ਪ੍ਰੇਮ, ਪ੍ਰੀਤ ਅਤੇ ਮੋਹ ਵਿੱਚ ਅੰਤਰ
ਅਸੀਂ ਅਕਸਰ ਲੋਕਾਂ ਨੂੰ ਇਹ ਆਖਦੇ ਸੁਣਦੇ ਹਾਂ ਕੇ ਪਰਮੇਸਰ ਨਾਲ ਪ੍ਰੇਮ ਕਰੋ। ਇੱਕ ਭੈਣ ਜੀ ਨਾਲ ਚਰਚਾ ਦੌਰਾਨ ਆਖਦੇ ਕੀ ਤੁਸੀਂ ਵਿਦਵਾਨਾਂ ਵਾਂਗ ਗੁਰਬਾਣੀ ਦੇ ਅਰਥ ਸਮਝਣ ਵਿੱਚ ਲੱਗੇ ਹੋਏ ਹੋਂ। ਬਸ ਪਰਮੇਸਰ ਨੂੰ ਕ੍ਰਿਸ਼ਨ ਵਾਂਗ ਸਮਝੋ ਤੇ ਉਸਦੇ ਨਾਲ ਗੋਪੀਆਂ ਵਾਂਗ ਪ੍ਰੇਮ ਕਰੋ। ਆਖਦੇ ਪ੍ਰੇਮ ਅੰਨਾਂ ਹੁੰਦਾ ਹੈ, ਦਿਲੋਂ ਹੁੰਦਾ ਹੈ ਦਿਮਾਗ ਨਾਲ ਨਹੀਂ। ਉਹਨਾਂ ਤੋਂ ਇਹ ਪੁੱਛਣਾ ਬਣਦਾ ਸੀ ਕੇ ਗੁਰਬਾਣੀ ਨੇ ਪਾਖੰਡ ਪ੍ਰੇਮ ਵੀ ਕਹਿਆ ਹੈ ਤੇ ਸਬ ਤੋਂ ਉੱਤਮ ਗੁਰ ਸ਼ਬਦ ਦੀ ਵਿਚਾਰ ਨੂੰ ਦੱਸਿਆ ਹੈ। ਜਿਹੜੀ ਮੀਰਾ ਦੇ ਕ੍ਰਿਸ਼ਨ ਨਾਲ ਪ੍ਰੇਮ ਦੀ ਉਦਾਹਰਣ ਭੈਣ ਜੀ ਨੇ ਦਿੱਤੀ ਉਹਨਾਂ ਤੇ ਇਹ ਪੁੱਛਦਾ ਬਣਦਾ ਸੀ ਕੇ ਜਿਹੋ ਜਿਹਾ ਕ੍ਰਿਸ਼ਨ ਨੂੰ ਦਰਸਾ ਰਹੇ ਨੇ ਉਸ ਵਰਗਾ ਮੁੰਡਾ ਹੋਵੇ ਤੇ ਮੀਰਾ ਤੁਹਾਡੀ ਆਪਣੀ ਧੀ ਰਾਜੇ ਭੋਜਰਾਜ ਨਾਲ ਵਿਹਾਈ ਹੁੰਦੀ ਤਾਂ ਮਾ ਪਿਓ ਦੇ ਤੌਰ ਤੇ ਆਪਣੀ ਬੱਚੀ ਨੂੰ ਕੀ ਆਖਦੇ? ਕਿਸੇ ਦੂਜੇ ਧਰਮ ਤੇ ਟਿੱਪਣੀ ਕਰਨਾ ਸਾਨੂੰ ਸ਼ੋਭਾ ਨਹੀਂ ਦਿੰਦਾ ਪਰ ਜਿਹੜੇ ਸੂਰਮੇ ਤੇ ਗਿਆਨੀ ਜਿਸਨੇ ਗੀਤਾ ਉਚਾਰੀ ਹੋਵੇ, ਦ੍ਰੌਪਦੀ ਦੀ ਲਾਜ ਰੱਖੀ ਹੋਵੇ ਉਸ ਨੂੰ ਚਰਿੱਤਰਹੀਣ ਦੱਸਦੇ ਹਨ ਗੋਪੀਆਂ ਦੇ ਨਾਲ ਰਾਸਲੀਲਾ ਰਚਾਉਂਦੇ ਦੱਸਦੇ ਹਨ ਓਦਾਂ ਦੇ ਮੁੱਡੇ ਨਾਲ ਆਪਣੀ ਧੀ ਨਹੀਂ ਤੋਰਨਾ ਚਾਹੁਣਗੇ। ਜੇ ਅੱਜ ਕੋਈ ਮੁੰਡਾ ਇਹ ਕਹੇ ਕੇ ਮੈਂ ਗੋਪੀਆਂ ਨਾਲ ਰਾਸਲੀਲਾ ਰਚਾਉੰਦਾ ਹਾਂ ਤੇ ਕੋਈ ਵੀ ਮਾਂ ਪਿਓ ਉਸ ਨਾਲ ਆਪਣੀ ਕੁੜੀ ਨਹੀਂ ਤੋਰਨਗੇ। ਇਸ ਵਿੱਚ ਕੀ ਕ੍ਰਿਸ਼ਨ ਤੇ ਜਾ ਮੀਰਾ ਦਾ ਪ੍ਰੇਮ ਦਿਸਦਾ ਹੈ?
ਆਪਣੇ ਪਿਰ ਨੂੰ ਜਾਣੇ, ਉਸਦੇ ਗੁਣਾਂ ਦੇ ਗਿਆਨ ਦੇ, ਉਸ ਨਾਲ ਪ੍ਰੇਮ ਨਹੀਂ ਹੋ ਸਕਦਾ। ਜਿਸ ਨੂੰ ਅਸੀਂ ਚੰਗੀ ਤਰਹ ਜਾਣਦੇ ਨਹੀਂ ਉਸ ਨਾਲ ਪ੍ਰੇਮ ਨਹੀਂ ਮੋਹ ਹੋ ਸਕਦਾ ਹੈ, ਅੰਨਾ ਪ੍ਰੇਮ ਹੋ ਸਕਦਾ ਹੈ ਪਰ ਉਸ ਨਾਲ ਦਿਲੋਂ ਪ੍ਰੇਮ ਨਹੀਂ ਹੋ ਸਕਦਾ। ਗੁਰਮਤਿ ਦਾ ਫੁਰਮਾਨ ਸਾਫ਼ ਹੈ
”ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ॥ ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ॥੧॥”
”ਨਿਉਲੀ ਕਰਮ ਭੁਇਅੰਗਮ ਭਾਠੀ॥ ਰੇਚਕ ਕੁੰਭਕ ਪੂਰਕ ਮਨ ਹਾਠੀ॥ ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰਸਬਦ ਮਹਾ ਰਸੁ ਪਾਇਆ॥੧੪॥”। ਜੋ ਨਿਰਾਕਾਰ ਹੈ, ਕਿਸੇ ਦੇ ਵੱਸ ਵਿੱਚ ਨਹੀਂ ਹੁੰਦਾ ਉਹ ਗੁਰਸਬਦ ਦੁਆਰਾ ਹੀ ਗੁਰ (ਗੁਣ) ਪ੍ਰਸਾਦ (ਨਾਮ/ ਗਿਆਨ ਤੋਂ ਪ੍ਰਾਪਤ ਸੋਝੀ) ਨਾਲ ਹੀ ਮਿਲ ਸਕਦਾ।
ਬਹੁਤਿਆਂ ਨੂੰ ਪ੍ਰੇਮ (love), ਮਨਹਠ (obstinacy) ਅਤੇ ਮੋਹ (infatuation) ਦਾ ਅੰਤਰ ਹੀ ਨਹੀਂ ਪਤਾ। ਮਨਹਠ ਨਾਲ ਤਾਂ ਉਹ ਮਿਲਦਾ ਨਹੀਂ। ਕਈਆਂ ਨੂੰ ਕੇਵਲ ਡਿੰਭ ਹੀ ਕਰਨਾ ਹੁੰਦਾ। ਨਿਮਰਤਾ, ਨਿਮਾਣੇ ਹੋਣ ਦਾ ਬਾਹਰੀ ਨਾਟਕ ਹੁੰਦਾ ਬਸ। ਪ੍ਰੇਮ ਭਗਤੀ ਦਾ ਕੱਖ ਵੀ ਗਿਆਨ ਨਹੀਂ। ਗੁਰਮਤਿ ਤੋਂ ਸਮਝਿਆ ਹੀ ਨਹੀਂ।
ਸਾਡੇ ਵਿੱਚੋਂ ਬਹੁਤ ਘਟ ਹਨ ਜੋ ਪ੍ਰੇਮ ਦੇ ਸਹੀ ਮਤਲਬ ਨੂੰ ਸਮਝਦੇ ਹਨ। ਪ੍ਰੇਮ ਆਤਮਾ ਤੋ ਹੁੰਦਾ ਹੈ ਗੁਣਾਂ ਨਾਲ। ਜੋ ਮਾਯਾ ਹੈ ਅੱਖਾਂ ਨਾਲ ਦਿਸਦੀ ਹੈ ਉਸ ਵਸਤੂ ਨਾਲ ਪ੍ਰੇਮ ਨਹੀਂ ਹੁੰਦਾ ਉਸ ਨਾਲ ਕੇਵਲ ਮੋਹ ਹੁੰਦਾ ਹੈ। ਪ੍ਰੇਮ ਕੇਵਲ ਨਾ ਦਿਖਣ ਵਾਲੇ ਗੁਣਾਂ ਨਾਲ ਹੁੰਦਾ ਗੁਰ ਨਾਲ ਹੁੰਦਾ। ਪ੍ਰੇਮ ਦਾ ਰਿਸ਼ਤਾ ਅਟੁੱਟ ਹੁੰਦਾ ਦੋ ਤਰਫਾ ਹੁੰਦਾ। ਕਦੀ ਘਟਦਾ ਵੱਧਦਾ ਨਹੀਂ। ਪ੍ਰੇਮ ਵਿੱਚ ਡਰ ਨਹੀਂ ਹੁੰਦਾ ਤਿਆਗ ਹੁੰਦਾ। ਮੋਹ ਘੱਟ ਵੱਧ ਹੁੰਦਾ। ਮੋਹ ਦਾ ਰਿਸ਼ਤਾ ਲਾਲਚ ਜਾਨ ਜੁੜਿਆ ਹੁੰਦਾ ਪ੍ਰੇਮ ਦਾ ਰਿਸ਼ਤਾ ਤਿਆਗ ਨਾਲ ਜੁੜਿਆ ਹੰਦਾ। ਪ੍ਰੇਮ ਵਿੱਚ ਬੰਦਾ ਆਪਣਾ ਸੋਚਣ ਤੋ ਪਹਿਲਾ ਜਿਸ ਨਾਲ ਪ੍ਰੇਮ ਹੁੰਦਾ ਉਸ ਬਾਰੇ ਸੋਚਦਾ। ਮੋਹ ਭੀੜ ਪੈਂਦੇ ਹੀ ਮੁੱਕ ਜਾਂਦੀ। ਜੇ ਕਿਸੇ ਨਾਲ ਪ੍ਰੇਮ ਹੋਵੇ ਬੰਦਾ ਉਸਦੇ ਮੁਹਰੇ ਹੋ ਡਾਲ ਬਣਕੇ ਖੜਦਾ ਜੇ ਕੇਵਲ ਮੋਹ ਹੋਵੇ ਤਾਂ ਮੁਸੀਬਤ ਪੈਂਦੇ ਹੀ ਮੈਦਾਨ ਛੱਡ ਕੇ ਭੱਜ ਜਾਂਦਾ। ਪ੍ਰੇਮ ਹੋਵੇ ਜੀਵਣ ਮਰਨ ਤੋ ਉਪਰ ਹੁੰਦਾ ਮੋਹ ਟੁੱਟਦੇ ਹੀ ਰਿਸ਼ਤਾ ਖਤਮ। ਗੁਰਬਾਣੀ ਆਖਦੀ ਪ੍ਰੇਮ ਹੋਣਾ ਚਾਹੀਦਾ ਜਿਵੇਂ ਦੁੱਧ ਤੇ ਪਾਣੀ ਦਾ ਰਿਸ਼ਤਾ। ਪ੍ਰੇਮ ਕਰਨਾ ਆਤਮ ਰਾਮ ਨਾਲ ਪਰਮੇਸਰ ਨਾਲ ਹਰਿ ਦੇ ਨਾਲ ਬਾਕੀ ਸਬ ਮੋਹ ਹੈ ਮਾਯਾ ਦੇ ਬੰਧਨ। ਮੋਹ ਵਿੱਚ ਸੁੱਖ ਨਹੀਂ ਹੁੰਦਾ, ਟੈਂਸ਼ਨ ਹੁੰਦੀ ਡਰ ਹੁੰਦਾ ਵਸਤੂ ਦੇ ਵਿਛੋੜੇ ਦਾ। ਪ੍ਰੇਮ ਵਿੱਚ ਤਿਆਗ ਹੁੰਦਾ ਭਰੋਸਾ ਹੁੰਦਾ ਅਨੰਦ ਹੁੰਦਾ ਭਾਵੇਂ ਜਿਸ ਨਾਲ ਪ੍ਰੇਮ ਹੋਵੇ ਉਹ ਦੂਰ ਹੋਵੇ ਕੋਲ ਹੋਵੇ ਅੱਖਾਂ ਤੋ ਦਿਸੇ ਯਾ ਨਾ ਦਿਸੇ। ਜੋ ਨਿਰਾਕਾਰ ਹੈ, ਸਰਬ ਵਿਆਪੀ ਹੈ, ਜਿਸ ਤੋਂ ਸੰਸਾਰ ਦਾ ਕੋਈ ਜੀਵ ਵਾਂਝਾ ਨਹੀਂ ਹੈ। ਸਾਰਿਆਂ ਵਿੱਚ ਬਰਾਬਰ ਹੈ “ਉਆ ਕਾ ਅੰਤੁ ਨ ਕਾਹੂ ਪਾਇਆ॥ ਕੀਟ ਹਸਤਿ ਮਹਿ ਪੂਰ ਸਮਾਨੇ॥ ਪ੍ਰਗਟ ਪੁਰਖ ਸਭ ਠਾਊ ਜਾਨੇ॥” ਉਸ ਨਾਲ ਪ੍ਰੇਮ ਕਿਵੇਂ ਬਣੇਗਾ? ਇਹ ਕੇਵਲ ਕਹਿਣ ਨਾਲ ਨਹੀਂ ਹੋਣਾ, ਇਸਨੂੰ ਮੰਨਣਾ ਪੈਣਾ, ਦ੍ਰਿੜ ਕਰਨਾ ਪੈਣਾ। ਆਪਣੀ ਸੋਚ ਪਵਿੱਤਰ ਰੱਖ ਉਸਦੇ ਗੁਣ ਹਾਸਲ ਕਰਨੇ ਪੈਣੇ, ਵਿਚਾਰਨੇ ਪੈਣੇ। ਇਹ ਬੁੱਧ ਪਵਿੱਤਰ ਕਰਨੀ ਪੈਣੀ।
ਹੁਣ ਇਹ ਸਮਝਣ ਦੇ ਬਾਦ ਬਾਣੀ ਦਾ ਅਸਲੀ ਭਾਵ ਸਮਝ ਆਉਂਦਾ
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ॥”
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ॥”
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ॥”
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ॥”
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ॥”
“ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ॥”
“ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ॥”
“ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ ਰਹਾਉ ॥ ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ॥”
“ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥”
“ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥”
ਭਗਤ ਉਸਦੇ ਨਾਮ (ਗੁਣਾਂ ਦਾ ਗਿਆਨ, ਹੁਕਮ ਦੀ ਸੋਝੀ) ਦੇ ਇਲਾਵਾ ਕੋਈ ਹੋਰ ਆਸ ਨਹੀਂ ਰੱਖਦਾ। ਹੁਕਮ ਮੰਨਦਾ, ਜੋ ਹੋ ਰਹਿਆ ਉਸ ਦੀ ਵੀ ਵਾਹੁ ਵਾਹੁ ਕਰਦਾ, ਜੋ ਅੱਗੇ ਹੋਣਾ ਉਸਦੀ ਵੀ ਵਾਹੁ ਵਾਹੁ ਕਰਦਾ। ਨਿਰਾਕਾਰ ਨਾਲ ਸਨੇਹ ਦਾ ਭਾਵ ਹੀ ਉਸਦੀ ਸੇਵਾ ਹੈ। ਸੇਵਾ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥”। ਦੁਖ ਸੁਖ ਸਬ ਉਸਦੀ ਮਿਹਰ ਦਿਸਦੀ ਹੈ ਭਗਤ ਨੂੰ। ਇਹ ਹੀ ਪ੍ਰੇਮ ਹੈ ਪਰਮੇਸਰ ਨਾਲ। ਕੇਵਲ ਬੋਲਣ ਨਾਲ ਪ੍ਰੇਮ ਨਹੀਂ ਹੁੰਦਾ। ਗੁਰਬਾਣੀ ਨੇ ਪ੍ਰੇਮ ਪਦਾਰਥ ਹੀ ਨਾਮ ਨੂੰ ਦੱਸਿਆ ਹੈ ਫੋਕੇ ਅਹਿਸਾਸ ਜਾਂ ਮੋਹ ਨੂੰ ਨਹੀਂ “ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ॥ ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ॥” ਨਾਮ ਨੂੰ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?” ਜਦੋਂ ਨਾਮ ਸਮਝ ਆ ਜਾਵੇ, ਉਸਦੇ ਗੁਣ ਵਿਚਾਰੇ ਜਾਣ, ਭਗਤ ਦੀ ਟੋਟਲ ਸਰੈਂਡਰ ਵਾਲੀ ਅਵਸਥਾ ਬਣ ਜਾਵੇ ਤਾਂ ਪ੍ਰੇਮ ਹੋਣਾ, ਤਾਂ ਨਿਰਾਕਾਰ ਦੀ ਪ੍ਰਾਪਤੀ ਹੋਣੀ, ਫੇਰ ਸਮਝ ਲਗਣੀ ਪਾਤਿਸ਼ਾਹ ਨੇ ਕਿਉਂ ਕਹਿਆ “ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥ ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥ ਬਾਸ ਕੀਓ ਬਿਖਿਆਨ ਸੋਂ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ॥ ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥੯॥੨੯॥”। ਅੱਖਾਂ ਬੰਦ ਕਰਕੇ ਨਹੀਂ ਗਿਆਨ ਦੇ ਨੇਤ੍ਰ ਖੋਲ ਕੇ ਪ੍ਰੇਮ ਹੋਣਾ। ਤੀਰਥਾਂ ਵਿੱਚ ਥਾਂ ਥਾਂ ਭਟਕਣ ਦੀ ਥਾਂ ਸਮਝ ਲਗਣੀ “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥”। ਕੇਵਲ ਬਖਿਆਨ ਨਹੀਂ ਹੈ ਪ੍ਰੇਮ।
ਮਨ ਵਿੱਚ ਮੋਹ ਰੱਖਕੇ, ਚਾਰ ਗੱਲਾਂ ਸਿੱਖ ਕੇ, ਮਨਹਠ ਅਤੇ ਬਿਨਾਂ ਗਿਆਨ ਦੇ ਫੋਕੀ ਫੀਲਿੰਗ ਨਾਲ ਆਖ ਦਿੰਦੇ ਹਨ ਕੇ ਜੇ ਅਸੀਂ ਪ੍ਰੇਮ ਕਰਦੇ ਹਾਂ ਪਰਮੇਸਰ ਨਾਲ। ਉਸਦੀ ਮੂਰਤੀ ਮਨ ਵਿੱਚ ਬਣਾ ਲੈਂਦੇ ਹਨ ਕਦੇ ਰਾਜੇ ਰਾਮ, ਕਦੇ ਕ੍ਰਿਸ਼ਨ, ਕਦੇ ਸ਼ਿਵ, ਕਦੇ ਨਾਨਕ, ਕਦੇ ਗੋਬਿੰਦ ਕਦੇ ਕੁਝ ਹੋਰ ਰੂਪ ਮਨ ਵਿੱਚ ਕੇਵਲ ਜੋ ਫੋਟੂਆਂ ਮੂਰਤੀਆਂ ਬਦੇਹੀ ਦੀਆਂ ਅੱਖਾਂ ਨਾਲ ਵੇਖੀਆਂ ਹੁੰਦੀਆਂ ਹਨ ਉਹ ਸੋਚ ਕੇ। ਕਦੇ ਉਹਨਾਂ ਦੇ ਗੁਣ ਨਹੀਂ ਵਿਚਾਰੇ ਨਾ ਸਮਝੇ ਨਾ ਧਾਰਣ ਕੀਤੇ। ਤਾਹੀਂ ਮਹਾਰਾਜ ਨੇ ਆਖਿਆ ਹੈ “ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚਉਕਰੀ ਫਿਰਾਏ ਈ ਫਿਰਤ ਹੈ॥”।
ਗੁਰਬਾਣੀ ਦਾ ਫੁਰਮਾਨ ਹੈ ਕੇ ਮਨ ਮਾਰੇ ਬਿਨਾਂ ਭਗਤੀ ਨਹੀਂ ਹੁੰਦੀ। ਗੁਣ ਵਿਚਾਰੇ ਬਿਨਾਂ ਭਗਤੀ ਨਹੀਂ ਹੁੰਦੀ। ਭਗਤੀ ਬਿਨਾਂ ਪ੍ਰੇਮ ਨਹੀਂ ਹੁੰਦਾ। ਗੁਣਾਂ ਨੂੰ ਜਪਣ (ਜਾਣੇ) ਦੋਂ ਬਿਨਾਂ ਪ੍ਰੇਮ ਨਹੀਂ ਹੁੰਦਾ। ਭੋਜਨ ਦੇ ਬਿਬੇਕ ਨਾਲ ਪ੍ਰੇਮ ਨਹੀਂ ਹੁੰਦਾ। ਵੇਖੋ “ਗੁਰਮਤਿ ਵਿੱਚ ਬਿਬੇਕ ਦੇ ਅਰਥ ਕੀ ਹਨ?”। ਬੁੱਧ ਦੇ ਬਿਬੇਕ ਨਾਲ ਪ੍ਰੇਮ ਹੁੰਦਾ। “ਮਨ ਰੇ ਰਾਮ ਜਪਹੁ ਸੁਖੁ ਹੋਇ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ॥” – ਗੁਰ ਤੋਂ ਭਾਵ ਗੁਣ। ਜਪ ਦਾ ਅਰਥ ਜਾਨਣਾ, ਸਮਝਣਾ। ਮਨ ਨੂੰ ਨਿਰਮਲ (ਵਿਕਾਰਾਂ ਦੀ ਮਲ ਤੋਂ ਰਹਿਤ) ਕਰਨਾ ਪੈਣਾ ਤਾਂ ਪ੍ਰੇਮ ਹੋਣਾ। ਨਾਮ (ਗੁਣਾ ਦੀ ਸੋਝੀ) ਨੂੰ ਹਰ ਵੇਲੇ ਧਿਆਨ ਵਿੱਚ ਰੱਖਣਾ ਪੈਣਾ “ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ॥ ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ॥ ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ॥ ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ॥ ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ॥ ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ॥ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥”
”ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ॥ ਮਨ ਤਨ ਅੰਤਰਿ ਇਹੀ ਸੁਆਉ॥ ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ॥ ਮਨੁ ਬਿਗਸੈ ਸਾਧ ਚਰਨ ਧੋਇ॥ ਭਗਤ ਜਨਾ ਕੈ ਮਨਿ ਤਨਿ ਰੰਗੁ॥ ਬਿਰਲਾ ਕੋਊ ਪਾਵੈ ਸੰਗੁ॥ ਏਕ ਬਸਤੁ ਦੀਜੈ ਕਰਿ ਮਇਆ॥ ਗੁਰ ਪ੍ਰਸਾਦਿ ਨਾਮੁ ਜਪਿ ਲਇਆ॥ ਤਾ ਕੀ ਉਪਮਾ ਕਹੀ ਨ ਜਾਇ॥ ਨਾਨਕ ਰਹਿਆ ਸਰਬ ਸਮਾਇ॥੬॥”
ਜਿੱਥੇ ਵਿਕਾਰਾਂ ਦੀ ਮਲ, ਅਗਿਆਨਤਾ ਹੈ ਉੱਥੇ ਪਰਮੇਸਰ ਪ੍ਰੇਮ ਨਹੀਂ ਪੈਦਾ ਹੋਣਾ। ਹਿਰਦਾ ਸ਼ੁੱਧ ਕਰਨਾ ਪੈਣਾ। ਨਾਮ (ਸੋਝੀ) ਤੋਂ ਬਿਨਾਂ ਪ੍ਰੇਮ ਨਹੀਂ ਹੁੰਦਾ “ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ॥ ਨਾਮੁ ਜਪੀ ਨਾਮੋ ਸੁਖ ਸਾਰੁ॥੧॥ ਨਾਮੁ ਜਪਹੁ ਮੇਰੇ ਸਾਜਨ ਸੈਨਾ॥ ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ॥੧॥ ਰਹਾਉ॥ ਨਾਮ ਬਿਨਾ ਨਹੀ ਜੀਵਿਆ ਜਾਇ॥ ਵਡੈ ਭਾਗਿ ਗੁਰਮੁਖਿ ਹਰਿ ਪਾਇ॥੨॥ ਨਾਮਹੀਨ ਕਾਲਖ ਮੁਖਿ ਮਾਇਆ॥ ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ॥੩॥”
ਸੋ ਭਾਈ ਗੱਲਾਂ ਨਾਲ ਨਹੀਂ ਸਰਨਾ। ਅੰਨੀ ਸ਼ਰਧਾ ਨਾਲ ਗਲ ਨਹੀਂ ਬਣਨੀ “ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ॥ ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ॥ ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ॥”, ਹਰਿ ਰਸ ਚਖੇ ਬਿਨਾਂ ਗਲ ਨਹੀਂ ਬਣਦੀ “ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ॥ ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ॥”। ਗੁਰਮਤਿ ਵਿਚਾਰ ਕੇ ਹਰਿ, ਰਾਮ, ਗੋਬਿੰਦ, ਠਾਕੁਰ, ਅਕਾਲ, ਪ੍ਰਭ ਨੂੰ ਸਮਝੀਏ। ਗੁਣ ਅਵਗੁਣ ਦੀ ਵਿਚਾਰ ਕਰ, ਹੁਕਮ ਨੂੰ ਸਮਝ ਕੇ ਨਿਰਾਕਰ ਦੇ ਗੁਣਾਂ ਨਾਲ ਉਸਦੇ ਹੁਕਮ ਨਾਲ ਪ੍ਰੇਮ ਧਾਰਣ ਕਰੀਏ। ਜੇ ਸਰੀਰ (ਬਦੇਹੀ), ਜਾਤ ਪਾਤ, ਅਮੀਰ ਗਰੀਬ, ਰੂਪ ਰੰਗ ਆਦੀ ਵੇਖ ਕੇ ਕੋਈ ਵੱਡਾ ਛੋਟਾ, ਘੱਟ ਵੱਧ ਦਿਸਦਾ ਤਾਂ ਪਰਮੇਸਰ ਪ੍ਰੇਮ ਤੋਂ ਬਹੁਤ ਦੂਰ ਹਾਂ। ਅਸੀਂ ਗੁਰਬਾਣੀ ਬਣਨਾ ਹੈ “ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ॥ ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ॥ ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥”। ਜਿਸਨੂੰ ਬਾਹਰ ਲੱਭ ਰਹੇ ਹਾਂ ਉਹ ਨਿਰਾਕਾਰ ਆਪਣੇ ਗੁਣਾਂ, ਆਪਣੇ ਗਿਆਨ ਰਾਹੀਂ ਸਾਡੇ ਘਟ ਵਿੱਚ ਵਸਣਾ ਚਾਹੀਦਾ ਹੈ। ਹੁਕਮ ਸਮਝ ਕੇ ਮੰਨਣਾ ਹੀ ਪ੍ਰੇਮ ਹੈ।