ਖਸਮ, ਪਿਤਾ, ਪਿਓ ਜਾਂ ਬਾਪ ਕੌਣ?
ਕੁਝ ਦਿਨ ਪਹਿਲਾਂ ਇੱਕ ਦਸਮ ਵਿਰੋਧੀ ਗ੍ਰੁਪ ਤੇ ਸ਼ਾਮਿਲ ਹੋਇਆ। ਜਦੋਂ ਉਹਨਾਂ ਨੂੰ ਪਤਾ ਲੱਗਾ ਕੇ ਮੈਂ ਦਸਮ ਬਾਣੀ ਦਾ ਵਿਰੋਧ ਨਹੀਂ ਕਰਦਾ ਤਾਂ ਉੱਥੇ ਬਹੁਤੇ ਵੀਰ ਮੰਦੀ ਸ਼ਬਦਾਵਲੀ ਤੇ ਉਤਰ ਆਏ। ਕੋਈ ਵਿਚਾਰ ਵਰਚਾ ਕਰਨਾ ਹੀ ਨਹੀਂ ਚਾਹੁੰਦੇ ਸੀ। ਇਲਜ਼ਾਮ ਲਾਇਆ ਕੇ ਦਸਮ ਬਾਣੀ ਮੰਨਣ ਵਾਲੇ ਦੋ ਖਸਮ ਰੱਖੀ ਬੈਠੇ ਨੇ। ਮੈਂ ਪੁੱਛਿਆ ਕੇ ਦੱਸੋ ਗੁਰਮਤਿ ਵਿੱਚ ਖਸਮ ਕਿਸ ਨੂੰ ਕਹਿਆ ਤਾਂ ਕੋਈ ਜਵਾਬ ਨਹੀਂ ਆਇਆ। ਕੱਡੋ ਕੱਡੋ ਕਰਨ ਲੱਗ ਪਏ ਸਾਰੇ ਹੀ। ਬੜੇ ਵੀਰ ਭੈਣਾਂ ਅਖੌਤੀ ਬਿਦਵਾਨ ਛਾਤੀ ਠੋਕ ਠੋਕ ਕੇ ਖਸਮ ਖਸਮ ਕਰਦੇ ਹਨ, ਕਈ ਪੋਥੀ ਸਾਹਿਬ ਨੂੰ ਖਸਮ, ਪਿਤਾ ਬਾਪ ਦੱਸੀ ਜਾਣਗੇ। ਜਦੋਂ ਕੋਈ ਤਰਕ ਨਾ ਹੋਵੇ ਜਾਂ ਦਲੀਲ ਨਾ ਹੋਵੇ, ਜਾਂ ਦਸਮ ਗ੍ਰੰਥ ਨੂੰ ਭੰਡਣਾ ਹੋਵੇ ਤਾਂ ਆਖ ਦਿੰਦੇ ਹਨ ਕੇ ਤੁਸੀਂ ਦੋ ਖਸਮ ਰੱਖੇ ਹਨ। ਅੱਜ ਦੀ ਇਸ ਪੋਸਟ ਵਿੱਚ ਵੇਖਦੇ ਹਾਂ ਕੇ ਭਗਤਾਂ ਨੇ, ਗੁਰੂਆਂ ਨੇ ਖਸਮ, ਬਾਪ ਜਾਂ ਪਿਤਾ ਕਿਸ ਨੂੰ ਕਹਿਆ ਹੈ। ਜਿਹੜੀ ਬਾਣੀ ਖਸਮ ਬਾਰੇ ਦੱਸ ਰਹੀ ਹੈ, ਪਿਤਾ ਬਾਪ ਬਾਰੇ ਦੱਸ ਰਹੀ ਹੈ ਉਸ ਨੂੰ ਹੀ ਕਿਵੇਂ ਖਸਮ ਆਖੀ ਜਾਂਦੇ ਨੇ ਕਈ ਅਖੌਤੀ ਵਿਦਵਾਨ। ਸਾਡੇ ਲਈ ਆਦਿ ਬਾਣੀ/ਪੋਥੀ ਸਾਹਿਬ ਦੇ ਵਿੱਚ ਦਾ ਗਿਆਨ ਤੇ ਦਸਮ ਬਾਣੀ ਦੋਵੇਂ ਹੀ ਪੂਜਨੀਕ ਹਨ ਕਿਉਂਕੇ ਗਿਆਨ ਦੇ ਰਹੇ ਨੇ। ਖਸਮ ਬਾਰੇ ਕੀ ਕਹਿਆ ਗਿਆ ਹੈ ਇਹ ਵਿਚਾਰੀਏ।
ਗੁਰਬਾਣੀ ਦਾ ਫੁਰਮਾਨ ਹੈ “ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ॥” – “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥” ਬਿਨਸ ਜਾਣ ਵਾਲੀ ਹਰੇਕ ਵਸਤੂ ਝੂਠ ਹੈ। ਸਦੀਵ ਰਹਿਣ ਵਾਲਾ ਅਕਾਲ ਹੀ ਖਸਮ ਹੈ। ਵਿਚਾਰਨ ਵਾਲੀ ਗੱਲ ਹੈ ਕੇ ਜੇ ਸੱਚ ਸਬਨਾ ਕਾ ਖਸਮ ਹੈ ਤਾਂ ਕੀ ਕੇਵਲ ਪੋਥੀ ਵਿੱਚ ਹੀ ਜਾਂ ਪੋਥੀ ਹੀ ਸੱਚ ਹੈ? ਪੋਥੀ ਦੀ ਰਚਨਾ ਤੋਂ ਪਹਿਲਾਂ ਕੋਈ ਸੱਚ ਨਹੀਂ ਸੀ?
”ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ॥ ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ॥ ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ॥ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ॥” – ਪਾਰਬ੍ਰਹਮ ਨੂੰ ਖਸਮ ਕਹਿਆ ਹੈ ਗੁਰਮਤਿ ਨੇ। ਅਖੌਤੀ ਵਿਦਵਾਨਾਂ ਨੂੰ ਬ੍ਰਹਮ, ਬ੍ਰਹਮਾ, ਪੂਰਨਬ੍ਰਹਮ ਤੇ ਪਾਰਬ੍ਰਹਮ ਦਾ ਹੀ ਪਤਾ ਨਹੀਂ ਤੇ ਸੁਣੀ ਸੁਣਾਈ ਗੱਲ ਕਰਦੇ ਹਨ। “ਪਾਰਬ੍ਰਹਮ ਸਤਿਗੁਰ ਆਦੇਸੁ॥ ਮਨੁ ਤਨੁ ਤੇਰਾ ਸਭੁ ਤੇਰਾ ਦੇਸੁ॥ ਚੂਕਾ ਪੜਦਾ ਤਾਂ ਨਦਰੀ ਆਇਆ॥ ਖਸਮੁ ਤੂਹੈ ਸਭਨਾ ਕੇ ਰਾਇਆ॥੨॥”
”ਮੈ ਮਨਿ ਤਨਿ ਪ੍ਰਭੂ ਧਿਆਇਆ॥ ਜੀਇ ਇਛਿਅੜਾ ਫਲੁ ਪਾਇਆ॥ ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ॥” – ਨਾਨਕ ਪਾਤਿਸ਼ਾਹ ਪ੍ਰਭੁ ਨੂੰ ਖਸਮ ਆਖ ਰਹੇ ਹਨ। ਪ੍ਰਭ ਵਸਦਾ ਹੈ ਘਟ ਵਿੱਚ। ਪ੍ਰਭ ਬਾਰੇ ਜਾਨਣ ਲਈ ਵੇਖੋ “ਪ੍ਰਭ”। “ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ॥ ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ॥ ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ॥ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ॥” – ਜਿਹੜੇ ਦਸਮ ਬਾਣੀ ਦਾ ਵਿਰੋਧ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਖਸਮ ਆਖਦੇ ਹਨ ਤੇ ਦਸਮ ਬਾਣੀ ਨੂੰ ਮੰਨਣ ਵਾਲੇ ਨੂੰ ਦੋ ਖਸਮ ਮੰਨਣ ਵਾਲਾ ਆਖਦੇ ਹਨ ਉਹ ਆਪ ਹੀ ਉਸ ਦੁਬਿਧਾ ਵਿੱਚ ਫਸੇ ਹੋਏ ਹਨ। ਅਕਾਲ/ਹਰਿ/ਪ੍ਰਭ ਦੇ ਇਲਾਵਾ ਭਾਵੇਂ ਗੁਰੂ ਗ੍ਰੰਥ ਸਾਹਿਬ ਨੂੰ ਖਸਮ ਆਖਦੇ ਹਨ ਇਹ ਵੀ ਦੂਜਾ ਖਸਮ ਮੰਨਣਾ ਹੀ ਹੈ। ਇੱਕ ਪਾਸੇ ਪੋਥੀ ਨੂੰ ਗੁਰੂ ਗ੍ਰੰਥ ਸਾਹਿਬ ਤੇ ਖਸਮ ਵੀ ਆਖ ਰਹੇ ਨੇ ਤੇ ਦੂਜੇ ਪਾਸੇ ਇਹ ਵੀ ਪੜ੍ਹ ਰਹੇ ਹਨ ਕੇ “ਗੁਰ ਮਿਲਿ ਅਪੁਨਾ ਖਸਮੁ ਧਿਆਵਉ॥”, ਜਾਂ ਤਾ ਇਸਨੂੰ ਮੰਨੋ ਜਾਂ ਫੇਰ ਪੋਥੀ ਨੂੰ ਖਸਮ ਆਖੋ। ਬਾਣੀ ਆਪ ਨਹੀਂ ਵਿਚਾਰੀ ਤੇ ਦੋਸ਼ ਦੂਜਿਆਂ ਨੂੰ ਦਿੰਦੇ ਹਨ। ਜਿਸਨੂੰ ਖਸਮ ਪ੍ਰਭ ਮਿਲ ਜਾਦਾਂ ਹੈ ਉਹ ਮੁਕਤ ਹੋ ਜਾਂਦਾ ਹੈ ਵਿਕਾਰਾਂ ਤੋਂ “ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ॥ ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ॥” ਦੱਸੋ ਕੌਣ ਦਾਅਵਾ ਕਰਦਾ ਹੈ ਮੁਕਤ ਹੋਣ ਦਾ ਤੇ ਖਸਮ ਪ੍ਰਾਪਤੀ ਦਾ? ਜੇ ਪੋਥੀ ਖਸਮ ਹੈ ਤਾਂ ਜਿਹੜੇ ਗੁਰੂ ਘਰ ਜਾ ਰਹੇ ਨੇ ਸਾਰੇ ਹੀ ਮੁਕਤ ਹੋਣੇ ਚਾਹੀਦੇ ਸੀ। “ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥”। “ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥”
”ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ॥ ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ॥ ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ॥ ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ॥ ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ॥”, ਹਰਿ ਨੂੰ ਖਸਮ ਕਹਿਆ ਜਾ ਰਹਿਆ ਹੈ “ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥”
ਇਹ ਪਤਾ ਨਹੀਂ ਖਸਮ ਪੋਥੀ ਨੂੰ ਕਿਵੇਂ ਮੰਨ ਰਹੇ ਹਨ, ਗੁਰਬਤਣੀ ਦਾ ਫੁਰਮਾਨ ਹੈ “ਇਤੁ ਸੰਗਤਿ ਨਾਹੀ ਮਰਣਾ॥ ਹੁਕਮੁ ਪਛਾਣਿ ਤਾ ਖਸਮੈ ਮਿਲਣਾ॥” – ਹੁਕਮ ਪਛਾਣ, ਸਮਝ ਬੂਝ ਕੇ ਖਸਮ ਨੂੰ ਮਿਲਣਾ ਹੈ। “ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥”, “ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥”, ਹਰਿ ਹੀ ਠਾਕੁਰ ਹੈ, ਹਰਿ ਹੀ ਅਕਾਲ ਮੂਰਤ ਹੈ ਤੇ ਹੁਕਮ ਪਛਾਣ ਕੇ ਹੀ ਹਰਿ /ਖਸਮ ਦੀ ਪ੍ਰਾਪਤੀ ਹੋਣੀ ਹੈ। ਜਿਹੜੇ ਦਸਮ ਬਾਣੀ ਦਾ ਵਿਰੋਧ ਕਰਦੇ ਹਨ ਉਹ ਸਮਝਣ ਕੇ ਦਸਮ ਬਾਣੀ ਵਿੱਚ ਅਕਾਲ ਦੇ ਗੁਣ ਤੇ ਉਸੇ ਖਸਮ ਅਕਾਲ ਦੀ ਹੀ ਸਿਫ਼ਤ ਕੀਤੀ ਗਈ ਹੈ।
”ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ॥”
”ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥” – ਖਸਮ ਨੂੰ ਜੋ ਭਾਉਣਾ ਉਸ ਨੂੰ ਸਮਝ ਕੇ ਹੀ ਆਨੰਦ ਪ੍ਰਾਪਤ ਹੋਣਾ। ਨਹੀਂ ਤਾਂ ਉਸੀ ਖਸਮ ਦੀ ਰਜਾ ਵਿੱਚ “ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥”
ਖਸਮ ਤਾਂ ਘਟ ਅੰਦਰ ਹੀ ਬੈਠਾ ਹੈ। ਖਸਮ/ਹਰਿ/ਠਾਕੁਰ/ਰਾਮ/ਬੀਠਲ ਸਬ ਘਟ ਘਟ ਵਿੱਚ ਜੋਤ ਸਰੂਪ ਵਰਤ ਰਹੇ ਹਨ “ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ॥ ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ॥ ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ॥ ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ॥ ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ॥੩॥”, ਅਗਿਆਨੀ ਬਾਹਰ ਲੱਭਦੇ ਹਨ। ਖਸਮ ਨੂੰ ਭਾਹਰ ਲੱਭਣ ਵਾਲੇ ਭਰਮ ਵਿੱਚ ਹਨ “ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥”
ਪੰਚਮ ਪਾਤਿਸ਼ਾਹ ਆਖਦੇ ਹਨ ਕੇ ਜਨ ਨਾਨਕ ਦਾ ਖਸਮ ਵੱਡਾ ਹੈ “ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ॥ ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ॥ ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ॥ ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ॥ ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ॥” ਤੇ ਵੱਡੇ ਬਾਰੇ ਵੇਖੋ ਗੁਰਬਾਣੀ ਵਿੱਚ ਕੀ ਲਿਖਿਆ।
ਖਸਮ ਕਬੀਰ ਜੀ ਵੇਲੇ ਵੀ ਸੀ, ਆਖਦੇ “ਜੋ ਜਨ ਲੇਹਿ ਖਸਮ ਕਾ ਨਾਉ॥ ਤਿਨ ਕੈ ਸਦ ਬਲਿਹਾਰੈ ਜਾਉ॥” ਅਤੇ ਭਗਤ ਨਾਮਦੇਵ ਜੀ ਆਖਦੇ ਹਨ “ ਭਗਤਿ ਕਰਉ ਹਰਿ ਕੇ ਗੁਨ ਗਾਵਉ॥ ਆਠ ਪਹਰ ਅਪਨਾ ਖਸਮੁ ਧਿਆਵਉ॥੩॥ “, ਭਗਤ ਧੰਨਾਂ ਜੀ ਖਸਮ ਬਾਰੇ ਆਖਦੇ ਹਨ “ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ॥ ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ॥”, ਉੱਥੇ ਦੱਸੋ ਕਿਹੜੀ ਪੋਥੀ ਮੌਜੂਦ ਸੀ ਜਿਸਨੂੰ ਵਿਦਵਾਨ ਖਸਮ ਆਖਦੇ ਹਨ?
ਬਿਅੰਤ ਉਦਾਹਰਣ ਹਨ ਜਿੰਨਾਂ ਨਾਲ ਖਸਮ ਸਪਸ਼ਟ ਪਤਾ ਲਗਦਾ ਹੈ ਕੇ ਕੌਣ ਹੈ। ਵਿਦਵਾਨਾਂ ਨੇ ਸ਼ਾਇਦ ਗੁਰਮਤਿ ਵਿਚਾਰੀ ਨਹੀਂ। ਕੁੱਝ ਹੋਰ ਉਦਾਹਰਣ
“ਜੋ ਜਨ ਲੇਹਿ ਖਸਮ ਕਾ ਨਾਉ॥ ਤਿਨ ਕੈ ਸਦ ਬਲਿਹਾਰੈ ਜਾਉ॥”
”ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥”
”ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ॥ ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ॥ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ॥ ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ॥ ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ॥”
”ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ॥੨॥ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ॥ ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ॥੩॥”
”ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ॥ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ॥੨॥”
”ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥” – ਜੇ ਖਸਮ ਪੋਥੀ ਹੈ ਤਾਂ ਸੱਸੋ ਕਿਵੇਂ ਸਮਾਉਣਾ?
”ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ॥ ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ॥ ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ॥ ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ॥ ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ॥ ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ॥੧॥”
”ਬਰਨਿ ਨ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ॥ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ॥” – ਮੈਂ ਤੇਰਾ ਵਰਣਨ ਨਹੀਂ ਕਰ ਸਕਦਾ ਤੁੰ ਅਥਾਹ ਹੈ, ਅਡੋਲ ਹੈ, ਅਲਖ, ਅਪਾਰ, ਬਿਅੰਤ ਹੈ।
”ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ॥ਗੁਰਪਰਸਾਦੀ ਸਚੁ ਸਚੋ ਸਚੁ ਲਹਿਆ॥ ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ॥ ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ॥”
ਕਬੀਰ ਜੀ ਅਕਾਲ ਨੂੰ ਖਸਮ ਕਹਿ ਰਹੇ ਹਨ “ਕਾਲੁ ਅਕਾਲੁ ਖਸਮ ਕਾ ਕੀਨੑਾ ਇਹੁ ਪਰਪੰਚੁ ਬਧਾਵਨੁ ॥”
”ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ॥ ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ॥ ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ॥ ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ॥ ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ॥”
”ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ॥ ਇੰਦੁ ਵਰਸੈ ਦਇਆ ਕਰਿ ਗੂੜੑੀ ਛਹਬਰ ਲਾਇ॥”
”ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲ ਚਿਤ॥ ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ॥ ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ॥ ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ॥”
ਸਾਡਾ ਤਾਂ ਖਸਮ ਇੱਕੋ ਹੀ ਹੈ ਜੋ ਭਗਤਾਂ ਦਾ ਤੇ ਗੁਰੂਆਂ ਦਾ ਹੈ। ਜਿਸ ਬਾਰੇ ਪੋਥੀ ਸਾਹਿਬ ਅਤੇ ਦਸਮ ਬਾਣੀ ਦੋਵੇਂ ਸਮਝਾ ਰਹੇ ਹਨ। ਬਾਕੀ ਵਿਦਵਾਨ ਆਪਣਾ ਵੇਖ ਲੈਣ ਕੇ ਖਸਮ ਕੌਣ ਹੈ।
ਕੁਝ ਵਿਦਵਾਨ ਪਿਓ ਜਾਂ ਪਿਤਾ ਜਾ ਬਾਪ ਦੋ ਰੱਖਣ ਦੀ ਗਲ ਕਰਦੇ ਹਨ। ਬਾਪ ਵੀ ਖਸਮ ਵਾਂਗ ਇਕੋ ਹੀ ਹੈ, ਉਹੀ ਅਕਾਲ ਜਿਸ ਦੇ ਗੁਣ ਪੋਥੀ ਸਾਹਿਬ ਅਤੇ ਦਸਮ ਗ੍ਰੰਥ ਸਮਝਾ ਰਹੇ ਹਨ। ਹੁਣ ਤਕ ਸਮਝ ਲੱਗ ਜਾਣੀ ਚਾਹੀਦੀ ਹੈ ਪਰ ਫੇਰ ਵੀ ਉਦਾਹਰਣ ਪੇਸ਼ ਹਨ
”ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ॥ ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ॥੨॥ ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ॥ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ॥੩॥ ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ॥ ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ॥”
“ਓਅੰ ਸਾਧ ਸਤਿਗੁਰ ਨਮਸਕਾਰੰ॥ ਆਦਿ ਮਧਿ ਅੰਤਿ ਨਿਰੰਕਾਰੰ॥ ਆਪਹਿ ਸੁੰਨ ਆਪਹਿ ਸੁਖ ਆਸਨ॥ ਆਪਹਿ ਸੁਨਤ ਆਪ ਹੀ ਜਾਸਨ॥ ਆਪਨ ਆਪੁ ਆਪਹਿ ਉਪਾਇਓ॥ ਆਪਹਿ ਬਾਪ ਆਪ ਹੀ ਮਾਇਓ॥ ਆਪਹਿ ਸੂਖਮ ਆਪਹਿ ਅਸਥੂਲਾ॥ ਲਖੀ ਨ ਜਾਈ ਨਾਨਕ ਲੀਲਾ॥੧॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ॥ ਤੇਰੇ ਸੰਤਨ ਕੀ ਮਨੁ ਹੋਇ ਰਵਾਲਾ॥”
ਕਬੀਰ ਜੀ ਆਖਦੇ ਹਨ “ਹਉ ਪੂਤੁ ਤੇਰਾ ਤੂੰ ਬਾਪੁ ਮੇਰਾ॥ ਏਕੈ ਠਾਹਰ ਦੁਹਾ ਬਸੇਰਾ॥ ਕਹੁ ਕਬੀਰ ਜਨਿ ਏਕੋ ਬੂਝਿਆ॥ ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ॥”
”ਕਰਿ ਕਿਰਪਾ ਹਸਤ ਪ੍ਰਭਿ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ॥ ਦੁਖ ਬਿਨਸੇ ਸੁਖ ਅਨਦ ਪ੍ਰਵੇਸਾ ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ॥੧॥ ਅਨਾਥ ਕੋ ਨਾਥੁ ਸਰਣਿ ਸਮਰਥਾ ਸਗਲ ਸ੍ਰਿਸਟਿ ਕੋ ਮਾਈ ਬਾਪੁ॥ ਭਗਤਿ ਵਛਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ॥”
ਭਗਤ ਨਾਮ ਦੇਵ ਜੀ ਵੀ ਅਕਾਲ ਬਾਰੇ ਲਿਖਦੇ ਹਨ “ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ॥੧॥ ਰਹਾਉ॥ ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ॥ ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ॥੧॥ ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ॥ ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ॥”
”ਤੁਝ ਤੇ ਬਾਹਰਿ ਕੋਈ ਨਾਹਿ॥੧॥ ਹਰਿ ਸੁਖਦਾਤਾ ਮੇਰੇ ਮਨ ਜਾਪੁ॥ ਹਉ ਤੁਧੁ ਸਾਲਾਹੀ ਤੂ ਮੇਰਾ ਹਰਿ ਪ੍ਰਭੁ ਬਾਪੁ॥੧॥ ਰਹਾਉ॥ ਜਹ ਜਹ ਦੇਖਾ ਤਹ ਹਰਿ ਪ੍ਰਭੁ ਸੋਇ॥ ਸਭ ਤੇਰੈ ਵਸਿ ਦੂਜਾ ਅਵਰੁ ਨ ਕੋਇ॥੨॥” – ਗੁਰੂ ਸਾਹਿਬ ਤਾਂ ਹਰਿ ਨੂੰ ਬਾਪ ਕਹਿ ਰਹੇ ਨੇ ਤੇ ਆਖਦੇ ਹਨ ਮੈਂ ਜਿੱਥੇ ਵੇਖਦਾ ਹਾਂ ਤੂੰ ਹੀ ਦਿਸਦਾ ਹੈ। ਅਤੇ “ਸਚੁ ਪਰਮੇਸਰੁ ਨਿਤ ਨਵਾ॥ ਗੁਰ ਕਿਰਪਾ ਤੇ ਨਿਤ ਚਵਾ॥ ਪ੍ਰਭ ਰਖਵਾਲੇ ਮਾਈ ਬਾਪ॥ ਜਾ ਕੈ ਸਿਮਰਣਿ ਨਹੀ ਸੰਤਾਪ॥”
”ਸੰਸਾਰੁ ਸਮੁੰਦੇ ਤਾਰਿ ਗੁੋਬਿੰਦੇ॥ ਤਾਰਿ ਲੈ ਬਾਪ ਬੀਠੁਲਾ॥”
”ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ॥੧॥ ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ॥”
ਪਿਤਾ ਕੌਣ?
”ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ॥ ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ॥੨॥ ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ॥ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ॥੩॥ ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ॥ ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ॥”
”ਮਾਤਾ ਮਤਿ ਪਿਤਾ ਸੰਤੋਖੁ॥”
”ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ॥ ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ॥ ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ॥ ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ॥”
ਇਹਨਾਂ ਨੇ ਅਰਦਾਸ ਰੱਦ ਕਰ ਦਿੱਤੀ, ਜੇ ਪੜ੍ਹਦੇ ਹੁੰਦੇ ਵਿਚਾਰਦੇ ਹੁੰਦੇ ਤਾਂ ਸ਼ਾਇਦ ਸਮਝ ਆਉਣੀ ਸੀ ਕੇ “ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥”
ਕਬੀਰ ਜੀ ਆਖਦੇ ਹਨ “ਪਿਤਾ ਹਮਾਰੋ ਵਡ ਗੋਸਾਈ॥ ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ॥ ਸਤਿਗੁਰ ਮਿਲੇ ਤ ਮਾਰਗੁ ਦਿਖਾਇਆ॥ ਜਗਤ ਪਿਤਾ ਮੇਰੈ ਮਨਿ ਭਾਇਆ॥”
”ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ॥”
”ਮੇਰਾ ਮਾਤ ਪਿਤਾ ਹਰਿ ਰਾਇਆ॥ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰਂੀ ਤੇਰਾ ਕਰਾਇਆ॥” – ਗੁਰਬਾਣੀ ਵਿੱਚ ਹਰਿ ਕੌਣ ਹੈ ਇਹ ਸਮਝੇ ਬਿਨਾਂ ਝਗੜਾ ਕਰਦੇ ਨੇ ਕਈ ਵਿਦਵਾਨ।
”ਸੋ ਪਤਿਵੰਤਾ ਸੋ ਧਨਵੰਤਾ॥ ਜਿਸੁ ਮਨਿ ਵਸਿਆ ਹਰਿ ਭਗਵੰਤਾ॥ ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ॥”
”ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ॥ ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ॥ ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ॥ ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ॥ ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰਸਬਦੁ ਵਸਾਇਅਉ॥”
ਜਿਸਦਾ ਅੰਦਰ ਮਨ ਨਿਰਮਲ ਨਹੀਂ ਹੋਇਆ, ਵਿਕਾਰਾਂ ਵਿੱਚ ਗ੍ਰਸਤ ਹੈ, ਮਨ ਵਿੱਚ ਕਪਟ ਤੇ ਦਸਮ ਪਾਤਿਸ਼ਾਹ ਤੇ ਉਹਨਾਂ ਦੀ ਬਾਣੀ ਲਈ ਕਪਟ ਹੈ ਉਸ ਲਈ ਝਗੜਾ ਕਰਨਾ ਸੌਖਾ ਹੈ। ਜਿਸ ਦਾ ਨਿਸਚਾ ਗੁਰਮਤਿ ਤੇ ਹੋਵੇ ਉਹ ਕਦੇ ਨਹੀਂ ਡੋਲਦਾ। ਬਾਣੀ ਦੀ ਸਹਿਜ ਵਿਚਾਰ ਕਰਦਾ ਹੈ। ਸੋ ਭਾਈ ਬਾਣੀ ਨੂੰ ਸਮਝੋ। ਬਾਣੀ ਹਉਮੈ, ਮੋਹ, ਭਰਮ, ਭੈ ਤੇ ਬਾਕੀ ਵਿਕਾਰਾਂ ਦੀ ਮਲ ਨੂੰ ਧੋ ਕੇ ਨਿਰਮਲ ਕਰਦੀ ਹੈ। ਜੇ ਕੋਈ ਸ਼ੰਕਾ ਹੋਵੇ ਬਾਣੀ ਤੋਂ ਖੋਜ ਲਵੋ। ਬਾਣੀ ਨੂੰ ਮੰਨਣਾ ਨਹੀਂ ਬਾਣੀ ਦੇ ਕਹੇ ਉਪਦੇਸ਼ ਨੂੰ ਮੰਨਣਾ ਹੈ। ਖਸਮ ਸਾਡਾ ਇੱਕੋ ਹੀ ਰਹਿਣਾ ਪਰ ਉਸਦਾ ਗਿਆਨ ਇੱਕ ਤੋਂ ਜਿਆਦਾ ਗ੍ਰੰਥ ਵਿੱਚ ਹੋ ਸਕਦਾ ਹੈ।
