ਪੂਤਾ ਮਾਤਾ ਕੌਣ?
ਸਿੱਖਾਂ ਦੇ ਘਰਾਂ ਵਿੱਚ ਕਿਸੇ ਪ੍ਰਕਾਰ ਦੀ ਖੁਸ਼ੀ ਦਾ ਸਮਾ ਹੋਵੇ ਸਬ ਤੋਂ ਜਿਆਦਾ ਪੜ੍ਹਿਆ ਜਾਣ ਵਾਲਾ ਸ਼ਬਦ ਹੈ “ਪੂਤਾ ਮਾਤਾ ਕੀ ਆਸੀਸ॥”। ਪਰ ਸਵਾਲ ਇਹ ਹੈ ਕੇ ਇਸ ਸ਼ਬਦ ਦੀ ਸਮਝ ਕਿਸ ਨੂੰ ਹੈ? ਕੌਣ ਜਾਣਦਾ ਪੂਤਾ ਮਾਤਾ ਕੌਣ ਹੈ? ਇਹ ਕਿਸ ਦੀ ਜਿੰਮੇਵਾਰੀ ਬਣਦੀ ਹੈ ਕੇ ਸਿੱਖਾਂ ਨੂੰ ਇਸ ਸ਼ਬਦ ਦੀ ਸਹੀ ਸਮਝ ਹੋਵੇ? ਆਓ ਪੂਰਾ ਸ਼ਬਦ ਵਿਚਾਰਦੇ ਹਾਂ
”ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥ ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥੧॥ ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥੧॥ ਰਹਾਉ॥ ਸਤਿਗੁਰੁ ਤੁਮੑ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ॥ ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ॥੨॥ ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ॥ ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ॥੩॥ ਭਵਰੁ ਤੁਮੑਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ॥ ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ॥੪॥੩॥੪॥(ਰਾਗੁ ਗੂਜਰੀ, ਮ ੫, ੪੯੬)
ਪੰਚਮ ਪਾਤਿਸ਼ਾਹ ਆਖਦੇ ਜਿਸ ਸਿਮਰਤ (ਚੇਤੇ ਕੀਤਿਆਂ) ਸਾਰੇ ਕਿਲਵਿਖ ਭਾਵ ਪਾਪ, ਰੋਗ ਸੰਸੇ (ਸ਼ੰਕੇ) ਨਾਸਹਿ (ਭੱਜ) ਜਾਂਦੇ ਹਨ ਦੂਰ ਹੋ ਜਾਂਦੇ ਹਨ ਅਤੇ ਪਿਤਰਾਂ ਦਾ ਉਧਾਰ ਹੋ ਜਾਂਦਾ ਹੈ। ਮਨੁੱਖ ਨੂੰ ਕੇਵਲ ਆਪਣੀ ਹੀ ਨਹੀਂ ਅਪਣੇ ਪਿਤਰਾਂ ਦੀ ਵੀ ਚਿੰਤਾ ਰਹੀ ਹੈ। ਆਪਣੇ ਪਾਪ, ਕੁਲਾਂ ਦੇ ਪਾਪ ਧੋਣ ਖਾਤਰ ਕਈ ਜਤਨ ਕਰਦਾ ਸ਼ਰਾਧ ਕਰਦਾ ਸੰਸਾਰੀ ਦਾਨ ਪੁੰਨ ਕਰਦਾ। ਆਖਦੇ ਸੋ ਐਸਾ ਹਰਿ (ਹਰਿ ਸਮਝਣ ਲਈ ਵੇਖੋ “ਹਰਿ”) ਨੂੰ ਤੁਸੀਂ ਸਦਾ ਹੀ ਜਾਪਹੁ (ਪਛਾਣੋ “ਜਪਣਾ ਤੇ ਸਿਮਰਨ ਕਰਨਾ ? ਨਾਮ ਜਾਪਣ ਦੀ ਗੁਰਮਤਿ ਵਿਧੀ ਕੀ ਹੈ ?”) ਜਿਸਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਣ ਰੂਪ ਵਿੱਚ ਉਸਦਾ ਨਾਮ (ਸੋਝੀ) ਪ੍ਰਾਪਤ ਕਰ ਉਸਨੂੰ ਜਾਪਿਆ (ਪਛਾਣਿਆ ਜਾ ਸਕਦਾ ਹੈ। ਇਹੀ ਪੂਤਾ ਮਾਤਾ ਕੀ ਆਸੀਸ ਹੈ। ਮਾਤਾ ਕੌਣ ਹੈ, ਗੁਰਬਾਣੀ ਮਤਿ ਨੂੰ ਮਾਤਾ ਮੰਨਦੀ ਹੈ “ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ॥”, ਗੁਰਮਤਿ ਮਾਤਾ ਹੈ, ਗੁਰਮਤਿ ਭਗਉਤੀ ਹੈ ਉਤਮ ਭਗਤੀ ਦੀ ਮਤਿ। “ਭਗਉਤੀ ਕੌਣ/ਕੀ ਹੈ ?”। ਮਤਿ ਨੂੰ ਮਾਤਾ ਕਹਿਆ ਹੈ ਗੁਰਮਤਿ ਨੇ ਇਸਦੇ ਹੋਰ ਵੀ ਪ੍ਰਮਾਣ ਮਿਲਦੇ ਹਨ
”ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ॥ ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ॥(ਰਾਗੁ ਗਉੜੀ ਮਾਝ ਮਹਲਾ ੪, ੧੭੨)”
”ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥੧॥(ਰਾਗੁ ਗਉੜੀ ਮਹਲਾ ੧, ੧੫੧)”
ਪੂਤ ਕੌਣ ਹੈ ਇਹ ਵੀ ਦਸ ਰਹੇ ਨੇ ਪਾਤਿਸ਼ਾਹ। ਆਖਦੇ
”ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥ ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥੧॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥” – ਘਟ ਵਿੱਚ ਰਾਮ (ਰਮੇ ਹੋਏ ਦਾ) ਹਰਿ (ਗਿਆਨ ਦੀ ਹਰਿਆਲੀ) ਨਾਲ ਮੰਨੇ ਹੋਏ ਮਨੁ ਭਾਵ ਪੂਤ ਦੀ ਉਤਪਤਿ ਸੁਹਾਗਣ, ਗੁਰਮਤਿ ਦੀ ਧਾਰਣੀ ਬੁੱਧ ਦੁਆਰਾ ਹੋਈ ਹੈ।
ਪੰਚ ਪੂਤ, ਭਾਵ ਵਿਕਾਰ ਵੀ ਬੁੱਧ ਦੇ ਹੀ ਪੂਤ ਹਨ ਜਦੋਂ ਇਸਨੂੰ ਗਿਆਨ ਨਹੀਂ “ਪੰਚ ਪੂਤ ਜਣੇ ਇਕ ਮਾਇ॥ ਉਤਭੁਜ ਖੇਲੁ ਕਰਿ ਜਗਤ ਵਿਆਇ॥ ਤੀਨਿ ਗੁਣਾ ਕੈ ਸੰਗਿ ਰਚਿ ਰਸੇ॥ ਇਨ ਕਉ ਛੋਡਿ ਊਪਰਿ ਜਨ ਬਸੇ॥੩॥”
ਸੋ ਜਦੋਂ ਇਹ ਸਮਝ ਆ ਜਾਵੇ ਕੇ ਮਾਤ ਮਤਿ ਨੂੰ ਕਹਿਆ, ਬੁੱਧ ਨੂੰ ਕਹਿਆ ਜੋ ਉੱਤਮ ਭਗਤੀ ਵਿੱਚ ਲੀਨ ਹੈ ਤਾਂ ਫੇਰ ਇਸ ਮਤਿ ਰੂਪੀ ਮਾਤਾ ਦਾ ਪੂਤ ਸਮਝਣਾ ਔਖਾ ਨਹੀਂ ਹੈ। ਪੂਤ ਹੈ ਸੋਝੀ, ਗਿਆਨ, ਗੁਣ ਰੂਪੀ ਹਰਿ, ਰਾਮ ਜਿਸਦਾ ਜਨਮ ਬੁੱਧ ਵਿੱਚ ਰਤਨ ਮਾਣਿਕ ਵਾਂਗ ਹੈ “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥”।
ਸੋ ਸ਼ਬਦ ਵਿੱਚ ਗੁਰਮਤਿ ਧਾਰਣੀ ਮਤਿ ਦਾ ਵਰਣਨ ਹੈ ਜਿਸ ਨਾਲ ਬੁੱਧ ਵਿੱਚ ਹਰਿ/ਰਾਮ ਦਾ ਚਾਨਣਾ/ਪਰਗਾਸ ਹੁੰਦਾ ਹੈ। ਇਸ ਨਾਲ ਕੀ ਹੋਣਾ “ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥” ਫੇਰ ਨਿਮਖ ਮਾਤ੍ਰ ਵੀ, ਇਕ ਪਲ ਲਈ ਵੀ ਪਰਮੇਸਰ ਦੇ ਗੁਣ ਨਹੀਂ ਬਿਸਰਨੇ, ਭਾਵ ਭੁੱਲਣੇ। ਸਦਾ ਜਗਦੀਸ ਦੀ ਭਗਤੀ ਘਟ ਵਿੱਚ ਰਹਿਣੀ। “ਸਤਿਗੁਰੁ ਤੁਮੑ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ॥” ਸਤਿ ਗੁਰੁ ਸੱਚੇ ਦੇ ਗੁਯ ਜਿਹੜੇ ਘਟ ਵਿੱਚ ਧਾਰਣ ਕੀਤੇ ਹੋਣ ਉਹ ਸਦਾ ਦਇਆਲ ਹੁੰਦੇ ਹਨ ਤੇ ਸੰਤ (ਘਟ ਵਿੱਚ ਵਸਦਾ ਹਰਿ, ਰਾਮ, ਪਰਮੇਸਰ ਦਾ ਗੁਣ) ਉਸ ਨਾਲ ਸਦਾ ਪ੍ਰੀਤ ਬਣੀ ਰਹਿੰਦੀ ਹੈ। “ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ॥੨॥”, ਮਨੁੱਖ ਦੀ ਦੇਹੀ (ਕਾਇਆ/ਘਟ) ਦਾ ਪਤਿ ਰੂਪੀ ਕਪੜਾ ਪਰਮੇਸਰ ਆਪ ਰੱਖਦਾ। ਕੀਰਤੀ ਦਾ ਗਿਆਨ ਦਾ ਭੋਜਨ ਹਮੇਸ਼ਾ ਪ੍ਰਾਪਤ ਹੁੰਦੇ ਰਹਿਣਾ।
“ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ॥ ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ॥੩॥” – ਅੰਮ੍ਰਿਤ ਗਿਆਨ, ਸੋਝੀ ਨਾਮ ਲਈ ਵਰਤਿਆ ਗਿਆ ਹੈ ਗੁਰਮਤਿ ਵਿੱਚ (“ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)”। ਗਿਆਨ/ਨਾਮ/ਸੋਝੀ ਦਾ ਅੰਮ੍ਰਿਤ ਪੀਣ ਨਾਲ ਜੀਵ ਨੂੰ ਆਪਣੇ ਅਕਾਲ ਰੂਪ ਹੋਣ ਦੀ ਸੋਝੀ ਹੁੰਦੀ ਹੈ। ਇਹ ਜੋਤ ਸਦੀਵ ਰਹਿੰਦੀ ਹੈ ਆਦਿ ਤੋਂ ਅੰਤ ਤਕ ਰਹਿਣ ਵਾਲੀ ਹੈ, ਇਹ ਸਮਝ ਪ੍ਰਾਪਤ ਹੁੰਦੀ ਹੈ। ਇਸ ਜੋਤ ਦਾ ਗਿਆਨ ਹਰਿ ਚੇਤੇ ਕਰਦਿਆਂ, ਚੇਤੇ ਰੱਖਿਆਂ ਕਦੇ ਨਾ ਖਤਮ ਹੋਣ ਵਾਲਾ ਆਨੰਦ ਪ੍ਰਾਪਤ ਹੁੰਦਾ ਹੈ। ਜੀਵ ਲਈ ਸੰਸਾਰੀ ਰੰਗ ਤਮਾਸ਼ਾ ਅਤੇ ਇਹਨਾਂ ਦੀ ਆਸਾ ਪੂਰਨ ਹੁੰਦੀ ਹੈ ਤੇ ਕਦੇ ਵੀ ਚਿੰਤਾ ਨਹੀਂ ਹੁੰਦੀ। ਇਸ ਅਵਸਥਾ ਵਿੱਚ ਮਾਤਾ (ਭਗਉਤੀ) ਦਾ ਸਦਕਾ ਹੁਕਮ ਦੀ ਸੋਝੀ ਘਟ ਵਿੱਚ ਚਾਨਣ ਬਣਾ ਕੇ ਰਖਦੀ ਹੈ।
ਇਹੀ ਗਲ ਇੱਕ ਹੋਰ ਸ਼ਬਦ ਵਿੱਚ ਪਾਤਿਸ਼ਾਹ ਨੇ ਕਹੀ ਹੈ “ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥ ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥੧॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ ਰਹਾਉ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ॥ ਮਿਟਿਆ ਸੋਗੁ ਮਹਾ ਅਨੰਦੁ ਥੀਆ॥ ਗੁਰਬਾਣੀ ਸਖੀ ਅਨੰਦੁ ਗਾਵੈ॥ ਸਾਚੇ ਸਾਹਿਬ ਕੈ ਮਨਿ ਭਾਵੈ॥੨॥ ਵਧੀ ਵੇਲਿ ਬਹੁ ਪੀੜੀ ਚਾਲੀ॥ ਧਰਮ ਕਲਾ ਹਰਿ ਬੰਧਿ ਬਹਾਲੀ॥ ਮਨ ਚਿੰਦਿਆ ਸਤਿਗੁਰੂ ਦਿਵਾਇਆ॥ ਭਏ ਅਚਿੰਤ ਏਕ ਲਿਵ ਲਾਇਆ॥੩॥ ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ॥ ਬੁਲਾਇਆ ਬੋਲੈ ਗੁਰ ਕੈ ਭਾਣਿ॥ ਗੁਝੀ ਛੰਨੀ ਨਾਹੀ ਬਾਤ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ॥੪॥੭॥੧੦੧॥“
ਗੁਣਾਂ ਦੀ ਮਤਿ, ਗੁਣ ਵਾਲੀ ਬੁੱਧ ਹੀ ਪੂਤਾ ਹੈ “ਆਈ ਪੂਤਾ ਇਹੁ ਜਗੁ ਸਾਰਾ॥ ਪ੍ਰਭ ਆਦੇਸੁ ਆਦਿ ਰਖਵਾਰਾ॥ ਆਦਿ ਜੁਗਾਦੀ ਹੈ ਭੀ ਹੋਗੁ॥ ਓਹੁ ਅਪਰੰਪਰੁ ਕਰਣੈ ਜੋਗੁ॥੧੧॥” – ਜਦੋਂ ਬੁੱਧ ਵਿੱਚ ਇਹ ਸੋਝੀ ਇਹ ਗਿਆਨ ਵਾਲੀ ਪੂਤਾ ਪੈਦਾ ਹੋ ਜਾਦੀ ਹੈ ਉਸਦਾ ਵਰਣਨ ਕਰ ਰਹੇ ਨੇ ਪਾਤਿਸ਼ਾਹ।
ਸੋ ਇਹ ਸਮਝਣ ਵਾਲੀ ਗਲ ਹੈ ਕੇ ਸੰਸਾਰੀ ਪਦਾਰਥ ਦੀ ਪ੍ਰਾਪਤੀ, ਸੰਸਾਰੀ ਪੁੱਤ ਧੀ ਘਰ ਆਦੀ ਦੀ ਗਲ ਨਹੀਂ ਕਰ ਰਹੇ ਪਾਤਿਸ਼ਾਹ ਤੇ ਇਹਨਾਂ ਨੂੰ ਪੂਤਾ ਮਾਤਾ ਦੀ ਆਸੀਸ ਨਹੀਂ ਕਹਿ ਰਹੇ ਪਾਤਿਸ਼ਹ। ਸੰਸਾਰੀ ਪਦਾਰਥ ਤਾਂ ਪਰਮੇਸਰ ਨੇ ਬਿਨਾਂ ਮੰਗੇ ਵੀ ਦੇਈ ਜਾਣੇ। ਵਿਸਥਾਰ ਵਿੱਚ ਸਮਝਣ ਲਈ ਵੇਖੋ “ਅਰਦਾਸ ਕੀ ਹੈ ਅਤੇ ਗੁਰੂ ਤੋਂ ਕੀ ਮੰਗਣਾ ਹੈ?”। ਸੰਸਾਰੀ ਪੁੱਤ ਧੀ ਪਦਾਰਥ ਪਰਮੇਸਰ ਤੋਂ ਮੰਗਣ ਵਾਲੇ ਨੂੰ ਤਾਂ ਪਾਤਿਸ਼ਾਹ ਆਖਦੇ “ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ॥ ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ॥੧॥”
ਸੋ ਭਾਈ ਮੀਤ ਸਖਾ ਪਿਆਰੇ ਜੀ ਗੁਰਬਾਣੀ ਨੂੰ ਸਮਝ ਬੂਝ ਕੇ ਹੀ ਵਿਚਾਰ ਕੀਤੀ ਜਾ ਸਕਦੀ ਹੈ। ਬੁੱਧ ਵਿੱਚ ਰਤਨ ਜਵਾਹਰ ਮਾਣਿਕ ਗੁਰ ਦੀ ਗਲ ਸਮਝ ਕੇ ਹੀ ਮਿਲਣੇ। ਇਹ ਬਸ ਚੇਤੇ ਗਖੀਏ। ਧੀਰਜ ਨਾਲ ਸਹਜ ਵਿੱਚ ਆਉਣ ਲਈ ਗੁਰਬਾਣੀ ਦੀ ਵਿਚਾਰ ਕਰੀ ਚੱਲੀਏ ਤੇ ਜਨਮ ਸੁਹੇਲਾ ਕਰੀ ਚੱਲੀਏ।