ਗੁਰਬਾਣੀ ਵਿੱਚ ਰੁੱਤਾਂ
ਗੁਰਬਾਣੀ ਵਿੱਚ ਰੁਤਾਂ ਦੇ ਨਾਮ ਮਹੀਨਿਆਂ ਦੇ ਨਾਮ ਆਉਂਦੇ ਹਨ ਤੇ ਜਦੋਂ ਵੀ ਬਸੰਤ ਰੁੱਤ ਆਉਂਦੀ ਹੈ ਬਸੰਤ ਰੁੱਤ ਦੇ ਵਰਣਨ ਵਾਲੇ ਸ਼ਬਦ ਗਾਏ ਜਾਣ ਲਗਦੇ ਹਨ। ਪਰ ਕਿਆ ਕਿਸੇ ਨੇ ਸੋਚਿਆ ਕੇ ਗੁਰਮਤਿ ਜੋ ਬ੍ਰਹਮ ਦਾ ਗਿਆਨ ਹੈ ਉਸਦਾ ਸੰਸਾਰੀ ਰੁਤਾਂ ਨਾਲ ਕੀ ਲੈਣਾ? ਜੇ ਗੁਰਮਤਿ ਮਨ ਨੂੰ ਆਪਣੀ ਹੋਂਦ ਦਾ ਚੇਤਾ ਕਰਾਉਣ ਲਈ ਹੈ ਤਾਂ ਬਾਹਰਲੀ ਰੁੱਤ ਬਦਲਣ ਨਾਲ ਇਹ ਕਿਵੇਂ ਹੋਣਾ? ਕਿਵੇਂ ਮਨ ਦੇ ਵਿਕਾਰ, ਜਨਮ ਜਨਮ ਦੀ ਮਲ ਬਾਹਰਲੀ ਰੁੱਤ ਬਦਲਣ ਨਾਲ ਖਤਮ ਹੋਣੀ? ਜਦੋਂ ਗੁਰਮਤਿ ਨੇ ਕਹਿਆ ਕੇ “ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥” – ਭਾਵ ਸਬ ਕੁੱਝ ਘਰ (ਘਟ/ ਹਿਰਦੇ) ਵਿੱਚ ਹੀ ਹੈ ਬਾਹਰ ਨਹੀਂ, ਬਾਹਰ ਲੱਭਣ ਵਾਲਾ ਭਰਮ ਵਿੱਚ ਹੈ ਤੇ ਫੇਰ ਰੁੱਤ ਬਾਹਰ ਕਿਵੇਂ ਹੋ ਸਕਦੀ ਹੈ? ਹੋਰ ਵੀ ਉਦਾਹਰਣ ਹਨ ਕੇ ਅੰਦਰ ਲੱਭਣਾ ਹੈ ਬਾਹਰ ਨਹੀਂ, ਜਿਵੇਂ “ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ॥ ਗੁਰਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ॥੧॥”। ਬਾਹਰ ਸੰਸਾਰ ਦੇ ਭਿੰਨ ਹਿੱਸਿਆਂ ਵਿੱਚ ਮਹੀਨੇ ਦੇ ਹਿਸਾਬ ਨਾਲ ਵੱਖਰੀ ਰੁੱਤ ਹੁੰਦੀ ਹੈ ਸੋ ਜੇ ਕਿਤੇ ਮਾਘ ਦੇ ਮਹੀਨੇ ਦਿਸੰਬਰ ਵਿੱਚ ਠੰਡ ਹੁੰਦੀ ਹੈ ਤੇ ਦੂਜੇ ਹਿਸੇ ਵਿੱਚ ਗਰਮੀ ਹੁੰਦੀ ਹੈ। ਜੇ ਮਾਘ ਨੂੰ ਬਾਹਰੀ ਮੰਨਦੇ ਹਾਂ ਤਾਂ ਗੁਰਬਾਣੀ universal truth (ਵਿਸ਼ਵਵਿਆਪੀ ਸੱਚ) ਨਹੀਂ ਰਹਿਣੀ। ਗੁਰਬਾਣੀ ਅਟਲ ਤੇ ਧੁਰ ਕੀ ਬਾਣੀ ਹੈ। ਸਾਡੀ ਸੋਚ ਵਿੱਚ ਕਮੀਂ ਹੋ ਸਕਦੀ ਹੈ। ਬਾਣੀ ਵਿੱਚ ਆਏ ਰੁੱਤਾਂ ਦੇ ਨਾਮ ਤੇ ਭਾਵ ਅੰਦਰੂਨੀ ਅਲੰਕਾਰ ਹਨ। ਮਨ ਦੇ ਗਿਆਨ ਦੀ ਅਵਸਥਾ ਅਲੰਕਾਰ ਰੂਪ ਵਿੱਚ ਦਰਸਾਏ ਹਨ। ਰੁਤਾਂ ਦੇ ਨਾਮ ਨਾਲ ਬੁੱਧ ਦੀ ਬਦਲਦੀ ਅਵਸਥਾ ਨੂੰ ਦਰਸਾਇਆ ਗਿਆ ਹੈ। ਇਸ ਬਾਰੇ ਵਿਚਾਰ ਕਰਾਂਗੇ ਇਸ ਲੇਖ ਵਿੱਚ।
ਰੁੱਤਾਂ ਦਾ ਚੰਦ ਸੂਰਜ ਨਾਲ ਰਿਸ਼ਤਾ
”ਸੂਰਜੁ ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ॥” – ਗੁਰਬਾਣੀ ਸੰਸਾਰੀ ਸੂਰਜ ਨੂੰ ਕਰਤਾ ਨਹੀਂ ਮੰਨਦੀ। ਗੁਰਬਾਣੀ ਵਾਲੇ ਸੂਰਜ ਚੰਦ ਘਟ ਅੰਦਰ ਹੀ ਮੰਨੇ ਹਨ ਗੁਰਬਾਣੀ ਨੇ। ਜੇ ਇਹ ਸਮਝ ਆ ਜਵੇ ਤਾਂ ਗੁਰਮਤਿ ਵਿੱਚ ਦੱਸੀਆਂ ਰੁਤਾਂ ਸੌਖੀਆਂ ਸਮਝ ਆ ਜਾਂਦੀਆਂ ਹਨ। ਸੂਰਜ ਚੰਦ ਘਟ ਭੀਤਰ ਹੀ ਹਨ ਇਸ ਸਪਸ਼ਟ ਹੁੰਦਾ ਹੈ “ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ॥ ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ॥ ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ॥੩॥”। ਇਹ ਹੋਰ ਵੀ ਸਪਸ਼ਟ ਦੱਸਿਆ ਭਗਤ ਕਬੀਰ ਜੀ ਨੇ “ਚੰਦੁ ਸੂਰਜੁ ਦੁਇ ਜੋਤਿ ਸਰੂਪੁ॥ ਜੋਤੀ ਅੰਤਰਿ ਬ੍ਰਹਮੁ ਅਨੂਪੁ॥੧॥”। ਚੰਦ ਤੇ ਸੂਰਜ ਦੋਵੇਂ ਜੋਤ ਸਰੂਪ ਹਨ। ਘਟ ਅੰਦਰ ਜਦੋਂ ਗੁਰਮਤਿ ਗਿਆਨ ਹੈ ਤਾਂ ਸੂਰਜ ਪ੍ਰਕਾਸ਼ਮਾਨ ਹੈ ਤੇ ਜੇ ਅਗਿਆਨਤਾ ਦਾ ਹਨੇਰਾ ਹੈ ਪਰ ਸੂਰਜ ਤੋਂ ਮਨ ਰੋਸ਼ਨੀ ਲੈਕੇ ਗੁਰਮਤਿ ਗਿਆਨ ਗ੍ਰਹਣ ਕਰ ਰਹਿਆ ਤਾਂ ਚੰਦ। ਨਾਨਕ ਪਾਤਿਸ਼ਾਹ ਦੀ ਬਾਣੀ ਵਿੱਚ ਵੀ ਇਹੀ ਸਪਸ਼ਟ ਹੁੰਦਾ ਕੇ ਚੰਦ ਸੂਰਜ ਘਟ ਅੰਦਰ ਹੀ ਹਨ “ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ॥੬॥” ਅਤੇ “ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ॥ ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ॥੨॥”। ਨਾਨਕ ਪਾਤਿਸ਼ਾਹ ਆਖਦੇ “ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ॥” – ਤੇ ਫੇਰ ਵਿਚਾਰਨ ਵਾਲੀ ਗਲ ਹੈ ਕੇ ਸੰਸਾਰੀ ਸੂਰਜ ਚੜਦਿਆਂ ਕਿਸਦੀ ਆਰਜਾ ਘਟੀ ਅੱਜ ਤਕ? ਜਿਹੜਾ ਸੂਰਜ ਘਟ ਅੰਦਰਲਾ ਉਦੈ ਹੁੰਦਾ ਰਾਮਦਾਸ ਪਾਤਿਸ਼ਾਹ ਜੀ ਮਹਾਰਾਜ ਆਖਦੇ “ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ॥ ਸਾਧੂ ਸਾਧ ਮਿਲੇ ਰਸੁ ਪਾਵੈ ਤਤੁ ਨਿਜ ਘਰਿ ਬੈਠਿਆ ਪੀਜੈ॥” – ਘਟ ਅੰਦਰਲਾ ਰਾਮ, ਹਰਿ, ਠਾਕੁਰ, ਪ੍ਰਭ ਹੀ ਸੂਰਜ ਹੈ। ਅਸੀਂ ਪਹਿਲਾ ਵਿਚਾਰ ਚੁੱਕੇ ਹਾਂ ਕੇ ਧਰਤੀ ਬੁੱਧ ਹੈ ਮਾਤਾ ਹੈ। ਨਾਮ (ਸੋਝੀ) ਦੀ ਖੇਤੀ ਇਸ ਬੁੱਧ ਰੂਪੀ ਧਰਤੀ ਤੇ ਹੁੰਦੀ ਹੈ “ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥ ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ॥੧॥”। ਅੰਮ੍ਰਿਤ (ਗੁਰਮਤਿ) ਗਿਆਨ ਦਾ ਪਾਣੀ (ਪਿਤਾ/ਸੰਤੋਖ – “ਮਾਤਾ ਮਤਿ ਪਿਤਾ ਸੰਤੋਖੁ॥” ਅਤੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥”) ਪੈਂਦਾ ਤੇ ਇਸ ਸੂਰਜ ਦੀ ਕਿਰਣਾਂ ਪੈਣ ਨਾਲ ਘਟ ਅੰਦਰ ਰੁਤ ਬਦਲਦੀ ਹੈ ਤੇ ਸੰਤੋਖ ਦਾ ਰੁੱਖ ਲਗਦਾ ਜਿਸ ਉੱਤੇ ਧਰਮ (ਨਾਮ/ਸੋਝੀ) ਦਾ ਫੁਲ ਫਲ ਲਗਦੇ ਪ੍ਰਮਾਣ “ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ॥”, “ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ॥”, “ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ॥ ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ॥ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ॥”।
“ਤਨੁ ਮਨੁ ਖੋਜਿ ਘਰੈ ਮਹਿ ਪਾਇਆ॥ ਗੁਰਮੁਖਿ ਰਾਮ ਨਾਮਿ ਚਿਤੁ ਲਾਇਆ॥੨॥ ਗਿਆਨ ਅੰਜਨੁ ਸਤਿਗੁਰ ਤੇ ਹੋਇ॥ ਰਾਮ ਨਾਮੁ ਰਵਿ ਰਹਿਆ ਤਿਹੁ ਲੋਇ॥੩॥ ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ॥ ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ॥“
ਗੁਰਬਾਣੀ ਵਿੱਚ ਦੱਸੀਆਂ ਰੁਤਾਂ
ਜਿਤਨੀਆਂ ਵੀ ਰੁੱਤਾਂ ਦੇ ਨਾਮ ਆਏ ਹਨ ਗੁਰਮਬਾਣੀ ਵਿੱਚ ਇਹ ਘਟ ਅੰਦਰਲੀ ਅਵਸਥਾ ਦਾ ਵਰਣਨ ਕਰਦੀਆਂ ਹਨ। ਘਟ ਅੰਦਰਲੀ ਅਵਸਥਾ ਦਰਸਾਉਂਦੀਆਂ ਹਨ। ਇਹਨਾਂ ਨੂੰ ਵਿਚਾਰਨ ਤੋਂ ਪਹਿਲਾਂ ਸਪਸ਼ਟ ਹੋਣਾ ਚਾਹੀਦਾ ਹੈ ਕੇ ਗੁਰਮਤਿ ਦਾ ਫੁਰਮਾਨ ਹੈ ਬਿਨਾਂ ਗੁਣ ਹਾਸਿਲ ਕੀਤੇ ਭਗਤੀ ਨਹੀਂ ਹੋ ਸਕਦੀ “ਵਿਣੁ ਗੁਣ ਕੀਤੇ ਭਗਤਿ ਨ ਹੋਇ॥” ਤੇ “ਮਨ ਮਾਰੇ ਬਿਨੁ ਭਗਤਿ ਨ ਹੋਈ॥੨॥” ਸੋ ਭਾਵ ਹੈ ਜਿਵੇਂ ਜਿਵੇਂ ਗੁਣ ਹਾਸਿਲ ਹੁੰਦੇ ਹਨ ਮਨ ਕਾਬੂ ਹੁੰਦਾ ਹੈ ਤੇ ਘਟ ਅੰਦਰਲੀ ਰੁੱਤ ਬਦਲਦੀ ਹੈ। ਖਾਸ ਗਲ ਇਹ ਹੈ ਕੇ “ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ॥” – ਸੋ ਸੰਸਾਰੀ ਵੇਲਾ ਵਖਤ ਵਿਚਾਰ ਕੇ ਭਗਤੀ ਨਹੀਂ, ਹੁੰਦੀ ਮਨ ਨਹੀਂ ਮਰਦਾ। ਸੋ ਸੰਸਾਰੀ ਮਾਘ, ਪੋਵ, ਚੇਤ, ਅੱਸੂ ਆਦੀ ਨਾਲ ਭਗਤੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਨਾ ਹੀ ਸੰਸਾਰੀ ਰੁਤਾਂ ਬਦਲਣ ਨਾਲ ਗੁਰਮਤਿ ਗਿਆਨ ਵਿੱਚ ਵਾਧਾ ਜਾਂ ਘਾਟਾ ਹੁੰਦਾ “ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥”। ਸੋ ਅੱਜ ਮੱਸਿਆ ਹੈ, ਅੱਜ ਪੂਰਨ ਮਾਸੀ ਹੈ, ਅੱਜ ਇਹ ਖਾਸ ਦਿਨ ਹੈ, ਇਹ ਸਬ ਅਡੰਬਰ ਪਖੰਡ ਹਨ ਥਿਤ ਵਾਰ ਨਾਲ ਜੋਗੀ ਨੂੰ ਕੋਈ ਮਤਲਬ ਨਹੀਂ। ਇਹਨਾਂ ਦਾ ਗੁਰਮਤਿ ਨਾਲ ਕੋਈ ਰਿਸ਼ਤਾ ਨਹੀਂ ਹੈ। ਇਹ ਬਸ ਲੋਕਾਂ ਨੂੰ ਗੋਲਕ ਵੱਲ ਖਿੱਚਣ ਲਈ ਪਾਂਡੇ ਦੇ ਬਣਾਏ ਹੋਏ ਬਹਾਨੇ ਹਨ। ਜੇ ਹੁਣ ਵੀ ਸ਼ੰਕਾ ਬਾਕੀ ਹੋਵੇ ਤਾਂ ਵੇਖੋ
”ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ॥ ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ॥ ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ॥”
”ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ॥ ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ॥”
”ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥੧॥”
”ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ॥ ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ॥ ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ॥ ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ॥ ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ॥੧੨॥”
”ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ॥ ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ॥੨॥”
ਸੰਸਾਰੀ ਰੁਤਾਂ ਮਹੀਨੇ ਬਦਲਦੇ ਰਹਿਣੇ ਆਵਾ ਗਵਨ ਲੱਗਿਆ ਰਹਿਣਾ ਪਰ ਘਟ ਭੀਤਰ ਦੀਆਂ ਰੁੱਤਾਂ ਦੀ ਵਿਚਾਰ ਵਿਰਲਾ ਕਰਦਾ “ਪੰਦ੍ਰਹ ਥੀਂਤੀ ਤੈ ਸਤ ਵਾਰ॥ ਮਾਹਾ ਰੁਤੀ ਆਵਹਿ ਵਾਰ ਵਾਰ॥ ਦਿਨਸੁ ਰੈਣਿ ਤਿਵੈ ਸੰਸਾਰੁ॥ ਆਵਾ ਗਉਣੁ ਕੀਆ ਕਰਤਾਰਿ॥ ਨਿਹਚਲੁ ਸਾਚੁ ਰਹਿਆ ਕਲ ਧਾਰਿ॥ ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ॥”
”ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ॥ ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ॥ ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ॥ ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ॥ ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ॥ ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ॥੨॥”
”ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ॥ ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ॥੫॥”
“ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ॥ ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ॥੧॥”
”ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ॥ ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ॥੩॥ ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ॥ ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ॥”
”ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ॥ ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ॥੧੦੨॥”
ਜੇਠ
“ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ॥ ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ॥ ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ॥ ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ॥ ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ॥ ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ॥੩॥” – ਜੇਠ ਦਾ ਮਹੀਨਾਂ ਗਰਮੀ ਨਾਲ ਸੰਬੰਧ ਰੱਖਦਾ ਹੈ। ਜਦੋਂ ਬੁੱਧ ਹਰਿ ਦੇ ਪ੍ਰੇਮ ਬਿਛੋੜੇ ਨੂੰ ਸਮਝਣ ਲਗਦੀ, ਰਾਮ (ਜੋਤ) ਬਾਰੇ ਜਾਣਦੀ ਹੈ ਪਰ ਉਸਨੂੰ ਦਿਸਦਾ ਨਹੀਂ, ਇਹ ਸਮਝ ਆ ਜਾਂਦੀ ਹੈ ਕੇ ਉਹ ਦੁਹਾਗਣ ਹੈ ਗੁਰਮਤਿ ਗਿਆਨ, ਗੁਣਾਂ ਦੀ, ਨਾਮ ਦੀ ਸੋਝੀ ਤੋਂ ਵਾਂਝੀ ਹੈ। ਫੇਰ ਬੁੱਧ (ਸੀਤਾ) ਰਾਮ ਲਈ ਇੰਜ ਤੜਫਦੀ ਹੈ ਜਿਵੇਂ ਜਲ ਬਿਨ ਮਛੁਲੀ। ਬਿਨਤੀ ਕਰਦੀ ਹੈ ਕੇ ਆਪਣੀ ਓਟ ਵਿੱਚ ਲੈ ਤੇ ਰੱਖ ਤਾਂ ਕੇ ਜਿਸ ਕੰਮ ਲਈ ਜਨਮ ਹੋਇਆ ਹੈ ਪੂਰਨ ਹੋ ਸਕੇ।
”ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ॥ ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥ ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥ ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥ ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ॥ ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ॥੭॥” – ਜੇਠ ਬੁਧ ਦੀ ਘਟ ਦੀ ਅਵਸਥਾ ਹੈ ਜਿੱਥੇ ਪ੍ਰੀਤਮ ਬਿਸਰਿਆ ਹੋਇਆ ਹੈ। ਬੁਧ ਅਵਗੁਣਾਂ ਦੀ ਅੱਗ ਵਿੱਚ ਤਪ ਰਹੀ ਹੈ।
ਆਸਾੜ
ਆਸਾੜ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਦੋਂ ਬੁੱਧ ਵਿੱਚ ਆਸਾਂ ਦਾ ਹੜ੍ਹ ਹੋਵੇ। ਜੇ ਗੁਰਮਤਿ ਗਿਆਨ ਤੋਂ ਮੁਨਕਰ ਹੈ ਤਾਂ ਦੁਨਿਆਵੀ ਪਦਾਰਥਾਂ ਦੀ ਇੱਛਾ/ਆਸ ਦਾ ਹੜ੍ਹ ਹੈ। ਜੇ ਗਿਆਨ ਲੈਣ ਦੀ ਇੱਛਾ ਹੈ ਤਾਂ ਮਾਇਆ ਅਤੇ ਗਿਆਨ ਦੋਹਾਂ ਦੀ ਇੱਛਾ ਹੈ, ਮੁਕਤੀ ਤੇ ਦਰਗਾਹੀ ਰਾਜ ਦੀ ਇੱਛਾ ਦਾ ਹੜ੍ਹ ਹੈ। ਜੇ ਸਤਜੁਗੀ ਹੈ, ਤੇ ਕੇਵਲ ਨਾਮ ਦੀ ਆਸ ਦਾ ਹੜ੍ਹ ਹੈ। ਜੁਗਾਂ ਦੀ ਵਿਚਾਰ ਲਈ ਵੇਖੋ “ਗੁਰਬਾਣੀ ਵਿੱਚ ਜੁਗ”। ਦਾਸ ਨੇ, ਗੁਰਮੁਖ ਨੇ ਕੇਵਲ ਨਾਮ ਦੀ ਆਸ ਰੱਖਣੀ ਹੈ, ਅੰਤ ਉਹ ਵੀ ਤਿਆਗ ਦਿੰਦਾ।
”ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥ ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ॥ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥੫॥” – ਗੁਰਬਾਣੀ ਦਾ ਫੁਰਮਾਨ ਹੈ, ਆਸਾੜ (ਆਸਾ ਦਾ ਹੜ) ਤਪੰਦਾ ਉਸ ਨੂੰ ਲਗਦਾ ਹੈ ਜਿਸ ਕੋਲ ਹਰਿ ਦਾ ਨਾਮ ਹਰਿ ਰਸ ਨਹੀਂ ਹੈ। ਹਰਿ ਬਾਰੇ ਹੋਰ ਜਾਨਣ ਲਈ ਵੇਖੋ “ਹਰਿ”। ਜਗ ਜੀਵਨ ਪੁਰਖ ਨੂੰ ਛੱਡ ਕੇ ਬਸ ਦੁਨਿਵੀ ਪਦਾਰਥਾਂ ਦੀ ਆਸ ਮਗਰ ਲੱਗਿਆ ਰਹਿੰਦਾ। ਜੇ ਗੁਰਮਤਿ ਛੱਡ ਕੇ ਦੂਜੇ ਭਾਏ (ਮਾਇਆ ਦੇ ਮਗਰ) ਲੱਗਿਆ ਤਾਂ ਹੀ ਇਸਦੇ ਗਲੇ ਵਿੱਚ ਜਮ (ਵਿਕਾਰਾਂ) ਦਾ ਫਾਹਾ ਹੈ। ਜਿਹੋ ਜਿਹੀ ਆਸ ਰੱਖਦਾ ਹੈ ਉਹੀ ਫਲ ਪ੍ਰਾਪਤ ਹੋਣਾ। ਪੂਰਾ ਜੀਵਨ ਅਗਿਆਨਤਾ ਦੀ ਰਾਤ ਵਿੱਚ ਬਤੀਤ ਕਰਦਾ।
“ਆਸਾੜੁ ਭਲਾ ਸੂਰਜੁ ਗਗਨਿ ਤਪੈ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥ ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥ ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥੮॥” – ਆਸਾਂ ਦੇ ਹੜ੍ਹ ਵਿੱਚ ਵੀ ਸੂਰਜ (ਹਰਿ/ਠਾਕੁਰ) ਗਗਨ ਵਿੱਚ ਤਪ ਰਹਿਆ ਹੈ ਕਿਉਂਕੇ ਸੂਰਜੁ ਆਪ ਹੀ ਜੋਤ ਸਰੂਪ ਹੈ ਇਹ ਆਪਣੀ ਤਪੀਸ ਵਿੱਚ ਹੀ ਧਰਤੀ (ਬੁੱਧ) ਨੂੰ ਤਪਿਸ਼ ਨਾਲ ਦੁਖ ਦਿੰਦਾ ਹੈ ਆਸਾਂ ਸੋਖ ਦਿੰਦਾ ਹੈ। ਧਰਤੀ (ਬੁਧ) ਗਿਆਨ ਲੈਣ ਦੀ ਕੋਸ਼ਿਸ਼ ਵਿੱਚ ਹਾਰੇ ਨਾ। ਰਥ ਸਮਝਣ ਲੲੳਿ ਪਹਿਲਾਂ ਜੁਗ ਸਮਝਣੇ ਪੈਣੇ। ਜੁਗਾਂ ਦੀ ਵਿਚਾਰ ਲਈ ਵੇਖੋ “ਗੁਰਬਾਣੀ ਵਿੱਚ ਜੁਗ”। ਮਨ ਦੀ ਅਵਸਥਾ ਜਾਂ ਜੁਗ ਕਾਰਣ ਜੇ ਮਨ ਦੀ ਅਵਸਥਾ ਸਤਿਜੁਗੀ ਹੈ ਤਾਂ “ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ॥” ਜੇ ਤ੍ਰੇਤੇ ਵਿੱਚ ਹੈ ਤਾਂ “ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ॥” ਜਾਂ “ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ॥”, ਇਹ ਰਥ ਗਿਆ। ਦੇ ਰੁਖ ਦੀ ਛਾਂ ਲੱਭ ਲੈਂਦਾ ਹੈ।
ਸਾਵਣ
“ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥ ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥ ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ॥ ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ॥ ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ॥ ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ॥੯॥” – ਘਟ ਅੰਦਰਲੇ ਸਾਵਣ (ਅੰਮ੍ਰਿਤ ਦੀ ਵਰਖਾ) ਦੀ ਰੁਤ ਵਿੱਚ ਤੱਪਦੀ ਧਰਤੀ (ਬੁੱਧ) ਵਿੱਚ ਹੁਣ ਗਿਆਨ ਦੀ ਬੂੰਦਾਂ ਪੈਣ ਲੱਗੀਆਂ ਹਨ। ਹਰਿ ਦੀ ਪ੍ਰਾਪਤੀ ਵਿੱਚ ਨੀਂਦ ਭੁੱਖ ਸਬ ਮੁੱਕ ਗਈ ਹੈ। ਹਜੇ ਪਿਰ ਨਹੀਂ ਦਿਖਿਆ ਪਰ। ਬੁੱਧ ਪਿਰ ਦੇ ਆਗਮਨ ਦੀ ਦਾਮਿਨ (ਬਿਜਲੀ ਕੜਕਣ) ਦੀ ਆਵਾਜ਼ ਨਾਲ ਭੈ ਵਿੱਚ ਆਉਂਦੀ ਹੈ। ਬਸ ਹਰਿ/ਰਾਮ/ਠਾਕੁਰ/ਪ੍ਰਭ ਦੇ ਮਿਲਣ ਦੀ ਇੱਛਾ ਹੇ। ਕੱਪੜ ਰੂਪ ਸੁਹਾਵਨਾ, ਭਾਵ ਦੇਹੀ ਵਲ ਧਿਆਨ ਨਹੀਂ ਹੈ ਹੁਣ। ਇਸ ਅੰਮ੍ਰਿਤ ਗਿਆਨ ਦੀ ਵਰਖਾ ਨਾਲ ਪਿਰ ਪ੍ਰਭ ਵਿੱਚ ਸਮਾਉਣ ਦੀ ਇੱਛਾ ਸੁਹਾਗਣ (ਬੁੱਧ) ਨੂੰ ਪ੍ਰਾਪਤ ਹੋ ਰਹੀ ਹੈ।
ਭਾਦੋਂ / ਭਾਦਉ
“ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ॥ ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥ ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥ ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥ ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ॥੧੦॥” – ਇਹ ਗਿਆਨ ਦੀ ਮੇਘ ਦੀ ਅਵਸਥਾ ਹੈ ਜਦੋਂ ਘਟ ਅੰਦਰਲੇ ਗਗਨ ( ਅਨੰਤ ਇੱਛਾ ਦੀ ਹੋਂਦ) ਵਿੱਚ ਅੰਮ੍ਰਿਤ ਦੇ ਬੱਦਲ ਕੱਠੇ ਹੋ ਰਹੇ ਨੇ। ਇਸ ਗਿਆਨ ਕਾਰਣ ਆਸਾਂ ਦਾ ਹੜ੍ਹ ਘਟਦਾ ਜਾਂਦਾ ਤੇ ਤਪਿਸ਼ ਘਟ ਜਾਂਦੀ। ਸੋਝੀ ਆਉਣੀ ਸ਼ੁਰੂ ਹੋ ਰਹੀ ਹੈ ਤੇ ਕਿਤੇ ਕਿਤੇ ਵਿਕਾਰਾਂ ਦੇ ਮੱਛਰ ਹਜੇ ਵੀ ਡੰਗ ਮਾਰਦੇ ਹਨ। ਹਰਿ ਨੂੰ ਪ੍ਰਾਪਤ ਕਰਨ ਦੀ ਇੱਛਾ ਪ੍ਰਬਲ ਹੈ ਪਰ ਹਜੇ ਹਰਿ ਮਿਲਿਆ ਨਹੀਂ ਹੈ। ਹੁਣ ਬੁੱਧ ਆਪਣੇ ਪੂਰੇ ਜੋਬਨ ਤੇ ਹੈ। ਜਲ ਜਦੋਂ ਥਲ (ਧਰਤੀ) ਤੇ ਪੈਂਦਾ ਹੈ ਹੁਣ ਪੂਰੇ ਗਿਆਨ ਦਾ ਰੰਗ ਮਾਣਦੀ ਹੈ। ਇੱਥੇ ਹੁਣ ਗਿਆਨ ਤੋਂ ਪ੍ਰਾਪਤ ਗੁਣਾਂ ਦੇ ਮੋਰ ਨੱਚਦੇ ਹਨ। ਜਿਹੜਾ ਬਬੀਹਾ/ ਚਾਤ੍ਰਿਕ ਹੁਣ ਅੰਮ੍ਰਿਤ ਲਈ ਤਰਸਦਾ ਸੀ ਹੁਣ ਖੁਸ਼ ਹੈ। ਕੁਝ ਵਿਕਾਰ ਰੂਪੀ ਭੁਇਅੰਗਮ ਹਜੇ ਵੀ ਫਿਰਦੇ ਹਨ ਤੇ ਵਿੱਚ ਵਿੱਚ ਡਸਦੇ ਹਨ।
ਅੱਸੂ
”ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ॥ ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ॥ ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥ ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ॥ ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ॥ ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ॥੧੧॥” – ਹੁਣ ਗਿਆਨ ਤਾਂ ਹੈ ਪਰ ਮਾਇਆ ਛੱਡਣ ਦਾ ਡਰ ਵੀ ਨਾਲ ਹੈ। ਬੁਧ ਹੁਣ ਸਹਿਜ ਅਵਸਥਾ ਵਿੱਚ ਆ ਰਹੀ ਹੈ ਤਾਂ ਕੇ ਜਿਹੜਾ ਗਿਆਨ ਦਾ ਬਿਰਖ ਲੱਗਿਆ ਹੈ ਉਸ ਉੱਤੇ ਮੀਠੇ ਗੁਣਾਂ ਦੇ ਫੁੱਲ ਫਲ ਲਗ ਸਕਣ।
ਕੱਤਕ
“ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ॥ ਦੀਪਕੁ ਸਹਜਿ ਬਲੈ ਤਤਿ ਜਲਾਇਆ॥ ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ॥ ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ॥ ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ॥ ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ॥੧੨॥” – ਕੱਤਕ ਰੂਲ ਸਕੇਤਕ ਹੈ ਕੇ ਕਿਰਤ ਪ੍ਰਾਪਤ ਹੋ ਰਹੀ ਹੈ ਹੁਕਮ ਵਿੱਚ, ਜੋ ਪ੍ਰਭ ਨੂੰ ਭਾ ਰਹਿਆ ਹੈ ਉਹ ਸਮਝ ਆ ਰਹੀ ਹੈ। ਸਹਿਜ ਦਾ ਦੀਪਕ ਤੱਤ ਗਿਆਨ ਦਾ ਦੀਪਕ ਜਲ ਗਿਆ ਹੈ। ਨਾਮ (ਸੋਝੀ) ਦੇ ਧਨ ਦੀ ਪ੍ਰਾਪਤੀ ਹੋ ਰਹੀ ਹੈ ਜਿਸ ਨਾਲ ਅਵਗਣ ਖਤਮ ਹੋ ਰਹੇ ਹਨ। ਹੁਣ ਨਿੱਜ ਘਰ ਵਿੱਚ ਬਹਿ ਕੇ ਭਗਤੀ ਸ਼ੁਰੂ ਹੋ ਰਹੀ ਹੈ ਸਹਿਜ ਨਾਲ। ਇੱਥੇ ਆਸ ਹੈ ਕੇ ਕਪਟ ਦਰ ਖੁੱਲ ਜਾਣਗੇ ਤੇਬਪ੍ਰਭ ਦੇ ਦਰਸ਼ਨ ਹੋਣਗੇ।
ਮੱਘਰ
“ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ॥ ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ॥ ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ॥ ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ॥ ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ॥ ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ॥” – ਮੱਘਰ ਰੁਤ ਹੈ ਜਦੋਂ ਸ਼ੀਤਲ ਹਰਿ ਭਾਵ ਗੁਣ ਪ੍ਰਗਟ ਹੋ ਗਏ। ਹਰਿ ਕਾ ਨਾਮ ਧਿਆਨ ਵਿਛ ਰੱਖ ਕੇ ਘਟ ਹਰਿਆ ਹੋ ਗਿਆ। ਅਸਾੜ (ਆਸਾਂ ਦੇ ਹੜ੍ਹ) ਦੀ ਤਪਤ ਪੂਰੀ ਬੁਝ ਗਈ। ਮਾਇਆ ਦੇ ਮੋਹ, ਵਿਕਾਰ ਮੁੱਕ ਗਏ। ਸਾਰੇ ਕੰਮ ਪੂਰੇ ਹੋ ਗਏ ਜਦੋਂ ਹਜ਼ੂਰ ਦੇ ਦਰਸ਼ਨ ਘਟ ਵਿੱਚ ਹੋ ਗਏ। ਭਾਓ ਭਗਤੀ ਨਾਲ ਗੋਵਿੰਦ ਬਾਛਤ ਭਾਵ ਇੱਛਾ ਪੂਰੀ ਹੋਈ ਤੇ ਹੁਣ ਜਮ ਦਾ ਡਰ ਨਹੀਂ। ਹੁਣ ਇਹੀ ਆਸ ਹੈ ਕੇ ਪਿਰ ਹੁਣ ਵਿਛੜੇ ਨਾ।
”ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ॥ ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ॥ ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ॥ ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ॥ ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ॥ ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ॥੧੩॥” – ਮੱਘਰ ਭਲਾ ਕਿਉਂਕੇ ਹਰਿ ਦੇ ਗੁਣਾਂ ਵਿੱਚ ਸਮਾ ਗਈ ਬੁੱਧ, ਗੁਣਵੰਤੀ ਹੋ ਗਈ ਹੈ, ਪਿਰ ਨੂੰ ਭਾ ਗਈ ਹੈ। ਗਿਆਨ ਧਿਆਨ ਵਿੱਚ ਸਮਾਈ ਹੋਈ ਹੈ।
ਪੋਹ
”ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ॥ ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ॥ ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰਸਬਦੀ ਰੰਗੁ ਮਾਣੀ॥ ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥ ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ॥ ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ॥੧੪॥” – ਜਿਵੇਂ ਜਿਵੇਂ ਨਾਮ (ਸੋਝੀ) ਪ੍ਰਾਪਤ ਹੋ ਰਹੀ ਹੈ ਸਾਰੇ ਜੀਵਾਂ ਵਿੱਚ ਏਕ ਜੋਤ ਦਿਸਦੀ। ਹਰਿ ਦੇ ਨਾਲ ਪ੍ਰੀਤ ਦਾ ਸੁਨੇਹਾ ਭੇਜਿਆ ਜਾ ਰਹਿਆ ਹੈ।
ਮਾਘ
”ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ॥ ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ॥ ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ॥ ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ॥ ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ॥ ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ॥੧੫॥” – ਇੱਥੇ ਹੁਣ ਸਮਝ ਅਤ ਰਹਿਆ ਹੈ ਕੇ ਤੀਰਥ ਬਾਹਰ ਨਹੀਂ ਹਨ। ਤੀਰਥ ਅੰਦਰ ਹੀ ਜਾਣਿਆ। ਇਹ ਭੇਦ ਸਮਝ ਆ ਗਿਆ ਕੇ “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥”। ਗੰਗਾ ਜਮੁਨਾ, ਬੇਣੀ ਸੰਗਮ ਸਬ ਭੀਤਰ ਹੀ ਹੈ। ਇਹੀ ਸਾਰਾ ਗਿਆਨ ਲੈਕੇ ਮੇਰੇ ਅਠਸਠ ਤੀਰਥ ਘਟ ਵਿੱਚ ਹੀ ਹੋ ਗਏ ਹਨ।
ਹਿਮਕਰ
”ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ॥ ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ॥ ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ॥ ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ॥ ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ॥ ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ॥੭॥” – ਹਿਮਕਰ ਰੁਤ ਜਦੋਂ ਹਿਮ (ਬਰਫ) ਵਰਗੀ ਠੰਡ ਬੁਧ ਵਿੱਚ ਹੀ ਪੈਂਦੀ ਹੈ। ਬੁਧ ਹੀ ਹੇਮ ਦਾ ਕੁੰਟ ਬਣ ਜਾਂਦਾ ਹੈ ਜਿੱਥੇ ਬਹਿ ਕੇ ਧਿਆਨ ਨਾਮ (ਸੋਝੀ) ਦੀ ਅਰਾਧਨਾ ਹੁੰਦੀ। ਬਾਹਰੀ ਸਰੀਰ ਦੀਆਂ ਅੱਖਾ ਬੰਦ ਕਰਕੇ ਧਿਆਨ ਲੌਣ ਨੂੰ ਗੁਰਮਤਿ ਭਗਤੀ ਨਹੀਂ ਮੰਨਦੀ। ਗੁਰਮਤਿ ਗਿਆਨ ਤਾਂ ਦੇਹੀ ਦੇ ਸੋਝੀ ਦੇ ਨੇਤ੍ਰ ਖੋਲ ਦਿੰਦੀ। ਬੁੱਧ ਤੇ ਗੁਣ ਪ੍ਰਭ ਦੀ ਭਗਤੀ ਕਰਦੇ ਹਨ ਗੁਣਾਂ ਨੂੰ ਧਿਆਨ ਰੱਖ ਕੇ।
ਫੱਗਣ
“ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ॥ ਅਨਦਿਨੁ ਰਹਸੁ ਭਇਆ ਆਪੁ ਗਵਾਇਆ॥ ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ॥ ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ॥ ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ॥ ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ॥੧੬॥” – ਗੁਣਾ ਦਾ ਫਲ ਪ੍ਰਾਪਤ ਕਰਕੇ ਮਨ ਪ੍ਰੇਮ ਵਿੱਚ ਸਹਜ ਸੁਭਾਏ ਹਮੇਸ਼ਾ ਰਹਿੰਦਾ ਹੈ। ਆਪ ਗਵਾਇਆ ਜਾਂਦਾ ਹੈ। ਮੈਂ ਮੁੱਕ ਜਾਂਦੀ। ਸੀਸ ਗੁਣਾਂ ਨੂੰ ਭੇਂਟ ਹੋ ਜਾਂਦਾ। ਮਨ ਦੇ ਮੋਹ ਖਤਮ ਹੋ ਜਾਂਦੇ ਹਨ।
”ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ॥ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ॥ ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ॥ ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ॥ ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ॥”
ਚੇਤ
”ਮਨ ਅਪੁਨੇ ਮਹਿ ਫਿਰਿ ਫਿਰਿ ਚੇਤ॥ ਬਿਨਸਿ ਜਾਹਿ ਮਾਇਆ ਕੇ ਹੇਤ॥ ਹਰਿ ਅਬਿਨਾਸੀ ਤੁਮਰੈ ਸੰਗਿ॥ ਮਨ ਮੇਰੇ ਰਚੁ ਰਾਮ ਕੈ ਰੰਗਿ॥੪॥” – ਇਹ ਹੁਣ ਚੇਤੇ ਰੱਖਣ ਦੀ ਗਲ ਹੈ। ਨਾ ਡੋਲਣ ਦੀ ਅਵਸਥਾ।
”ਰੇ ਚਿਤ ਚੇਤਿ ਚੇਤ ਅਚੇਤ॥ ਕਾਹੇ ਨ ਬਾਲਮੀਕਹਿ ਦੇਖ॥ ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ॥੧॥” – ਚਿਤ ਵਿੱਚ ਚੇਤੇ ਰੱਖ ਉਸ ਅਚੇਤ ਨੂੰ ਜੋ ਆਪ ਅਚੇਤ ਹੈ। ਪਤਾ ਨਹੀਂ ਕਿਉਂ ਬਾਲਮੀਕੀ ਨੇ ਚੇਤੇ ਨਹੀਂ ਰੱਖਿਆ ਨਾ ਦੇਖਿਆ। ਹੋਰ ਕੀ ਕੀ ਚੇਤੇ ਰੱਖਣਾ?
”ਚੇਤ ਰੇ ਚੇਤ ਅਚੇਤ ਮਹਾ ਪਸੁ ਕਾਹੂ ਕੇ ਸੰਗਿ ਚਲੀ ਨ ਹਲੀ ਹਉ॥”
”ਰਾਜ ਕੇ ਸਾਜ ਕੋ ਕਉਨ ਗੁਮਾਨ ਨਿਦਾਨ ਜੁ ਆਪਨ ਸੰਗ ਨ ਜੈ ਹੈ॥ ਭਉਨ ਭੰਡਾਰ ਭਰੇ ਘਰ ਬਾਰ ਸੁ ਏਕ ਹੀ ਬਾਰ ਬਿਗਾਨ ਕਹੈ ਹੈ॥ ਪੁਤ੍ਰ ਕਲਤ੍ਰ ਸੁ ਮਿਤ੍ਰ ਸਖਾ ਕੋਈ ਅੰਤਿ ਸਮੈ ਤੁਹਿ ਸਾਥ ਨ ਦੈ ਹੈ॥ ਚੇਤ ਰੇ ਚੇਤ ਅਚੇਤ ਮਹਾ ਪਸੁ ਸੰਗ ਬੀਯੋ ਸੋ ਭੀ ਸੰਗ ਨ ਜੈ ਹੈ॥੧੬੧॥”
”ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ॥੧੯॥”
”ਫੋਕਟ ਕਰਮ ਦ੍ਰਿੜਾਤ ਕਹਾ ਇਨ ਲੋਗਨ ਕੋ ਕੋਈ ਕਾਮ ਨ ਐ ਹੈ॥ ਭਾਜਤ ਕਾ ਧਨ ਹੇਤ ਅਰੇ ਜਮ ਕਿੰਕਰ ਤੇ ਨਹ ਭਾਜਨ ਪੈ ਹੈ॥ ਪੁਤ੍ਰ ਕਲਿਤ੍ਰ ਨ ਮਿਤ੍ਰ ਸਬੈ ਊਹਾ ਸਿਖ ਸਖਾ ਕੋਊ ਸਾਖ ਨ ਦੈ ਹੈ॥ ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰ ਇਕੇਲੋ ਈ ਜੈ ਹੈ॥੩੨॥”
ਬਸੰਤ
”ਨਾਨਕ ਤਿਨਾ ਬਸੰਤੁ ਹੈ ਜਿਨੑ ਘਰਿ ਵਸਿਆ ਕੰਤੁ॥ ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ॥੨॥” – ਜਿਨਾਂ ਦੇ ਘਰ (ਘਟ/ਹਿਰਦੇ) ਵਿੱਚ ਕੰਤ ਭਾਵ ਹਰਿ/ਰਾਮ/ਠਾਕੁਰ/ਪ੍ਰਭ, ਵਸਿਆ ਹੈ ਉਹਨਾਂ ਲਈ ਤਾਂ ਸਦਾ ਹੀ ਬਸੰਤ ਹੈ।
”ਸਾਚਿ ਰਤੇ ਤਿਨ ਸਦ ਬਸੰਤ॥ ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ॥ ਬਿਨੁ ਨਾਵੈ ਸੂਕਾ ਸੰਸਾਰੁ॥ ਅਗਨਿ ਤ੍ਰਿਸਨਾ ਜਲੈ ਵਾਰੋ ਵਾਰ॥੩॥” – ਜਿਹੜੇ ਸਚ ਵਿਛ ਰੱਤੇ ਨੇ ਉਹਨਾਂ ਦੇ ਘਟ ਵਿੱਚ ਹਮੇਸ਼ਾ ਬਸੰਤ ਰੁਤ ਹੈ ਬਾਹਰ ਭਾਵੇ ਤਪਦੀ ਅੱਗ ਕਿਉਂ ਨਾ ਹੋਵੇ। ਅਕਾਲ ਤੇ ਹੁਕਮ ਨੂੰ ਸਤਿ ਮੰਨਿਆ ਗੁਰਮਤਿ ਨੇ ਤੇ ਜਰ ਰਚਨਾਂ ਝੂਠ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥”।
”ਤਿਨੑ ਬਸੰਤੁ ਜੋ ਹਰਿ ਗੁਣ ਗਾਇ॥ ਪੂਰੈ ਭਾਗਿ ਹਰਿ ਭਗਤਿ ਕਰਾਇ॥੧॥”
”ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ॥ ਹਰਿ ਵੁਠੈ ਮਨੁ ਤਨੁ ਪਰਫੜੈ ਸਭੁ ਜਗੁ ਹਰਿਆ ਹੋਇ॥੬੧॥”
“ਰੁਤਿ ਆਈਲੇ ਸਰਸ ਬਸੰਤ ਮਾਹਿ॥ ਰੰਗਿ ਰਾਤੇ ਰਵਹਿ ਸਿ ਤੇਰੈ ਚਾਇ॥ ਕਿਸੁ ਪੂਜ ਚੜਾਵਉ ਲਗਉ ਪਾਇ॥੧॥”
“ਮਾਹਾ ਰੁਤੀ ਮਹਿ ਸਦ ਬਸੰਤੁ॥ ਜਿਤੁ ਹਰਿਆ ਸਭੁ ਜੀਅ ਜੰਤੁ॥ ਕਿਆ ਹਉ ਆਖਾ ਕਿਰਮ ਜੰਤੁ॥ ਤੇਰਾ ਕਿਨੈ ਨ ਪਾਇਆ ਆਦਿ ਅੰਤੁ॥੧॥ ਤੈ ਸਾਹਿਬ ਕੀ ਕਰਹਿ ਸੇਵ॥ ਪਰਮ ਸੁਖ ਪਾਵਹਿ ਆਤਮ ਦੇਵ॥੧॥”
ਰੋਜ ਪੜਦੇ ਹਾਂ ਪਰ ਕਦੇ ਵਿਚਾਰਦੇ ਨਹੀਂ ਇਹ ਸਬਦ।
“ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ॥ ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ॥ ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ॥ ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ॥ ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ॥੧॥ ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ॥ ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ॥ ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ॥ ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ॥ ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ॥੨॥ ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ॥ ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ॥ ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ॥ ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ॥ ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ॥੩॥੧॥” – ਬਸ਼ੰਤ ਰਾਗੁ ਵਿੱਚ ਇਹ ਸ਼ਬਦ ਦੱਸਦਾ ਹੈ ਕੇ ਇਹ ਰੁਤ ਹਰਿ ਦਾ ਨਾਮ ਧਿਆ (ਧਿਆਨ ਵਿੱਚ ਰੱਖ) ਕੇ ਪ੍ਰਾਪਤ ਹੁੰਦੀ ਹੈ। ਤੇ ਅੰਮ੍ਰਤਿ ਫਲ ਮਿਲਦਾ ਹੈ।
ਸੋ ਭਾਈ ਗੁਰਮਤਿ ਨੂੰ ਪ੍ਰੇਮ ਨਾਲ ਪੜ੍ਹ ਕੇ ਸਮਝ ਕੇ ਵਿਚਾਰਨ ਦੀ ਲੋੜ ਹੈ। ਨਾਮ (ਸੋਝੀ) ਲੈਕੇ ਘਟ ਵਿੱਚ ਸਦਾ ਬਸੰਤ ਰਹੇ ਇਹੀ ਆਸ ਕਰਨੀ ਹੈ। ਜਿਹਨਾਂ ਨੇ ਜੋ ਕਰਨਾ, ਉਹ ਕਰੀ ਜਾਣਾ ਸਾਡਾ ਕੰਮ ਗਿਆਨ ਲੈਣਾ ਹੈ। ਗਿਆਨ ਲਈ ਵਿਚਾਰ ਕਰਨਾ ਹੈ। ਸਬ ਜਗ ਪ੍ਰਭ ਨੇ ਆਪ ਧੰਦੇ ਲਾਇਆ ਹੈ। ਕਿਸੇ ਨੂੰ ਨਿੰਦਿਆ ਕਰਨ ਲਈ ਕਿਸੇ ਨੂੰ ਸਿਫ਼ਤ ਕਰਨ ਲਈ, ਕਿਸੇ ਨੂੰ ਭੰਡਣ ਲਈ ਕਿਸੇ ਨੂੰ ਪ੍ਰੇਮ ਨਾਲ ਵਿਚਾਰਨ ਲਈ ਪ੍ਰਭ ਨੇ ਆਪ ਧੰਦੇ ਲਾਇਆ ਹੋਇਆ ਹੈ “ਅਪਨੈ ਰੰਗਿ ਕਰਤਾ ਕੇਲ॥ ਆਪਿ ਬਿਛੋਰੈ ਆਪੇ ਮੇਲ॥ ਇਕਿ ਭਰਮੇ ਇਕਿ ਭਗਤੀ ਲਾਏ॥ ਅਪਣਾ ਕੀਆ ਆਪਿ ਜਣਾਏ॥੩॥”। ਜਿਸ ਨੂੰ ਗਲ ਸਮਝਾਉਂਦਾ ਹੈ, ਜਿਸ ਨੂੰ ਗਲ ਸਮਝ ਆ ਜਾਂਦੀ ਹੈ ਉਹ ਸਹਿਜ ਵਿਚਾਰ ਵਿੱਚ ਰਹਿੰਦਾ ਹੈ।