Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਕਾਚਾ ਧਨ ਅਤੇ ਸਾਚਾ ਧਨ

ਜਦੋਂ ਮਨੁੱਖ ਕੇਵਲ ਅਗਿਆਨਤਾ ਵਿੱਚ ਭਟਕਿਆ ਫਿਰਦਾ, ਵਿਕਾਰ ਜਿਵੇਂ ਕਾਮ, ਕ੍ਰੋਧ, ਅਹੰਕਾਰ, ਲੋਭ, ਮੋਹ, ਈਰਖਾ, ਦਵੇਸ਼, ਝੂਠ, ਨਿੰਦਾ , ਚੁਗਲੀ ਵਿੱਚ ਫਸਿਆ ਹੁੰਦਾ, ਪਤਾ ਨਹੀਂ ਹੁੰਦਾ ਇਹਨਾਂ ਨਾਲ ਕਾਇਆ ਤੇ ਕੀ ਪ੍ਰਭਾਵ ਪੈਂਦਾ। ਵਿਕਾਰਾਂ ਦਾ ਕਾਰਣ ਡਰ ਹੁੰਦਾ ਜਿਵੇਂ ਲਾਭ ਹਾਨੀ, ਜਸ ਅਪਜਸ, ਜੀਵਨ ਮਰਨ ਅਤੇ ਵਿਕਾਰਾਂ ਨਾਲ ਫੇਰ ਡਰ ਵਿੱਚ ਵਾਧਾ ਹੁੰਦਾ ਰਹਿੰਦਾ। ਇਹ ਚੱਕਰ ਸਾਰਾ ਜੀਵਨ ਚਲਦਾ ਰਹਿੰਦਾ ਹੈ। ਜਦੋਂ ਮਨੁੱਖ ਨੂੰ ਆਭਾਸ ਹੁੰਦਾ ਕੇ ਕੁੱਝ ਤਾਂ ਗਲਤ ਹੋ ਰਹਿਆ ਹੈ, ਮਨ ਨੂੰ ਪਤਾ ਹੁੰਦਾ ਹੈ ਕੇ ਕੁੱਝ ਤਾਂ ਠੀਕ ਨਹੀਂ ਚਲ ਰਹਿਆ ਘਟ ਵਿੱਚ। ਉਦੋਂ ਗੁਰਮਤਿ (ਗੁਣਾਂ ਦੀ ਮਤਿ) ਮਨੁੱਖ ਦੀ ਬਾਂਹ ਫੜ ਉਸਨੂੰ ਸਮਝਾਉਂਦੀ ਹੈ। ਇਹ ਗੁਣਾ ਦੀ ਮਤਿ ਮਨੁੱਖ ਦੇ ਅੰਦਰੋਂ ਵੀ ਜਾਗ ਸਕਦੀ ਹੈ ਤੇ ਬਾਹਰੋਂ ਕਿਸੇ ਦੇ ਦੱਸਣ ਉਪਰੰਤ ਵੀ ਜਾਗ ਸਕਦੀ ਹੈ। ਜਦੋਂ ਮਨੁੱਖ ਗੁਣ ਧਾਰਣ ਕਰਦਾ ਹੈ ਤਾਂ ਪਹਿਲੀ ਸਟੇਜ (ਪੜਾਵ) ਜਾ ਅਵਸਥਾ ਵਿੱਚ ਉਸਨੂੰ ਸਹੀ ਗਲਤ ਦਾ ਚਾਨਣਾ ਹੁੰਦਾ ਹੈ। ਕਿਹੜੀ ਵਸਤੂ ਜਾਂ ਦੁਨੀਆਂ ਦੀ ਸ਼ੈ ਕਾਚੀ ਭਾਵ ਅਸਧਾਈ ਹੈ, ਬਿਨਸ ਜਾਣ ਵਾਲੀ ਹੈ ਤੇ ਕਿਹੜੀ ਸੱਚ, ਸਾਚੀ ਜਾਂ ਸਦੀਵ ਰਹਿਣ ਵਾਲੀ ਹੈ। ਇਸ ਅਵਸਥਾ ਵਿੱਚ ਮਨੁੱਖ ਨੂੰ ਗੁਰਮਤਿ ਸਮਝਾਉਂਦੀ ਹੈ ਕੇ ਕਾਚੀ ਭਾਵ ਨਾਸਮਾਨ, ਝੂਠ ਵਸਤੂ ਨੂੰ ਸੰਚਿਤ ਭਾਵ ਇਕਤ੍ਰਿਤ ਨਾ ਕਰ ਤੇ ਸਾਚੀ ਵਸਤੂ ਭਾਵ ਸੱਚ ਦਾ ਗਿਆਨ ਇਕੱਠਾ ਕਰ। ਨਾਮ (ਹੁਕਮ ਦੇ ਗਿਆਨ ਅਤੇ ਸੋਝੀ) ਨੂੰ ਬਾਣੀ ਨੇ ਸਾਚੀ ਵਸਤੂ ਕਹਿਆ ਹੈ, ਅਕਾਲ ਦੇ ਗੁਣਾਂ ਨੂੰ, ਹੁਕਮ ਨੂੰ ਸੱਚ ਕਹਿਆ ਹੈ। ਇਹ ਪਹਿਲੀ ਅਵਸਥਾ ਵਿੱਚ ਮਨੁੱਖ ਨੂੰ ਪਤਾ ਲਗਦਾ ਹੈ ਕੇ ਮਨੁੱਖ ਨੇ ਨਾਮ ਪ੍ਰਾਪਤ ਹੋਣਾ ਹੈ। ਸਾਚੇ ਧਨ ਤੇ ਕਾਚੇ ਧਨ ਦਾ ਫਰਕ ਇਹ ਪੰਕਤੀ ਦੱਸਦੀ ਹੈ “ਸਾਚਾ ਧਨੁ ਗੁਰਮਤੀ ਪਾਏ॥ ਕਾਚਾ ਧਨੁ ਫੁਨਿ ਆਵੈ ਜਾਏ॥”, ਜਿਹੜੀ ਵਸਤੂ, ਸ਼ੈ ਆਵਣ ਜਾਣ ਵਿੱਚ ਲੱਗੀ ਹੈ ਉਸਨੂੰ ਕਾਚਾ ਮੰਨਿਆ ਹੈ। ਇਹ ਪੰਕਤੀਆਂ ਵੀ ਵਖਿਆਨ ਕਰਦੀਆਂ ਹਨ ਸਾਚੇ ਧਨ ਤੇ ਕਾਚੇ ਧਨ ਨੂੰ “ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ॥ ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ॥ ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ॥ ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ॥

ਕਾਚਾ ਧਨ

ਗੁਰਮਤਿ ਨੇ ਅਗਿਆਨਤਾ ਨੂੰ, ਮਾਇਆ ਵਲ ਧਿਆਨ ਨੂੰ ਕਾਚਾ ਧਨ ਦੱਸਿਆ ਹੈ। ਕਈ ਵਾਰ ਗੁਰਬਾਣੀ ਪੜ੍ਹਦਿਆਂ ਜਾਂ ਸੁਣਦਿਆਂ ਇੰਜ ਜਾਪਦਾ ਹੈ ਜਿਵੇਂ ਧਨ ਨੂੰ, ਸੋਇਨਾ, ਪਰਿਵਾਰ ਨੂੰ ਕਾਚਾ ਧਨ ਦੱਸਿਆ ਜਾ ਰਹਿਆ ਹੈ। ਪਰ ਮਾਇਆ ਕੀ ਹੈ ਸਮਝਣ ਤੇ ਪਤਾ ਲਗਦਾ ਹੈ ਕੇ ਇਹ ਵਸਤੂਆਂ ਤਾਂ ਮਨੁੱਖ ਨੂੰ ਸੰਸਾਰ ਦੀ ਕਾਰ ਚਲਾਉਣ ਲਈ ਦਿੱਤੀਆਂ ਸੀ ਪਰ ਮਨੁੱਖ ਇਹਨਾਂ ਦੇ ਮਗਰ ਇਤਨਾ ਰੁੱਝ ਗਿਆ ਕੇ ਹੁਣ ਇਸਨੂੰ ਗਿਆਨ ਤੋਂ ਸੋਝੀ ਤੋਂ ਦੂਰ ਰੱਖਦੀਆਂ ਹਨ।

ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ॥ ਬਿਨਸਿ ਜਾਇ ਕੂਰਾ ਕਚੁ ਪਾਚਾ॥ ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ॥

ਜਦੋਂ ਤੱਕ ਹੁਕਮ ਅਤੇ ਭਾਣੇ ਦਾ ਗਿਆਨ ਨਹੀਂ ਹੈ ਉਦੋਂ ਤਕ ਹਰੇਕ ਵਸਤੂ ਹੀ ਕੱਚ (ਕੱਚੀ) ਹੈ “ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥

ਸਾਚਾ ਧਨ

ਗੁਰਬਾਣੀ ਨੇ ਪਹਿਲੀ ਅਵਸਥਾ ਵਿੱਚ ਗਿਆਨ ਨੂੰ, ਨਾਮ ਨੂੰ ਅਕਾਲ ਦੇ ਗੁਣਾ ਨੂੰ ਸਾਚਾ ਕਹਿਆ ਹੈ। ਪਰ ਜਦੋਂ ਨਾਮ ਪ੍ਰਾਪਤ ਹੋ ਗਿਆ, ਗੁਣਾਂ ਦੀ ਸਮਝ ਪੈ ਗਈ, ਮਨ ਦੀ ਅਵਸਥਾ ਇਹੋ ਜਿਹੀ ਬਣ ਗਈ ਕੇ ਦੁਬਿਧਾ ਨਹੀਂ ਰਹੀ ਤਾਂ ਪਾਤਿਸ਼ਾਹ ਨੇ ਸਪਸ਼ਟ ਕਰ ਅਗਲੇ ਪੜਾਵ ਤੇ ਮਨੁੱਖ ਨੂੰ ਇਹ ਦਸਿਆ ਹੈ ਕੇ ਕਾਚਾ ਕੇਵਲ ਸਮਝਾਉਣ ਲਈ ਵਰਤਿਆ ਸੀ ਧਿਆਨ ਨਾਮ ਵਲ ਕਰਨ ਲਈ ਪਰ ਕਾਚਾ ਕੁੱਝ ਵੀ ਨਹੀਂ ਹੈ ਇਸਦਾ ਪ੍ਰਮਾਣ ਮਿਲਦਾ ਹੈ

ਜਹ ਜਹ ਦੇਖਉ ਤਹ ਤਹ ਸਾਚਾ॥ ਬਿਨੁ ਬੂਝੇ ਝਗਰਤ ਜਗੁ ਕਾਚਾ॥੪॥” – ਮੈਂ ਜਿੱਥੇ ਵੇਖਦਾ ਹਾਂ ਮੈਨੂੰ ਹਰ ਜਗਹ ਹੁਣ ਸਾਚਾ ਹੀ ਦਿਸਦਾ। ਹੁਕਮ, ਅਕਾਲ ਦੇ ਗੁਣ ਹੀ ਦਿਸਦੇ ਹਨ। ਹੁਕਮ ਦਾ ਵਰਤਾਰਾ ਹੀ ਦਿਸਦਾ ਹੈ। ਨਾਰਾਇਣ ਦੀ ਖੇਡ ਦਿਸਦੀ ਹੈ। ਸਬ ਗੋਬਿੰਦ ਦਿਸਦਾ। ਜਦੋਂ ਸਬ ਗੋਬਿੰਦ ਦਿਸਿਆ ਕਾਚਾ ਕੁੱਝ ਨਹੀਂ ਦਿਸਣਾ ਜਾ ਲੱਗਣਾ। ਜਦੋਂ ਤਕ ਇਹ ਬੂਝਦਾ ਨਹੀਂ ਉਦੋਂ ਤਕ ਸਾਰਾ ਸੰਸਾਰ ਹੀ ਕਾਚਾ ਦਿਸਦਾ।

ਆਪਿ ਸਤਿ ਕੀਆ ਸਭੁ ਸਤਿ॥ ਆਪੇ ਜਾਨੈ ਅਪਨੀ ਮਿਤਿ ਗਤਿ॥” – ਜਦੋਂ ਸਾਚੇ ਨੇ ਸੱਬ ਸੱਚ ਹੀ ਕੀਤਾ ਹੈ ਤਾਂ ਝੂਠ ਕੁੱਝ ਵੀ ਨਹੀਂ। ਬਸ ਹੁਕਮ ਵਿੱਚ ਹੈ ਜੋ ਵੀ ਦਿਸ ਰਹਿਆ ਹੈ।

ਗੁਰਬਾਣੀ ਪੜ੍ਹਦਿਆ, ਗੁਣਾਂ ਦਾ ਗਿਆਨ ਲੈਂਦਿਆਂ ਜੇ ਕਿਸੇ ਸ਼ੈ ਨੂੰ ਵੀ ਕਾਚਾ ਮੰਨ ਲਵਾਂਗੇ ਤਾ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥” ਨੂੰ ਨਹੀਂ ਸਮਝ ਸਕਦੇ। ਹੁਕਮ ਦੀ ਖੇਡ ਸਮਝ ਨਹੀਂ ਲੱਗਣੀ। ਬਹੁਤ ਸਾਰੇ ਵੀਰ ਭੈਣ ਇਸੇ ਵਿੱਚ ਹੀ ਫਸ ਜਾਂਦੇ ਹਨ। ਕਿਸੇ ਸ਼ੈ ਨੂੰ ਕਾਚਾ ਧਨ ਮੰਨ ਕੇ ਤਿਆਗਣ ਲੱਗ ਜਾਂਦੇ ਹਨ। ਧਨ ਨੂੰ ਤਿਆਗ ਜੰਗਲਾਂ ਵਿੱਚ ਨਿਕਲ ਜਾਣਾ, ਜਨਾਨੀ, ਬੱਚੇ, ਭੂਮ (ਜ਼ਮੀਨ), ਰਾਜ ਦਾਨ ਮੰਨ ਕੇ ਕਿਸੇ ਪਾਖੰਡੀ ਨੂੰ ਦੇ ਦੇਣਾ। ਕਈ ਤਾਂ ਤਨ/ਸ਼ਰੀਰ ਨੂੰ ਕਾਚਾ ਧਨ ਮੰਨ ਕੇ ਤਿਆਗ ਕਰਨ ਲਗ ਪਏ, ਕਸ਼ਟ ਦੇਣ ਲਗ ਪਏ। ਜਦੋਂ ਤਕ ਹੁਕਮ ਦੀ ਸੋਝੀ ਨਹੀਂ ਪੈਂਦੀ ਉਦੋਂ ਤਕ ਜਾਂ ਤਾਂ ਮਨੁੱਖ ਭੁਲੇਖੇ ਵਿੱਚ ਰਹਿੰਦਾ ਹੈ ਬਿਲਕੁਲ ਹੀ ਦਿਸ਼ਾ ਹੀਨ ਤੁਰਿਆ ਜਾਂਦਾ, ਕਦੋਂ ਵਿਕਾਰ ਹਾਵੀ ਹੋ ਗਏ, ਕਦੋਂ ਚਿੰਤਾ ਲਗ ਗਈ ਪਤਾ ਹੀ ਨਹੀਂ ਚਲਦਾ। ਜਦੋਂ ਗਿਆਨ ਲੈਣਾ ਸ਼ੁਰੂ ਕਰਦਾ ਸੱਚੇ ਜਾਂ ਕੱਚੇ ਧਨ ਦੀ ਵਿਚਾਰ ਵਿੱਚ ਫਸ ਜਾਂਦਾ। ਬਹੁਤ ਘਟ ਹੁੰਦੇ ਹਨ ਜਿਹੜੇ ਅੱਗੇ ਵਿਚਾਰ ਕਰਦੇ ਹਨ ਜਾਂ ਗਿਆਨ ਦੇ ਅਗਲੇ ਪੜ੍ਹਾ ਵਲ ਤੁਰਨਾ ਚਾਹੁੰਦੇ। ਜਿਹੜੀ ਗਲ ਸਮਝਾਉਣ ਲਈ ਕਹਿਆ ਸੀ ਕੇ “ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥”, ਜੇ ਇਸ ਤੋਂ ਅੱਗੇ ਨਹੀਂ ਵਿਚਾਰਿਆਂ ਤਾਂ ਫੇਰ ਇਹ ਨਹੀਂ ਸਮਝ ਆਉਣਾ ਕੇ “ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥

ਸੋ ਜਿੱਥੇ ਗਲ ਸਮਝਾਉਣ ਲਈ ਗੁਰਮਤਿ ਪਹਿਲਾਂ ਆਖਦੀ ਹੈ “ਕਾਚਾ ਧਨੁ ਸੰਚਹਿ ਮੂਰਖ ਗਾਵਾਰ॥ਮਨਮੁਖ ਭੂਲੇ ਅੰਧ ਗਾਵਾਰ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ॥ ਨਾ ਸਾਥਿ ਜਾਇ ਨ ਪਰਾਪਤਿ ਹੋਇ॥੧॥”, ਫੇਰ ਸਮਝਾਉਂਦੀ ਹੈ “ਸਾਚਾ ਧਨੁ ਗੁਰਮਤੀ ਪਾਏ॥ ਕਾਚਾ ਧਨੁ ਫੁਨਿ ਆਵੈ ਜਾਏ॥ ਰਹਾਉ॥ ਮਨਮੁਖਿ ਭੂਲੇ ਸਭਿ ਮਰਹਿ ਗਵਾਰ॥ ਭਵਜਲਿ ਡੂਬੇ ਨ ਉਰਵਾਰਿ ਨ ਪਾਰਿ॥ ਸਤਿਗੁਰੁ ਭੇਟੇ ਪੂਰੈ ਭਾਗਿ॥”, ਜਦੋਂ ਇਹ ਦੋਹੇ ਗੱਲਾਂ ਸਮਝ ਆ ਗਈਆਂ ਆਖਦੇ “ਸਾਚਿ ਰਤੇ ਅਹਿਨਿਸਿ ਬੈਰਾਗਿ॥੨॥ ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ॥ ਪੂਰੈ ਭਾਗਿ ਹਰਿ ਨਾਮਿ ਸਮਾਣੀ॥ ਸਿਧ ਸਾਧਿਕ ਤਰਸਹਿ ਸਭਿ ਲੋਇ॥ ਪੂਰੈ ਭਾਗਿ ਪਰਾਪਤਿ ਹੋਇ॥੩॥” ਜਦੋਂ ਗਿਆਨ ਹੋ ਗਿਆ ਫੇਰ ਆਪ ਹੀ ਕਾਚਾ ਧਨ ਵੀ ਕੱਟ ਰਹੇ ਨੇ ਤੇ ਆਖਦੇ ਹਨ “ਸਭੁ ਕਿਛੁ ਸਾਚਾ ਸਾਚਾ ਹੈ ਸੋਇ॥” ਪਰ ਆਖਦੇ ਸਬ ਕੁੱਝ ਸਾਚਾ ਵਾਲੀ ਅਵਸਥਾ ਤਕ ਕੋਈ ਵਿਰਲਾ ਹੀ ਪਹੁੰਚਦਾ ਹੈ “ਊਤਮ ਬ੍ਰਹਮੁ ਪਛਾਣੈ ਕੋਇ॥ ਸਚੁ ਸਾਚਾ ਸਚੁ ਆਪਿ ਦ੍ਰਿੜਾਏ॥ ਨਾਨਕ ਆਪੇ ਵੇਖੈ ਆਪੇ ਸਚਿ ਲਾਏ॥

ਅਗਿਆਨੀ ਨੂੰ ਪਹਿਲਾਂ ਇਹ ਸਮਝ ਲੱਗਣਾ ਕੇ ਸਾਚਾ ਧਨ, ਕਾਚਾ ਧਨ ਹੁੰਦਾ। ਜਦੋਂ ਗਿਆਨ ਹੋ ਗਿਆ ਉਸ ਪਦਵੀ ਤਕ ਪਹੁੰਚ ਕੇ ਕਾਚਾ ਧਨ ਵੀ ਕੱਟਿਆ ਜਾਣਾ ਤੇ ਕਾਚਾ ਧਨ ਵੀ ਹੁਕਮ (ਸਾਚਾ) ਤੇ ਗੋਬਿੰਦ (ਪਰਮੇਸਰ ਭਾਵ ਸੱਚ ਦਾ ਬਿੰਦ) ਹੀ ਦਿਸਣਾ।

ਕਿਸੇ ਨੂੰ ਗਗਰੀ ਪਈ ਨਹੀਂ ਦਿਸ ਰਹੀ। ਫੇਰ ਗਿਆਨ ਹੋਇਆ ਇਹ ਗਗਰੀ ਵਿੱਚ ਤਾਂ ਅੰਮ੍ਰਿਤ ਪਿਆ। ਫੇਰ ਪਤਾ ਲੱਗਣਾ ਗਗਰੀ ਕਾਚੀ ਹੈ। ਫੇਰ ਪਤਾ ਲਗਣਾ ਭਾਈ ਗਗਰੀ ਨਹੀਂ ਇਹ ਤਾਂ ਮਿੱਟੀ ਨੇ ਗਗਰੀ ਦਾ ਰੂਪ ਲਿਆ ਹੋਇਆ ਹੈ। ਅਸਲ ਵਿੱਚ ਗਗਰੀ ਨਹੀਂ ਮਿੱਟੀ ਹੈ। ਮਿੱਟੀ ਸੱਚ ਹੈ ਜਿਸ ਨਾਲ ਅਨੇਕਾਂ ਵਾਰ ਫੇਰ ਕਈ ਗਗਰੀਆਂ ਕਈ ਕਲਾ ਕ੍ਰਿਤੀਆਂ ਬਣ ਜਾਣੀਆਂ।

ਕਾਚੀ ਸਾਚੀ ਕੇਵਲ ਮਨ ਦੀ ਅਵਸਥਾ ਹੈ। ਜਦੋਂ ਗੁਣ ਧਾਰਣ ਹੋ ਗਏ ਫੇਰ ਝੂਠ ਕੁੱਝ ਨਹੀਂ ਸਬ ਹੁਕਮ (ਸਤਿ/ਸੱਚ) ਹੀ ਦਿਸਣਾ। ਸੱਚ ਵੇਖ ਕੇ ਸੱਚ ਵਿੱਚ ਸਮਾਇਆ ਜਾਣਾ। ਇਹ ਸਾਡਾ ਕਰੰਮ (ਇਰਾਦਾ) ਹੈ ਕੇ ਅਸੀਂ ਗਿਆਨ ਦੇ ਕਿਸ ਪੜ੍ਹਾ ਤਕ ਜਾਣਾ ਚਾਹੁੰਦੇ ਹਾਂ। ਕਿਤੇ ਮਾੜਾ ਜਿਹਾ ਅਨੰਦ ਮਿਲਿਆ ਤੇ ਅਟਕਣਾ ਨਹੀਂ ਹੈ। ਮਹਾ ਆਨੰਦ ਦੀ ਅਵਸਥਾ ਤਕ ਸੱਚ ਦੀ ਸੋਝੀ ਤਕ ਪਹੁੰਚਣ ਲਈ ਗੁਰਮਤਿ ਨੂੰ ਆਪਣੇ ਮਨਿ ਦੀ ਮਤਿ ਤਿਆਗ ਪੂਰੇ ਵਿਸ਼ਵਾਸ ਨਾਲ ਵਿਚਾਰਨਾ ਹੈ। ਗੁਰਬਾਣੀ ਵਿੱਚ ਬਹੁਤ ਪ੍ਰਕਾਰ ਦੇ ਉਦਾਹਰਣ ਵਰਤ ਤੇ ਗਲ ਸਮਝਾਈ ਗਈ ਹੈ। ਕੋਈ ਉਦਾਹਰਣ ਵਿੱਚ ਫਸ ਜਾਂਦਾ, ਕੋਈ ਉਦਾਹਰਣ ਦੀ ਵਰਤੋ ਸਮਝ ਕੇ ਗਿਆਨ ਕੀ ਮਿਲ ਰਹਿਆ ਹੈ ਉਸਦੀ ਸੋਝੀ ਦੀ ਵਿਚਾਰ ਕਰਦਾ ਹੈ। ਸੋ ਭਾਈ ਗੁਰਬਾਣੀ ਦੀ ਵਿਚਾਰ ਕਰੋ। ਗੁਰਬਾਣੀ ਨੇ ਜੋ ਸਮਝਾਇਆ ਉਸ ਗਹਿਰਾਈ ਤੱਕ ਪਹੁੰਚੋ। ਜਿੱਥੇ ਗੁਰਬਾਣੀ ਆਖਦੀ ਹੈ। ਬਹੁਤ ਸਾਰੇ ਉਦਾਹਰਣ ਮਿਲਣਗੇ ਇਹੋ ਜਿਹੇ। ਜਿਵੇਂ ਪਹਿਲੀ ਅਵਸਥਾ ਵਿੱਚ ਆਖਦੇ

ਹਰਿ ਗੁਣ ਪੜੀਐ ਹਰਿ ਗੁਣ ਗੁਣੀਐ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ॥

ਇੱਥੇ ਹੁਣ ਪੜਝਨ ਨੂੰ ਆਖ ਰਹੇ ਨੇ, ਸੁਣਨ ਨੂੰ ਆਖ ੲਹੇ ਨੇ। ਪਰ ਅੱਗੇ ਫਿਰ ਇਹ ਵੀ ਆਖਦੇ ਹਨ “ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ਜਉ ਸਹਜ ਨ ਮਿਲਿਓ ਸੋਈ॥”, ਅਤੇ “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥”, ਜੋ ਪੜ੍ਹ ਨਹੀਂ ਰਹਿਆ, ਸੁਣ ਨਹੀਂ ਰਹਿਆ ਉਸਨੂੰ ਪੜ੍ਹਨ ਸੁਣਨ ਨੂੰ ਲਾਇਆ ਜਾ ਰਹਿਆ ਹੈ। ਜਿਹੜਾ ਪੜਹ ਸੁਣ ਰਹਿਆ ਹੈ ਉਸਨੂੰ ਆਖਦੇ ਹਨ ਭਾਈ ਪੜ੍ਹਨ ਸੁਣਨ ਨਾ ਹੀ ਗਲ ਨਹੀਂ ਬਣਨੀ ਗਿਆਨ ਵਿਚਾਰ ਵੀ ਕਰ। ਬੂਝ ਵੀ। ਇੱਦਾਂ ਹੀ ਆਖਦੇ “ਗਾਵੀਐ ਸੁਣੀਐ ਮਨਿ ਰਖੀਐ ਭਾਉ॥” ਇਹ ਪੜ੍ਹ ਕੇ ਕੋਈ ਕੀਰਤਨ ਗਾਇਨ ਤਕ ਹੀ ਸੀਮਿਤ ਹੋ ਜਾਣਾ ਤਾਂ ਉਸਨੂੰ ਆਖਦੇ ਸਾਰਾ ਸੰਸਾਰ ਹੀ ਗਾ ਰਹਿਆ ਹੈ ਹੁਕਮ ਮੰਨ ਕੇ। ਕੇਵਲ ਗਾਉਣ ਨਾਲ ਗਲ ਨਹੀਂ ਬਣਨੀ “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥”।ਇੱਕ ਪਾਸੇ ਆਖਦੇ ਹਨ “ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ॥” ਨਾਮ ਦੀ ਕੀਮਤ ਦੱਸੀ ਨਹੀ ਜਾ ਸਕਦੀ, ਫੇਰ ਦੱਸਦੇ ਵੀ ਹਨ ਕੇ “ਮਨੁ ਦੇ ਰਾਮੁ ਲੀਆ ਹੈ ਮੋਲਿ॥” ਇਸਤੋ ਆਪਾ ਵਿਰੋਧ ਨਹੀਂ ਦਿਸਦਾ ਬਲਕੇ ਦੱਸਿਆ ਜਾ ਰਹਿਆ ਹੈ ਕੇ ਗਿਆਨ ਲਈ ਮਨ ਤੁਆਗਣਾ ਪੈਂਦਾ ਹੋਰ ਕੋਈ ਮੋਲ ਨਹੀਂ ਹੈ। ਸੋ ਭਾਈ ਸਫਰ ਲੰਬਾ ਹੈ, ਬਥੇਰੇ ਪੜ੍ਹਾਵ ਆਉਣੇ ਹਨ, ਕਿਸੇ ਇੱਕ ਪੜ੍ਹਾ ਤੇ ਖੜਨ ਦੀ ਥਾਂ ਨਿਰੰਤਰ, ਲਗਾਤਾਰ, ਅਹਿਨਿਸ (ਹਰ ਵੇਲੇ) ਗਿਆਨ ਵਿਚਾਰ, ਗੁਣਾਂ ਦੀ ਵਿਚਾਰ ਕਰੀ ਚਲ।

Resize text