ਗੁਰਬਾਣੀ ਅਤੇ ਅਵਤਾਰ
ਇਸ ਲੇਖ ਵਿੱਚ ਅਸੀਂ ਆਦਿ ਬਾਣੀ ਅਤੇ ਦਸਮ ਬਾਣੀ ਵਿੱਚ ਦੱਸੇ ਅਵਤਾਰਾਂ ਦੀ ਗੱਲ ਕਰਾਂਗੇ। ਅਵਤਾਰ ਦਾ ਸ਼ਬਦੀ ਅਰਥ ਹੁੰਦਾ ਹੈ ਆਉਣਾ, ਪ੍ਰਗਟ ਹੋਣਾ ਜਾਂ ਆਗਮਨ। ਕੁੱਝ ਮੱਤਾਂ ਇਹ ਮੰਨਦੀਆਂ ਹਨ ਕੇ ਜਦੋਂ ਸ੍ਰਿਸਟੀ ਵਿੱਚ ਕੁੱਝ ਘਟਨਾ ਵਾਪਰਦੀ ਹੈ ਜਾਂ ਪਾਪ ਵੱਧ ਜਾਂਦਾ ਹੈ ਤਾਂ ਪਰਮੇਸਰ ਆਪ ਧਰਤੀ ਤੇ ਮਨੁੱਖ ਰੂਪ ਧਾਰਣ ਕਰ ਕੇ ਆਉਂਦਾ ਹੈ ਸਮਾਜ ਦੇ ਸੁਧਾਰ ਲਈ। ਭਾਰਤ ਵਿੱਚ ਵਿਸ਼ਨੂੰ ਦੇ, ਸ਼ਿਵ ਦੇ, ਬ੍ਰਹਮਾ ਦੇ ਕਈ ਅਵਤਾਰ ਦੱਸੇ ਹਨ। ਕੁਲ ੨੪ ਅਵਤਾਰਾਂ ਦੀ ਗੱਲ ਵੀ ਹੋਈ ਹੈ। ਕਈ ਵਾਰ ਰਾਜਿਆਂ ਨੂੰ ਵੀ ਅਵਤਾਰ ਦੱਸਿਆ ਗਿਆ ਹੈ ਇਹ ਆਮ ਭੋਲੇ ਲੋਕਾਂ ਨੂੰ ਰਾਜਾ ਦੇ ਅਧੀਨ ਰੱਖਣ ਲਈ ਕੀਤਾ ਜਾਂਦਾ ਰਹਿਆ ਹੈ। ਲੋਗ ਬਗਾਵਤ ਨਾ ਕਰਨ ਇਸ ਲਈ। ਅਵਤਾਰ ਕੇਵਲ ਭਾਰਤ ਵਿੱਚ ਹੀ ਨਹੀਂ ਮਿਸਰ ਵਰਗੇ ਥਾਵਾਂ ਤੇ ਵੀ ਦੱਸੇ ਹਨ। ਸੂਰਜ ਦੇਵਤਾ ਦਾ ਅਵਤਾਰ, ਕਾਮ ਦੇਵ ਦਾ ਅਵਤਾਰ ਤੇ ਹੋਰ ਬਹੁਤ ਕੁੱਝ। ਖੈਰ ਸਾਡਾ ਅੱਜ ਦਾ ਵਿਚਾਰ ਗੁਰਬਾਣੀ ਦੇ ਆਧਾਰ ਤੇ ਹੈ। ਵੇਖਦੇ ਹਾ ਗੁਰਬਾਣੀ ਅਵਤਾਰ ਕਿਸ ਨੂੰ ਮੰਨਦੀ ਹੈ।
ਗੁਰਬਾਣੀ ਦਾ ਫੁਰਮਾਨ ਹੈ
ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ॥ ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ॥ ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨੑੀ ਨ ਲਹੀਆ॥ ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ॥ ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ॥
ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ॥ ਤਿਨੑ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ॥ – ਆਖਦੇ ਦਸ ਰਾਜੇ ਜਿਹੜੇ ਅਵਤਾਰ ਹੋੲੁ ਹਨ ਅੰਤ ਉਹਨਾਂ ਵੀ ਨਹੀ ਪਰਮੇਸਰ ਦਾ ਪਾਇਆ।
ਹੁਕਮਿ ਉਪਾਏ ਦਸ ਅਉਤਾਰਾ॥ ਦੇਵ ਦਾਨਵ ਅਗਣਤ ਅਪਾਰਾ॥ ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ॥ – ਇਹ ਦਸ ਅਵਤਾਰ ਭੀ ਹੁਕਮ ਦੇ ਵਿੱਚ ਹੋਏ ਹਨ।
ਗੁਰਬਾਣੀ ਨੇ ਹਰ ਜੀਵ ਵਿੱਚ ਪਰਮੇਸਰ ਦੀ ਜੋਤ ਦੱਸੀ ਹੈ। ਆਖਦੇ
ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ॥ ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ॥੩॥ ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ॥ ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ॥ – ਗੁਰਬਾਣੀ ਤਾਂ ਹਰੇਕ ਜੀਵ ਵਿੱਚ ਪਰਮੇਸਰ ਦੀ ਜੋਤ ਦੱਸ ਕੇ ਸਾਰਿਆਂ ਨੂੰ ਹੀ ਪਰਮੇਸਰ ਦਾ ਅਵਤਾਰ ਦੱਸ ਰਹੀ ਹੈ। ਜਿਸ ਨੇ ਪਰਮੇਸਰ ਦੇ ਗੁਣ ਧਾਰ ਲਏ ਉਹ ਆਪ ਅਕਾਲ ਰੂਪ ਹੋ ਗਿਆ।
ਗੁਰੁ ਬੋਹਿਥੁ ਭਵਜਲ ਤਾਰਣਹਾਰੁ॥ ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ॥ ਗੁਰ ਕੀ ਸੇਵਾ ਸੋ ਜਨੁ ਪਾਏ॥ ਜਾ ਕਉ ਕਰਮਿ ਲਿਖਿਆ ਧੁਰਿ ਆਏ॥
ਤੈ ਤਉ ਦ੍ਰਿੜਿਓ ਨਾਮੁ ਅਪਾਰੁ ਬਿਮਲ ਜਾਸੁ ਬਿਥਾਰੁ ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ॥ ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ ॥ (ਪੰਨਾ ੧੨੮੦-੧੨੮੨, ਸਵਈਏ ਮਹਲੇ ਦੂਜੇ ਕੇ, ਭੱਟ ਕੀਰਤ) – ਦੂਜੇ ਮਹੱਲੇ ਦੇ ਸਵਈਏ ਲਿਖਦੇ ਹੋਏ ਭੱਟ ਸਾਹਿਬ ਆਖਦੇ ਤੁਸੀਂ ਤਾਂ ਅਪਾਰ ਨਾਮ (ਸੋਝੀ) ਦੇ ਮਤਲਿਕ ਹੋਂ, ਮਨ ਸਾਧੇ ਹੋਏ ਸਿਧ ਸੁਜਾਨ ਹੋਂ ਤੇ ਜੀਅ ਦਾ ਆਧਾਰ ਹੋਂ। ਅਤਖਦੇ ਰਾਜਾ ਜਨਕ ਵਰਗੇ ਹੋਂ। ਇੱਥੇ ਅਉਤਾਰੁ ਦਾ ਭਾਵ ਸਬਦ ਨਾਲ ਗੁਣਾ ਨਾਲ ਜੋੜਿਆ ਗਿਆ ਹੈ। ਗੁਰਬਾਣੀ ਇਸ ਗੱਲ ਨੂੰ ਉਭਾਰਦੀ ਹੈ ਕਿ ਅਸਲ ਮਹੱਤਵ ਉਸ ਪ੍ਰਗਟ ਜੋਤ ਦਾ ਹੈ ਜੋ ਸੰਸਾਰ ਵਿੱਚ ਰਹਿੰਦੀ ਹੋਈ ਵੀ ਕਮਲ ਵਾਂਗ ਅਲਿਪਤ ਰਹੇ ਅਤੇ ਹੋਰਾਂ ਲਈ ਵੀ ਸਾਰ ਬਣੇ।
ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ॥ ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ॥ ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ॥ ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ॥ (ਪੰਨਾ ੧੪੦੮-੧੪੧੨, ਸਵਈਏ ਮਹਲੇ ਪੰਜਵੇ ਕੇ, ਭੱਟ ਕਲੵ ਸਹਾਰ) – ਇੱਥੇ ਅਵਤਾਰ ਦਾ ਭਾਵ ਸਿਰਫ਼ ਦੇਹਧਾਰੀ ਜਨਮ ਨਹੀਂ, ਸਗੋਂ ਕਲਿਯੁਗ ਦੇ ਅੰਦਰ ਇਕ ਅਜਿਹੇ ਪ੍ਰਗਟਾਵੇ ਨਾਲ ਹੈ ਜਿਸ ਦਾ ਜਸੁ ਜਗਤ ਵਿੱਚ ਫੈਲਦਾ ਹੈ। ਭਾਵ ਇਹ ਹੈ ਕਿ ਜਿੱਥੇ ਗੁਰਮਤਿ ਦੀ ਜੋਤ ਪ੍ਰਗਟ ਹੁੰਦੀ ਹੈ, ਉੱਥੇ ਲੋਕ ਉਸਨੂੰ ਅਵਤਾਰ-ਭਾਵ ਨਾਲ ਵੀ ਸਮਝਦੇ ਹਨ।
ਨਾਨਕਿ ਨਾਮੁ ਨਿਰੰਜਨ ਜਾਨੵਉ ਕੀਨੀ ਭਗਤਿ ਪ੍ਰੇਮ ਲਿਵ ਲਾਈ॥ ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀਨੀ ਵਰਖਾਈ॥ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ॥ ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ॥ (ਪੰਨਾ ੧੪੦੮-੧੪੧੨, ਸਵਈਏ ਮਹਲੇ ਪੰਜਵੇ ਕੇ, ਭੱਟ ਕੀਰਤ) – ਭੱਟ ਸਾਹਿਬ ਜੀ ਆਖਦੇ ਨੇ ਕੇ ਨਾਨਕ ਨੇ ਨਿਰੰਜਨ ਭਾਵ ਸ਼ੁੱਧ ਨਾ ਮੈਲਾ ਹੋਣ ਵਾਲੇ ਨਾਮ (ਸੋਝੀ) ਦੁਆਰਾ ਭਗਤੀ ਕੀਤੀ ਹੈ। ਇਸੇ ਤਰਾਂ ਨਾਮ (ਸੋਝੀ) ਦੀ ਵਰਖਾ ਕਰਕੇ ਅੰਗ ਸੰਗ ਹੋ ਕੇ ਗੁਰੂ ਅੰਗਦ ਦੇਵ ਸਾਹਿਬ ਨੂੰ ਸਮੂੰਦਰ ਵਾਂਗ ਅਥਾਹ ਸ਼ਬਦ ਦੀ ਸੁਰਤ ਸੋਝੀ ਬਖਸ਼ੀ। ਭੱਟ ਸਾਹਿਬ ਆਖਦੇ ਗਰ ਅਮਰਦਾਸ ਜੀ ਦੀ ਕਥਾ ਅਕੱਥ ਹੈ ਤੇ ਮੇਰੇ ਕੋਲ ਇੱਕੋ ਹੀ ਜੀਭ ਹੈ ਜਿਸ ਨਾਲ ਮੈਂ ਦੱਸ ਨਹੀਂ ਸਕਦਾ ਉਹਨਾਂ ਦੀ ਵਡਿਆਈ। ਆਖਦੇ ਸੋਢੀ ਪਾਤਿਸ਼ਾਹ ਗੁਰ ਰਾਮਦਾਸ ਜੀ ਮਹਾਰਾਜ ਨੂੰ ਪੂਰੀ ਸ੍ਰਿਸਟੀ ਤਾਰਣ ਲਈ ਬਡਾਈ ਮਿਲੀ ਹੈ। ਇਹਨਾਂ ਪੰਕਤੀ ਵਿੱਚ ਅਵਤਾਰ-ਵਿਚਾਰ ਦਾ ਕੇਂਦਰ ਤਾਰਣ-ਭਾਵ ਹੈ। ਗੁਰਬਾਣੀ ਇੱਥੇ ਵਡਿਆਈ ਨੂੰ ਉਸ ਜੋਤ ਨਾਲ ਜੋੜਦੀ ਹੈ ਜੋ ਲੋਕਾਂ ਨੂੰ ਉਧਾਰ ਦੇ ਰਾਹ ਤੇ ਲਿਆਉਂਦੀ ਹੈ। ਭਗਤ ਜਨ, ਗੁਰੂ ਸਾਹਿਬਾਨ, ਭੱਟ ਸਾਹਿਬਾਨ ਉਹ ਰੁਹਾਨੀ ਜੋਤਾਂ ਹਨ ਜੋ ਹਰਿ ਦਾ ਰੂਪ ਹੋ ਗਏ ਹਰਿ ਤੇ ਹਰਿ ਦੇ ਜਨਾਂ ਵਿੱਚ ਭੇਦ ਨਹੀਂ ਰਹਿਆ। ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨੑ ਅੰਮ੍ਰਿਤ ਨਾਮੁ ਪੀਅਉ॥ ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ॥ ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ॥ (ਪੰਨਾ ੧੪੦੮-੧੪੧੨, ਸਵਈਏ ਮਹਲੇ ਪੰਜਵੇ ਕੇ, ਭੱਟ ਮਥੁਰਾ) – ਇੱਥੇ ਅਵਤਾਰੁ ਉਜਾਗਰੁ ਆਨਿ ਕੀਅਉ ਦਾ ਭਾਵ ਹਨੇਰੇ ਵਿੱਚ ਚਾਨਣ ਹੋਣ ਨਾਲ ਹੈ। ਜਦੋਂ ਮਹਾ ਤਮ, ਅਰਥਾਤ ਗਹਿਰਾ ਅਗਿਆਨ ਜਾਂ ਆਤਮਕ ਹਨੇਰਾ ਹੋਵੇ, ਤਦੋਂ ਸੱਚੀ ਜੋਤ ਦਾ ਪ੍ਰਗਟ ਹੋਣਾ ਹੀ ਅਸਲ ਅਵਤਾਰ-ਭਾਵ ਵਜੋਂ ਦਰਸਾਇਆ ਗਿਆ ਹੈ। ਭਟ ਕੀਰਤ ਜੀ ਗੁਰੂ ਸਾਹਿਬਾਨ ਦੀ ਸਿਫਤ ਕਰਦੇ ਆਖਦੇ ਹਨ ਕੇ ਉਹਨਾਂ ਨੂੰ ਅੰਮ੍ਰਿਤ ਭਾਵ ਕਦੇ ਨਾ ਮਰਨ ਵਾਲਾ ਗਿਆਨ ਪ੍ਰਾਪਤ ਹੋਇਆ। ਆਖਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਿਰਦੇ ਵਿੱਚ ਹਰਿ ਪ੍ਰਤਖ ਰੂਪ ਵਿੱਚ ਵਸਦਾ ਸੀ। ਪੂਰਨ ਬ੍ਰਹਮ ਨਿਵਾਸ ਲਿਆ ਸੀ ਉਹਨਾਂ ਗਿਆਨ ਦੁਆਰਾ। ਨਾਮ (ਸੋਝੀ) ਨਾਲ ਹਰਿ ਦਾ ਰੂਪ ਹੋ ਜਾਣਾ ਹੀ ਹਰਿ ਦਾ ਅਸਲ ਅਵਤਾਰ ਹੈ।
ਕੇਤੇ ਇੰਦ੍ਰ ਦੁਆਰ ਕੇਤੇ ਬ੍ਰਹਮਾ ਮੁਖ ਚਾਰ ਕੇਤੇ ਕ੍ਰਿਸਨਾ ਅਵਤਾਰ ਕੇਤੇ ਰਾਮ ਕਹੀਅਤੁ ਹੈਂ ॥ (ਪੰਨਾ ੨੩੦, ਅਕਾਲ ਉਸਤਤ, ਗੁਰੂ ਗੋਬਿੰਦ ਸਿੰਘ ਜੀ) – ਇੱਥੇ ਅਵਤਾਰਾਂ ਦੀ ਗਿਣਤੀ ਕਰਕੇ ਗੁਰਬਾਣੀ ਉਨ੍ਹਾਂ ਦੀ ਸੀਮਾ ਦਿਖਾਉਂਦੀ ਹੈ। ਭਾਵ ਇਹ ਹੈ ਕਿ ਜਿੰਨੇ ਮਰਜ਼ੀ ਪ੍ਰਸਿੱਧ ਰੂਪ ਮੰਨੇ ਜਾਣ, ਪਰ ਪਰਮੇਸਰ ਦੀ ਅਪਾਰਤਾ ਉਨ੍ਹਾਂ ਸਭ ਤੋਂ ਵੱਡੀ ਹੈ ਅਤੇ ਕਿਸੇ ਇਕ ਗਿਣਤੀ ਵਿੱਚ ਨਹੀਂ ਆਉਂਦੀ। ਪੂਰਨ ਅਵਤਾਰ ਨਿਰਾਧਾਰ ਹੈ ਨ ਪਾਰਾਵਾਰ ਪਾਈਐ ਨ ਪਾਰ ਪੈ ਅਪਾਰ ਕੈ ਬਖਾਨੀਐ ॥ (ਪੰਨਾ ੨੩੦, ਅਕਾਲ ਉਸਤਤ, ਗੁਰੂ ਗੋਬਿੰਦ ਸਿੰਘ ਜੀ) – ਇਸ ਪੰਕਤੀ ਵਿੱਚ ਪੂਰਨ ਅਵਤਾਰ ਦਾ ਭਾਵ ਕਿਸੇ ਸੀਮਿਤ ਰੂਪ ਨਾਲ ਨਹੀਂ, ਸਗੋਂ ਉਸ ਅਪਾਰ ਸੱਤਾ ਨਾਲ ਹੈ ਜਿਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਇੱਥੇ ਗੁਰਬਾਣੀ ਅਵਤਾਰ-ਧਾਰਣਾ ਨੂੰ ਉੱਚਾ ਕਰਕੇ ਨਿਰਾਧਾਰ, ਅਪਾਰ ਅਤੇ ਅਗੋਚਰ ਪਰਮੇਸਰ ਵੱਲ ਮੋੜਦੀ ਹੈ। ਦਸਮ ਪਾਤਿਸ਼ਾਹ ਸਮਝਾ ਰਹੇ ਹਨ ਕੇ ਬਿਨਾਂ ਗਿਆਨ ਦੇ, ਬਿਨਾਂ ਨਾਮ ਭਾਵ ਹੁਕਮ ਦੀ ਸੋਝੀ ਦੇ, ਪ੍ਰੇਮ ਪਦਾਰਥ ਦੇ ਅਵਤਾਰ ਨਿਰਾਧਾਰ ਹਨ। ਕੇਵਲ ਕਹਣ ਨਾਲ ਨਹੀਂ ਹਰਿ ਦਾ ਅਵਤਾਰ ਕੋਈ ਹੋ ਜਾਂਦਾ। ਹਰਿ ਦੇ ਗੁਣ ਧਾਰਣ ਕਰਨ ਨਾਲ ਹੀ ਹਰਿ ਦਾ ਅਵਤਾਰ ਹੁੰਦਾ ਹੈ।
ਦਸਮ ਪਾਤਿਸ਼ਾਹ ਚੌਵੀ ਅਵਤਾਰ ਲਿਖਣ ਤੋਂ ਪਹਿਲਾਂ ਆਖਦੇ ਹਨ
ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ॥ ਬ੍ਰਹਮਾ ਅਰੁ ਬਿਸਨ ਕੇਤੇ ਬੇਦ ਔ ਪੁਰਾਨ ਕੇਤੇ ਸਿੰਮ੍ਰਿਤਿ ਸਮੂਹਨ ਕੈ ਹੁਇ ਹੁਇ ਬਿਤਏ ਹੈਂ॥ ਮੋਨਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈਂ॥ ਪੀਰ ਔ ਪਿਕਾਂਬਰ ਕੇਤੇ ਗਨੇ ਨ ਪਰਤ ਏਤੇ ਭੂਮ ਹੀ ਤੇ ਹੁਇ ਕੈ ਫੇਰਿ ਭੂਮਿ ਹੀ ਮਿਲਏ ਹੈਂ॥
ਜੇ ਜੇ ਭਏ ਪਹਿਲ ਅਵਤਾਰਾ॥ਆਪੁ ਆਪੁ ਤਿਨ ਜਾਪੁ ਉਚਾਰਾ॥ ਪ੍ਰਭ ਦੋਖੀ ਕੋਈ ਨ ਬਿਦਾਰਾ॥ ਧਰਮ ਕਰਨ ਕੋ ਰਾਹੁ ਨ ਡਾਰਾ॥੪੪॥ ਜੇ ਜੇ ਗਉਸ ਅੰਬੀਆ ਭਏ॥ ਮੈ ਮੈ ਕਰਤ ਜਗਤ ਤੇ ਗਏ॥ ਮਹਾਪੁਰਖ ਕਾਹੂ ਨ ਪਛਾਨਾ॥ ਕਰਮ ਧਰਮ ਕੋ ਕਛੂ ਨ ਜਾਨਾ॥
ਫੇਰ ਚਉਬੀਸ ਅਵਤਾਰਾਂ ਬਾਰੇ ਆਪਣੇ ਵਿਚਾਰ ਰੱਖਦੇ ਹਨ।
ਤੁਰਕਛਿ ਤੁਰੰਗ ਸਪਛ ਬਡੋ ਕਰਿ ਕਾਢਿ ਕ੍ਰਿਪਾਨ ਕੰਪਾਵਹਿਗੇ॥ ਨਿਕਸੇ ਜਿਮ ਕੇਹਰਿ ਪਰਬਤ ਤੇ ਤਸ ਸੋਭ ਦਿਵਾਲਯ ਪਾਵਹਿਗੇ॥ ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ॥ (ਪੰਨਾ ੨੫੬-੨੫੮, ਚਉਬੀਸ ਅਵਤਾਰ, ਗੁਰੂ ਗੋਬਿੰਦ ਸਿੰਘ ਜੀ) – ਅਸੀਂ ਗੁਰਬਾਣੀ ਦੇ ਆਧਾਰ ਤੇ ਪਾਪ ਪੁੰਨ ਸਮਝੇ ਸੀ। ਸਮਝਣ ਲਈ ਵੇਖੋ “ਪਾਪ ਪੁੰਨ (paap/punn)”। ਪੁੰਨ ਕੇਵਲ ਗੋਵਿੰਦ ਦੇ ਗੁਣ ਗਾਉਣਾ ਹੈ “ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ॥” ਤੇ ਪਾਪ ਬਾਰੇ ਗੁਰਮਤਿ ਦਾ ਫੁਰਮਾਨ ਹੈ “ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥”, ਸੋ ਦਸਮ ਪਾਤਿਸ਼ਾਹ ਆਖਦੇ ਹਨ ਕੇ ਜਦੋਂ ਪਾਪ ਵੱਧ ਜਾਵੇ ਤਾਂ ਕਲਕੀ ਅਵਤਾਰ ਹਿਰਦੇ ਵਿੱਚ ਆ ਕੇ ਪਾਪ ਦਾ ਨਾਸ ਕਰੂ। ਕਲਕੀ ਅਵਤਾਰ ਨੂੰ ਸਪਸ਼ਟ ਕਰਦੇ ਹਨ ਪਾਤਿਸ਼ਾਹ “ਜਗ ਪਾਪ ਸੰਬੂਹ ਬਿਨਾਸਨ ਕਉ ਕਲਕੀ ਕਲਿ ਧਰਮ ਚਲਾਵਹਿਗੇ॥”। ਗੁਰਬਾਣੀ ਵਾਲਾ ਕਲਕੀ ਅਵਤਾਰ ਹਰਿ ਆਪ ਹੈ। ਘਟ ਘਟ ਵਿੱਚ ਵਸਣ ਵਾਲਾ। ਗਿਆਨ ਲੈਕੇ ਹਰਿਆ ਹੋਇਆ। ਗੁਰਬਾਣੀ ਵਾਲੇ ਜੁਗ ਸਮਝਣ ਲਈ ਵੇਖੋ “ਗੁਰਬਾਣੀ ਵਿੱਚ ਜੁਗ”। ਇਹਨਾਂ ਪੰਕਤੀਆਂ ਵਿੱਚ ਅਵਤਾਰ ਕਹਾਵਹਿਗੇ ਭਵਿੱਖੀ ਪ੍ਰਗਟਾਵੇ ਦੇ ਰੂਪ ਵਿੱਚ ਆਉਂਦਾ ਹੈ। ਭਾਵ ਇਹ ਹੈ ਕਿ ਜਦੋਂ ਅਧਰਮ ਅਤੇ ਪਾਪ ਦਾ ਭਾਰ ਵਧਦਾ ਹੈ, ਤਦੋਂ ਲੋਕ ਉਧਾਰਕ ਰੂਪ ਨੂੰ ਅਵਤਾਰ ਦੇ ਨਾਮ ਨਾਲ ਯਾਦ ਕਰਦੇ ਹਨ।
ਕਾਹੂੰ ਨੇ ਰਾਮ ਕਹਯੋ ਕ੍ਰਿਸਨਾ ਕਹੁ ਕਾਹੂ ਮਨੈ ਅਵਤਾਰਨ ਮਾਨਯੋ ॥ ਫੋਕਟ ਧਰਮ ਬਿਸਾਰ ਸਬੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥ (ਪੰਨਾ ੫੫੮-੫੮੫, ਅਕਾਲ ਉਸਤਤ, ਗੁਰੂ ਗੋਬਿੰਦ ਸਿੰਘ ਜੀ) – ਜਿੱਥੇ ਦਸਮ ਪਾਤਿਸ਼ਾਹ ਸਮਝਾਉਂਦੇ ਹਨ ਕੇ ਗਿਆਨ ਲੈਕੇ ਘਟ ਹਰਿਆ ਹੋਣਾ ਹੀ ਅਸਲ ਕਲਕੀ ਅਵਤਾਰ ਹੈ, ਉੱਥੇ ਹੀ ਸੰਸਾਰੀ ਮੰਨੇ ਜਾਣ ਵਾਲੇ ਅਵਤਾਰਾਂ ਤੇ ਸਵਾਲ ਵੀ ਕਰਦੇ ਹਨ। ਇੱਥੇ ਅਵਤਾਰਨ ਮਾਨਯੋ ਲੋਕ-ਧਾਰਣਾ ਦਾ ਰੂਪ ਹੈ। ਗੁਰਬਾਣੀ ਕਹਿੰਦੀ ਹੈ ਕਿ ਜੇ ਮਨੁੱਖ ਸਿਰਫ਼ ਨਾਮਾਂ ਅਤੇ ਰੂਪਾਂ ਵਿੱਚ ਹੀ ਫਸਿਆ ਰਹੇ ਤਾਂ ਮੂਲ ਕਰਤਾਰ ਦੀ ਪਛਾਣ ਨਹੀਂ ਹੁੰਦੀ; ਇਸ ਲਈ ਧਿਆਨ ਰੂਪਾਂ ਤੋਂ ਉੱਪਰ ਚੜ੍ਹ ਕੇ ਕਰਤਾ ਵੱਲ, ਅਕਾਲ ਵੱਲ ਜਾਣਾ ਚਾਹੀਦਾ ਹੈ। ਆਖਦੇ ਜਿਹਨਾਂ ਨੂੰ ਤੁਸੀਂ ਅਵਤਾਰ ਮੰਨ ਰਹੇ ਹੋਂ ਕਿਹੜੇ ਕੰਮਾ ਕਿਹੜੇ ਗੁਣਾਂ ਕਾਰਨ ਉਹਨਾਂ ਨੂੰ ਅਵਤਾਰ ਮੰਨ ਰਹੇ ਹੋਂ। ਕਰਤਾਰ ਨੂੰ, ਘਟ ਵਿੱਚ ਵਸਣ ਵਾਲੇ ਗਿਆਨ, ਸੋਝੀ ਰੂਪ ਹਰਿ ਨੂੰ ਕਰਤਾਰ ਨੂੰ ਗੁਣ ਰੂਪ ਵਿੱਚ ਅਵਤਾਰ ਮੰਨੋ। ਦਸਮ ਪਾਤਿਸ਼ਾਹ ਆਖਦੇ ਹਨ ਕੇ ਅੰਤ ਮਰੇ ਪਛੁਤਾਇ ਪ੍ਰਿਥੀ ਪਰਿ ਜੇ ਜਗ ਮੈ ਅਵਤਾਰ ਕਹਾਏ ॥ ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹਿ ਨ ਪਾਇਨ ਧਾਏ ॥੨੩॥ (ਪੰਨਾ ੫੫੮-੫੮੫, ਅਕਾਲ ਉਸਤਤ, ਗੁਰੂ ਗੋਬਿੰਦ ਸਿੰਘ ਜੀ) – ਇਨ੍ਹਾਂ ਪੰਕਤੀਆਂ ਵਿੱਚ ਗੁਰਬਾਣੀ ਬਹੁਤ ਸਾਫ਼ ਚੇਤਾਵਨੀ ਦਿੰਦੀ ਹੈ ਕਿ ਜਗਤ ਵਿੱਚ ਅਵਤਾਰ ਕਹਾਏ ਜਾਣ ਵਾਲੇ ਵੀ ਕਾਲ ਦੇ ਅਧੀਨ ਹਨ। ਇਸ ਲਈ ਸੱਚਾ ਆਸਰਾ ਕਿਸੇ ਨਾਸਵੰਤ ਪ੍ਰਸਿੱਧੀ ਵਿੱਚ ਨਹੀਂ, ਸਗੋਂ ਉਸ ਅਕਾਲ ਸੱਤਾ ਵਿੱਚ ਹੈ ਜੋ ਕਾਲ ਤੋਂ ਪਰੇ ਹੈ। ਇਹਨਾਂ ਪੰਕਤੀਆਂ ਵਿੱਚ ਸਪਸ਼ਟ ਹੀ ਦਸਮ ਪਾਤਿਸ਼ਾਹ ਸੰਸਾਰੀ ਚੌਬੀਸ ਅਵਤਾਰ ਅਵਤਾਰ ਰੱਦ ਕਰਦੇ ਹਨ। ਇਹਨਾਂ ਪੰਕਤੀਆਂ ਨੂੰ ਧਿਆਨ ਨਾਲ ਵਿਚਾਰੋ
ਅਵਤਾਰਾਂ ਬਾਰੇ ਲਿਖਣ ਤੋਂ। ਤਦ ਦਸਮ ਪਾਤਿਸ਼ਾਹ ਨੇ ਕਹਿਆ
ਕਾਹੂੰ ਲੈ ਠੋਕਿ ਬਧੇ ਉਰਿ ਠਾਕੁਰ ਕਾਹੂੰ ਮਹੇਸ ਕੋ ਏਸ ਬਖਾਨਯੋ॥ ਕਾਹੂ ਕਹਿਯੋ ਹਰਿ ਮੰਦਰ ਮੈ ਹਰਿ ਕਾਹੂ ਮਸੀਤ ਕੈ ਬੀਚ ਪ੍ਰਮਾਨਯੋ॥ ਕਾਹੂੰ ਨੇ ਰਾਮ ਕਹਯੋ ਕ੍ਰਿਸਨਾ ਕਹੁ ਕਾਹੂ ਮਨੈ ਅਵਤਾਰਨ ਮਾਨਯੋ॥ ਫੋਕਟ ਧਰਮ ਬਿਸਾਰ ਸਬੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ॥
ਕਹਿੰਦੇ ਮਰਨਾ ਤਾਂ ਸਬ ਨੇ ਹੈ। ਜਿਹੜੇ ਅਵਤਾਰ ਕਹਾਏ ਉਹ ਵੀ ਕਾਲ ਅਧੀਨ ਸੀ। “ਅੰਤ ਮਰੇ ਪਛੁਤਾਇ ਪ੍ਰਿਥੀ ਪਰਿ ਜੇ ਜਗ ਮੈ ਅਵਤਾਰ ਕਹਾਏ॥ ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹਿ ਨ ਪਾਇਨ ਧਾਏ॥”। ਸਰੀਰ ਨਹੀਂ ਹਰਿ ਦੇ ਗੁਣਾਂ ਨੂੰ ਨੂੰ ਨਾਮ ਪ੍ਰਾਪਤੀ ਨਾਲ ਅਵਤਾਰ ਮੰਨਿਆ ਜਾ ਸਕਦਾ ਹੈ ਜਿਵੇਂ ਗੁਰਬਾਣੀ ਆਖਦੀ ਹੈ “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ॥ ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ॥ ਬਿਨਵੰਤਿ ਨਾਨਕ ਸੇਈ ਜਾਣਹਿ ਜਿਨੑੀ ਹਰਿ ਰਸੁ ਪੀਆ॥”
ਸੋ ਗੁਰਬਾਣੀ ਤਾਂ ਇਹ ਮੰਨਦੀ ਹੈ ਕੇ ਸੰਸਾਰ ਦੇ ਹਰੇਕ ਜੀਵ ਵਿੱਚ ਏਕ ਦੀ ਜੋਤ ਹੈ। ਨਾਮ (ਗੁਣਾਂ ਦੀ ਸੋਝੀ, ਪ੍ਰੇਮ ਪਦਾਰਥ, ਹੁਕਮ ਦੀ ਸੋਝੀ) ਪ੍ਰਾਪਤ ਕਰ ਹਰੇਕ ਮਨੁੱਖ ਹੀ ਹਰਿ ਦਾ ਅਵਤਾਰ ਹੋ ਸਕਦਾ ਹੈ। ਨਾਮ ਪ੍ਰਾਪਤ ਕਰ ਲਹਿਣੇ ਤੋਂ ਗੁਰੂ ਅੰਗਦ ਹੋਣ ਤੇ ਹਰਿ ਦਾ ਅਵਤਤਰ ਹੋ ਗਏ। ਕਬੀਰ ਜੀ ਆਖਦੇ “ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥”, ਰਾਮ ਦਾ ਅਵਤਾਰ ਹੋ ਗਏ। ਸੋ ਹਰੇਕ ਜੀਵ ਹੀ ਅਵਤਾਰ ਹੈ ਜੇ ਘਟ ਅੰਦਰ ਚਾਨਣਾ ਹੈ। ਬੇਨਤੀ ਹੈ ਗੁਰਮਤਿ ਵਿਚਾਰ ਕਰੀਏ। ਨਾਮ (ਸੋਝੀ) ਦੀ ਆਸ ਰੱਖੀਏ। ਹੁਕਮ ਨੂੰ ਬੂਝ ਕੇ ਹੁਕਮ ਵਿੱਚ ਸਮਾ ਜਾਈਏ।
