Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੰਗਤ, ਸਾਧ ਸੰਗਤ ਅਤੇ ਸਤਿ ਸੰਗਤ

ਸੰਗਤ ਦੋ ਸ਼ਬਦਾਂ ਦਾ ਮੇਲ ਹੈ ਸੰਗ (ਸਾਥ) ਅਤੇ ਗਤਿ (ਮਾਰਗ, ਮੁਕਤੀ)। ਬਜ਼ੁਰਗ ਇੱਕ ਕਹਾਣੀ ਸੁਣਾਉਂਦੇ ਸੀ। ਇੱਕ ਪ੍ਰਚਾਰਕ ਕਿਤੇ ਬੈਠ ਕੇ ਕਥਾ ਕਰਦੇ ਸੀ। ਦੂਰੋਂ ਆਵਾਜ਼ ਆਈ “ਮਿੱਠੇ ਸੰਗਤਰੇ, ਚੰਗੇ ਸੰਗਤਰੇ” ਉਹਨਾਂ ਲੋਕਾ ਤੋ ਪੁੱਛਿਆ ਭਾਈ ਕੀ ਕਰਦਾ। ਸਾਰਿਆਂ ਆਖਿਆ ਜੀ ਸੰਗਤਰੇ (oranges) ਵੇਚਦਾ। ਉਹਨਾਂ ਹੱਸ ਕੇ ਆਖਿਆ ਇਹ ਆਖਦਾ ਮਿੱਠੇ ਦੀ ਸੰਗਤ ਤਰੇ, ਚੰਗੇ ਦੀ ਸੰਗਤ ਤਰੇ। ਇਹ ਦੁਨਿਆਵੀ ਉਦਾਹਰਣ ਹੈ ਕੇ ਸਾਡੀ ਸੰਗਤ ਜੇ ਮਾੜੇ ਬੰਦੇ ਦੀ ਹੋਈ ਸਾਡੇ ਵਿੱਚ ਮਾੜੇ ਗੁਣ ਪੈਦਾ ਹੋਣੇ, ਜੇ ਸਾਡੀ ਸੰਗਤ ਚੰਗੀ ਹੋਈ ਤਾਂ ਸਾਡੇ ਅੰਦਰ ਵੀ ਚੰਗੇ ਗੁਣ ਪੈਦਾ ਹੋਣੇ। ਇਹੀ ਗਲ ਕਬੀਰ ਜੀ ਆਖਦੇ “ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥੮੬॥” – ਭਾਵ ਮਨ ਜਿਹੜਾ ਹੈ ਇਹ ਪੰਛੀ ਵਾਂਗ ਉੱਡਦਾ ਦੱਸਾਂ ਦਿਸ਼ਾ ਵਿੱਚ। ਤੇ ਜੋ ਜਿਹੋ ਜਹੀ ਸੰਗਤ ਕਰਦਾ ਉਸਨੂੰ ਵੈਸਾ ਹੀ ਫਲ ਮਿਲਦਾ। ਤੇ ਗੁਰਮੁਖ ਨੇ ਗੁਣਾਂ ਦੀ, ਗਿਆਨ, ਨਾਮ (ਸੋਝੀ) ਦੀ ਸੰਗਤ ਕੀਤੀ ਹੈ। ਗੁਰਬਾਣੀ ਨੇ ਸੰਗਤ ਦੀ ਗਲ ਕੀਤੀ ਹੈ, ਫੇਰ ਸਤਿ ਸੰਗਤ ਅਤੇ ਸਾਧ ਸੰਗਤ ਦੀ ਗਲ ਵੀ ਕੀਤੀ ਹੈ। ਆਓ ਵੇਖਦੇ ਹਾਂ ਗੁਰਮਤਿ ਇਹਨਾਂ ਬਾਰੇ ਕੀ ਆਖਦੀ ਹੈ।

ਸੰਗਤ

ਗੁਰਬਾਣੀ ਕਿਸਦੀ ਸੰਗਤ ਕਰਨ ਨੂੰ ਆਖਦੀ ਹੈ? ਸਤਿ ਸੰਗਤ ਕੀ ਹੈ? ਸਾਧ ਸੰਗਤ ਕੀ ਹੈ? ਸਾਧ ਹੈ ਕੌਣ ਤੇ ਉਸਦੀ ਸੰਗਤ ਕਿਵੇਂ ਹੁੰਦੀ ਹੈ? ਕੀ ਲੋਕਾ ਦਾ ਇਕੱਠ ਸਤਿ ਦੀ ਜਾਂ ਸਾਧ ਸੰਗਤ ਹੈ? ਸਤਿਸੰਗ ਦੀ ਗੁਰਮਤਿ ਪਰਿਭਾਸ਼ਾ ਕੀ ਹੈ?

ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ॥ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ॥੨॥” – ਭਾਵ ਹਰਿ ਜਨ, ਜਿਹੜੇ ਹਰਿ ਦੇ ਜਨ ਹਨ, ਉਹਨਾਂ ਦੇ ਭਾਗ ਵੱਡੇ ਹਨ ਜਿਹਨਾਂ ਨੂੰ ਹਰਿ ਵਿੱਚ ਸਰਧਾ ਹੈ ਤੇ ਹਰਿ ਮਿਲਣ ਦੀ ਪਿਆਸ ਹੈ। ਹਰਿ ਨੂੰ ਸਮਝ ਕੇ ਹਰਿ ਨੂੰ ਮਿਲ ਕੇ ਜਿਹਨਾਂ ਨੂੰ ਤ੍ਰਿਪਤੀ ਮਿਲਦੀ ਹੈ ਤੇ ਹਰਿ ਦੀ ਸੰਗਤ ਕੀਤਿਆਂ ਹੀ ਗੁਣਾਂ ਦਾ ਪਰਗਾਸ/ਚਾਨਣਾ ਜਿਹਨਾਂ ਨੂੰ ਹੁੰਦਾ ਹੈ। ਹਰਿ ਬਾਰੇ ਜਾਨਣ ਲਈ ਪੜ੍ਹੋ “ਹਰਿ”। ਭਗਤ ਸੂਰਦਾਸ ਜੀ ਆਖਦੇ ਹਨ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥” – ਫੇਰ ਜਿਹਨਾਂ ਨੂੰ ਹਰਿ ਬਾਰੇ ਪਤਾ ਹੀ ਨਹੀਂ ਹੈ ਉਹਨਾਂ ਦਾ ਸੰਗ ਕਰਕੇ ਸਤਿ ਸੰਗਤ ਕਿਵੇਂ ਹੋ ਸਕਦੀ ਹੈ?

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ॥੩॥ ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ॥” – ਸਤਿਗੁਰ ਕੌਣ ਹੈ? ਕੀ ਫ਼ਰਕ ਹੈ ਗੁਰ, ਗੁਰੁ ਤੇ ਗੁਰੂ ਵਿੱਚ? ਗੁਰ ਦਾ ਅਰਥ ਹੁੰਦਾ ਹੈ ਗੁਣ। ਗੁਰੁ ਗੁਣਾਂ ਦਾ ਧਾਰਣੀ ਤੇ ਗੁਰੂ ਮਾਰਗ ਦਰਸ਼ਕ ਗੁਣਾਂ ਦੀ ਸੋਝੀ ਦੇਣ ਵਾਲਾ। ਸਤਿਗੁਰ ਦਾ ਅਰਥ ਹੈ ਸਤਿ (ਸੱਚ) ਦੇ ਗੁਣ। ਸੋ ਪੰਕਤੀ ਦਾ ਭਾਵ ਬਣਦਾ ਜੋ ਸੱਚੇ ਦੇ ਗੁਣਾਂ ਦੀ ਸ਼ਰਣ ਨਹੀਂ ਆਏ, ਗੁਣਾਂ ਦੀ ਸੰਗਤ ਨਹੀਂ ਕੀਤੀ ਤਿਰਸਕਾਰ ਹੈ ਉਸ ਜੀਵਨ ਦਾ।

ਸਵਾਲ ਬਣਦਾ ਸੱਚ ਜਾਂ ਸਤਿ ਕੌਣ ? ਗੁਰਮਤਿ ਸੱਚ ਜਾਂ ਸਤਿ ਉਸਨੂੰ ਮੰਨਦੀ ਹੈ ਜੋ ਆਦਿ ਤੋਂ ਅੰਤ ਤਕ ਸਦੀਵ ਰਹਿਣ ਵਾਲਾ ਹੈ। ਜੋ ਕਦੇ ਨਾ ਬਦਲੇ, ਨਾ ਮਰਦਾ ਹੈ ਨਾ ਜਨਮ ਲੈਂਦਾ ਹੈ। ਨਾ ਘਟਦਾ ਹੈ ਨਾ ਵੱਧਦਾ ਹੈ। ਸੰਸਾਰ ਬਾਰੇ ਕਹਿਆ “ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ॥” ਅਤੇ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥ਭਾਵ ਜਗ ਰਚਨਾ ਰੇਤੇ ਦੀ ਕੰਧ ਵਾਂਗ ਹੈ। ਅੱਜ ਹੈ ਕਲ ਨਹੀਂ ਸੀ ਤੇ ਆਉਣ ਵਾਲੇ ਸਮੇ ਵਿੱਚ ਨਹੀਂ ਹੋਣੀ। ਫੇਰ ਲੋਕਾਂ ਦਾ ਇਕੱਠ ਸੱਚ ਜਾਂ ਸਤਿ ਕਿਵੇਂ ਹੋ ਸਕਦਾ ਹੈ? ਇਹ ਕੇਵਲ ਸੰਸਾਰੀ ਲੋਕਾਂ ਨੇ ਗੋਲਕ ਦੇ ਲਾਲਚ ਵਿੱਚ ਜਾਂ ਲੋਕਾਂ ਨੂੰ ਮਗਰ ਲਾਉਣ ਲਈ ਕਹਿਣਾ ਤੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਜਿਹੜਾ ਮਨੁਖ ਘਰੇ ਜਨਾਨੀ ਬੱਚਿਆਂ ਦਾ ਧਿਆਨ ਨਹੀਂ ਰੱਖਦਾ, ਮਾਂ ਬਾਪ ਦੀ ਕਦਰ ਨਹੀਂ ਕਰਦਾ, ਲੋਕਾਂ ਨਾਲ ਠੱਗੀਆਂ ਕਰਦਾ, ਬੇਈਮਾਨੀ ਕਰਦਾ, ਕਿਸੇ ਪ੍ਰਕਾਰ ਦੀ ਵੀ ਚੋਰੀ ਕਰਦਾ, ਗਿਆਨ ਤੋਂ ਭੱਜਦਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦ੍ਵੇਸ਼, ਝੂਠ, ਨਿੰਦਾ, ਚੁਗਲੀ, ਜਾਤ ਪਾਤ ਜਿਵੇਂ ਅਵਗੁਣਾਂ ਵਿੱਚ ਫਸਿਆ ਉਹ ਲੋਕਾਂ ਦੇ ਇਕੱਠ ਵਿੱਚ ਆ ਕੇ ਸਾਧ ਜਾਂ ਸਤਿ ਨਹੀਂ ਹੋ ਜਾਂਦਾ। ਹਾਂ ਜਿਹੜੇ ਪ੍ਰਚਾਰਕ ਤੇ ਪ੍ਰਬੰਧਕ ਉਹਨਾਂ ਨੂੰ ਸਾਧ ਸੰਗਤ ਜਾਂ ਸਤਿ ਸੰਗਤ ਆਖੀ ਜਾਂਦੇ ਨੇ ਉਹਨਾਂ ਦੇ ਅਹੰਕਾਰ ਨੂੰ ਹੀ ਹਵਾ ਦਿੰਦੇ ਹਨ। ਸਿੱਖ ਨੂੰ ਗੁਰ (ਗੁਣਾਂ) ਦੀ ਸੰਗਤ ਕਰਨੀ ਹੈ।

ਸਤਿ ਸੰਗਤ ਬਾਰੇ ਹੋਰ ਉਦਾਹਰਣ

ਭਾਈ ਰੇ ਹਰਿ ਹੀਰਾ ਗੁਰ ਮਾਹਿ॥ ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ॥” – ਭਾਵ ਹੇ ਭਾਈ ਹਰਿ ਅਮੋਲ ਹੀਰਾ ਹੈ ਜੋ ਗੁਣਾਂ ਵਿੱਚ ਵਸਦਾ ਹੈ। ਸਤ ਸੰਗਤ, ਸਤ ਗੁਰੁ (ਗੁਣ) ਪ੍ਰਾਪਤ ਹੁੰਦਾ ਹੈ ਹਰ ਵੇਲੇ ਸਬਦ (ਹੁਕਮ) ਦੀ ਸਲਾਹਣਾ, ਵਡਿਆਈ ਕਰਕੇ ਅਰਥ ਮੰਨ ਕੇ। ਗੁਰਬਾਣੀ ਤੇ ਗੁਣਾਂ ਦੀ ਵਿਚਾਰ ਰਾਹੀਂ, ਹੁਕਮ ਨੂੰ ਮੰਨਿਆਂ ਸਤ ਦੀ ਹਰ ਵੇਲੇ ਸੰਗਤ ਹੁੰਦੀ ਹੈ।

”ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ॥ ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ॥ ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ॥੨॥” – ਸਤਿ ਦੀ ਸੰਗਤ ਕੀਤਿਆਂ ਹਰਿ (ਸੋਝੀ ਦੇ ਅੰਮ੍ਰਿਤ ਵਿੱਚ ਹਰਿਆ ਹੋਇਆ ਮਨ) ਦੀ ਪ੍ਰਾਪਤੀ ਹੁੰਦੀ ਹੈ ਗੁਰ (ਗੁਣਾਂ) ਨੂੰ ਮੁਖਿ (ਮੁਖ ਰੱਖਿਆਂ, ਧਿਆਨ ਵਿੱਚ ਰੱਖਿਆਂ, ਧਿਆ ਕੇ) ਹਰਿ ਦੇ ਵਿੱਚ ਲਿਵ ਲਗਦੀ ਹੈ। ਆਪ ਗਵਾ ਕੇ ਸੁਖ ਮਿਲਦਾ ਹੈ ਤੇ ਹੁਕਮ ਦੇ ਪ੍ਰਵਾਹ, ਗਿਆਨ ਦੇ ਅੰਮ੍ਰਿਤ ਦੇ ਪ੍ਰਵਾਹ ਵਿੱਚ ਸਮਾਉਣ ਨਾਲ। ਦੱਸੋ ਲੋਕਾਂ ਦੇ ਇਕੱਠ ਵਿੱਚ ਆਪ ਗਵਾਇਆ ਜਾਂਦਾ? ਹਉਮੈ ਕਿਵੇਂ ਖਤਮ ਹੁੰਦੀ? “ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ॥ ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ॥ ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ॥੨॥” – ਹੁਕਮ ਦੀ, ਗੁਣਾਂ ਦੀ ਸੰਗਤ ਹੀ ਸਤਿ ਸੰਗਤ ਹੈ। ਤੇ ਸਿਸ ਸੰਗਤ ਦੇ ਨਾਲ ਸਹਜ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹੀ ਜੋ ਆਨੰਦ ਬਾਣੀ ਵਿੱਚ ਸਮਝਾਈ ਹੈ। ਇਹ ਨਹੀਂ ਕੇ ਥੋੜੀ ਦੇਰ ਲਈ ਆਨੰਦ ਬਣਿਆ ਫੇਰ ਦੁੱਖਾਂ ਨੇ ਘੇਰ ਲਿਆ। ਇਹ ਆਨੰਦ ਸਦਾ ਰਹਿਣ ਵਾਲਾ ਹੈ ਕਦੇ ਨਹੀਂ ਘਟਦਾ ਇੱਕ ਵਾਰ ਪ੍ਰਾਪਤ ਹੋ ਜਾਵੇ ਭਾਵੇਂ ਤੱਤੀ ਤਵੀ ਤੇ ਹੀ ਕਿਉਂ ਨਾ ਬੈਠਾ ਹੋਵੇ ਤੇ ਸਿਰ ਤੇ ਗਰਮ ਰੇਤ ਪੈਂਦੀ ਹੋਵੇ “ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥੨੨॥”, ਇਹ ਮਨ ਦਾ ਮਰਨ ਹੈ ਤੇ ਹਰਿ ਦਾ, ਰਾਮ ਦਾ ਘਟ ਵਿੱਚ ਉਜਾਗਰ ਹੋਣਾ ਹੈ। ਫੇਰ ਨਹੀਂ ਮਰਦਾ “ਨਾ ਓਹਿ ਮਰਹਿ ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥”।

ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ॥ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ॥ ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ॥

ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥੫॥” – ਇਸਤੋਂ ਸਪਸ਼ਟ ਹੋਰ ਕੀ ਹੋਣਾ। ਸਤਸੰਗਤ ਕੈਸੀ ਜਾਣੀਏ? ਜਿੱਥੇ ਏਕੇ ਦੀ ਗਲ ਹੋਵੇ, ਏਕੇ ਦੇ ਨਾਮ (ਸੋਝੀ) ਦੀ ਵਖਿਆਨ ਹੋਵੇ, ਵਿਚਾਰ ਹੋਵੇ। ਤੇ ਏਕੋ ਨਾਮ ਹੈ ਹੁਕਮ ਭਾਵ ਜਿੱਥੇ ਹੁਕਮ ਦੀ ਸੋਝੀ ਪ੍ਰਾਪਤ ਹੋਵੇ। ਇਹੀ ਨਾਨਕ ਨੂੰ ਸਤਿਗੁਰਿ (ਸੱਚੇ ਦੇ ਗੁਣਾਂ) ਨੇ ਬੁਝਾ (ਸਮਝਾਇਆ) ਹੈ।

ਇਹ ਸਤ ਦਾ ਸੰਗ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ “ਵਡਭਾਗੀ ਹਰਿ ਸੰਗਤਿ ਪਾਵਹਿ॥ ਭਾਗਹੀਨ ਭ੍ਰਮਿ ਚੋਟਾ ਖਾਵਹਿ॥ ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ॥੩॥” – ਜਿਸਦੇ ਭਾਗ ਵੱਡੇ ਹੋਣ। ਜਿਸਨੂੰ ਸਤਿ ਆਪ ਜਗਾਉਂਦਾ ਹੈ। “ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ॥ ਹਰਿ ਸਤਸੰਗਤਿ ਆਪੇ ਮੇਲੈ ਗੁਰਸਬਦੀ ਹਰਿ ਗੁਣ ਗਾਵਣਿਆ॥

ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ॥ ਦੂਜਾ ਭਾਉ ਗੁਰ ਸਬਦਿ ਜਲਾਇਆ॥ ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ॥੬॥” – ਭਾਵ ਉਹਨਾਂ ਦਾ ਜਨਮ ਸਫਲ ਹੈ ਜਿਹਨਾਂ ਨੂੰ ਸਤਿ ਦੇ ਗੁਣ ਪ੍ਰਾਪਤ ਹੋਏ ਹਨ। ਉਹ ਭਗਤ ਅਵਸਥਾ ਪਾ ਗਏ। ਸਤਿ ਦੇ ਇਲਾਵਾ (ਹੁਕਮ, ਕਾਲ/ਅਕਾਲ ਦੇ ਗੁਣਾਂ ਦੇ ਇਲਾਵਾ) ਕੋਈ ਦੂਜਾ ਭਾਵ ਰਹਿਆ ਹੀ ਨਹੀਂ, ਸਬਦ ਦੁਆਰਾ ਦੂਜਾ ਭਾਵ ਨਸ਼ਟ ਹੋ ਗਿਆ। ਫੇਰ ਘਟ (ਹਿਰਦੇ) ਅੰਦਰ ਏਕੋ ਰਵਿ ਰਹਿਆ (ਪ੍ਰਕਾਸ਼ਮਾਨ ਹੋ ਗਿਆ) ਜਿਸਨੂੰ ਪ੍ਰਾਪਤ ਕੀਤਿਆਂ ਅਨਦਿਨ, ਹਰ ਵੇਲੇ ਹਰਿ ਦੇ ਗੁਣਾਂ ਨੂੰ ਗਾਉਂਦਾ ਹੈ ਭਾਵ ਮੰਨਦਾ ਹੈ।

ਗੋਬਿੰਦ ਸਤਸੰਗਤਿ ਮੇਲਾਇ॥” ਤੇ ਗੋਬਿੰਦ ਕੀ ਹੈ, ਗੋ (ਪਰਮੇਸਰ) ਬਿੰਦ (ਬੀਜ) ਸੋ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥” ਸਾਰੇ ਪਾਸੇ ਜੋ ਪ੍ਰਕਾਸਮਾਨ ਹੈ ਸਬ ਪਰਮੇਸਰ ਦਾ ਹੀ ਬਿੰਦ ਹੈ ਇਸਦੀ ਸੋਝੀ ਨੇ ਹੀ ਸਤਿ ਦੀ ਸੰਗਤ ਕਰਾਉਣੀ। ਇਹ ਕਿਸੇ ਤੀਰਥ, ਕਿਸੇ ਖਾਸ ਥਾਂ ਤੇ ਜਾ ਕੇ ਜਾਂ ਲੋਕਾਂ ਦੇ ਇਕੱਠ ਵਿੱਚ ਜਾ ਕੇ ਨਹੀਂ ਹੋਣਾ “ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥”। ਉਸਨੂੰ ਸਮਝਣ ਲਈ ਕੇਵਲ ਇਹ ਸਮਝ ਲਵੋ ਕੇ “ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ॥੧॥”, ਹਰਿ ਜੀਵ ਦੇ ਅੰਦਰ ਰਾਮ ਬੋਲਦਾ।

ਸਤਿ ਸੰਗਤ ਮਿਲਣੀ ਕਿੱਦਾਂ “ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥ ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ॥੨॥ ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ॥ ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ॥੩॥” – ਭਾਵ ਏਕੇ ਦੀ ਸੰਗਤ ਗ੍ਰਿਹ (ਘਰ/ਘਟ/ਹਿਰਦੇ/ਦੇਹੀ) ਵਿੱਚ ਹੀ ਹੈ। ਪਰ ਇਸ ਘਰ ਵਿੱਚ ਪੰਚ (ਉੱਤਮ) ਦੁਹੇਲੇ (ਦੁੱਖ ਦੇਣ ਵਾਲੇ) ਅਰਥ ਵਿਕਾਰ ਵੀ ਨਾਲ ਵੱਸਦੇ ਹਨ ਜਿਹਨਾਂ ਨੇ ਆਪਣੇ ਪਿੱਛੇ ਬਸਤੁ ਅਗੋਚਰ, ਭਾਵ ਗੁਣ, ਹਰਿ, ਰਾਮ, ਲੁਕਾ ਦਿੱਤੇ ਹਨ। ਇਸ ਗ੍ਰਹ ਨੂੰ ਤਾਲਾ ਜਿਹਾਂ ਲੱਗਾ ਤੇ ਕੁੰਜੀ (ਚਾਬੀ) ਗੁਰ (ਗੁਣਾਂ) ਪਾਸ ਹੈ ਤੇ ਇਹ ਕਈ ਉਪਾਵ (ਪਖੰਡ) ਆਦਿਕ ਕਰਨ ਨਾਲ ਨਹੀਂ ਪ੍ਰਾਪਤ ਹੋਣੀ। ਇੱਕੋ ਮਾਰਗ ਹੈ ਕੇ ਸੱਚੇ ਦੇ ਗੁਣਾਂ ਦੀ ਸਰਣ ਲੈਣੀ ਪੈਣੀ। ਇਸ ਸ਼ਬਦ ਵਿੱਚ ਅਲੰਕਾਰ ਵਰਤ ਕੇ ਗੁਣਾਂ ਦੀ ਵਿਚਾਰ ਹੀ ਦੱਸੀ ਜਾ ਰਹੀ ਹੈ।

ਸਾਧ ਸੰਗਤ

ਸਾਧ ਕੌਣ ਹੈ? ਸਾਧ ਦੀ ਗੁਰਮਤਿ ਪਰਿਭਾਸ਼ਾ ਕੀ ਹੈ? ਸਾਧ ਦੇ ਲੱਛਣ ਤੇ ਪਹਿਚਾਨ ਕੀ ਹੈ? ਕੀ ਜਿਸਨੂੰ ਸਾਰੇ ਸਾਧ ਜਾਂ ਸਾਧੂ ਆਖਣਾ ਸ਼ੁਰੂ ਕਰ ਦਿੰਦੇ ਹਨ ਉਹੀ ਸਾਧ ਬਣ ਜਾਂਦਾ? ਸਾਧਨਾ ਕੀ ਹੈ?

ਸਾਧ ਦਾ ਅਰਥ ਹੁੰਦਾ ਹੈ ਕਾਬੂ ਕਰਨਾ। ਸਾਧ ਉਹ ਹੈ ਜਿਸਦਾ ਅਵਗੁਣਾਂ, ਵਿਕਾਰਾਂ ਤੇ ਕਾਬੂ ਹੋ ਗਿਆ। ਜਿਸਦਾ ਮਨ ਭਟਕਦਾ ਨਾ ਹੋਵੇ। ਪਰ ਕੀ ਕੋਈ ਆਪਣੀ ਮਰਜ਼ੀ ਨਾਲ ਪੰਚ (ਉੱਤਮ) ਠੱਗ ਦੱਸੇ ਗਏ ਵਿਕਾਰ ਕਾਬੂ ਕਰ ਸਕਦਾ? ਗੁਰਮਤਿ ਨੇ ਇਸਦੀ ਵਿਧੀ ਕੀ ਦੱਸੀ ਹੈ? ਆਓ ਗੁਰਬਾਣੀ ਰਾਹੀਂ ਇਸਦੀ ਵਿਚਾਰ ਕਰੀਏ।

ਗੁਰਬਾਣੀ ਨੇ ਮਨ ਨੂੰ ਅਸਾਧ ਦੱਸਿਆ ਹੈ। ਮਨ ਹੋਰ ਕੋਈ ਨਹੀਂ ਜੀਵ ਦੀ ਆਪਣੀ ਹੋਂਦ, ਹਉਮੈ, ਅਗਿਆਨਤਾ ਦਾ ਹੀ ਨਾਮ ਮਨ ਹੈ। “ਮਨੁ ਅਸਾਧੁ ਸਾਧੈ ਜਨੁ ਕੋਇ॥” ਇਹ ਮਨ ਹੀ ਅਸਾਧ ਹੈ, ਜਿਸਨੂੰ ਵਿਰਲਾ ਹੀ ਕੋਈ ਸਾਧ (ਕਾਬੂ) ਕਰ ਸਕਦਾ ਹੈ। “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ॥” – ਮਨ ਹੀ ਹੈ ਜਿੱਥੋਂ ਇੱਛਾ ਪੈਦਾ ਹੁੰਦੀ, ਕਾਮਨਾਵਾਂ, ਵਿਕਾਰ ਪੈਦਾ ਹੁੰਦੇ। ਪਰ ਮਨ ਗਿਆਨ ਦਾ ਭੁੱਖਾ ਹੈ। ਮਨ ਨੂੰ ਕਾਬੂ ਕਰਨ ਦਾ ਤਰੀਕਾ ਦੱਸਿਆ ਗੁਰਮਤਿ ਨੇ “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥” – ਗਿਆਨ ਮਨ ਨੂੰ ਬੰਨ ਕੇ ਰੱਖਦਾ ਪਰ ਗੁਰ (ਗੁਣਾਂ ਦੀ ਵਿਚਾਰ) ਤੋਂ ਬਿਨਾਂ ਗਿਆਨ ਨਹੀਂ ਹੁੰਦਾ। “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥”। ਇਹ ਚੇਤੇ ਰਹੇ ਕੇ “ਮਨ ਮਾਰੇ ਬਿਨੁ ਭਗਤਿ ਨ ਹੋਈ॥” ਜਦੋਂ ਤਕ ਮਨ (ਅਗਿਆਨਤਾ, ਵਿਕਾਰ, ਪੰਚ ਚੋਰ) ਮਰਦਾ ਨਹੀਂ ਭਗਤੀ ਸ਼ੁਰੂ ਹੀ ਨਹੀਂ ਹੁੰਦੀ। ਮਨ ਬਾਰੇ ਹੋਰ ਜਾਨਣ ਲਈ ਵੇਖੋ “ਮਨ, ਪੰਚ ਅਤੇ ਮਨਮੁਖ”। ਜਦੋਂ ਮਨ ਸਾਧਿਆ ਜਾਵੇ ਫੇਰ ਆਖਦੇ “ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥੧॥

ਸੰਸਾਰ ਵਿੱਚ ਬਹੁਤ ਸਾਰੇ ਸਾਧ ਕਹਾਉਣ ਵਾਲੇ ਭਗਤਾਂ ਗੁਰੁਆਂ ਦੇ ਸਮੇਂ ਵੀ ਤੁਰੇ ਫਿਰਦੇ ਸੀ। ਜਟਾ ਧਾਰੀ, ਮੂੰਹ ਸਿਰ ਚੰਦਨ ਲਾ ਕੇ ਬੈਠੇ, ਚੰਗੀਆਂ ਗੱਲਾਂ ਕਰਨ ਵਾਲੇ, ਲੋਕਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਤੇ ਹੋਰ ਅਨੇਕਾਂ ਤਰੀਕਿਆਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਸੀ। ਪਰ ਸਾਰੇ ਹੀ ਸੂਖਮ ਹਉਮੇ ਦੇ ਸ਼ਿਕਾਰ ਰਹੇ ਹਨ। ਲੋਕਾਂ ਦੇ ਦੁੱਖ ਕੱਟ ਕੇ ਸੁੱਖ ਦਾ ਲਾਲਚ ਦਿੰਦੇ ਸੀ। ਪਾਤਿਸ਼ਾਹ ਬਾਣੀ ਵਿੱਚ ਉਹਨਾਂ ਨੂੰ ਹਿਦਾਇਤ ਦੇ ਕੇ ਆਖ ਰਹੇ ਨੇ “ਸਾਧੋ ਮਨ ਕਾ ਮਾਨੁ ਤਿਆਗਉ॥ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥੧॥ ਰਹਾਉ॥ ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥੧॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥” – ਦੁਖ ਤੇ ਸੁਖ ਦੋਵੇਂ ਪਰਮੇਸਰ ਦੀ ਦੇਨ ਹਨ। ਪਾਪ ਪੁੰਨ ਹੁਕਮ ਹੱਥ ਹਨ, ਮਰਨਾ ਜੰਮਣਾ ਭਾਣਾ ਹੈ। ਉਸਤਤਿ ਨਿੰਦਾ ਨੂੰ ਤਿਆਗ ਕੇ ਕੇਵਲ ਹੁਕਮ ਦੀ ਸੋਝੀ ਲੈਣ ਦੀ ਹਿਦਾਇਤ ਕਰਦੇ ਹਨ। ਬਾਹਰੀ ਭੇਖ ਵਾਲੇ ਸਾਧ ਕਹਾਉਣ ਵਾਲਿਆਂ ਲਈ ਪਾਤਿਸ਼ਾਹ ਆਖਦੇ “ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ॥ ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ॥ ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ॥੨॥ ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ॥ ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ॥ ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ॥੩॥

ਜਦੋਂ ਮਨ ਸਾਧਿਆ ਜਾਣਾ ਤਾਂ ਜਿਹੜੀ ਅਵਸਥਾ ਬਣਨੀ ਉਹ ਵਿਚਾਰ ਕਰਨ ਜੋਗ ਹੈ ਇਹ ਸੰਸਾਰੀ ਸਾਧ ਕਹਾਉਣ ਵਾਲਿਆਂ ਦਾ ਸੰਗ ਕੀਤਿਆਂ ਨਹੀਂ ਬਲਕੇ ਮਨ ਸਾਧੇ ਜਾਣ ਤੋਂ ਬਾਦ ਘਟ ਅੰਦਰਲਾ ਦ੍ਰਿਸ਼ ਹੈ। ਪਾਤਿਸ਼ਾਹ ਆਖਦੇ “ਸਾਧ ਕੈ ਸੰਗਿ ਮੁਖ ਊਜਲ ਹੋਤ॥ ਸਾਧਸੰਗਿ ਮਲੁ ਸਗਲੀ ਖੋਤ॥ ਸਾਧ ਕੈ ਸੰਗਿ ਮਿਟੈ ਅਭਿਮਾਨੁ॥ ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ॥ ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ॥ ਸਾਧਸੰਗਿ ਸਭੁ ਹੋਤ ਨਿਬੇਰਾ॥ ਸਾਧ ਕੈ ਸੰਗਿ ਪਾਏ ਨਾਮ ਰਤਨੁ॥ ਸਾਧ ਕੈ ਸੰਗਿ ਏਕ ਊਪਰਿ ਜਤਨੁ॥ ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ॥ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ॥੧॥ ਸਾਧ ਕੈ ਸੰਗਿ ਅਗੋਚਰੁ ਮਿਲੈ॥ ਸਾਧ ਕੈ ਸੰਗਿ ਸਦਾ ਪਰਫੁਲੈ॥ ਸਾਧ ਕੈ ਸੰਗਿ ਆਵਹਿ ਬਸਿ ਪੰਚਾ॥ ਸਾਧਸੰਗਿ ਅੰਮ੍ਰਿਤ ਰਸੁ ਭੁੰਚਾ॥ ਸਾਧਸੰਗਿ ਹੋਇ ਸਭ ਕੀ ਰੇਨ॥ ਸਾਧ ਕੈ ਸੰਗਿ ਮਨੋਹਰ ਬੈਨ॥ ਸਾਧ ਕੈ ਸੰਗਿ ਨ ਕਤਹੂੰ ਧਾਵੈ॥ ਸਾਧਸੰਗਿ ਅਸਥਿਤਿ ਮਨੁ ਪਾਵੈ॥ ਸਾਧ ਕੈ ਸੰਗਿ ਮਾਇਆ ਤੇ ਭਿੰਨ॥ ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ॥੨॥ ਸਾਧਸੰਗਿ ਦੁਸਮਨ ਸਭਿ ਮੀਤ॥ ਸਾਧੂ ਕੈ ਸੰਗਿ ਮਹਾ ਪੁਨੀਤ॥ ਸਾਧਸੰਗਿ ਕਿਸ ਸਿਉ ਨਹੀ ਬੈਰੁ॥ ਸਾਧ ਕੈ ਸੰਗਿ ਨ ਬੀਗਾ ਪੈਰੁ॥ ਸਾਧ ਕੈ ਸੰਗਿ ਨਾਹੀ ਕੋ ਮੰਦਾ॥ ਸਾਧਸੰਗਿ ਜਾਨੇ ਪਰਮਾਨੰਦਾ॥ ਸਾਧ ਕੈ ਸੰਗਿ ਨਾਹੀ ਹਉ ਤਾਪੁ॥ ਸਾਧ ਕੈ ਸੰਗਿ ਤਜੈ ਸਭੁ ਆਪੁ॥ ਆਪੇ ਜਾਨੈ ਸਾਧ ਬਡਾਈ॥ ਨਾਨਕ ਸਾਧ ਪ੍ਰਭੂ ਬਨਿ ਆਈ॥੩॥ ਸਾਧ ਕੈ ਸੰਗਿ ਨ ਕਬਹੂ ਧਾਵੈ॥ ਸਾਧ ਕੈ ਸੰਗਿ ਸਦਾ ਸੁਖੁ ਪਾਵੈ॥ ਸਾਧਸੰਗਿ ਬਸਤੁ ਅਗੋਚਰ ਲਹੈ॥ ਸਾਧੂ ਕੈ ਸੰਗਿ ਅਜਰੁ ਸਹੈ॥ ਸਾਧ ਕੈ ਸੰਗਿ ਬਸੈ ਥਾਨਿ ਊਚੈ॥ ਸਾਧੂ ਕੈ ਸੰਗਿ ਮਹਲਿ ਪਹੂਚੈ॥ ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ॥ ਸਾਧ ਕੈ ਸੰਗਿ ਕੇਵਲ ਪਾਰਬ੍ਰਹਮ॥ ਸਾਧ ਕੈ ਸੰਗਿ ਪਾਏ ਨਾਮ ਨਿਧਾਨ॥ ਨਾਨਕ ਸਾਧੂ ਕੈ ਕੁਰਬਾਨ॥੪॥ ਸਾਧ ਕੈ ਸੰਗਿ ਸਭ ਕੁਲ ਉਧਾਰੈ॥ ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ॥ ਸਾਧੂ ਕੈ ਸੰਗਿ ਸੋ ਧਨੁ ਪਾਵੈ॥ ਜਿਸੁ ਧਨ ਤੇ ਸਭੁ ਕੋ ਵਰਸਾਵੈ॥ ਸਾਧਸੰਗਿ ਧਰਮ ਰਾਇ ਕਰੇ ਸੇਵਾ॥ ਸਾਧ ਕੈ ਸੰਗਿ ਸੋਭਾ ਸੁਰਦੇਵਾ॥ ਸਾਧੂ ਕੈ ਸੰਗਿ ਪਾਪ ਪਲਾਇਨ॥ ਸਾਧਸੰਗਿ ਅੰਮ੍ਰਿਤ ਗੁਨ ਗਾਇਨ॥ ਸਾਧ ਕੈ ਸੰਗਿ ਸ੍ਰਬ ਥਾਨ ਗੰਮਿ॥ ਨਾਨਕ ਸਾਧ ਕੈ ਸੰਗਿ ਸਫਲ ਜਨੰਮ॥੫॥ ਸਾਧ ਕੈ ਸੰਗਿ ਨਹੀ ਕਛੁ ਘਾਲ॥ ਦਰਸਨੁ ਭੇਟਤ ਹੋਤ ਨਿਹਾਲ॥ ਸਾਧ ਕੈ ਸੰਗਿ ਕਲੂਖਤ ਹਰੈ॥ ਸਾਧ ਕੈ ਸੰਗਿ ਨਰਕ ਪਰਹਰੈ॥ ਸਾਧ ਕੈ ਸੰਗਿ ਈਹਾ ਊਹਾ ਸੁਹੇਲਾ॥ ਸਾਧਸੰਗਿ ਬਿਛੁਰਤ ਹਰਿ ਮੇਲਾ॥ ਜੋ ਇਛੈ ਸੋਈ ਫਲੁ ਪਾਵੈ॥ ਸਾਧ ਕੈ ਸੰਗਿ ਨ ਬਿਰਥਾ ਜਾਵੈ॥ ਪਾਰਬ੍ਰਹਮੁ ਸਾਧ ਰਿਦ ਬਸੈ॥ ਨਾਨਕ ਉਧਰੈ ਸਾਧ ਸੁਨਿ ਰਸੈ॥੬॥ ਸਾਧ ਕੈ ਸੰਗਿ ਸੁਨਉ ਹਰਿ ਨਾਉ॥ ਸਾਧਸੰਗਿ ਹਰਿ ਕੇ ਗੁਨ ਗਾਉ॥ ਸਾਧ ਕੈ ਸੰਗਿ ਨ ਮਨ ਤੇ ਬਿਸਰੈ॥ ਸਾਧਸੰਗਿ ਸਰਪਰ ਨਿਸਤਰੈ॥ ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ॥ ਸਾਧੂ ਕੈ ਸੰਗਿ ਘਟਿ ਘਟਿ ਡੀਠਾ॥ ਸਾਧਸੰਗਿ ਭਏ ਆਗਿਆਕਾਰੀ॥ ਸਾਧਸੰਗਿ ਗਤਿ ਭਈ ਹਮਾਰੀ॥ ਸਾਧ ਕੈ ਸੰਗਿ ਮਿਟੇ ਸਭਿ ਰੋਗ॥ ਨਾਨਕ ਸਾਧ ਭੇਟੇ ਸੰਜੋਗ॥੭॥ ਸਾਧ ਕੀ ਮਹਿਮਾ ਬੇਦ ਨ ਜਾਨਹਿ॥ ਜੇਤਾ ਸੁਨਹਿ ਤੇਤਾ ਬਖਿਆਨਹਿ॥ ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ॥ ਸਾਧ ਕੀ ਉਪਮਾ ਰਹੀ ਭਰਪੂਰਿ॥ ਸਾਧ ਕੀ ਸੋਭਾ ਕਾ ਨਾਹੀ ਅੰਤ॥ ਸਾਧ ਕੀ ਸੋਭਾ ਸਦਾ ਬੇਅੰਤ॥ ਸਾਧ ਕੀ ਸੋਭਾ ਊਚ ਤੇ ਊਚੀ॥ ਸਾਧ ਕੀ ਸੋਭਾ ਮੂਚ ਤੇ ਮੂਚੀ॥ ਸਾਧ ਕੀ ਸੋਭਾ ਸਾਧ ਬਨਿ ਆਈ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ॥“

ਸੋ ਸੰਸਾਰੀ ਸਾਧ ਲੱਬਣ ਦੀ ਥਾਂ ਮਨ ਨਿਰਮਲ (ਮਲ ਰਹਿਤ) ਕਰਕੇ, ਗੁਰਮਤਿ ਗਿਆਨ ਸਬਦ ਵਿਚਾਰ ਤੇ ਨਾਮ (ਸੋਝੀ) ਦੀ ਪ੍ਰਾਪਤੀ ਦਾ ਜਤਨ ਕਰੋ। ਮਨ ਨੇ ਹੀ ਸਾਧ ਹੋਣਾ ਤੇ ਇਸ ਸਾਧੇ ਹੋਏ ਮਨ ਦੀ ਸੰਗਤ ਹੀ ਸਾਧ ਸੰਗਤ ਹੈ। ਇਸ ਸਾਧ ਦੀ ਸੰਗਤ ਕਰਨ ਨਾਲ ਗਾਫ਼ਲ ਮਨ ਜਿਹੜਾ ਸੁੱਤਾ ਪਿਆ ਹੈ ਜਾਗ ਜਾਣਾ “ਸਾਧਸੰਗਿ ਮਨ ਸੋਵਤ ਜਾਗੇ॥ ਤਬ ਪ੍ਰਭ ਨਾਨਕ ਮੀਠੇ ਲਾਗੇ॥

ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ॥ ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ॥੨॥” – ਹਰਿ ਦੇ ਗੁਣਾਂ ਧਾਰਣ ਕਰਨਾ ਹੀ ਸਾਧ ਹੋਣਾ ਹੈ।

ਸੋ ਦੁਨਿਆਵੀ ਸਾਧ ਸੰਤ ਕਹਾਉਣ ਵਾਲਿਆਂ ਤੋ ਬਚੋ। ਪਾਤਿਸ਼ਾਹ ਆਖਦੇ “ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥ ਜਿਸ ਕੈ ਦੀਐ ਰਹੈ ਅਘਾਇ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥ ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥” – ਮਨੁਖ ਕਿਸੇ ਨੂੰ ਕੁਛ ਨਹੀਂ ਦੇ ਸਕਦਾ। ਮਨੁੱਖਾਂ ਦੇ ਹੱਥ ਕੁਝ ਨਹੀਂ ਹੈ। “ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥”। ਮਨ ਨੇ ਸਾਧ ਹੋਣਾ, ਮਨ ਨੇ ਹੀ ਸੰਤ ਹੋਣਾ ਗੁਰਮਤਿ ਗਿਆਨ ਤੋਂ ਨਾਮ (ਸੋਝੀ) ਲੈ ਕੇ ਨਿਰਮਲ ਹੋਣਾ।ਮਨੁਖ ਦੀ ਟੇਕ ਛੱਡ ਕੇ ਨਾਮ (ਸੋਝੀ) ਦੀ ਟੇਕ ਕਰਨੀ ਹੈ “ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ॥”।

ਰਾਗੁ ਗਉੜੀ ਗੁਆਰੇਰੀ ਮਹਲਾ ੫॥ ਤਿਸ ਕੀ ਸਰਣਿ ਨਾਹੀ ਭਉ ਸੋਗੁ॥ ਉਸ ਤੇ ਬਾਹਰਿ ਕਛੂ ਨ ਹੋਗੁ॥ ਤਜੀ ਸਿਆਣਪ ਬਲ ਬੁਧਿ ਬਿਕਾਰ॥ ਦਾਸ ਅਪਨੇ ਕੀ ਰਾਖਨਹਾਰ॥੧॥ ਜਪਿ ਮਨ ਮੇਰੇ ਰਾਮ ਰਾਮ ਰੰਗਿ॥ ਘਰਿ ਬਾਹਰਿ ਤੇਰੈ ਸਦ ਸੰਗਿ॥੧॥ ਰਹਾਉ॥ ਤਿਸ ਕੀ ਟੇਕ ਮਨੈ ਮਹਿ ਰਾਖੁ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ॥ ਅਵਰਿ ਜਤਨ ਕਹਹੁ ਕਉਨ ਕਾਜ॥ ਕਰਿ ਕਿਰਪਾ ਰਾਖੈ ਆਪਿ ਲਾਜ॥੨॥ ਕਿਆ ਮਾਨੁਖ ਕਹਹੁ ਕਿਆ ਜੋਰੁ॥ ਝੂਠਾ ਮਾਇਆ ਕਾ ਸਭੁ ਸੋਰੁ॥ ਕਰਣ ਕਰਾਵਨਹਾਰ ਸੁਆਮੀ॥ ਸਗਲ ਘਟਾ ਕੇ ਅੰਤਰਜਾਮੀ॥੩॥ ਸਰਬ ਸੁਖਾ ਸੁਖੁ ਸਾਚਾ ਏਹੁ॥ ਗੁਰ ਉਪਦੇਸੁ ਮਨੈ ਮਹਿ ਲੇਹੁ॥ ਜਾ ਕਉ ਰਾਮ ਨਾਮ ਲਿਵ ਲਾਗੀ॥ ਕਹੁ ਨਾਨਕ ਸੋ ਧੰਨੁ ਵਡਭਾਗੀ॥੪॥੭॥੭੬॥“ – ਰਾਮ ਦੀ ਟੇਕ ਕਰਨੀ ਹੈ ਤੇ ਰਾਮ ਕੌਣ ਹੈ? ਜਾਨਣ ਲਈ ਵੇਖੋ “ਗੁਰਮਤਿ ਵਿੱਚ ਰਾਮ

ਸੋ ਗੁਰਬਾਣੀ ਆਪ ਪੜ੍ਹੋ ਵਿਚਾਰੋ, ਸਮਝੋ ਤਾਂ ਕੇ ਕੋਈ ਦੁਨਿਆਵੀ ਸਾਧ ਸੰਤ ਕਹਾਉਣ ਵਾਲਾ ਤੁਹਾਨੂੰ ਠੱਗ ਨਾ ਸਕੇ।

Resize text