Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ

“ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥ ਮਨ, ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ, ਰੰਗੁ ਮਾਣੁ ॥ {ਪੰਨਾ 441}”

ਜਿਥੋਂ ਕੋਈ ਚੀਜ ਪੈਦਾ ਹੁੰਦੀ ਹੈ, ਉਹ ਉਸ ਚੀਜ ਦਾ ‘ਮੂਲ’ ਹੁੰਦਾ ਹੈ, ਜਿਵੇਂ ਕਿ (ਉਦਾਹਰਨ ਦੇ ਤੌਰ ‘ਤੇ) ਧੁੱਪ ‘ਸੂਰਜ’ ਤੋਂ ਪੈਦਾ ਹੁੰਦੀ ਹੈ, ਇਸ ਕਰਕੇ ਧੁੱਪ ਦਾ ਮੂਲ ‘ਸੂਰਜ’ ਹੈ, ਅਤੇ ਜਿਥੋਂ ਕੋਈ ਚੀਜ ਪੈਦਾ ਹੁੰਦੀ ਹੈ ਜਾਂ ਉਪਜਦੀ ਹੈ ਓਸੇ ਵਿੱਚ(ਭਾਵ ਕਿ ਆਪਣੇ ਮੂਲ ਵਿੱਚ) ਹੀ ਸਮਾਉਂਦੀ ਹੈ :

“ਬਿਖਿਆ ਪੋਹਿ ਨ ਸਕਈ, ਮਿਲਿ ਸਾਧੂ, ਗੁਣ ਗਾਹੁ ॥ ਜਹ ਤੇ ਉਪਜੀ ਤਹ ਮਿਲੀ, ਸਚੀ ਪ੍ਰੀਤਿ, ਸਮਾਹੁ ॥ {ਪੰਨਾ 135}”

ਜਿੰਨਾ ਚਿਰ ਇਹ ਅਗਿਆਨੀ ਹੈ ਉਨਾ ਚਿਰ ਇਹ ‘ਮਨ’ ਹੈ, ਪਰ ਜਦੋਂ ਇਹ ਆਪਣੇ ਮੂਲ ‘ਬ੍ਰਹਮ’ ਨੂੰ ਜਾਨ ਲੈਂਦਾ ਹੈ ਤਾਂ ਉਦੋਂ ਇਹ ਬ੍ਰਹਮਾ ਬਣ ਜਾਂਦਾ ਹੈ, “ਬਬਾ ਬ੍ਰਹਮੁ ਜਾਨਤ, ਤੇ ਬ੍ਰਹਮਾ ॥ ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥ {ਪੰਨਾ 258}”

ਕਿਉਂਕਿ “ਜਿਨਿ ਜਾਤਾ ਸੋ ਤਿਸ ਹੀ ਜੇਹਾ ॥ ਅਤਿ ਨਿਰਮਾਇਲੁ ਸੀਝਸਿ ਦੇਹਾ ॥ {ਪੰਨਾ 931}”, ‘ਮਨ’ ਬ੍ਰਹਮਾ(ਭਾਵ ਕਿ ਆਤਮ-ਗਿਆਨੀ) ਬਣ ਕੇ ਹੀ ‘ਬ੍ਰਹਮ’ ਵਿੱਚ ਸਮਾਅ ਸਕਦਾ ਹੈ । “ਹਰਿ ਨਾਮਾ ਜਸੁ ਜਾਚਉ ਨਾਉ ॥ ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥{ਪੰਨਾ 355}”

“ਉਪਜਿਆ ਤਤੁ ਗਿਆਨੁ, ਸਾਹੁਰੈ ਪੇਈਐ ਇਕੁ ਹਰਿ, ਬਲਿ ਰਾਮ ਜੀਉ ॥ ਬ੍ਰਹਮੈ ਬ੍ਰਹਮੁ ਮਿਲਿਆ, ਕੋਇ ਨ ਸਾਕੈ ਭਿੰਨ ਕਰਿ, ਬਲਿ ਰਾਮ ਜੀਉ ॥ {ਪੰਨਾ 778}”

{‘ਕੋਇ ਨ ਸਾਕੈ ਭਿੰਨ ਕਰਿ’ ਬੜੀ ਮਹੱਤਵਪੂਰਨ ਗੱਲ ਹੈ, ‘ਕੋਇ’ ਭਾਵ ਕਿ ਹੋਰ ਕੋਈ ਭਿੰਨ ਜਾਂ ਭੰਗ ਨਹੀਂ ਕਰ ਸਕਦਾ ਇਹਨਾਂ ਨੂੰ, ਇਸ ਕਰਕੇ ਮੂਲ-ਮੰਤਰ ਵਿੱਚ ‘੧’ ਦੇ ਨਾਲ ‘ਸ੍ਵੈ ਭੰ’ ਸ਼ਬਦ ਆਇਆ ਹੋਇਆ ਹੈ । ਭਾਵ ਕਿ ਜੋ “ਸਾਹੁਰੈ ਪੇਈਐ ਇਕੁ ਹਰਿ” ਹੈ ਉਹ ਆਪਣੇ-ਆਪ(ਸ੍ਵੈ) ਭੰਗ/ਭਿੰਨ/ਵਖਰਾ ਜਾਂ ਦਾਲ ਤਾਂ ਹੋ ਸਕਦਾ (ਅਬ ਕਿਉ ਉਗਵੈ ਦਾਲਿ), ਪਰ ਹੋਰ ਕੋਈ ਇਸਨੂੰ ਭੰਗ/ਭਿੰਨ/ਵਖਰਾ/ਦਾਲ ਜਾਂ ਦੋ ਥਾਂ ਨਹੀਂ ਕਰ ਸਕਦਾ ।}

ਹੁਣ ਇਹ ਕਿਵੇਂ ਪਤਾ ਲੱਗੇ ਕਿ ਬ੍ਰਹਮ ਹੀ ਸਾਡਾ ਮੂਲ ਹੈ ? ਆਉ ਵਿਚਾਰ ਕਰੀਏ :

“ੜਾੜੈ ਗਾਰੁੜੁ ਤੁਮ ਸੁਣਹੁ, ਹਰਿ, ਵਸੈ ਮਨ ਮਾਹਿ ॥ ਗੁਰ ਪਰਸਾਦੀ, ਹਰਿ ਪਾਈਐ, ਮਤੁ ਕੋ ਭਰਮਿ ਭੁਲਾਹਿ ॥ {ਪੰਨਾ 936}”, ਜਾਂ “ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ, ਬਤਾਇਓ ਗੁਰ, ਮਨ ਹੀ ਮਾਹਿ ॥੧॥ {ਪੰਨਾ 1195}”

ਇਸ ਤੋਂ ਭਾਵ ਇਹ ਹੋਇਆ ਕਿ ‘ਹਰਿ’ ਜਾਂ ‘ਬ੍ਰਹਮ’, ਇੱਕ ਹੀ ਵਸਤੂ ਦੇ ਅਲੱਗ-ਅਲੱਗ ਨਾਮ ਹਨ, ਜਿਸਦਾ ਵਾਸਾ ‘ਮਨ ਮਾਹਿ’ ਹੈ ।

ਹੁਣ ਇਹ ‘ਮਨ’ ਕਿਸ ਸ਼ੈਅ ਦਾ ਨਾਮ ਹੈ ?

“ਘਟ ਘਟ ਮੈ, ਹਰਿ ਜੂ, ਬਸੈ, ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥ {ਪੰਨਾ 1427}”, ਜਾਂ “ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥ {ਪੰਨਾ 259}

ਉੱਪਰ ਅਸੀਂ ਵੇਖਿਆ ਸੀ ਕਿ ‘ਹਰਿ’ ਜਾਂ ‘ਬ੍ਰਹਮ’ ਦਾ ਵਾਸਾ ‘ਮਨ ਮਾਹਿ’ ਹੈ, ਪਰ ਇਹਨਾਂ ਪੰਗਤੀਆਂ ਵਿੱਚ ਦੱਸਿਆ ਜਾ ਰਿਹਾ ਹੈ ਕਿ ‘ਹਰਿ’ ਜਾਂ ‘ਬ੍ਰਹਮ’ ਦਾ ਵਾਸਾ ‘ਘਟ’ ਵਿੱਚ ਹੈ, ਇਸ ਤੋਂ ਭਾਵ ਇਹ ਹੋਇਆ ਕਿ ‘ਮਨ’ ਜਾਂ ‘ਘਟ’ ਵੀ ਇੱਕ ਹੀ ਵਸਤੂ ਦੇ ਅਲੱਗ-ਅਲੱਗ ਨਾਮ ਹਨ ।

‘ਮਨ’ ਜਾਂ ‘ਘਟ’ ਨੂੰ ਗੁਰਬਾਣੀ ਵਿੱਚ ‘ਹਰਿ ਮੰਦਰ’ ਵੀ ਕਿਹਾ ਹੋਇਆ ਹੈ, ਜਿਵੇਂ ਕਿ :

“ਹਰਿ ਮੰਦਰ ਮਹਿ, ਹਰਿ ਵਸੈ, ਸਰਬ ਨਿਰੰਤਰਿ ਸੋਇ ॥ ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥ {ਪੰਨਾ 1346}”

ਉਹੀ ‘ਹਰਿ’ ਜਿਹੜਾ ਕਿ ‘ਮਨ’ ਜਾਂ ‘ਘਟ’ ਵਿੱਚ ਵਸਦਾ ਹੈ, ਉਸੇ ਨੂੰ ਕਿਹਾ ਗਿਆ ਹੈ ਕਿ ਉਹ ‘ਹਰਿ ਮੰਦਰ’ ਵਿੱਚ ਵਸਦਾ ਹੈ, ਭਾਵ ਕਿ  ‘ਹਰਿ ਮੰਦਰ’, ‘ਮਨ’ ਜਾਂ ‘ਘਟ’ ਇੱਕ ਹੀ ਚੀਜ਼ ਹਨ । ਇਹ ‘ਹਰਿ ਮੰਦਰ’, ‘ਮਨ’ ਜਾਂ ‘ਘਟ’ ਬਣਾਇਆ/ਸਾਜਿਆ ਕਿਸਨੇ ਹੈ ?

“ਦਹ ਦਿਸ ਖੋਜਤ ਹਮ ਫਿਰੇ, ਮੇਰੇ ਲਾਲ ਜੀਉ, ਹਰਿ, ਪਾਇਅੜਾ ਘਰਿ ਆਏ ਰਾਮ ॥ ਹਰਿ ਮੰਦਰੁ, ਹਰਿ ਜੀਉ ਸਾਜਿਆ, ਮੇਰੇ ਲਾਲ ਜੀਉ, ਹਰਿ, ਤਿਸੁ ਮਹਿ ਰਹਿਆ ਸਮਾਏ ਰਾਮ ॥ {ਪੰਨਾ 542}”

‘ਹਰਿ ਮੰਦਰ’, ‘ਮਨ’ ਜਾਂ ‘ਘਟ’ ਨੂੰ ‘ਹਰਿ ਜੀਉ’ ਨੇ ਸਾਜਿਆ ਹੈ ਅਤੇ ‘ਹਰਿ’ ਉਸ ਦੇ (ਭਾਵ ਕਿ ‘ਹਰਿ ਮੰਦਰ’, ‘ਮਨ’ ਜਾਂ ‘ਘਟ’ ਦੇ) ਵਿੱਚ ਹੀ ਸਮਾਇਆ ਹੋਇਆ ਹੈ । “ਹਰਿ ਮੰਦਰੁ, ਸੋਈ ਆਖੀਐ, ਜਿਥਹੁ, ਹਰਿ, ਜਾਤਾ ॥ ਮਾਨਸ ਦੇਹ, ਗੁਰ ਬਚਨੀ ਪਾਇਆ, ਸਭੁ ਆਤਮ ਰਾਮੁ ਪਛਾਤਾ ॥ ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ, ਬਿਧਾਤਾ ॥ ਮਨਮੁਖ, ਹਰਿ ਮੰਦਰ ਕੀ ਸਾਰ, ਨ ਜਾਣਨੀ, ਤਿਨੀ ਜਨਮੁ ਗਵਾਤਾ ॥ ਸਭ ਮਹਿ ਇਕੁ ਵਰਤਦਾ, ਗੁਰ ਸਬਦੀ ਪਾਇਆ ਜਾਈ ॥੧੨॥ {ਪੰਨਾ 953}”

‘ਹਰਿ’ ਨੂੰ ਕਿਥੋਂ ਜਾਣਿਆ ?

“ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ, ਅਕਲ ਕਲਾ ਭਰਪੂਰਿ ਰਹਿਆ ॥ {ਪੰਨਾ 469}”

ਜਾਤਿ ‘ਬਾਹਰਲੇ ਸਰੀਰ’ ਨੂੰ ਕਿਹਾ ਹੈ ਅਤੇ ਜੋਤਿ ‘ਮਨ’ ਹੈ, “ਤਨ ਮਹਿ ਮਨੂਆ, ਮਨ ਮਹਿ ਸਾਚਾ ॥ ਸੋ ਸਾਚਾ ਮਿਲਿ ਸਾਚੇ ਰਾਚਾ ॥ {ਪੰਨਾ 686}”

‘ਜਾਤਿ ਮਹਿ ਜੋਤਿ’ ਜਾਂ ‘ਤਨ ਮਹਿ ਮਨੂਆ’ ਇੱਕ ਹੀ ਗੱਲ ਹੈ । ‘ਜੋਤਿ’ = ‘ਮਨੂਆ’

ਜੇਕਰ ਮਨ ‘ਜੋਤਿ’ ਹੈ, ਤਾਂ ਜੋਤਿ ਦਾ ਆਪਣਾ ਕੋਈ ਵਜੂਦ ਨਹੀਂ ਹੁੰਦਾ, ਜੋਤਿ ਤਾਂ ਕਿਸੇ source (ਵਸਤੂ) ਵਿਚੋਂ ਪੈਦਾ/ਉਪਜੀ ਹੋਈ ਰੌਸ਼ਨੀ ਦਾ ਨਾਮ ਹੈ, ਇਸੇ ਕਰਕੇ ਕਿਹਾ ਹੈ ਕਿ:

“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥”

ਕਿਸੇ ਵੀ ਚੀਜ ਦੀ ਰੌਸ਼ਨੀ ਜਿਥੋਂ ਪੈਦਾ ਹੁੰਦੀ ਹੈ, ਉਸਦਾ ਮੂਲ ਉਸਦੇ ਵਿੱਚ ਹੀ ਹੁੰਦਾ ਹੈ, ਕਿਸੇ ਵੀ ਰੌਸ਼ਨੀ ਨੂੰ ਉਸਦੇ ਮੂਲ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਸੂਰਜ ਅਤੇ ਧੁੱਪ ਦੀ ਮਿਸਾਲ ਹੈ, ਬਲਬ ਅਤੇ ਉਸ ਤੋਂ ਪੈਦਾ ਹੋਈ ਰੌਸ਼ਨੀ ਦੀ ਮਿਸਾਲ ਹੈ, ਇਸ ਕਰਕੇ :

“ਮਨ ਮਹਿ ਆਪਿ, ਮਨ ਅਪੁਨੇ ਮਾਹਿ ॥ ਨਾਨਕ ਕੀਮਤਿ ਕਹਨੁ ਨ ਜਾਇ ॥੭॥ {ਪੰਨਾ 279}”

 ਮਨ ਮਹਿ ‘ਆਪਿ’, ਇਹ ‘ਆਪਿ’ ਕੌਣ ਹੈ ? ਆਪਾਂ ਉੱਪਰ ਵਿਚਾਰ ਕਰ ਚੁੱਕੇ ਹਾਂ, ਕਿ “ਹਰਿ, ਵਸੈ ਮਨ ਮਾਹਿ” ਜਾਂ “ਸੋ ਬ੍ਰਹਮੁ, ਬਤਾਇਓ ਗੁਰ, ਮਨ ਹੀ ਮਾਹਿ ॥” ਜਾਂ “ਹਰਿ ਮੰਦਰ ਮਹਿ, ਹਰਿ, ਵਸੈ” । ‘ਹਰਿ’ ਜਾਂ ‘ਬ੍ਰਹਮ’ ਆਪ ਹੀ ‘ਆਪਣੇ ਮਨ’ ਵਿੱਚ ਹੈ “ਮਨ ਅਪੁਨੇ ਮਾਹਿ”, ਭਾਵ ਕਿ ਇਹ ‘ਹਰਿ’ ਦਾ ਹੀ ਮਨ ਹੈ, ‘ਹਰਿ’ ਨੇ ਆਪ ਹੀ ਆਪਣਾ ‘ਆਪਾ’, ਆਪਣੇ ‘ਮਨ’ ਦੇ ਰੂਪ ਵਿੱਚ ਉਪਾਇਆ ਹੈ ਅਤੇ ‘ਹਰਿ’ ਹੀ ਮਨ ਦਾ ਪਿਤਾ-ਮਾਤਾ ਹੈ :

“ਆਪਨ ਆਪੁ, ਆਪਹਿ ਉਪਾਇਓ ॥ ਆਪਹਿ ਬਾਪ, ਆਪ ਹੀ ਮਾਇਓ ॥ {ਪੰਨਾ 250}”

ਜਾਂ

“ਹਰਿ, ਆਪੇ ਮਾਤਾ ਆਪੇ ਪਿਤਾ, ਜਿਨਿ, ਜੀਉ ਉਪਾਇ, ਜਗਤੁ ਦਿਖਾਇਆ ॥ {ਪੰਨਾ 921}”

ਜਾਂ

“ਭੈਰਉ ਮਹਲਾ ੫ ॥ ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥ ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥ ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥ ਤੁਝ ਬਿਨੁ ਅਵਰੁ ਨਹੀ ਕੋ ਮੇਰਾ ॥੧॥ ਕਰਿ ਕਿਰਪਾ ਕਰਹੁ ਪ੍ਰਭ ਦਾਤਿ ॥ ਤੁਮ੍ਹ੍ਹਰੀ ਉਸਤਤਿ ਕਰਉ ਦਿਨ ਰਾਤਿ ॥੧॥ ਰਹਾਉ ॥ ਹਮ ਤੇਰੇ ਜੰਤ ਤੂ ਬਜਾਵਨਹਾਰਾ ॥ ਹਮ ਤੇਰੇ ਭਿਖਾਰੀ ਦਾਨੁ ਦੇਹਿ ਦਾਤਾਰਾ ॥ ਤਉ ਪਰਸਾਦਿ ਰੰਗ ਰਸ ਮਾਣੇ ॥ ਘਟ ਘਟ ਅੰਤਰਿ ਤੁਮਹਿ ਸਮਾਣੇ ॥੨॥ ਤੁਮ੍ਹ੍ਹਰੀ ਕ੍ਰਿਪਾ ਤੇ ਜਪੀਐ ਨਾਉ ॥ ਸਾਧਸੰਗਿ ਤੁਮਰੇ ਗੁਣ ਗਾਉ ॥ ਤੁਮ੍ਹ੍ਹਰੀ ਦਇਆ ਤੇ ਹੋਇ ਦਰਦ ਬਿਨਾਸੁ ॥ ਤੁਮਰੀ ਮਇਆ ਤੇ ਕਮਲ ਬਿਗਾਸੁ ॥੩॥ ਹਉ ਬਲਿਹਾਰਿ ਜਾਉ ਗੁਰਦੇਵ ॥ ਸਫਲ ਦਰਸਨੁ ਜਾ ਕੀ ਨਿਰਮਲ ਸੇਵ ॥ ਦਇਆ ਕਰਹੁ ਠਾਕੁਰ ਪ੍ਰਭ ਮੇਰੇ ॥ ਗੁਣ ਗਾਵੈ ਨਾਨਕੁ ਨਿਤ ਤੇਰੇ ॥੪॥੧੮॥੩੧॥ {ਪੰਨਾ 1144}” ਇਥੇ ‘ਮਨ’ ਆਪਣੇ ਮੂਲ (ਹਰਿ/ਬ੍ਰਹਮ/ਗੁਰਦੇਵ ਜਾਂ ਮੁਕੰਦ) ਨੂੰ ਸੰਬੋਧਨ ਕਰਕੇ ਕਹਿ ਰਿਹਾ ਹੈ । “ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥ {ਪੰਨਾ 1101}”

“ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥ {ਪੰਨਾ 250}”

“ਮੁਕੰਦ ਮੁਕੰਦ ਜਪਹੁ ਸੰਸਾਰ ॥ ਬਿਨੁ ਮੁਕੰਦ ਤਨੁ ਹੋਇ ਅਉਹਾਰ ॥ ਸੋਈ ਮੁਕੰਦੁ ਮੁਕਤਿ ਕਾ ਦਾਤਾ ॥ ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥ {ਪੰਨਾ 875}”

ਜਿਥੋਂ ਕੋਈ ਚੀਜ ਪੈਦਾ ਹੁੰਦੀ ਹੈ ਜਾਂ ਉਪਜਦੀ ਹੈ ਓਸੇ ਵਿੱਚ(ਭਾਵ ਕਿ ਆਪਣੇ ਮੂਲ ਵਿੱਚ) ਹੀ ਸਮਾਉਂਦੀ ਹੈ “ਜਹ ਤੇ ਉਪਜੀ ਤਹ ਮਿਲੀ”,

ਪਰ ਸਮਾਊ ਕਿਵੇਂ? “ਸਚੀ ਪ੍ਰੀਤਿ ਸਮਾਹੁ”

“ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥ {ਪੰਨਾ 659}”

Resize text