ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)
“ਅੰਮ੍ਰਿਤੁ ਪੀਵੈ ਅਮਰੁ ਸੋ ਹੋਇ॥” – ਅੰਮ੍ਰਿਤੁ ਪੀਣ ਨਾਲ ਅਮਰ ਹੋ ਜਾਂਦਾ ਹੈ। ਇਹ ਕਿਹੜਾ ਅੰਮ੍ਰਿਤ ਹੈ? ਜੋ ਪ੍ਰਚਾਰਕ ਪਿਲਾ ਰਹੇ ਨੇ ਉਹ ਕੀ ਹੈ ਫੇਰ ਜੇ ਪੀਣ ਵਾਲਾ ਅਮਰ ਨਹੀਂ ਹੋ ਰਹਿਆ?
“ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥” – ਜੋ ਸ਼ਬਦ ਗੁਰੂ ਸਾਨੂ ਅੰਦਰੋ ਸੁਣਾਉਂਦਾ ਹੈ ਓਹ ਅੰਮ੍ਰਿਤ ਹੈ ਫਿਰ ਕਿਹੜੀ ਤਿਖ ਪਿਆਸ ਬੁਝਦੀ ਹੈ? ਜੋ ਅਸੀ ਅੰਮ੍ਰਿਤ ਨੂੰ ਬਾਹਰਲੇ ਬਦੇਹੀ (ਸਰੀਰ) ਵਾਲੇ ਮੂੰਹ ਨਾਲ ਪੀਂਦੇ ਹਾਂ ਓਹ ਖੰਡੇ ਬਾਟੇ ਦੀ ਪਾਹੁਲ ਹੈ। ਪਹੁਲ ਤੇ ਅੰਮ੍ਰਿਤ ਵਿੱਚ ਫਰਕ ਹੈ। ਜੋ ਨਾਮੁ ਅੰਮ੍ਰਿਤ ਹੈ ਓਸ ਨੂੰ ਬਾਹਰਲੇ ਮੂੰਹ ਨਾਲ ਪੀਣ ਦੀ ਲੋੜ ਹੈ। ਇਸ ਬਾਰੇ ਵਿਚਾਰ ਕਰਾਂਗੇ। ਗੁਰਬਾਣੀ ਦਾ ਫੁਰਮਾਨ ਹੈ, ਜੇਕਰ ਬਾਹਰਲੇ ਮੂੰਹ ਨਾਲ ਹੀ ਅੰਮ੍ਰਿਤ ਪੀ ਹੁੰਦਾ ਹੈ ਤਾਂ ਫਿਰ ਬਾਹਰਲੀ ਬਦੇਹੀ (ਸਰੀਰ) ਨੂੰ ਅਮਰ ਹੋਣਾ ਚਾਹੀਦਾ ਹੈ, ਲੇਕਿਨ ਇਹ ਤਾਂ ਬਾਹਰਲਾ ਸਰੀਰ ਕਿਸੇ ਦਾ ਵੀ ਅਮਰ ਨਹੀ ਹੁੰਦਾ। ਇੱਥੋਂ ਸਪਸ਼ਟ ਹੁੰਦਾ ਹੈ ਕਿ ਅਮ੍ਰਿਤ ਵੀ ਮਨ ਦੇ ਪੀਣ ਵਾਲਾ ਹੈ ਅਤੇ ਅਮਰ ਵੀ ਨਿਰਾਕਾਰੀ ਜੋਤਿ ਸਰੂਪ ਕਰਕੇ ਹੀ ਹੋਣਾ ਹੈ, ਮੁਕਤੀ (ਅਗਿਆਨਤਾ ਖਤਮ ਹੋਣ) ਤੋ ਬਾਅਦ ਜਨਮ ਪਦਾਰਥ ਮਿਲਣਾ ਹੈ। ਇਹੀ ਪਰਮਪਦ ਹੈ। ਗੁਰੁ ਅੰਗਦ ਦੇਵ ਜੀ ਮਹਾਰਾਜ ਸਪਸ਼ਟ ਕਰਦੇ ਹਨ ਕੇ “ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨੑੀ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ॥੧॥” – ਭਾਵ ਜਿੰਨਾਂ ਕੋਲ ਨਾਮ (ਸੋਝੀ) ਦੀ ਵਡਿਆਈ ਹੈ ਉਹ ਨਾਮ ਨਾਲ ਰੱਤੇ ਹੁੰਦੇ ਹਨ, ਉਹਨਾਂ ਦਾ ਮਨ ਵਿਕਾਰਾਂ ਤੇ ਅਗਿਆਨਤਾ ਦੀ ਥਾਂ ਗੁਰਮਤਿ ਦੀ, ਹੁਕਮ ਦੀ ਸੋਝੀ ਨਾਲ ਭਿੱਜਿਆ ਹੁੰਦਾ ਹੇ। ਪਾਤਿਸ਼ਾਹ ਆਖਦੇ ਪਰਮੇਸਰ ਦੇ ਹੁਕਮ ਨਾਲ ਏਕਾ ਹੀ ਅੰਮ੍ਰਿਤ ਗਿਆਨ ਹੈ ਤੱਤ ਗਿਆਨ ਹੈ। ਪਰਮੇਸਰ ਦੇ ਹੁਕਮ ਨਾਲ ਏਕਾ ਹੋਣਾ ਹੀ ਅਮਰ ਕਰਦਾ, ਮਨ ਜੋਤ ਸਰੂਪ ਹੈ, ਜਦੋਂ ਆਪਣੇ ਆਪ ਨੂੰ ਜੋਤ ਸਰੂਪ ਮੰਨ ਲੈਂਦਾ ਹੈ ਤਾਂ ਅਮਰ ਹੁੰਦਾ। ਜੋਤ ਆਪ ਅਕਾਲ ਰੂਪ ਹੈ। “ਬੀਜ ਮੰਤ੍ਰੁ ਸਰਬ ਕੋ ਗਿਆਨੁ॥” – ਇਹ ਗਿਆਨ ਦਾ, ਸੋਝੀ ਦਾ ਅੰਮ੍ਰਿਤ ਤਾਂ ਮਨ ਦੇ ਅੰਦਰ ਹੀ ਮੌਜੂਦ ਹੈ ਤੇ ਪ੍ਰਾਪਤ ਗੁਣਾ ਦੀ ਕਿਰਪਾ ਨਾਲ ਹੀ ਹੁੰਦਾ ਹੈ।
“ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ॥ ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥ ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ॥ ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥੭॥” – ਆਤਮ ਚਿਨਹਿਤ ਕਰ ਲੈਣਾ, ਪਛਾਣ ਲੈਣਾ, ਸਮਝ ਲੈਣਾ ਕੇ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥੫॥”, ਮੂਲ ਪਛਾਣ ਲੈਣਾ ਹੀ ਚੀਨਣਾ ਹੈ। ਆਤਮ ਪਛਾਣ ਕੇ ਜੋ ਸੋਝੀ ਪ੍ਰਾਪਤ ਹੋਣੀ ਹੈ ਉਹੀ ਬਿਰਖ ਹੈ ਜਿਸ ਤੇ ਅੰਮ੍ਰਿਤ ਫਲ ਪ੍ਰਾਪਤ ਹੋਣਾ। ਇਹ ਅਲੰਕਾਰ ਹੈ। ਇੱਥੇ ਸਮਝਾਇਆ ਜਾ ਰਹਿਆ ਹੈ ਕੇ ਆਤਮ ਪਛਾਣ ਕਰਨੀ, ਫੇਰ ਆਤਮ ਦੇ ਗੁਣ ਵਿਚਾਰਨੇ ਹਨ। ਅਕਾਲ, ਕਾਲ, ਹੁਕਮ ਬਿਰਖ ਹੈ, ਗੁਣ ਫਲ ਹਨ। ਜਿਸਨੇ ਇਹ ਗੁਣਾਂ ਦਾ ਅੰਮ੍ਰਿਤ ਫਲ ਚਖ ਲਿਆ ਸਚ ਦੀ ਸੋਝੀ ਉਸਨੂੰ ਹੀ ਹੋਣੀ।
ਜਦੋਂ ਗੁਣ ਧਾਰਣ ਕਰ ਲਏ, ਗੁਰਮਤਿ ਵਿਚਾਰ ਰਾਹੀਂ ਸੋਝੀ ਮਿਲ ਗਈ ਤਾਂ ਇਸ ਗੁਰ ਪ੍ਰਸਾਦ ਰਾਹੀਂ ਅੰਮ੍ਰਿਤ ਦੀ ਪ੍ਰਾਪਤੀ ਹੋਣੀ। ਇਸੇ ਗਲ ਨੂੰ ਉਪਰੋਕਤ ਪੰਕਤੀਆ ਵਿੱਚ ਰਾਗ ਆਸਾ ਰਾਹੀਂ ਨਾਨਕ ਪਾਤਿਸ਼ਾਹ ਨੇ ਵੀ ਸਮਝਾਇਆ ਹੈ ਤੇ ਉਹਨਾਂ ਦੀ ਬਾਣੀ ਖਾਲਸਾ ਫੌਜ ਸਾਜੇ ਜਾਣ ਤੇ ਖੰਡੇ ਦੀ ਪਾਹੁਲ ਤੋਂ ਪਹਿਲਾਂ ਹੀ ਸਿੱਖਾਂ ਨੂੰ ਪ੍ਰਚਾਰੀ ਜਾ ਰਹੀ ਸੀ ਤੇ ਦਸਮ ਪਾਤਿਸ਼ਾਹ ਨੂੰ ਬਾਹਰੀ ਅੰਮ੍ਰਿਤ ਵੱਖਰਾ ਬਣਾਉਣ ਦੀ ਲੋੜ ਨਹੀਂ ਸੀ ਨਾ ਉਹਨਾਂ ਬਣਾਇਆ। ਦਸਮ ਪਾਤਿਸ਼ਾਹ ਨੇ ਜੋ ਖਾਲਸਾ ਫੌਜ ਸਾਜੀ ਉਸ ਵਿਧੀ ਨੂੰ ਅੰਮ੍ਰਿਤ ਨਾਮ ਨਹੀਂ ਦਿੱਤਾ। ਉਸਨੂੰ ਖੰਡੇ ਦੀ ਪਾਹੁਲ ਆਖਿਆ ਜੋ ਖਾਲਸੇ ਦੀ ਫੌਜ ਦਾ ਇਕ ਪ੍ਰਣ ਹੈ ਕੇ ਖਾਲਸਾ ਫੌਜ ਖਾਲਸੇ ਦੇ ਗਿਆਨ, ਵਿਚਾਰ ਤੇ ਖਰਾ ਉਤਰੂ ਤੇ ਗੁਰਮਤਿ ਦੇ ਵਿੱਚ ਦਸੇ ਅੰਮ੍ਰਿਤ, ਗਿਆਨ, ਸੋਝੀ ਦੀ ਰਾਖੀ ਕਰੂ। ਖੰਡੇ ਦੀ ਪਹੁਲ ਨੂੰ ਪੰਡਤ ਨੇ ਹੀ ਅੰਮ੍ਰਿਤ ਦਾ ਨਾਮ ਦੇ ਕੇ ਨਿਜੀ ਸਵਾਰਥ ਲਈ ਪ੍ਰਚਾਰਿਆ। ਤਾ ਹੀ ਨੌਜਵਾਨ ਉਹਨਾਂ ਦੀ ਘੜੀ ਦਸਮ ਪਾਤਿਸ਼ਾਹ ਤੋਂ ਵੱਖਰੀ ਪਹੁਲ ਨੂੰ ਛੱਕ ਕੇ, ਬਾਣਾ ਪਾ ਕੇ ਹੋਰ ਵੀ ਅਹੰਕਾਰੀ ਹੋ ਰਹੇ ਹਨ। ਬਾਣਾ, ਦੁਮਾਲਾ, ਖੰਡੇ ਦੀ ਪਹੁਲ ਫੌਜ ਦੀ ਭਰਤੀ ਹੈ। ਖਾਲਸੇ ਦੀ ਫੌਜ ਨੇ ਅਕਾਲ ਦੀ ਫੌਜ ਨੇ ਤਾਂ ਅਹੰਕਾਰ ਖਤਮ ਕਰਨਾ ਸੀ, ਮੈਂ ਮਾਰਨੀ ਸੀ ਪਰ ਆਪਣੇ ਆਪ ਨੂੰ ਬਾਕੀਆਂ ਤੋਂ ਜਿਆਦਾ ਚੰਗਾ ਸਮਝਣ ਲਗ ਪਏ, ਅਹੰਕਾਰ ਹੋਰ ਵਧਾ ਲਿਆ। ਦਸਮ ਪਾਤਿਸ਼ਾਹ ਤਾਂ ਆਖਦੇ “ਖ਼ਾਲਸਾ ਮੇਰੋ ਸਤਿਗੁਰ ਪੂਰਾ॥ ਖ਼ਾਲਸਾ ਮੇਰੋ ਸੱਜਨ ਸੂਰਾ ॥ ਖ਼ਾਲਸਾ ਮੇਰੋ ਬੁਧ ਅਰ ਗਿਆਨ॥” ਕੌਣ ਇਸ ਕਸਵਟੀ ਤੇ ਖਰਾ ਉਤਰਦਾ ਤੇ ਕਿਵੇਂ? ਜੋ ਭਗਤ ਕਬੀਰ ਜੀ ਨੇ ਖਾਲਸੇ ਦੀ ਪਰਿਭਾਸ਼ਾ ਦਿੱਤੀ “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥” – ਕਿਸਨੇ ਪ੍ਰੇਮ ਭਗਤ ਸਮਝੀ, ਵਿਚਾਰੀ ਤੇ ਧਾਰਣ ਕੀਤੀ? ਗੁਰਬਾਣੀ ਤਾਂ ਆਖਦੀ “ਮਨ ਮਾਰੇ ਬਿਨੁ ਭਗਤਿ ਨ ਹੋਈ ॥“ ਦੱਸੋ ਕਿਤਨੇ ਹਨ ਜਿਹਨਾਂ ਮਨ (ਅਗਿਆਨਤਾ/ ਦਲਿੱਦਰ/ਵਿਕਾਰ) ਮਾਰੇ? ਕਿਸਨੇ ਗਿਆਨ ਖੜਗ ਧਾਰਣ ਕੀਤੀ ਮਨ ਨਾਲ ਲੜਨ ਲਈ “ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥”? ਸਰਬਲੋਹ ਦੀਆਂ ਕਿਰਪਾਨਾਂ ਖੜਗ ਸਾਰੇ ਹੀ ਚੱਕੀ ਫਿਰਦੇ ਪਰ ਗਿਆਨ ਖੜਗ ਕਿਤਨਿਆਂ ਕੋਲ ਹੈ? ਦਸਮ ਪਾਤਿਸ਼ਾਹ ਆਖਦੇ “ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ ॥੧॥” – ਜੋਤ ਕੀ ਹੈ ਕਿਸਨੇ ਸਮਝਿਆ? ਪੂਰਨ ਜੋਤ ਜਗਦੀ ਕਿਵੇਂ ਕਿਸ ਨੇ ਵਿਚਾਰਿਆ? ਤੇ ਬਿਨਾ ਗੁਰਮਤਿ ਦਾ ਗਿਆਨ ਲਏ ਪਾਤਿਸ਼ਾਹ ਆਖਦੇ “ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚਉਕਰੀ ਫਿਰਾਏ ਈ ਫਿਰਤ ਹੈ ॥”। ਬਿਨਾ ਗਿਆਨ ਦੇ ਬਿਨਾ ਸੋਝੀ ਦੇ ਬਥੇਰੇ ਭੇਖੀ ਬਾਣਾ ਪਾ ਕੇ ਆਪਣੇ ਆਪ ਨੂੰ ਖਾਲਸਾ ਅਖਵਾਈ ਜਾਂਦੇ ਨੇ। “ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ॥ ਅੰਤ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ॥”। ਖਾਲਸੇ ਦੀ ਅਵਸਥਾ ਤੋਂ ਬਹੁਤ ਦੂਰ ਹੋਣ ਦੇ ਬਾਵਜੂਦ। ਖਾਲਸੇ ਨੇ ਤਾਂ ਹਉਮੈਂ ਤਿਆਗ ਕੇ ਆਪਣਾ ਸੀਸ (ਮੈਂ) ਗੁਰਮਤਿ ਨੂੰ ਗਿਆਨ ਗੁਰੂ ਨੂੰ ਸੰਪੂਰਨ ਸਮਰਪਿਤ ਕਰਨੀ ਸੀ? ਕੌਣ ਕਰ ਰਹਿਆ? । ਦਸਮ ਪਾਤਿਸ਼ਾਹ ਆਖਦੇ “ਸੁਆਂਗਨ ਮੈ ਪਰਮੇਸੁਰ ਨਾਹੀ॥ ਖੋਜ ਫਿਰੈ ਸਭ ਹੀ ਕੋ ਕਾਹੀ॥ ਅਪਨੋ ਮਨੁ ਕਰ ਮੋ ਜਿਹ ਆਨਾ॥ ਪਾਰਬ੍ਰਹਮ ਕੋ ਤਿਨੀ ਪਛਾਨਾ॥੫੫॥”
ਜੋ ਅੱਜ ਧਰਮ ਸਥਾਨਾਂ ਤੇ ਕਾਬਿਜ ਹਨ ਉਹ ਕਿਉਂ ਸਹੀ ਪ੍ਰਚਾਰ ਨਹੀਂ ਕਰ ਰਹੇ? ਕਿਉਂ ਨਹੀਂ ਗੁਰਮਤਿ ਵਾਲੇ ਅੰਮ੍ਰਿਤ ਬਾਰੇ ਸਹੀ ਪ੍ਰਚਾਰ ਕਰ ਰਹੇ? ਇੱਕ ਪ੍ਰਚਾਰਕ ਨੂੰ ਕਹਿੰਦੇ ਸੁਣਿਆ ਕੇ ਅੰਮ੍ਰਿਤ ਵੱਖਰੇ ਹੁੰਦੇ ਨੇ। ਅੰਦਰਲਾ ਵੱਖਰਾ ਹੈ ਤੇ ਬਾਹਰਲਾ ਵੱਖਰਾ ਹੈ। ਜੱਟਾਂ ਲਈ ਵੱਖਰਾ ਹੈ ਤੇ ਰੰਗਰੇਟਿਆਂ ਲਈ ਵੱਖਰਾ ਹੈ। ਗੁਰਬਾਣੀ ਤੋਂ ਪੁੱਛਿਆ ਤਾਂ ਗੁਰਬਾਣੀ ਦਾ ਫੁਰਮਾਨ ਹੈ “ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥” ਜੋ ਆਪਾਂ ਉੱਪਰ ਪਹਿਲਾ ਹੀ ਵਿਚਾਰ ਚੁੱਕੇ ਹਾਂ। ਸੋ ਅੰਮ੍ਰਿਤ ਤਾਂ ਇੱਕੋ ਹੀ ਹੈ, ਸਾਡੀ ਬੁੱਧ ਜਿਹੜੀ ਹੈ ਉਹ ਕੁਚੱਜੀ ਹੋਈ ਪਈ ਹੈ। ਦੁਹਾਗਣ ਹੋਈ ਪਈ ਹੈ ਜੋ ਮਨਮਤਿ ਕਰਦੀ ਫਿਰਦੀ।
ਗੁਰਮਤਿ ਵਿੱਚ ਦੱਸਿਆ ਅੰਮ੍ਰਿਤ ਤਾਂ ਭਗਤਾਂ ਨੇ ਹੀ ਪ੍ਰਾਪਤ ਕੀਤਾ ਹੈ, ਜੁਗਾਂ ਜੁਗਾਂ ਤੋਂ ਭਗਤਾਂ ਨੂੰ ਪ੍ਰਾਪਤ ਹੁੰਦਾ ਰਹਿਆ ਹੈ। ਗੁਰੁ ਨਾਨਕ ਪਾਤਿਸ਼ਾਹ ਤੋਂ ਲੈਕੇ ਦਸਮ ਪਾਤਿਸ਼ਾਹ ਤਕ ਹਰੇਕ ਗੁਰੁ ਨੇ ਗ੍ਰਹਣ ਕੀਤਾ ਹੈ ਤੇ ਅੱਗੇ ਵੀ ਆਪਣੀ ਬਾਣੀ ਰਾਹੀਂ ਸਾਨੂੰ ਬਖਸ਼ਿਆ ਹੈ। ਗੁਰਬਾਣੀ ਵਿੱਚ ਭਗਤ ਕਬੀਰ ਜੀ ਆਖਦੇ ਹਨ “ਬਾਪਿ ਦਿਲਾਸਾ ਮੇਰੋ ਕੀਨੑਾ॥ ਸੇਜ ਸੁਖਾਲੀ ਮੁਖਿ ਅੰਮ੍ਰਿਤੁ ਦੀਨੑਾ॥ ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ॥ ਆਗੈ ਗਇਆ ਨ ਬਾਜੀ ਹਾਰੀ॥੧॥”, “ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ॥੩॥” – ਬਾਪ ਕੌਣ? ਘਟ ਵਿੱਚ ਵੱਸਦਾ ਪ੍ਰਭ ਹੀ ਪਿਤਾ ਹੈ, ਬੁਧ ਹੀ ਮਾਤਾ ਹੈ ਗੁਰਮਤਿ ਵਿੱਚ “ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥”। ਗੁਰ (ਗੁਣ) ਦੇ ਪ੍ਰਸਾਦ (ਸੋਝੀ) ਦੁਆਰਾ ਅੰਮ੍ਰਿਤ ਸਦੀਵ ਰਹਿਣ ਵਾਲਾ ਧਾਰਾ (ਗਿਆਨ) ਪ੍ਰਾਪਤ ਹੋਣਾ ਹੈ। ਭਗਤ ਕਬੀਰ ਜੀ ਸਵਾਲ ਪੁੱਛਦੇ ਹਨ “ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ॥ ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ॥੩॥” – ਸੂਕਰ (ਸੂਅਰ), ਕੂਕਰ (ਕੁੱਤੇ) ਦੀ ਜੋਨ ਵਿੱਚ ਫਿਰਦਾ ਤੂੰ ਆਇਆ ਹੈ, ਤੈਨੂੰ ਲਾਜ ਨਹੀਂ ਆਉਂਦੀ ਤੂੰ ਗਿਆਨ ਤੋਂ ਭੱਜਦਾਂ। ਭਾਈ ਜਿਹੜਾ ਰਾਮ (ਰਮੇ ਹੋਏ) ਦਾ ਨਾਮ (ਸੋਝੀ) ਛੱਡ ਤੂੰ ਬਿਖ (ਮਾਇਆ, ਅਗਿਆਨਤਾ, ਵਿਕਾਰਾਂ) ਦਾ ਧਿਆਨ ਕਿਉਂ ਕੀਤਾ। ਕਬੀਰ ਜੀ ਆਖਦੇ ਨੇ ਕੇ ਇੱਹ ਹੁਕਮ ਦੀ ਸੋਝੀ ਦਾ ਅੰਮ੍ਰਿਤ ਗਿਆਨ ਸੁਰਤ ਨੂੰ ਪਿਲਾਉਣਾ ਹੈ “ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ॥”। ਇਹ ਵਸਤ ਕਬੀਰ ਜੀ ਨੂੰ ਗੁਣਾਂ ਨੇ ਦਿੱਤੀ ਤੇ ਅੱਗੇ ਉਹਨਾਂ ਜਗ ਨੂੰ ਦਿੱਤੀ, ਹੁਣ ਜਿਸਨੂੰ ਇਹ ਭਾਗ ਪ੍ਰਾਪਤ ਹੋਣਗੇ ਉਹ ਗ੍ਰਹਿਣ ਕਰ ਲਵੇਗਾ “ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ॥ ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ॥੪॥ ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ॥ ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ॥” – ਸਾਡੀ ਬਦੇਹੀ (ਮਾਇਆ ਦਾ ਸਰੀਰ) ਵਿੱਚ ਦੇਹੀ (ਗਿਆਨ ਦਾ ਘਟ) ਵਸਦੀ ਹੈ, ਇਹੀ ਕੋਠਰੇ ਮਹਿ ਕੋਠਰੀ ਹੈ, ਜਿਵੇਂ ਪੰਚਮ ਪਾਤਿਸ਼ਾਹ ਆਖਦੇ ਹਨ “ਦੇਹੀ ਗੁਪਤ ਬਿਦੇਹੀ ਦੀਸੈ॥” ਉੱਦਾ ਹੀ। ਜੇ ਗਿਆਨ ਘਟ ਦੀ ਵਿਚਾਰ ਕਰੀਏ ਤਾਂ ਘਟ ਅੰਦਰਲਾ ਗਿਆਨ ਹਾਸਿਲ ਹੋਣਾ। ਇਹ ਗਿਆਨ ਕਬੀਰ ਜੀ ਨੇ, ਭਗਤਾਂ ਨੇ, ਗੁਰੁਆਂ ਨੇ ਸਾਨੂੰ ਪੋਥੀ ਸਾਹਿਬ ਵਿੱਚ ਦਰਜ ਬਾਣੀ ਰਾਹੀ ਅੱਗੇ ਦਿੱਤਾ ਹੈ। ਜਿਤਨੇ ਵੀ ਜੀਵ ਹਨ ਉਹਨਾ ਸਾਰਿਆਂ ਵਿੱਚ ਇਹ ਘਟ ਮੌਜੂਦ ਹੈ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥”, ਤੇ ਕਬੀਰ ਜੀ ਆਖਦੇ ਹਰੇਕ ਜੀਵ ਦੇ ਘਟ ਵਿੱਚ ਇਹ ਅੰਮ੍ਰਿਤ ਮੌਜੂਦ ਹੈ “ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ॥ ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ॥੨॥” ਪਰ ਇਹ ਅੰਮ੍ਰਿਤ ਗਿਆਨ ਪੀਣਾ ਉਸੀ ਨੇ ਹੈ ਜਿਸਤੇ ਕਿਰਪਾ ਹੋਈ। ਭਗਤ ਨਾਮਦੇਵ ਜੀ ਮਹਾਰਾਜ ਆਖਦੇ ਹਨ “ਪਾਛੈ ਬਹੁਰਿ ਨ ਆਵਨੁ ਪਾਵਉ॥ ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ॥” ਆਖਦੇ “ਸੋੁਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ॥੨॥” – ਸੋੁਇਨ ਕਟੋਰੀ ਭਾਵ ਘਟ/ਦੇਹੀ ਤਾਂ ਅੰਮ੍ਰਿਤ ਨਾਲ ਪਹਿਲਾ ਹੀ ਭਰੀ ਹੋਈ ਹੈ ਜਿਸਨੁੰ ਨਾਮਦੇਵ ਜੀ ਨੇ ਹਰਿ (ਘਟ ਅੰਦਰ ਵਸਦੀ ਗਿਆਨ ਦੀ ਜੋਤ ਅੱਗੇ ਧਰੀ ਹੈ। ਇਹ ਸਬ ਕਾਵ ਰੂਪ ਵਿੱਚ ਅਲੰਕਾਰ ਹਨ। ਕਬੀਰ ਜੀ ਤਾਂ ਨਾਨਕ ਪਾਤਿਸ਼ਾਹ ਤੋਂ ਵੀ ਪਹਿਲਾਂ ਹੋਏ ਹਨ। ਗੁਰਮਤਿ ਦਾ ਅੰਮ੍ਰਿਤ ਦਾ ਫਲਸਫ਼ਾ ਤਾਂ ਆਦਿ ਕਾਲ ਤੋਂ ਹੀ ਚਲਦਾ ਆ ਰਹਿਆ ਹੈ। ਜਦੋਂ ਤੋਂ ਸੰਸਾਰ ਬਣਿਆ ਹੈ ਇਹ ਗੁਰਮਤਿ ਗਿਆਨ ਹਮੇਸ਼ਾ ਤੋਂ ਹੀ ਰਹਿਆ ਹੈ। ਨਾਨਕ ਪਾਤਿਸ਼ਾਹ ਵੀ ਇਸੇ ਵਿਚਾਰਧਾਰਾ ਨੂੰ ਅੱਗੇ ਤੋਰਦੇ ਹਨ ਤੇ ਇਸਦਾ ਪੂਰੇ ਸੰਸਾਰ ਵਿੱਚ ਪ੍ਰਚਾਰ ਕਰਦੇ ਹਨ।
ਨਾਨਕ ਪਾਤਿਸ਼ਾਹ ਆਖਦੇ ਹਨ ਕੇ ਜਿਵੇਂ ਜਿਵੇਂ ਪਰਮੇਸਰ ਦਾ, ਅਕਾਲ ਦਾ, ਹੁਕਮ ਦਾ ਗਿਆਨ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਤਾ ਇਹ ਨਾਮ (ਸੋਝੀ) ਦਾ ਸਦੀਵ ਰਹਿਣ ਵਾਲਾ ਅੰਮ੍ਰਿਤ ਪੀਤਾ ਜਾਂਦਾ ਹੈ “ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ॥”। ਜਦੋਂ ਤਕ ਮਨ (ਅਗਿਆਨਤਾ/ਦਲਿੱਦਰ/ਕਾਮਨਾਵਾਂ) ਦੀ ਹੋਂਦ ਹੈ ਭਗਤੀ ਨਹੀਂ ਹੋ ਸਕਦੀ “ਮਨ ਮਾਰੇ ਬਿਨੁ ਭਗਤਿ ਨ ਹੋਈ॥੨॥” ਤੇ ਨਾਨਕ ਪਾਤਿਸ਼ਾਹ ਦੱਸਦੇ ਹਨ ਮਨ ਕਿਵੇਂ ਮਰੂ “ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ॥ ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ॥” – ਗੁਣਾ ਨੂੰ ਮਿਲਿਆਂ ਸੰਸਾਰ ਦੀ ਅਗਨ ਨਿਵਾਰੀ ਜਾਦੀ ਹੈ “ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥”। ਗੁਣਾ ਨੂੰ ਹਾਸਲ ਕਰ, ਗੁਣਾਂ ਦੀ ਵਿਚਾਰ ਕੀਤਿਆਂ, ਅਵਗੁਣ ਖਤਮ ਹੋਣੇ, ਬੁੱਧ ਵਿੱਚ ਜਦੋਂ ਗਿਆਨ ਦੇ ਰਤਨ ਮਾਣਕ ਹੋਣ ਤਾਂ ਮਨ ਕਾਬੂ ਹੁੰਦਾ ਹੈ। ਮਨ ਕਾਬੂ ਹੁੰਦਿਆਂ ਹੀ ਮਨਮਤਿ ਨੂੰ ਖਤਮ ਕਰ ਗੁਰਮਤਿ ਦਾ ਅੰਮ੍ਰਿਤ ਘਟ ਵਿੱਚ ਵਸਦੀ ਅਕਾਲ ਦੀ ਜੋਤ ਨੂੰ ਉਜਾਗਰ ਕਰਦਾ ਹੈ। ਜਦੋਂ ਪਾਤਿਸ਼ਾਹ ਆਖਦੇ “ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ॥” ਤਾਂ ਇਹ ਅੰਮ੍ਰਿਤ ਹੀ ਹੈ ਜੋ ਘਟ ਵਿੱਚ ਗਿਆਨ ਦੀ ਹਰਿਆਲੀ ਕਰਦਾ ਹੈ “ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ ॥੧॥”।
ਇਹ ਗਲ ਚੇਤੇ ਰਹੇ ਕੇ “ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥”,
“ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥”,
“ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥”,
”ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥”,
”ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥੧॥”
“ਅੰਮ੍ਰਿਤ ਸਦਾ ਵਰਸਦਾ ਬੂਝਨਿ ਬੂਝਣਹਾਰ॥ ਗੁਰਮੁਖਿ ਜਿਨ੍ਹੀ ਬੁਝਿਆ ਹਰਿ ਅੰਮ੍ਰਿਤ ਰਖਿਆ ਉਰਿ ਧਾਰਿ॥ ਹਰਿ ਅੰਮ੍ਰਿਤ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥ਅੰਮ੍ਰਿਤ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ॥ ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥” – ਇਸਦਾ ਅਰਥ ਹੈ ਅੰਮ੍ਰਿਤ ਤਾ ਕੇਵਲ ਹਰਿ ਦਾ ਨਾਮ ਹੈ ਉਸਦਾ ਹੁਕਮ ਹੈ ਜੇ ਉਸਦੀ ਸੋਹੇਲੀ ਨਦਰ ਤੇਰੇ ਤੇ ਹੋਵੇਗੀ ਤਾਂ। ਜਿਵੇਂ ਪਰਮੇਸ਼ਰ ਦਾ ਫੁਰਮਾਨ ਹੈ “ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥” ਜੇ ਪਰਮੇਸ਼ਰ ਤੋਂ ਬਿਖਿਆ ਵਿੱਚ ਕੁੱਝ ਮੰਗਣਾ ਹੈ ਤਾ ਉਸਦੇ ਹੁਕਮ ਵਿੱਚ ਖੁਸ਼ ਰਹਿਣ ਦੀ ਕਲਾ ਨੂੰ ਮੰਗਣਾ ਹੈ “ਅੰਮ੍ਰਿਤ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥” । ਪਰ ਮੇਰੇ ਵਰਗੇ ਮੂਰਖ ਅੰਮ੍ਰਿਤ ਛੱਡ ਦੁਨਿਆਵੀ ਪਦਾਰਥ ਮੰਗੀ ਜਾਂਦੇ ਨੇ। ਪਾਤਿਸ਼ਾਹ ਆਖਦੇ “ਬਿਖਿਆ ਅੰਮ੍ਰਿਤ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥” – ਬਿਖਿਆ (ਭੀਖ), ਮਾਇਆ ਦੀ ਇੱਛਾ ਤੇ ਅੰਮ੍ਰਿਤ ਦੋਵੇਂ ਪਰਮੇਸਰ ਦੀ ਦਯਾ ਹੈ। ਸਬ ਉਸਨੇ ਆਪ ਹੀ ਦੇਣਾ ਜਿਵੇਂ ਦਾ ਸਾਡਾ ਕਿਰਦਾਰ, ਸਾਡੀ ਇੱਛਾ ਹੋਈ।
ਗਲ ਨੂੰ ਸੰਖੇਪ ਵਿੱਚ ਰੱਖਣ ਖਾਤਰ ਅੰਮ੍ਰਿਤ ਦੇ ਸਾਰੇ ਸ਼ਬਦਾਂ ਦੀ ਵਿਚਾਰ ਨਹੀਂ ਕਰ ਰਹੇ ਪਰ ਹੁਣ ਤਕ ਕੀਤੀ ਵਿਚਾਰ ਨਾਲ ਅੰਮ੍ਰਿਤ ਬਾਰੇ ਗੁਰਬਾਣੀ ਦਾ ਸੰਦੇਸ਼ ਸਪਸ਼ਟ ਹੋਣਾ ਚਾਹੀਦਾ ਹੈ। ਅਸੀਂ ਆਸ ਰੱਖਦੇ ਹਾਂ ਕੇ ਤੁਸੀਂ ਆਪ ਇਸਦੀ ਵਿਚਾਰ ਅੱਗੇ ਗੁਰਮਤਿ ਵਿੱਚੋਂ ਕਰੋਂਗੇ। ਬਸ ਚੇਤੇ ਰਹੇ ਕੇ ਅੰਮ੍ਰਿਤ ਨਾਮ (ਸੋਝੀ) ਨੂੰ ਆਖਿਆ ਹੈ ਬਾਣੀ ਵਿੱਚ ਜੋ ਗੁਣਾ ਦੀ ਵਿਚਾਰ ਤੋਂ ਗੁਣ ਧਾਰਣ ਕਰਨ ਨਾਲ ਪ੍ਰਾਪਤ ਹੋਣਾ। ਤੇ ਜੋ ਦਸਮ ਪਾਤਿਸ਼ਾਹ ਨੇ ਸਾਨੂੰ ਬਖਸ਼ ਕੇ ਨਿਹਾਲ ਕੀਤਾ ਹੈ ਉਹ ਖਾਲਸੇ ਫੌਜ ਵਿੱਚ ਭਰਤੀ ਦਾ ਨੀਅਮ ਹੈ ਤੇ ਉਸਨੂੰ ਖੰਡੇ ਦੀ ਪਾਹੁਲ ਆਖਦੇ ਹਨ। ਜੋ ਖਾਲਸੇ ਲਈ ਖਾਲਸੇ ਦੇ ਫਲਸਫੇ ਲਈ ਸਿਰ ਦੇਣ ਨੂੰ (ਮੈਂ ਮਾਰਨ ਨੂੰ) ਤਿਆਰ ਹੋਵੇ, ਮਨਮਤਿ ਛੱਡਣ ਨੂੰ ਤਿਆਰ ਹੋਵੇ। ਗਿਆਨ ਖੜਗ ਲੈ ਕੇ ਪਹਿਲਾਂ ਅੰਦਰ ਜੰਗ ਕਰੇ ਤੇ ਗੁਰਮਤਿ ਗਿਆਨ ਦੀ ਰਾਖੀ, ਪ੍ਰਚਾਰ, ਤੇ ਲੋਕ ਭਲਾਈ ਲਈ ਤਿਆਰ ਹੋਵੇ ਉਹ ਖੰਡੇ ਦੀ ਪਹੁਲ ਛਕੇ। ਇਹ ਸਿੱਖੀ ਵਿੱਚ ਦਾਖਲਾ ਨਹੀਂ, ਸੀਸ ਭੇਂਟ ਕਰ ਦੇਣ ਦੀ ਗਵਾਹੀ ਹੈ। ਸਿੱਖ ਤਾਂ ਮਨੁੱਖ ਪੈਂਦਾ ਹੁੰਦਿਆਂ ਹੀ ਹੈ। ਰੋਜ ਸਿੱਖਦਾ ਹੈ। ਸਿੱਖਦੇ ਸਿੱਖਦੇ ਜਦੋਂ ਗੁਰ (ਗੁਣ) ਸਿੱਖਣ ਲਾੱਗੇ ਤਾਂ ਗੁਰਸਿੱਖ ਹੈ, ਗੁਣ ਸਿਖ ਕੇ ਆਪਣੇ ਜੀਵਨ ਵਿੱਚ ਇਹਨਾਂ ਨੂੰ ਮੁੱਖ ਰੱਖੇ ਤਾਂ ਗੁਰਮੁਖ ਹੈ, ਗੁਰਮੁਖਿ ਭਾਵ ਜਦੋਂ ਗੁਣਾਂ ਨੂੰ ਮੁੱਖ ਰੱਖਿਆਂ ਨਾਮ (ਸੋਝੀ) ਪ੍ਰਾਪਤ ਕਰਕੇ ਸੰਮਪੂਰਨ ਸਮਰਪਿਤ ਹੋ ਜਾਵੇ ਤਾਂ ਦਾਸ ਹੈ। ਦਾਸ ਕੋਈ ਆਸ ਨਹੀਂ ਰੱਖਦਾ ਨਾ ਰਾਜ ਦੀ ਨਾਂ ਮੁਕਤੀ ਦੀ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥”। ਜਿਵੇਂ ਪਰਮੇਸਰ ਰੱਖਦਾ ਉੱਦਾਂ ਹੀ ਰਜਿੰਦਾ। ਸਬ ਤੋਂ ਅਖੀਰਲੀ ਤੇ ਉੱਚ ਅਵਸਥਾ ਹੈ ਭਗਤ ਦੀ “ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ॥” – ਭਗਤ ਰਵਿਦਾਸ ਜੀ ਮਹਾਰਾਜ ਸੱਚੇ ਪਾਤਿਸ਼ਾਹ ਆਖਦੇ ਹਨ ਕੇ ਪੰਡਿਤ (ਪੜਿਆ ਲਿਖਿਆ), ਸੂਰ (ਸੂਰਮਾ), ਛਤ੍ਰਪਤਿ ਰਾਜਾ, ਇਹ ਸਾਰਿਆਂ ਤੋਂ ਉਪਰ ਭਗਤ ਹੈ। ਭਗਤ ਬਰਾਬਰ ਹੋਰ ਕੋਰੀ ਨਹੀਂ। ਗੁਰ ਹਨ ਗੁਣ, ਗੁਰੁ ਹੈ ਗੁਣਾਂ ਦਾ ਧਾਰਣੀ, ਗੁਰੂ ਹੈ ਜੋ ਗੁਣਾਂ ਦੀ ਸਿੱਖਿਆ ਦੇਵੇ ਤੇ ਅਗਿਆਨਤਾ ਦੇ ਹਨੇਰੇ ਤੋਂ ਗਿਆਨ, ਸੋਝੀ, ਸਹਿਜ, ਆਨੰਦ ਦੀ ਅਵਸਥਾ, ਵਲ ਲੈਕੇ ਜਾਵੇ। ਕਿਸੇ ਦੇਸ਼ ਦਾ ਫੌਜੀ ਵਰਦੀ ਪਾ ਕੇ ਦੇਸ਼ ਦੇ ਸੰਵਿਧਾਨ ਤੋਂ ਬਾਗੀ ਹੋ ਜਾਵੇ ਤਾਂ ਕੀ ਸਜਾ ਹੈ? ਉਦਾਂ ਹੀ ਜੇ ਅਕਾਲ ਦਾ, ਖਾਲਸੇ ਦਾ ਫੌਜੀ ਹੋਵੇ ਤੇ ਉਹ ਤੱਤ ਗਿਆਨ ਨੂੰ ਨਾ ਸਮਝੇ, ਗੁਰਮਤਿ ਗਿਆਨ ਤੋਂ ਸੋਝੀ ਨਾ ਲਵੇ, ਆਪਣੇ ਸੰਵਿਧਾਨ “ਗੁਰਮਤਿ” ਤੋਂ ਬਾਗੀ ਹੋਵੇ, ਬਾਣਾ ਪਾ ਲਵੇ, ਦੁਮਾਲਾ ਸਜਾ ਲਵੇ, ਸ਼ਸਤਰ ਧਾਰਣ ਕਰ ਲਵੇ ਪਰ ਗਿਆਨ ਖੜਗ ਲੈ ਕੇ, ਮਨ ਨਾਲ ਨਾ ਲੂਝੇ ਤਾਂ ਉਸ ਨਾਲ ਕੀ ਹੋਵੇ?
ਸੋ ਭਾਈ ਗੁਰਬਾਣੀ ਵਿੱਚ ਜੋ ਨਾਮ ਸਮਾਇਆ ਹੋਇਆ ਹੈ “ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ॥” ਇਹੀ ਨਾਮ (ਗੁਣਾਂ ਦੀ, ਹੁਕਮ ਦੀ, ਸਹਿਜ ਦੀ ਸੋਝੀ) ਅੰਮ੍ਰਿਤ ਹੈ “ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ॥”, “ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ ॥” – ਗੁਰਿ ਭਾਵ ਗੁਰ (ਗੁਣ) ਨੇ ਹੀ ਅੰਮ੍ਰਿਤ ਨਾਮ (ਸਦੀਵ ਰਹਿਣ ਵਾਲੀ ਸੋਝੀ) ਪਿਲਾਣਾ ਹੈ। ਗੁਰਮਤਿ ਤੋਂ ਗਿਆਨ ਲੈ ਕੇ ਇਹ ਅੰਮ੍ਰਿਤ ਪੀਤਾ ਜਾਣਾ ਹੈ। ਬਾਹਰੋਂ ਜੋ ਪੀਂਦੇ ਹਾਂ ਉਹ ਖੰਡੇ ਦੀ ਪਾਹੁਲ ਹੈ, ਗੁਰੂ ਨੂੰ ਸਮਰਪਿਤ ਹੋਣ ਦਾ ਪ੍ਰਣ ਹੈ ਕੇ ਅਸੀਂ ਗੁਰਮਤਿ ਗਿਆਨ ਦੀ ਰਾਖੀ ਆਪਣੇ ਘਟ ਵਿੱਚ ਕਰਾਂਗੇ। ਨਾਮ ਦਾ ਪਰਗਾਸ ਅਸੀਂ ਆਪਣੇ ਹਿਰਦੇ ਵਿੱਚ ਕਰਾਂਗੇ। ਤੇ ਪ੍ਰੇਮ ਭਗਤੀ, ਗੁਰ ਕੀ ਮਤਿ, ਸਾਰਿਆਂ ਵਿੱਚ ਏਕ ਜੋਤ ਹੋਣ ਦਾ ਪ੍ਰਚਾਰ, ਮਾਨਵਤਾ ਦੀ ਭਲਾਈ ਦਾ ਸੰਦੇਸ਼ ਪੂਰੀ ਸ੍ਰਿਸਟੀ ਵਿੱਚ ਪ੍ਰਚਾਰਾਂਗੇ। ਜਾਤ ਪਾਤ ਤੋਂ ਉੱਪਰ ਗਿਆਨ ਨੂੰ ਰੱਖਾਂਗੇ। ਅਸੀਂ ਉਸ ਸੱਚ ਧਰਮ ਦੇ ਰਾਖੇ ਹਾਂ ਅਕਾਲ ਦੀ ਫੌਜ ਹਾਂ, ਸੱਜਣ ਸੂਰਮੇ ਹਾਂ, ਬੁੱਧ ਤੇ ਗਿਆਨ ਦੇ ਪੂਰੇ ਹਾਂ। ਪਰਮੇਸਰ ਦੇ ਗੁਣ ਸਾਡੇ ਵਿੱਚ ਵਾਸ ਕਰਨਗੇ ਤੇ ਕਰਦੇ ਹਨ। ਨਿਰਵੈਰਤਾ, ਨਿਰਭਓਤਾ ਦਾ ਗਿਆਨ ਰੱਖਾਂਗੇ। ਬਾਣੀ ਪੜ੍ਹੋ ਸਮਝੋ, ਵਿਚਾਰੋ ਤਾਂ ਕੇ ਇਹ ਅੰਮ੍ਰਿਤ ਗਿਆਨ ਨੂੰ ਧਾਰਣ ਕਰ ਸਕੀਏ ਤਾਂ ਕੇ ਸਾਡੀ ਭਗਤੀ ਸ਼ੁਰੂ ਹੋ ਸਕੇ “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥”।