ਗੁਰਬਾਣੀ ਮੁਤਾਬਕ ਤਰਨਾ ਕੀ ਹੈ?
ਗੁਰਬਾਣੀ ਵਿੱਚ ਕਈ ਵਾਰ ਵਰਣਨ ਆਉਂਦਾ ਹੈ ਤਰਨ ਦਾ ਤੇ ਤਾਰਨ ਦਾ। ਫੇਰ ਇਹ ਸਵਾਲ ਆਉਂਦਾ ਹੈ ਕੇ ਤਰਨਾ ਤੋਂ ਕੀ ਭਾਵ ਹੈ? ਤਰਨਾ ਕਿਸਨੇ ਹੈ ਤੇ ਕਿਵੇਂ? ਤਾਰਨਾ ਕਿਸਨੇ ਹੈ? ਡੁੱਬ ਕੌਣ ਰਹਿਆ ਹੈ। ਇਸ ਲੇਖ ਵਿੱਚ ਅਸੀਂ ਗੁਰਬਾਣੀ ਦੀ ਵਿਚਾਰ ਕਰਾਂਗੇ ਤੇ ਸਮਝਾਂਗੇ ਇਸ ਗੱਲ ਨੂੰ ਗੁਰਬਾਣੀ ਤੋਂ ਪ੍ਰਮਾਣ ਲੈਕੇ।
ਪਹਿਲਾਂ ਵਿਚਾਰਦੇ ਹਾਂ ਕੇ ਡੁੱਬਣਾ ਕੀ ਹੈ। ਇਸ ਨਾਲ ਸਮਝਣਾ ਸੌਖਾ ਹੋ ਜਾਵੇਗਾ ਕੇ ਤਰਨਾ ਕੀ ਹੈ।
ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥ (ਪੰਨਾ ੩੧, ਸਿਰੀ ਰਾਗੁ, ਗੁਰੂ ਅਮਰਦਾਸ ਜੀ) – ਇੱਥੇ ਡੂਬਣਾ ਬਾਹਰਲੇ ਪਾਣੀ ਵਿੱਚ ਨਹੀਂ, ਸਗੋਂ ਅਗਿਆਨ ਅਤੇ ਆਤਮਕ ਬੇਸੁਧੀ ਵਿੱਚ ਡਿੱਗ ਜਾਣਾ ਹੈ। ਮਨਮੁਖਤਾ ਜੀਵ ਨੂੰ ਐਸੇ ਹਾਲ ਵਿੱਚ ਲੈ ਜਾਂਦੀ ਹੈ ਜਿੱਥੇ ਉਹ ਜੀਉਂਦਾ ਹੋਇਆ ਵੀ ਅੰਦਰੋਂ ਮਰਿਆ ਹੋਇਆ ਹੈ। ਸੰਸਾਰ ਵਿੱਚ ਜੀਵਨ ਨੂੰ ਪਾਰ ਲੰਘਣ ਲਈ ਗੁਣਾਂ ਦੀ ਲੋੜ ਹੈ ਨਾਮ (ਸੋਝੀ) ਦੀ ਲੋੜ ਹੈ ਜਿਹੜੇ ਗੁਰ (ਗੁਣ) ਨੂੰ ਮੁੱਖ ਨਾ ਰੱਖਦੇ ਹੋਏ ਮਨ (ਅਗਿਆਨਤਾ/ਵਿਕਾਰ) ਨੂੰ ਮੁੱਖ ਰੱਖਦੇ ਹਨ ਪਾਤਿਸ਼ਾਹ ਆਖਦੇ ਹਨ ਕੇ ਉਹ ਭਵਸਾਗਰ ਵਿੱਚ ਡੁੱਬ ਜਾਂਦੇ ਹਨ। ਭਾਵ ਜੀਵਨ ਨਿਸ਼ਫਲ ਹੈ ਉਹਨਾਂ ਦਾ।
ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥ ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥ ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥ (ਪੰਨਾ ੧੬੨-੧੬੩, ਰਾਗੁ ਗਉੜੀ, ਗੁਰੂ ਅਮਰਦਾਸ ਜੀ) – ਇਨ੍ਹਾਂ ਪੰਕਤੀਆਂ ਵਿੱਚ ਡੂਬਣਾ ਅਤੇ ਤਾਰਨਾ ਇਕੱਠੇ ਆਉਂਦੇ ਹਨ। ਅਵਗੁਣਾਂ ਨਾਲ ਭਾਰਿਆ ਜੀਵ ਪੱਥਰ ਵਾਂਗ ਡੁੱਬਦਾ ਹੈ, ਪਰ ਗੁਰਮਤਿ ਅਤੇ ਹਰਿ-ਸਰਣ ਉਸੇ ਨੂੰ ਉਧਾਰ ਦੇ ਰਾਹ ਤੇ ਲਿਆਉਂਦੇ ਹਨ। ਹਰਿ ਕੌਣ ਹੈ ਜਾਨਣ ਲਈ ਵੇਖੋ “ਹਰਿ”।
ਮਨਮੁਖ ਅਗਿਆਨਿ ਕੁਮਾਰਗਿ ਪਾਏ॥ ਹਰਿ ਨਾਮੁ ਬਿਸਾਰਿਆ ਬਹੁ ਕਰਮ ਦ੍ਰਿੜਾਏ॥ਭਵਜਲਿ ਡੂਬੇ ਦੂਜੈ ਭਾਏ ॥੩॥ (ਪੰਨਾ ੨੩੧, ਰਾਗੁ ਗਉੜੀ, ਗੁਰੂ ਅਮਰਦਾਸ ਜੀ) – ਮਨਮੁੱਖ ਭਾਵ ਮਨ ਨੂੰ ਮੁੱਖ ਰੱਖਣ ਵਾਲਾ ਅਗਿਆਨਤਾ, ਵਿਕਾਰ, ਮਾਇਆ ਨੂੰ ਮੁੱਖ ਰੱਖਣ ਵਾਲਾ ਅਗਿਆਨੀ ਹੈ ਤੇ ਕੁਮਾਰਗ ਭਾਵ ਮਾੜੇ ਮਾਰਗ ਤੇ ਚਲਦਾ ਹੈ। ਕਿਉਂ ? ਕਿਉਂਕੇ ਉਸਨੇ ਹਰਿ ਨਾਮ ਨੂੰ ਬਿਸਾਰਿਆ ਹੋਇਆ ਹੈ, ਵਿਸਾਰਿਆ ਭਾਵ ਭੁੱਲ ਗਿਆ ਹੈ ਤੇ ਬਹੁ ਕਰਮ ਦ੍ਰਿੜ ਕੀਤੇ ਹੋਏ ਹਨ, ਆਪਣੇ ਮਨ ਵਿੱਚ ਕਰਮ ਪ੍ਰਧਾਨ ਕਰ ਲਿਆ। ਇਨ੍ਹਾਂ ਪੰਕਤੀਆਂ ਵਿੱਚ ਡੂਬਣਾ ਸਿੱਧੇ ਤੌਰ ਤੇ ਦੂਜੇ ਭਾਏ ਨੂੰ ਕਹਿਆ ਹੈ। ਸਹੀ ਭਾਏ ਹੈ ਗਿਆਨ ਨੂੰ ਭਾਉਣਾ, ਦੂਜੇ ਭਾਏ ਹਨ ਵਿਕਾਰਾਂ ਵਿੱਚ ਫਸਣਾ। ਜਦੋਂ ਚਿੱਤ ਇਕ-ਰਸ ਸੱਚ ਤੋਂ ਹਟ ਕੇ ਦੂਜੇ ਆਸਰੇ ਫੜਦਾ ਹੈ, ਤਦੋਂ ਉਹ ਭਵਜਲ ਵਿੱਚ ਡੁੱਬਦਾ ਹੈ।
ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥ (ਪੰਨਾ ੩੭੫, ਰਾਗੁ ਆਸਾ, ਗੁਰੂ ਅਰਜਨ ਦੇਵ ਜੀ) – ਇੱਥੇ ਡੂਬੈ ਦਾ ਉਲਟ ਭਾਵ ਆਉਂਦਾ ਹੈ। ਜੋ ਸੱਚਾ ਆਸਰਾ ਹੈ, ਉਹ ਅਜਿਹਾ ਹੈ ਕਿ ਨਾ ਅੱਗ ਸਾੜ ਸਕਦੀ ਹੈ, ਨਾ ਜਲ ਡੁਬਾ ਸਕਦਾ ਹੈ; ਅਰਥਾਤ ਆਤਮਕ ਟੇਕ ਵਾਲਾ ਜੀਵ ਸੰਸਾਰਕ ਹਾਲਾਤਾਂ ਨਾਲ ਨਾਸ ਨਹੀਂ ਹੁੰਦਾ। ਅੱਗ ਹੈ ਤ੍ਰਿਸਣਾ ਅਤੇ ਜਲ ਹੈ ਗਿਆਨ ਦੇ ਕਾਰਣ ਹੌਮੇ ਦਾ ਹੋਣਾ। ਕਈ ਵਾਰ ਗਿਆਨੀ ਮਨੁੱਖ ਵੀ ਹੰਕਾਰ ਵਿੱਚ ਫਸ ਜਾਂਦੇ ਹਨ।
ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥ (ਪੰਨਾ ੪੪੪, ਰਾਗੁ ਆਸਾ, ਗੁਰੂ ਰਾਮਦਾਸ ਜੀ) – ਡੂਬਣਾ ਭਾਵ ਨਾਸ ਹੋ ਜਾਣਾ ਹੈ। ਨਾਮ-ਧਨ ਉਹ ਅੰਦਰੂਨੀ ਪੂੰਜੀ ਹੈ ਜੋ ਨਾ ਡੁੱਬਦੀ ਹੈ, ਨਾ ਖੋਹੀ ਜਾਂਦੀ ਹੈ; ਇਸ ਲਈ ਇਹ ਸੰਸਾਰਕ ਧਨ ਤੋਂ ਵੱਖਰੀ ਅਤੇ ਟਿਕਾਊ ਦੌਲਤ ਹੈ। ਕਦੇ ਵੀ ਘਟਦੀ ਨਹੀਂ ਹੈ। ਬਿਅੰਤ ਹੈ।
ਨਾਨਕ ਕੀ ਅਰਦਾਸਿ ਸੁਣੀਜੈ॥ ਡੂਬਤ ਪਾਹਨ ਪ੍ਰਭ ਮੇਰੇ ਲੀਜੈ॥੫॥੧੪॥੨੦॥ (ਪੰਨਾ ੭੪੧, ਰਾਗੁ ਸੂਹੀ, ਗੁਰੂ ਅਰਜਨ ਦੇਵ ਜੀ) – ਇਹ ਬੇਨਤੀ ਵਾਲੀ ਪੰਕਤੀ ਹੈ। ਨਾਨਕ ਪਾਤਸ਼ਾਹ ਆਪਣੇ ਆਪ ਨੂੰ ਡੁੱਬਦੇ ਪੱਥਰ ਵਾਂਗ ਦੇਖ ਕੇ ਪ੍ਰਭੂ ਅੱਗੇ ਅਰਦਾਸ ਕਰਦੇ ਹਨ ਕਿ ਮੈਨੂੰ ਫੜ ਲੈ; ਇਸ ਵਿੱਚ ਨਿਮਰਤਾ ਅਤੇ ਆਸਰਾ ਦੋਵੇਂ ਇਕੱਠੇ ਹਨ। ਫੜਨਾ ਕਿਸ ਨੇ ਹੈ “ਕਰਤਾਰ” ਭਾਵ ਤਾਰਨ ਵਾਲਾ ਕਰਤਾ। ਇੱਥੇ ਪ੍ਰਭ ਨੂੰ, ਠਾਕੁਰ ਨੂੰ ਰਾਮ ਨੂੰ ਕਰਤਾ ਮਨ ਕੇ ਬੇਨਤੀ ਹੈ। ਕੇ ਮੈਂ ਤੈਰਨਾ ਨਹੀਂ ਜਾਣਦਾ ਭਵਸਾਗਰ ਤੈਨੂੰ ਹੀ ਬਾਂਹ ਫੜ ਕੇ ਤਰਾਉਣਾ ਪੈਣਾ ਹੈ। ਜਿਵੇਂ ਭਗਤ ਜੀ ਆਖਦੇ ਹਨ “ਮੋ ਕਉ ਤਾਰਿ ਲੇ ਰਾਮਾ ਤਾਰਿ ਲੇ॥ ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ॥”। ਪ੍ਰਭ ਕੌਣ ਸਮਝਣ ਲਈ ਵੇਖੋ “ਠਾਕੁਰ ਅਤੇ ਪ੍ਰਭ”
ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ ਡੂਬਿ ਮੁਏ ਬਿਨੁ ਪਾਨੀ ॥੨॥ (ਪੰਨਾ ੧੧੨੭, ਰਾਗੁ ਭੈਰਉ, ਗੁਰੂ ਨਾਨਕ ਦੇਵ ਜੀ) – ਇੱਥੇ ਪਹਿਲਾਂ ਵਾਲਾ ਹੀ ਗਹਿਰਾ ਭਾਵ ਦੁਹਰਾਇਆ ਗਿਆ ਹੈ ਕਿ ਡੁੱਬਣਾ ਸਿਰਫ਼ ਭੌਤਿਕ ਘਟਨਾ ਨਹੀਂ। ਨਾਮ (ਸੋਝੀ, ਅੰਮ੍ਰਿਤ ਗਿਆਨ, ਹੁਕਮ ਦੀ ਸੋਝੀ, ਪ੍ਰੇਮ ਪਦਾਰਥ) ਤੋਂ ਖਾਲੀ ਜੀਵ ਅੰਦਰੋਂ ਸੁੱਕੇ ਹੋਏ ਹਾਲ ਵਿੱਚ ਵੀ ਡੁੱਬਿਆ ਹੋਇਆ ਹੈ, ਕਿਉਂਕਿ ਉਸ ਕੋਲ ਨਾਮ ਭਾਵ ਜੀਵਨ ਦਾ ਸੱਚਾ ਆਧਾਰ ਨਹੀਂ। ਨਾਮ ਕੀ ਹੈ ਜਾਨਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”
ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥ ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ॥ (ਪੰਨਾ ੧੩੬੭, ਸਲੋਕੁ ਭਗਤ ਕਬੀਰ ਜੀਉ ਕੇ, ਭਗਤ ਕਬੀਰ ਜੀ) – ਇੱਥੇ ਡੂਬਾ ਅਤੇ ਉਬਰਿਓ ਇਕੱਠੇ ਆ ਕੇ ਅੰਦਰੂਨੀ ਬਦਲਾਅ ਦਾ ਭਾਵ ਦਿੰਦੇ ਹਨ। ਗੁਣਾਂ ਦੀ ਲਹਿਰ, ਅਰਥਾਤ ਸੱਚੀ ਸੂਝ ਜਾਂ ਗੁਣਾਂ ਤੋਂ ਪ੍ਰਾਪਤ ਚੇਤਨਾ, ਡੁੱਬੇ ਹੋਏ ਜੀਵ ਨੂੰ ਉਭਾਰ ਸਕਦੀ ਹੈ। ਆਖਦੇ ਜਦ ਵੇਖਿਆ ਕੇ ਮੇਰਾ ਬੇੜਾ ਜਰਜਰਾ ਸੀ, ਬੇੜਾ ਭਾਵ ਜੀਵਨ, ਜਰਜਰਾ ਭਾਵ ਨਾਜ਼ੁਕ ਸੀ, ਹੁਣ ਪਤਾ ਲੱਗ ਗਿਆ ਕੇ ਗੁਣ ਡੁੱਬਣ ਨਹੀਂ ਦੇਣਗੇ ਤਾਂ ਭਵਸਾਗਰ ਵਿੱਚ ਬੇਫਿਕਰ ਹੋ ਕੇ ਛਾਲ ਮਾਰ ਦਿੱਤੀ ਹੈ।
ਦਸਮ ਪਾਤਿਸ਼ਾਹ ਆਖਦੇ ਹਨ “ਡੂਬੇ ਨਰਕ ਧਾਰ ਮੂੜ੍ਹ ਗਿਆਨ ਕੇ ਬਿਨਾ ਬਿਚਾਰ ਭਾਵਨਾ ਬਿਹੀਨ ਕੈਸੇ ਗਿਆਨ ਕੋ ਬਿਚਾਰ ਹੀਂ॥” – ਭਾਵ ਨਰਕ ਧਾਰੀ ਭਾਵ ਅਵਗੁਣਾਂ ਵਿੱਚ ਫਸੇ ਡੁੱਬ ਜਾਂਦੇ ਹਨ, ਗਿਆਨ ਤੋਂ ਬਿਨਾਂ ਵਿਚਾਰ, ਭਾਵਨਾ ਬਿਹੀਨ ਆਖਦੇ ਗਿਆਨ ਵਿਚਾਰ ਕਿਵੇਂ ਕਰ ਲਵੇਗਾ। ਗੁਰਬਾਣੀ ਅਲੰਕਾਰ ਦੀ ਭਾਸ਼ਾ ਹੈ। ਜੈਸੇ ਕੋਈ ਕਵੀ ਆਪਣੀ ਰਚਨਾ ਵਿੱਚ ਆਪਣੀ ਪ੍ਰੇਮਿਕਾ ਦੀ ਤੁਲਨਾ ਚੰਦ ਨਾਲ ਕਰਦਾ ਹੈ, ਆਦਿ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਦਸਮ ਬਾਣੀ ਵਿੱਚ ਅਲੰਕਾਰ ਦੀ ਭਾਸ਼ਾ ਦੀ ਵਰਤੋ ਹੋਈ ਹੈ। ਡੁੱਬਣਾ, ਤੈਰਨਾ, ਭਵਸਾਗਰ, ਬੇੜਾ, ਜਰਜਰਾ ਥਾਣੀ ਇਹ ਸਬ ਲਿਖਾਰੀ ਆਪਣੀ ਕਲਪਨਾ ਰੂਪ ਵਿੱਚ ਵਰਣਨ ਕਰਦੇ ਹਨ॥
ਡੁੱਬਣਾ ਅਸੀਂ ਵਿਚਾਰ ਲਿਆ। ਪਤਾ ਲੱਗ ਗਿਆ ਕਿ ਭਵਸਾਗਰ ਭਾਵ ਜੀਵਨ ਵਿੱਚ ਮਨਮਤਿ ਕਾਰਣ, ਵਿਕਾਰਾਂ ਕਾਰਣ, ਰੋਜ਼ ਡੁੱਬਦਾ ਪਿਆ ਸੀ ਭਾਵ ਪਰੇਸ਼ਾਨ ਹੁੰਦਾ ਸੀ, ਰੋਜ਼ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਝੂਠ ਨਿੰਦਿਆ ਕਾਰਨ ਪਰੇਸ਼ਾਨ ਸੀ। ਹੁਣ ਇਹ ਪਤਾ ਲੱਗ ਗਿਆ ਕੇ ਗੁਣਾਂ ਨਾਲ ਗੁਰ ਕੀ ਮਤਿ, ਉਤਮ ਭਗਤੀ ਦੀ ਮਤਿ ਨਾਲ ਤਰਨਾ ਹੈ। ਜੀਵਨ ਦੀ ਨਾਉ ਸਮੁੰਦ ਮੇਂ ਹੈ ਤੇ ਪਾਰ ਲੰਘਣਾ ਹੈ।
ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥ (ਪੰਨਾ ੩-੪, ਜਪੁ, ਗੁਰੂ ਨਾਨਕ ਦੇਵ ਜੀ) – ਸਾਰੀ ਖੇਡ ਮੰਨੇ ਤੇ ਖੜੀ ਹੈ। ਗੁਰਬਾਣੀ ਆਖਦੀ ਮੰਨ ਲੈ ਕੇ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥( ਰਾਗੁ ਆਸਾ, ਗੁਰੂ ਅਮਰਦਾਸ ਜੀ)”, ਇਨ੍ਹਾਂ ਪੰਕਤੀਆਂ ਵਿੱਚ ਨਾਮ ਨੂੰ ਉਹ ਆਸਰਾ ਦੱਸਿਆ ਗਿਆ ਹੈ ਜੋ ਜੀਵ ਨੂੰ ਸੰਸਾਰਕ ਭਟਕਣ ਤੋਂ ਕੱਢ ਕੇ ਸਹੀ ਰਾਹ ਤੇ ਟਿਕਾਉਂਦਾ ਹੈ। ਆਖਦੇ ਮੰਨੈ ਭਾਵ ਮੰਨਣ ਉਪਰੰਤ ਤਰੈ ਭਾਵ ਤਰਨਾ ਹੈ, ਤਾਰਨਾ ਹੈ ਗੁਰੁ (ਗੁਣਾਂ ਨੂੰ ਧਾਰਣ ਕਰਨ ਵਾਲੇ) ਦੀ ਸਿਖ ਭਾਵ ਸਿੱਖਿਆ। ਜੇ ਮੰਨ ਲਵੇਂਗਾ ਤਾਂ ਤਰੀ ਗਤੀ ਕਹੀ ਨਹੀਂ ਜਾ ਸਕਦੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।
ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥ (ਪੰਨਾ ੯੬੦, ਰਾਗੁ ਰਾਮਕਲੀ, ਗੁਰੂ ਅਰਜਨ ਦੇਵ ਜੀ) – ਗੁਰਬਾਣੀ ਆਖਦੀ ਹੈ ਕੇ ਭਗਤ ਜਨ, ਗੁਰੂ ਜਨ ਕੇਵਲ ਆਪ ਨਹੀਂ ਤਰਦੇ ਬਲਕੇ ਆਪਣੇ ਨਾਲ ਨਾਲ ਦੂਜਿਆਂ ਨੂੰ, ਪਰਿਵਾਰ ਨੂੰ, ਆਉਣ ਵਾਲੀਆਂ ਕੁਲਾਂ / ਪੀੜ੍ਹੀਆਂ ਨੂੰ ਵੀ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਦੇ ਚਾਨਣੇ ਵੱਲ ਲੈਕੇ ਜਾਂਦੇ ਹਨ।
ਗੁਰਬਾਣੀ ਪੜ੍ਹਦਿਆਂ ਕਈ ਵਾਰ ਇਹ ਭੁਲੇਖਾ ਪੈਂਦਾ ਹੈ ਕੇ ਮਨੁੱਖ ਆਪਣੇ ਜੋਰ ਨਾਲ ਆਪਣੇ ਕਰਮਾਂ ਰਾਹੀਂ ਭਵਸਾਗਰ ਤਰ ਸਕਦਾ ਹੈ ਤੇ ਗੁਰਬਾਣੀ ਸਪਸ਼ਟ ਕਰਦੀ ਹੈ ਕੇ “ਆਖਣਿ ਜੋਰੁ ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ ਦੇਣਿ ਨ ਜੋਰੁ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ॥ ਜੋਰੁ ਨ ਸੁਰਤੀ ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ ਛੁਟੈ ਸੰਸਾਰੁ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥” – ਆਪਣੇ ਜੋਰ ਨਾਲ ਨਾ ਮੰਗਿਆ ਜਾ ਸਕਦਾ ਹੈ, ਨਾ ਹੀ ਦਿੱਤਾ ਜਾਂ ਲਿਆ ਜਾ ਸਕਦਾ ਹੈ। ਤਰਨਾ, ਵਿਚਾਰਨਾ, ਗੱਲ ਸਮਝਣਾ, ਸਮਝਾਉਣਾ ਹੁਕਮ ਹੱਥ ਹੈ। ਗੁਰਪ੍ਰਸਾਦ ਤੇ ਨਿਰਭਰ ਕਰਦਾ ਹੈ। ਇਸਨੂੰ ਹੋਰ ਸਪਸ਼ਟ ਕੀਤਾ ਹੈ।
ਨਾਨਕ ਤਾਰੇ ਤਾਰਣਹਾਰੁ ॥੨੦॥ (ਪੰਨਾ ੯੩੮-੯੪੦, ਰਾਗੁ ਰਾਮਕਲੀ, ਗੁਰੂ ਨਾਨਕ ਦੇਵ ਜੀ) – ਇਨ੍ਹਾਂ ਪੰਕਤੀਆਂ ਵਿੱਚ ਪ੍ਰਭੂ ਜਾਂ ਗੁਰਮਤਿ ਦੀ ਉਹ ਤਾਕਤ ਉਭਰਦੀ ਹੈ ਜੋ ਜੀਵ ਨੂੰ ਸੰਸਾਰਕ ਡੁੱਬਣ ਤੋਂ ਕੱਢ ਕੇ ਪਾਰ ਲੰਘਾਉਂਦੀ ਹੈ। ਇਹ ਤਾਕਤ ਤਾਰਣਹਾਰ ਦੇ ਹੱਥ ਹੈ, ਕਰਤਾਰ ਦੇ ਹੱਥ ਹੈ ਇਸ ਲਈ ਹਉਮੇ ਵਿੱਚ ਨਾ ਕਿਤੇ ਫਸ ਜਾਵੀਂ “ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥ (ਪੰਨਾ ੯੩੮-੯੪੧, ਰਾਗੁ ਰਾਮਕਲੀ, ਗੁਰੂ ਨਾਨਕ ਦੇਵ ਜੀ)” – ਇਨ੍ਹਾਂ ਪੰਕਤੀਆਂ ਵਿੱਚ ਇਹ ਭਾਵ ਹੈ ਕਿ ਹਉਮੈ, ਭਰਮ ਅਤੇ ਦੂਜੇਪਣ ਤੋਂ ਛੁਟਕਾਰਾ ਮਿਲੇ ਤਾਂ ਹੀ ਜੀਵ ਅਸਲ ਪਾਰਉਤਾਰਾ ਅਨੁਭਵ ਕਰਦਾ ਹੈ।
ਗੁਰਮੁਖਿ ਤਾਰੇ ਪਾਰਿ ਉਤਾਰੇ ॥ ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥ (ਪੰਨਾ ੯੪੧-੯੪੩, ਰਾਗੁ ਰਾਮਕਲੀ, ਗੁਰੂ ਨਾਨਕ ਦੇਵ ਜੀ) – ਇਨ੍ਹਾਂ ਪੰਕਤੀਆਂ ਦਾ ਕੇਂਦਰ ਗੁਰੂ ਦੀ ਰਹਿਨੁਮਾਈ ਹੈ, ਗੁਣਾਂ ਨੂੰ ਮੁੱਖ ਰੱਖਣਾ ਹੈ, ਗੁਣਾਂ ਰਾਹੀਂ ਜੀਵ ਪਾਰ ਲੰਘਣ ਵਾਲੀ ਸੂਝ, ਟੇਕ ਅਤੇ ਆਤਮਕ ਉਧਾਰ ਪ੍ਰਾਪਤ ਕਰਦਾ ਹੈ।
ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥ ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥ (ਪੰਨਾ ੧੦੨੫-੧੦੨੬, ਰਾਗੁ ਮਾਰੂ, ਗੁਰੂ ਨਾਨਕ ਦੇਵ ਜੀ) – ਇੱਥੇ ਸਾਧਸੰਗਤ ਅਤੇ ਭਗਤ-ਸੰਗ ਦੀ ਮਹਿਮਾ ਆਉਂਦੀ ਹੈ, ਜਿੱਥੇ ਮਿਲਾਪ ਰਾਹੀਂ ਜੀਵ ਦਾ ਜੀਵਨ ਸੁਧਰਦਾ ਅਤੇ ਉਧਾਰ ਦਾ ਰਸਤਾ ਖੁਲ੍ਹਦਾ ਹੈ। ਸਾਧ ਗੁਰਮਤਿ ਨੇ ਦੱਸਿਆ ਹੈ ਮਨ ਸਾਧਣ ਨੂੰ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥”
ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥ ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮੑਾਰੇ ॥੨॥ (ਪੰਨਾ ੧੨੭੮, ਰਾਗੁ ਮਲਾਰ, ਗੁਰੂ ਅਰਜਨ ਦੇਵ ਜੀ) – ਇਨ੍ਹਾਂ ਪੰਕਤੀਆਂ ਵਿੱਚ ਨਾਮ (ਸੋਝੀ) ਨੂੰ ਉਹ ਆਸਰਾ ਦੱਸਿਆ ਗਿਆ ਹੈ ਜੋ ਜੀਵ ਨੂੰ ਸੰਸਾਰਕ ਭਟਕਣ ਤੋਂ ਕੱਢ ਕੇ ਸਹੀ ਰਾਹ ਤੇ ਟਿਕਾਉਂਦਾ ਹੈ।ਸਿਮਰਤ ਤੋਂ ਭਾਵ ਹੈ ਚੇਤੇ ਰੱਖਣਾ।
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥ (ਪੰਨਾ ੧੪੦੮-੧੪੧੨, ਸਵਈਏ ਮਹਲੇ ਪੰਜਵੇ ਕੇ, ਭੱਟ ਕਲੵ ਸਹਾਰ) – ਇੱਥੇ ਉਧਾਰ ਦਾ ਭਾਵ ਸਿਰਫ਼ ਇਕ ਵਿਅਕਤੀ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਹੋਰਾਂ ਲਈ ਵੀ ਕਲਿਆਣ, ਚੜ੍ਹਦੀ ਕਲਾ ਅਤੇ ਰਾਹਦਾਰੀ ਬਣਦਾ ਹੈ। ਇਹ ਮੋਹਰ ਹੈ ਗੁਰਬਾਣੀ ਵਿੱਚ ਕੇ ਭਗਤ ਜਨ, ਗੁਰੂ ਜਨ ਜਗ ਨੂੰ ਤਾਰਨ ਲਈ ਗਿਆਨ ਅੱਖਰੀ ਰੂਪ ਵਿੱਚ ਸੰਸਾਰ ਨੂੰ ਦੇ ਰਹੇ ਹਨ ਜਿਸ ਨਾਲ ਸੰਸਾਰ ਵੀ ਤਰ ਸਕੇ। ਇਸਦਾ ਉਦਾਹਰਣ ਕਬੀਰ ਜੀ ਸਪਸ਼ਟ ਦੱਸਦੇ ਹਨ “ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ॥ ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ॥੪॥ ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ॥ ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ॥”। ਅੱਗੇ ਭੱਟ ਸਾਹਿਬ ਆਖਦੇ ਹਨ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥ ਜਪੵਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥ (ਪੰਨਾ ੧੪੦੮-੧੪੧੨, ਸਵਈਏ ਮਹਲੇ ਪੰਜਵੇ ਕੇ, ਭੱਟ ਕਲੵ ਸਹਾਰ) – ਤੱਤ ਵਿਚਾਰ ਇਹੀ ਹੈ ਕੇ ਸੰਸਾਰ ਨੂੰ ਤਾਰਨ ਲਈ ਗੁਰੂ ਸਾਹਿਬਾਨ ਧਰਤੀ ਤੇ ਅਵਤਰਿਤ ਹੋਏ ਹਨ, ਆਪ ਹਰਿ ਦਾ ਰੂਪ ਹੋਏ ਹਨ ਕਿਉਂਕੇ “ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ॥ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ॥”। ਨਾਨਕ ਪਾਤਿਸ਼ਾਹ ਵੀ ਆਖਦੇ ਹਨ ਕੇ ਧੁਰ ਕੀ ਬਾਣੀ ਜੋ ਮੈਨੂੰ ਪ੍ਰਾਪਤ ਹੋ ਰਹੀ ਹੈ ਮੈਂ ਉਹੀ ਦਰਜ ਕਰ ਰਿਹਾ ਹਾਂ।
ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥ (ਪੰਨਾ ੨੨-੨੪, ਸਿਰੀ ਰਾਗੁ, ਗੁਰੂ ਨਾਨਕ ਦੇਵ ਜੀ) – ਇਨ੍ਹਾਂ ਪੰਕਤੀਆਂ ਵਿੱਚ ਪ੍ਰਭੂ ਜਾਂ ਗੁਰਮਤਿ ਦੀ ਉਹ ਤਾਕਤ ਉਭਰਦੀ ਹੈ ਜੋ ਜੀਵ ਨੂੰ ਸੰਸਾਰਕ ਡੁੱਬਣ ਤੋਂ ਕੱਢ ਕੇ ਪਾਰ ਲੰਘਾਉਂਦੀ ਹੈ। ਪਾਰ ਲੰਘਾਉਣ ਵਾਲਾ ਏਕ ਹੈ। ਗੁਰਬਾਣੀ ਵਿੱਚ ਇਕ ਏਕ ਏਕੁ ਵਰਗੇ ਸ਼ਬਦ ਆਏ ਹਨ। ਇਕ ਤੋਂ ਭਾਵ ਗਿਣਤੀ ਵਾਲਾ ੧ ਹੈ ਪਰ ਏਕ ਤੋਂ ਭਾਵ ਹੁੰਦਾ ਹੈ ਏਕੇ ਕਰਕੇ ਇੱਕ ਹੋਣਾ। ਵਿਸਥਾਰ ਨਾਲ ਸਮਝਣ ਲਈ ਵੇਖੋ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ”। ਇਸੇ ਏਕੇ ਨੇ, ਭਾਵ ਹੁਕਮ ਨਾਲ ਇੱਕ ਮਤਿ ਹੋਣਾ, ਸਬ ਗੋਬਿੰਦ ਵੇਖਣਾ, ਸਬ ਮਹਿ ਜੋਤ ਜੋਤ ਹੈ ਸੋਏ ਸਮਝ ਲੈਣਾ ਏਕਾ ਹੈ। ਇਸ ਏਕੇ ਬਾਰੇ ਕਹਿਆ ਹੈ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥ (ਪੰਨਾ ੨੪-੨੫, ਸਿਰੀ ਰਾਗੁ, ਗੁਰੂ ਨਾਨਕ ਦੇਵ ਜੀ) – ਤੇਰਾ ਦਿੱਤਾ ਏਕੇ ਦਾ ਨਾਮ (ਸੋਝੀ) ਸੰਸਾਰ ਸਾਗਰ ਵਿੱਚ ਮਨੁੱਖ ਨੂੰ ਤਾਰਦਾ ਹੈ।
ਆਦਿ ਅਨਾਦਿ ਅਗਾਧ ਅਭੇਖ ਅਦ੍ਵੈਖ ਜਪਿਓ ਤਿਨ ਹੀ ਕੁਲ ਤਾਰੇ ॥੯॥੨੫੧॥ (ਪੰਨਾ ੩੫-੩੮, ਅਕਾਲ ਉਸਤਤ, ਗੁਰੂ ਗੋਬਿੰਦ ਸਿੰਘ ਜੀ) – ਜਿਹੜਾ ਆਦਿ ਭਾਵ ਹਮੇਸ਼ਾ ਤੋਂ ਹੈ, ਅਨਾਦਿ ਸਮੇਂ ਤੋਂ ਪਰੇ ਅਗਾਧ ਭਾਵ ਬਿਅੰਤ ਹੈ, ਸਰਵਵਿਆਪੀ ਹੈ, ਜਿਸਦੇ ਕੋਈ ਦਾਗ ਨਹੀਂ ਜਿਸਦਾ ਕਿਸੇ ਨਾਲ ਕੋਈ ਵੈਰ ਨਹੀਂ, ਉਸ ਪ੍ਰਭ ਨੂੰ ਜਪਿਓ ਭਾਵ ਪਛਾਣੇ ਤੂੰ ਤਰ ਜਾਣਾ ਤੇ ਤੇਰੀਆਂ ਕੁਲਾਂ ਨੇ ਤਰ ਜਾਣਾ। ਪ੍ਰਭ ਕੌਣ ਜਾਨਣ ਲਈ ਵੇਖੋ “ਠਾਕੁਰ ਅਤੇ ਪ੍ਰਭ”।
ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥ (ਪੰਨਾ ੬੩-੬੪, ਸਿਰੀ ਰਾਗੁ, ਗੁਰੂ ਨਾਨਕ ਦੇਵ ਜੀ)– ਹਰਿ ਦਾ ਨਾਮ ਸਤਿ ਗੁਰ (ਸੱਚੇ ਦਾ ਗੁਣ), ਰਸਿ ਭਾਵ ਸਮਝ ਜਦੋਂ ਮਿਲ ਜਾਵੇ, ਇਹ ਗੁਣ ਹਰਿ ਦਾ ਨਾਮ (ਸੋਝੀ) ਬਣ ਕੇ ਤਾਰਨਹਾਰ ਹੋ ਜਾਂਦੀ ਹੈ। ਹਰਿ ਸਮਝਣ ਲਈ ਵੇਖੋ “ਹਰਿ”।
ਤਾਰਨ ਲੋਕ ਉਧਾਰਨ ਭੂਮਹਿ ਦੈਤ ਸੰਘਾਰਨ ਚੰਡਿ ਤੁਹੀ ਹੈ ॥ ਕਾਰਨ ਈਸ ਕਲਾ ਕਮਲਾ ਹਰਿ ਅਦ੍ਰਸੁਤਾ ਜਹ ਦੇਖੋ ਉਹੀ ਹੈ ॥ ਤਾਮਸਤਾ ਮਮਤਾ ਨਮਤਾ ਕਵਿਤਾ ਕਵਿ ਕੇ ਮਨ ਮਧਿ ਗੁਹੀ ਹੈ ॥ ਕੀਨੋ ਹੈ ਕੰਚਨ ਲੋਹ ਜਗਤ੍ਰ ਮੈ ਪਾਰਸ ਮੂਰਤਿ ਜਾਹਿ ਛੁਹੀ ਹੈ ॥੪॥ (ਪੰਨਾ ੭੪, ਚੰਡੀ ਚਰਿਤ੍ਰ ਉਕਤਿ ਬਿਲਾਸ, ਗੁਰੂ ਗੋਬਿੰਦ ਸਿੰਘ ਜੀ) – ਦਸਮ ਪਾਤਿਸ਼ਾਹ ਚੰਡੀ ਚਰਿਤ੍ਰ ਭਾਵ ਚੰਡੀ ਹੋਈ ਬੁੱਧ, ਗੁਰਮਤਿ ਧਾਰਣੀ ਬੁੱਧ ਬਾਰੇ ਕਹਿ ਰਹੇ ਹਨ ਕੇ ਦੈਤ (ਵਿਕਾਰ) ਦਾ ਸੰਘਾਰ ਭਾਵ ਨਾਸ ਕਰਕੇ ਚੰਡਣ ਵਾਲੀ ਤੂੰ ਹੀ ਹੈ ਤੇ ਤੂੰ ਹੀ ਲਿਖਾਰੀ ਦੇ ਮਨ ਵਿੱਚ ਵਸੀ ਹੋਈ ਹੈਂ। ਦਸਮ ਬਾਣੀ ਤੇ ਆਦਿ ਬਾਣੀ ਪੜ੍ਹ ਕੇ ਕਈ ਵਾਰ ਲੋਕਾਂ ਨੂੰ ਭੁਲੇਖਾ ਪੈਂਦਾ ਹੈ ਕੇ ਸੰਸਾਰੀ ਦੇਵੀ ਦੇਵਤਿਆਂ ਦੀ ਗੱਲ ਹੋ ਰਹੀ ਹੈ ਪਰ ਵਿਚਾਰਨ ਤੇ ਇਹ ਅਲੰਕਾਰ ਸਪਸ਼ਟ ਹੋ ਜਾਂਦੇ ਹਨ। ਵੇਖੋ “ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?”
ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥੩॥ (ਪੰਨਾ ੧੨੪-੧੨੫, ਰਾਗੁ ਮਾਝ, ਗੁਰੂ ਅਮਰਦਾਸ ਜੀ) – ਜਿਹੜਾ ਜੀਵਨ ਵਿੱਚ ਗੁਣਾਂ ਨੂੰ ਮੁੱਖ ਰੱਖਣ ਵਾਲਾ ਗੁਰਮੁਖ ਹੈ ਉਸਨੇ ਆਪ ਵੀ ਤਰ ਜਾਣਾ ਤੇ ਨਾਲ ਦੂਜਿਆਂ ਨੂੰ ਵੀ ਸਮਝਾ ਕੇ ਤਾਰ ਦੇਣਾ ਹਰਿ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥ (ਪੰਨਾ ੧੨੮, ਰਾਗੁ ਮਾਝ, ਗੁਰੂ ਅਮਰਦਾਸ ਜੀ)। ਉਸਦਾ ਫੇਰ ਦਰਗਾਹ, ਪ੍ਰਭ ਦੀ ਹਜੂਰੀ ਵਿੱਚ ਵੀ ਮਾਣ ਹੁੰਦਾ ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ ॥੭॥ (ਪੰਨਾ ੧੩੦-੧੩੧, ਰਾਗੁ ਮਾਝ, ਗੁਰੂ ਰਾਮਦਾਸ ਜੀ) ।
ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥ ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥ ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥ (ਪੰਨਾ ੧੬੨-੧੬੩, ਰਾਗੁ ਗਉੜੀ, ਗੁਰੂ ਅਮਰਦਾਸ ਜੀ) – ਜਿਹੜੇ ਪਾਪ ਪੁੰਨ ਦੀ ਗੇੜ ਵਿੱਚ ਫਸੇ ਭਵਸਾਗਰ ਵਿੱਚ ਡੁੱਬ ਰਹੇ ਹਨ ਉਹ ਗੁਰਮਤਿ ਤੋਂ ਸੋਝੀ ਲੈਕੇ ਹਰੇ ਹੋ ਜਾਂਦੇ ਹਨ ਤੇ ਤਰ ਜਾਂਦੇ ਹਨ। ਪਾਪ ਪੁੰਨ ਬਾਰੇ ਜਾਨਣ ਲਈ ਵੇਖੋ “ਪਾਪ ਪੁੰਨ (paap/punn)”।
ਨੀਚੇ ਕੁੱਝ ਹੋਰ ਉਦਾਹਰਣ ਹਨ ਜਿਹਨਾਂ ਵਿੱਚ ਇਹੀ ਗੱਲ ਦੱਸੀ ਹੈ।
ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥ ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ ॥ ਗੁਰਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥ ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥ (ਪੰਨਾ ੨੪੩-੨੪੪, ਰਾਗੁ ਗਉੜੀ, ਗੁਰੂ ਅਮਰਦਾਸ ਜੀ) – ਇਨ੍ਹਾਂ ਪੰਕਤੀਆਂ ਵਿੱਚ ਪ੍ਰਭੂ ਜਾਂ ਗੁਰਮਤਿ ਦੀ ਉਹ ਤਾਕਤ ਉਭਰਦੀ ਹੈ ਜੋ ਜੀਵ ਨੂੰ ਸੰਸਾਰਕ ਡੁੱਬਣ ਤੋਂ ਕੱਢ ਕੇ ਪਾਰ ਲੰਘਾਉਂਦੀ ਹੈ।
ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ ॥ ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ ॥੨॥ (ਪੰਨਾ ੨੪੫-੨੪੬, ਰਾਗੁ ਗਉੜੀ, ਗੁਰੂ ਅਮਰਦਾਸ ਜੀ) – ਇਨ੍ਹਾਂ ਪੰਕਤੀਆਂ ਵਿੱਚ ਨਾਮ ਨੂੰ ਉਹ ਆਸਰਾ ਦੱਸਿਆ ਗਿਆ ਹੈ ਜੋ ਜੀਵ ਨੂੰ ਸੰਸਾਰਕ ਭਟਕਣ ਤੋਂ ਕੱਢ ਕੇ ਸਹੀ ਰਾਹ ਤੇ ਟਿਕਾਉਂਦਾ ਹੈ। ਤੇ ਗੁਣਾਂ ਦੇ ਧਾਰਣੀ ਲਈ ਗੁਣਾਂ ਨੂੰ ਮੁੱਖ ਰੱਖਣ ਵਾਲੇ ਲਈ ਤਰਨਾ ਸੌਖਾ ਹੋ ਜਾਂਦਾ ਹੈ।
ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ ॥ ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥ ਜਿਨੀ ਤੁਧਨੋ ਧੰਨੁ ਕਹਿਆ ਤਿਨ ਜਮੁ ਨੇੜਿ ਨ ਆਇਆ ॥ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ॥ ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥੪॥੨॥ (ਪੰਨਾ ੨੪੭-੨੪੮, ਰਾਗੁ ਗਉੜੀ, ਗੁਰੂ ਅਰਜਨ ਦੇਵ ਜੀ)
ਯਾਹੂ ਤਰਨ ਤਾਰਨ ਸਮਰਾਥਾ ॥ ਰਾਖਿ ਲੇਹੁ ਨਿਰਗੁਨ ਨਰਨਾਥਾ ॥ ਮਨ ਬਚ ਕ੍ਰਮ ਜਿਹ ਆਪਿ ਜਨਾਈ ॥ ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥ (ਪੰਨਾ ੨੫੯, ਰਾਗੁ ਗਉੜੀ, ਗੁਰੂ ਅਰਜਨ ਦੇਵ ਜੀ)
ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥ ਸਰਬ ਰੋਗ ਕਾ ਅਉਖਦੁ ਨਾਮੁ ॥ ਕਲਿਆਣ ਰੂਪ ਮੰਗਲ ਗੁਣ ਗਾਮ ॥ ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥ ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥ (ਪੰਨਾ ੨੭੪-੨੭੫, ਰਾਗੁ ਗਉੜੀ, ਗੁਰੂ ਅਰਜਨ ਦੇਵ ਜੀ) – ਇਨ੍ਹਾਂ ਪੰਕਤੀਆਂ ਵਿੱਚ ਨਾਮ (ਹੁਕਮ ਦੀ ਸੋਝੀ) ਨੂੰ ਸਾਰੇ ਰੋਗਾਂ ਦੀ ਔਸ਼ਧੀ ਦੱਸਿਆ ਹੈ।
ਸੰਕਟ ਹਰਨ ਸਭ ਸਿਧਿ ਕੀ ਕਰਨ ਚੰਡ ਤਾਰਨ ਤਰਨ ਅਰੁ ਲੋਚਨ ਬਿਸਾਲ ਹੈ ॥ ਆਦਿ ਜਾ ਕੈ ਆਹਮ ਹੈ ਅੰਤ ਕੋ ਨ ਪਾਰਾਵਾਰ ਸਰਨਿ ਉਬਾਰਨ ਕਰਨ ਪ੍ਰਤਿਪਾਲ ਹੈ ॥ ਅਸੁਰ ਸੰਘਾਰਨ ਅਨਿਕ ਦੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮ ਜਾਲ ਹੈ ॥ ਦੇਵੀ ਬਰੁ ਲਾਇਕ ਸੁਬੁਧਿ ਹੂ ਕੀ ਦਾਇਕ ਸੁ ਦੇਹ ਬਰੁ ਪਾਇਕ ਬਨਾਵੈ ਗ੍ਰੰਥ ਹਾਲ ਹੈ ॥੭॥ (ਪੰਨਾ ੨੯੦, ਚਉਬੀਸ ਅਵਤਾਰ, ਗੁਰੂ ਗੋਬਿੰਦ ਸਿੰਘ ਜੀ)
ਮਨ ਕਾ ਸੁਭਾਉ ਮਨਹਿ ਬਿਆਪੀ॥ ਮਨਹਿ ਮਾਰਿ ਕਵਨ ਸਿਧਿ ਥਾਪੀ॥੧॥ ਕਵਨੁ ਸੁ ਮੁਨਿ ਜੋ ਮਨੁ ਮਾਰੈ॥ ਮਨ ਕਉ ਮਾਰਿ ਕਹਹੁ ਕਿਸੁ ਤਾਰੈ॥੧॥ ਰਹਾਉ॥ ਮਨ ਅੰਤਰਿ ਬੋਲੈ ਸਭੁ ਕੋਈ॥ ਮਨ ਮਾਰੇ ਬਿਨੁ ਭਗਤਿ ਨ ਹੋਈ॥੨॥ (ਪੰਨਾ ੩੨੮-੩੨੯, ਰਾਗੁ ਗਉੜੀ, ਭਗਤ ਕਬੀਰ ਜੀ) – ਇੱਥੇ ਕਬੀਰ ਜੀ ਮਹਾਰਾਜ ਪੁੱਛਦੇ ਹਨ ਕੇ ਮਨ (ਅਗਿਆਨਤਾ) ਨੂੰ ਮਾਰਣ ਵਾਲਾ ਕੌਣ ਹੈ। ਮਨ ਤਾਂ ਤਿੰਨਾਂ ਲੋਕਾਂ ਦਾ ਮਾਲਕ ਸਮਝੀ ਬੈਠਾ ਹੈ ਆਪਣੇ ਆਪ ਨੂੰ। ਪੁੱਛਦੇ ਨੇ ਦੱਸੋ ਕਿਹੜਾ ਹੈ ਜਿਸਨੇ ਮਨ ਨੂੰ ਮਾਰ ਲਿਆ? ਮਨ ਭਾਵ ਅਗਿਆਨਤਾ, ਦੁਰਮਤਿ, ਵਿਕਾਰਾਂ ਵੱਲ ਖਿੱਚ ਸੰਸਾਰੀ ਪਦਾਰਥਾਂ ਦੇ ਬੰਧਨਾਂ ਤੋਂ ਛੁੱਟੇ ਬਿਨਾਂ ਤਾਂ ਭਗਤੀ ਹੁੰਦੀ ਹੀ ਨਹੀਂ ਹੈ।
ਸੋ ਸਪਸ਼ਟ ਹੁੰਦਾ ਹੈ ਕੇ ਜੀਵ ਦੀ ਜੀਵਨ ਯਾਤਰਾ ਇੱਕ ਸਮੁੰਦਰ ਵਾਂਗ ਹੈ। ਜਿਸ ਵਿੱਚ ਜੀਵ ਨੇ ਆਪਣੀ ਬੇੜੀ ਪਾਈ ਹੋਈ ਹੈ। ਇਸ ਬੇੜੀ ਵਿੱਚ ਮਨ ਕਾਰਨ, ਅਗਿਆਨਤਾ ਕਾਰਨ, ਦੁਰਮਤਿ ਕਾਰਨ ਹਜਾਰਾਂ ਛੇਕ ਹੋ ਰਹੇ ਹਨ ਤੇ ਅਗਿਆਨਤਾ ਕਾਰਣ ਹੀ ਜੀਵ ਨੂੰ ਤੈਰਨਾ ਨਹੀਂ ਆਉਂਦਾ। ਗੁਰਮਤਿ ਦੁਆਰਾ ਪ੍ਰਾਪਤ ਨਾਮ (ਸੋਝੀ) ਮਨੁੱਖ ਨੂੰ ਤਰਨ ਲਈ ਸਹਾਇਕ ਹੁੰਦੀ ਹੈ। ਭਵਸਾਗਰ ਦਾ ਸਫਰ ਆਨੰਦਮਈ ਹੋ ਜਾਂਦਾ ਹੈ। ਮਨੁੱਖ ਆਪ ਤਾਂ ਤੈਰਦਾ ਹੀ ਹੈ ਤਰਦਾ ਹੀ ਹੈ ਨਾਲ ਦੂਜਿਆਂ ਨੂੰ ਵੀ ਸੋਝੀ ਦੇ ਕੇ ਉਹਨਾਂ ਨੂੰ ਵੀ ਤਾਰ ਲੈਂਦਾ ਹੈ। ਤਾਰਨ ਵਾਲਾ ਪ੍ਰਭ ਹੈ, ਗਿਆਨ ਰੂਪੀ ਗੁਣਾਂ ਦਾ ਪ੍ਰਸਾਦ ਦੇਣ ਵਾਲਾ ਪ੍ਰਭ ਹੈ ਹਰਿ ਹੈ। ਨਾਮ ਹੀ ਬਾਂਹ ਹੈ ਜੋ ਭਗਤ ਜੀ ਤਰਨ ਲਈ ਮੰਗ ਰਹੇ ਹਨ ਤੇ ਉਹਨਾਂ ਨੂੰ ਮਿਲੀ ਵੀ ਹੈ ਆਖਦੇ “ਮੋ ਕਉ ਤਾਰਿ ਲੇ ਰਾਮਾ ਤਾਰਿ ਲੇ॥ ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ॥੧॥ ਰਹਾਉ॥ ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ॥ ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ॥” – ਸਪਸ਼ਟ ਹੀ ਕਹਿ ਰਹੇ ਹਨ ਕੇ ਮੈਨੂੰ ਤੈਰਨਾ ਨਹੀਂ ਆਉਂਦਾ ਤੇ ਤੂੰ ਆਪਣੀ ਬਾਹ ਦੇ ਕੇ ਸਹਾਰਾ ਦੇ। ਫੇਰ ਆਖਦੇ ਸਤਿਗੁਰ (ਸੱਚੇ ਦੇ ਗੁਣਾਂ) ਨੇ ਬੁਧ ਸਿਖਲਾਈ ਤਾਂ ਮੈਂ ਤਰ ਗਿਆ।
ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ ਕੇ ਅਸੀਂ ਗੁਰਮਤਿ ਵਿਚਾਰ ਕਰਕੇ ਤਰਨਾ ਹੈ ਜਾਂ ਭਵਸਾਗਰ ਦੇ ਵਿੱਚ ਵਿਕਾਰਾਂ ਦੀਆਂ ਉਠਦੀਆਂ ਲਹਿਰਾਂ ਵਿੱਚ ਡੁੱਬਣਾ ਹੈ।
