Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਕਾਲ, ਕਾਲ, ਸਬਦ ਅਤੇ ਹੁਕਮ

ਨਿਰਾਕਾਰ ਕੌਣ ਹੈ? ਅਕਾਲ ਕੌਣ ਹੈ? ਕਿੱਥੇ ਵੱਸਦਾ ਹੈ? ਸਬਦ ਤੇ ਹੁਕਮ ਨੂੰ ਸਮਝਣ ਤੋਂ ਪਹਿਲਾਂ ਅਕਾਲ ਨੂੰ ਨਿਰਾਕਾਰ ਨੂੰ ਸਮਝਣਾ ਜ਼ਰੂਰੀ ਹੈ। ਸਾਡੀ ਕਲਪਨਾ ਤੋਂ ਪਰੇ ਹੈ ਅਕਾਲ। ਸਾਡੀ ਬੁੱਧ ਇਹ ਸੋਚ ਨਹੀਂ ਸਕਦੀ ਕੇ ਕੋਈ ਐਸਾ ਵੀ ਹੈ ਜਿਸਦਾ ਹਾਡ ਮਾਸ ਦਾ ਸਰੀਰ ਨਹੀਂ ਹੈ, ਬਣਤ ਨਹੀਂ ਹੈ ਤੇ ਸਾਡੇ ਵਰਗੇ ਕੰਨ, ਹੱਥ, ਨੱਕ ਮੂੰਹ ਆਦੀ ਨਹੀਂ ਹਨ, ਜੋ ਸਰਬ ਵਿਆਪੀ ਹੈ। ਕੋਈ ਉਸਨੂੰ ਐਨਰਜੀ/ਸ਼ਕਤੀ ਦੱਸ ਰਹਿਆ, ਕੋਈ ਉਸਨੂੰ ਕਾਲਪਨਿਕ ਸਰੀਰ ਦੀ ਬਣਤ ਨਾਲ ਵੇਖਦਾ, ਕੋਈ ਰੌਸ਼ਨੀ ਸਮਝੀ ਬੈਠਾ। ਕੋਈ ਆਖਦਾ ਇਹ ਸੱਤਵੇਂ ਆਕਾਸ਼ ਤੇ ਰਹਿੰਦਾ। ਕੋਈ ਆਪਣੀ ਕਲਪਨਾ ਨਾਲ ਉਸਨੂੰ ਵੇਖਣ ਦਾ ਜਤਨ ਕਰਦਾ ਕਿਉਂਕੇ ਸਾਡੀ ਸੋਚ ਮਾਇਆ ਵਿੱਚ ਆਕਾਰ ਨਾ ਹੋਵੇ ਇਹ ਮੰਨਦੀ ਹੀ ਨਹੀਂ। ਸਾਨੂੰ ਮੂਰਤੀ, ਫੋਟੋ, ਪਰਤੱਖ ਕੋਈ ਨਾ ਦਿਸੇ ਮੰਨਣਾ ਔਖਾ ਲਗਦਾ ਭਾਵੇਂ ਉਹ ਸਰਬ ਵਿਆਪੀ ਹੋਵੇ। ਜਦੋਂ ਸ੍ਰਿਸਟੀ ਹੈ, ਬਣਤ ਹੈ ਤਾਂ ਉਸਨੂੰ ਘੜਨ ਵਾਲਾ ਵੀ ਕੋਈ ਹੋਣਾ ਚਾਹੀਦਾ। ਅਸਲ ਵਿੱਚ ਗੁਰਮਤਿ ਨੇ ਉਸਨੂੰ ਉਸਦੇ ਗੁਣਾਂ ਨਾਲ ਸਮਝਾਇਆ ਹੈ। ਉਹ ਮਨੁੱਖ ਦੀ ਸੋਚ ਦੀ ਪਕੜ ਤੋੰ ਬਾਹਰ ਹੈ।ਆਦਿ ਬਾਣੀ ਵਿੱਚ ਅਤੇ ਦਸਮ ਬਾਣੀ ਵਿੱਚ ਉਸਦੇ ਗੁਣ ਸਮਝਾਏ ਹਨ। ਜਪ ਬਾਣੀ, ਜਾਪ ਬਾਣੀ, ਅਕਾਲ ਉਸਤਤਿ ਬਾਣੀ ਤੇ ਹੋਰ ਅਨੇਕਾਂ ਬਾਣੀਆਂ ਵਿੱਚ ਕਈ ਪ੍ਰਕਾਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇ ਨਿਰਾਕਾਰ ਦਾ ਕੋਈ ਆਕਾਰ ਨਹੀਂ, ਰੂਪ ਰੰਗ, ਮਾਇਆ ਦਾ ਸਰੀਰ ਨਹੀਂ ਅਤੇ ਉਸਨੂੰ ਉਸਦੇ ਗੁਣਾਂ ਰਾਹੀਂ ਕਿਵੇਂ ਪ੍ਰਾਪਤ ਕੀਤਾ (ਸਮਝਿਆ) ਜਾ ਸਕਦਾ ਹੈ। ਉਸਦਾ ਹੁਕਮ ਸਾਰੇ ਪਾਸੇ ਵਰਤਦਾ। ਉਦਾਹਰਣ ਲੈਂਦੇ ਹਾਂ, ਦੇਸ਼ ਦਾ ਰਾਜਾ ਕੋਈ ਹੁਕਮ ਕਰੇ ਆਪਣੀ ਪ੍ਰਜਾ ਲਈ ਤਾਂ ਉਹ ਆਪ ਲੋਕਾਂ ਵਿੱਚ ਆਪਣਾ ਆਦੇਸ਼ ਨਹੀਂ ਸੁਣਾਉਣ ਜਾਂਦਾ। ਮੁਨਾਦੀ ਕਰਨ ਵਾਲੇ ਜਾ ਕੇ ਦੱਸਦੇ ਹਨ ਰਾਜੇ ਦਾ ਹੁਕਮ ਜਾਂ ਆਦੇਸ਼। ਪ੍ਰਜਾ ਵਿੱਚ ਰਾਜਾ ਆਪ ਜਾ ਕੇ ਆਪਣਾ ਸੰਵਿਧਾਨ ਆਪ ਲਾਗੂ ਨਹੀਂ ਕਰਦਾ। ਉਸਦੇ ਥਾਪੇ ਸਿਪਾਹੀ ਸੰਵਿਧਾਨ ਲਾਗੂ ਕਰਦੇ ਹਨ ਤੇ ਜੋ ਸੰਵਿਧਾਨ ਦਾ ਵਰਤਾਰਾ ਹੈ, ਉਹ ਹੁਕਮ ਕਰਦੇ ਉਹ ਸੰਵਿਧਾਨ ਤੋ ਬਾਹਰ ਨਹੀਂ ਜਾ ਸਕਦੇ। ਉਸੇ ਤਰਹ ਅਕਾਲ ਦੀ ਇੱਛਾ ਹੈ ਕਾਲ, ਤੇ ਹੁਕਮ ਵਰਤਾਰਾ ਹੈ। ਸਬਦ ਹੈ ਅਕਾਲ ਦਾ ਸੰਵਿਧਾਨ, ਉਸਦੇ ਗੁਣ, ਜਿਹਨਾਂ ਨਾਲ ਕਾਲ ਦੇ ਗੁਣ, ਹੁਕਮ ਦਾ ਵਰਤਾਰਾ ਹੋਣਾ। ਸਬਦ ਦੀ ਸਮਝ ਤੋਂ ਪ੍ਰਾਪਤ ਗਿਆਨ ਰਾਹੀਂ ਜੀਵ ਨੂੰ ਗੁਣ ਸਮਝ ਆਉਣੇ ਹਨ। ਕਾਲ ਹੀ ਸਬਦ ਹੈ ਗੁਰੂ ਹੈ। ਸੁੱਤੇ ਨੂੰ ਜਗਾਉਣ ਤੇ ਹਨੇਰੇ ਤੋਂ ਚਾਨਣ ਕਰਨ ਵਾਲਾ। ਕਾਲ/ਸਬਦ ਨੂੰ ਆਧਾਰ ਬਣਾ ਕੇ ਹੀ ਹੁਕਮ ਨਿਰਧਾਰਿਤ ਕਰਦਾ ਹੈ ਤਾ ਹੀ ਕਹਿਆ “ਸਬਦਿ ਰੰਗਾਏ ਹੁਕਮਿ ਸਬਾਏ॥” ਜਿਤਨਾ ਹੁਕਮ ਦਾ ਵਰਤਾਰਾ ਹੈ ਸਾਰਾ ਹੀ ਸਬਦ ਦੇ ਰੰਗ ਵਿੱਚ ਰੰਗਿਆ। ਗੁਰਮਤਿ ਆਖਦੀ “ਉਤਪਤਿ ਪਰਲਉ ਸਬਦੇ ਹੋਵੈ॥ ਸਬਦੇ ਹੀ ਫਿਰਿ ਓਪਤਿ ਹੋਵੈ॥”, ਜੇਤਾ ਸੰਸਾਰ ਦ੍ਰਿਸਟਮਾਨ ਹੈ, ਜਿਤਨਾ ਪਸਾਰਾ ਹੈ ਉਹ ਸਬਦ ਦੁਆਰਾ ਹੀ ਹੋਇਆ ਹੈ, ਪਰਲੋ ਵੀ ਸਬਦ ਦੁਆਰਾ ਹੀ ਹੋਣੀ। ਉਦਾਹਰਣ ਸਰੂਪ ਮੰਨ ਲਵੋ ਕੇ ਸੂਰਜ ਅਕਾਲ ਹੈ ਤਾਂ ਰੋਸ਼ਨੀ ਅਤੇ ਗਰਮੀ ਸਬਦ ਹੈ, ਕਿਰਨਾਂ ਕਾਲ ਤੇ ਕਿਰਨਾਂ ਤੋਂ ਪ੍ਰਾਪਤ ਗਰਮੀ ਯਾ ਰੋਸ਼ਨੀ ਹੁਕਮ। ਜਦੋਂ ਇਹ ਕਿਰਨਾਂ ਹਨੇਰੇ ਤੇ ਡਿੱਗਣ ਰੋਸ਼ਨੀ ਹੁੰਦੀ, ਜੇ ਬਰਫ ਤੇ ਡਿੱਗੇ ਪਾਣੀ ਬਣਾ ਦਿੰਦੀ, ਜੇ ਪਾਣੀ ਤੇ ਡਿੱਗੇ ਤਾਂ ਭਾਫ਼। ਹੁਕਮ ਦਾ ਵਰਤਾਰਾ ਸਾਰੇ ਪਾਸੇ ਬਰਾਬਰ ਹੈ, ਜਿਸ ਤੇ ਡਿੱਗੇ ਉਸਦੀ ਅਵਸਥਾ ਕਾਰਣ ਫਰਕ ਦਿਸਦਾ। ਅਖੀਰ ਸਾਰਿਆਂ ਨੂੰ ਬਰਾਬਰ ਚਾਨਣਾ ਦੇ ਕੇ ਘਟ ਅੰਦਰਲੀ ਜੋਤ ਉਜਾਗਰ ਕਰਕੇ ਏਕਾ ਸਬਦ ਨੇ ਹੀ ਕਰਨਾ।

ਸਮਝਣ ਤੇ ਵਿਚਾਰਣ ਵਾਲੀ ਗਲ ਹੈ ਕੇ ਜਦੋਂ ਬਾਣੀ ਆਖਦੀ “ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥” ਤਾਂ ਸੈਲ ਪੱਥਰ ਦੇ ਵਿੱਚ ਜੇ ਜੰਤ ਨੂੰ ਰਿਜਕ ਦੇਣ ਦੀ ਜਿੰਮੇਵਾਰੀ ਕਿਸਦੀ ਹੈ? ਜੇ ਅਕਾਲ ਦੀ ਹੋਵੇ ਤੇ ਆਪ ਅਕਾਲ ਰਿਜਕ ਪਹੁੰਚਾਏ ਤਾਂ ਅਕਾਲ ਬੰਧਨ ਵਿੱਚ ਦਿਸਣਾ। ਪਰ ਗੁਰਬਾਣੀ ਵਿੱਚ ਅਕਾਲ ਦੇ ਗੁਣ ਆਖਦੇ ਹਨ ਕੇ ਅਕਾਲ ਕਿਸੇ ਵੀ ਬੰਧਨ ਵਿੱਚ ਨਹੀਂ ਹੈ। ਅਕਾਲ ਨੇ ਕਾਲ ਨੂੰ ਥਾਪ ਕੇ ਇਹ ਕੰਮ ਸੌਂਪਿਆ ਹੋਇਆ ਹੈ। ਕਾਲ ਦੇ ਹੁਕਮ ਨੂੰ ਬਦਲਿਆ ਜਾ ਸਕਦਾ ਹੈ ਜੇ ਅਕਾਲ ਦੀ ਇੱਛਾ ਹੋਵੇ ਤਾਂ। ਇਹ ਗਲ ਦਸਮ ਪਾਤਿਸ਼ਾਹ ਸਪਸ਼ਟ ਕਰਦੇ ਹਨ ਕੇ ਕਰਤਾਰ ਕਾਲ ਹੈ “ਕੇਵਲ ਕਾਲਈ ਕਰਤਾਰ॥ ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ॥” ਘੜਨ ਤੇ ਭੰਨਣ ਦਾ ਕੰਮ ਕਾਲ ਦਾ ਹੈ। ਆਦਿ ਬਾਣੀ ਵਿੱਚ ਵੀ ਇਹੋ ਗਲ ਕਹੀ ਹੈ “ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ॥ ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ॥ ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ॥” ਨਾਨਕ ਪਾਤਿਸ਼ਾਹ ਇਹ ਸਪਸ਼ਟ ਕਰਦੇ ਹਨ ਕੇ ਜੋ ਹੋ ਰਹਿਆ ਹੈ ਜੋ ਉਪਜ ਰਹਿਆ ਹੈ ਉਹ ਸਬ ਹੁਕਮ ਵਿੱਚ ਹੋ ਰਹਿਆ ਹੈ ਤੇ ਹੁਕਮ ਕਾਲ ਦੇ ਵੱਸ ਹੈ। ਦੂਜੀਆਂ ਮੱਤਾਂ ਦੇ ਪ੍ਰਭਾਵ ਕਾਰਣ ਅਸੀਂ ਕਾਲ ਕੇਵਲ ਮੌਤ ਨੂੰ ਸਮਝ ਲੈਂਦੇ ਹਾਂ ਪਰ ਗੁਰਮਤਿ ਕਾਲ ਨੂੰ ਕਰਤਾ ਵੀ ਆਖ ਰਹੀ ਹੈ। ਹੋਰ ਵੀ ਉਦਾਹਰਣ ਹਨ ਬਾਣੀ ਵਿੱਚ ਜਿਵੇਂ “ਕਉਤਕੁ ਕਾਲੁ ਇਹੁ ਹੁਕਮਿ ਪਠਾਇਆ॥ ਜੀਅ ਜੰਤ ਓਪਾਇ ਸਮਾਇਆ॥ ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ॥”। ਕਾਲ ਹੀ ਆਦਿ ਪੁਰਖ ਦੱਸਿਆ ਬਾਣੀ ਵਿੱਚ ਤੇ ਇਸਦੀ ਹੀ ਵਾਹੁ ਵਾਹੁ ਕਹੀ ਹੈ “ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮੵੁ ਗੵਾਨੁ ਧੵਾਨੁ ਧਰਤ ਹੀਐ ਚਾਹਿ ਜੀਉ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥”। ਤੇ ਕਾਲ ਹੀ ਗੁਰੂ ਵੀ ਹੈ ਇਹ ਸਪਸ਼ਟ ਕੀਤਾ ਪਾਤਿਸ਼ਾਹ ਨੇ ਕੇ ਕਾਲ ਨੂੰ ਅਕਾਲ ਨੇ ਥਾਪਿਆ ਹੈ “ਪ੍ਰਿਥਮ ਅਕਾਲ ਗੁਰੂ ਕੀਆ ਜਿਹ ਕੋ ਕਬੈ ਨਹੀ ਨਾਸ॥” ਅਰਥ ਕਾਲ ਹੀ ਗੁਰੂ ਹੈ, “ਮਹਾ ਕਾਲ ਹੀ ਕੋ ਗੁਰੂ ਕੈ ਪਛਾਨਾ॥”। ਕਾਲ ਜਿਸਨੂੰ ਪ੍ਰਿਥਮੈ ਅਕਾਲ ਨੇ ਪੈਦਾ ਕੀਤਾ। ਦਸਮ ਬਾਣੀ ਵਿੱਚ ਕਹਿਆ “ਖਾਲਸਾ ਕਾਲ ਪੁਰਖ ਕੀ ਫੌਜ” ਤੇ ਕਈ ਗਲਤ ਛਾਪੀ ਤੇ ਪੜ੍ਹੀ ਜਾਂਦੇ ਨੇ ਕੇ ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਗੱਲ ਆਦਿ ਬਾਣੀ ਵਿੱਚ ਵੀ ਦਰਜ ਹੈ “ਕਾਲੁ ਅਕਾਲੁ ਖਸਮ ਕਾ ਕੀਨੑਾ ਇਹੁ ਪਰਪੰਚੁ ਬਧਾਵਨੁ॥”। ਅਸੀਂ ਰੋਜ ਚੌਪਈ ਬਾਣੀ ਪੜ੍ਹਦੇ ਹਾਂ ਪਰ ਵਿਚਾਰ ਨਹੀਂ ਕਰਦੇ ਕੀ ਕਹ ਰਹੇ ਨੇ ਪਾਤਿਸ਼ਾਹ “ਜਵਨ ਕਾਲ ਸਭ ਜਗਤ ਬਨਾਯੋ॥ ਦੇਵ ਦੈਤ ਜੱਛਨ ਉਪਜਾਯੋ॥ ਆਦਿ ਅੰਤਿ ਏਕੈ ਅਵਤਾਰਾ॥ ਸੋਈ ਗੁਰੂ ਸਮਝਿਯਹੁ ਹਮਾਰਾ॥”। ਕਾਲ ਉਹ ਹੈ ਜਿਸਦੇ ਹੁਕਮ ਵਿੱਚ ਮਨੁੱਖ ਅਗਿਆਨਤਾ ਦੀ ਨੀੰਦ ਵਿੱਚੋਂ ਜਾਗਦਾ ਹੈ। ਅਗਿਆਨਤਾ ਦੇ ਹਨੇਰੇ ਤੋਂ ਸਬਦੁ ਦੇ ਗਿਆਨ ਦੀ ਰੋਸ਼ਨੀ ਵਿੱਚ ਲੈਕੇ ਨਾਮ (ਸੋਝੀ) ਦੁਆਰਾ ਹੁਕਮ ਨੇ ਹੀ ਜਾਣਾ “ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ॥”। ਜੀਵ ਇਹ ਭੁੱਲੀ ਬੈਠਾ ਹੈ ਕੇ ਉਹ ਆਪ ਜੋਤ ਸਰੂਪ ਹੈ। ਜੀਵ ਦੇ ਆਪਣੇ ਘਟ ਵਿੱਚ ਅਕਾਲ ਆਪ ਬੈਠਾ ਹੈ। ਹਰੇਕ ਜੀਵ ਦੇ ਘਟ ਵਿੱਚ ਵੱਸਣ ਵਾਲੀ ਜੋਤ ਨਿਰਾਕਾਰ ਹੈ, ਅਖਰ ਹੈ। ਵਖਰੇਵਾਂ ਮਾਇਆ ਕਾਰਣ ਹੈ, ਸਰੀਰ ਕਾਰਣ ਹੈ, ਅਗਿਆਨਤਾ ਕਾਰਣ ਹੈ। ਹੋਰ ਸਮਝਣ ਲਈ ਵੇਖੋ “ਅਖਰ ਅਤੇ ਅੱਖਰ”। ਸਾਰਿਆਂ ਲਈ ਇੱਕੋ ਜਿਹਾ ਗਿਆਨ ਗੁਰਮਤਿ ਵਿੱਚ ਦਿੱਤਾ ਹੈ ਤਾਂ ਕੇ ਇਹ ਵਖਰੇਵਾਂ ਖਤਮ ਹੋਕੇ ਜੋਤਾਂ ਦਾ ਏਕਾ ਹੋ ਸਕੇ। ਬਾਣੀ ਇਹੀ ਭੇਦਭਾਵ ਖਤਮ ਕਰਦੀ ਹੈ, ਪਛਾਣ ਕਰਾਉਂਦੀ ਹੈ ਜੀਵ ਨੂੰ ਕੇ ਤੂੰ ਆਪ ਅਕਾਲ ਸਰੂਪ ਹੈਂ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥”, “ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ॥ ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ॥੩॥” ਅਤੇ “ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ॥ ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ॥”, ਨਾਮ ਸਮਾਲਿ ਅਰਥ ਨਾਮ ਪ੍ਰਾਪਤ ਹੋਣ ਤੇ ਇਹ ਸਮਝ ਆਉਣੀ। ਬਹੁਤ ਸਪਸ਼ਟ ਵੀ ਕਹਿਆ ਹੈ ਕੇ “ਹਰਿ ਕਾ ਸੇਵਕੁ ਸੋ ਹਰਿ ਜੇਹਾ॥ ਭੇਦੁ ਨ ਜਾਣਹੁ ਮਾਣਸ ਦੇਹਾ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ॥”। ਅਸੀਂ ਅਗਿਆਨਤਾ ਕਾਰਣ ਮੇਰ ਤੇਰ ਵਿੱਚ ਫਸੇ ਹੋਏ ਹਾਂ ਬਾਣੀ ਆਖਦੀ “ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ॥”, ਗਿਆਨ ਲੈਕੇ ਵੱਖਵਾਦ ਖਤਮ ਕਰਕੇ ਏਕੇ ਵਿੱਚ ਆਉਣ ਦਾ ਆਦੇਸ਼ ਹੈ।

ਨਾਮ

ਨਾਮ ਹੈ ਅਕਾਲ, ਕਾਲ, ਸਬਦ, ਹੁਕਮ ਦੇ ਗੁਣਾਂ ਦੇ ਗਿਆਨ ਤੋਂ ਪ੍ਰਾਪਤ ਸੋਝੀ। ਜਿਵੇਂ ਗਿਆਨੀ ਬੰਦਾ ਅੱਗੇ ਗਿਆਨ ਦੇ ਸਕਦਾ ਹੈ, ਗਿਆਨ ਬਾਰੇ ਗੱਲ ਕਰ ਸਕਦਾ ਹੈ ਗਿਆਨ ਦੀ ਵਿਚਾਰ ਵੀ ਕਰ ਸਕਦਾ ਹੈ। ਪਰ ਗਿਆਨ ਜਦੋਂ ਬੁੱਧ ਨੂੰ ਰੌਸ਼ਨ ਨਾ ਕਰੇ ਗਿਆਨ ਆਪਣੇ ਆਪ ਵਿੱਚ ਅਧੂਰਾ ਹੈ। ਗਿਆਨ ਨਾਮ ਬਣਦਾ ਹੈ ਉਦੋਂ ਜਦੋਂ ਬੁੱਧ ਨੂੰ ਇਸ ਗਿਆਨ ਦੀ ਸੋਝੀ ਹੋਵੇ, ਗਿਆਨ ਦਾ ਚਾਨਣਾ ਹੋਵੇ। ਦੁਨਿਆਵੀ ਉਦਾਹਰਣ ਲੈਂਦੇ ਹਾਂ, ਵਿਗਿਆਨ ਦੇ ਲਗਭਗ ਹਰ ਪ੍ਰੋਫੈਸਰ ਹਰ ਵਿਦਿਆਰਥੀ ਨੂੰ ਗਿਆਨ ਹੁੰਦਾ ਹੈ ਕੇ ਕਾਰ ਦਾ ਟੂ ਸਟ੍ਰੋਕ ਇੰਜਨ ਕੰਮ ਕਿਵੇਂ ਕਰਦਾ ਹੈ। ਪਰ ਬਹੁਤ ਘੱਟ ਬੰਦੇ ਹੁੰਦੇ ਹਨ ਜਿਹਨਾਂ ਨੇ ਇਹ ਇੰਜਨ ਕੰਮ ਕਰਦੇ ਵੇਖਿਆ ਹੋਵੇ, ਉਸਤੋਂ ਵੀ ਘਟ ਹੁੰਦੇ ਹਨ ਜਿਹਨਾਂ ਨੇ ਇੰਜਨ ਡਿਜਾਈਨ ਕੀਤੇ ਜਾ ਬਣਾਏ ਹੋਣ, ਇੰਜਨ ਦੀ ਟਯੂਨਿੰਗ ਕੀਤੀ ਹੋਵੇ ਜਾਂ ਆਂਦੀ ਹੋਵੇ। ਇਹੀ ਫਰਕ ਹੈ ਗਿਆਨ ਤੇ ਸੋਝੀ ਵਿੱਚ। ਪਹਿਲੀ ਸਟੇਜ ਹੈ ਗੁਰਮਤਿ, ਗੁਰਬਾਣੀ ਸੁਣ ਕੇ ਗਿਆਨ ਪ੍ਰਾਪਤ ਕਰਨਾ “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥” ਗੁਰਮਤਿ ਸੁਣ ਕੇ ਗਿਆਨ ਬੁੱਧ ਵਿੱਚ ਉਪਜਣਾ ਚਾਹੀਦਾ ਨਹੀਂ ਤਾਂ ਮਨੁੱਖ ਪਸੂ ਵਾਂਗ ਹੈ।, ਗਿਆਨ ਲੈਣਾ, ਵਿਚਾਰ ਕਰਨਾ ਨਾਮ ਨੂੰ ਜਪਣਾ ਹੈ। ਫੇਰ ਗਿਆਨ ਨੂੰ ਯਾਦ ਰੱਖਣਾ ਸਿਮਰਨ ਹੈ। ਧਿਆਨ ਵਿੱਚ ਰੱਖਣਾ ਧਿਆਉਣਾ ਹੈ। ਫੇਰ ਇੱਕ ਸਮਾ ਐਦਾਂ ਦਾ ਆਉਣਾ ਜਦੋਂ ਅਚਨਚੇਤ ਵੀ ਹਰ ਵੇਲੇ ਬਿਨਾਂ ਸੋਚੇ, ਬਿਨਾਂ ਕੋਸ਼ਿਸ਼ ਕੀਤੇ, ਕਿਰਦਾਰ ਵਿੱਚ ਬਦਲਾਓ ਆ ਜਣਾ ਤੇ ਗੁਣ ਮਨੁੱਖ ਦੀ ਬੁੱਧ ਦਾ ਹਿੱਸਾ ਬਣ ਜਾਂਦੇ ਹਨ। ਮਨੁੱਖ ਦੀ ਸੋਚ ਬਦਲ ਜਾਂਦੀ ਹੈ। ਇਹ ਅਰਾਧਣਾ ਵਾਲੀ ਅਵਸਥਾ ਹੈ। ਗਿਆਨ ਦੀ ਸੋਝੀ ਵਾਲੀ ਜਾਂ ਨਾਮ ਪ੍ਰਾਪਤੀ ਦੀ ਅਵਸਥਾ ਹੈ। ਨਾਮ ਹੀ ਸਬਦ ਦਾ, ਹੁਕਮ ਦਾ ਰੂਪ ਹੈ। ਨਾਮ ਬਾਰੇ ਹੋਰ ਜਾਨਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਸਬਦ

ਨਾਮ ਮਿਲਣਾ ਹੁਕਮ ਵਿੱਚ ਹੈ। ਗੁਰਬਾਣੀ ਆਖਦੀ “ਸਬਦਿ ਰੰਗਾਏ ਹੁਕਮਿ ਸਬਾਏ॥”, ਜਿਸਦਾ ਅਰਥ ਹੈ ਸਬਦ ਦੁਆਰਾ ਸਾਰੇ ਹੁਕਮ ਰੰਗੇ ਗਏ ਨੇ। ਰੰਗ ਦਾ ਅਰਥ ਹੈ ਗੁਣਾਂ ਵਿੱਚ ਰਮ ਜਾਣਾ। ਕਰਤਾਰ ਦਾ ਰੰਗ ਕਿਹੜਾ ਹੈ? ਅਕਾਲ ਜਿਸਦਾ ਕੋਈ ਰੂਪ ਰੇਖ ਕੋਈ ਸਰੀਰ ਨਹੀਂ ਹੈ ਉਸਦਾ ਰੰਗ ਉਸਦੀ ਸੋਝੀ, ਉਸਦੇ ਗੁਣ ਹੀ ਹਨ। ਜਿਵੇਂ ਹਵਾ ਦਾ ਕੀ ਦੰਗ ਹੈ, ਬੁੱਧ ਦਾ, ਵਿਚਾਰ ਦਾ ਕੀ ਰੰਗ ਹੈ ਵਿਚਾਰੋ। ਜਿਤਨੇ ਵੀ ਹੁਕਮ ਪੂਰੀ ਸ੍ਰਿਸਟੀ ਵਿੱਚ ਵਰਤ ਰਹੇ ਨੇ ਉਹ ਕਾਲ ਤੇ ਅਕਾਲ ਦੇ ਸਬਦ ਅਕਾਲ ਦੇ ਗੁਣਾਂ ਵਿੱਚ ਹੀ ਰੰਗੇ ਹੋਏ ਹਨ। “ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ॥ ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ॥ ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ॥ ਅੰਤਰਿ ਬਾਹਰਿ ਇਕੁ ਨੈਣ ਅਲੋਵਣਾ॥ ਜਿਨੑੀ ਪਛਾਤਾ ਹੁਕਮੁ ਤਿਨੑ ਕਦੇ ਨ ਰੋਵਣਾ॥ ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ॥”। ਸਬਦ ਅਕਾਲ ਦੇ ਗੁਣ ਹੋਣ ਕਾਰਣ ਆਦਿ ਅੰਤ ਤੋਂ ਪਰੇ ਹੈ ਸ੍ਰਿਸਟੀ ਦੀ ਬਣਤ ਤੋਂ ਪਹਿਲਾਂ ਮੌਜੂਦ ਸੀ, ਤੇ ਹਰ ਘਟ ਵਿੱਚ ਮੌਜੂਦ ਵੀ ਹੈ ਜਿਵੇਂ ਅਕਾਲ ਹੈ “ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ॥” ਆਦਿ ਤੋਂ ਜੁਗਾਂ ਤੋਂ ਅਨਦਿਨ ਹਰ ਘਟ ਵਿੱਚ ਸਬਦੁ ਦੀ ਅਕਾਲ/ਕਾਲ ਦੀ ਰਜਾ ਦਾ ਵਰਤਾਰਾ ਹੈ। ਸਾਡੀ ਸੋਝੀ ਕੇਵਲ ਪੋਥੀ ਵਿੱਚ ਲਿਖਤ ਬਾਣੀ ਨੂੰ ਹੀ ਸਬਦ ਸਮਝੀ ਬੈਠੀ ਹੈ। ਲਿਖਤੀ ਰੂਪ ਵਿੱਚ ਗੁਰਮਤਿ ਗੁਰ (ਗੁਣ) ਬਾਣੀ ਭਗਤਾਂ ਤੇ ਗੁਰੁਆਂ ਨੂੰ ਪਰਮੇਸਰ ਹੁਕਮ ਵਿੱਚ ਪ੍ਰਾਪਤ ਸੋਝੀ ਅਰਥ ਨਾਮ ਮਿਲਣ ਤੇ ਦਰਜ ਕੀਤੀ ਹੈ। ਇਹ ਅਕਾਲ ਦੇ ਸਬਦ ਦਾ ਇੱਕ ਤਿਨਕਾ ਮਾਤ੍ਰ ਹੈ। ਸਬਦ ਤਾਂ ਅਨਾਹਦ ਦੱਸਿਆ ਗੁਰਮਤਿ ਨੇ। ਆਖਦੇ “ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ॥ ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ॥੧॥” ਅਨਾਹਦ ਦਾ ਅਰਥ ਹੂੰਦਾ ਹੈ ਜਿਸਦੀ ਹੱਦ ਨਾ ਹੋਵੇ। ਜੇ ਸਬਦ ਨਿਰੰਜਨ ਹੈ ਤਾਂ ਕੇਵਲ ਲਿਖਤ ਬਾਣੀ ਨੂੰ ਹੀ ਸਬਦ ਨਹੀਂ ਆਖ ਸਕਦੇ। ਗੁਰਬਾਣੀ ਸਬਦ ਨੁੰ ਗੂੰਗੇ ਦੀ ਮਿਠਾਈ ਵਾਂਗ ਦੱਸਦੀ ਹੈ। ਗੂੰਗਾ ਬੋਲ ਕੇ ਸਵਾਦ ਨਹੀਂ ਸਮਝਾ ਸਕਦਾ ਉੱਦਾਂ ਹੀ ਲਿਖਤ ਬਾਣੀ ਆਪਣੇ ਆਪ ਵਿੱਚ ਗਿਆਨ ਹੈ ਜਿਸਨੂੰ ਵਿਚਾਰ ਕੇ ਸਮਝ ਕੇ ਸੋਝੀ ਦੇ ਰੰਗ ਵਿੱਚ ਬੁੱਧ ਨੂੰ ਰੰਗਣਾ ਹੈ। ਇਸਦਾ ਬੁੱਧ ਨੂੰ ਰੌਸਨ ਕਰ ਦੇਣਾ ਨਾਮ ਹੈ। “ਪਿੰਡਿ ਮੂਐ ਜੀਉ ਕਿਹ ਘਰਿ ਜਾਤਾ॥ ਸਬਦਿ ਅਤੀਤਿ ਅਨਾਹਦਿ ਰਾਤਾ॥ ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ॥ ਜਿਉ ਗੂੰਗੇ ਸਾਕਰ ਮਨੁ ਮਾਨਿਆ॥”। ਕਬੀਰ ਜੀ ਨੇ ਅਨਹਤ ਆਖਿਆ ਸਬਦ ਨੂੰ “ਅਨਹਤਾ ਸਬਦ ਵਾਜੰਤ ਭੇਰੀ॥”। ਗੁਰਬਾਣੀ ਦੇ ਗਿਆਨ ਨੂੰ ਵਿਚਾਰਣ ਦਾ ਆਦੇਸ਼ ਹੈ “ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ॥੧॥ ਘੁੰਘਰੂ ਵਾਜੈ ਜੇ ਮਨੁ ਲਾਗੈ॥ ਤਉ ਜਮੁ ਕਹਾ ਕਰੇ ਮੋ ਸਿਉ ਆਗੈ॥੧॥”, “ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ॥ ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ॥੨॥”, “ਭਗਤ ਸੋਹਹਿ ਦਰਵਾਰਿ ਸਬਦਿ ਸੁਹਾਇਆ ਜੀਉ॥ ਬੋਲਹਿ ਅੰਮ੍ਰਿਤ ਬਾਣਿ ਰਸਨ ਰਸਾਇਆ ਜੀਉ॥ ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ॥ ਪਾਰਸਿ ਪਰਸਿਐ ਪਾਰਸੁ ਹੋਏ ਜਾ ਤੇਰੈ ਮਨਿ ਭਾਣੇ॥ ਅਮਰਾ ਪਦੁ ਪਾਇਆ ਆਪੁ ਗਵਾਇਆ ਵਿਰਲਾ ਗਿਆਨ ਵੀਚਾਰੀ॥ ਨਾਨਕ ਭਗਤ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ॥” ਅਤੇ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥”, ਨਾਮ ਦੀ, ਸੋਝੀ ਦੀ ਜਾਂ ਕਹ ਲਵੋ ਸਬਦ ਦੀ ਪ੍ਰਾਪਤੀ ਗਿਆਨ ਤੇ ਗੁਣਾਂ ਦੀ ਵਿਚਾਰ ਤੋਂ ਹੁੰਦੀ ਹੈ। ਜੇ ਗੁਰ ਬਾਣੀ ਪੜ ਸੁਣ ਕੇ, ਵਿਚਾਰ ਕੇ ਗਿਆਨ ਨਹੀਂ ਮਨ ਵਿੱਚ ਉਪਜਦਾ ਤਾਂ ਮਨੁੱਖਾ ਜਨਮ ਪਸੂ ਵਾਂਗ ਹੈ “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥”, “ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥੧॥” ਗੁਰਮਤਿ ਸੁਣ ਕੇ ਹੀ ਗਿਆਨ ਉਪਜਦਾ ਹੈ ਬੁੱਧ ਵਿੱਚ। ਜੇ ਨਾ ਉਪਜੇ ਤਾਂ ਵਿਆਰਥ ਹੈ ਪੜ੍ਹਨਾ।

ਸਬਦ ਦਾ ਇੱਕ ਅਰਥ ਟੋਕਰੀ (basket) ਜਾਂ ਇਕੱਠ ਵੀ ਹੁੰਦਾ ਹੈ। ਉਰਦੂ ਵਿੱਚ ਇਕ ਕਹਾਵਤ ਹੈ ਸਬਦ-ਏ-ਗੁਲ ਜਿਸਦਾ ਅਰਥ ਬਣਦਾ ਹੈ ਫੁੱਲਾਂ ਦਾ ਗੁਲਦਸਤਾ। ਸਬਦ ਦਾ ਅਰਥ ਜੇ ਇੰਝ ਲਈਏ ਤਾਂ ਵੀ ਸਬਦ ਦਾ ਅਰਥ ਗੁਣਾਂ ਦਾ ਇਕੱਠ ਬਣਦਾ।

ਜਿਹੜੇ ਮੰਤਰ ਉੱਚਾਰਣ ਕਰਦੇ ਸੀ ਪਰ ਨਾ ਸਮਝਦੇ ਸੀ ਨਾ ਸਮਝਾਉਂਦੇ ਸੀ। ਉਹਨਾਂ ਲਈ ਕਹਿਆ “ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ॥ ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ॥੩॥“। ਜਿਹੜੇ ਬਾਣੀ ਪੜ ਸੁਣ ਕੇ ਵਿਚਾਰਦੇ ਨਹੀਂ, ਸੋਝੀ ਨਹੀਂ ਲੈ ਰਹੇ ਉਹਨਾਂ ਲਈ ਬਾਣੀ ਆਖਦੀ “ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ॥ ਬਿਰਥਾ ਜਨਮੁ ਗਵਾਇਆ॥੧॥”। ਸਬਦ (ਹੁਕਮ ਦੀ ਸੋਝੀ, ਨਾਮ) ਦੀ ਪ੍ਰਾਪਤੀ ਗਿਆਨ ਦੀ ਵਿਚਾਰ ਵਿੱਚੋਂ ਹੀ ਹੁੰਦੀ ਹੈ। ਜਿਹੜੇ ਲਿਖਤੀ ਗਿਆਨ ਵਿੱਚ ਫਸ ਕੇ ਰਹੇ ਜਾਂਦੇ ਨੇ ਤੇ ਬਾਣੀ ਨੂੰ ਵਿਚਾਰਦੇ ਸਮਝਦੇ ਨਹੀਂ ਉਹਨਾਂ ਦਾ ਹਾਲ ਦੱਸਿਆ ਹੈ “ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥”, ਲਿਖਤੀ ਗਿਆਨ, ਮਾਤ੍ਰਾ, ਆਦੀ ਇਹ ਸਬ ਵਿਅਰਥ ਹੈ ਜੇ ਗੁਰਮਤਿ ਰਾਹੀ ਸਬਦ (ਅਕਾਲ ਦਾ ਹੁਕਮ) ਸਮਝ ਨਾ ਆਵੇ। ਹੁਕਮ ਕਾਲ ਦਾ ਹੀ ਵਰਤ ਰਹਿਆ ਜਿਸਦੀ ਗੂੰਜ ਪੂਰੀ ਸ੍ਰਿਸਟੀ ਵਿੱਚ ਅਨਾਹਦ ਵੱਜ ਰਹੀ ਹੈ। ਇਹ ਸਬਦ ਦਾ ਅਨਹਦ ਨਾਦ ਹੈ ਜੋ ਸਰੀਰ ਦੇ ਕੰਨਾਂ ਰਾਹੀ ਨਹੀਂ ਸੁਣਦਾ। ਜਿਹੜੇ ਮਾਇਆ ਦੇ ਸਰੀਰ ਤੋਂ ਪਰੇ ਨਹੀਂ ਸੋਚ ਸਕਦੇ ਉਹਨਾਂ ਨੂੰ ਇਹ ਸਮਝ ਹੀ ਨਹੀਂ ਆਉਣਾ ਕੇ “ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ॥ ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥੧॥”। ਜੋ ਮਾਇਆ ਦੇ ਰੰਗ ਸਰੀਰ ਦੀਆਂ ਅੱਖਾਂ ਨਾਲ ਵੇਖਦੇ ਹਨ ਉਹਨਾਂ ਨੂੰ ਗਿਆਨ ਦੀ ਲਾਲੀ ਸਮਝ ਨਹੀਂ ਆ ਸਕਦੀ। ਦੂਜੀਆਂ ਮੱਤਾਂ ਦੇ ਪ੍ਰਭਾਵ ਕਾਰਣ ਅਸੀਂ ਹੁਕਮ ਨੂੰ, ਸਬਦੁ ਨੂੰ ਸਰੀਰ ਦੇ ਕੰਨਾਂ ਤੋਂ ਸੁਣੀ ਜਾਣ ਵਾਲੀ ਧੁਨ ਮੰਨ ਲਿਆ। ਨਿਰਾਕਾਰ ਜਿਸਦਾ ਰੂਪ ਰੰਗ ਸਰੀਰ ਮੂਹ ਅੱਖਾਂ ਨੱਕ ਕੰਨ ਇਨਸਾਨ ਵਾਂਗ ਨਹੀਂ ਹਨ ਉਸਦੀ ਧੁਨ ਉਸਦਾ ਅਨਾਹਤ ਸਬਦ ਉਸਦਾ ਹੁਕਮ ਹੈ। ਕੰਨਾਂ ਤੋਂ ਸੁਣੀ ਜਾਣ ਵਾਲੀ ਆਵਾਜ ਨੂੰ ਇਕ ਜਗਾ ਤੋ ਦੂਜੀ ਜਗਾ ਜਾਣ ਲਈ ਕਿਸੇ ਮਾਧਿਅਮ ਜਿਵੇਂ ਹਵਾ ਦੀ ਜ਼ਰੂਰਤ ਪੈਂਦੀ ਹੈ ਪਰ ਨਿਰਾਕਾਰ ਦੀ ਧੁਨ ਉਸਦਾ ਹੁਕਮ ਪੂਰੀ ਸ੍ਰਿਸਟੀ ਵਿੱਚ ਫੈਲਿਆ ਹੈ। ਜਿੱਥੇ ਕੋਈ ਨਹੀਂ ਪਹੁੰਚ ਸਕਦਾ ਉੱਥੇ ਕਾਲ ਤੇ ਹੁਕਮ ਦੀ ਪਹੁੰਚ ਹੈ। ਜਦੋਂ ਉਦਾਹਰਣ ਦਿੰਦੇ ਹਾਂ ਕੇ ਕੋਈ ਬੰਦਾ ਆਪਣੀ ਧੁਨ ਵਿੱਚ ਮਸਤ ਰਹਿੰਦਾ ਹੈ ਤਾਂ ਉਸਦਾ ਅਰਥ ਇਹ ਨਹੀਂ ਹੁੰਦਾ ਕੇ ਉਹ ਸੀਟੀਆਂ ਮਾਰਦਾ ਜਾਂ ਵਾਜਾ ਲੈਕੇ ਕੋਈ ਧੁਨ ਵਜਾ ਕੇ ਤੁਰਦਾ। ਉਸਦਾ ਅਰਥ ਹੁੰਦਾ ਉਹ ਆਪਣੇ ਖਿਆਲਾਂ ਵਿੱਚ ਮਸਤ ਰਹਿੰਦਾ। ਸਬਦ ਦੀ ਧੁਨ ਅਲੰਕਾਰ ਹੈ ਕੇ ਸੋਝੀ ਦਾ ਹਰ ਵੇਲੇ ਮਨੁੱਖ ਦੀ ਸੋਚ ਵਿਚਾਰ ਵਿੱਚ ਰਹਿਣਾ। ਸਬਦ ਪਛਾਨਣ ਵਾਲੀ ਵਸਤੂ ਹੈ “ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥”, “ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥” ਸਬਦ ਗੁਰੂ ਹੈ ਪਰ ਗੁਰ ਕਾ ਸਬਦ ਪਛਾਨੁ ਕਹਿਆ ਇਸ ਵਿੱਚ ਭੇਦ ਹੈ “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” ਸੋਝੀ, ਹੁਕਮ ਗੁਰੂ ਹੈ ਇਸਦਾ ਸੁਰਤ ਵਿੱਚ ਹਰ ਵੇਲੇ ਰਹਿਣਾ ਧਿਆਨ ਵਿੱਚ ਰਹਿਣਾ ਹੀ ਜੀਵ ਨੂੰ ਇਸਦਾ ਚੇਲਾ ਬਣਾਉਂਦਾ । ਨਾਮ, ਸਬਦ, ਹੁਕਮ ਦੀ ਸੋਝੀ ਆਪਣੀ ਮਰਜੀ ਨਾਲ ਪ੍ਰਾਪਤ ਨਹੀਂ ਹੁੰਦੀ, ਇਹ ਤਾ ਕਰਮ (ਉਸਦੀ ਰਜਾ, ਮਰਜ਼ੀ) ਹੋਵੇ ਤਾਂ ਉਹ ਆਪ ਬਖਸ਼ਦਾ “ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ॥”। ਹਉਮੈ, ਮੈਂ, ਮੇਰਾ ਦੀ ਸੋਚ ਜਦੋਂ ਤਕ ਹੈ ਸਬਦ ਦੀ ਪ੍ਰਾਪਤੀ ਨਹੀਂ ਹੁਂਦੀ “ਹਉਮੈ ਮਾਰਿ ਗੁਰ ਸਬਦਿ ਪਛਾਤਾ ॥”, ਮਾਨ ਮੇਰ ਤੇਰ ਬਿਬਰਜਿਤ ਹੈ ਗੁਰਮਤਿ ਵਿੱਚ ਆਪਾਂ ਉੱਪਰ ਵਿਚਾਰ ਚੁੱਕੇ ਹਾਂ। “ਹਉਮੈ ਮਾਰਿ ਬਜਰ ਕਪਾਟ ਖੁਲਾਇਆ॥ ਨਾਮੁ ਅਮੋਲਕੁ ਗੁਰਪਰਸਾਦੀ ਪਾਇਆ॥ ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ॥੨॥”, ਨਾਮ (ਸੋਝੀ) ਦੀ ਪ੍ਰਾਪਤੀ ਵੀ ਸਬਦ (ਹੁਕਮ) ਦੁਆਰਾ ਹੀ ਹੋਣੀ ਹੈ। ਸਬਦੁ ਤਾਂ ਘਟ ਵਿੱਚ ਪਹਿਲਾਂ ਹੀ ਸੰਜੋਇਆ ਹੋਇਆ ਹੈ ਜਿਸਨੂੰ ਉਜਾਗਰ ਕਰਨਾ ਹੈ “ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ॥ ਇਸੁ ਮਟੁਕੀ ਮਹਿ ਸਬਦੁ ਸੰਜੋਈ॥੨॥” ਕਿਵੇਂ ਉਜਾਗਰ ਹੋਣਾ? “ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ॥੩॥

ਅੱਗੇ ਵਿਚਾਰ ਕਰਾਂਗੇ ਕੇ ਹੁਕਮ ਕੀ ਹੈ ਤੇ ਹੁਕਮ ਕਿਵੇਂ ਪਛਾਣਿਆ ਜਾਣਾ। ਆਪਾਂ ਵਿਚਾਰ ਕੀਤੀ ਕੇ ਕਾਲ ਹੀ ਕਰਤਾਰ ਹੈ ਬਾਣੀ ਆਖਦੀ “ਕਰਤਾ ਸਭੁ ਕੋ ਤੇਰੈ ਜੋਰਿ॥ ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ॥੧॥” ਅਰਥ ਕਾਲ ਦਾ ਹੀ ਜੋਰ ਸਾਰੇ ਪਾਸੇ ਹੈ। ਕਾਲ ਅਕਾਲ ਦੇ ਹੁਕਮ ਨਾਲ ਏਕਾ ਕਰਨਾ ਹੈ ਸਬਦ (ਸੋਝੀ) ਦੁਆਰਾ। ਏਕਾ ਸਮਝਣ ਲਈ ਪੜ੍ਹੋ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ”। ਪਰਮੇਸਰ/ਅਕਾਲ/ਪ੍ਰਭ/ਕਾਲ ਚਾਹੁੰਦਾ ਹੈ ਕੇ ਸਾਡਾ ਹੁਕਮ ਨਾਲ ਏਕਾ ਰਹੇ। ਸਾਡੀ ਸੋਚ ਅਗਿਆਨਤਾ ਕਾਰਣ ਵਿਕਾਰਾਂ ਮਗਰ ਭੱਜਦੀ ਹੈ ਹੁਕਮ ਦਾ ਵਿਰੋਧ ਕਰਦੀ ਹੈ। ਸਬਦ (ਅਕਾਲ ਦਾ, ਕਾਲ ਦਾ ਗਿਆਨ, ਹੁਕਮ ਤੇ ਹੁਕਮ ਦੀ ਸੋਝੀ) ਨਾਲ ਇਹ ਅਗਿਆਨਤਾ ਦੂਰ ਹੁੰਦੀ ਹੈ। ਮਨ ਨੂੰ ਪਤਾ ਹੈ ਕੇ ਉਸਨੂੰ ਗਿਆਨ ਨੇ ਬੰਨ ਲੈਣਾ ਇਸ ਕਾਰਣ ਗਿਆਨ ਵਿਚਾਰ ਤੋਂ ਭੱਜਦਾ। ਗੁਰਬਾਣੀ ਦਾ ਫੁਰਮਾਨ ਹੈ “ਮਹਾ ਅਨੰਦੁ ਗੁਰਸਬਦੁ ਵੀਚਾਰਿ॥” ਇਸ ਲਈ ਵਿਚਾਰ ਤੋਂ ਬਿਨਾਂ ਨਹੀਂ ਸੋਝੀ ਪੈਣੀ। “ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰਸਬਦ ਵੀਚਾਰਿ॥ ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ॥

ਗੁਰਬਾਣੀ ਆਖਦੀ “ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ॥ ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ॥ ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ॥” – ਵਿਚਾਰਨ ਵਾਲੀ ਗਲ ਹੈ ਕੇ ਸਬਦ ਵਿੱਚ ਸਬਦ ਦੁਆਰਾ ਕਿਵੇਂ ਭੀਜਿਆ ਜਾ ਸਕਦਾ ਹੈ? ਭਿਜਣਾ ਪੈਂਦਾ ਸੋਝੀ ਵਿੱਚ ਸਬਦ ਦੇ ਗਿਆਨ ਵਿੱਚ ਜਿਵੇਂ ਬਾਰਿਸ਼ ਹੋਣ ਤੇ ਕਪੜਾ ਪਾਣੀ ਨਾਲ ਗਿੱਲਾ ਹੁੰਦਾ। ਬੁੱਧ ਵਿੱਚ ਸਬਦ (ਹੁਕਮ ਤੇ ਹੁਕਮ ਦੀ ਸੋਝੀ) ਦਾ ਵਸਣਾ ਹੀ ਨਾਮ ਪ੍ਰਾਪਤੀ ਹੈ। ਗੁਣਾਂ ਨੂੰ ਮੁਖ ਰੱਖਣ ਵਾਲੇ ਸੱਜਣ ਹੀ ਇਹ ਪ੍ਰਾਪਤੀ ਕਰਦੇ ਹਨ “ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ॥ ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ॥ ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ॥ ਗੁਰਮੁਖਿ ਸਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ॥੨॥”।

ਸਬਦ ਦੀ ਪ੍ਰਾਪਤੀ ਲਈ ਮੈਂ/ਹਉਮੇ ਮਾਰਨੀ ਜਰੂਰੀ ਹੈ ਸੋਝੀ ਦੁਆਰਾ। “ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ॥ ਗੁਰਮਤੀ ਮਨੁ ਨਿਰਮਲਾ ਰਸਨਾ ਹਰਿ ਰਸੁ ਪੀਜੈ ਰਾਮ॥ ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ॥ ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ॥ ਜਿਸੁ ਨਦਰਿ ਕਰੇ ਸੋਈ ਸਚਿ ਲਾਗੈ ਰਸਨਾ ਰਾਮੁ ਰਵੀਜੈ॥ ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ॥੨॥ 

ਸਬਦ ਨੂੰ ਸਮਝਣ ਲਈ ਕੁਝ ਉਦਾਹਰਣ।

ਆਪੇ ਲਿਵ ਧਾਤੁ ਹੈ ਆਪੇ॥ ਆਪਿ ਬੁਝਾਏ ਆਪੇ ਜਾਪੇ॥ ਆਪੇ ਸਤਿਗੁਰੁ ਸਬਦੁ ਹੈ ਆਪੇ॥ ਨਾਨਕ ਆਖਿ ਸੁਣਾਏ ਆਪੇ॥

ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ॥ ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ॥ ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ॥ ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ॥੨॥

ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ॥ ਬਿਨੁ ਸਬਦੈ ਜਗਿ ਆਨੑੇਰੁ ਹੈ ਸਬਦੇ ਪਰਗਟੁ ਹੋਇ॥ ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ॥ ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ॥ ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ॥੨॥

ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ॥ ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ॥ ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ॥ ਗਿਆਨੀਆ ਅੰਦਰਿ ਗੁਰਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ॥ ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ॥ ਗੁਰਮੁਖਿ ਜੋ ਹਰਿ ਸੇਵਦੇ ਜਨ ਨਾਨਕੁ ਤਾ ਕਾ ਦਾਸੁ॥੨੧॥

ਹੁਕਮ

ਹੁਕਮ ਬਾਰੇ ਸੰਖੇਪ ਵਿੱਚ ਵਿਚਾਰ ਕੀਤੀ ਗਈ ਸੀ “ਹੁਕਮ ਅਤੇ ਪਾਤਿਸ਼ਾਹ” ਅਤੇ “ਸਾਨੂੰ ਕੌਣ ਚਲਾ ਰਹਿਆ ਹੈ? ਸਾਡੇ ਤੇ ਕਿਸਦਾ ਹੁਕਮ ਚਲਦਾ?”।

ਕਾਲ ਅਕਾਲ ਤੇ ਹੁਕਮ ਦਾ ਰਿਸ਼ਤਾ ਅਸੀਂ ਉੱਪਰ ਇਸ ਲੇਖ ਵਿੱਚ ਸਮਝਿਆ ਹੈ। ਪਰ ਹੁਕਮ ਹੈ ਕੀ? ਇਹ ਕਿਹੋ ਜਹਿਆ ਦਿਸਦਾ।

ਹੁਕਮ ਹੈ ਕਾਲ ਦਾ ਵਰਤਾਰਾ। ਜੋ ਵੀ ਹੋ ਰਹਿਆ ਉਹ ਕਾਲ ਕਰ ਰਹਿਆ ਹੈ। ਕਾਲ ਕਰਤਾ ਹੈ ਕਾਲ ਦੀ ਕਲਮ ਹੁਕਮ ਹੱਥ ਕਹਿਆ ਬਾਣੀ ਵਿੱਚ “ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮੵੁ ਗੵਾਨੁ ਧੵਾਨੁ ਧਰਤ ਹੀਐ ਚਾਹਿ ਜੀਉ॥”। ਪਾਤਿਸ਼ਾਹ ਨੇ ਆਖਿਆ “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥੨॥” ਜੋ ਹੋ ਰਹਿਆ ਉਹ ਹੁਕਮ ਵਿੱਚ ਹੀ ਹੋ ਰਹਿਆ। ਹੁਕਮ ਤੋਂ ਬਾਹਰ ਕੁੱਝ ਨਹੀਂ। ਹੁਕਮ ਤਾ ਸਾਰੇ ਪਾਸੇ ਬਰਾਬਰ ਵਰਤ ਰਹਿਆ ਹੈ “ਏਕੋ ਹੁਕਮੁ ਵਰਤੈ ਸਭ ਲੋਈ॥ ਏਕਸੁ ਤੇ ਸਭ ਓਪਤਿ ਹੋਈ॥੭॥” ਜੋ ਵੀ ਪੈਦਾ ਹੋ ਰਹਿਆ ਜੋ ਜਾ ਰਹਿਆ, ਜੋ ਮਨਮਤਿ ਵਿੱਚ ਫਸਿਆ, ਜੋ ਗੁਰਮਤਿ ਗਿਆਨ ਵਿਚਾਰ ਰਹਿਆ ਉਹ ਸਬ ਹੁਕਮ ਵਿੱਚ ਹੀ ਕਰ ਰਹਿਆ ਹੈ “ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ॥ ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ॥”। “ਹੁਕਮੇ ਧਾਰਿ ਅਧਰ ਰਹਾਵੈ॥ ਹੁਕਮੇ ਉਪਜੈ ਹੁਕਮਿ ਸਮਾਵੈ॥ ਹੁਕਮੇ ਊਚ ਨੀਚ ਬਿਉਹਾਰ॥ ਹੁਕਮੇ ਅਨਿਕ ਰੰਗ ਪਰਕਾਰ॥ ਕਰਿ ਕਰਿ ਦੇਖੈ ਅਪਨੀ ਵਡਿਆਈ॥ ਨਾਨਕ ਸਭ ਮਹਿ ਰਹਿਆ ਸਮਾਈ॥”

ਸਾਡੇ ਆਸੇ ਪਾਸੇ ਜੋ ਵਰਤ ਰਹਿਆ ਹੈ ਉਸ ਨਾਲ ਸਾਡੇ ਮਨ ਵਿੱਚ ਕਈ ਪ੍ਰਕਾਰ ਦੇ ਡਰ, ਭਰਮ, ਵਿਕਾਰ, ਸ਼ੰਕਾ, ਤੇ ਚਿੰਤਾ ਪੈਦਾ ਹੁੰਦੀ ਰਹਿੰਦੀ ਹੈ। ਮਨ ਵਿਚਲਿਤ ਰਹਿੰਦਾ ਹੈ। ਬੱਚੇ ਨਾ ਹੋਣ ਚਿੰਤਾ ਕੇ ਹੋਣੇ ਜਾ ਨਹੀਂ, ਹੋ ਜਾਣ ਤਾਂ ਚਿੰਤਾ ਕੇ ਕਿਹੋ ਜਹੇ ਹੋਣੇ, ਮਰ ਤਾ ਨਹੀਂ ਜਾਣੇ, ਸੱਟ ਨਾ ਲੱਗ ਜਾਵੇ, ਵੱਡੇ ਹੋ ਕੇ ਕਿਹੋ ਜਹੇ ਹੋਣੇ। ਨੌਕਰੀ ਰਹੂ ਨਾ ਰਹੂ। ਹਰ ਵੇਲੇ ਮਨ ਚਿੰਤਾ ਲੱਭਦਾ ਹੈ। ਕੋਈ ਚਿੰਤਾ ਨਾ ਹੋਵੇ ਤਾਂ ਵੀ ਮਨ ਆਪ ਕੋਈ ਨਾ ਕੋਈ ਡਰ ਪੈਦਾ ਕਰ ਹੀ ਲੈਂਦਾ ਹੈ। ਪਾਤਿਸ਼ਾਹ ਨੇ ਗੁਰਬਾਣੀ ਵਿੱਚ ਕਈ ਤਰੀਕਿਆਂ ਉਦਾਹਰਣਾਂ ਨਾਲ ਸਮਝਾਇਆ ਹੈ ਕੇ ਚਿੰਤਾ ਛੱਡਣੀ ਹੈ, ਜੋ ਕਰਤਾਰ ਹੈ ਉਸਦੇ ਹੱਥ ਵਿਛ ਸਬ ਕੁੱਝ ਹੈ, ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਉਸਦੇ ਹੁਕਮ ਤੋੰ ਬਾਹਰ, ਤੇ ਕੋਈ ਪੈਦਾ ਨਹੀਂ ਕਰ ਸਕਦਾ। ਜੋ ਜਦੋਂ ਹੋਣਾ ਉਦੋਂ ਹੀ ਹੋਣਾ, ਸਾਨੂੰ ਬਸ ਆਪਣਾ ਕੰਮ ਇਮਾਨਦਾਰੀ ਨਾਲ ਨਾਮ ਦੀ ਰੌਸ਼ਨੀ ਵਿੱਚ ਕਰੀ ਜਾਣਾ ਹੈ। ਜਦੋਂ ਇਹ ਸਮਝ ਆ ਜਾਵੇ ਤੇ ਚੇਤੇ ਰਹੇ ਕੇ ਹਰ ਗੱਲ ਹੁਕਮ ਬੱਧ ਹੈ, ਸਬ ਉਸਦੀ ਰਜਾ ਹੈ ਤਾਂ ਚਿੰਤਾ ਮੁੱਕ ਜਾਂਦੀ ਹੈ। ਗੁਰਮਤਿ ਦਾ ਫੁਰਮਾਨ ਹੈ “ਐਸਾ ਸਾਚਾ ਤੂੰ ਏਕੋ ਜਾਣੁ॥ ਜੰਮਣੁ ਮਰਣਾ ਹੁਕਮੁ ਪਛਾਣੁ॥੧॥ ਰਹਾਉ॥ ਮਾਇਆ ਮੋਹਿ ਜਗੁ ਬਾਧਾ ਜਮਕਾਲਿ॥ ਬਾਂਧਾ ਛੂਟੈ ਨਾਮੁ ਸਮੑਾਲਿ॥ ਗੁਰੁ ਸੁਖਦਾਤਾ ਅਵਰੁ ਨ ਭਾਲਿ॥ ਹਲਤਿ ਪਲਤਿ ਨਿਬਹੀ ਤੁਧੁ ਨਾਲਿ॥੨॥ ਸਬਦਿ ਮਰੈ ਤਾਂ ਏਕ ਲਿਵ ਲਾਏ॥ ਅਚਰੁ ਚਰੈ ਤਾਂ ਭਰਮੁ ਚੁਕਾਏ॥ ਜੀਵਨ ਮੁਕਤੁ ਮਨਿ ਨਾਮੁ ਵਸਾਏ॥ ਗੁਰਮੁਖਿ ਹੋਇ ਤ ਸਚਿ ਸਮਾਏ॥੩॥”।

ਪਰਮੇਸਰ ਦੇ ਗੁਣ, ਕਾਲ, ਅਕਾਲ ਦੇ ਗੁਣਾਂ ਦੀ ਸੋਝੀ, ਉਸਦਾ ਸਬਦ, ਉਸਦਾ ਹੁਕਮ ਜਾਪ ਕੇ, ਸਮਝ ਕੇ, ਵਿਚਾਰ ਕੇ, ਚੇਤੇ ਰੱਖਣਾ ਜੀਵ ਦੇ ਵਿਕਾਰ ਕਾਬੂ ਵਿੱਚ ਰੱਖਦਾ ਹੈ। ਮਨੁੱਖਾ ਜੀਵਨ ਸੌਖਾ ਤੇ ਆਨੰਦ ਮਈ ਹੋ ਜਾਂਦਾ ਹੈ। ਸੋ ਗੁਰਬਾਣੀ ਨੂੰ ਪੜ੍ਹੋ ਸਮਝੋ ਤੇ ਵਿਚਾਰੋ।

ਰਾਗੁ ਗਉੜੀ ਗੁਆਰੇਰੀ ਮਹਲਾ ੫॥ ਜਾ ਕੈ ਵਸਿ ਖਾਨ ਸੁਲਤਾਨ॥ ਜਾ ਕੈ ਵਸਿ ਹੈ ਸਗਲ ਜਹਾਨ॥ ਜਾ ਕਾ ਕੀਆ ਸਭੁ ਕਿਛੁ ਹੋਇ॥ ਤਿਸ ਤੇ ਬਾਹਰਿ ਨਾਹੀ ਕੋਇ॥੧॥ ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ॥ ਕਾਜ ਤੁਮਾਰੇ ਦੇਇ ਨਿਬਾਹਿ॥੧॥ ਰਹਾਉ॥ ਸਭ ਤੇ ਊਚ ਜਾ ਕਾ ਦਰਬਾਰੁ॥ ਸਗਲ ਭਗਤ ਜਾ ਕਾ ਨਾਮੁ ਅਧਾਰੁ॥ ਸਰਬ ਬਿਆਪਿਤ ਪੂਰਨ ਧਨੀ॥ ਜਾ ਕੀ ਸੋਭਾ ਘਟਿ ਘਟਿ ਬਨੀ॥੨॥ ਜਿਸੁ ਸਿਮਰਤ ਦੁਖ ਡੇਰਾ ਢਹੈ॥ ਜਿਸੁ ਸਿਮਰਤ ਜਮੁ ਕਿਛੂ ਨ ਕਹੈ॥ ਜਿਸੁ ਸਿਮਰਤ ਹੋਤ ਸੂਕੇ ਹਰੇ॥ ਜਿਸੁ ਸਿਮਰਤ ਡੂਬਤ ਪਾਹਨ ਤਰੇ॥੩॥ ਸੰਤ ਸਭਾ ਕਉ ਸਦਾ ਜੈਕਾਰੁ॥ ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ॥ ਕਹੁ ਨਾਨਕ ਮੇਰੀ ਸੁਣੀ ਅਰਦਾਸਿ॥ ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ॥੪॥੨੧॥੯੦॥

ਕੇਤੇ ਕਛ ਮਛ ਕੇਤੇ ਉਨ ਕਉ ਕਰਤ ਭਛ ਕੇਤੇ ਅਛ ਵਛ ਹੁਇ ਸਪਛ ਉਡ ਜਾਹਿਂਗੇ॥ ਕੇਤੇ ਨਭ ਬੀਚ ਅਛ ਪਛ ਕਉ ਕਰੈਂਗੇ ਭਛ ਕੇਤਕ ਪ੍ਰਤਛ ਹੁਇ ਪਚਾਇ ਖਾਇ ਜਾਹਿਂਗੇ॥ ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਕਾਲ ਕੇ ਬਨਾਇ ਸਬੈ ਕਾਲ ਹੀ ਚਬਾਹਿਂਗੇ॥ ਤੇਜ ਜਿਉ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿਂਗੇ॥੧੮॥੮੮॥ (ਅਕਾਲ ਉਸਤਤਿ)