Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਭਿਨਾਸੀ ਰਾਜ ਤੇ ਦੁਨਿਆਵੀ ਰਾਜ

ਗੁਰਮਤਿ ਅਨਸਾਰ ਹਰੇਕ ਸਿੱਖ ਨੇ “ਗੁਰਬਾਣੀ ਗੁਰ ਗਿਆਨ ਉਪਦੇਸ” ਨਾਲ ਆਪਣੇ ਮਨ ਤੇ ਜਿੱਤ ਪ੍ਰਾਪਤ ਕਰਕੇ ਕਦੇ ਵੀ ਨਾ ਖਤਮ ਹੋਣ ਵਾਲੇ ਅਵਿਨਾਸੀ ਰਾਜ ਦੀ ਪ੍ਰਪਾਤੀ ਕਰਨੀ ਹੈ। ਇਹ ਹੀ ਹਰੇਕ ਗੁਰਸਿਖ ਦਾ ਟੀਚਾ ਹੋਣਾ ਚਾਹੀਦਾ ਹੈ।

ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ।।

ਗੁਰਬਾਣੀ ਵਿੱਚ ਸਤਿਗੁਰ ਜੀ ਜਿਵੇਂ ਦੁਨਿਆਵੀ ਰਾਜਿਆ ਦੀ ਦਸਾ ਵਾਰੇ ਵਰਨਣ ਕਰ ਰਹੇ ਹਨ ਆਉ ਵਿਚਾਰ ਕਰਦੇ ਹਾਂ।

ਏਹ ਭੂਪਤਿ ਰਾਣੇ ਰੰਗ ਦਿਨ ਚਾਰ ਸੁਹਾਵਣਾ॥ ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ॥

ਸਤਿਗੁਰ ਜੀ ਫ਼ੁਰਮਾਣ ਕਰਦੇ ਹਨ ਕਿ ਭਾਈ, ਇਹ ਸੰਸਾਰੀ ਰਾਜਿਆ ਰਾਣਿਆ ਦੇ ਰਾਜ ਰੰਗ ਚਾਰ ਭਾਵ ਥੋੜਾ ਚਿਰ ਲਈ ਸੋਭਨੀਕ ਹੁੰਦੇ ਹਨ। ਧਨ ਦੋਲਤ ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ ਭਾਵ ਕਸੁੰਭੇ ਵਾਂਗ ਛਿਨ ਭੰਗਰ ਹੈ। ਛਿਨ ਮਾਤਰ ਵਿੱਚ ਲਹਿ ਜਾਂਦਾ ਹੈ।

ਕੋਊ ਹਰਿ ਸਮਾਨਿ ਨਹੀਂ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥

ਗੁਰਮਤਿ ਸੰਸਾਰੀ ਰਾਜਿਆ ਨੂੰ ਰਾਜੇ ਨਹੀਂ ਮੰਨਦੀ। ਸਾਡਾ ਰਾਜਾ ਤਾਂ ਇਕੋ ਇੱਕ ਹਰਿ ਹੈ। ਉਸਦੇ ਤੁਲ ਕੋਈ ਵੀ ਦੁਨਿਆਵੀ ਰਾਜਾ ਨਹੀਂ ਹੋ ਸਕਦਾ। ਇਹ ਦੁਨੀਆ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ। ਇਹ ਲੋਕ ਐਵੇ ਆਪਣੇ ਰਾਜ ਪ੍ਰਤਾਪ ਦੇ ਝੂਠੇ ਵਿਖਾਵੇ ਕਰਦੇ ਹਨ।

ਪਉੜੀ॥ ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ॥ ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ॥

ਇਹ ਦੁਨਿਆਵੀ ਰਾਜੇ ਚਾਰ ਦਿਨਾਂ ਲਈ ਝੂਠੀਆਂ ਰੰਗ ਰਲੀਆ ਮਾਣਦੇ ਅਤੇ ਧੰਨ ਦੋਲਤ ਦੀ ਜ਼ਹਿਰ ਨੂੰ ਇਕੱਤਰ ਕਰਦੇ ਹਨ। ਅਤੇ ਇਸ ਨਾਲ ਪਿਆਰ ਪਾ ਇਹ ਹੋਰਨਾਂ ਦੀ ਧਨ ਦੋਲਤ ਚੋਰੀ ਕਰਕੇ ਆਪਣੇ ਮਾਲ ਧਨ ਨੂੰ ਹੋਰ ਵਧਾਉਦੇ ਹਨ।

ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ॥ ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ॥

ਇਹ ਧੰਨ ਦੋਲਤ ਦੇ ਪੁਜਾਰੀ ਆਪਣੇ ਲੜਕੇ ਅਤੇ ਵਹੁਟੀ ਤੇ ਭੀ ਭਰੋਸਾ ਨਹੀਂ ਕਰਦੇ। ਵੱਸ ਇਹਨਾ ਦਾ ਪਿਆਰ ਮੋਹ ਤਾਂ ਸਿਰਫ ਮਾਲ ਧਨ ਨਾਲ ਹੁੰਦਾ ਹੈ।ਪਰ ਜਦੋ ਇਹਨਾ ਦੇ ਅੱਖਾ ਸਾਹਮਣੇ ਹੀ ਧੰਨ ਦੋਲਤ ਉਲਟਾ ਇਹਨਾ ਨੂੰ ਹੀ ਠੱਗ ਲੈਂਦੀ ਹੈ ।ਫਿਰ ਅੰਤ ਸਮੇ ਇਹ ਪਛਤਾਉਦੇ ਹਨ।

ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ॥

ਹੇ ਨਾਨਕ ! ਅਖੀਰ ਤੇ ਜਮ ਦਰਿ ਬਧੇ ਭਾਵ ਭਰਮ ਵਿੱਚ ਬੱਝਿਆ ਨੂੰ ਪਰਮੇਸਰ ਦੇ ਹੁਕਮ ਅਨਸਾਰ ਸਜ਼ਾ ਮਿਲਦੀ ਹੈ। ਇੰਝ ਹੀ ਪ੍ਰਭੂ ਨੂੰ ਚੰਗਾ ਲੱਗਦਾ ਹੈ ।ਕਿਉਕੇ ਇਹਨਾ ਨੇ ਕਰਮ ਹੀ ਇਸ ਤਰਾਂ ਦੇ ਕੀਤੇ ਹੁੰਦੇ ਹਨ।

ਸੋ ਕਹਿਣ ਤੋ ਭਾਵ ਸਾਨੂੰ ਇਹ ਝੂਠੇ ਰਾਜ ਵਿੱਚ ਪੈਣ ਦੀ ਥਾਂ ਗੁਰਮਤਿ ਗੁਰਬਾਣੀ ਉਪਦੇਸ ਮਨ ਵਿੱਚ ਧਾਰਣ ਕਰਕੇ, ਗੁਰ ਦੀ ਮਤਿ ਅਨਸਾਰ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।

ਦੁਨਿਆਵੀ ਰਾਜ ਬਾਰੇ ਗੁਰਮਤਿ ਦਾ ਆਦੇਸ਼ ਹੈ “ਰਾਜਿ ਰੰਗੁ ਮਾਲਿ ਰੰਗੁ॥ ਰੰਗਿ ਰਤਾ ਨਚੈ ਨੰਗੁ॥”

ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ॥

ਖਾਲਸੇ ਨੂੰਬਤਾਂ ਆਦੇਸ਼ ਸੀ “ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ॥੧॥ ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ॥ ਮਾਇਆਧਾਰੀ ਛਤ੍ਰਪਤਿ ਤਿਨੑ ਛੋਡਉ ਤਿਆਗਿ॥੧॥”

”ਸਗਲ ਸ੍ਰਿਸਟਿ ਕੋ ਰਾਜਾ ਦੁਖੀਆ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ॥ ਲਾਖ ਕਰੋਰੀ ਬੰਧੁ ਨ ਪਰੈ॥ ਹਰਿ ਕਾ ਨਾਮੁ ਜਪਤ ਨਿਸਤਰੈ॥ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ॥ ਹਰਿ ਕਾ ਨਾਮੁ ਜਪਤ ਆਘਾਵੈ॥” – ਜੇ ਸਾਰੀ ਸ੍ਰਿਸਟੀ ਦਾ ਰਾਜਾ ਵੀ ਹੋਵੇ ਤਾਂ ਵੀ ਦੁਖੀ ਰਹਿਣਾ, ਹਰਿ ਦਾ ਨਾਮ (ਸੋਝੀ) ਲੈਕੇ ਹੀ ਸੁਖੀਆ ਹੋਣਾ।

ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥

ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥

ੴ ਸਤਿਗੁਰ ਪ੍ਰਸਾਦਿ॥ ਮਾਗਉ ਦਾਨੁ ਠਾਕੁਰ ਨਾਮ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ॥੧॥ ਰਹਾਉ॥ ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ॥ ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ॥੧॥ ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ॥ ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ॥੨॥੧॥੬॥

ਖਾਲਸੇ ਦਾ ਅਭਿਨਾਸੀ ਰਾਜ ਕੀ ਹੈ ਤੇ ਕਿਵੇਂ ਮਿਲਣਾ?

ਖਾਲਸੇ ਲਈ ਤਾਂ ਅਕਾਲ ਦਾ ਰਾਜ ਸਦੀਵ ਹੈ ਤੇ ਖਾਲਸੇ ਲਈ ਦਸਮ ਬਾਣੀ ਵਿੱਚ ਆਖਿਆ “ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥੩॥੪੨॥” – ਤੇ ਅਸੀਂ ਕੀ ਕਰਦੇ? ਦੁਨਿਆਵੀ ਰਾਜ ਭਾਲਦੇ।

ਖਾਲਸੇ ਦਾ ਅਬਿਨਾਸੀ (ਕਦੇ ਨਾਸ ਨਾ ਹੋਣ ਵਾਲਾ) ਰਾਜ ਭਗਤਾਂ ਨੂੰ ਮਿਲਿਆ। ਇਸਦਾ ਉਦਾਹਰਣ ਕਬੀਰ ਜੀ ਦਸ ਰਹੇ ਹਨ।

ਕਿਉ ਲੀਜੈ ਗਢੁ ਬੰਕਾ ਭਾਈ॥ ਦੋਵਰ ਕੋਟ ਅਰੁ ਤੇਵਰ ਖਾਈ॥੧॥ ਰਹਾਉ॥ ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ॥ ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ॥੧॥ ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ॥ ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ॥੨॥ ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ॥ ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ॥੩॥ ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ॥ ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ॥੪॥ ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ॥ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ॥੫॥ ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ॥ ਦਾਸੁ ਕਮੀਰੁ ਚੜਿੑਓ ਗੜੑ ਊਪਰਿ ਰਾਜੁ ਲੀਓ ਅਬਿਨਾਸੀ॥੬॥੯॥੧੭॥(ਭਗਤ ਕਬੀਰ ਜੀ॥, ਰਾਗੁ ਭੈਰਉ, ੧੧੬੧)

  • “ਕਿਉ ਲੀਜੈ ਗਢੁ ਬੰਕਾ ਭਾਈ॥” – ਕਿਵੇਂ ਲਵਾਂ ਗੜ੍ਹ (ਮਹਲ/ਕਿਲਾ) ਬੰਕਾ ਭਾਈ (ਸੋਹਣਾ ਸੁਖਸਾਗਰ)
  • “ਦੋਵਰ ਕੋਟ ਅਰੁ ਤੇਵਰ ਖਾਈ” – ਦੋ ਕੰਧ ਤੇ ਤਿੰਨ ਖਾਈਆਂ ਟੱਪ ਕੇ ਨਿਕਲਣਾ (ਭਵਸਾਗਰ ਜੇਲ ਚੋਂ) ਬੰਕੇ ਗੜ੍ਹ ਵੱਲ ਜਾਣ ਲਈ। ਪਹਿਲੀ ਕੰਧ/ਦਿਆਰ ਹੈ ਕੂੜ੍ਹ ਦੀ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥” ਸਰੀਰ ਕੂੜ ਦੀ ਕੰਧ ਹੈ। ਤਿੰਨ ਖਾਈਆਂ ਨੇ ਤਮੋ, ਰਜੋ, ਸਤੋ ਗੁਣ (ਤ੍ਰੈ ਗੁਣ ਮਾਇਆ) । ਦੂਜੀ ਕੰਧ ਹੈ ਭਰਮ ਦੀ। ਇਸ ਕੰਧ ਨੂੰ ਟੱਪਣ ਲਈ ਗੁਰਮ੍ਰਸਾਦ ਦੀ ਲੋੜ ਹੈ। “ਗੁਰ ਪਰਸਾਦਿ ਭਰਮ ਕਾ ਨਾਸੁ ॥” “ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ॥” ਗਿਆਨ ਤੋਂ ਮਿਲੇ ਗੁਣ ਨਾਲ ਇਸਨੂੰ ਟੱਪਿਆ ਜਾ ਸਕਦਾ ਹੈ। ਗਿਆਨ ਦੇ ਗੋਲੇ ਨਾਲ ਇਸ ਕੰਧ ਨੂੰ ਤੋੜਿਆ ਜਾ ਸਕਦਾ ਹੈ “ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥”
  • “ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ॥” – ਪੰਜ ਤੱਤਾਂ ਦੇ ਬਦੇ ਸਰੀਰ ਮਾਇਆ ਨੇ ਪਕੜ ਬਣਾਈ ਹੋਈ ਹੈ ਪੰਜ ਵਿਕਾਰਾਂ ਨੇ ਤੇ ਘੇਰਾ ਪਾਇਆ ਹੋਇਆ ਹੈ। ਮਾਇਆ ਸਰੀਰ ਛੱਡਣ ਦਾ ਜੀ ਨਹੀੰ ਕਰਦਾ ਇਸ ਮਾਇਆ ਦੇ ਮਦ (ਨਸ਼ੇ) ਕਾਰਣ।
  • “ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ” – ਕਬੀਰ ਜੀ ਕਹ ਰਹੇ ਨੇ ਕੇ ਇਹਨਾਂ ਕਰਕੇ ਜਨ ਗਰੀਬ ਸੁਖਸਾਗਰ ਵਿੱਚ ਨਹੀਂ ਜਾ ਪਾ ਰਹਿਆ, ਇਸਦਾ ਵੱਸ ਨਹੀਂ ਚਲ ਰਹਿਆ।
  • “ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ॥” – ਕਾਮਨਾਵਾਂ ਦੀਆਂ ਇੱਛਾਵਾਂ ਦੀ ਕਿਵਾਰੀ (ਖਿੜਕੀਆਂ) ਨੇ ਸਰੀਰ ਵਿੱਚ ਜਿਸ ਵਿੱਚੋਂ ਦੁੱਖ ਸੁੱਖ ਦਿਸਦੇ ਨੇ। ਸੁੱਖ ਮੰਗਦੇ ਹਾਂ ਦੁੱਖ ਤੋਂ ਭੱਜਦੇ ਹਾਂ ਜਾਣਦੇ ਹੋਏ ਵੀ ਕੇ “ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥” । ਦੁੱਖ ਸੁੱਖ ਦਰਵਾਨੀ (ਦਰਬਾਨ) ਬਣਕੇ ਖੜੇ ਨੇ ਪਾਪ ਪੁੰਨ ਦੇ ਦਰਵੱਜੇ ਤੇ। ਭੁੱਲ ਜਾਂਦਾ ਹੁਕਮ ਨੂੰ “ਪਾਪ ਪੁੰਨ ਹਮਰੈ ਵਸਿ ਨਾਹਿ ॥”। ਮਨੁੱਖ ਨੇ ਪਾਪ ਪੁੰਨ ਰਚ ਲਏ ਆਪਣੇ ਦਾਨ ਕਰਨ ਨੂੰ ਪੁੰਨ ਮੰਨ ਲਿਆ ਭੁੱਲ ਗਿਆ ਗੁਰਮਤਿ ਕਿਸਨੂੰ ਪੁੰਨ ਮੰਨਦੀ “ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ॥”। ਸਿੱਖੀ ਵਿੱਚ ਪਾਪ ਪੁੰਨ ਮਾਨ ਅਪਮਾਨ ਆਪਣੇ ਪਰਾਏ ਦੇ ਭੇਦ ਦੀ ਕੋਈ ਥਾਂ ਨਹੀਂ ਹੈ। “ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ॥”
  • “ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ” – ਕ੍ਰੋਧ ਪ੍ਰਧਾਨ ਹੈ ਮਹਾਂ ਦੁੰਦਰ (ਪ੍ਰਚੰਡ) ਹੋਇਆ ਪਿਆ। ਮਨੁ ਮਾਵਾਸੀ ਸੰਸਾਰੀ ਰਾਜ ਮੰਗਦਾ ਪਰਮੇਸਰ ਤੇ ਆਕੀ ਹੋਇਆ ਪਇਆ।
  • “ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ॥” – ਮਾਇਆ ਦੇ ਸ੍ਵਾਦ ਦਾ ਸਨਾਹ (ਕਵਚ), ਮਮਤਾ ਦਾ ਟੋਪ (ਮੁਕਟ) ਕੁਬੁਧਿ ਕਮਾਨ ਚੜ੍ਹਾ ਕੇ ਬੈਠਾ। ਮਾਇਆ ਤੇ ਸਰੀਰ ਦੇ ਰਸਾਂ ਵਿੱਚ ਫਸਿਆ ਬੈਠਾ “ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥”
  • “ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ॥੩॥” – ਤ੍ਰਿਸਨਾਵਾਂ ਦੇ ਤੀਰ ਇਸ ਕਮਾਨ ਤੇ ਚੜ੍ਹਾਏ ਹੋਏ ਨੇ ਘਟ (ਦੇਹੀ) ਵਿੱਚ ਕਿਵੇਂ ਸੁਖਸਾਗਰ ਮਿਲੇ। ਕਿਵੇਂ ਮੁਕਤੀ ਮਿਲੇ ਜਦੋਂ ਮਨ ਹਾਰਦਾ ਨਹੀਂ।
  • “ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ॥” – ਨਫਰਤ ਛੱਡ ਝਗੜੇ ਛੱਡ ਪ੍ਰੇਪ ਫੜਨਾ ਪੈਣਾ। “ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ”। ਜਦੋਂ ਪ੍ਰੇਮ ਹੋ ਗਿਆ, ਸੁਰਤਿ ਪਲੀਤਾ ਬਣਾ ਸੁਰਤਿ ਉੱਚੀ ਰੱਖ ਕੇ ਗਿਆਨ (ਗੁਰਮਤਿ) ਦਾ ਗੋਲਾ ਚਲਾਇਆ।
  • “ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ॥੪॥” – ਬ੍ਰਹਮ ਗਿਆਨ ਦੀ ਅਗਨ ਨੇ ਜੇਲ ਦੀਆਂ ਦਿਵਾਰਾਂ ਢੇਰੀ ਕਰ ਦਿੱਤਿਆ ਏਕ ਹੀ ਚੋਟ ਵਿੱਚ।
  • “ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ॥” – ਸਤੁ ਦਾ ਗਿਆਨ ਸੰਤੋਖ ਨੂੰ ਕੇ ਲਰਨੇ ਲਾਗਾ, ਕਿਸ ਨਾਲ, ਮਾਇਆ/ਵਿਕਾਰਾਂ ਨਾਲ, ਮਨ ਨਾਲ ਤੇ ਪਾਪ ਪੁੰਨ ਦੇ ਭੈ ਦੇ ਦਰਵਾਜੇ ਤੋੜ ਦਿੱਤੇ।
  • “ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ॥੫॥” – ਸਾਧਸੰਗਤਿ (ਆਤਮ ਰਾਮ/ ਹਰਿ) ਤੇ ਗੁਣਾ ਤੋਂ ਮਿਲੇ ਗਿਆਨ ਦੇ ਸਦਕੇ ਗਢ ਦੇ ਰਾਜੇ (ਮਨ) ਨੂੰ ਕਾਬੂ ਕਰ ਲਿਆ।
  • “ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ॥” – ਭਗਵਤ (ਭਗਉਤੀ/ ਭਗਤੀ/ ਗਿਆਨ) ਦੀ ਭੀਰ (stampede)/ ਜੋਰ/ਤੁਫ਼ਾਨ/ਆਂਧੀ ਅਤੇ ਸਿਮਰਨ (ਗੁਰਮਤਿ ਤੋਂ ਉਪਜੇ ਹੁਕਮ ਦੇ ਗਿਆਨ ਨੂੰ ਚੇਤੇ ਰੱਖਣ ਨਾਲ) ਕਾਲ ਦੀ ਫਾਸੀ ਤੋਂ ਮੁਕਤੀ ਹੋ ਗਈ। ਜਿਵੇਂ ਆਖਿਆ “ਦੇਖੌ ਭਾਈ ਗੵਾਨ ਕੀ ਆਈ ਆਂਧੀ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥”
  • “ਦਾਸੁ ਕਮੀਰੁ ਚੜਿੑਓ ਗੜੑ ਊਪਰਿ ਰਾਜੁ ਲੀਓ ਅਬਿਨਾਸੀ” – ਦਾਸ ਕਬੀਰ ਹੁਣ ਗੜੑ ਨੂੰ ਜਿਤ ਕੇ (ਸੁਖਸਾਗਰ ਤੇ) ਰਾਜਿ ਲਇਆ ਹੈ। ਦੁਨਿਆਵੀ ਰਾਜ ਦਾ ਨਾਸ ਹੋ ਸਕਦਾ ਪਰ ਮੁਕਤ ਅਵਸਥਾ ਵਿੱਚ ਇਲਾਹੀ ਸੁਖਸਾਗਰ ਦੇ ਰਾਜ ਦਾ ਨਹੀਂ। “ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥” ਦੁਨਿਆਵੀ ਰਾਜ ਰੇਤੇ ਦੇ ਢੇਰ ਵਾਂਗ ਹੁੰਦਾ। ਖਾਲਸਾ ਅਬਿਨਾਸੀ ਰਾਜ ਲੈਂਦਾ। “ਕਿਆ ਮਾਗਉ ਕਿਛੁ ਥਿਰੁ ਨ ਰਹਾਈ॥ ਦੇਖਤ ਨੈਨ ਚਲਿਓ ਜਗੁ ਜਾਈ॥੧॥”

“ਰਾਜੁ ਹਮਾਰਾ ਸਦ ਹੀ ਨਿਹਚਲੁ॥”
ਕਿਹੜਾ ਰਾਜ ਹੈ ਸਾਡਾ ਜੋ ਨਿਹਚਲ ਹੈ। ਜੋ ਅਬਿਨਾਸੀ ਹੈ। ਇਹ ਉਹੀ ਰਾਜ ਹੈ ਜੋ
“ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥”

ਤਪੋ ਰਾਜ ਰਾਜੋ ਨਰਕ…

ਨਾਨਕ ਪਾਤਸਾਹ ਨੇ ਸਚੁ ਦਾ ਅਬਿਨਾਸੀ ਰਾਜ ਚਲਾਇਆ। ਗੁਰਮਤਿ ਦੁਨਿਆਵੀ ਰਾਜ ਨੂੰ ਰੇਤੇ ਦੀ ਕੰਧ ਸਮਝਦੀ।
“ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ॥ ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ॥੧॥”

ਖਾਲਸਾ ਤਾਂ ਕਦੇ ਦੁਨਿਆਵੀ ਰਾਜ ਮੰਗਦਾ ਨਹੀਂ ਨਾ ਹੀ ਮੁਕਤੀ ਹੀ ਮੰਗਦਾ। ਖਾਲਸੇ ਨੂੰ ਤਾਂ ਕੇਵਲ ਹੁਕਮ ਵਿੱਚ ਚੱਲਣ ਦੀ ਆਸ ਹੁੰਦੀ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ॥੧॥”

ਜਿਹੜੇ ਦੁਨਿਆਵੀ ਰਾਜ ਮੰਗਦੇ ਨੇ ਖਾਲਸੇ ਦਾ ਨਾਮ ਲਾ ਕੇ ਉਹਨਾਂ ਨੂੰ ਪਤਾ ਕੇ ਖਾਲਸੇ ਦੀ ਪਰਿਭਾਸ਼ਾ ਕੀ ਦੱਸੀ ਹੈ ਤੇ ਸੱਚ ਦਾ ਨਿਹਚਲ ਰਾਜ ਤਾਂ ਪਹਿਲਾਂ ਹੀ ਹੈ ਤੇ ਕਿਤੇ ਨਹੀਂ ਜਾਣਾ।

ਛਤ੍ਰੀ ਕੌਣ?
“ਛਤ੍ਰੀ ਕੋ ਪੂਤ ਹੋ ਬਾਮ੍ਹਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ॥”
“ਛਛਾ ਇਹੈ ਛਤ੍ਰਪਤਿ ਪਾਸਾ॥ ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ॥”
ਛਤ੍ਰੀ ਉਹ ਹੈ ਜੋ ਸਚ ਦੀ ਲੜਾਈ ਲੜਦਾ ਹੈ ਤੇ ਸਚ ਦਾ ਝੰਡਾ ਬਰਦਾਰ ਹੈ। ਜੋ ਅਬਿਨਾਸੀ ਰਾਜ (ਛਤ੍ਰਪਤਿ ਪਾਸਾ) ਵੱਲ ਜਾਵੇ। ਕਾਲ ਪੁਰਖ ਕੀ ਫੋਜ਼ ਸਭ ਛਤ੍ਰੀ ਨੇ, ਜੋ ਫੋਜ਼ ਵਿੱਚ ਹੋਵੇ ਉਹ ਛਤ੍ਰੀ ਹੈ।

ਅਬਿਨਾਸੀ ਰਾਜ

ਕੋਊ ਹਰਿ ਸਮਾਨਿ ਨਹੀ ਰਾਜਾ॥
ਹਰਿ ਜਨ ਪ੍ਰਭੁ ਰਲਿ ਏਕੋ ਹੋਏ ਹਰਿ ਜਨ ਪ੍ਰਭੁ ਏਕ ਸਮਾਨਿ ਜੀਉ॥
ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ॥

ਸੰਸਾਰੀ ਝੂਠੇ ਰਾਜੇ
ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥੧॥ ਰਹਾਉ॥
ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ॥
ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ॥
ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ॥
ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪॥੨੪॥

ਜਿਹੜੇ ਜਮੀਨ ਦੇ ਟੋਟਿਆਂ ਤੇ ਰਾਜ ਮੰਗਦੇ ਨੇ ਮੰਗੀ ਜਾਣ। ਖਾਲਸੇ ਦਾ ਰਾਜ ਪੂਰੀ ਸ੍ਰਿਸਟੀ ਤੇ ਹੈ ਤੇ ਰਹੇਗਾ।

ਸਾਹਿਬਜ਼ਾਦਿਆਂ ਨੂੰ ਸੁੱਚਾ ਨੰਦ ਕਹਿੰਦਾ ਥੋਨੂੰ ਪੰਜਾਬ ਦਾ ਰਾਜ ਭਾਗ ਦੇ ਦਿਆ ਗੇ ਅੱਗੋਂ ਬਾਬਾ ਫਤਹਿ ਸਿੰਘ ਜੀ ਨੇ ਜੋ ਜਵਾਬ ਦਿੱਤਾ ਉਹ ਗੁਰਮਤਿ ਦੇ ਆਧਾਰ ਤੇ ਸੀ। ਬਾਬਾ ਫਤਹਿ ਸਿੰਘ ਜੀ ਬ੍ਰਹਮਗਿਆਨੀ ਸਨ ਤੇ ਉਹਨਾਂ ਨੂੰ ਪਤਾ ਸੀ ਕੇ ਗੁਰਮਤਿ ਆਖਦੀ

ਰਾਜ ਨਾ ਚਾਹੂੰ ਮੁਕਤਿ ਨ ਚਾਹਊ ਮਨ ਪ੍ਰੀਤ ਚਰਨ ਕਮਲਾਰੇ॥

ਰਾਜੇ ਸੀਹ ਮੁਕਦਮ ਕੁਤੇ॥

ਚਉਧਰੀ ਰਾਜੇ ਨਹੀ ਕਿਸੇ ਮੁਕਾਮੁ॥

ਰਾਜੁ ਰੂਪੁ ਝੂਠਾ ਦਿਨ ਚਾਰਿ ॥

ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥

ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥੧॥ ਰਹਾਉ ॥

ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ॥

ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ॥

ਰਾਜੁ ਮਾਲੁ ਝੂਠੀ ਸਭ ਮਾਇਆ॥

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥

ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥

ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ॥

ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥

ਮਨੁੱਖ ਭੁੱਲ ਜਾਂਦਾ ਕੇ “ਨਾਂਗੇ ਆਵਨੁ ਨਾਂਗੇ ਜਾਨਾ॥ ਕੋਇ ਨ ਰਹਿਹੈ ਰਾਜਾ ਰਾਨਾ॥੧॥” ਅਤੇ “ਸਭੁ ਕੋ ਵਣਜੁ ਕਰੇ ਵਾਪਾਰਾ॥ ਵਿਣੁ ਨਾਵੈ ਸਭੁ ਤੋਟਾ ਸੰਸਾਰਾ॥ ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ॥੧੧॥ ਜਿਸ ਨੋ ਨਾਮੁ ਦੇਇ ਸੋ ਪਾਏ॥ ਗੁਰ ਕੈ ਸਬਦਿ ਹਰਿ ਮੰਨਿ ਵਸਾਏ॥ ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ॥੧੨॥

ਸਵਾਲਃ ਪਰ ਪੰਜਾਬ ਵਿੱਚ ਸਿੱਖਾਂ ਨਾਲ ਮਾੜਾ ਹੋਇਆ, ਉਸ ਬਾਰੇ ਕੀ ਕਰੀਏ?

ਇਸਤੋਂ ਮੁਨਕਰ ਨਹੀਂ ਹੋ ਸਕਦੇ ਕੇ ਪੰਜਾਬ ਵਿੱਚ ਸਿੱਖਾਂ ਤੇ ਦਸ਼ੱਦਤ ਹੋਈ। ਹਜਾਰਾਂ ਨੌਜਵਾਨ ਮਾਰੇ ਗਏ ਨੇ। ਸਮੇ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ। ਕਦੇ ਝੂਠੇ ਮੁਕਾਬਲੇ ਕਦੇ ਚਿੱਟੇ ਦਾ ਵਾਪਾਰ। ਅਸੀਂ ਕੇਵਲ ਆਪਣੇ ਬਾਰੇ ਹੀ ਕਿਉਂ ਸੋਚਦੇ ਹਾਂ। ਸਮੇ ਦੀਆਂ ਸਰਕਾਰਾਂ ਹੱਥੋਂ ਹੋਰ ਕਿਸੇ ਕੌਮ ਦੀ ਨਸਲਕੁਸ਼ੀ ਨਹੀਂ ਹੋਈ? ਹਜਾਰਾਂ ਸਾਲਾਂ ਤੋਂ ਜਾਤ ਪਾਤ ਦੇ ਨਾਮ ਤੇ, ਅਮੀਰ ਗਰੀਬ ਦੇ ਨਾਮ ਤੇ ਅਤੇ ਕਈ ਹੋਰ ਵਜਹ ਨਾਲ ਲੋਕਾਂ ਨੂੰ ਦਬਾਇਆ ਗਿਆ ਹੈ। ਪਰ ਇਸਦਾ ਇਹ ਮਤਲਬ ਨਹੀਂ ਕੇ ਅਸੀਂ ਮੰਗ ਕੇ ਰਾਜ ਕੇਵਲ ਆਪਣੇ ਲਈ ਲਈਏ। ਕਈ ਮਸਲੇ ਸਿਖਾਂ ਦੇ ਸਿੱਖਾਂ ਦੀ ਆਪਣੀ ਦੇਨ ਹੈ। ਕਿਉਂ ਅੱਜ ਇਸਾਈ ਧਰਮ ਦਾ ਪ੍ਰਚਾਰ ਵੱਧ ਗਿਆ ਪੰਜਾਬ ਵਿੱਚ? ਅੱਜ ਹਰ ਪਿੰਡ ਵਿੱਚ ਕਈ ਕਈ ਗੁਰੂ ਘਰ ਹਨ, ਕਿਆ ਇਸਦਾ ਕਾਰਣ ਸਮੇ ਦੀਆਂ ਸਰਕਾਰਾਂ ਹਨ? ਅੱਜ ਵੀ ਜਾਤ ਪਾਤ ਦੇ ਭੇਦਭਾਵ, ਧਿੜਾ ਬੰਦੀ ਹੈ, ਵੱਖ ਵੱਖ ਜੱਥੇ ਬਣੇ ਹੋਏ ਹਨ ਸਿੱਖਾਂ ਵਿੱਚ ਕਿਆ ਇਸਦਾ ਕਾਰਣ ਸਰਕਾਰਾਂ ਹਨ? ਅਨੇਕਾ ਡੇਰੇ ਹਨ ਤੇ ਲੋਗ ਡੇਰਿਆਂ ਤੇ ਜਾ ਰਹੇ ਹਨ ਕਿਆ ਇਸਦਾ ਕਾਰਣ ਸਹੀ ਪ੍ਰਚਾਰ ਨਾ ਹੋਣਾ ਨਹੀਂ ਹੈ? ਬਾਟੇ ਵੱਖਰੇ, ਮਰਿਆਦਾਵਾਂ ਵੱਖਰੀਆਂ ਸਰਕਾਰਾਂ ਨੇ ਕੀਤੀਆਂ? ਭਾਈ ਬਾਣੀ ਦਾ ਫੁਰਮਾਨ ਹੈ “ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ॥੬॥” ਅਸੀਂ ਕਦੇ ਆਪਣੇ ਗਿਰੇਬਾਨ ਵਿੱਚ ਮੂਹ ਪਾ ਕੇ ਵੇਖਿਆ ਅਸੀਂ ਕੀ ਕਰਦੇ? ਅਸੀਂ ਭੁੱਲ ਗਏ “ਹਮ ਪਤਿਸ਼ਾਹੀ ਸਤਿਗੁਰ ਦਈ ਹੰਨੇ ਹੰਨੈ ਲਾਇ॥ ਜਹਿੰ ਜਹਿੰ ਬਹੈਂ ਜਮੀਨ ਮਲ, ਤਹਿਂ ਤਹਿ ਤਖਤ ਬਨਾਇ’॥੩੯॥”

ਜਦੋਂ ਤੱਕ ਪੂਰਾ ਸਮਰਪਣ ਗੁਰੂ ਨੂੰ ਨਹੀਂ ਹੈ, ਜਦੋਂ ਅਸੀਂ ਗੁਰਮਤਿ ਤੇ ਖੜ ਗਏ, ਗੁਰਮਤਿ ਦੀ ਸੋਝੀ ਲੈ, ਗਿਆਨ ਲੈ ਕੇ ਸਹੀ ਪ੍ਰਚਾਰ ਕੀਤਾ ਤਾਂ ਸੱਚ ਦਾ ਰਾਜ ਪੂਰੀ ਸ੍ਰਿਸਟੀ ਤੇ ਕਾਇਮ ਹੋਣਾ। ਨਹੀੰ ਤਾਂ ਰਾਜ ਲੈ ਵੀ ਲਵਾਂਗੇ ਸੋਟੀਆਂ ਕਿਰਪਾਨਾਂ ਇੱਕ ਦੂਨੇ ਤੇ ਹੀ ਚੱਲਣੀਆਂ। ਇੱਕ ਝੰਡੇ ਥੱਲੇ ਨਿਜੀ ਮਸਲੇ ਜਾਤ ਪਾਤ ਖਤਮ ਕਰਕੇ, ਊਚ ਨੀਚ ਦਾ ਭੇਦਭਾਵ ਖਤਮ ਕਰਕੇ ਹੀ ਅਬਿਨਾਸੀ ਰਾਜ ਦੁਨਿਆਵੀ ਅਤੇ ਇਲਾਹੀ ਕਾਇਮ ਹੋਣਾ। ਪ੍ਰਚਾਰ ਠੀਕ ਕਰੋ ਰਾਜ, ਰਾਜੇ (ਅਕਾਲ) ਨੇ ਆਪ ਥਾਪ ਦੇਣਾ।

Resize text