਰਸਤ ਇਹੋ ਜਿਹੇ ਲੋਕ ਸਮਾਜ ਵਿੱਚ ਇਸਤ੍ਰੀਆਂ ਦਾ ਸ਼ੋਸ਼ਣ ਕਰਦੇ ਹਨ। ਰਾਜੇ ਨਾਲ ਜਦੋਂ ਆਪ ਉਹੋ ਜਿਹੀ ਘਟਨਾ ਘਟੀ ਤਾਂ ਉਸਨੂੰ ਲੱਜਾ ਮਹਿਸੂਸ ਹੋਈ। ਹੋ ਸਕਦਾ ਹੈ ਕੇ ਲੋਕਾਂ ਨੂੰ ਲੱਗੇ ਰਾਜੇ ਨੂੰ ਸਜਾ ਬਹੁਤ ਘੱਟ ਮਿਲੀ ਪਰ ਇਸ ਚਰਿੱਤਰ ਦਾ ਮਕਸਦ ਇਹ ਸਮਝਾਉਣਾ ਹੈ ਕੇ ਕਈ ਵਾਰ ਜਦੋਂ ਤਕ ਮਨੁੱਖ ਜੋ ਦੂਜੇ ਨਾਲ ਕਰਦਾ ਹੈ ਅਤਪਣੇ ਨਾਲ ਹੋਣ ਤਕ ਸਿੱਖਦਾ ਨਹੀਂ।
ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।
ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।
ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।
