Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਬਾਣੀ ਵਾਲਾ ਜੋਗ

ਲੋਕਾਂ ਨੂੰ ਅਕਸਰ ਲੱਗਦਾ ਹੈ ਕਿ ਅੱਖਾਂ ਬੰਦ ਕਰਕੇ ਬੈਠ ਜਾਣਾ, ਸਾਹ ਰੋਕਣਾ, ਇਕਾਂਤ ਗੁਫਾ ਜਾਂ ਭੋਰੇ ਵਿੱਚ ਚਲੇ ਜਾਣਾ, ਪਰਬਤ ਤੇ ਚੜ੍ਹ ਕੇ ਸਮਾਧੀ ਲਾਉਣਾ, ਇੱਕ ਪੈਰ ਤੇ ਖੜੇ ਹੋਣਾ ਜੋਗ ਹੈ। ਕਿਸੇ ਨੂੰ ਲੱਗਦਾ ਹੈ ਕਿ ਦੇਹਿਕ ਕ੍ਰਿਆਵਾਂ ਜਾਂ ਬਾਹਰੀ ਤਪੱਸਿਆ ਰਾਹੀਂ ਜੋਗੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਸਰੀਰਕ ਜੋਗ ਨਾਲ ਸ੍ਰਿਸਟੀ ਦਾ ਮਾਲਿਕ ਖੁਸ਼ ਹੋ ਜਾਂਦਾ ਹੈ। ਪਰ ਜਦੋਂ ਬਾਣੀ ਨੂੰ ਪੜ੍ਹ ਕੇ ਅਤੇ ਵਿਚਾਰ ਕੇ ਸਮਝਿਆ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਗੁਰਮਤਿ ਵਿੱਚ ਜੋਗ ਦਾ ਅਰਥ ਬਾਹਰੀ ਕਰਮਕਾਂਡ ਨਹੀਂ, ਸਗੋਂ ਜੀਵ ਦਾ ਪਰਮੇਸਰ ਦੇ ਹੁਕਮ ਨਾਲ ਜੁੜ ਜਾਣਾ, ਗਿਆਨ ਤੋਂ ਨਾਮ ( ਸੋਝੀ ) ਪ੍ਰਾਪਤ ਕਰ ਲੈਣੀ ਅਤੇ ਚਿੱਤ ਦਾ ਪ੍ਰਭੂ ਨਾਲ ਏਕਾ ਹੋ ਜਾਣਾ ਹੈ। ਅਸਲ ਜੋਗ ਉਹ ਅਵਸਥਾ ਹੈ ਜਿੱਥੇ ਮਨੁੱਖ ਆਪਣੇ ਅੰਦਰਲੇ ਭਟਕਾਵੇ ਤੋਂ ਨਿਕਲ ਕੇ ਸੱਚ ਨਾਲ ਜੁੜ ਜਾਂਦਾ ਹੈ। ਅੱਖਾਂ ਮੀਟ ਕੇ ਬੈਠ ਜਾਣ ਨੂੰ ਗੁਰਮਤਿ ਨੇ ਜੋਗ ਨਹੀਂ ਮੰਨਿਆ – “ਕਲ ਮਹਿ ਰਾਮ ਨਾਮੁ ਸਾਰੁ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥”, “ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ‘ਪਾਵੈ ਦਰਗਹ ਮਾਨੁ॥ ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ॥੩॥”, “ਅਖੀ ਮੀਟਿ ਚਲਿਆ ਅੰਧਿਆਰਾ ਘਰ ਦਰੁ ਦਿਸੈ ਨ ਭਾਈ॥ ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ॥”। ਬਾਣੀ ਦੇ ਅਨੁਸਾਰ ਅੱਖਾਂ ਬੰਦ ਕਰਨ ਨਾਲ ਨਾ ਘਰੁ (ਘਟ ਅੰਦਰਲੀ ਜੋਤ ਦਾ ਨਿਵਾਸ) ਦਿਸਦਾ ਹੈ ਅਤੇ ਨਾ ਹੀ ਦਰ (ਜੋਤਾਂ ਦਾ ਏਕਾ)। ਇਸੇ ਕਰਕੇ ਦਸਮ ਪਾਤਿਸ਼ਾਹ ਵੀ ਆਖਦੇ ਹਨ, “ਨ ਨੈਨੰ ਮਿਚਾਊਂ॥ ਨ ਡਿੰਭੰ ਦਿਖਾਊਂ॥ ਨ ਕੁਕਰਮੰ ਕਮਾਊਂ॥ ਨ ਭੇਖੀ ਕਹਾਊਂ॥”।

ਅਸਲ ਜੋਗ ਮਨ ਦੇ ਵਿਕਾਰਾਂ, ਹਉਮੈ, ਮੋਹ, ਭਰਮ ਅਤੇ ਭੈ ਰੂਪੀ ਭਾਰ ਤੋਂ ਮੁਕਤ ਹੋਣ ਦਾ ਨਾਮ ਹੈ। ਜੀਵ ਆਪਣੇ ਸਿਰ ਉੱਤੇ “ਆਲ ਜਾਲ ਮਾਇਆ ਜੰਜਾਲ॥ ਹਉਮੈ ਮੋਹ ਭਰਮ ਭੈ ਭਾਰ॥ ਦੂਖ ਸੂਖ ਮਾਨ ਅਪਮਾਨ॥” ਦੀ ਪੰਡ ਚੁੱਕੀ ਫਿਰਦਾ ਹੈ। ਜਦੋਂ ਤੱਕ ਗੁਰਬਾਣੀ ਦੇ ਗਿਆਨ ਤੋਂ ਪ੍ਰਾਪਤ ਹੋਈ ਸੋਝੀ ਰਾਹੀਂ ਇਹ ਭਾਰ ਨਹੀਂ ਉਤਰਦੇ, ਤਦੋਂ ਤੱਕ ਜੋਗ ਦੀ ਸੱਚੀ ਅਵਸਥਾ ਪ੍ਰਾਪਤ ਨਹੀਂ ਹੁੰਦੀ। ਕੇਵਲ ਅੱਖਾਂ ਬੰਦ ਕਰਕੇ ਕੁਝ ਸਮੇਂ ਲਈ ਸੰਸਾਰ ਤੋਂ ਧਿਆਨ ਹਟਾ ਲੈਣਾ ਜੋਗ ਨਹੀਂ, ਕਿਉਂਕਿ ਮਨ ਦੇ ਫੁਰਨੇ ਅਤੇ ਅੰਦਰਲੀ ਚੰਚਲਤਾ ਫਿਰ ਵੀ ਜਾਰੀ ਰਹਿੰਦੀ ਹੈ। ਗੁਰਮਤਿ ਵਾਲਾ ਜੋਗ ਮਨ ਦੀ ਉਸ ਸਥਿਰਤਾ ਅਤੇ ਜਾਗਰੂਕਤਾ ਦਾ ਨਾਮ ਹੈ ਜਿੱਥੇ ਮਨੁੱਖ ਅੱਖਾਂ ਖੋਲ੍ਹ ਕੇ ਵੀ ਪ੍ਰਭੂ ਦੀ ਹਜ਼ੂਰੀ ਵਿੱਚ ਜੀਉਂਦਾ ਹੈ ਅਤੇ ਮਨ ਸਹਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਇਹ ਜੋਗ ਕਿਸੇ ਦੇਹਿਕ ਅਭਿਆਸ ਨਾਲ ਨਹੀਂ, ਸਗੋਂ ਸ਼ਬਦ ਅਤੇ ਨਾਮ ਨਾਲ ਜੁੜਨ ਦੁਆਰਾ ਪ੍ਰਾਪਤ ਹੁੰਦਾ ਹੈ। ਇਸੇ ਲਈ ਗੁਰਬਾਣੀ ਉਪਦੇਸ਼ ਕਰਦੀ ਹੈ: “ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ॥ ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ॥ ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ॥”। ਇਸ ਤਰ੍ਹਾਂ ਗੁਰਮਤਿ ਅਨੁਸਾਰ ਜੋਗ ਕੋਈ ਬਾਹਰੀ ਵੇਸ, ਤਪ ਜਾਂ ਅੱਖਾਂ ਮੀਟਣ ਦੀ ਕ੍ਰਿਆ ਨਹੀਂ, ਬਲਕਿ ਨਾਮ ਦੀ ਸੋਝੀ ਰਾਹੀਂ ਪਰਮੇਸਰ ਨਾਲ ਹੋਏ ਜੀਵੰਤ ਜੁੜਾਅ ਦਾ ਨਾਮ ਹੈ।

“ਜੋਗ” ਸ਼ਬਦ ਦਾ ਮੂਲ ਸੰਸਕ੍ਰਿਤ ਦੇ “ਯੋਗ” (योग) ਤੋਂ ਆਇਆ ਹੈ, ਜੋ ਅੱਗੇ ਸੰਸਕ੍ਰਿਤ ਧਾਤੂ “ਯੁਜ” (युज्) ਤੋਂ ਬਣਿਆ ਹੈ। “ਯੁਜ” ਦਾ ਸ਼ਾਬਦਿਕ ਅਰਥ ਹੈ ਜੋੜਨਾ, ਮਿਲਾਉਣਾ ਜਾਂ ਸੰਬੰਧ ਬਣਾਉਣਾ। ਪੰਜਾਬੀ ਬੋਲੀ ਦੇ ਪ੍ਰਭਾਵ ਕਾਰਨ ਕਈ ਥਾਵਾਂ ਤੇ “ਯੋਗ” ਦਾ ਰੂਪ “ਜੋਗ” ਬਣ ਗਿਆ। ਇਸ ਲਈ “ਜੋਗ” ਦਾ ਅਸਲ ਜਾਂ literal ਅਰਥ “ਜੁੜਾਅ”, “ਮੇਲ”, ਜਾਂ “ਏਕਾ” ਹੈ। ਏਕਾ ਸਮਝਣ ਲਈ ਵੇਖੋ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ”। ਆਧਿਆਤਮਿਕ ਸੰਦਰਭ ਵਿੱਚ ਇਹ ਸ਼ਬਦ ਮਨੁੱਖ ਦੀ ਆਤਮਾ ਦਾ ਪਰਮਾਤਮਾ ਨਾਲ ਜੁੜਨਾ ਦਰਸਾਉਂਦਾ ਹੈ। ਗੁਰਬਾਣੀ ਅਤੇ ਪੰਜਾਬੀ ਸਾਹਿਤ ਵਿੱਚ “ਜੋਗ” ਦਾ ਅਰਥ ਸਿਰਫ਼ ਯੋਗ ਅਭਿਆਸ ਨਹੀਂ, ਸਗੋਂ ਪ੍ਰਭੂ ਨਾਲ ਅੰਦਰੂਨੀ ਲਿਵ, ਇਕਾਗਰਤਾ ਅਤੇ ਆਤਮਕ ਮਿਲਾਪ ਵੀ ਹੈ। ਇਸ ਤੋਂ ਇਲਾਵਾ ਪੰਜਾਬੀ ਵਿੱਚ “ਜੋਗ” ਦਾ ਅਰਥ ਲਾਇਕ, ਮੁਨਾਸਿਬ ਜਾਂ ਯੋਗ੍ਯ ਵੀ ਹੁੰਦਾ ਹੈ, ਜਿਵੇਂ “ਇਹ ਕੰਮ ਕਰਨ ਜੋਗ ਹੈ” ਅਰਥਾਤ ਇਹ ਕੰਮ ਕਰਨ ਦੇ ਯੋਗ ਜਾਂ ਉਚਿਤ ਹੈ।

ਗੁਰਬਾਣੀ ਦੀਆ ਕਈ ਪੰਕਤੀਆਂ ਨੂੰ ਵੇਖ ਕੇ ਇਹ ਮਹਿਸੂਸ ਹੋ ਸਕਦਾ ਹੈ ਕੇ ਗੁਰਮਤਿ ਜੋਗ ਮਤਿ ਨਾਲ ਸਹਿਮਤੀ ਕਰ ਰਹੀ ਹੈ। ਕਿਉਂਕੇ ਸਾਡੀ ਵਿਚਾਰਨ ਦੀ ਬਿਰਤੀ ਨਹੀਂ ਰਹੀ ਅਤੇ ਸਮਾਜਿਕ ਆਮ ਵਰਤੋ ਦੇ ਸ਼ਬਦਾਂ ਤੇ ਮਾਨਤਾਵਾਂ ਕਾਰਣ ਸਾਡੀ ਬੁੱਧੀ ਵਿੱਚ ਵਿਚਾਰਾਂ ਦੀ ਖਿਚੜੀ ਬਣੀ ਹੋਈ ਹੈ, ਇਸ ਲਈ ਭੁਲੇਖੇ ਹੋਣ ਦੀ ਗੁੰਜਾਇਸ਼ ਹੈ। ਜਦੋਂ ਗੁਰਬਾਣੀ ਦੀ ਵਿਚਾਰ ਕਰੀਏ ਤਾਂ ਪਤਾ ਲਗਦਾ ਹੈ ਕੇ ਜੋਗ ਦੀ ਗੁਰਮਤਿ ਪਰਿਭਾਸ਼ਾ ਵੱਖਰੀ ਹੈ।ਆਓ ਵਿਚਾਰ ਕਰੀਏ। ਗੁਰਬਾਣੀ ਦਾ ਫੁਰਮਾਨ ਹੈ।

ਸਚੁ ਸੰਤਤਿ ਕਹੁ ਨਾਨਕ ਜੋਗੁ॥ – ਨਿਰੰਤਰ ਸੱਚ ਤੇ ਟਿਕੇ ਰਹਿਆ ਵੀ ਗੁਰਮਤਿ ਵਾਲਾ ਜੋਗ ਹੈ। ਅੱਖਾ ਬੰਦ ਕਰਕੇ ਬਹਿਣਾ ਗੁਰਮਤਿ ਜੋਗ ਨਹੀਂ ਮੰਨਦੀ।

– ਇੱਥੇ ਜੋਗ ਦਾ ਭਾਵ ਦੇਹਿਕ ਕਸਰਤ ਜਾਂ ਤਿਆਗੀ ਭੇਖ ਨਹੀਂ, ਸਗੋਂ ਸਚੁ ਵਿਚ ਸੰਤਤਿ, ਅਰਥਾਤ ਨਿਰੰਤਰ ਟਿਕਾਉ ਹੈ। ਸੰਤਤਿ ਦਾ ਮੂਲ ਸੰਸਕ੍ਰਿਤ ਸੰਤਤਿ ਤੋਂ ਹੈ, ਭਾਵ ਲਗਾਤਾਰਤਾ। ਗੁਰਮਤਿ ਅਨੁਸਾਰ ਜਿਹੜੀ ਬੁੱਧੀ ਸੱਚ, ਹੁਕਮ ਅਤੇ ਗੁਣਾਂ ਦੀ ਸੋਝੀ ਵਿਚ ਟਿਕਦੀ ਹੈ, ਉਹੀ ਅਸਲ ਜੋਗ ਹੈ।

ਕਵਨ ਰੂਪੁ ਤੇਰਾ ਆਰਾਧਉ॥ ਕਵਨ ਜੋਗ ਕਾਇਆ ਲੇ ਸਾਧਉ॥੧॥ ਕਵਨ ਗੁਨੁ ਜੋ ਤੁਝੁ ਲੈ ਗਾਵਉ॥ ਕਵਨ ਬੋਲ ਪਾਰਬ੍ਰਹਮ ਰੀਝਾਵਉ॥੧॥ ਰਹਾਉ॥ ਕਵਨ ਸੁ ਪੂਜਾ ਤੇਰੀ ਕਰਉ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ॥੨॥ ਕਵਨ ਤਪੁ ਜਿਤੁ ਤਪੀਆ ਹੋਇ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ॥੩॥ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ॥੪॥ ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ॥ ਜਿਸ ਕੀ ਮਾਨਿ ਲੇਇ ਸੁਖਦਾਤਾ॥

– ਇਸ ਸ਼ਬਦ ਵਿਚ ਸਾਰੇ ਪ੍ਰਸ਼ਨਾਂ ਦਾ ਨਿਚੋੜ ਅੰਤ ਵਿਚ ਆਪ ਹੀ ਦਿੱਤਾ ਹੈ ਕਿ ਗੁਣ ਪੂਜਾ, ਗਿਆਨ ਅਤੇ ਧਿਆਨ ਹੀ ਸੱਚੀ ਆਰਾਧਨਾ ਹਨ। ਆਰਾਧਉ ਦਾ ਭਾਵ ਬਾਹਰਲੀ ਰਸਮ ਨਹੀਂ, ਸਗੋਂ ਚੇਤੇ ਰੱਖ ਕੇ ਗੁਣ ਧਾਰਣ ਕਰਨਾ ਹੈ। ਹਉਮੈ ਮਲੁ ਖੋਇ ਦਾ ਅਰਥ ਹੈ ਅਗਿਆਨਤਾ, ਅਹੰਕਾਰ ਅਤੇ ਵਿਕਾਰਾਂ ਦੀ ਮੈਲ ਨੂੰ ਨਾਮ(ਸੋਝੀ) ਨਾਲ ਧੋਣਾ। ਭਵਜਲ ਇੱਥੇ ਸੰਸਾਰੀ ਭਟਕਣਾ ਅਤੇ ਮਨ ਦੇ ਵਿਕਾਰਾਂ ਦਾ ਸਮੁੰਦਰ ਹੈ, ਜਿਸ ਤੋਂ ਪਾਰ ਗੁਣਾਂ ਦੀ ਮਤਿ ਨਾਲ ਹੀ ਹੋਇਆ ਜਾਂਦਾ ਹੈ।

ਜਪ – ਜਪ ਤੋਂ ਭਾਵ ਹੁੰਦਾ ਸਮਝਣਾ, ਗਿਆਨ ਲੈਣਾ, ਪਹਿਚਾਨ ਕਰਨਾ। ਜਪ ਤੋਂ ਭਾਵ ਕੇਵਲ ਕਿਸੇ ਸ਼ਬਦ ਦੀ ਦੁਹਰਾਈ ਨਹੀਂ, ਸਗੋਂ ਪਹਿਚਾਣ ਕਰਨਾ, ਜਾਣਨਾ, ਖੋਜਣਾ ਅਤੇ ਸਮਝਣਾ ਹੈ। ਗੁਰਬਾਣੀ ਜਿਹੜੇ ਗੁਣ ਅਤੇ ਅਵਗੁਣ ਸਮਝਾਉਂਦੀ ਹੈ, ਉਹਨਾਂ ਦੀ ਸਹੀ ਪਛਾਣ ਕਰਨੀ ਹੀ ਜਪ ਹੈ। ਇਹ ਸਮਝਣਾ ਕਿ ਕੀ ਠੀਕ ਹੈ ਅਤੇ ਕੀ ਗਲਤ, ਕੀ ਮਨੁੱਖ ਨੂੰ ਉੱਚਾ ਚੁੱਕਦਾ ਹੈ ਅਤੇ ਕੀ ਉਸ ਨੂੰ ਨੀਵਾਂ ਲੈ ਜਾਂਦਾ ਹੈ, ਇਹੀ ਜਪ ਦਾ ਅਸਲ ਭਾਵ ਹੈ। ਦੂਜੇ ਸ਼ਬਦਾਂ ਵਿੱਚ, ਗੁਣਾ ਅਤੇ ਅਵਗੁਣਾ ਦੀ ਸੂਝ-ਬੂਝ ਪ੍ਰਾਪਤ ਕਰਨਾ ਹੀ ਜਪ ਹੈ।

ਸਿਮਰਨ – ਸਿਮਰਨ ਦਾ ਭਾਵ ਹੈ ਚੇਤੇ ਕਰਨਾ ਜਾਂ ਯਾਦ ਰੱਖਣਾ। ਜਦੋਂ ਮਨ ਵਿੱਚ ਕੋਈ ਗਲਤ ਭਾਵ ਉੱਠਦਾ ਹੈ, ਵਿਕਾਰ ਹਾਵੀ ਹੋਣ ਲੱਗਦੇ ਹਨ ਜਾਂ ਮਨ ਸਹੀ ਰਸਤੇ ਤੋਂ ਭਟਕਣ ਲੱਗਦਾ ਹੈ, ਤਾਂ ਗੁਰਬਾਣੀ ਤੋਂ ਪ੍ਰਾਪਤ ਗੁਣਾਂ ਅਤੇ ਸੱਚੀ ਸਿੱਖਿਆ ਨੂੰ ਯਾਦ ਕਰ ਲੈਣਾ ਸਿਮਰਨ ਹੈ। ਇਹ ਆਪਣੇ ਆਪ ਨੂੰ ਮੁੜ ਯਾਦ ਕਰਵਾਉਣ ਦੀ ਪ੍ਰਕਿਰਿਆ ਹੈ ਕਿ ਸਹੀ ਕੀ ਹੈ ਅਤੇ ਗਲਤ ਕੀ ਹੈ। ਅਰਥਾਤ, ਜਿਸ ਸੱਚ ਨੂੰ ਜਪ ਰਾਹੀਂ ਸਮਝਿਆ ਸੀ, ਉਸ ਨੂੰ ਸਮੇਂ-ਸਮੇਂ ਤੇ ਚੇਤੇ ਰੱਖਣਾ ਹੀ ਸਿਮਰਨ ਹੈ।

ਧਿਆਉਣਾ – ਧਿਆਨ ਇਸ ਤੋਂ ਅਗਲੀ ਅਵਸਥਾ ਹੈ। ਧਿਆਨ ਤੋਂ ਭਾਵ ਹੈ ਹਰ ਵੇਲੇ ਸੁਚੇਤ ਰਹਿਣਾ ਅਤੇ ਗੁਣਾਂ ਨੂੰ ਜੀਵਨ ਦੇ ਕੇਂਦਰ ਵਿੱਚ ਰੱਖਣਾ। ਇਹ ਸਿਰਫ਼ ਕਦੇ-ਕਦੇ ਯਾਦ ਕਰਨ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਹਰ ਸੋਚ, ਬੋਲ ਅਤੇ ਕਰਮ ਵਿੱਚ ਇਹ ਜਾਗਰੂਕਤਾ ਬਣੀ ਰਹਿੰਦੀ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ। ਮਨੁੱਖ ਹਰ ਕੰਮ ਕਰਦੇ ਸਮੇਂ ਗੁਣਾਂ ਨੂੰ ਮੁਹਰੇ ਜਾ ਪ੍ਰਧਾਨ ਰੱਖਦਾ ਹੈ ਅਤੇ ਉਹਨਾਂ ਦੇ ਅਨੁਸਾਰ ਜੀਉਣ ਦਾ ਯਤਨ ਕਰਦਾ ਹੈ। ਇਸ ਤਰ੍ਹਾਂ ਗੁਣ ਚੇਤਨਾ ਦਾ ਸਥਾਈ ਹਿੱਸਾ ਬਣਨ ਲੱਗਦੇ ਹਨ।

ਅਰਾਧਣਾ – ਉਹ ਅਵਸਥਾ ਹੈ ਜਿੱਥੇ ਗੁਣ ਸਿਰਫ਼ ਸਮਝੇ ਜਾਂ ਯਾਦ ਹੀ ਨਹੀਂ ਰਹਿੰਦੇ, ਸਗੋਂ ਮਨੁੱਖ ਦੇ ਕਿਰਦਾਰ ਦਾ ਅਟੁੱਟ ਹਿੱਸਾ ਬਣ ਜਾਂਦੇ ਹਨ। ਹੁਣ ਅਵਗੁਣ ਪੂਰੀ ਤਰ੍ਹਾਂ ਕਾਬੂ ਵਿੱਚ ਆ ਜਾਂਦੇ ਹਨ ਅਤੇ ਜੀਵ ਗੁਣਾਂ ਦੇ ਚਾਨਣ ਵਿੱਚ ਸਦਾ ਜਾਗਦਾ ਰਹਿੰਦਾ ਹੈ। ਸੁੱਤੇ ਜਾਂ ਜਾਗਦੇ, ਹਰ ਵੇਲੇ ਉਸ ਦਾ ਸੁਭਾਉ ਗੁਣਮਈ ਹੋ ਜਾਂਦਾ ਹੈ। ਅਵਗੁਣ ਉਸ ਨੂੰ ਸੁਪਨੇ ਵਿੱਚ ਵੀ ਤੰਗ ਨਹੀਂ ਕਰਦੇ। ਇਸ ਅਵਸਥਾ ਵਿੱਚ ਗੁਣ ਜੀਵਨ ਦਾ ਕੁਦਰਤੀ ਰੂਪ ਬਣ ਜਾਂਦੇ ਹਨ ਅਤੇ ਗੁਣਾਂ ਦਾ ਧਾਰਣੀ ਆਪ ਅਕਾਲ ਮੂਰਤ ਅਤੇ ਗੁਣਾਂ ਦੀ ਝਲਕ ਬਣ ਜਾਂਦਾ ਹੈ। ਇਸ ਤਰ੍ਹਾਂ ਜਾਗਰੂਕ ਆਤਮਾ ਆਪਣੇ ਕਿਰਦਾਰ ਵਿੱਚ ਪਰਮ ਸੱਚ ਦਾ ਪ੍ਰਤੀਬਿੰਬ ਬਣ ਜਾਂਦੀ ਹੈ।

ਸਿੰਮ੍ਰਿਤਿ ਸਾਸਤ ਬੇਦ ਬਖਾਨੇ॥ ਜੋਗ ਗਿਆਨ ਸਿਧ ਸੁਖ ਜਾਨੇ॥ ਨਾਮੁ ਜਪਤ ਪ੍ਰਭ ਸਿਉ ਮਨ ਮਾਨੇ॥ – ਗਿਆਨ ਨੂੰ ਜੋਗ ਮੰਨਿਆ ਹੈ। ਗਿਆਨ ਤੇ ਟਿਕੇ ਰਹਿਣਾ ਹੀ ਅਸਲ ਜੋਗ ਹੈ।

– ਇੱਥੇ ਜੋਗ ਨੂੰ ਸਿੱਧੀਆਂ ਜਾਂ ਕਰਾਮਾਤਾਂ ਨਾਲ ਨਹੀਂ ਜੋੜਿਆ ਗਿਆ, ਸਗੋਂ ਗਿਆਨ ਨਾਲ ਜੋੜਿਆ ਹੈ। ਜਪਤ ਦਾ ਭਾਵ ਕੇਵਲ ਉਚਾਰਣ ਨਹੀਂ, ਪਹਿਚਾਣ ਅਤੇ ਸਮਝ ਹੈ। ਜਦ ਮਨ ਨਾਮ, ਅਰਥਾਤ ਗੁਰਬਾਣੀ ਤੋਂ ਮਿਲੀ ਸੋਝੀ ਵਿਚ ਮੰਨ ਜਾਂਦਾ ਹੈ, ਤਦੋਂ ਹੀ ਪ੍ਰਭ ਨਾਲ ਸੁਰਤ ਜੁੜਦੀ ਹੈ।

ਜਿਸ ਕੈ ਅੰਤਰਿ ਸਾਚੁ ਵਸਾਵੈ॥ ਜੋਗ ਜੁਗਤਿ ਕੀ ਕੀਮਤਿ ਪਾਵੈ॥

– ਜਿਸ ਦੇ ਅੰਦਰ ਸਾਚੁ ਵੱਸਦਾ ਹੈ, ਉਹੀ ਜੋਗ ਦੀ ਜੁਗਤਿ ਨੂੰ ਸਮਝਦਾ ਹੈ। ਜੁਗਤਿ ਦਾ ਭਾਵ ਤਰੀਕਾ ਜਾਂ ਜੀਵਨ-ਵਿਧੀ ਹੈ। ਗੁਰਮਤਿ ਅਨੁਸਾਰ ਜੋਗ ਦੀ ਕੀਮਤ ਬਾਹਰਲੇ ਆਸਣਾਂ ਨਾਲ ਨਹੀਂ, ਅੰਦਰ ਸੱਚ ਦੇ ਵਸਣ ਨਾਲ ਪੈਂਦੀ ਹੈ।

ਙੰਙਾ ਙਿਆਨੁ ਨਹੀ ਮੁਖ ਬਾਤਉ॥ ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ॥ ਙਿਆਨੀ ਸੋਇ ਜਾ ਕੈ ਦ੍ਰਿੜ ਸੋਊ॥ ਕਹਤ ਸੁਨਤ ਕਛੁ ਜੋਗੁ ਨ ਹੋਊ॥ ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ॥ ਉਸਨ ਸੀਤ ਸਮਸਰਿ ਸਭ ਤਾ ਕੈ॥ ਙਿਆਨੀ ਤਤੁ ਗੁਰਮੁਖਿ ਬੀਚਾਰੀ॥ ਨਾਨਕ ਜਾ ਕਉ ਕਿਰਪਾ ਧਾਰੀ

– ਗਿਆਨ ਮੁਖ ਤੋਂ ਬੋਲਣ ਦੀ ਗੱਲ ਨਹੀਂ, ਜੀਵਨ ਦੀ ਦ੍ਰਿੜਤਾ ਹੈ। ਙਿਆਨੀ ਉਹ ਹੈ ਜਿਸ ਦੇ ਅੰਦਰ ਪਰਮੇਸਰ ਦੀ ਆਗਿਆ, ਭਾਵ ਹੁਕਮ ਦੀ ਸਮਝ ਪੱਕੀ ਹੋ ਜਾਵੇ। ਉਸਨ ਸੀਤ ਸਮਸਰਿ ਦਾ ਭਾਵ ਹੈ ਸੁਖ ਦੁਖ, ਲਾਭ-ਹਾਨੀ, ਮਾਨ ਅਪਮਾਨ ਵਿਚ ਸਮਦ੍ਰਿਸ਼ਟੀ। ਕਹਤ ਸੁਨਤ ਕਛੁ ਜੋਗੁ ਨ ਹੋਊ ਦਾ ਅਰਥ ਹੈ ਕਿ ਕੇਵਲ ਚਰਚਾ ਨਾਲ ਨਹੀਂ, ਗੁਰਮੁਖ ਹੋ ਕੇ ਤਤੁ ਬੀਚਾਰਨ ਨਾਲ ਜੋਗ ਪ੍ਰਾਪਤ ਹੁੰਦਾ ਹੈ।

ਜਾਪ ਤਾਪ ਗਿਆਨ ਸਭਿ ਧਿਆਨ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ॥ ਸਗਲ ਤਿਆਗਿ ਬਨ ਮਧੇ ਫਿਰਿਆ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ॥ ਪੁੰਨ ਦਾਨ ਹੋਮੇ ਬਹੁ ਰਤਨਾ॥ ਸਰੀਰੁ ਕਟਾਇ ਹੋਮੈ ਕਰਿ ਰਾਤੀ॥ ਵਰਤ ਨੇਮ ਕਰੈ ਬਹੁ ਭਾਤੀ॥ ਨਹੀ ਤੁਲਿ ਰਾਮ ਨਾਮ ਬੀਚਾਰ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ॥

– ਇੱਥੇ ਸਾਰੇ ਬਾਹਰਲੇ ਜਤਨਾਂ ਦੇ ਮੁਕਾਬਲੇ ਨਾਮ ਬੀਚਾਰ ਨੂੰ ਉੱਚਾ ਕਿਹਾ ਹੈ। ਰਾਮ ਨਾਮ ਦਾ ਭਾਵ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ, ਸਗੋਂ ਉਹ ਸੋਝੀ ਜੋ ਬੁੱਧੀ ਵਿਚ ਰਮ ਜਾਵੇ। ਇਕ ਬਾਰ ਜਪੀਐ ਦਾ ਭਾਵ ਇਕ ਵਾਰੀ ਮੂੰਹ ਨਾਲ ਕਹਿਣਾ ਨਹੀਂ, ਸਗੋਂ ਸੱਚੀ ਪਹਿਚਾਣ ਹੋ ਜਾਣਾ ਹੈ; ਜਦ ਇਹ ਪਹਿਚਾਣ ਹੋ ਜਾਵੇ ਤਾਂ ਬਾਕੀ ਕਿਰਿਆਵਾਂ ਆਪਣੇ ਆਪ ਹੇਠਾਂ ਰਹਿ ਜਾਂਦੀਆਂ ਹਨ।

ਬੁਧਿ ਗਿਆਨੁ ਸਰਬ ਤਹ ਸਿਧਿ॥ ਬਿਦਿਆ ਤਪੁ ਜੋਗੁ ਪ੍ਰਭ ਧਿਆਨੁ॥ ਗਿਆਨੁ ਸ੍ਰੇਸਟ ਊਤਮ ਇਸਨਾਨੁ॥ ਚਾਰਿ ਪਦਾਰਥ ਕਮਲ ਪ੍ਰਗਾਸ॥ ਸਭ ਕੈ ਮਧਿ ਸਗਲ ਤੇ ਉਦਾਸ॥ ਸੁੰਦਰੁ ਚਤੁਰੁ ਤਤ ਕਾ ਬੇਤਾ॥ ਸਮਦਰਸੀ ਏਕ ਦ੍ਰਿਸਟੇਤਾ॥ ਇਹ ਫਲ ਤਿਸੁ ਜਨ ਕੈ ਮੁਖਿ ਭਨੇ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ॥

– ਇੱਥੇ ਗਿਆਨ ਨੂੰ ਊਤਮ ਇਸਨਾਨੁ ਕਿਹਾ ਹੈ, ਭਾਵ ਅਸਲ ਪਵਿਤ੍ਰਤਾ ਅੰਦਰਲੀ ਮੈਲ ਧੋਣ ਨਾਲ ਹੈ। ਕਮਲ ਪ੍ਰਗਾਸ ਦਾ ਭਾਵ ਬੁੱਧੀ ਦਾ ਖਿੜਨਾ ਹੈ। ਸਮਦਰਸੀ ਉਹ ਹੈ ਜੋ ਸਭ ਵਿਚ ਇਕੋ ਜੋਤ ਵੇਖੇ। ਇਸ ਤਰ੍ਹਾਂ ਜੋਗ, ਤਪ, ਬਿਦਿਆ ਅਤੇ ਧਿਆਨ ਦਾ ਫਲ ਅੰਦਰਲੀ ਸੋਝੀ ਅਤੇ ਸਮਤਾ ਹੈ, ਨਾ ਕਿ ਬਾਹਰਲੀ ਪ੍ਰਸਿੱਧੀ।

ਨਗਨ ਫਿਰਤ ਜੌ ਪਾਈਐ ਜੋਗੁ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥੧॥ ਕਿਆ ਨਾਗੇ ਕਿਆ ਬਾਧੇ ਚਾਮ॥ ਜਬ ਨਹੀ ਚੀਨਸਿ ਆਤਮ ਰਾਮ॥੧॥ ਰਹਾਉ॥ ਮੂਡ ਮੁੰਡਾਏ ਜੌ ਸਿਧਿ ਪਾਈ॥ ਮੁਕਤੀ ਭੇਡ ਨ ਗਈਆ ਕਾਈ॥੨॥ ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥੩॥ ਕਹੁ ਕਬੀਰ ਸੁਨਹੁ ਨਰ ਭਾਈ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ॥

– ਇਹ ਸ਼ਬਦ ਸਾਫ ਕਰਦਾ ਹੈ ਕਿ ਨੰਗੇ ਫਿਰਨ, ਸਿਰ ਮੁੰਡਾਉਣ ਜਾਂ ਦੇਹਿਕ ਸੰਯਮ ਨਾਲ ਜੋਗ ਨਹੀਂ ਮਿਲਦਾ। ਆਤਮ ਰਾਮ ਨੂੰ ਚੀਨਸਿ ਦਾ ਭਾਵ ਹੈ ਆਪਣੇ ਅੰਦਰਲੀ ਜੋਤ ਅਤੇ ਰਮਣਹਾਰ ਸੋਝੀ ਨੂੰ ਪਛਾਣਨਾ। ਬਿੰਦੁ ਰਾਖਿ ਭਾਵ ਬਿਹੰਗਮ ਰਹਿਣ ਵਾਲੀ ਧਾਰਨਾ ਨੂੰ ਵੀ ਗੁਰਬਾਣੀ ਰੱਦ ਕਰਦੀ ਹੈ; ਗਤਿ ਨਾਮ(ਸੋਝੀ) ਨਾਲ ਹੈ, ਦੇਹਿਕ ਰੋਕਥਾਮ ਨਾਲ ਨਹੀਂ।

ਨਾ ਮੈ ਜੋਗ ਧਿਆਨ ਚਿਤੁ ਲਾਇਆ॥ ਬਿਨੁ ਬੈਰਾਗ ਨ ਛੂਟਸਿ ਮਾਇਆ॥੧॥ ਕੈਸੇ ਜੀਵਨੁ ਹੋਇ ਹਮਾਰਾ॥ ਜਬ ਨ ਹੋਇ ਰਾਮ ਨਾਮ ਅਧਾਰਾ॥੧॥ ਰਹਾਉ॥ ਕਹੁ ਕਬੀਰ ਖੋਜਉ ਅਸਮਾਨ॥ ਰਾਮ ਸਮਾਨ ਨ ਦੇਖਉ ਆਨ॥

– ਇੱਥੇ ਬੈਰਾਗ ਦਾ ਭਾਵ ਘਰ ਤਿਆਗ ਨਹੀਂ, ਮਾਇਆ ਦੇ ਮੋਹ ਦੇ ਬੰਧਨ ਤੋਂ ਛੁਟਕਾਰਾ ਹੈ। ਉਹ ਅਵਸਥਾ ਜਦੋਂ ਮਾਇਆ ਦੇ ਵਿੱਚ ਰਹਿ ਕੇ ਵੀ ਮਾਇਆ ਦੇ ਮੋਹ ਵਿੱਚ ਫਸਿਆ ਨਾ ਹੋਵੇ। ਰਾਮ ਨਾਮ ਅਧਾਰਾ ਦਾ ਅਰਥ ਹੈ ਜੀਵਨ ਦਾ ਆਧਾਰ ਗੁਰਮਤਿ ਦੀ ਸੋਝੀ ਹੋਵੇ। ਜਦ ਤਕ ਮਨ ਦਾ ਆਸਰਾ ਨਾਮ ਨਹੀਂ ਬਣਦਾ, ਤਦ ਤਕ ਜੋਗ-ਧਿਆਨ ਦੀਆਂ ਗੱਲਾਂ ਅਧੂਰੀਆਂ ਹਨ।

ਧੁਰ ਕੀ ਭੇਜੀ ਆਈ ਆਮਰਿ॥ ਨਉ ਖੰਡ ਜੀਤੇ ਸਭਿ ਥਾਨ ਥਨੰਤਰ॥ ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ॥ ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ॥੨॥ ਜਹ ਬੈਸਉ ਤਹ ਨਾਲੇ ਬੈਸੈ॥ ਸਗਲ ਭਵਨ ਮਹਿ ਸਬਲ ਪ੍ਰਵੇਸੈ॥ ਹੋਛੀ ਸਰਣਿ ਪਇਆ ਰਹਣੁ ਨ ਪਾਈ॥ ਕਹੁ ਮੀਤਾ ਹਉ ਕੈ ਪਹਿ ਜਾਈ॥੩॥ ਸੁਣਿ ਉਪਦੇਸੁ ਸਤਿਗੁਰ ਪਹਿ ਆਇਆ॥ ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ॥ ਨਿਜ ਘਰਿ ਵਸਿਆ ਗੁਣ ਗਾਇ ਅਨੰਤਾ॥ ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ॥

– ਇਸ ਵਿਚ ਮਨੁੱਖ ਦੀ ਭਟਕਣਾ ਦਿਖਾਈ ਹੈ ਕਿ ਤੀਰਥ, ਜੋਗ, ਸੰਨਿਆਸ ਅਤੇ ਪਾਠਾਂ ਵਿਚ ਫਿਰ ਕੇ ਵੀ ਠਿਕਾਣਾ ਨਹੀਂ ਮਿਲਦਾ। ਨਿਜ ਘਰਿ ਵਸਿਆ ਦਾ ਭਾਵ ਹੈ ਆਪਣੇ ਘਟ ਅੰਦਰ ਟਿਕਣਾ। ਹਰਿ ਹਰਿ ਨਾਮੁ ਮੰਤ੍ਰੁ ਦ੍ਰਿੜਾਇਆ ਦਾ ਅਰਥ ਹੈ ਗੁਣਾਂ ਦੀ ਸੋਝੀ ਬੁੱਧੀ ਵਿਚ ਪੱਕੀ ਹੋ ਗਈ, ਜਿਸ ਨਾਲ ਚਿੰਤਾ ਮੁੱਕ ਗਈ। ਹਰਿ ਦਾ ਭਾਵ ਇੱਥੇ ਗਿਆਨ ਤੋਂ ਪ੍ਰਾਪਤ ਸੋਝੀ ਦੇ ਅੰਮ੍ਰਿਤ ਨਾਲ ਹਰਿਆ ਹੋਇਆ ਚੇਤਨ ਮਨ ਹੈ।

ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ॥ ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ॥

– ਗਿਆਨ ਜੋਗੁ ਉਹ ਅਵਸਥਾ ਹੈ ਜਿੱਥੇ ਅੰਦਰ ਬਾਹਰ ਇਕੋ ਜੋਤ ਦੀ ਸਹਾਇਤਾ ਵੇਖੀ ਜਾਵੇ। ਰੋਗੁ ਇੱਥੇ ਦੇਹਿਕ ਰੋਗ ਨਹੀਂ, ਮਨ ਦੇ ਵਿਕਾਰ ਹਨ। ਤਿਸਹਿ ਅਰਾਧਿ ਦਾ ਭਾਵ ਹੈ ਉਸ ਇਕ ਦੀ ਯਾਦ, ਸਮਝ ਅਤੇ ਗੁਣਾਂ ਵਿਚ ਟਿਕਣਾ; ਇਸ ਨਾਲ ਕਾਮ, ਕ੍ਰੋਧ, ਲੋਭ ਆਦਿ ਮਨ-ਰੋਗ ਨਾਸ ਹੁੰਦੇ ਹਨ।

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥ ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ॥ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥

– ਇੱਥੇ ਸਬਦ ਨੂੰ ਮੂਲ ਤੱਤ ਕਿਹਾ ਹੈ। ਸਬਦ ਦਾ ਭਾਵ ਕੇਵਲ ਉਚਾਰਿਆ ਸ਼ਬਦ ਨਹੀਂ, ਸਗੋਂ ਅਰਥ-ਭਰੀ ਦਿਵਿਆ ਸੂਝ ਭਾਵ ਨਾਮ ਹੈ। ਜੋਗ, ਗਿਆਨ, ਬੇਦ, ਵਰਣ-ਭੇਦ ਸਭ ਦਾ ਮੂਲ ਇਕੋ ਸਬਦ ਹੈ। ਜੇਹੜਾ ਇਸ ਭੇਦ ਨੂੰ ਜਾਣ ਲੈਂਦਾ ਹੈ, ਉਹ ਨਿਰੰਜਨ, ਅਰਥਾਤ ਮਾਇਆ ਦੇ ਮੈਲ ਤੋਂ ਰਹਿਤ ਤੱਤ ਨੂੰ ਸਮਝ ਲੈਂਦਾ ਹੈ।

ਮਿਤ੍ਰ ਸਤ੍ਰੁ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥੨॥

– ਜੋਗ ਜੁਗਤਿ ਦੀ ਨਿਸ਼ਾਨੀ ਇਹ ਹੈ ਕਿ ਮਨ ਮਿਤ੍ਰ ਅਤੇ ਸਤ੍ਰੁ ਵਿਚ ਇਕੋ ਜੋਤ ਵੇਖੇ। ਇਹ ਸਮਤਾ ਗੁਰਮਤਿ ਦੀ ਪੱਕੀ ਹੋਈ ਮਤਿ ਹੈ। ਜਦ ਹਉਮੈ ਘਟਦੀ ਹੈ, ਤਦ ਵੈਰ ਵਿਰੋਧ ਦੀ ਦ੍ਰਿਸ਼ਟੀ ਵੀ ਮੁੱਕਦੀ ਹੈ।

ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ॥੬॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ॥੭॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥

– ਚਉਰਾਸੀਹ ਆਸਣ ਅਤੇ ਜੋਗ-ਸਿਧੀਆਂ ਕਰਕੇ ਵੀ ਜੇ ਹਰਿ ਸਿਉ ਸੰਗੁ ਨਾ ਗਹਿਆ, ਤਾਂ ਅਸਲ ਲਾਭ ਨਹੀਂ। ਹਰਿ ਕੀਰਤਿ ਦਾ ਭਾਵ ਗੁਣਾਂ ਦੀ ਵਡਿਆਈ ਨੂੰ ਜੀਵਨ ਵਿਚ ਧਾਰਣਾ ਹੈ। ਸਾਧਸੰਗਤਿ ਇੱਥੇ ਗੁਣਵਾਨ ਮਤਿ ਅਤੇ ਸਤਸੰਗੀ ਚੇਤਨਾ ਹੈ, ਜਿੱਥੇ ਮਨ ਨੂੰ ਸਹੀ ਦਿਸ਼ਾ ਮਿਲਦੀ ਹੈ।

ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥

– ਜੰਗਲਾਂ ਵਿਚ ਜਾ ਕੇ ਤਪ ਕਰਨਾ, ਕੰਦ ਮੂਲ ਖਾਣਾ, ਨਾਦ ਬੇਦ ਜਾਂ ਮੌਨ ਧਾਰਨਾ ਵੀ ਮਨ ਦੇ ਲੇਖੇ ਨੂੰ ਨਹੀਂ ਮਿਟਾਉਂਦੇ ਜੇ ਅੰਦਰ ਸੋਝੀ ਨਾ ਜਾਗੇ। ਜਮ ਕੇ ਪਟੈ ਲਿਖਾਇਆ ਦਾ ਭਾਵ ਹੈ ਮਨ ਅਜੇ ਵੀ ਕਰਮ ਬੰਧਨ ਅਤੇ ਅਗਿਆਨਤਾ ਦੇ ਹਿਸਾਬ ਵਿਚ ਫਸਿਆ ਹੈ।

ਗੁਰਮੁਖਿ ਜੋਗ ਸਬਦਿ ਆਤਮੁ ਚੀਨੈ ਹਿਰਦੈ ਏਕੁ ਮੁਰਾਰੀ॥੧੭॥ ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ॥

– ਗੁਰਮੁਖਿ ਜੋਗ ਦਾ ਕੇਂਦਰ ਸਬਦ ਰਾਹੀਂ ਆਤਮੁ ਚੀਨੈ ਹੈ। ਆਤਮੁ ਚੀਨੈ ਦਾ ਭਾਵ ਆਪਣੇ ਅਸਲ ਸਰੂਪ, ਜੋਤ ਸੁਰਤ ਨੂੰ ਪਛਾਣਨਾ ਹੈ। ਮਨੂਆ ਅਸਥਿਰੁ ਸਬਦੇ ਰਾਤਾ, ਅਰਥਾਤ ਮਨ ਸਬਦ ਦੀ ਸੋਝੀ ਵਿਚ ਰੰਗਿਆ ਹੋਇਆ ਅਡੋਲ ਹੋ ਜਾਵੇ, ਇਹੀ ਸਭ ਤੋਂ ਵੱਡੀ ਕਰਣੀ ਹੈ।

ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ॥ ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ॥੮॥ ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ॥ ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ॥੯॥ ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ॥ ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ॥੧੦॥ ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ॥ ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ॥੧੧॥ ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ॥ ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ॥

– ਇਹ ਸ਼ਬਦ ਗੁਰਮਤਿ ਜੋਗ ਦੀ ਪੂਰੀ ਪਰਿਭਾਸ਼ਾ ਦਿੰਦਾ ਹੈ। ਕੁਟੰਬ ਛੱਡਣਾ ਜੋਗ ਨਹੀਂ; ਗ੍ਰਿਹ ਸਰੀਰ ਮਹਿ ਹੀ ਹਰਿ ਨਾਮ ਲੱਭਣਾ ਹੈ। ਤ੍ਰਿਸਨਾ ਮਾਇਆ ਮਨ ਦਾ ਵੱਡਾ ਰੋਗ ਹੈ ਅਤੇ ਨਾਮ ਅਉਖਧੁ ਉਸ ਦਾ ਇਲਾਜ। ਬਿਖਮੁ ਮਾਰਗ ਇਸ ਲਈ ਹੈ ਕਿ ਮਨ ਨੂੰ ਅੰਦਰ ਬਾਹਰ ਇਕੋ ਤੱਤ ਵੇਖਣ ਦੀ ਅਭਿਆਸ ਕਰਨੀ ਪੈਂਦੀ ਹੈ। ਵਿਣੁ ਵਜਾਈ ਕਿੰਗੁਰੀ ਵਾਜੈ ਦਾ ਭਾਵ ਅਨਹਦ ਅੰਦਰਲੀ ਸੁਰਤ ਦੀ ਜਾਗਰੂਕਤਾ ਹੈ, ਨਾ ਕਿ ਬਾਹਰਲਾ ਸਾਜ਼।

ਸਿਵ ਨਗਰੀ ਮਹਿ ਆਸਣਿ ਬੈਸੈ ਗੁਰਸਬਦੀ ਜੋਗੁ ਪਾਈ॥੧੧॥ ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ॥

– ਸਿਵ ਨਗਰੀ ਦਾ ਭਾਵ ਸਰੀਰ ਜਾਂ ਚੇਤਨਾ ਦਾ ਅੰਦਰਲਾ ਨਗਰ ਹੈ। ਗੁਰਸਬਦੀ ਜੋਗੁ ਪਾਈ, ਅਰਥਾਤ ਗੁਰੂ ਦੇ ਸਬਦ ਦੀ ਸੋਝੀ ਨਾਲ ਅੰਦਰ ਟਿਕਾਉ ਮਿਲਦਾ ਹੈ। ਧਾਤੁਰ ਬਾਜੀ ਮਨ ਦੀ ਭਟਕਣ, ਇੰਦ੍ਰੀ ਚੰਚਲਤਾ ਅਤੇ ਵਿਕਾਰਾਂ ਦੀ ਖੇਡ ਹੈ, ਜੋ ਸਬਦ ਨਾਲ ਨਿਵਰਦੀ ਹੈ।

ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ॥ ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ॥ ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ॥ ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ॥ ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ॥ ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ॥

– ਅਨਾਹਦੁ ਸਬਦ ਇੱਥੇ ਅੰਦਰਲੀ ਅਟੱਲ ਸੁਰਤ ਧੁਨ ਹੈ, ਜੋ ਗੁਰਮਤਿ ਦੀ ਜਾਗਰੂਕਤਾ ਨਾਲ ਅਨੁਭਵ ਹੁੰਦੀ ਹੈ। ਅਮਿਉ ਪੀਜੈ ਦਾ ਭਾਵ ਗਿਆਨ ਰੂਪੀ ਅੰਮ੍ਰਿਤ ਨੂੰ ਅੰਦਰ ਲੈਣਾ ਹੈ, ਨਾ ਕਿ ਭੌਤਿਕ ਪਾਨ। ਜੋਗ, ਦਾਨ ਅਤੇ ਕਿਰਿਆਵਾਂ ਦਾ ਸਾਰ ਚਰਣ ਕਮਲਹ ਸਾਧੀਐ ਹੈ, ਅਰਥਾਤ ਨਿਮਰਤਾ, ਭਾਉ ਅਤੇ ਗੁਣਾਂ ਵਿਚ ਟਿਕਣਾ।

ਜੁਗਿ ਜੁਗਿ ਥਾਪਿ ਸਦਾ ਨਿਰਵੈਰੁ॥ ਜਨਮਿ ਮਰਣਿ ਨਹੀ ਧੰਧਾ ਧੈਰੁ॥ ਜੋ ਦੀਸੈ ਸੋ ਆਪੇ ਆਪਿ॥ ਆਪਿ ਉਪਾਇ ਆਪੇ ਘਟ ਥਾਪਿ॥ ਆਪਿ ਅਗੋਚਰੁ ਧੰਧੈ ਲੋਈ॥ ਜੋਗ ਜੁਗਤਿ ਜਗਜੀਵਨੁ ਸੋਈ॥ ਕਰਿ ਆਚਾਰੁ ਸਚੁ ਸੁਖੁ ਹੋਈ॥ ਨਾਮ ਵਿਹੂਣਾ ਮੁਕਤਿ ਕਿਵ ਹੋਈ॥੧੫॥ ਵਿਣੁ ਨਾਵੈ ਵੇਰੋਧੁ ਸਰੀਰ॥ ਕਿਉ ਨ ਮਿਲਹਿ ਕਾਟਹਿ ਮਨ ਪੀਰ॥ ਵਾਟ ਵਟਾਊ ਆਵੈ ਜਾਇ॥ ਕਿਆ ਲੇ ਆਇਆ ਕਿਆ ਪਲੈ ਪਾਇ॥ ਵਿਣੁ ਨਾਵੈ ਤੋਟਾ ਸਭ ਥਾਇ॥ ਲਾਹਾ ਮਿਲੈ ਜਾ ਦੇਇ ਬੁਝਾਇ॥ ਵਣਜੁ ਵਾਪਾਰੁ ਵਣਜੈ ਵਾਪਾਰੀ॥ ਵਿਣੁ ਨਾਵੈ ਕੈਸੀ ਪਤਿ ਸਾਰੀ॥

– ਜੋਗ ਜੁਗਤਿ ਜਗਜੀਵਨੁ ਸੋਈ ਦਾ ਭਾਵ ਹੈ ਕਿ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਇਕੋ ਤੱਤ ਹੀ ਅਸਲ ਜੋਗ ਦੀ ਜੁਗਤਿ ਹੈ। ਨਾਮ ਵਿਹੂਣਾ ਮੁਕਤਿ ਕਿਵ ਹੋਈ, ਇਹ ਗੁਰਮਤਿ ਦਾ ਕੇਂਦਰੀ ਨਿਯਮ ਹੈ। ਵਿਣੁ ਨਾਵੈ ਵੇਰੋਧੁ ਸਰੀਰ ਦਾ ਅਰਥ ਹੈ ਕਿ ਨਾਮ(ਸੋਝੀ) ਤੋਂ ਬਿਨਾ ਮਨ ਅੰਦਰ ਟਕਰਾਅ, ਪੀੜਾ ਅਤੇ ਅਸੰਤੁਲਨ ਰਹਿੰਦਾ ਹੈ।

ਨਾਮੇ ਰਾਤੇ ਹਉਮੈ ਜਾਇ॥ ਨਾਮਿ ਰਤੇ ਸਚਿ ਰਹੇ ਸਮਾਇ॥ ਨਾਮਿ ਰਤੇ ਜੋਗ ਜੁਗਤਿ ਬੀਚਾਰੁ॥ ਨਾਮਿ ਰਤੇ ਪਾਵਹਿ ਮੋਖ ਦੁਆਰੁ॥ ਨਾਮਿ ਰਤੇ ਤ੍ਰਿਭਵਣ ਸੋਝੀ ਹੋਇ॥ ਨਾਨਕ ਨਾਮਿ ਰਤੇ ਸਦਾ ਸੁਖੁ ਹੋਇ॥

– ਨਾਮਿ ਰਤੇ ਦਾ ਭਾਵ ਹੈ ਬੁੱਧੀ ਦਾ ਗੁਰਮਤਿ ਦੀ ਸੋਝੀ ਵਿਚ ਰੰਗਿਆ ਜਾਣਾ। ਇਸ ਨਾਲ ਹਉਮੈ ਜਾਇ, ਅਰਥਾਤ ਅਲੱਗਪਣ ਅਤੇ ਅਹੰਕਾਰ ਦੀ ਗ੍ਰੰਥੀ ਖੁਲਦੀ ਹੈ। ਤ੍ਰਿਭਵਣ ਸੋਝੀ ਹੋਇ ਦਾ ਭਾਵ ਵਿਸ਼ਾਲ ਅਸਤਿਤਵ ਦੀ ਸਮਝ ਹੈ; ਮਨ ਸੰਕੁਚਿਤ ਨਹੀਂ ਰਹਿੰਦਾ। ਇਹੀ ਮੋਖ ਦੁਆਰ ਹੈ।

ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ॥ ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ॥

– ਬੈਰਾਗੀ ਉਹ ਨਹੀਂ ਜੋ ਭੇਖ ਧਾਰੇ, ਸਗੋਂ ਉਹ ਜੋ ਨਾਮ ਵਿਚ ਰਹੇ ਅਤੇ ਸਾਚੁ ਹਿਰਦੇ ਵਿਚ ਧਾਰੇ। ਰਿਦੈ ਬੀਚਾਰੇ ਦਾ ਭਾਵ ਹੈ ਅੰਦਰ ਵਿਚਾਰ ਕੇ ਵੇਖੋ। ਗੁਰਬਾਣੀ ਦਾ ਨਿਰਣੇ ਸਾਫ ਹੈ ਕਿ ਨਾਮ ਤੋਂ ਬਿਨਾ ਜੋਗ ਕਦੇ ਨਹੀਂ ਹੁੰਦਾ।

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ॥ ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ॥

– ਨਿਬੇੜਾ, ਅਰਥਾਤ ਅੰਤਿਮ ਫੈਸਲਾ, ਇਹ ਹੈ ਕਿ ਬਿਨੁ ਨਾਵੈ ਜੋਗੁ ਨ ਹੋਈ। ਨਾਮੈ ਹੀ ਤੇ ਸਭੁ ਪਰਗਟੁ ਹੋਵੈ ਦਾ ਭਾਵ ਹੈ ਕਿ ਸਹੀ ਸਮਝ ਨਾਲ ਹੀ ਜੀਵਨ, ਹੁਕਮ ਅਤੇ ਆਪਣੇ ਅੰਦਰਲੇ ਤੱਤ ਦਾ ਭੇਦ ਖੁਲਦਾ ਹੈ। ਭੇਖ ਬਹੁਤੇਰੇ ਹੋ ਸਕਦੇ ਹਨ, ਪਰ ਸੱਚੀ ਸੋਝੀ ਸਤਿਗੁਰ ਤੋਂ ਹੀ ਮਿਲਦੀ ਹੈ।

ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ॥ ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ॥੧॥ ਐਸਾ ਜੋਗੁ ਕਮਾਵਹੁ ਜੋਗੀ॥ ਜਪ ਤਪ ਸੰਜਮੁ ਗੁਰਮੁਖਿ ਭੋਗੀ॥

– ਇੱਥੇ ਬਾਹਰਲੇ ਜੋਗੀ ਚਿੰਨ੍ਹਾਂ ਨੂੰ ਅੰਦਰਲੇ ਗੁਣਾਂ ਵਿਚ ਬਦਲਿਆ ਗਿਆ ਹੈ। ਮੁੰਦ੍ਰਾ ਮੋਨਿ ਦਾ ਭਾਵ ਇੰਦ੍ਰੀਆਂ ਦਾ ਸਚੇਤ ਸੰਯਮ, ਦਇਆ ਝੋਲੀ ਦਾ ਭਾਵ ਦਇਆਵਾਨ ਚਿੱਤ, ਅਤੇ ਪਤ੍ਰ ਕਾ ਬੀਚਾਰੁ ਦਾ ਭਾਵ ਵਿਚਾਰ-ਭਰੀ ਬੁੱਧੀ ਹੈ। ਨਾਮੁ ਕਰਉ ਆਧਾਰੁ, ਇਹੀ ਗੁਰਮਤਿ ਜੋਗ ਦਾ ਕੇਂਦਰ ਹੈ।

ਕਰਹਿ ਬਿਭੂਤਿ ਲਗਾਵਹਿ ਭਸਮੈ॥ ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ॥ ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ॥੧੨॥ ਤੀਰਥ ਵਰਤ ਨੇਮ ਕਰਹਿ ਉਦਿਆਨਾ॥ ਜਤੁ ਸਤੁ ਸੰਜਮੁ ਕਥਹਿ ਗਿਆਨਾ॥ ਰਾਮ ਨਾਮ ਬਿਨੁ ਕਿਉ ਸੁਖੁ ਪਾਈਐ ਬਿਨੁ ਸਤਿਗੁਰ ਭਰਮੁ ਨ ਜਾਇਆ॥

– ਭਸਮ ਲਗਾਉਣ ਜਾਂ ਤੀਰਥ ਵਰਤ ਕਰਨ ਨਾਲ ਜੇ ਅੰਦਰ ਕ੍ਰੋਧ ਅਤੇ ਹਉਮੈ ਹੈ ਤਾਂ ਇਹ ਪਾਖੰਡ ਹੈ। ਅਲਖੁ ਦਾ ਭਾਵ ਉਹ ਤੱਤ ਜੋ ਇੰਦ੍ਰੀ ਗੋਚਰ ਨਹੀਂ, ਸਰੀਰਕ ਅੰਗਾ ਦੀ ਪਕੜ ਤੋਂ ਬਾਹਰ ਹੈ ਅਤੇ ਗੁਰਮਤਿ ਨਾਲ ਜਾਣਿਆ ਜਾਂਦਾ ਹੈ। ਰਾਮ ਨਾਮ ਬਿਨੁ ਸੁਖ ਨਹੀਂ, ਕਿਉਂਕਿ ਅਸਲ ਸੁਖ ਅੰਦਰਲੇ ਭਰਮ ਦੇ ਮਿਟਣ ਨਾਲ ਹੈ ਮਨ ਦੇ ਨਿਰਮਲ (ਅਵਗੁਣ ਰਹਿਤ/ਮਲ ਰਹਿਤ) ਹੋਣ ਨਾਲ ਹੈ।

ਬਸਤ੍ਰ ਉਤਾਰਿ ਦਿਗੰਬਰੁ ਹੋਗੁ॥ ਜਟਾਧਾਰਿ ਕਿਆ ਕਮਾਵੈ ਜੋਗੁ॥ ਮਨੁ ਨਿਰਮਲੁ ਨਹੀ ਦਸਵੈ ਦੁਆਰ॥ ਭ੍ਰਮਿ ਭ੍ਰਮਿ ਆਵੈ ਮੂੜੑਾ ਵਾਰੋ ਵਾਰ॥੧॥ ਏਕੁ ਧਿਆਵਹੁ ਮੂੜੑ ਮਨਾ॥ ਪਾਰਿ ਉਤਰਿ ਜਾਹਿ ਇਕ ਖਿਨਾਂ॥੧॥ ਰਹਾਉ॥ ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ॥ ਨਾਦੀ ਬੇਦੀ ਪੜੑਹਿ ਪੁਰਾਣ॥ ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ॥ ਤਿਨ ਕੈ ਰਮਈਆ ਨੇੜਿ ਨਾਹਿ॥੨॥ ਜੇ ਕੋ ਐਸਾ ਸੰਜਮੀ ਹੋਇ॥ ਕ੍ਰਿਆ ਵਿਸੇਖ ਪੂਜਾ ਕਰੇਇ॥ ਅੰਤਰਿ ਲੋਭੁ ਮਨੁ ਬਿਖਿਆ ਮਾਹਿ॥ ਓਇ ਨਿਰੰਜਨੁ ਕੈਸੇ ਪਾਹਿ॥੩॥ ਕੀਤਾ ਹੋਆ ਕਰੇ ਕਿਆ ਹੋਇ॥ ਜਿਸ ਨੋ ਆਪਿ ਚਲਾਏ ਸੋਇ॥ ਨਦਰਿ ਕਰੇ ਤਾਂ ਭਰਮੁ ਚੁਕਾਏ॥ ਹੁਕਮੈ ਬੂਝੈ ਤਾਂ ਸਾਚਾ ਪਾਏ॥੪॥ ਜਿਸੁ ਜੀਉ ਅੰਤਰੁ ਮੈਲਾ ਹੋਇ॥ ਤੀਰਥ ਭਵੈ ਦਿਸੰਤਰ ਲੋਇ॥ ਨਾਨਕ ਮਿਲੀਐ ਸਤਿਗੁਰ ਸੰਗ॥ ਤਉ ਭਵਜਲ ਕੇ ਤੂਟਸਿ ਬੰਧ॥

– ਇਹ ਸ਼ਬਦ ਦੱਸਦਾ ਹੈ ਕਿ ਦਿਗੰਬਰ ਹੋਣਾ, ਜਟਾ ਧਾਰਨਾ, ਪਾਠ ਕਰਨਾ ਜਾਂ ਵਿਸ਼ੇਸ਼ ਕ੍ਰਿਆਵਾਂ ਕਰਨਾ ਜੋਗ ਨਹੀਂ ਜੇ ਮਨ ਨਿਰਮਲ ਨਾ ਹੋਵੇ। ਦਸਵੈ ਦੁਆਰ ਦਾ ਗੁਰਮਤਿ ਭਾਵ ਅੰਦਰਲੀ ਉੱਚੀ ਚੇਤਨਾ ਦਾ ਖੁਲਣਾ ਹੈ, ਜੋ ਮਨ ਦੀ ਨਿਰਮਲਤਾ ਭਾਵ ਮਲ ਰਹਿਤ ਹੋਣ ਨਾਲ ਹੁੰਦਾ ਹੈ। ਹੁਕਮੈ ਬੂਝੈ ਤਾਂ ਸਾਚਾ ਪਾਏ, ਇਹੀ ਮੂਲ ਗੱਲ ਹੈ।

ਗੁਰਿ ਮਨੁ ਮਾਰਿਓ ਕਰਿ ਸੰਜੋਗੁ॥ ਅਹਿਨਿਸਿ ਰਾਵੇ ਭਗਤਿ ਜੋਗੁ॥ ਗੁਰ ਸੰਤ ਸਭਾ ਦੁਖੁ ਮਿਟੈ ਰੋਗੁ॥ ਜਨ ਨਾਨਕ ਹਰਿ ਵਰੁ ਸਹਜ ਜੋਗੁ॥

– ਮਨੁ ਮਾਰਿਓ ਦਾ ਭਾਵ ਮਨ ਨੂੰ ਨਸ਼ਟ ਕਰਨਾ ਨਹੀਂ, ਸਗੋਂ ਉਸ ਦੀ ਵਿਕਾਰੀ ਦੌੜ ਨੂੰ ਗੁਰਮਤਿ ਨਾਲ ਵੱਸ ਵਿਚ ਲਿਆਉਣਾ ਹੈ। ਅਹਿਨਿਸਿ ਭਗਤਿ ਜੋਗੁ, ਅਰਥਾਤ ਦਿਨ ਰਾਤ ਗੁਣਾਂ ਵਿਚ ਟਿਕੀ ਹੋਈ ਸੁਰਤ। ਸਹਜ ਜੋਗੁ ਉਹ ਅਵਸਥਾ ਹੈ ਜਿੱਥੇ ਜ਼ਬਰ ਨਹੀਂ, ਸਹਜਤਾ ਨਾਲ ਨਾਮ-ਚੇਤਨਾ ਜੀਵਨ ਬਣ ਜਾਂਦੀ ਹੈ।

ਗੁਰਸਬਦੁ ਬੀਚਾਰਹਿ ਆਪੁ ਜਾਇ॥ ਸਾਚ ਜੋਗੁ ਮਨਿ ਵਸੈ ਆਇ॥

– ਗੁਰਸਬਦੁ ਬੀਚਾਰਹਿ ਦਾ ਭਾਵ ਹੈ ਗੁਰੂ ਦੇ ਉਪਦੇਸ਼ ਨੂੰ ਅਰਥ ਸਮੇਤ ਮਨ ਵਿਚ ਉਤਾਰਨਾ। ਆਪੁ ਜਾਇ, ਅਰਥਾਤ ਅਹੰਕਾਰ ਅਤੇ ਆਪਾ ਭਾਵ ਘਟਦਾ ਹੈ। ਜਦ ਇਹ ਆਪਾ ਹਟਦਾ ਹੈ, ਤਦ ਸਾਚ ਜੋਗੁ ਮਨ ਵਿਚ ਆ ਵੱਸਦਾ ਹੈ।

ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ॥ ਮੜੀ ਮਸਾਣੀ ਮੂੜੇ ਜੋਗੁ ਨਾਹਿ॥

– ਜਿਸ ਨੇ ਜੀਉ ਅਤੇ ਪਿੰਡ ਦਿੱਤਾ, ਉਸ ਮੂਲ ਤੱਤ ਨੂੰ ਭੁਲਾ ਕੇ ਮੜੀਆਂ ਮਸਾਣਾਂ ਵਿਚ ਜੋਗ ਲੱਭਣਾ ਮੂਰਖਤਾ ਹੈ। ਗੁਰਮਤਿ ਅਨੁਸਾਰ ਜੋਗ ਜੀਵਨ ਵਿਰੋਧੀ ਥਾਵਾਂ ਵਿਚ ਨਹੀਂ, ਸਗੋਂ ਜੀਉਂਦੇ ਘਟ ਅੰਦਰ ਚੇਤਨਾ ਦੇ ਜਾਗਣ ਵਿਚ ਹੈ।

ਪੰਡਿਤ ਜਨ ਮਾਤੇ ਪੜਿੑ ਪੁਰਾਨ॥ ਜੋਗੀ ਮਾਤੇ ਜੋਗ ਧਿਆਨ॥ ਸੰਨਿਆਸੀ ਮਾਤੇ ਅਹੰਮੇਵ॥ ਤਪਸੀ ਮਾਤੇ ਤਪ ਕੈ ਭੇਵ॥੧॥ ਸਭ ਮਦ ਮਾਤੇ ਕੋਊ ਨ ਜਾਗ॥ ਸੰਗ ਹੀ ਚੋਰ ਘਰੁ ਮੁਸਨ ਲਾਗ॥੧॥ ਰਹਾਉ॥ ਜਾਗੈ ਸੁਕਦੇਉ ਅਰੁ ਅਕੂਰੁ॥ ਹਣਵੰਤੁ ਜਾਗੈ ਧਰਿ ਲੰਕੂਰੁ॥ ਸੰਕਰੁ ਜਾਗੈ ਚਰਨ ਸੇਵ॥ ਕਲਿ ਜਾਗੇ ਨਾਮਾ ਜੈਦੇਵ॥੨॥ ਜਾਗਤ ਸੋਵਤ ਬਹੁ ਪ੍ਰਕਾਰ॥ ਗੁਰਮੁਖਿ ਜਾਗੈ ਸੋਈ ਸਾਰੁ॥ ਇਸੁ ਦੇਹੀ ਕੇ ਅਧਿਕ ਕਾਮ॥ ਕਹਿ ਕਬੀਰ ਭਜਿ ਰਾਮ ਨਾਮ॥

– ਇੱਥੇ ਮਾਤੇ ਦਾ ਭਾਵ ਨਸ਼ੇ ਵਿਚ ਹੋਣਾ ਹੈ, ਅਰਥਾਤ ਆਪਣੇ ਆਪਣੇ ਅਭਿਮਾਨ ਵਿਚ ਡੁੱਬੇ ਹੋਏ। ਗੁਰਮੁਖਿ ਜਾਗੈ ਸੋਈ ਸਾਰੁ, ਭਾਵ ਅਸਲ ਜਾਗਰੂਕਤਾ ਉਹ ਹੈ ਜੋ ਨਾਮ(ਸੋਝੀ) ਨਾਲ ਮਨ ਦੇ ਚੋਰਾਂ, ਕਾਮ ਕ੍ਰੋਧ ਲੋਭ ਆਦਿ ਨੂੰ ਪਛਾਣ ਲਵੇ। ਰਾਮ ਨਾਮ ਇੱਥੇ ਅੰਦਰਲੀ ਜਾਗਦੀ ਹੋਈ ਸੂਝ ਹੈ।

ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ॥ ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ॥ ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ॥ ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ॥ ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ॥ ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ॥ ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥ ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ॥

– ਇਹ ਸ਼ਬਦ ਦੱਸਦਾ ਹੈ ਕਿ ਸਾਰੀ ਸੁਰਤ, ਜੋਗ, ਗਿਆਨ, ਤੀਰਥ, ਥਾਂ ਅਤੇ ਜੀਵ ਜਹਾਨ ਸਭ ਹੁਕਮ ਅਧੀਨ ਹਨ। ਕਲਾਮ ਦਾ ਭਾਵ ਲਿਖਤ ਜਾਂ ਚੱਲਦਾ ਹੁਕਮ ਹੈ। ਇਸ ਲਈ ਜੋਗ ਨੂੰ ਅਲੱਗ ਸਾਧਨਾ ਸਮਝਣ ਦੀ ਥਾਂ, ਉਸ ਨੂੰ ਸਰਬਵਿਆਪਕ ਹੁਕਮ ਦੀ ਸਮਝ ਵਿਚ ਵੇਖਣਾ ਗੁਰਮਤਿ ਹੈ।

ਕਹਨ ਕਹਾਵਨ ਕਉ ਕਈ ਕੇਤੈ॥ ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ॥੧॥ ਰਹਾਉ॥ ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ॥੧॥ ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ॥ ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ॥

– ਤਤ ਜੋਗ ਦਾ ਭਾਵ ਜੋਗ ਦਾ ਮੂਲ ਸਾਰ ਹੈ। ਜਿਹੜਾ ਏਕੈ ਏਕੀ ਨੇਤੈ, ਅਰਥਾਤ ਇਕੋ ਤੱਤ ਦੀ ਨਿਗਾਹ ਨਾਲ ਸਭ ਕੁਝ ਵੇਖਦਾ ਹੈ, ਉਹ ਦੁਖ ਸੋਗ ਦੇ ਦਵੈਤ ਤੋਂ ਉੱਪਰ ਚਲਾ ਜਾਂਦਾ ਹੈ। ਇਹ ਅਵਸਥਾ ਬੋਲਣ ਨਾਲ ਨਹੀਂ, ਅੰਦਰਲੀ ਇਕ ਦ੍ਰਿਸ਼ਟੀ ਨਾਲ ਆਉਂਦੀ ਹੈ। ਮਨ ਦੇ ਹੁਕਮ ਨਾਲ ਏਕੇ ਨਾਲ ਆਉਂਦੀ ਹੈ।

ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ॥

– ਇਸ ਪੰਕਤੀ ਵਿਚ ਮਨੁੱਖ ਦੀ ਭਟਕਣਾ ਦਰਸਾਈ ਹੈ ਕਿ ਜੋਗ, ਧਿਆਨ, ਭੇਖ ਅਤੇ ਗਿਆਨ ਦੇ ਨਾਮ ਤੇ ਫਿਰਦਾ ਰਹਿੰਦਾ ਹੈ, ਪਰ ਅੰਦਰ ਟਿਕਾਉ ਨਹੀਂ। ਗੁਰਮਤਿ ਦਾ ਸੰਕੇਤ ਇਹ ਹੈ ਕਿ ਬਾਹਰਲੀ ਧਰਚਰੀ ਨਾਲੋਂ ਅੰਦਰਲੀ ਸਥਿਰਤਾ ਜ਼ਰੂਰੀ ਹੈ।

ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ॥ ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ॥

– ਜੋਗ, ਗਿਆਨ, ਧਿਆਨ ਅਤੇ ਵੱਡੇ ਵੱਡੇ ਆਧਿਆਤਮਿਕ ਪ੍ਰਤੀਕ ਵੀ ਉਸ ਇਕ ਤੱਤ ਦੀ ਹੀ ਲਹਿਰ ਵਿਚ ਹਨ। ਪਰ ਸੰਤ ਉਹ ਹਨ ਜੋ ਸਦਾ ਪ੍ਰਭ ਕੇ ਸੰਗੀ ਹਨ, ਅਰਥਾਤ ਜਿਨ੍ਹਾਂ ਦੀ ਸੁਰਤ ਨਿਰੰਤਰ ਗੁਣਾਂ ਅਤੇ ਨਾਮ ਵਿਚ ਟਿਕੀ ਰਹਿੰਦੀ ਹੈ।

ਕਿਲਬਿਖ ਮੇਟੇ ਸਬਦਿ ਸੰਤੋਖੁ॥ ਨਾਮੁ ਅਰਾਧਨ ਹੋਆ ਜੋਗੁ॥

– ਕਿਲਬਿਖ, ਅਰਥਾਤ ਪਾਪ ਵਿਕਾਰ ਜਾਂ ਮਨ ਦੀ ਮੈਲ, ਸਬਦ ਨਾਲ ਮਿਟਦੀ ਹੈ। ਸੰਤੋਖੁ ਇੱਥੇ ਨਿਸ਼ਕ੍ਰਿਯਤਾ ਨਹੀਂ, ਸਗੋਂ ਨਾਮ ਵਿਚ ਟਿਕੀ ਹੋਈ ਅੰਦਰਲੀ ਪੂਰਨਤਾ ਹੈ। ਇਸ ਲਈ ਨਾਮੁ ਅਰਾਧਨ ਹੀ ਜੋਗ ਹੈ।

ਕਵਨੁ ਜੋਗੁ ਕਉਨੁ ਗੵਾਨੁ ਧੵਾਨੁ ਕਵਨ ਬਿਧਿ ਉਸ੍ਤਤਿ ਕਰੀਐ॥ ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ॥ ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ॥ ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ॥ ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ॥ ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਇਤ ਉਤ ਸਦਾ ਮੁਕਤੇ॥

– ਇੱਥੇ ਦੱਸਿਆ ਹੈ ਕਿ ਪਰਮ ਤੱਤ ਦੀ ਪੂਰੀ ਕੀਮਤ ਕਿਸੇ ਜੋਗ, ਗਿਆਨ ਜਾਂ ਧਿਆਨ ਦੀ ਗਿਣਤੀ ਨਾਲ ਨਹੀਂ ਪੈਂਦੀ। ਸਿਲਕ ਕਾਟੀ ਦਾ ਭਾਵ ਬੰਧਨ ਕੱਟੇ ਜਾਣਾ ਹੈ। ਜਿਨ੍ਹਾਂ ਉੱਤੇ ਦਇਆ ਹੋਈ ਅਤੇ ਜਿਨ੍ਹਾਂ ਨੇ ਗੁਰਮਤਿ ਸਪਰਸ਼ ਪਾਇਆ, ਉਹੀ ਅਸਲ ਭਗਤੀ ਵਿਚ ਲੱਗ ਕੇ ਮੁਕਤ ਹੁੰਦੇ ਹਨ।

ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥ ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥

– ਇਸ ਪੰਕਤੀ ਵਿਚ ਸਹਜਿ ਆਤਮ ਰੰਗੁ ਮਾਣੈ ਦਾ ਭਾਵ ਹੈ ਕਿ ਭਗਤ ਅੰਦਰਲੀ ਜੋਤ ਦੇ ਰੰਗ ਵਿਚ ਟਿਕਿਆ ਰਹਿੰਦਾ ਹੈ। ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ, ਭਾਵ ਗੁਰੂ ਦੀ ਦਿੱਤੀ ਸੋਝੀ ਤੋਂ ਬਿਨਾ ਸੱਚਾ ਪ੍ਰਭ-ਭੇਦ ਨਹੀਂ ਖੁਲਦਾ। ਇਸ ਲਈ ਜੋਗ ਅਤੇ ਧਿਆਨ ਦਾ ਸਾਰ ਗੁਰ ਗਿਆਨ ਵਿਚ ਹੀ ਹੈ।

ਸਾਰ – ਇਸ ਸਾਰੇ ਲੇਖ ਦਾ ਨਿਚੋੜ ਇਹ ਹੈ ਕਿ ਗੁਰਬਾਣੀ ਅਨੁਸਾਰ ਜੋਗ ਭੇਖ, ਤਪ, ਆਸਣ, ਤੀਰਥ, ਅੱਖਾਂ ਬੰਦ ਕਰਕੇ ਧਿਆਨ ਜਾਂ ਕੋਈ ਹੋਰ ਦੇਹਿਕ ਕਰਮਕਾਂਡ ਨਹੀਂ, ਸਗੋਂ ਨਾਮ(ਸੋਝੀ), ਗੁਰਸਬਦ ਦੀ ਵੀਚਾਰ, ਹਉਮੈ ਅਤੇ ਵਿਕਾਰਾਂ ਦਾ ਖਾਤਮਾ, ਅਤੇ ਸਚ, ਸਮਤਾ, ਦਇਆ ਤੇ ਹੁਕਮ ਵਿਚ ਟਿਕਿਆ ਹੋਇਆ ਜੀਵਨ ਹੈ।

ਸੋ ਗੁਰਮਤਿ ਰਾਹੀਂ ਆਪਣੇ ਅੰਦਰ ਦੇ ਭੁਲੇਖੇ ਦੂਰ ਕਰੀਏ, ਆਪਣੇ ਅੰਦਰਲੇ ਵਿਕਾਰ, ਭਰਮ ਦੂਰ ਕਰਕੇ ਅਸੀਂ ਉਹ ਕੰਮ ਕਰੀਏ ਜੋ ਕਰਣ ਜੋਗ ਹੈ। ਜੋ ਸਾਨੂੰ ਆਪਣੇ ਮੂਲ਼ ਆਪਣੇ ਗੁਣਾਂ ਨਾਲ ਮਿਲਾਪ ਦਾ ਜੋਗ ਬਣਾਵੇ। ਜੇ ਵਰਜਿਸ਼ ਕਰਨੀ ਹੈ, ਯੋਗਾ ਕਰਨਾ ਹੈ ਤਾਂ ਵੀ ਠੀਕ ਹੈ, ਇਹ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਹਾਇਕ ਹੈ ਦੇਹ ਅਰੋਗਤਾ ਤਾਂ ਦੇ ਸਕਦਾ ਹੈ ਪਰ ਮਨ ਦਾ ਰੋਗ ਬਿਕਾਰ ਦੂਰ ਕਰਨ ਦਾ ਜੋਗ ਤਾਂ ਗੁਰਬਾਣੀ ਨੇ ਗਿਆਨ ਲੈਣਾ ਗਿਆਨ ਤੋਂ ਸੋਝੀ ਲੈਣਾ ਹੀ ਦੱਸਿਆ ਹੈ।

Resize text