Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮੰਦੇ ਬੋਲ

ਮਨੁੱਖ ਦਾ ਸੁਭਾਅ ਹੈ ਕੇ ਜਦੋਂ ਸ਼ਬਦ ਮੁੱਕ ਜਾਂਦੇ ਹਨ, ਤਲਖਾਈ ਵੱਧ ਜਾਂਦੀ ਹੈ ਤਾਂ ਮਨੁੱਖ ਮੰਦਾ ਬੋਲਦਾ ਹੈ ਤੇ ਗਾਲ ਕੱਡਦਾ ਹੈ। ਉਸ ਸਮੇਂ ਉਹ ਦੂਜੇ ਨੂੰ ਆਪਣੇ ਤੋਂ ਨੀਵਾਂ, ਕਮਜੋਰ ਜਾਂ ਮੂਰਖ ਸਮਝ ਰਹਿਆ ਹੁੰਦਾ ਹੈ। ਗੁਰਬਾਣੀ ਦਾ ਇਸ ਬਾਰੇ ਫੁਰਮਾਨ ਹੈ

ਜਬ ਕਿਸ ਕਉ ਇਹੁ ਜਾਨਸਿ ਮੰਦਾ॥ ਤਬ ਸਗਲੇ ਇਸੁ ਮੇਲਹਿ ਫੰਦਾ॥

ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ॥ ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ॥ – ਸਾਰੇ ਜੀਵਾਂ ਵਿੱਚ ਉਹ ਆਪ ਬੋਲਦਾ ਫੇਰ ਮੰਦਾ ਕਿਸ ਨੂੰ ਕਹੀਏ। ਸਾਰਿਆਂ ਅੰਦਲਰਲੇ ਜਾਮੇ ਵਿੱਚ ਪ੍ਰਭ ਆਪ ਹੀ ਬੈਠਾ “ਸਭੁ ਅੰਤਰਜਾਮੀ ਬ੍ਰਹਮੁ ਹੈ ਬ੍ਰਹਮੁ ਵਸੈ ਸਭ ਥਾਇ॥ ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ॥੬॥”, “ਆਪਿ ਉਪਾਏ ਨਾਨਕਾ ਆਪੇ ਰਖੈ ਵੇਕ॥ ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ॥ ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ॥ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ॥ ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ॥ ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ॥”, “ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥

ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥

ਪਾਤਿਸ਼ਾਹ ਆਖਦੇ ਫਿੱਕਾ ਬੋਲਣ ਨਾਲ ਆਪਣੀ ਹੀ ਕਾਇਆ, ਆਪਣੀ ਹੀ ਹੋਂਦ ਫਿੱਕੀ ਹੁੰਦੀ ਹੈ “ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥

ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ॥

ਹਉਮੈ ਫਿਕਾ ਬੋਲਣਾ ਬੁਝਿ ਨ ਸਕਾ ਕਾਰ॥

ਕ੍ਰੋਧ ਗੁਣਾਂ ਨੂੰ ਗਾਲਦਾ ਹੈ

ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ॥

ਗੁਰਮੁੱਖ (ਗੁਣਾਂ ਨੂੰ ਮੁੱਖ ਰੱਖਣ ਵਾਲਾ) ਨੂੰ ਜਦੋਂ ਇਹ ਕਹਿਆ ਹੈ ਕੇ “ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ॥ ਗੁਰਮੁਖਿ ਪਾਵੈ ਘਟਿ ਘਟਿ ਭੇਦ॥ ਗੁਰਮੁਖਿ ਵੈਰ ਵਿਰੋਧ ਗਵਾਵੈ॥ ਗੁਰਮੁਖਿ ਸਗਲੀ ਗਣਤ ਮਿਟਾਵੈ॥ ਗੁਰਮੁਖਿ ਰਾਮ ਨਾਮ ਰੰਗਿ ਰਾਤਾ॥ ਨਾਨਕ ਗੁਰਮੁਖਿ ਖਸਮੁ ਪਛਾਤਾ॥” ਫੇਰ ਤਾਂ ਫਿੱਕਾ ਬੋਲਣਾ ਹੀ ਨਹੀਂ ਚਾਹੀਦਾ।

ਜਦੋਂ ਫਿੱਕਾ ਬੋਲਣ ਤੇ ਗਾਲ ਕੱਢਣ ਤੇ ਕਿਸੇ ਨੂੰ ਇਹ ਪੰਕਤੀਆਂ ਦਾ ਹਵਾਲਾ ਦਿੰਦੇ ਹਾਂ ਤਾਂ ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕੇ ਇਹ ਗੱਲ ਹੋਰ ਹੈ ਪਰ ਵੇਖੋ ਗੁਰੂ ਸਾਹਿਬ ਤਾਂ ਆਖਦੇ ਹਨ ਕੇ ਨਿੰਦਾ ਨਹੀਂ ਸੁਣਨੀ। ਬਿਅੰਤ ਉਦਾਹਰਣ ਨਿੰਦਾ ਨਾ ਸੁਣਨ ਦੇ ਵੀ ਬਾਣੀ ਵਿੱਚ ਆਉਂਦੇ ਹਨ ਜਿਵੇਂ ਭਾਈ ਨੰਦ ਲਾਲ ਜੀ ਦੇ ਲਿਖੇ ਤਨਖਾਹ ਨਾਮੇ ਵਿੱਚ ਆਉਂਦਾ ਹੈ “ਗੁਰ ਕੀ ਨਿੰਦਾ ਸੁਨੈ ਨ ਕਾਨ, ਸੀਸ ਭੇਟ ਕਰੇ ਸੰਗਿ ਕ੍ਰਿਪਾਨ”, ਤੇ ਪਾਤਿਸ਼ਾਹ ਨੇ ਵੀ ਕਈ ਜੰਗਾਂ ਲੜੀਆਂ ਹਨ, ਬਹੁਤ ਸਾਰੀਆਂ ਝੜਪਾਂ ਗੁਰੂ ਘਰ ਦੇ ਵਿਰੋਧੀਆਂ ਨਾਲ ਵੀ ਹੋਈਆਂ ਹਨ ਤਾਂ ਇਹ ਸਮਝਣਾ ਹੈ ਕੇ ਸ਼ਸਤਰ ਚੁੱਕ ਕੇ ਜਿਹਨਾਂ ਨੇ ਜੰਗਾਂ ਲੜੀਆਂ ਤਾਂ ਉਹਨਾਂ ਨੇ ਗਾਲ ਨਹੀਂ ਕੱਢੀ, ਮੰਦਾ ਨਹੀਂ ਬੋਲਿਆ। ਪਹਿਲਾ ਹਮਲਾ ਵੀ ਨਹੀਂ ਕੀਤਾ। ਉਹਨਾਂ ਗਿਆਨ ਖੜਗ ਪਹਿਲਾਂ ਵਰਤੀ ਤੇ ਸ਼ਸਤਰ ਚੱਕਣਾ ਜਦੋਂ ਲਾਜ਼ਮੀ ਹੋ ਗਿਆ ਉਦੋਂ ਹੀ ਚੱਕਿਆ। ਜੇ ਕੋਈ ਸਾਹਮਣੇ ਵਾਲਾ ਅਸਮਾਨ ਵੱਲ ਥੁੱਕੇ ਤਾਂ ਕੀ ਅਸਮਾਨ ਗੰਦਾ ਹੋ ਜਾਊ? ਗੁਰ ਦੀ ਨਿੰਦਾ ਹੋ ਸਕਦੀ ਹੈ? ਗੁਰੂ ਦੀ ਨਿੰਦਾ ਕਰਨ ਨਾਲ ਗੁਰੂ ਦਾ ਮਾਨ ਘਟ ਜਾਂਦਾ? ਜਿਹੜੀਆਂ ਚਿੱਠੀਆਂ ਮੁਗਲ ਬਾਦਿਸ਼ਾਹ ਨੂੰ ਲਿਖੀਆਂ ਗਈਆਂ ਉਹਨਾਂ ਨੂੰ ਪੜ੍ਹ ਕੇ ਵੇਖੋ ਕੇ ਪਾਤਿਸ਼ਾਹ ਦੀ ਭਾਸ਼ਾ ਕਿਹੋ ਜਿਹੀ ਸੀ। ਜਿੱਥੇ ਤੱਕ ਤਨਖਾਹਨਾਮੇ ਦੇ ਵਿੱਚ ਲਿਖੇ ਬਚਨਾਂ ਦੀ ਗੱਲ ਹੈ ਤਾਂ ਅਸੀਂ ਇਹ ਵਿਚਾਰਨਾ ਹੈ ਕੇ ਕੀ ਅਸੀਂ ਹਰ ਵੇਲੇ ਬਸ ਕਿਰਪਾਨ ਹੱਥ ਵਿੱਚ ਹੀ ਚੱਕੀ ਫਿਰਨੀ ਤੇ ਬਿਨਾਂ ਵਿਚਾਰ ਦੇ ਗਾਟੇ ਵੱਡੀ ਜਾਣੇ ਜਾਂ ਗੁਰਬਾਣੀ ਦਾ ਪ੍ਰਚਾਰ ਕਰਨਾ? ਕੀ ਗੁਰਬਾਣੀ ਦੀ ਸਿੱਖਿਆ ਨੂੰ ਪਹਿਲਾਂ ਅਮਲ ਕਰਨਾਂ ਜਾਂ ਆਦੇਸ਼ ਦੇ ਅਰਥਾਂ ਨੂੰ ਭਾਵ ਨੂੰ ਸਮਝਣਾ। ਜੇ ਤਨਖਾਹ ਨਾਮੇ ਦੀ ਗੱਲ ਨੂੰ ਇੰਨ ਬਿੰਨ ਮੰਨਣਾ ਹੈ ਤਾਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਗੱਲ ਨੂੰ ਇੰਨ ਬਿੰਨ ਮੰਨੋ ਜਦੋਂ ਕਹਿਆ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥”, ਇਸ ਆਦੇਸ਼ ਨੂੰ ਪਹਿਲਾਂ ਮੰਨੋ ਫੇਰ ਆਪੇ ਤਨਖਾਹ ਨਾਮੇ ਦੀ ਗੱਲ ਵੀ ਸਮਝ ਲੱਗ ਜਾਣੀ। ਜਦੋਂ ਆਪਣਾ ਸਿਰ ਭੇਂਟ ਕਰ ਦਿੱਤਾ ਕੰਨਾਂ ਨੇ ਵੇਖਿਓ ਗੁਰ ਦੀ ਨਿੰਦਿਆ ਸੁਣਨੀ ਜਾਂ ਨਹੀਂ।

ਗੁਰਮਤਿ ਦਾ ਪ੍ਰਚਾਰ ਕਰੀਏ। ਲੋਕਾਂ ਵਿੱਚ ਸੁਹਿਰਦ ਦੀ ਗੱਲ ਕਰੀਏ। ਭੇਦ ਭਾਵ ਮੁਕਾ ਕੇ ਹਰੇਕ ਜੀਵ ਦੇ ਵਿੱਚ ਪ੍ਰਭ ਦੀ ਮੌਜੁਦਗੀ ਦਾ ਸੰਦੇਸ਼ ਦਈਏ। ਗਿਆਨ ਦੀ ਗੱਲ ਕਰੀਏ ਤਾਂ ਕੇ ਸੰਸਾਰ ਵਿੱਚ ਵਿਚਰਦਿਆਂ ਭੇਦ ਭਾਵ ਮਿਟਾ ਕੇ ਸੁਖੀ ਰਹਿਣ ਦਾ ਸੰਦੇਸ਼, ਮਿਤਰਤਾ, ਭਾਈਚਾਰੇ ਦਾ ਸੰਦੇਸ਼ ਜਾਵੇ। ਝਗੜਾ ਕੀਤਿਆਂ ਝਗੜਾ ਹੀ ਪ੍ਰਾਪਤ ਹੋਣਾ। ਝਗੜੇ ਮੁਕਾਉਣੇ ਹਨ ਵਧਾਉਣੇ ਨਹੀਂ ਹਨ “ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ॥ ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ॥ ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ॥ ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ॥

Resize text