ਗੁਰਬਾਣੀ ਵਿੱਚ ਅੱਲਾਹ
ਅਸੀਂ ਇਹ ਤਾਂ ਆਖ ਦਿੰਦੇ ਹਾਂ ਕੇ ਗੁਰਮਤਿ ਉਪਦੇਸ਼ ਚਾਰੇ ਵਰਣਾਂ ਨੂੰ ਸਾਂਝਾ ਹੈ। ਪੂਰੀ ਇਨਸਾਨੀਅਤ ਲਈ ਹੈ ਪਰ ਕਦੇ ਵਿਚਾਰਿਆ ਕੇ ਕਿਵੇਂ? ਜਦੋਂ ਧਰਮ ਦੀ ਗੱਲ ਚਲਦੀ ਹੈ ਹੰਕਾਰ ਵਿੱਚ ਆਪਣੇ ਆਪ ਨੂੰ ਸਬ ਤੋਂ ਬਿਹਤਰ ਦੱਸਣ ਦੀ ਲੜਾਈ ਵਿੱਚ ਪੈ ਜਾਂਦੇ ਹਾਂ। ਗੁਰੁਆਂ ਦੇ ਉਪਦੇਸ਼ ਨੂੰ ਪੂਰੀ ਮਾਨਵਤਾ ਵਿੱਚ ਪਹੁੰਚਾਣ ਅਤੇ ਲੋਕਾਂ ਵਿੱਚ ਸੁਹਿਰਦ ਪੈਦਾ ਕਰਨ ਵਿੱਚ ਅੱਜ ਅਸੀਂ ਪੂਰੀ ਤਰਹ ਕਾਮਯਾਬ ਨਹੀਂ ਹੋਏ। ਕਿਉਂ? ਕਿਉਂਕੇ ਅਸੀਂ ਆਪ ਪੂਰੀ ਤਰਹ ਗੱਲ ਨਹੀਂ ਸਮਝੀ ਹਜੇ। ਇੱਕ ਮੁਸਲਮਾਨ ਵੀਰ ਨੂੰ ਗੁਰੂਆਂ ਨੂੰ ਗਾਲਾਂ ਕੱਡਦੇ ਸੁਣਿਆ, ਗ੍ਰੰਥਾਂ ਨੂੰ ਗਾਲਾਂ ਕਡਦਾ ਸੀ। ਨੀਚੇ ਕਮੈਂਟਾਂ ਵਿੱਚ ਸਿੱਖ ਵੀ ਬਰਾਬਰ ਗਾਲਾਂ ਕੱਡ ਰਹੇ ਸੀ। ਇੱਕ ਦੂਜੇ ਨੂੰ ਵੱਡਣ ਨੂੰ ਉਤਾਰੂ। ਜੇ ਉਸ ਮੁਸਲਮਾਨ ਵੀਰ ਨੂੰ ਗੁਰਬਾਣੀ ਵਿੱਚ ਦਰਜ ਇਹ ਪੰਕਤੀਆਂ ਦੱਸਦੇ ਕੇ ਇਹ ਹੈ ਸਾਡੇ ਗੁਰੂਆਂ ਦੀ ਵਿਚਾਰਧਾਰਾ ਅਤੇ ਜਿਹੜੇ ਗ੍ਰੰਥਾਂ ਨੂੰ ਗਾਲਾਂ ਕੱਡਦਾ ਹੈਂ ਉਹੀ ਗ੍ਰੰਥ ਅੱਲਾਹ ਬਾਰੇ ਕੀ ਆਖਦੇ ਹਨ ਤਾਂ ਝਗੜਾ ਸ਼ਾਇਦ ਮੁੱਕ ਜਾਣਾ ਸੀ। ਪਰ ਜਿਸ ਨੂੰ ਆਪ ਨਹੀਂ ਪਤਾ ਉਹ ਦੂਜੇ ਨੂੰ ਕੀ ਦੱਸੂ। ਧਰਮ ਕੀ ਹੈ ਸਮਝੀਏ। ਗੁਰਬਾਣੀ ਧਰਮ ਬਾਰੇ ਕੀ ਆਖਦੀ ਹੈ ਸਮਝਣ ਲਈ ਵੇਖੋ “ਧਰਮ”। ਸੋ ਭਾਈ ਗੁਰਬਾਣੀ ਵਿੱਚ ਪ੍ਰੇਮ ਦਾ ਜੋ ਸੰਦੇਸ਼ ਹੈ ਪਹਿਲਾਂ ਆਪ ਸਮਝੀਏ ਫੇਰ ਲੋਕਾਂ ਨੂੰ ਵੀ ਦੱਸੀਏ। ਗੁਰਬਾਣੀ ਦਾ ਅੱਲਾਹ ਬਾਰੇ ਫੁਰਮਾਨ ਹੈ
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥ ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ॥
ਮਿਹਰ ਦਇਆ ਕਰਿ ਕਰਨੈਹਾਰ॥ ਭਗਤਿ ਬੰਦਗੀ ਦੇਹਿ ਸਿਰਜਣਹਾਰ॥ ਕਹੁ ਨਾਨਕ ਗੁਰਿ ਖੋਏ ਭਰਮ॥ ਏਕੋ ਅਲਹੁ ਪਾਰਬ੍ਰਹਮ॥
ਕਾਰਨ ਕਰਨ ਕਰੀਮ॥ ਸਰਬ ਪ੍ਰਤਿਪਾਲ ਰਹੀਮ॥ ਅਲਹ ਅਲਖ ਅਪਾਰ॥ ਖੁਦਿ ਖੁਦਾਇ ਵਡ ਬੇਸੁਮਾਰ॥( ਮ ੫, ਰਾਗੁ ਰਾਮਕਲੀ, ੮੯੬)
ਬਾਬਾ ਅਲਹੁ ਅਗਮ ਅਪਾਰੁ॥ ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ॥(ਮ ੧, ਸਿਰੀ ਰਾਗੁ, ੫੩)
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ॥ ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ॥(ਮ ੧, ਰਾਗੁ ਸਿਰੀ, ੬੪)
ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ॥ ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ॥(ਮ ੩, ਰਾਗੁ ਆਸਾ, ੪੩੦)
ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ॥ ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ॥੩॥ ਹਵਾਲ ਮਾਲੂਮੁ ਕਰਦੰ ਪਾਕ ਅਲਾਹ॥ ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ॥(ਮ ੫, ਰਾਗੁ ਰਾਮਕਲੀ, ੭੨੩)
ਕਰੀਮਾਂ ਰਹੀਮਾਂ ਅਲਾਹ ਤੂ ਗਨਂੀ॥ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ॥੧॥ ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ॥ ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ॥੨॥ ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ॥ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ॥(ਭਗਤ ਨਾਮਦੇਵ ਜੀ, ਰਾਗੁ ਤਿਲੰਗ, ੭੨੭)
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ ਕੋਈ ਸੇਵੈ ਗੁਸਈਆ ਕੋਈ ਅਲਾਹਿ॥੧॥ ਕਾਰਣ ਕਰਣ ਕਰੀਮ॥ ਕਿਰਪਾ ਧਾਰਿ ਰਹੀਮ॥੧॥ ਰਹਾਉ॥ ਕੋਈ ਨਾਵੈ ਤੀਰਥਿ ਕੋਈ ਹਜ ਜਾਇ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥੨॥ ਕੋਈ ਪੜੈ ਬੇਦ ਕੋਈ ਕਤੇਬ॥ ਕੋਈ ਓਢੈ ਨੀਲ ਕੋਈ ਸੁਪੇਦ॥੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥(ਮ ੫, ਰਾਗੁ ਰਾਮਕਲੀ, ੮੮੫)
ਸੋ ਪੂਰੀ ਇਨਸਾਨੀਅਤ ਲਈ ਰੁਹਾਨੀ ਸੰਦੇਸ਼ ਹੈ ਗੁਰਬਾਣੀ। ਕੋਈ ਵੱਡਾ ਛੋਟਾ ਨਹੀਂ ਹੈ। ਸੰਸਾਰ ਵਿੱਚ ਵਿਚਰਣ ਵਾਲੇ ਸਾਰੇ ਜੀਵਾਂ ਵਿੱਚ ਪਰਮੇਸਰ ਦੀ ਹੀ ਜੋਤ ਹੈ ਤੇ ਅਸੀਂ ਸਾਰੇ ਹੀ ਏਕ ਪਰਮੇਸ਼ਰ ਦੇ ਬਣਾਏ ਜੀਵ ਹਾਂ। ਵੈਰ ਵਿਰੋਧ ਖਤਮ ਕਰਨ ਲਈ ਇਹ ਸਮਝਣਾ ਤੇ ਸਮਝਾਉਣਾ ਹੈ।