ਮੀਰੀ ਪੀਰੀ ਦੀਆਂ ਕਿਰਪਾਨਾਂ
ਲਗਭਗ ਹਰੇਕ ਸਿੱਖ ਨੂੰ ਇਹ ਪਤਾ ਹੈ ਕੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਣ ਕੀਤੀਆਂ ਸੀ। ਕੁਝ ਨਾਸਮਝ ਸਿੱਖਾਂ ਵੱਲੋਂ ਉੱਠ ਰਹੇ ਸਵਾਲਾਂ ਕਾਰਣ ਇਹ ਲੇਖ ਲਿਖਣਾ ਪੈ ਰਹਿਆ ਹੈ। ਬੋਲਡ ਪੋਸਟ ਦੇ ਨਾਮ ਤੇ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਦੀ ਪੋਹਲ ਵੱਲ ਕਰਦਿਆਂ ਪੁੱਛਦੇ ਹਨ “ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਦੁਬਾਰਾ ਇੱਕ ਕਿਰਪਾਨ ਪਵਾ ਕੇ ਧਰਮ ਤੇ ਰਾਜਨੀਤੀ ਵੱਖ ਕਰਤੀ ਸੀ”, “ਫਿਰ ਉਨ੍ਹਾਂ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਵਿੱਚੋਂ ਗੁਰੂ ਗੋਬਿੰਦ ਸਿੇਘ ਜੀ ਨੇ ਰੱਖੀ ਸੀ ਤੇ ਕਿਹੜੀ ਉਤਾਰੀ ਸੀ?”, “ਕੀ ਮੀਰੀ (ਰਾਜਨੀਤੀ) ਵਾਲ਼ੀ ਰੱਖੀ ਸੀ ਤੇ ਪੀਰੀ (ਧਰਮ) ਵਾਲ਼ੀ ਛੱਡੀ ਸੀ?”। ਹੋਰ ਵੀ ਨਾਸਮਝੀ ਵਾਲੇ ਸਵਾਲ ਪੁੱਛਦੇ ਹਨ। ਉਹਨਾਂ ਕਦੇ ਇਹ ਕਿਰਪਾਨਾਂ ਸਮਝੀਆਂ ਹੀ ਨਹੀਂ ਹਨ। ਜਾਂ ਤਾਂ ਬੁੱਸ਼ ਘੱਟ ਹੈ ਜਾਂ ਬੁੱਧ ਵਿੱਚ ਖੋਟ ਹੈ ਕੇ ਗੁਰਬਾਣੀ, ਗੁਰ ਇਤਿਹਾਸ ਦੇ symbolic ਭਾਵ ਪ੍ਰਤੀਕਾਤਮ/ਸੰਕੇਤਕ ਸ਼ਬਦ ਸਮਝ ਨਹੀਂ ਲਗਦੇ ਜਾਂ ਇਹਨਾਂ ਦੀ ਦੁਰਵਰਤੋ ਕਰਕੇ ਲੋਕਾਂ ਦੇ ਮਨਾ ਵਿੱਚ doubt ਪੈਦਾ ਕਰਨ ਦੀ ਕੋਸ਼ਿਸ਼ ਹੈ। ਕਈ ਵਾਰ ਇੰਜ ਜਾਪਦਾ ਹੈ ਕੇ ਗੁਰੂ ਤੇ ਸਵਾਲ ਕਰਕੇ ਆਪ ਗੁਰੂ ਤੋਂ ਵੱਡੇ ਦਿਸਣਾ ਚਾਹੂੰਦੇ ਹਨ। ਕਈ ਵਾਰ ਇੰਜ ਵੀ ਜਾਪਦਾ ਹੈ ਕੇ ਧੀਰਮਲੀਏ, ਗੁਰੂ ਘਰ ਦੇ ਵੈਰੀ ਸਿੱਖੀ ਭੇਖ ਵਿੱਚ ਗੁਰੂ ਤੇ ਸਵਾਲ ਕਰ ਰਹੇ ਹਨ। ਇਸਦਾ ਜਵਾਬ ਤਾਂ ਗੁਰੂ ਹੀ ਜਾਣਦਾ ਹੈ। ਸਾਡਾ ਕੰਮ ਹੈ ਕੇ ਜੇ ਸਵਾਲ ਉੱਠੇ ਹਨ ਤਾਂ ਅਸਸੀਂ ਆਪਣੇ ਵੱਲੋਂ ਵਿਚਾਰ ਕਰੀਏ ਕੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਕੀ ਹਨ। ਜਿਹੜੇ ਸਵਾਲ ਪੁੱਛਦੇ ਹਨ ਅਸਲ ਵਿੱਚ ਉਹਨਾਂ ਟੀਵੀ ਤੇ ਫਿਲਮਾਂ ਵਿੱਚ ਹੀ ਜੰਗ ਜੁੱਧ ਵੇਖੇ ਹਨ। ਨਹੀਂ ਪਤਾ ਕੇ ਅਸਲ ਜਿੰਦਗੀ ਵਿੱਚ ਸੂਰਮੇ ਮੈਦਾਨੇ ਜੰਗ ਵਿੱਚ ਇੱਕ ਤੋਂ ਵੱਧ ਸ਼ਸਤਰ ਲੈਕੇ ਹੀ ਉਤਰਦੇ ਸੀ, ਤੀਰ ਕਮਾਨ, ਕਿਉਂਕੇ ਤਰਕਸ਼ ਵਿੱਚ ਸੀਮਿਤ ਤੀਰ ਹੀ ਹੁੰਦੇ ਸੀ। ਤੀਰ ਦੂਰ ਦੀ ਲੜਾਈ ਵਿੱਚ ਕਾਰਗਰ ਹਨ। ਭਾਲੇ, ਇੱਕ ਤੋਂ ਜਿਆਦਾ ਤਲਵਾਰਾਂ ਤੇ ਖੰਜਰ ਵੀ ਹੁੰਦੇ ਸੀ। ਵੱਖ ਵੱਖ ਕਿਸਮ ਦੇ ਹਥਿਆਰ ਉਹਨਾ ਦੀ ਕੁਸ਼ਲ ਵਰਤੋ ਲਈ ਹੁੰਦੇ ਸੀ। ਕੁਝ ਉਦਾਹਰਣ ਹਨ
- ਤਲਵਾਰ – ਮੁੜੀ ਧਾਰ; ਘੋੜਸਵਾਰਾਂ, ਤੇਜ਼ ਹਿਲਣ ਵਾਲੇ ਵਿਰੋਧੀਆਂ ਖ਼ਿਲਾਫ਼ ਲੰਮੇ ਸਲੈਸ਼।
- ਖੰਡਾ – ਦੋਧਾਰੀ; ਭਾਰੀ ਕਵਚ, ਢਾਲਧਾਰੀ, ਸਿੱਧੇ ਤਾਕਤ ਵਾਲੇ ਵਾਰ ਲਈ।
- ਤੇਗ਼ਾ – ਚੌੜੀ ਧਾਰ; ਭਾਰੀ ਕੱਟ, ਘੋੜੇ ਤੋਂ ਉਤਰਦੇ ਸਿਪਾਹੀਆਂ ਖ਼ਿਲਾਫ਼।
- ਫਿਰੰਗੀ – ਲੰਮੀ ਸਿੱਧੀ ਧਾਰ; ਘੋੜਸਵਾਰਾਂ ਅਤੇ ਲੰਮੀ ਦੂਰੀ ਦੇ ਘੁਸੇ ਵਾਲੇ ਵਾਰ ਲਈ।
- ਪਟਾ — ਬਾਂਹ ਨਾਲ ਜੁੜੀ ਤਲਵਾਰ; ਨੇੜੇ ਮੁਕਾਬਲੇ ਵਿੱਚ ਲਗਾਤਾਰ ਕੱਟ।
- ਉਰੁਮੀ – ਲਚਕੀਲੀ ਚਾਬਕ-ਤਲਵਾਰ; ਕਈ ਵਿਰੋਧੀਆਂ ਨੂੰ ਇਕੱਠੇ ਸਵਾਈਪ ਕਰਨ ਲਈ।
- ਕਟਾਰ – ਮੁੱਕੇ ਵਾਲਾ ਛੁਰਾ; ਕਵਚ ਦੇ ਜੋੜਾਂ ਵਿੱਚ ਘੁਸੇ ਵਾਲੇ ਵਾਰ।
- ਧੁਪ – ਲੰਮੀ ਸਿੱਧੀ ਤਲਵਾਰ; ਘੋੜਸਵਾਰਾਂ ਅਤੇ ਦੂਰੋਂ ਸਿੱਧੇ ਵਾਰ ਲਈ।
- ਕਰੋੜੀ – ਭਾਰੀ, ਮੋਟੀ ਧਾਰ; ਕਵਚ ਤੋੜਨ ਵਾਲੇ ਭਾਰੀ ਵਾਰ।
- ਕਿਰਪਾਨ – ਛੋਟੀ ਧਾਰ; ਨੇੜੇ ਰੱਖਿਆ, ਤੇਜ਼ ਕੱਟ।
ਮੀਰੀ ਦਾ ਅਰਥ ਹੁੰਦਾ ਹੈ ਸਰਦਾਰੀ, ਰਾਜਾ, ਆਗੂ, ਮੁਖੀ ਜਾਂ ਰਾਜਨੀਤਕ। ਇਹ ਸ਼ਬਦ ਫਾਰਸੀ ਤੋੰ ਆਇਆ ਹੈ। ਪੀਰੀ ਸ਼ਬਦ ਪੀਰ ਤੋਂ ਬਣਿਆ ਹੈ ਜਿਸ ਦਾ ਸ਼ਬਦੀ ਅਰਥ ਹੈ ਰੁਹਾਨੀਅਤ ਜਾਂ ਅਧਿਆਤਮ। ਪੀਰੀ ਦੀ ਕਿਰਪਾਨ ਤਾਂ ਹਰ ਜੁਗ ਜੁਗ ਭਗਤਾਂ ਦੇ ਕੋਲ ਰਹੀ ਹੈ। ਇਸ ਪੀਰੀ ਦੀ ਕਿਰਪਾਨ ਨੂੰ ਗਿਆਨ ਖੜਗ ਕਹਿਆ ਹੈ ਗੁਰਬਾਣੀ ਵਿੱਚ। ਇਸ ਗਿਆਨ ਖੜਗ ਨਾਲ ਭਗਤ ਜਨ ਆਪਣੇ ਅੰਦਰਲੇ ਵਿਕਾਰਾਂ ਨਾਲ ਲੜਦੇ ਰਹੇ ਹਨ ਤੇ ਜਿੱਤੇ ਵੀ ਹਨ। ਇਸ ਨਾਲ ਹੀ ਭਗਤ ਜਨ, ਗੁਰਮੁਖ (ਗੁਣਾਂ ਨੂੰ ਮੁੱਖ/ਅੱਗੇ ਰੱਖਣ ਵਾਲੇ), ਗੁਰਮੀਤ, ਗੁਰਸਿੱਖ ਮਨ ਨਾਲ ਲੂਝਦੇ ਰਹੇ ਹਨ।
ਗੁਰਬਾਣੀ ਤੋਂ ਪ੍ਰਮਾਣ ਪੀਰੀ ਦੀ ਕਿਰਪਾਨ ਭਾਵ ਗਿਆਨ ਖੜਗ ਕੀ ਹੈ
ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥੭॥ (ਪੰਨਾ 235, ਰਾਗੁ ਗਉੜੀ, ਗੁਰੂ ਰਾਮਦਾਸ ਜੀ) – ਇੱਥੇ ਗੁਰੂ ਰਾਮਦਾਸ ਜੀ ਪਾਤਿਸ਼ਾਹ ਮਹਾਰਾਜ ਗਿਆਨ ਖੜਗ ਦੀ ਗੱਲ ਕਰਦੇ ਹਨ ਜੋ ਗੁਣ ਰੂਪ ਵਿੱਚ ਮਿਲਦੀ ਹੈ, ਜਿਸ ਨਾਲ ਜਮ ਦਾ ਡਰ ਮੁੱਕ ਜਾਂਦਾ ਹੈ। ਹੁਕਮ ਦੀ ਸੋਝੀ ਹੋਣ ਤੇ ਪਤਾ ਲੱਗ ਜਾਂਦਾ ਹੈ ਕੇ ਜੀਵ ਕਦੇ ਨਹੀਂ ਮਰਦਾ। ਸਰੀਰ ਨਸ਼ਵਰ ਹੈ ਪਰ ਜੋਤ ਕਦੇ ਨਹੀਂ ਮਰਦੀ। ਸਮਝਣ ਲਈ ਵੇਖੋ “Death ਮਰਨਾ ਕੀ ਹੈ”। ਅੱਗੇ ਆਖਦੇ ਹਨ ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥ ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥ ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ ॥ ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥੨॥ (ਪੰਨਾ 312, ਰਾਗੁ ਗਉੜੀ, ਗੁਰੂ ਰਾਮਦਾਸ ਜੀ) – ਭਾਵ ਸੱਚੇ ਦੇ ਗੁਣਾਂ ਦੇ ਧਾਰਨੀ ਦਾ ਖੜਗ ਉਸਦਾ ਗਿਆਨ ਹੈ ਜੋ ਹਰਿ ਦੇ ਭਗਤ ਨੇ ਸੰਜੋਗਾਂ ਕਰਕੇ ਪ੍ਰਾਪਤ ਕੀਤਾ ਹੈ। ਸਤਿਗੁਰੂ ਦਾ ਰਖਣਹਾਰਾ ਹਰਿ ਆਪੇ ਹੈ ਤੇ ਉਬਾਰਨ ਵਾਲਾ ਵੀ ਹੈ। ਆਖਦੇ ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥ ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ ॥ ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥੨॥ (ਪੰਨਾ 574, ਰਾਗੁ ਵਡਹੰਸੁ, ਗੁਰੂ ਰਾਮਦਾਸ ਜੀ) – ਸਤਿ ਭਾਵ ਸੱਚ ਗੁਰਿ ਭਾਵ ਗੁਣਾਂ ਦੁਆਰਾ ਖੜਗ (ਗਿਆਨ ਖੜਗ ਭਾਵ ਪੀਰੀ ਦੀ ਕਿਰਪਾਨ) ਪ੍ਰਭ ਨੇ ਆਪ ਹੱਥ ਵਿੱਚ ਫੜਾਇਆ ਹੈ। ਇਹ ਹਰਿ ਦੀ ਹੀ ਕਿਰਪਾ ਸੀ ਜਿਸ ਦੁਆਰਾ ਹਉਮੇ ਦਾ ਪਾਪ ਬਿਦਾਰਿਆ ਗਿਆ ਹੈ।
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ (ਪੰਨਾ 966, ਰਾਗੁ ਰਾਮਕਲੀ, ਸਤਾ ਤੇ ਬਲਵੰਡਿ)
ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ॥ ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੁੋਈ ਗੁਰਿ ਗਿਆਨੁ ਖੜਗੁ ਲੈ ਮਾਰੇ॥੭॥ (ਪੰਨਾ 983, ਰਾਗੁ ਨਟ ਨਾਰਾਇਨ, ਗੁਰੂ ਰਾਮਦਾਸ ਜੀ) – ਗੁਰੂ ਰਾਮਦਾਸ ਜੀ ਮਹਾਰਾਜ ਆਖਦੇ ਮੇਰੇ ਠਾਕੁਰ ਦੇ ਦੀਬਾਨ ਵਿੱਚ ਭਾਵ ਹਜੂਰ ਵਿੱਚ ਜਦੋਂ ਖਬਰ ਪਹੁੰਚੀ ਤਾਂ ਗਿਆਨ ਖੜਗ ਦੁਆਰਾ ਹੀ ਲੋਭ ਲਹਿਰ ਰੂਪੀ ਸੁਆਨ ਜਿਹੜੇ ਬੇਕਾਬੂ ਸੀ ਉਹ ਮਾਰੇ ਗਏ।
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥੩॥ (ਪੰਨਾ 1022, ਰਾਗੁ ਮਾਰੂ, ਗੁਰੂ ਨਾਨਕ ਦੇਵ ਜੀ) – ਗੁਰੂ ਨਾਨਕ ਦੇਵ ਪਾਤਿਸ਼ਾਹ ਮਹਾਰਾਜ ਆਖਦੇ ਕੇ ਕਾਮ ਕ੍ਰੋਧ ਅਹੰਕਾਰ ਇਹ ਪੰਚਾਂ ਦੇ ਲਸ਼ਕਰ ਜਿਹੜੇ ਮਨ ਵਿੱਚ ਉਮੜਦੇ ਹਨ ਇਹ ਸ਼ਬਦ ਦੁਆਰਾ ਸੰਘਾਰੇ ਜਾਣੇ। ਹੁਣ ਮਨ ਵਿੱਚ ਗਿਆਨ ਦੀ ਖੜਗ ਲੈ ਕੇ ਮਨ ਨਾਲ ਲੂਝਣ ਦੀ ਮਨਸਾ ਹੈ।
ਹਰਿ ਕਾ ਨਾਮੁ ਕੋਟਿ ਲਖ ਬਾਹਾ॥ ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ॥ ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ॥੯॥ (ਪੰਨਾ 1072, ਰਾਗੁ ਮਾਰੂ, ਗੁਰੂ ਅਰਜਨ ਦੇਵ ਜੀ) – ਗੁਰੂ ਅਰਜਨ ਦੇਵ ਸਾਹਿਬ ਪਾਤਿਸ਼ਾਹ ਜੀ ਮਹਾਰਾਜ ਦਾਵਾ ਕਰਦੇ ਹਨ ਕੇ ਹਰਿ ਦਾ ਨਾਮ (ਸੋਝੀ) ਕਰੋੜਾਂ ਲੱਖਾਂ ਬਾਹਾਂ ਵਾਂਗ ਹੈ। ਹਰਿ ਜਸ ਹੀ ਕੀਰਤੀ ਹੀ ਧਨ ਹੈ। ਗਿਆਨ ਖੜਗ ਜਿਹੜੀ ਕਿਰਪਾ ਨਾਲ ਮਿਲੀ ਹੈ ਜਿਸਨੇ ਪੰਚ ਦੂਤ ਮਾਰ ਦਿੱਤੇ ਹਨ।
ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥ ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥ ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥ ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ ॥ ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥ (ਪੰਨਾ 1087, ਰਾਗੁ ਮਾਰੂ, ਗੁਰੂ ਅਮਰਦਾਸ ਜੀ) – ਇਹਨਾਂ ਪੰਕਤੀਆਂ ਵਿੱਚ ਵੀ ਗੁਰੂ ਅਮਰਦਾਸ ਪਾਤਿਸ਼ਾਹ ਗਿਆਨ ਖੜਗ ਦੀ ਗੱਲ ਕਰਦੇ ਹਨ। ਪੀਰੀ ਦੀ ਕਿਰਪਾਨ ਦੀ ਗੱਲ ਕਰਦੇ ਹਨ ਜਿਸ ਦੇ ਵਾਰ ਨਾਲ ਭਰਮ ਦਾ ਗੜ੍ਹ, ਮਿਹ, ਲੋਭ ਅਹੰਕਾਰ ਕੱਟਿਆ ਜਾਦਾ ਹੈ। ਗੁਰਬਾਣੀ ਅਲੰਕਾਰ ਦੀ ਭਾਸ਼ਾ ਹੈ। ਅਗਿਆਨੀਆਂ ਨੂੰ ਕਾਵ ਰਚਨਾਵਾ ਦੇ ਭਾਵ ਸਮਝ ਨਹੀਂ ਆਉਂਦੇ। ਪਾਤਿਸ਼ਾਹ ਇਹਨਾਂ ਪੰਕਤੀਆਂ ਵਿੱਚ ਸਮਝਾਉੰਦੇ ਹਨ ਕੇ ਇਹ ਗਿਆਨ ਖੜਗ ਹਰਿ ਦਾ ਨਾਮ ਹੈ ਜੋ ਸਬਦ ਵਿਚਾਰ ਦੁਆਰਾ ਮਨ ਅੰਦਰ ਵੱਸਦਾ ਹੈ। ਹਰਿ ਕੌਣ ਸਮਝਣ ਲਈ ਵੇਖੋ “ਹਰਿ”। ਪਾਤਿਸ਼ਾਹ ਇਹ ਵੀ ਆਖਦੇ ਹਨ ਕੇ ਹਰਿ ਰਸ ਜਿਹਨਾਂ ਨੇ ਚਖਿਆ ਹੈ ਉਹੀ ਉਬਰੇ ਹਨ ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥ ਗੁਰਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥ ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥ (ਪੰਨਾ 1087, ਰਾਗੁ ਮਾਰੂ, ਗੁਰੂ ਅਮਰਦਾਸ ਜੀ) ਪਾਤਿਸ਼ਾਹ ਆਖਦੇ ਅਹੰਕਾਰ ਵੀ ਵੱਡਾ ਖੜਗ ਲੈਕੇ ਹੀ ਧਾਵਾ ਬੋਲਦਾ ਹੈ ਪਰ ਜਿਸ ਹਰਿ ਨੇ ਪ੍ਰਹਲਾਦ ਨੂੰ ਉਬਾਰਿਆ ਉਸ ਮੁਹਰੇ ਅਹੰਕਾਰ ਦੀ ਖੜਗ ਕੰਮ ਨਹੀਂ ਕਰਦੀ ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥ ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮੑ ਉਪਾੜਿ ॥ ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥ (ਪੰਨਾ 1133, ਰਾਗੁ ਭੈਰਉ, ਗੁਰੂ ਅਮਰਦਾਸ ਜੀ)
ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥ ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥੪॥ (ਪੰਨਾ 1165, ਰਾਗੁ ਭੈਰਉ, ਭਗਤ ਨਾਮਦੇਵ ਜੀ) – ਇਹ ਪੰਕਤੀਆਂ ਪ੍ਰਮਾਣ ਹਨ ਕੇ ਗਿਆਨ ਖੜਗ ਭਾਵ ਪੀਰੀ ਦੀ ਕਿਰਪਾਨ ਭਗਤਾਂ ਨੇ ਵੀ ਫੜੀ ਸੀ। ਇਸੀ ਖੜਗ ਦੀ ਗੱਲ ਭਗਤ ਕਬੀਰ ਜੀ ਨੇ ਵੀ ਕੀਤੀ ਹੈ ਕਾਢਿ ਖੜਗੁ ਕੋਪਿਓ ਰਿਸਾਇ ॥ ਤੁਝ ਰਾਖਨਹਾਰੋ ਮੋਹਿ ਬਤਾਇ ॥ ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥ ਹਰਨਾਖਸੁ ਛੇਦਿਓ ਨਖ ਬਿਦਾਰ ॥੪॥ (ਪੰਨਾ 1194, ਰਾਗੁ ਬਸੰਤੁ, ਭਗਤ ਕਬੀਰ ਜੀ)
ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ॥ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ॥੨॥ ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ॥ ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ॥ (ਪੰਨਾ 1324, ਰਾਗੁ ਕਲਿਆਨ, ਗੁਰੂ ਰਾਮਦਾਸ ਜੀ) – ਗੁਰੂ ਸਾਹਿਬਾਨਾਂ ਨੇ ਗੁਰਬਾਣੀ ਰਾਹੀਂ ਇਹੀ ਪੀਰੀ ਦੀ ਕਿਰਪਾਨ ਅੱਗੇ ਸਿੱਖਾਂ ਨੂੰ ਵੀ ਬਖਸ਼ੀ ਹੈ ਤੇ ਆਦੇਸ਼ ਦਿੱਤਾ ਹੈ ਕੇ ਇਸ ਨਾਲ ਮਾਇਆ ਮੋਹ ਦੇ ਬੰਧਨ ਸਿਖ ਆਪ ਵੀ ਕੱਟੇ। ਆਖਦੇ ਗੁਰਮਤਿ ਦੁਆਰਾ ਗੁਰਮਤਿ ਦੁਆਰਾ ਜਾਗਿਆ ਹੋਇਆ ਹੀ ਪੰਚ ਦੂਤ ਸੰਘਾਰ ਸਕਦਾ ਹੈ ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਇ ॥ ਨਾਮ ਰਤਨੁ ਪਰਗਾਸਿਆ ਮਨੁ ਤਨੁ ਨਿਰਮਲੁ ਹੋਇ ॥ ਨਾਮਹੀਨ ਨਕਟੇ ਫਿਰਹਿ ਬਿਨੁ ਨਾਵੈ ਬਹਿ ਰੋਇ ॥ ਨਾਨਕ ਜੋ ਧੁਰਿ ਕਰਤੈ ਲਿਖਿਆ ਸੁ ਮੇਟਿ ਨ ਸਕੈ ਕੋਇ ॥੧੪॥ (ਪੰਨਾ 1414, ਸਲੋਕੁ ਵਾਰਾ ਤੇ ਵਧੀਕ, ਗੁਰੂ ਅਮਰਦਾਸ ਜੀ)
ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸਟ ਨਿਕੰਦਣਿ ਆਦਿ ਬ੍ਰਿਤੇ॥ ਚਛਰਾਸੁਰ ਮਾਰਣਿ ਪਤਿਤ ਉਧਾਰਣਿ ਨਰਕ ਨਿਵਾਰਣਿ ਗੂੜ੍ਹ ਗਤੇ॥ ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਰੰਮ ਕਪਰਦਨ ਛਤ੍ਰ ਛਿਤੇ॥ (ਪੰਨਾ 35, ਅਕਾਲ ਉਸਤਤ, ਗੁਰੂ ਗੋਬਿੰਦ ਸਿੰਘ ਜੀ) – ਅਕਾਲ ਦੀ ਉਸਤਤਿ ਲਿਖਦੇ ਹੋੲੈ ਆਦਿ ਬ੍ਰਿਤੇ ਭਾਵ ਆਦਿ ਕਾਲ ਤੋਂ ਵਲ ਰਹੀ ਭਗਤੀ ਦੀ ਬਿਰਤੀ ਨੂੰ ਹੀ ਗਿਆਨ ਖੜਗ ਦੱਸਿਆ ਹੈ। ਇਸੇ ਗਿਆਨ ਖੜਗ ਭਾਵ ਪੀਰੀ ਦੀ ਕਿਰਪਾਨ ਦੇ ਆਸਰਾ ਮੰਗਦੇ ਹੋਏ ਗ੍ਰੰਥ ਸੰਪੂਰਨ ਕਰ ਰਹੇ ਹਨ ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ ॥ ਪੂਰਨ ਕਰੋਂ ਗਿਰੰਥ ਇਹੁ ਤੁਮ ਮੁਹਿ ਕਰਹੁ ਸਹਾਇ ॥੧॥ (ਪੰਨਾ 39, ਬਚਿਤ੍ਰ ਨਾਟਕ, ਗੁਰੂ ਗੋਬਿੰਦ ਸਿੰਘ ਜੀ) ਤੇ ਗਿਆਨ ਖੜਗ ਦੀ ਫੇਰ ਗੱਲ ਕਰਦੇ ਹਨ ਕੇ ਜੋ ਸਦਾ ਏਕ ਜੋਤ ਹੈ ਤੇ ਅਜੋਨੀ ਹੈ ਉਹੀ ਮਹਾ ਦੇਵ ਹੈ ਤੇ ਭੂਪ ਦਾ ਰਾਜਾ ਹੈ ਉਸਨੂੰ ਨਮਨ ਹੈ ਤੇ ਉਹੀ ਗਿਆਨ ਖੜਗ ਦਾ ਧਾਰਨੀ ਹੈ ਸਦਾ ਏਕ ਜੋਤ੍ਯੰ ਅਜੂਨੀ ਸਰੂਪੰ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ॥ ਨਿਰੰਕਾਰ ਨਿਤ੍ਯੰ ਨਿਰੂਪੰ ਨ੍ਰਿਬਾਣੰ॥ ਕਲੰ ਕਾਰਣੇਯੰ ਨਮੋ ਖੜਗ ਪਾਣੰ॥੩॥ (ਪੰਨਾ 39, ਬਚਿਤ੍ਰ ਨਾਟਕ, ਗੁਰੂ ਗੋਬਿੰਦ ਸਿੰਘ ਜੀ) ਆਗੇ ਨਮਸਕਾਰ ਕਰਦੇ ਹਨ ਨਮੋ ਦੇਵ ਦੇਵੰ ਨਮੋ ਖੜਗਧਾਰੰ ॥ ਸਦਾ ਏਕ ਰੂਪੰ ਸਦਾ ਨਿਰਬਿਕਾਰੰ ॥ ਨਮੋ ਰਾਜਸੰ ਸਾਤਕੰ ਤਾਮਸੇਅੰ ॥ ਨਮੋ ਨਿਰਬਿਕਾਰੰ ਨਮੋ ਨਿਰਜੁਰੇਅੰ ॥੮੫॥ (ਪੰਨਾ 45, ਬਚਿਤ੍ਰ ਨਾਟਕ, ਗੁਰੂ ਗੋਬਿੰਦ ਸਿੰਘ ਜੀ)
ਚੰਡਿਕਾ ਲੈ ਬਾਨ ਅਉ ਕਮਾਨ ਕਾਲੀ ਕਿਰਪਾਨ ਛਿਨ ਮਧਿ ਕੈ ਕੈ ਬਲ ਸੁੰਭ ਕੀ ਹਨੀ ਅਨੀ ॥ ਡਰਤ ਜਿ ਖੇਤ ਮਹਾ ਪ੍ਰੇਤ ਕੀਨੇ ਬਾਨਨ ਸੋ ਬਿਚਲ ਬਿਥਰ ਐਸੇ ਭਾਜਗੀ ਅਨੀ ਕਿਨੀ ॥ ਜੈਸੇ ਬਾਰੂਥਲ ਮੈ ਸਬੂਹ ਬਹੇ ਪਉਨ ਹੂੰ ਕੇ ਧੂਰ ਉਡਿ ਚਲੇ ਹੁਇ ਕੇ ਕੋਟਿਕ ਕਨੀ ਕਨੀ ॥੧੮੧॥ (ਪੰਨਾ 95, ਚੰਡੀ ਚਰਿਤ੍ਰ ਉਕਤਿ ਬਿਲਾਸ, ਗੁਰੂ ਗੋਬਿੰਦ ਸਿੰਘ ਜੀ) – ਚੰਡੀ ਹੋਈ ਬੁੱਧ ਨੂੰ ਹੀ ਚੰਡਿਕਾ ਆਖਦੇ ਹਨ ਜਿਸਨੇ ਮਨ ਨੂੰ ਚੰਡ ਕੇ ਰੱਖਣਾ ਹੈ। ਉਸ ਬੁੱਧ ਨੂੰ ਖੜਗ ਸ਼ਾਰਣੀ ਦੱਸ ਰਹੇ ਹਨ ਗੁਣ ਸਮਝਾ ਰਹੇ ਹਨ ਉਸਦੇ ਨਮੋ ਚਾਪਣੀ ਚਰਮਣੀ ਖੜਗ ਪਾਣੰ ॥ ਗਦਾ ਪਾਣਿਣੀ ਚਕ੍ਰਣੀ ਚਿਤ੍ਰ ਮਾਣੰ ॥ ਨਮੋ ਸੂਲਣੀ ਸਹਥੀ ਪਾਣਿ ਮਾਤਾ ॥ ਨਮੋ ਗਿਆਨ ਬਿਗਿਆਨ ਕੀ ਗਿਆਨ ਗਿਆਤਾ ॥੧੨॥੨੩੧॥ (ਪੰਨਾ 117, ਚੰਡੀ ਚਰਿਤ੍ਰ, ਗੁਰੂ ਗੋਬਿੰਦ ਸਿੰਘ ਜੀ), ਨਮੋ ਸਕਤਣੀ ਸੂਲਣੀ ਖੜਗ ਪਾਣੀ ॥ ਨਮੋ ਤਾਰਣੀ ਕਾਰਣੀਅੰ ਕ੍ਰਿਪਾਣੀ ॥੧੯॥੨੩੮॥ (ਪੰਨਾ 118, ਚੰਡੀ ਚਰਿਤ੍ਰ, ਗੁਰੂ ਗੋਬਿੰਦ ਸਿੰਘ ਜੀ), ਨਮੋ ਕਾਲਿਕਾ ਖੜਗ ਪਾਣੀ ਕ੍ਰਿਪਾਣੀ ॥੨੪॥੨੪੩॥ (ਪੰਨਾ 118, ਚੰਡੀ ਚਰਿਤ੍ਰ, ਗੁਰੂ ਗੋਬਿੰਦ ਸਿੰਘ ਜੀ)
ਦੁਰਗਾ ਸਭ ਸੰਘਾਰੇ ਰਾਕਸਿ ਖੜਗ ਲੈ ॥੧੫॥ (ਪੰਨਾ 122, ਵਾਰ ਸ੍ਰੀ ਭਗਉਤੀ ਜੀ ਕੀ, ਗੁਰੂ ਗੋਬਿੰਦ ਸਿੰਘ ਜੀ) – ਉੱਤਮ ਭਗਤੀ ਦੀ ਮਤਿ ਹੈ ਭਗਉਤੀ ਜਿਸਨੇ ਮਨ ਵਿਛ ਉਠ ਰਹੇ ਵਿਕਾਰ ਰੂਪੀ ਰਾਕਸ ਮਾਰਨੇ ਹਨ। ਮਨ ਦੁਰਗ ਹੈ ਜੋ ਆਪਣੀ ਅਗਿਆਨਤਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਤੇ ਗੁਰਮਤਿ ਦੁਰਗਾ ਹੈ ਜੋ ਆਪਣੀ ਗਿਆਨ ਖੜਗ ਨਾਲ ਇਸ ਦੁਰਗ ਤੇ ਕਾਬੂ ਕਰਦੀ ਹੈ। ਕਹੂੰ ਖੜਗ ਬਿਦਿਆ ਜੁਝੈ ਮਾਨ ਪਾਵੈ ॥ ਕਹੂੰ ਬਾਕ ਬਿਦਿਆਹਿ ਛੋਰੰ ਪ੍ਰਬਾਨੰ ॥ ਕਹੂੰ ਜਲਤੁਰੰ ਬਾਕ ਬਿਦਿਆ ਬਖਾਨੰ ॥੯॥੨੮੦॥ (ਪੰਨਾ 151, ਗਿਆਨ ਪ੍ਰਬੋਧ, ਗੁਰੂ ਗੋਬਿੰਦ ਸਿੰਘ ਜੀ)
ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥ ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰਿ ॥ ਰਛ ਕਰੋ ਹਮਰੀ ਸਦਾ ਕਵਚਾਤਕਿ ਕਰਵਾਰਿ ॥੧੦॥ ਸੀਸ ਸਤ੍ਰੁ ਅਰਿ ਅਰਿਯਾਰਿ ਅਸਿ ਖੰਡੋ ਖੜਗ ਕ੍ਰਿਪਾਨ ॥ ਸਤ੍ਰੁ ਸੁਰੇਸਰ ਤੁਮ ਕੀਯੋ ਭਗਤ ਆਪੁਨੋ ਜਾਨਿ ॥੨੩॥ ਖਤ੍ਰਿਯਾਕੈ ਖੇਲਕ ਖੜਗ ਖਗ ਖੰਡੋ ਖਤ੍ਰਿਆਰਿ ॥ ਖੇਲਾਤਕ ਖਲਕੇਮਰੀ ਅਸਿ ਕੇ ਨਾਮ ਬਿਚਾਰ ॥੩੫॥ ਸਭੈ ਨਾਮ ਸ੍ਰੀ ਖੜਗ ਕੇ ਲੀਜੋ ਹ੍ਰਿਦੈ ਬਿਚਾਰਿ ॥੪੦॥ ਖੋਲ ਖੜਗ ਖਤ੍ਰਿਅੰਤ ਕਰਿ ਕੈ ਹਰਿ ਪਦੁ ਕਹੁ ਅੰਤਿ ॥ ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਨੰਤ ॥੨੩੩॥ ਆਦਿ ਖੜਗਨੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ ॥ ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੯੬॥ (ਪੰਨਾ 740, ਸ਼ਸਤ੍ਰ ਨਾਮ ਮਾਲਾ, ਗੁਰੂ ਗੋਬਿੰਦ ਸਿੰਘ ਜੀ)
ਹੁਕਮ ਦੀ ਸੋਝੀ ਲੈਣਾ, ਪ੍ਰੇਮ ਪਦਾਰੳਤ ਹੀ ਮਾਰਗ ਖੰਡੇ ਧਾਰ ਹੈ।
ਮੀਰੀ ਦੀ ਭਾਵ ਰਾਜਨੀਤੀ ਦੀ ਕਿਰਪਾਨ
ਮੀਰੀ ਦੀ ਤਲਵਾਰ ਕਦੇ ਵੀ ਧਰਤੀ ਦੇ ਰਾਜ ਲਈ ਨਹੀਂ ਸੀ। ਗੁਰਬਾਣੀ ਦਾ ਫੁਰਮਾਨ ਰਾਜ ਬਾਰੇ ਕੀ ਹੈ ਸਮਝਣ ਲਈ ਵੇਖੋ “ਅਭਿਨਾਸੀ ਰਾਜ ਤੇ ਦੁਨਿਆਵੀ ਰਾਜ”। ਮੀਰਿ ਦੀ ਕਿਰਪਾਨ ਦੂਜੇ ਤੇ ਤਸ਼ੱਦਦ ਕਰਨ ਲਈ ਵੀ ਨਹੀਂ ਹੈ। ਫੇਰ ਜਦੋਂ ਭਗਤਾਂ ਦੇ ਕੋਲ ਗੁਰੂਆਂ ਦੇ ਕੋਲ ਪਹਿਲਾਂ ਹੀ ਗਿਆਨ ਖੜਗ ਸੀ ਭਾਵ ਪੀਰੀ ਦੀ ਖੜਗ ਹਰ ਜੁਗ ਜੁਗ ਸੀ ਫੇਰ ਮੀਰੀ ਦੀ ਕਿਰਪਾਨ, ਸਰਬਲੋਹ ਦੀ ਕਿਰਪਾਨ ਕਿਉਂ ਫੜਨੀ ਪਈ? ਅਸਲ ਵਿੱਚ ਇਸ ਪਿੱਛੇ ਬਹੁਤ ਗਹਿਰੀ ਗੱਲ ਹੈ। ਨਾਨਕ ਪਾਤਿਸ਼ਾਹ ਜਦੋਂ ਪੂਰੇ ਸੰਸਾਰ ਵਿੱਚ ਉਦਾਸੀਆਂ ਤੇ ਜਾਂਦੇ ਸੀ ਇਹ ਮੰਨਿਆ ਜਾਂਦਾ ਹੈ ਕੇ ਸਰਬਲੋਹ ਦੀ ਕਿਰਪਾਨ ਅਤੇ ਕਟਾਰ ਉਹਨਾਂ ਕੋਲ ਵੀ ਹੁੰਦੀ ਸੀ। ਪ੍ਰਹਿਲਾਦ ਜੀ ਤੇ ਹਮਲੇ ਹੋਏ, ਭਗਤ ਕਬੀਰ ਜੀ ਦਾ ਸਿਰ ਹਾਥੀ ਦੇ ਪੈਰ ਥੱਲੇ ਸੀ ਉਹ ਨਹੀਂ ਡੋਲੇ, ਪੰਚਮ ਪਾਤਿਸ਼ਾਹ ਤੱਤੀ ਤਵੀ ਤੇ ਬੈਠੇ ਨਹੀਂ ਡੋਲੇ। ਇਹ ਸਪਸ਼ਟ ਹੋ ਗਿਆ ਸੀ ਕੇ ਭਗਤਾਂ ਤੇ ਵਾਰ ਨਹੀਂ ਰੁਕਣੇ। ਇਤਿਹਾਸ ਗਵਾਹੀ ਭਰਦਾ ਹੈ ਕੇ ਪੁਸ਼ਾਮਿਤਰਾ ਸ਼ੁੰਗ ਵਰਗੇ, ਤੇ ਹੋਰ ਪਤਾ ਨਹੀਂ ਕਿਤਨੇ ਹੀ ਹੁਕਮ ਦੇ ਦਰਸ਼ਨ ਦੇ ਵਿਰੋਧੀ ਭਗਤਾਂ ਤੇ ਹਮਲੇ ਕਰਦੇ ਰਹਿਣਗੇ। ਆਮ ਮਨੁੱਖ ਤੇ ਤਸ਼ੱਦਦ ਚਲਦੀ ਹੀ ਰਹਿਣੀ। ਗੁਰੂ ਹਰਿਗੋਬਿੰਦ ਪਾਤਿਸ਼ਾਹ ਨੇ ਪੀਰੀ ਦੀ ਕਿਰਪਾਨ ਚੱਕੀ ਤੇ ਪਹਿਲੀ ਵਾਰ ਇਹ ਐਲਾਨ ਕੀਤਾ ਕੀ ਹੁਕਮ ਦੇ ਦਰਸ਼ਨ ਦੇ ਪਾਤਿ ਤੇ ਚੱਲਣ ਲਈ ਗਿਆਨ ਖੜਗ ਹੈ ਉੱਥੇ ਹੀ ਇਸ ਦਰਸ਼ਨ ਦੀ ਰਾਖੀ ਲਈ ਕਾਲ ਦਾ ਸਿਪਾਹੀ ਵੀ ਹੋਣਾ ਪੈਣਾ। ਇਹ ਮਾਰਗ ਗਿਆਨ ਦੇ ਖੰਡੇ ਦੀ ਥਾਰ ਵੀ ਹੈ ਤੇ ਮਨੁੱਖ ਦੇ ਸੱਚ ਦੇ ਸਫਰ ਤੇ ਸ਼ਸਤਰਾਂ ਵੀ ਜ਼ਰੂਰੀ ਹੈ। ਜਿੱਥੇ ਪੀਰੀ ਦੀ ਕਿਰਪਾਨ ਭਾਵ ਗਿਆਨ ਖੜਗ ਅੰਦਰੂਨੀ ਸੰਘਰਸ਼ ਦਾ ਪ੍ਰਤੀਕ ਹੈ ਬਾਹਰੀ ਸਰਬਲੋਹ ਦੀ ਖੜਗ ਪ੍ਰਤੀਕ ਹੈ ਖੁਦਮੁਖਤਿਆਰੀ ਦੀ। ਗੁਣਾਂ ਨੂੰ ਸਿੱਖਣ ਵਾਲੇ, ਹੁਕਮ ਦੇ ਦਰਸ਼ਨ ਨੂੰ ਮੰਨਣ ਵਾਲੇ ਪਹਿਲੀ ਵਾਰ ਹਥਿਆਰਬੰਦ ਕੀਤੇ। ਹਮਲੇ ਫੇਰ ਵੀ ਨਾ ਰੁਕੇ, ਨੌਵੇਂ ਪਾਤਿਸ਼ਾਹ ਤੇਗ ਦੇ ਬਹਾਦਰ ਸੀ, ਆਪਣੇ ਪਿਤਾਂ ਨਾਲ ਜੰਗਾਂ ਵਿੱਚ ਸ਼ਾਮਿਲ ਹੋ ਕੇ ਤੇਗ ਦਾ ਬਹਾਦਰ ਹੋਣ ਦਾ ਸਬੂਤ ਪੇਸ਼ ਕੀਤਾ, ਜਦੋਂ ਗੁਰਮਤਿ ਸਿਧਾਂਤ ਤੇ ਖੜੇ ਹੋਣ ਦੀ ਗੱਲ ਹੋਈ ਉਹਨਾਂ ਬੇਖੌਫ਼ ਸਿਰ ਭੇਂਟ ਕੀਤਾ ਹੁਕਮ ਦੇ ਦਰਸ਼ਨ ਲਈ। ਇਹ ਕਿਰਿਆ ਕਿਸੇ ਹੋਰ ਯੋਧੇ ਨੇ ਨਹੀਂ ਕੀਤੀ। ਤੇਗ ਦੇ ਬਹਾਦਰ ਸੀ ਪਰ ਸੱਚ ਦੀ ਰਾਹ ਤੇ ਬਿਨਾਂ ਲੜੇ ਬੇਖੌਫ ਸਿਰ ਦੇ ਦੇਣਾ ਆਗਾਜ਼ ਹੈ ਕੇ ਸਿਰ ਜਾਵੇ ਤਾਂ ਜਾਵੇ ਸਿੱਖੀ ਸਿਦਕ ਤੇ ਅਕਾਲ ਦੇ ਹੁਕਮ ਤੇ ਭਰੋਸਾ ਕਦੇ ਨਹੀਂ ਜਾਣਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਵਖਰਾ ਰੂਪ ਦਿੱਤਾ। ਸੰਗਠਿਤ ਕੀਤਾ। ਰਾਜਿਆਂ ਦਾ ਰੂਪ ਦਿੱਤਾ। ਜਿਹਨਾਂ ਕਦੇ ਕਰਦ ਨਹੀਂ ਸੀ ਫੜੀ, ਖੇਤੀ ਬਾੜੀ ਕਰਨ ਵਾਲੇ, ਮਿੱਟੀ ਦੇ ਭਾਂਡੇ ਬਣਾਉਣ ਵਾਲੇ, ਲੋਹੇ ਤੇ ਲੱਕੜ ਦਾ ਕਾਰੀਗਰੀ ਕਰਨ ਵਾਲਾ ਆਮ ਮਨੁੱਖ ਸੂਰਮਾ ਬਣਾ ਦਿੱਤਾ। ਸ਼ੇਰ ਵਰਗਾ ਨਿਡਰ ਬਣਾ ਦਿੱਤਾ। ਸਿਰ ਤੇ ਰਾਜਿਆਂ ਵਾਲੀ ਦਸਤਾਰ ਤੇ ਚਿਹਰੇ ਤੇ ਸੇਰਾਂ ਵਾਂਗ ਲੱਮੇ ਦਾੜੇ ਤੇ ਕੇਸਾਂ ਦੇ ਰੂਪ ਵਿੱਚ ਰੱਬੀ ਨੂਰ ਬਖਸ਼ਿਆ। ਹਰੇਕ ਸਿੱਖ ਨੂੰ ਮੀਰੀ (ਰਾਜ ਜੋਗ) ਤੇ ਪੀਰੀ (ਅਧਿਆਤਮਕ) ਗਿਆਨ ਦੇ ਕੇ ਮੀਰੀ ਪੀਰੀ ਦੋਹਾਂ ਦਾ ਮਾਲਕ ਬਣਾਇਆ। ਗੁਰੂ ਗ੍ਰੰਥ ਸਾਹਿਬ ਜੀ ਬਖਸ਼ ਕੇ ਪੀਰੀ ਬਖਸ਼ੀ, ਖੰਡੇ ਦੀ ਪਹੁਲ ਦੇ ਕੇ ਸੰਸਾਰੀ ਰਾਜਾ ਬਣਾ ਦਿੱਤਾ। ਪਾਤਿਸ਼ਾਹੀ ਦਾ ਦਾਵੇਦਾਰ ਬਣਾਇਆ। ਪਾਤਿਸ਼ਾਹੀ ਕੀ ਹੁੰਦੀ ਹੈ ਸਮਝਣ ਲਈ ਵੇਖੋ “ਹੁਕਮ, ਮਹਲ, ਬਾਦਸ਼ਾਹ ਅਤੇ ਪਾਤਿਸ਼ਾਹ“। ਆਮ ਮਨੁੱਖ ਤੋਂ ਖੁਦਮੁਖਤਿਆਰ ਬਣਾ ਦਿੱਤਾ। ਜਿਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਉਹ ਨਾਦਾਨ ਹਨ।
ਬੇਨਤੀ ਹੈ ਕੇ ਇਹ ਲੇਖ ਵੀ ਪੜ੍ਹੋ “ਹੁਕਮ, ਮਹਲ, ਬਾਦਸ਼ਾਹ ਅਤੇ ਪਾਤਿਸ਼ਾਹ”, “ਖਾਲਸਾ (Khalsa), ਖਾਲਸਾ ਫੌਜ ਤੇ ਖਾਲਸਾ ਸਾਜਨਾ”।
ਸਵਾਲ ਪੁੱਛਣਾ ਚੰਗੀ ਗੱਲ ਹੁੰਦੀ ਹੈ ਪਰ ਜਦੋਂ ਸਵਾਲ ਕਰਨ ਵਾਲੇ ਦੀ ਨੀਅਤ ਖ਼ਰਾਬ ਹੋਵੇ ਤਾਂ ਉਹ ਹਮਲਾ ਬਣ ਜਾਂਦਾ ਹੈ। ਆਪਣੇ ਹੀ ਗੁਰੂ ਤੇ ਸਵਾਲ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਗੁਰਬਾਣੀ ਨੂੰ ਪੜ੍ਹੋ ਸਮਝੋ, ਵਿਚਾਰੋ, ਆਪਣੀ ਬੁੱਧ ਵਿੱਚ ਧਾਰਨ ਕਰੋ। ਸਾਡਾ ਇਤਿਹਾਸ ਬਹੁਤ ਸਾਰੀਆਂ ਸ਼ਹੀਦੀਆਂ ਨਾਲ ਭਰਿਆ ਹੈ। ਸਾਡੇ ਬਜ਼ੁਰਗਾਂ ਨੇ ਗੁਰੂ ਦੀ ਦੱਸੀ ਸਿੱਖੀ ਲਈ ਸਿਰ ਵਾਰੇ ਨੇ। ਗੁਰੂ ਨੇ ਸਿੱਖਾਂ ਲਈ ਸਰਬੰਸ ਵਾਰਿਆ। ਆਪਣੀ ਨਹੀਂ ਤਾਂ ਆਪਣੇ ਪੁਰਖਿਆਂ ਦਾ ਮਾਣ ਹੀ ਰੱਖ ਲਵੋ। ਤੇ ਜਿੱਤੇ ਤਕ ਸਵਾਲ ਹੈ ਕੇ ਕਿਹੜੀ ਛੱਡੀ ਗੁਰੂ ਨੇ ਤੇ ਕਿਹੜੀ, ਇਸ ਲਈ ਬਾਣੀ ਪੜ੍ਹ ਕੇ ਵਿਚਾਰ ਕਰ ਲਵੋ ਪਤਾ ਲੱਗ ਜਾਣਾ ਕਿ ਗੁਰੂ ਸਾਹਿਬ ਨੇ ਨਾ ਮੀਰੀ ਦੀ ਕਿਰਪਾਨ ਛੱਡੀ ਨਾ ਪੀਰੀ ਦੀ ਸਗੋੰ ਰਹਿੰਦੀ ਦੁਨੀਆਂ ਤਕ ਦੋਵੇਂ ਕਿਵੇਂ ਗ੍ਰਹਿਣ ਕਰਨੀਆਂ ਹਨ ਇਹ ਸਮਝਾਇਆ ਹੈ।
