Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਖੰਡ, ਭੰਡ ਅਤੇ ਭਾਂਡਾ

ਗੁਰਬਾਣੀ ਵਿੱਚ ਧਰਮ ਖੰਡ, ਸਰਮ ਖੰਡ, ਕਰਮ ਖੰਡ, ਗਿਆਨ ਖੰਡ, ਸੱਚ ਖੰਡ ਦੀ ਗਲ ਹੁੰਦੀ ਹੈ। ਖੰਡ ਦਾ ਸ਼ਬਦੀ ਅਰਥ ਟੀਕਿਆਂ ਨੇ ਟੁਕੜਾ ਕੀਤਾ ਹੈ। ਜੇ ਖੰਡ ਦਾ ਅਰਥ ਟੁਕੜਾ ਕਰਦੇ ਹਾਂ ਤਾਂ “ਸਚ ਖੰਡਿ ਵਸੈ ਨਿਰੰਕਾਰੁ॥” ਦਾ ਅਰਥ ਕਰਦਿਆਂ ਭੁਲੇਖਾ ਲਗ ਸਕਦਾ ਹੈ ਕੇ ਨਿਰੰਕਾਰ ਕਿਸੇ ਇੱਕ ਸੱਚ ਨਾਮ ਦੇ ਟੁਕੜੇ ਵਿੱਚ ਹੈ ਜਾਂ ਸੱਚ ਨੂੰ ਖੰਡਿਆਂ ਨਿਰੰਕਾਰ ਦੀ ਪ੍ਰਾਪਤੀ ਹੋਣੀ। ਇਹਨਾਂ ਖੰਡਾਂ ਬਾਰੇ ਗਲ ਕਰਦਿਆਂ ਬਾਣੀ ਨੇ ਸਾਫ਼ ਕਹਿਆ ਹੈ ਕੇ  “ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ॥ ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ॥੧॥” ਜਿਸਦਾ ਅਰਥ ਬਣਦਾ ਮੈਂ ਬਹੁਤ ਬਿਧ (ਤਰੀਕੇ) ਨਾਲ ਵੇਖਿਆ ਪਰ ਹੋਰ ਕੋਈ ਦੂਜਾ ਹੈ ਨਹੀਂ, ਖੰਡ ਦੀਪ (ਦੀਵਾ) ਸਭ ਭੀਤਰ ਰਵਿਆ (ਪ੍ਰਕਾਸ਼ਮਾਨ) ਹੈ ਤੇ ਸਾਰਿਆਂ ਵਿੱਚ ਹੀ ਹੈ। ਇਸਨੂੰ ਹੋਰ ਸਮਝਾਉਣ ਲਈ ਕਹਿਆ “ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥“ – ਜੋ ਵੀ ਖੋਜ ਰਹੇ ਹਾਂ, ਜਿਸਨੂੰ ਵੀ ਲੱਬ ਰਹੇ ਹਾਂ ਉਹ ਭੀਤਰ ਹੀ ਹੈ। “ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ॥੮੭॥” ਇਹਨਾਂ ਪੰਕਤੀਆਂ ਤੋ ਸਿੱਧ ਹੁੰਦਾ ਹੈ ਕੇ ਖੰਡ ਵੀ ਘਟ ਦਾ ਹੀ ਹਿੱਸਾ ਹਨ। ਜੇ ਭੰਡ ਸਮਝ ਆ ਜਾਵੇ ਤਾਂ ਹੋਰ ਸਪਸ਼ਟ ਹੋ ਜਾਣਾ। ਭੰਡ ਸਮਝਣ ਤੋਂ ਪਹਿਲਾਂ ਇਹ ਸਮਝ ਲਈਏ ਕੇ ਖੰਡ ਬੁੱਧ ਦੇ ਹੀ ਹਿੱਸੇ ਹਨ ਤੇ ਘਟ ਇੱਕ ਭਾਂਡੇ ਵਾਂਗ ਹੈ। ਸਮਝਣ ਲਈ ਘਟ (ਭਾਂਡਾ) ਜਿਸ ਵਿੱਚ ਬੁੱਧ ਦਾ ਵਾਸ ਹੈ। ਬੁੱਧ ਮਨਮਤਿ ਜਾਂ ਗੁਰਮਤਿ ਹੋ ਸਕਦੀ ਹੈ। ਭਾਂਡੇ ਵਿੱਚ ਕਿਤਨਾ ਗਿਆਨ ਹੈ ਸੋਝੀ ਹੈ ਇਹ ਬੁੱਧ ਦਾ ਮਾਪਦੰਡ ਹੈ। ਗੁਰਮਤਿ ਆਖਦੀ “ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥” – ਇਸ ਭਾਂਡੇ ਨੂੰ ਗਿਆਨ ਨਾਲ ਧੋਣਾ ਹੈ, ਸੋਝੀ ਇਤਨੀ ਹੋਵੇ ਕੇ ਅਵਗਣ ਨਾ ਹੋਣ ਮਨਮਤਿ ਦਾ ਇੱਕ ਕਣ ਵੀ ਨਾ ਰਹੇ ਫੇਰ ਦੂਧੈ (ਪ੍ਰਭ, ਹਰਿ, ਰਾਮ, ਮੂਲ) ਕੋਲ ਜਾਉ ਜੇ ਨਾਮ (ਸੋਝੀ) ਗੁਰ (ਗੁਣ) ਪ੍ਰਸਾਦ ਚਾਹੀਦਾ ਤਾਂ। ਇਹ ਦੂਧ ਕਰਮ (ਚੰਗੇ ਕਰਮ) ਹੁਕਮ ਦੀ ਸੋਝੀ ਸੂਰਤਿ ਵਿੱਚ ਸਮਾਉਣ ਲਈ ਨਿਰਾਸਾ(ਬਿਨਾਂ ਆਸ) ਹੋਣਾ ਪੈਣਾ । “ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ॥੧॥

ਜਦੋਂ ਇਹ ਪਤਾ ਲੱਗ ਗਿਆ ਕੇ ਖੰਡ ਘਟ ਭੀਤਰ ਹੀ ਗਿਆਨ ਦੀ ਅਵਸਥਾ ਹੈ। ਬੁੱਧ ਦਾ ਉਹ ਹਿੱਸਾ ਉਹ ਸੋਚ ਜਿਸ ਵਿੱਚ ਕਰਮ, ਧਰਮ, ਸਰਮ, ਗਿਆਨ, ਪਾਖੰਡ/ਪਖੰਡ, ਅਘਖੰਡੁ ਤੇ ਸੱਚ ਪ੍ਰਧਾਨ ਹਨ ਉਹਨਾਂ ਨੂੰ ਬਾਣੀ ਨੇ ਖੰਡ ਆਖਿਆ ਹੈ। ਵਿਚਾਰ ਕਰਦੇ ਹਾਂ ਇਹਨਾਂ ਬੁੱਧ ਦੇ ਖੰਡਾਂ ਬਾਰੇ।

ਧਰਮ ਖੰਡ ਕਾ ਏਹੋ ਧਰਮੁ॥ ਗਿਆਨ ਖੰਡ ਕਾ ਆਖਹੁ ਕਰਮੁ॥” – ਧਰਮ ਬਾਰੇ ਅਸੀਂ ਚਰਚਾ ਕੀਤੀ ਹੈ ਕੇ ਧਰਮ ਕਿਸਨੂੰ ਮੰਨਿਆ ਹੈ ਗੁਰਮਤਿ ਨੇ, ਇਸ ਬਾਰੇ ਪੜ੍ਹਨ ਲਈ ਵੇਖੋ “ਧਰਮ” ਕੀ ਹੈ। ਸੰਖੇਪ ਵਿੱਚ ਸਮਝਦੇ ਹਾਂ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥”, ਗੁਰਮਤਿ ਨਾਮ (ਗਿਆਨ/ਸੋਝੀ) ਲੈਣ ਦੇ ਕਰਮ (ਜਤਨ) ਨੂੰ ਹੀ ਬੁੱਧ ਦੇ ਉਸ ਖੰਡ ਦਾ ਧਰਮ ਮੰਨਦੀ ਹੈ।

ਗਿਆਨ ਖੰਡ ਮਹਿ ਗਿਆਨੁ ਪਰਚੰਡੁ॥” – ਬੁੱਧ ਦੇ ਗਿਆਨ ਖੰਡ ਵਿੱਚ ਪ੍ਰਚੰਡ ਗਿਆਨ ਹੁੰਦਾ ਹੈ ਜੋ ਅਵਗੁਣਾਂ ਨੂੰ ਉਪਜਣ ਨਹੀਂ ਦਿੰਦਾ। “ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ॥” ਅਤੇ “ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ ਘਰ ਮੰਦਰ ਸੋਹਾਇਆ॥”। ਗਿਆਨ ਹੋਣ ਤੇ ਸਰੀਰ ਨੇ ਹੀ ਹਰਿ ਦਾ ਮੰਦਰ ਬਣ ਜਾਣਾ “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥

ਸਰਮ ਖੰਡ ਕੀ ਬਾਣੀ ਰੂਪੁ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥ ਤਾ ਕੀਆ ਗਲਾ ਕਥੀਆ ਨਾ ਜਾਹਿ॥ ਜੇ ਕੋ ਕਹੈ ਪਿਛੈ ਪਛੁਤਾਇ॥ ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥੩੬॥” – ਸਰਮ ਦਾ ਸਬਦੀ ਅਰਥ ਹੈ ਲਾਜ ਕੀਤਾ ਹੈ ਟੀਕਿਆਂ ਨੇ। ਵਿਚਾਰਨ ਲਈ ਗੁਰਬਾਣੀ ਆਖਦੀ “ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥” ਅਤੇ “ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥” ਜਿਸਤੋਂ ਸਪਸ਼ਟ ਹੁੰਦਾ ਹੈ ਕੇ ਸਰਮ ਆਪਣੀ ਹੋਂਦ ਦੀ ਪਛਾਣ ਹੈ। ਇਸ ਪਛਾਣ ਦਾ ਪਤਾ ਤਾਂ ਲਗਦਾ ਹੈ ਜੇ ਨਾਮ (ਸੋਝੀ) ਦਾ ਧਨ ਕੋਲ ਹੋਵੇ “ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ॥” ਧਨ ਨਾਮ ਧਨ ਹੈ। ਨਾਮ ਧਨ ਕੀ ਹੈ ਕਿਵੇਂ ਮਿਲਦਾ ਸਮਝਣ ਲਈ ਪੜ੍ਹੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਕਰਮ ਖੰਡ ਕੀ ਬਾਣੀ ਜੋਰੁ॥ ਤਿਥੈ ਹੋਰੁ ਨ ਕੋਈ ਹੋਰੁ॥ ਤਿਥੈ ਜੋਧ ਮਹਾਬਲ ਸੂਰ॥ ਤਿਨ ਮਹਿ ਰਾਮੁ ਰਹਿਆ ਭਰਪੂਰ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਤਾ ਕੇ ਰੂਪ ਨ ਕਥਨੇ ਜਾਹਿ॥ ਨਾ ਓਹਿ ਮਰਹਿ ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥ ਤਿਥੈ ਭਗਤ ਵਸਹਿ ਕੇ ਲੋਅ॥ ਕਰਹਿ ਅਨੰਦੁ ਸਚਾ ਮਨਿ ਸੋਇ॥” – ਕਰਮ ਦਾ ਅਰਥ ਹੈ ਕ੍ਰੀਆ, ਗੁਰਬਾਣੀ ਆਖਦੀ “ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥” ਕੁਝ ਕਰਨ ਦੀ ਇੱਛਾ, ਇਹ ਸੋਚ ਕੀ ਮੈਂ ਕੁੱਝ ਕਰ ਸਕਦਾ ਹਾਂ ਇਸ ਨਾਲ ਜੀਵ ਨੂੰ ਕਪੜਾ (ਸਰੀਰ) ਧਾਰਨ ਕਰਕੇ ਜਨਮ ਮਰਨ ਦੀ ਖੇਡ ਚਲਦੀ ਰਹਿੰਦੀ ਹੈ। ਕਪੜਾ ਸਮਝਾਇਆ ਹੈ ਗੁਰਮਤਿ ਨੇ “ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥”, ਗੁਰਬਾਣੀ ਆਖਦੀ ਜੇ ਮਨੁੱਖ ਨੂੰ ਕਰਮ ਕਰਨ ਦੀ ਇੱਛਾ ਜਾਗਦੀ ਰਹਿੰਦੀ ਹੈ ਤਾਂ ਉਸਦਾ ਆਵਾਗਮਨ ਨਹੀਂ ਰੁਕਦਾ। ਪਰ ਗਿਆਨ ਹੋਣ ਤੇ ਜਦੋਂ ਇਹੀ ਕਰਮ ਹੁਕਮ ਨਾਲ ਰਲ ਜਾਂਦੇ ਹਨ ਉਸਦੀ ਰਜਾ ਵਿੱਚ ਹੁੰਦੇ ਹਨ ਤਾਂ ਫੇਰ ਕਰਮ ਕਿਰਪਾ ਬਣ ਜਾਂਦੀ ਹੈ “ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ॥ ਬਿਸਨ ਕੀ ਮਾਇਆ ਤੇ ਹੋਇ ਭਿੰਨ॥ ਕਰਮ ਕਰਤ ਹੋਵੈ ਨਿਹਕਰਮ॥ ਤਿਸੁ ਬੈਸਨੋ ਕਾ ਨਿਰਮਲ ਧਰਮ॥ ਕਾਹੂ ਫਲ ਕੀ ਇਛਾ ਨਹੀ ਬਾਛੈ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ॥ ਮਨ ਤਨ ਅੰਤਰਿ ਸਿਮਰਨ ਗੋਪਾਲ॥ ਸਭ ਊਪਰਿ ਹੋਵਤ ਕਿਰਪਾਲ॥ ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ॥ ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ॥੨॥” ਇਹੀ ਗਲ ਕਰਮ ਖੰਡ ਦੀਆਂ ਪੰਕਤੀਆਂ ਜਪ ਬਾਣੀ ਵਿੱਚ ਸਮਝਾ ਰਹੀਆਂ ਹਨ।

ਸਚ ਖੰਡਿ ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ ਨਦਰਿ ਨਿਹਾਲ॥ ਤਿਥੈ ਖੰਡ ਮੰਡਲ ਵਰਭੰਡ॥ ਜੇ ਕੋ ਕਥੈ ਤ ਅੰਤ ਨ ਅੰਤ॥ ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥ ਵੇਖੈ ਵਿਗਸੈ ਕਰਿ ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥੩੭॥”- ਸੱਚ ਖੰਡ ਬੁਧ ਦਾ ਉਹ ਪ੍ਰਕਾਸ਼ਮਾਨ ਭਾਗ ਹੈ ਜਿਸ ਵਿੱਚ ਪਰਮੇਸਰ ਨਿਰੰਕਾਰ ਦਾ ਗਿਆਨ ਹੈ ਸੋਚ ਹੈ। ਬੁੱਧ ਨੇ ਹੀ ਸਾਰੀ ਮਨਮਤਿ ਤਿਆਗ ਕੇ ਆਪਣੀ ਬੁੱਧ ਨੂੰ ਸਚ ਖੰਡ ਬਣਾਉਣਾ ਹੈ ਜਿਸ ਵਿੱਚ ਹਰਿ ਦਾ ਰਾਮ ਦਾ ਵਾਸ ਹੋਵੇ। ਮਨੁੱਖ ਬੁੱਧ ਦੇ ਭਾਂਡੇ ਵਿੱਚ ਅਹੋਈ ਨਾਰ ਰੱਖ ਕੇ ਬੈਠਾ ਹੈ। ਇਹ ਅਹੋਈ ਨਾਰ (ਬੁੱਧ) ਤਿਆਗ ਕੇ ਗੁਰਮਤਿ ਗਿਆਨ ਨਾਲ ਸੰਪੂਰਨ ਸੁਚੱਜੀ ਨਾਰ (ਗੁਰਮਤਿ ਵਾਲੀ ਬੁੱਧ) ਨਾਲ ਵਿਆਹ (ਰਿਸ਼ਤਾ) ਸਥਾਪਿਤ ਕਰਨਾ ਪੈਣਾ। ਇਸ ਨੂੰ ਅੱਗੇ ਸਮਝਾਂਗੇ।

ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ॥” – ਖੰਡ ਬੁੱਧ ਦੀਆਂ ਅਵਸਥਾਵਾਂ ਹਨ। ਗੁਰਮਤਿ ਦਾ ਫੁਰਮਾਨ ਹੈ “ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ॥ ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਰਿ ਕੈਠੈ ਜਾਇਓ॥” ਸੋ ਖੰਡ ਤੇ ਬ੍ਰਹਮੰਡ ਦੋਵੇਂ ਘਟ ਭੀਤਰ ਹੀ ਹਨ।

ਭੰਡ ਦਾ ਅਰਥ

ਭੰਡ ਦਾ ਅਰਥ ਟੀਕਿਆਂ ਨੇ ਇਸਤ੍ਰੀ ਕੀਤਾ ਹੈ ਇਸ ਸ਼ਬਦ ਕਾਰਣ “ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥੨॥ ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ॥ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥ ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ॥ ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ॥੧੯॥” ਇਹਨਾਂ ਪੰਕਤੀਆਂ ਨੂੰ ਸਹੀ ਤਰੀਕੇ ਨਾਲ ਗੁਰਮਤਿ ਦੀ ਰੌਸ਼ਨੀ ਵਿੱਚ ਵਿਚਾਰਨ ਦੀ ਲੋੜ ਹੈ। ਇਸਦੇ ਅਗਲੇ ਪਿਛਲੇ ਸ਼ਬਦ ਵਿੱਚ ਕੋਈ ਐਸੀ ਗਲ ਨਹੀਂ ਹੋ ਰਹੀ ਕੇ ਵਿਚਾਰ ਦੇ ਪ੍ਰਵਾਹ ਵਿੱਚ ਇਸਤ੍ਰੀ ਦੀ ਗਲ ਹੋਵੇ। ਸੋਚਣ ਵਾਲੀ ਗਲ ਹੈ ਕੇ ਦੇਸ਼ ਦੇ ਕਿਹੜੇ ਹਿੱਸੇ ਵਿੱਚ ਇਸਤ੍ਰੀ ਨੂੰ ਭੰਡ ਆਖਦੇ ਹਨ? ਭੰਡ ਦਾ ਅਰਥ ਲੱਭਣ ਲਈ ਗੌਰ ਕਰਨਾ ਹੈ ਇਸ ਪੰਕਤੀ ਤੇ “ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥”, ਭੰਡੇ ਕ੍ਰੀਆ ਹੈ। ਫੇਰ ਭੰਡ ਦਾ ਅਰਥ ਹੈ ਰੱਦ ਕਰਨਾ ਖਾਰਿਜ ਕਰਨਾ। ਭੰਡ ਦਾ ਅਰਥ ਖਾਰਿਜ/ਰੱਦ ਕਰਨਾ ਲੈਕੇ ਵਿਚਾਰਦੇ ਹਾਂ ਸ਼ਬਦ ਨੂੰ। ਇਸਤੋ ਅਗਲੀਆਂ ਪੰਕਤੀਆਂ ਵੀ ਅੰਤਰੀਵ ਹੀ ਹਨ “ਸਲੋਕੁ ਮਃ ੧॥ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥੧॥”। ਇਹ ਸ਼ਬਦ ਆਸਾ ਰਾਗੁ ਵਿੱਚ ਹੈ। ਬਾਣੀ ਵਿੱਚ ਆਸਾ ਰਾਗ ਵਿੱਚ ਸਾਰੀ ਬਾਣੀ ਗੁਣ, ਗਿਆਨ, ਬੁੱਧ, ਅਗਿਆਨਤਾ ਕੱਟੀ ਜਾਵੇ ਇਹੀ ਆਸ ਦੇ ਆਧਾਰ ਤੇ ਲਿਖੀ ਗਈ ਹੈ। ਪੂਰੀ ਬਾਣੀ ਅੰਤਰੀਵ ਭਾਵ ਵਿੱਚ ਹੈ। ਤੇ ਵਿਚਾਰੇ ਜਾ ਰਹੇ ਸ਼ਬਦ ਤੋਂ ਪਹਿਲਾਂ ਤੇ ਇਸਦੇ ਅਗਲੇ ਸ਼ਬਦ ਵਿੱਚ ਵੀ ਇਹੀ ਲੜੀ ਚਲ ਰਹੀ ਹੈ।

ਬੁੱਧ ਵਿੱਚ ਮਨਮਤਿ ਭੰਡ ਕੇ ਹੀ ਜੀਵ ਦੇ ਹਿਰਦੇ ਵਿੱਚ ਨਾਮ ਜੰਮਣਾ, ਮਨਮਤਿ ਭੰਡ ਕੇ ਹੀ ਨਿਮਣਾ। ਮਨਮਤਿ ਭੰਡ ਕੇ ਹੀ ਹਰਿ ਨਾਲ ਵਿਆਹ ਮੰਗਿਆ ਜਾਣਾ। ਮਨਮਤਿ ਭੰਡ ਕੇ ਹੀ ਦੋਸਤੀ (ਦੋ ਸਤਿ ਸਰੂਪ ਮਨੁ ਤੇ ਬੁੱਧ ਦੀ ਪ੍ਰਭ ਨਾਲ ਮੇਲ) ਹੋਣਾ। ਮਨਮਤਿ ਭੰਡ ਕੇ ਹੀ ਗੁਰਮਤਿ ਦੇ ਰਾਹ ਤੇ ਚੱਲਿਆ ਜਾਣਾ। ਮਨਮਤਿ ਨੂੰ ਹੀ ਮਾਰਨਾ, ਇੱਛਾ, ਆਸ ਵਿਕਾਰਾਂ ਨੂੰ ਹੀ ਮਾਰਨਾ ਭਾਲ ਕੇ। ਜੇ ਇਸਤ੍ਰੀ ਵੀ ਮੰਨ ਲਈਏ ਭੰਡ ਨੂੰ ਤਾਂ ਇਹ ਦੁਨਿਆਵੀ ਰਿਸ਼ਤੇ ਦੀ ਗਲ ਨਹੀਂ ਹੈ। ਮਨਮਤਿ ਵਾਲੀ ਕੁਚੱਜੀ ਬੁੱਧ ਦੀ ਹੀ ਗਲ ਹੋ ਰਹੀ ਹੈ।

ਭੰਡਿ ->ਜੰਮੀਐ ਜੋ ਪਾਵੈ ਭਾਂਡੇ ਵਿੱਚ ਵਸਤੁ ਸਾ ਨਿਕਲੇ ਕੀਆ ਕੋ ਕਰੇ, ਹੁਣ ਚਾਹੇ ਮਨ ਪੈਦਾ ਹੋ ਰਹਿਆ ਹੈ ਅਗਿਆਨ ਨਾਲ ਚਾਹੇ ਗਯਾਨ ਚੋਂ ਪੈਦਾ ਹੋ ਰਿਹਾ ਮਨੁ ਦੋਨੋ ਪੈਦਾ ਮੂਲ ਚੋਂ ਹੋ ਰਹੇ ਤਾਂ ਜਮਨਾ ਹੈ ਭਡ ਚੋਂ।

ਭੰਡਿ ਨਿੰਮੀਐ – “ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ॥

ਭੰਡਿ ਮੰਗਣੁ ਵੀਆਹੁ – ਗੁਰਮਤਿ ਵਾਲਾ ਵਿਆਹ ਤਾਂ ਬੁੱਧ ਦਾ ਹਰਿ ਨਾਲ ਦਰਸਾਇਆ ਹੈ ਬਾਣੀ ਵਿੱਚ “ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ॥” ਜਦੋਂ ਗੁਰ (ਗੁਣਾਂ) ਨੂੰ ਮੁੱਖ ਰੱਖਿਆਂ ਹਰਿ ਪਾਇਆ ਹਰਿ ਦੀ ਪ੍ਰਾਪਤੀ ਹੋ ਗਈ। “ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ॥” ਦੁਨਿਆਵੀ ਰਿਸ਼ਤੇ ਵੇਲੇ ਵਿਆਹ ਵੇਲੇ ਇਹ ਸ਼ਬਦ ਤਾਂ ਪੜ੍ਹ ਲੈਂਦੇ ਹਾਂ ਪਰ ਅਗਿਆਨ ਅੰਧੇਰਾ ਕਿਸ ਦਾ ਕੱਟਿਆ ਗਿਆ। ਅੱਗੇ ਵੀ ਵੇਖ ਲਵੋ “ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ॥ ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ॥ ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ॥ ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ॥੨॥” – ਅਭਿਨਾਸੀ ਵਰ ਕਿਸਨੂੰ ਮਿਲਿਆ ਦੁਨਿਆਵੀ ਵਿਆਹ ਵੇਲੇ? ਸੋ ਗੁਰਬਾਣੀ ਤਾਂ ਅੰਤਰੀਵ ਗਲ ਹੀ ਕਰ ਰਹੀ ਹੈ ਟੀਕਿਆਂ ਨੇ ਅਰਥ ਸੰਸਾਰੀ ਕਰਕੇ ਧਿਆਨ ਹੀ ਭਟਕਾਇਆ ਹੈ।

ਭਾਂਡਾ

ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥” ਓਹੀ ਗੱਲ ਚੱਲ ਰਹੀ ਭੰਡ ਬੁੱਧ ਲਈ ਵਰਤ ਕੇ ਦੇਖੋ। ਭੰਡੁ, ਭੰਡਾਰ, ਵਰਭੰਡ, ਭੰਡਾਰਨ ਸਾਰੇ ਰਲਦੇ ਨੇ। ਬੁੱਧ ਭਾਂਡਾ ਹੈ ਜਿਸ ਵਿੱਚ ਗਿਆਨ ਪੈਣਾ, ਸੋਝੀ ਇਕੱਤਰ ਹੋਣੀ ਜਿਸ ਵਿੱਚ ਨਾਮ ਪਾਇਆ ਜਾਣਾ। ਮਨਮਤਿ ਦਾ ਭਾਂਡਾ ਤਿਆਗ ਕੇ ਗੁਰਮਤਿ ਦਾ ਭਾਂਡਾ ਘਟ ਵਿੱਚ ਤਿਆਰ ਹੋ ਰਹਿਆ ਹੈ। “ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ॥” ਅਤੇ “ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥”। ਜੇ ਇਹ ਭਾਂਡਾ ਧੋਤਾ ਗਿਆ, ਫੁੱਟ ਗਿਆ, ਅਗਿਆਨਤਾ, ਦਲਿੱਦਰ, ਵਿਕਾਰ ਨਾ ਹੋਣ ਤਾਂ ਪ੍ਰਭ ਨੂੰ ਭਾਉਣਾ ਤਾਂ ਗਿਆਨ ਦੀ ਪ੍ਰਾਪਤੀ ਹੋਣੀ “ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ॥ ਪਰਮ ਜੋਤਿ ਜਾਗਾਇ ਵਾਜਾ ਵਾਵਸੀ॥੧੪॥

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ॥੧॥” – ਇੱਥੇ ਭਾਂਡੇ ਦਾ ਅਰਥ ਹਿਰਦਾ ਹੈ। ਹਿਰਦੇ ਨੂੰ ਚੰਗੀ ਤਰਹ ਸਾਫ਼ ਕਰਨਾ ਪੈਣਾ ਜੇ ਇਸ ਵਿੱਚ ਨਾਮ (ਦੁੱਧ) ਪਾਣਾ। ਦੁੱਧ ਹੈ ਅੰਮ੍ਰਿਤ ਗਿਆਨ “ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥” ਇਸੀ ਦੂਧ ਦੀ ਗਲ ਭਗਤ ਜੀ ਕਰ ਰਹੇ ਨੇ “ਦੂਧੁ ਪੀਉ ਮੇਰੋ ਮਨੁ ਪਤੀਆਇ॥” ਅਤੇ “ਦੂਧੁ ਪੀਆਇ ਭਗਤੁ ਘਰਿ ਗਇਆ॥”। ਜੇ ਥੋੜਾ ਜਿਹੀ ਵੀ ਵਿਕਾਰ, ਅਗਿਆਨਤਾ ਦੀ ਮਲ ਰਹੇ ਤਾਂ ਸੁਰਤ ਨਹੀਂ ਟਿਕਣੀ, ਦੁੱਧ ਵਿੱਚ ਵਿਸ਼ (ਵਿਕਾਰ) ਰਲ ਜਾਣੇ। ਇਹੀ ਗਲ ਸਮਝਾਈ ਹੈ “ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥ ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ॥ ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥੨॥” – ਹਿਰਦੇ ਨੂੰ ਸੁੱਧ ਕਰਨ ਦੀ ਸ਼ਰਤ ਹੈ। ਇਹੀ ਸ਼ੁੱਧ ਭਾਂਡੇ ਦੀ ਗਲ ਨਾਨਕ ਪਾਤਿਸ਼ਾਹ ਦੇ ਇਸ ਸ਼ਬਦ ਵਿੱਚ ਹੋਈ ਹੈ “ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ॥ ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ॥੧॥

ਇਹ ਭਾਂਡਾ ਹੀ ਸੋਇਨ ਕਟੋਰੀ ਹੈ “ਸੋੁਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ॥੨॥ ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ॥੩॥ ਦੂਧੁ ਪੀਆਇ ਭਗਤੁ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ॥੪॥੩॥

ਸੋੁਇਨ ਕਟੋਰੀ – ਜੀਵ ਦਾ ਹਿਰਦਾ, ਭਾਂਡਾ
ਅੰਮ੍ਰਿਤ ਭਰੀ – ਨਾਮ, ਗੁਰਮਤਿ ਗਿਆਨ ਦੀ ਸੋਝੀ ਨਾਲ ਭਰੀ “ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥” ਵਾਲੀ
ਦੂਧੁ ਪੀਆਇ – ਸੋਝੀ ਦੇਕੇ
ਘਰਿ ਗਿਆ – ਸੁਖ ਸਾਗਰ ਗਿਆ। “ਜੀਵਤ ਪਾਵਹੁ ਮੋਖ ਦੁਆਰ ॥
ਹਰਿ – ਹਿਰਦੇ ਵਸਦਾ ਮੂਲ। ਗਿਆਨ ਨਾਲ ਹਰਿਆ ਹੋਇਆ ਮਨੁ।

ਗੁਰਬਾਣੀ ਕੇਵਲ ਪੜ੍ਹਨ ਸੁਣਨ ਗਾਉਣ ਨਾਲ ਗੱਲ ਨਹੀਂ ਬਣਨੀ। ਵਿਚਾਰਨੀ ਵੀ ਪੈਣੀ ਤਾਂ ਕੇ ਗਿਆਨ ਹੋਵੇ। ਇਸ ਗਿਆਨ ਨੂੰ ਕੇਵਲ ਵਿਚਾਰ ਕੇ ਵੀ ਹਲ ਨਹੀ ਬਣਨੀ, ਸੁਰਤ ਵਿੱਚ ਲਾਗੂ ਵੀ ਕਰਨੀ ਪੈਣੀ। ਜਪ (ਪਹਿਚਾਨ) ਕੇ ਅੱਗੇ ਸਿਮਰਨ (ਚੇਤੇ) ਯਾਦ ਰੱਖਣਾ ਵੀ ਪੈਣਾ, ਧਿਆਉਣਾ (ਧਿਆਨ) ਵਿੱਚ ਰੱਖਣਾ ਪੈਣਾ ਤੇ ਨਾਲ ਅਰਾਧਣਾ (ਸਮਝਣ ਉਪਰੰਤ ਬੂਝਣਾ, ਸਮਝੇ ਤੇ ਟਿਕੇ ਰਹਿਣਾ) ਵੀ ਪੈਣਾ। ਪੜ੍ਹ ਪੜ੍ਹ ਗੱਡੀ ਨਹੀਂ ਲੱਧਣਾ। ਗੁਰਬਾਣੀ ਦਾ ਫੁਰਮਾਨ ਹੈ “ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥੧॥”, ਅਤੇ “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥੧॥”। ਕਈ ਗਾ ਵੀ ਰਹੇ ਹਨ ਤੇ ਚੰਗਾ ਗਾਉਣ ਦਾ ਮਾਨ ਵੀ ਕਰੀ ਜਾਂਦੇ ਹਨ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ॥

ਬਾਣੀ ਦੀ ਵਿਚਾਰ ਆਪ ਕਰੋ, ਪੜ੍ਹੋ ਤੇ ਸਮਝੋ। ਗੁਰਬਾਣੀ ਆਪਣੇ ਆਪ ਵਿੱਚ ਸੰਪੂਰਨ ਹੈ ਸੱਚ ਖੱਡ ਦੀ ਰਾਹ ਬਖਸ਼ਣ ਲਈ। ਭਰੋਸਾ ਹੋਵੇ। ਸ਼ਰਧਾ ਨਾਲ ਗਲ ਨਹੀਂ ਬਣਦੀ।