ਸਿਖਿਆ ਦੀਖਿਆ
ਲਗਭਗ ਸਾਰੇ ਹੀ ਦੁਨਿਆਵੀ ਧਰਮ ਇਹ ਮੰਨਦੇ ਹਨ ਕੇ ਕਿਸੇ ਨੂੰ ਗੁਰੂ ਧਾਰ ਕੇ ਉਸ ਤੋਂ ਦੀਖਿਆ (ਗਿਆਨ) ਲੈਣਾ ਪੈਂਦਾ ਹੈ ਦਾਨ ਵਿੱਚ। ਕੋਈ ਇਸ ਨੂੰ ਨਾਮ ਦਾਨ ਆਖਦਾ ਹੈ ਤੇ ਕੋਈ ਇਸਨੂੰ ਦੀਕਸ਼ਾ ਆਖਦਾ ਹੈ। ਕੇਵਲ ਗੁਰਮਤਿ ਹੀ ਇਸ ਤੋਂ ਮੁਨਕਰ ਹੈ ਤੇ ਕੇਵਲ ਗਿਆਨ ਨੂੰ ਗੁਰੂ ਮੰਨਦੀ ਹੈ। ਗਿਆਨ ਪ੍ਰਾਪਤ ਕਰਨ ਦਾ ਮਾਰਗ ਗੁਣਾਂ ਦੀ ਵਿਚਾਰ ਨੂੰ ਆਖਿਆ ਹੈ ਗੁਰਮਤਿ ਨੇ ਤੇ ਦੇਹ ਧਾਰੀ ਮਨੁੱਖ ਨੂੰ ਗੁਰੂ ਮੰਨਣ ਤੇ ਰੋਕ ਹੈ ਗੁਰਮਤਿ ਵਿੱਚ। ਗੁਰਬਾਣੀ ਵਿੱਚ ਦਰਜ ਹੈ “ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ਦੇਵਨ ਕਉ ਏਕੈ ਭਗਵਾਨੁ॥” – ਭਾਵ ਮਾਨੁਖ ਉੱਤੇ, ਬੰਦੇ ਉੱਤੇ ਆਸ ਨਹੀਂ ਰੱਖਣੀ। ਮਨੁੱਖ ਤਾਂ ਦੀਖਿਆ ਦੇ ਬਦਲੇ ਵਿੱਚ ਲੋਕਾਂ ਦੇ ਸਿਰ, ਲੋਕਾਂ ਦੇ ਅੰਗੂਠੇ, ਜਨਾਨੀ, ਬੱਚੇ, ਧਨ, ਰਾਜ ਦਾਨ ਵੱਜੋਂ ਲੈਂਦੇ ਰਹੇ ਨੇ। ਗੁਰਮਤਿ ਦਾਨ ਕਿਸ ਨੂੰ ਮੰਨਦੀ ਸਮਝਣ ਲਈ ਵੇਖੋ “ਦਇਆ, ਦਾਨ, ਸੰਤੋਖ ਅਤੇ ਮਇਆ”। ਹਰੇਕ ਗਲ ਦਾ ਅਡੰਬਰ ਬਣਾ ਦਿੱਤਾ। ਅੱਜ ਵੀ ਮੁੱਲਾ ਜੇ ਅਜ਼ਾਨ ਇੱਕ ਖਾਸ ਢੰਗ ਨਾਲ ਨਾ ਬੋਲੇ ਤਾਂ ਲੋਕ ਉਸ ਅਜ਼ਾਨ ਨੂੰ ਠੀਕ ਨਹੀਂ ਮੰਨਦੇ। ਜੇ ਪੰਡਤ ਮੰਤਰ ਪੜ੍ਹਨ ਲੱਗੇ ਖਾਸ ਲਹਿਜੇ ਨਾਲ ਨਾ ਬੋਲੇ ਲੋਕ ਆਖ ਦਿੰਦੇ ਇਹ ਮੰਤਰ ਗਲਤ ਪੜ੍ਹਦਾ। ਇਹੀ ਹਾਲ ਸਾਡੇ ਵਿੱਚ ਬਾਣੀ, ਕੀਰਤਨ ਜੇ ਕੰਨਾਂ ਨੂੰ ਚੰਗਾ ਨਾ ਲੱਗੇ ਅਸੀਂ ਆਖ ਦਿੰਦੇ ਹਾਂ ਕੇ ਸਹੀ ਨਹੀਂ ਪੜ੍ਹਦਾ। ਇਹਨਾਂ ਸਾਰਿਆਂ ਵਿੱਚ ਕੇਵਲ ਲੋਕ ਪਚਾਰਾ ਹੈ, ਅੱਜ ਕਿਸੇ ਨੂੰ ਅਜ਼ਾਨ, ਮੰਤਰ, ਬਾਣੀ ਦੇ ਪਿੱਛੇ ਗਿਆਨ ਤੋਂ ਭਾਵ ਨਾਲ ਕੋਈ ਮਤਲਬ ਨਹੀਂ। ਕੇਵਲ ਸੁਣਨ ਨੂੰ ਚੰਗਾ ਲਗਣਾ ਚਾਹੀਦਾ। ਜਿਹੜੇ ਮੰਤਰ ਉੱਚਾਰਣ ਸਿੱਖਣ ਜਾਦੇ ਹਨ ਜਾਂ ਸਾਡੇ ਵਿੱਚ ਵੀ ਸੰਥਿਆ ਲੈਣ ਜਾਂਦੇ ਹਨ ਕੋਈ ਵਿਰਲਾ ਹੀ ਹੋਣਾ ਜੋ ਬਾਣੀ ਕੀ ਆਖਦੀ ਸਮਝਣ ਲਈ ਬਾਣੀ ਸ਼ੁੱਧ ਕਿਵੇਂ ਪੜ੍ਹਨੀ ਸਿੱਖਣ ਜਾਂਦਾ ਹੋਣਾ, ਬਾਕੀ ਤਾਂ ਸਾਰੇ ਕੰਨਾਂ ਨੂੰ ਚੰਗੀ ਕਿੱਦਾਂ ਲੱਗੇ ਉੱਦਾਂ ਬਾਣੀ ਪੜ੍ਹਨਾ ਸਿੱਖਣ ਲਈ ਜਾਂਦੇ ਤੇ ਨਾਮ ਸ਼ੁੱਧ ਉਚਾਰਣ ਦਾ ਦਿੰਦੇ ਨੇ। ਗੁਰਬਾਣੀ ਵਿੱਚ ਨਾਮ ਸਮਾਇਆ ਹੋਇਆ ਹੈ, ਗੁਰਬਾਣੀ ਵਿੱਚ ਗੁਣਾਂ ਦੀ ਸਾਂਝ ਹੈ ਜੋ ਭਗਤਾਂ ਨੇ ਸਾਡੇ ਨਾਲ ਕੀਤੀ ਹੈ। ਜੋ ਗੁਣਾਂ ਦੀ ਦੀਖਿਆ ਉਹਨਾਂ ਨੂੰ ਪਰਮੇਸਰ ਤੋਂ, ਗਿਆਨ ਗੁਰੂ ਤੋਂ ਮਿਲੀ ਉਹੀ ਉਹਨਾਂ ਸਾਨੂੰ ਅੱਗੇ ਦਿੱਤੀ ਹੈ। ਜਿਵੇਂ ਨਾਨਕ ਪਾਤਿਸ਼ਾਹ ਆਖਦੇ “ਸਤਿਗੁਰੁ ਦੇਖਿਆ ਦੀਖਿਆ ਲੀਨੀ॥ ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ॥ ਗਤਿ ਮਿਤਿ ਪਾਈ ਆਤਮੁ ਚੀਨੀ॥੪॥(ਮ ੧, ਰਾਗੁ ਗਉੜੀ, ੨੨੭)” – ਭਾਵ ਸਤਿ (ਸੱਚੇ) ਗੁਰੁ (ਗੁਣ) ਦੇਖਿਆ, ਅੱਖਾਂ ਨਾਲ ਨਹੀਂ ਗਿਆਨ ਅੰਜਨ ਨਾਲ, ਦੀਖਿਆ ਲੀਨੀ ਦੀਖਿਆ ਗੁਰੂ ਚੇਲੇ ਵਿੱਚ ਇੱਕ ਤਰਿਹ ਦੀ ਸੰਧੀ ਦਾ ਨਾਮ ਹੈ ਕੇ ਚੇਲਾ ਗੁਰੂ ਦੀ ਸ਼ਰਣ ਵਿੱਚ ਹੈ ਤੇ ਗੁਰੂ ਤੋਂ ਗਿਆਨ (ਨਾਮ/ਸੋਝੀ) ਲਵੇਗਾ ਗੁਰੂ ਦੀ ਗਲ ਨੂੰ ਵਿਚਾਰ ਤੇ ਮੰਨ ਕੇ। ਅੱਗੇ ਇਹ ਵੀ ਦੱਸ ਰਹੇ ਨੇ ਕਿਵੇਂ, ਮਨੁ ਤਨੁ ਅਰਪਣ ਕਰਕੇ, ਆਤਮ (ਆਤਮ ਭਾਵ ਘਟ ਵਿੱਚ ਵੱਸਦੀ ਜੋਤ) ਚੀਨੀ (ਚਿਨਹਿਤ ਕਰਨਾ ਭਾਵ ਖੋਜ ਲੈਣਾ ਸਮਝ ਲੈਣਾ)। ਹੁਣ ਜਿਹਨਾਂ ਨੂੰ ਇਹ ਗਲ ਸਮਝ ਨਹੀਂ ਲੱਗਣੀ ਉਹਨਾਂ ਆਖਣਾ ਨਾਨਕ ਦਾ ਵੀ ਕੋਈ ਦੁਨਿਆਵੀ ਗੁਰੂ ਹੋਣਾ ਜਿਸ ਤੋਂ ਉਹਨਾਂ ਨਾਮ ਲਿਆ। ਪਰ ਨਾਨਕ ਪਾਤਿਸ਼ਾਹ ਨੇ ਇਹ ਦੁਨਿਆਵੀ ਗੁਰੂ ਵਾਲੀ ਗਲ ਹੀ ਕੱਟ ਦਿੱਤੀ ਆਖ ਕੇ “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥”। ਅੱਗੇ ਵਿਚਾਰਦੇ ਹਾਂ ਕੇ ਗੁਰਮਤਿ ਦੀਖਿਆ ਕਿਸ ਨੂੰ ਆਖ ਰਹੀ ਹੈ।
”ਨਾਨਕ ਕਉ ਗੁਰਿ ਦੀਖਿਆ ਦੀਨੑ॥ ਪ੍ਰਭ ਅਬਿਨਾਸੀ ਘਟਿ ਘਟਿ ਚੀਨੑ॥” – ਭਾਵ ਨਾਨਕ ਨੂੰ ਇਹ ਦੀਖਿਆ ਮਿਲੀ ਹੈ ਕੇ ਘਟ ਘਟ ਵਿੱਚ ਪ੍ਰਭ ਅਬਿਨਾਸੀ ਆਪ ਵੱਸਦਾ ਹੈ “ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ॥੧੨॥”। ਹਰੇਕ ਜੀਵ ਦੇ ਘਟ ਭਾਵ ਹਿਰਦੇ ਵਿੱਚ ਪ੍ਰਭ ਅਭਿਨਾਸੀ ਭਾਵ ਅਕਾਲ ਦੀ ਜੋਤ ਜਿਸਦਾ ਨਾਸ ਨਹੀਂ ਹੁੰਦਾ ਉਹ ਵੱਸਦੀ ਹੈ। “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥”। ਪ੍ਰਭ ਬਾਰੇ ਜਾਨਣ ਲਈ ਵੇਖੋ “ਠਾਕੁਰ ਅਤੇ ਪ੍ਰਭ”।
ਸੱਚੇ ਦੇ ਗੁਣਾਂ ਅੱਗੇ ਸੀਸ ਭੇਂਟ ਕਰਨਾ ਪੈਂਦਾ। ਗੁਣਾਂ ਮੁਹਰੇ ਅਵਗੁਣ ਛੱਡਣੇ ਪੈਂਦੇ, ਅਹੰਕਾਰ, ਵਿਕਾਰ ਮਾਰਨੇ ਪੈਂਦੇ ਤਾਂ ਹਰਿ ਰਸ (ਨਾਮ ਦਾ ਅੰਮ੍ਰਿਤ) ਪ੍ਰਾਪਤ ਹੁੰਦਾ। ਇਹੀ ਰਸ ਨੂੰ ਪਾ ਕੇ ਮਨੁੱਖ ਪਾਰਸ (ਪਾ+ਰਸ = ਰਸ ਦੀ ਪ੍ਰਾਪਤੀ) ਹੁੰਦਾ “ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ॥ ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ॥੨॥” – ਜਦੋਂ ਇਹ ਦੀਖਿਆ ਮਿਲਦੀ ਤਾਂ ਸੱਚ ਦਾ ਪਤਾ ਲੱਗਦਾ। ਸੱਚ ਕੇਵਲ ਜੋਤ ਹੈ, ਅਕਾਲ ਹੈ ਤੇ ਅਕਾਲ ਦਾ ਹੁਕਮ ਹੈ ਬਾਕੀ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥੪੯॥”
ਗੁਰਬਾਣੀ ਦਾ ਫੁਰਮਾਨ ਹੈ “ਗੁਰ ਸੇਵੀ ਗੁਰ ਲਾਗਉ ਪਾਇ॥ ਭਗਤਿ ਕਰੀ ਰਾਚਉ ਹਰਿ ਨਾਇ॥ ਸਿਖਿਆ ਦੀਖਿਆ ਭੋਜਨ ਭਾਉ॥ ਹੁਕਮਿ ਸੰਜੋਗੀ ਨਿਜ ਘਰਿ ਜਾਉ॥੬॥” – ਗੁਰ ਦੀ ਸੇਵਾ ਕੀ ਹੈ? “ਗੁਰ ਕੀ ਸੇਵਾ ਸਬਦੁ ਵੀਚਾਰੁ॥” ਅਤੇ “ਗੁਰ ਕਾ ਸਬਦੁ ਸਹਜਿ ਵੀਚਾਰੁ॥”। ਨਿਰਾਕਾਰ ਦੇ ਪਾਇ ਭਾਵ ਪੈਰ ਕੀ ਹਨ? ਨਿਰਾਕਾਰ ਦਾ ਹੁਕਮ। ਉਸਦੇ ਗੁਣਾਂ, ਉਸਦੇ ਹੁਕਮ ਵਿੱਚ ਉਸਦੇ ਰੰਗ ਵਿੱਚ ਰੰਗਿਆ ਜਾਣਾ ਉਸਦੇ ਨਾਮ (ਸੋਝੀ) ਵਿੱਚ ਰਚ ਜਾਣਾ ਹੈ। ਇਹੀ ਸਿਖਿਆ ਉਸਦੀ ਦੀਖਿਆ (ਦਕਝਣਾ/ਦਾਨ) ਹੈ। “ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ॥ ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ॥੧॥” – ਸਾਧੂ ਕੌਣ? ਮਨ ਸਾਧਿਆ ਜਾਣਾ ਕਾਬੂ ਵਿੱਚ ਹੋ ਜਾਣਾ ਸਾਧ ਹੈ। ਮਨ ਅਸਾਧ ਹੈ ਕੋਈ ਵਿਰਲਾ ਹੀ ਨਾਮ (ਸੋਝੀ) ਲੈਕੇ ਮਨ ਨੂੰ ਸਾਧ ਲੈਂਦਾ ਹੈ। ਹੋਰ ਵੀ ਪਰਮਾਣ ਮਿਲਦੇ ਹਨ ਬਾਣੀ ਵਿੱਚ
”ਹਲਤੁ ਪਲਤੁ ਦੁਇ ਲੇਹੁ ਸਵਾਰਿ॥ ਰਾਮ ਨਾਮੁ ਅੰਤਰਿ ਉਰਿ ਧਾਰਿ॥ ਪੂਰੇ ਗੁਰ ਕੀ ਪੂਰੀ ਦੀਖਿਆ॥ ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ॥ ਮਨਿ ਤਨਿ ਨਾਮੁ ਜਪਹੁ ਲਿਵ ਲਾਇ॥ ਦੂਖੁ ਦਰਦੁ ਮਨ ਤੇ ਭਉ ਜਾਇ॥ ਸਚੁ ਵਾਪਾਰੁ ਕਰਹੁ ਵਾਪਾਰੀ॥ ਦਰਗਹ ਨਿਬਹੈ ਖੇਪ ਤੁਮਾਰੀ॥ ਏਕਾ ਟੇਕ ਰਖਹੁ ਮਨ ਮਾਹਿ॥ ਨਾਨਕ ਬਹੁਰਿ ਨ ਆਵਹਿ ਜਾਹਿ॥੬॥” – ਭਾਵ ਪੂਰੇ ਗੁਰ (ਗੁਣ) ਦੀ ਪੂਰੀ ਦੀਖਿਆ ਰਾਮ ਨਾਮ (ਸੋਝੀ) ਹੈ। ਇਹ ਗੁਣ ਮਨਿ ਭਾਵ ਮਨ ਅੰਦਰ ਬਸੈ ਭਾਵ ਵਸ ਜਾਵੇ ਇਹੀ ਸੱਚ ਦੀ ਪਰੀਖਿਆ ਹੈ। ਜੇ ਡਰ ਹੈ, ਦੁੱਖ ਦਰਦ ਹੈ ਹਜੇ ਤਾਂ ਗੁਰ ਦੀ ਦੀਖਿਆ ਪ੍ਰਾਪਤ ਨਹੀਂ ਹੋਈ ਹਜੇ।
”ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ॥ ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ॥ ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ॥੨੫॥” – ਵਿਚਾਰਨ ਵਾਲੀ ਗਲ ਹੈ ਕੇ ਸਤਿਗੁਰ ਕਾ ਮਨੁ ਮੰਨੇ ਤੋਂ ਕੀ ਭਾਵ ਹੈ? ਸੇਵਾ ਕੀ ਹੈ? ਸੇਵਾ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥ਹਉਮੈ ਮਾਰੇ ਕਰਣੀ ਸਾਰੁ॥੭॥” – ਸਬਦ ਵਿਚਾਰ ਦੀ ਸੇਵਾ ਸਫਲ ਹੈ ਜੇ ਸਤਿ ਗੁਰ (ਗੁਣ) ਨਾਲ ਮਨ ਮੰਨ ਜਾਵੇ, ਵਿਕਾਰ ਤਿਆਗ ਦੇਵੇ।
”ਸਿਖ ਸਭਾ ਦੀਖਿਆ ਕਾ ਭਾਉ॥ ਗੁਰਮੁਖਿ ਸੁਣਣਾ ਸਾਚਾ ਨਾਉ॥ ਨਾਨਕ ਆਖਣੁ ਵੇਰਾ ਵੇਰ॥ ਇਤੁ ਰੰਗਿ ਨਾਚਹੁ ਰਖਿ ਰਖਿ ਪੈਰ॥”
”ਗੁਰ ਦੀਖਿਆ ਲੇ ਜਪੁ ਤਪੁ ਕਮਾਹਿ॥ ਨਾ ਮੋਹੁ ਤੂਟੈ ਨਾ ਥਾਇ ਪਾਹਿ॥੫॥ ਨਦਰਿ ਕਰੇ ਤਾ ਏਹੁ ਮੋਹੁ ਜਾਇ॥ ਨਾਨਕ ਹਰਿ ਸਿਉ ਰਹੈ ਸਮਾਇ॥੬॥”
”ਐਸੀ ਦੀਖਿਆ ਜਨ ਸਿਉ ਮੰਗਾ॥ ਤੁਮੑਰੋ ਧਿਆਨੁ ਤੁਮੑਾਰੋ ਰੰਗਾ॥ ਤੁਮੑਰੀ ਸੇਵਾ ਤੁਮੑਾਰੇ ਅੰਗਾ॥੧॥” – ਭਾਵ ਮੈਂ ਤਾਂ ਐਸੀ ਦੀਖਿਆ ਮੰਗਦਾ ਹਾਂ ਕੇ ਤੇਰਾ ਧਿਆਨ ਹਮੇਸ਼ਾ ਰਹੇ ਤੇ ਤੇਰੇ ਗਿਆਨ ਵਿੱਚ ਹਮੇਸ਼ਾ ਰੰਗਿਆ ਰਹਾਂ। ਗਿਆਨ ਕਿਉਂ, ਕਿਉਂਕੇ ਨਿਰਾਕਾਰ ਦਾ ਰੰਗ ਉਸਦਾ ਗਿਆਨ ਉਸਦੇ ਗੁਣ ਹੀ ਹਨ। ਗੁਰਮੁਖ ਨੂੰ ਇਸੇ ਗਿਆਨ ਦਾ ਮਜੀਠ (ਨਾ ਉਤਰਣ ਵਾਲਾ ਪੱਕਾ) ਰੰਗ ਲਗਦਾ “ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥”, “ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ॥ ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ॥੨॥”। ਦੀਖਿਆ ਦਾ ਰੰਗ ਮਜੀਠ ਹੁੰਦਾ ਫੇਰ ਨਹੀਂ ਉਤਰਦਾ “ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ॥ ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ॥ ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ॥ ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ॥ ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ॥੧॥”
”ਸਹਜ ਭਾਇ ਮਿਲੀਐ ਸੁਖੁ ਹੋਵੈ॥ ਗੁਰਮੁਖਿ ਜਾਗੈ ਨੀਦ ਨ ਸੋਵੈ॥ ਸੁੰਨ ਸਬਦੁ ਅਪਰੰਪਰਿ ਧਾਰੈ॥ ਕਹਤੇ ਮੁਕਤੁ ਸਬਦਿ ਨਿਸਤਾਰੈ॥ ਗੁਰ ਕੀ ਦੀਖਿਆ ਸੇ ਸਚਿ ਰਾਤੇ॥ ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ॥੫੪॥”
”ਬਿਨੁ ਗੁਰ ਦੀਖਿਆ ਕੈਸੇ ਗਿਆਨੁ॥ ਬਿਨੁ ਪੇਖੇ ਕਹੁ ਕੈਸੋ ਧਿਆਨੁ॥ ਬਿਨੁ ਭੈ ਕਥਨੀ ਸਰਬ ਬਿਕਾਰ॥ ਕਹੁ ਨਾਨਕ ਦਰ ਕਾ ਬੀਚਾਰ॥” – ਦੇਖਣਾ ਤੇ ਪੇਖਣਾ ਵਿੱਚ ਫਰਕ ਹੈ। ਇਸਦਾ ਗਿਆਨ ਗੁਰਮਤਿ ਤੋਂ ਮਿਲਦਾ ਹੈ।
”ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ॥ ਅਨਦਿਨੁ ਏਕੋ ਨਾਮੁ ਵਖਾਣੈ॥ ਸਤਿਗੁਰ ਕੀ ਓਹੁ ਦੀਖਿਆ ਲੇਇ॥ ਸਤਿਗੁਰ ਆਗੈ ਸੀਸੁ ਧਰੇਇ॥ ਸਦਾ ਅਲਗੁ ਰਹੈ ਨਿਰਬਾਣੁ॥ ਸੋ ਪੰਡਿਤੁ ਦਰਗਹ ਪਰਵਾਣੁ॥੩॥”
”ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ॥ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ॥” – ਦੀਖਿਆ, ਦਾਨ, ਗਿਆਨ ਵਿਚਾਰ ਸਬ ਮਨ (ਅਗਿਆਨਤਾ/ਦਲਿੱਦਰ) ਨੂੰ ਖਤਮ ਕਰਨ ਲਈ ਹੈ ਆਪਣੇ ਮੂਲ ਦੀ ਪਛਾਣ ਕਰਾਉਣ ਲਈ ਹੈ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥੫॥”
ਸੋ ਨਾਨਕ ਪਾਤਿਸ਼ਾਹ ਨੇ, ਭਗਤਾਂ ਨੇ ਗੁਰੂਆਂ ਨੇ ਤਾਂ ਨਾਮ (ਸੋਝੀ) ਦੀ ਦੀਖਿਆ ਸਤਿਗੁਰ (ਅਕਾਲ/ਹੁਕਮ ਦੇ ਗੁਣ) ਤੋਂ ਲਈ ਹੈ। ਗੁਣ ਹਾਸਲ ਕਰਕੇ ਅਕਾਲ ਵਿੱਚ ਹੀ ਸਮਾਏ ਹਨ। ਹਰੇਕ ਸਿੱਖ ਨੇ ਇਹੀ ਦੀਖਿਆ ਦੀ ਆਸ ਰੱਖਣੀ ਹੈ ਪਰਮੇਸਰ ਤੋਂ। ਗੁਰਬਾਣੀ ਵਿਚਾਰ ਕਰੋ, ਪੜ੍ਹੋ ਸਮਝੋ ਤੇ ਗੁਣਾਂ ਨੂੰ ਧਾਰਣ ਕਰਨ ਦੀ ਆਸ ਰੱਖੋ।