ਬ੍ਰਹਮ ਗਿਆਨ ਅਤੇ ਬ੍ਰਹਮ ਬੀਚਾਰ
ਗੁਰਮਤਿ ਬ੍ਰਹਮ ਗਿਆਨ ਹੈ ਤੇ ਬ੍ਰਹਮ ਵਿਦਿਆ ਹੈ ਇਹ ਤਾਂ ਲਗਭਗ ਹਰੇਕ ਸਿੱਖ ਨੇ ਸੁਣਿਆ ਹੀ ਹੋਣਾ। ਬਹੁਤੇ ਮੰਨਦੇ ਵੀ ਹਨ ਪਰ ਬਹੁਤ ਘੱਟ ਲੋਗ ਹਨ ਜੋ ਇਹ ਜਾਣਦੇ ਹਨ ਕੇ ਬ੍ਰਹਮ ਕੀ ਹੈ। ਕੋਈ ਬ੍ਰਹਮਾਂਡ ਨੂੰ ਬ੍ਰਹਮ ਮੰਨਦਾ ਕੋਈ ਪੂਰੀ ਸ੍ਰਿਸਟੀ, ਦ੍ਰਿਸਟਮਾਨ ਸੰਸਾਰ ਨੂੰ ਬ੍ਰਹਮ ਮੰਨਦਾ ਤੇ ਕੋਈ ਸਨਾਤਨ ਮਤਿ ਵਾਲੇ ਬ੍ਰਹਮਾਂ (ਦੇਵਤੇ) ਨੂੰ ਬ੍ਰਹਮ ਮੰਨਦਾ। ਬਹੁਤ ਘਟ ਖੋਜੀ ਹਨ ਜੋ ਗੁਰਬਾਣੀ ਵਿੱਚੋਂ ਖੋਜਦੇ ਹਨ ਕੇ ਬ੍ਰਹਮ ਕੀ ਹੈ। ਬ੍ਰਹਮ ਤੇ ਬ੍ਰਹਮ ਦੀ ਵਿਚਾਰ ਤੋਂ ਪਹਿਲਾਂ ਜਾਣਦੇ ਹਾਂ ਕੇ ਇਹ ਭੁਲੇਖਾ ਕਿੱਥੋਂ ਆਇਆ। ਸਨਾਤਨ ਮਤਿ ਵਿੱਚ ੬ ਦਰਸ਼ਨ (ਵਿਚਾਰ) ਮੰਨੇ ਜਾਂਦੇ ਹਨ ਜੋ ਇੱਕ ਦੂਸਰੇ ਤੋਂ ਭਿੰਨ ਹਨ। ਇਹ ਦਰਸ਼ਨ ਰੱਬ ਤਕ ਪਹੁੰਚਣ ਦੇ ਮਾਰਗ ਮੰਨੇ ਜਾਂਦੇ ਹਨ। ਮੋਕਸ਼/ਮੁਕਤੀ ਦੇ ਮਾਰਗ। ਮੋਕਸ਼ ਭਾਵ ਆਨੰਦ ਦੀ ਅਵਸਥਾ ਜਿੱਥੇ ਦੁਖ ਦਰਦ ਕਲੇਸ਼ ਨਾ ਹੋਣ। ਕੋਈ ਮੰਨਦਾ ਕੇ ਮਰ ਕੇ ਮੁਕਤੀ ਮਿਲਦੀ ਪਰ ਗੁਰਮਤਿ ਮੰਨਦੀ ਇਹ ਜੀਵਿਤ ਹੀ ਮਿਲ ਜਾਦੀ ਨਾਮ ਪ੍ਰਾਪਤੀ ਨਾਲ। ਇਹਨਾਂ ਸਾਰਿਆਂ ਮੱਤਾਂ ਨੇ ਹੀ ਆਪਣੇ ਹਿਸਾਬ ਨਾਲ ਜਤਨ ਕੀਤੇ ਹਨ। ਸਾਰੇ ਸੰਸਾਰੀ ਧਰਮ ਮੰਨਣ ਵਾਲੇ ਆਪਣੇ ਆਪ ਨੂੰ ਉੱਚ ਮੰਨਦੇ ਹਨ ਤੇ ਬਿਨਾਂ ਵਿਚਾਰ ਤੋਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਲੱਗੇ ਹਨ। ਬਾਣੀ ਦਾ ਫੁਰਮਾਨ ਹੈ “ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥” ਭਾਵ ਵੇਦਾਂ ਨੂੰ ਕੁਰਾਨ ਨੂੰ ਝੂਠਾ ਨਾ ਕਹੋ ਝੂਠਾ ਉਹ ਹੈ ਜੋ ਇਹਨਾਂ ਦੀ ਵਿਚਾਰ ਨਹੀਂ ਕਰਦਾ। ਵਿਚਾਰ ਕਰਨ ਤੇ ਹੀ ਗਿਆਨ ਪ੍ਰਾਪਤ ਹੁੰਦਾ ਹੈ, ਕਮੀਆਂ ਅਤੇ ਚੰਗੀਆਂ ਗੱਲਾਂ ਦਾ ਪਤਾ ਲਗਦਾ ਹੈ। ਜੇ ਕੋਈ ਤ੍ਰੁਟੀ ਨਜ਼ਰ ਆਉਂਦੀ ਹੈ ਤਾਂ ਉਸ ਤੇ ਵਿਚਾਰ ਕਰਕੇ ਸੁਧਾਰ ਕੀਤਾ ਜਾ ਸਕਦਾ ਹੈ। ਪਹਿਲਾਂ ਸਨਾਤਨ ਮਤਿ ਦੇ ਦਰਸ਼ਨਾਂ ਬਾਰੇ ਜਾਣਦੇ ਹਾਂ। ਇਹਨਾਂ ਬਾਰੇ ਹੀ ਬਾਣੀ ਆਖਦੀ “ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰ ਗੁਰੁ ਏਕੋ ਵੇਸ ਅਨੇਕ॥੧॥ ਜੈ ਘਰਿ ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਹਿ॥੧॥” – ਭਾਵ – ੬ ਘਰ (੬ ਦਰਸਨ) ਹਨ ੬ ਗੁਰ (ਗੁਣ) ਤੇ ੬ ਹੀ ਇਹਨਾਂ ਵਿੱਚ ਉਪਦੇਸ ਹਨ। ਇਹ ਗੁਰ (ਗੁਣ) ਇਹਨਾਂ ਦੇ ਗੁਰੁ (ਧਾਰਣੀ) ਏਕੋ (ਏਕਤਾ) ਵਿੱਚ ਹਨ ਪਰ ਇਹਨਾਂ ਦੇ ਵੇਸ ਅਲਗ ਅਲਗ ਹਨ ਭਾਵ ਸਮਝਾਉਣ ਤੇ ਤਰੀਕੇ ਵੱਖਰੇ ਹਨ। ਸੋ ਬਾਬਾ (ਕਰਤਾ) ਸਾਰਿਆਂ ਵਿੱਚ ਹੀ ਤੇਰਾ ਗਿਆਨ ਹੈ ਪਰ ਮੈਨੂੰ ਉਸ ਘਰ ਵਿੱਚ ਰੱਖ ਜਿੱਥੇ ਤੇਰੇ ਨਾਮ (ਸੋਝੀ) ਦੀ ਵਡਿਆਈ ਹੁੰਦੀ ਹੋਵੇ। ਸਾਰੇ ਧਰਮਾਂ ਦੀ ਆਪੋ ਆਪਣੀ ਕੋਸ਼ਿਸ਼ ਹੈ ਸੱਚ ਨੂੰ ਜਾਨਣ ਦੀ ਇਸ ਲਈ ਸਾਰੇ ਹੀ ਆਦਰ ਦੇ ਹੱਕਦਾਰ ਹਨ। ਸਾਰੇ ਧਰਮਾਂ ਨੂੰ ਰਲ ਕੇ ਵਿਚਾਰ ਕਰਨੀ ਚਾਹੀਦੀ ਹੈ ਤੇ ਆਪਣੀ ਆਪਣੀ ਖੋਜ ਤੇ ਵਿਚਾਰ ਸਾਂਝੇ ਕਰਨ ਦੀ ਲੋੜ ਹੈ। ਕਈ ਸ਼ਰਾਰਤੀ ਅਨਸਰ ਹਨ ਹਰੇਕ ਹੀ ਧਰਮ ਵਿੱਚ ਜਿਹਨਾਂ ਨੇ ਗਿਆਨ ਦੀ ਗਲ ਨੂੰ ਲੁਕੋ ਕੇ ਕਰਮਕਾਂਡ ਤੇ ਪਖੰਡ ਅੱਗੇ ਕਰ ਦਿੱਤੇ। ਜਿਵੇਂ ਵੇਦ ਲੁਕੋ ਕੇ ਸਿਮ੍ਰਿਤ ਸਾਸਤ੍ਰ ਅੱਗੇ ਰੱਖ ਦਿੱਤੇ ਜਿਸ ਬਾਰੇ ਗੁਰਮਤਿ ਦਾ ਫੁਰਮਾਨ ਹੈ “ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ॥ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ॥”। ਪਾਪ ਪੁੰਨ ਬਾਰੇ ਗੁਰਮਤਿ ਦਾ ਕੀ ਫੁਰਮਾਨ ਹੈ ਸਮਝਣ ਲਈ ਵੇਖੋ “ਪਾਪ ਪੁੰਨ (paap/punn)” ਤੇ ਪਖੰਡ ਬਾਰੇ ਵੇਖੋ “ਸਿੱਖੀ ਅਤੇ ਪਖੰਡ”।
ਸਨਾਤਨ ਧਰਮ ਦੇ ਛੇ ਦਰਸ਼ਨ ਹਨ ਜੋ ਭਾਰਤੀ ਦਰਸ਼ਨ ਸ਼ਾਸਤਰ ਦੇ ਮੁੱਖ ਸਿਧਾਂਤ ਹਨ। ਇਹ ਹਨ:
- ਨਿਆਯ: ਇਹ ਦਰਸ਼ਨ ਤਰਕ ਅਤੇ ਤਰਕਸ਼ੀਲਤਾ ‘ਤੇ ਧਿਆਨ ਕੇਂਦਰਿਤ ਕਰਦਾ ਹੈ। ਇਸ ਦੇ ਸੰਸਥਾਪਕ ਗੌਤਮ ਮੁਨੀ ਹਨ। ਨਿਆਯ ਦਰਸ਼ਨ ਵਿੱਚ ਤਰਕਸ਼ੀਲਤਾ ਅਤੇ ਤਰਕ ਦੇ ਸਿਧਾਂਤਾਂ ਦੀ ਵਿਸ਼ੇਸ਼ਤਾ ਹੈ। ਇਸ ਵਿੱਚ ਪ੍ਰਮਾਣਾਂ ਦੀ ਚਰਚਾ ਕੀਤੀ ਜਾਂਦੀ ਹੈ ਜੋ ਸੱਚਾਈ ਦੀ ਪਛਾਣ ਕਰਨ ਵਿੱਚ ਸਹਾਇਕ ਹੁੰਦੇ ਹਨ।
- ਵੈਸ਼ੇਸ਼ਿਕ: ਇਹ ਦਰਸ਼ਨ ਪਦਾਰਥ ਅਤੇ ਉਸ ਦੇ ਗੁਣਾਂ ਦੀ ਵਿਸ਼ੇਸ਼ਤਾ ‘ਤੇ ਧਿਆਨ ਦਿੰਦਾ ਹੈ। ਇਸ ਦੇ ਸੰਸਥਾਪਕ ਕਣਾਦ ਮੁਨੀ ਹਨ। ਵੈਸ਼ੇਸ਼ਿਕ ਦਰਸ਼ਨ ਵਿੱਚ ਪਦਾਰਥ ਦੇ ਸਵਰੂਪ ਅਤੇ ਉਸ ਦੇ ਗੁਣਾਂ ਦੀ ਵਿਸ਼ੇਸ਼ਤਾ ਦੀ ਚਰਚਾ ਕੀਤੀ ਜਾਂਦੀ ਹੈ। ਇਸ ਵਿੱਚ ਅਣੂਵਾਦ ਅਤੇ ਪਦਾਰਥ ਦੇ ਸਵਰੂਪ ਦੀ ਵਿਸ਼ੇਸ਼ਤਾ ਹੈ।
- ਸਾਂਖਿਆ: ਇਹ ਦਰਸ਼ਨ ਪ੍ਰਕ੍ਰਿਤੀ ਅਤੇ ਪੁਰੁਸ਼ ਦੇ ਦਵੈਤਵਾਦ ‘ਤੇ ਆਧਾਰਿਤ ਹੈ। ਇਸ ਦੇ ਸੰਸਥਾਪਕ ਕਪਿਲ ਮੁਨੀ ਹਨ। ਸਾਂਖਿਆ ਦਰਸ਼ਨ ਵਿੱਚ ਪ੍ਰਕ੍ਰਿਤੀ ਅਤੇ ਪੁਰੁਸ਼ ਦੇ ਦਵੈਤਵਾਦ ਦੀ ਚਰਚਾ ਕੀਤੀ ਜਾਂਦੀ ਹੈ। ਇਸ ਵਿੱਚ ਪ੍ਰਕ੍ਰਿਤੀ ਦੇ ਤੱਤਾਂ ਅਤੇ ਪੁਰੁਸ਼ ਦੇ ਸਵਰੂਪ ਦੀ ਵਿਸ਼ੇਸ਼ਤਾ ਹੈ।
- ਯੋਗ: ਇਹ ਦਰਸ਼ਨ ਸ਼ਰੀਰ ਦੇ ਸਾਧਨ ਦੁਆਰਾ ਆਤਮ-ਅਨੁਭਵ ਦੀ ਪ੍ਰਾਪਤੀ ‘ਤੇ ਧਿਆਨ ਦਿੰਦਾ ਹੈ। ਇਸ ਦੇ ਸੰਸਥਾਪਕ ਪਤੰਜਲੀ ਹਨ। ਯੋਗ ਦਰਸ਼ਨ ਵਿੱਚ ਮਨ ਅਤੇ ਸ਼ਰੀਰ ਦੇ ਸਾਧਨ ਦੁਆਰਾ ਆਤਮ-ਅਨੁਭਵ ਦੀ ਪ੍ਰਾਪਤੀ ਦੀ ਚਰਚਾ ਕੀਤੀ ਜਾਂਦੀ ਹੈ। ਇਸ ਵਿੱਚ ਯੋਗ ਦੇ ਅੰਗਾਂ ਅਤੇ ਸਾਧਨ ਦੀ ਵਿਸ਼ੇਸ਼ਤਾ ਹੈ।
- ਮੀਮਾਂਸਾ: ਇਹ ਦਰਸ਼ਨ ਵੇਦਾਂ ਦੇ ਮੂਲ ਭਾਵ ਅਤੇ ਰੀਤੀਆਂ ਦੀ ਵਿਆਖਿਆ ਕਰਦਾ ਹੈ। ਇਸ ਦੇ ਸੰਸਥਾਪਕ ਜੈਮੀਨੀ ਹਨ। ਮੀਮਾਂਸਾ ਦਰਸ਼ਨ ਵਿੱਚ ਵੇਦਾਂ ਦੇ ਮੂਲ ਭਾਵ ਅਤੇ ਰੀਤੀਆਂ ਦੀ ਵਿਸ਼ੇਸ਼ਤਾ ਦੀ ਚਰਚਾ ਕੀਤੀ ਜਾਂਦੀ ਹੈ। ਇਸ ਵਿੱਚ ਯਗਨਾਂ ਅਤੇ ਰੀਤੀਆਂ ਦੀ ਵਿਸ਼ੇਸ਼ਤਾ ਹੈ।
- ਵੇਦਾਂਤ: ਇਹ ਦਰਸ਼ਨ ਆਤਮ ਅਤੇ ਬ੍ਰਹਮ ਦੇ ਏਕਤਾ ‘ਤੇ ਧਿਆਨ ਕੇਂਦਰਿਤ ਕਰਦਾ ਹੈ। ਇਸ ਦੇ ਸੰਸਥਾਪਕ ਬਾਦਰਾਯਣ ਹਨ। ਵੇਦਾਂਤ ਦਰਸ਼ਨ ਵਿੱਚ ਆਤਮ ਅਤੇ ਬ੍ਰਹਮ ਦੇ ਏਕਤਾ ਦੀ ਚਰਚਾ ਕੀਤੀ ਜਾਂਦੀ ਹੈ। ਇਸ ਵਿੱਚ ਬ੍ਰਹਮ ਦੇ ਸਵਰੂਪ ਅਤੇ ਆਤਮ ਦੇ ਸਵਰੂਪ ਦੀ ਵਿਸ਼ੇਸ਼ਤਾ ਹੈ।
ਇਹ ਛੇ ਦਰਸ਼ਨ ਸਨਾਤਨ ਧਰਮ ਦੇ ਮੁੱਖ ਸਿਧਾਂਤਾਂ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਇਹਨਾਂ ਦਰਸ਼ਨਾ ਵਿੱਚ ਬਹੁਤ ਕੁਝ ਸਮਝ ਆਉਂਦਾ ਹੈ ਪਰ ਅਖੀਰ ਇਹਨਾਂ ਸਾਰਿਆਂ ਨੇ ਹੀ ਆਪਣੇ ਆਪਣੇ ਤਰੀਕੇ ਦੱਸੇ ਹਨ ਵਿਕਾਰਾਂ ਨੂੰ ਕਾਬੂ ਕਰਨ ਦੇ ਪਰ ਬਹੁਤ ਹੱਦ ਤਕ ਨੈਤਿਕਤਾ ਵਿੱਚ ਸੀਮਿਤ ਰਹਿ ਗਏ ਲਗਦੇ ਨੇ ਅਧਿਆਤਮ ਮਾਰਗ ਨੈਤਿਕਤਾ ਨੂੰ ਹੀ ਮੰਨ ਰਹੇ ਜਾਪਦੇ ਹਨ। ਯੋਗ ਸਾਧਨਾ ਰਾਹੀਂ, ਦੇਹੀ ਨੂੰ ਸਾਧਨ ਨਾਲ, ਖਾਨ ਪੀਣ ਦੀਆਂ ਵਸਤੂਆਂ ਨਾਲ ਹੀ ਪਰਮੇਸਰ ਪ੍ਰਾਪਤੀ ਨਹੀਂ ਹੁੰਦੀ। ਗੁਰਮਤਿ ਮਨ ਦੇ ਭੋਜਨ ਗਿਆਨ ਦੀ ਗਲ ਕਰਦੀ ਹੈ। ਇਹਨਾਂ ੬ ਦਰਸ਼ਨਾਂ ਦਾ ਮੰਨਣਾ ਹੈ ਕੇ ਵਿਕਾਰ ਘਟਾ ਤਾਂ ਸਕਦੇ ਹਾਂ ਪਰ ਖਤਮ ਨਹੀਂ ਹੋ ਸਕਦੇ। “ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ॥ ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ॥ ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ॥੫॥“ ਤੇ ਗੁਰਮਤਿ ਨੇ ਗੁਰ ਕੀ ਸੇਵਾ ਸਬਦ ਵੀਚਾਰ ਨੂੰ ਮੰਨਿਆ ਹੈ। ਇਹਨਾਂ ੬ ਮੱਤਾ ਕਾਰਣ ਲੋਕ ਸੰਨਿਆਸ ਲੈਕੇ ਬਨ/ਜੰਗਲਾਂ ਨੂੰ ਤੁਰ ਪੈਂਦੇ ਸੀ ਤੇ ਗੁਰਮਤਿ ਨੇ ਕਹਿਆ ਹੈ ਕੇ “ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ॥ ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ॥ ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ॥ ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ॥ ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ॥ ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ॥ ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ॥੫॥”। ਗੁਰਮਤਿ ਨੇ ਇਹਨਾਂ ਤੋਂ ਅੱਗੇ ਦੀ ਗਲ ਕਰਦਿਆਂ ਆਖਿਆ ਹੈ ਕੇ ਵਿਕਾਰ ਖਤਮ ਹੋ ਸਕਦੇ ਹਨ ਜੇ ਉਹਨਾਂ ਦੀ ਮਾਂ (ਬੁੱਧ) ਨੂੰ ਕਾਬੂ ਕੀਤਾ ਜਾਵੇ। ਨਾਮ (ਗਿਆਨ ਤੋਂ ਪ੍ਰਾਪਤ ਸੋਝੀ) ਨਾਲ ਮਨ ਨਿਰਮਲ (ਵਿਕਾਰਾਂ ਦੀ ਮਲ ਰਹਿਤ) ਹੋ ਸਕਦਾ ਹੈ। ਗੁਰਮਤਿ ਮੰਨਦੀ ਹੈ ਕੇ ਕਰਤੇ ਤਕ ਪਹੁੰਚਣ ਦੇ ਕਈ ਮਾਰਗ ਹਨ “ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥੩੫॥” – ਨਰਿੰਦ ਤਕ ਪਹੁੰਚਣ ਦੇ ਕੇਤੇ ਹੀ ਪਾਤ (ਰਸਤੇ) ਹਨ। ਅਸੀਂ ਪਾਤਿਸ਼ਾਹ ਵੀ ਇਸ ਲਈ ਵਰਤਦੇ ਹਾਂ ਉਸਦੇ ਲਈ ਜਿਸਨੂੰ ਸਚ ਦਾ ਪਾਤ (ਰਾਹ) ਪਤਾ ਹੋਵੇ। ਸਾਡੇ ਗੁਰੂ ਬਾਦਸ਼ਾਹ ਨਹੀਂ ਹਨ ਕਿਉਂਕੇ ਬਾਦ (ਵਾਦ/ਵਿਵਾਦ/ਝਗੜਾ) ਵਿੱਚ ਨਹੀਂ ਪੈਂਦੇ ਸੀ । ਗੁਰਮਤਿ ਦਾ ਇਹਨਾਂ ਦਰਸ਼ਨਾਂ ਨੂੰ ਸਮਝ ਕੇ ਫੈਸਲਾ ਇਹ ਹੈ ਕੇ “ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥੩॥” – ਸਨਾਤਨ ਮਤਿ ਦੇ ਰਿਸ਼ੀ ਮੁਨੀਆਂ ਨੇ ਤਨ ਦੇ ਅੰਦਰ ਮਨ ਨੂੰ ਨਹੀਂ ਖੋਜਿਆ ਤੇ ਪਛਾਣਿਆ, ਬੁੱਧ ਅਤੇ ਜੈਨ ਵਿਚਾਰਧਾਰਾ ਨੇ ਤਾਂ ਪਰਮੇਸਰ ਦੀ ਹੋਂਦ ਨੂੰ ਹੀ ਨਕਾਰ ਦਿੱਤਾ ਤੇ ਕੇਵਲ ਕੁਦਰਤ ਤੇ ਊਰਜਾ ਨੂੰ ਹੀ ਸਬ ਤੋਂ ਉੱਪਰ ਦੱਸਿਆ ਹੈ। ਗੁਰਮਤਿ ਦਾ ਫੁਰਮਾਨ ਹੈ “ਜੇਵਡੁ ਆਪਿ ਤੇਵਡ ਤੇਰੀ ਦਾਤਿ॥ ਜਿਨਿ ਦਿਨੁ ਕਰਿ ਕੈ ਕੀਤੀ ਰਾਤਿ॥ ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥“ – ਭਾਵ ਸਨਾਤ (ਸਨਾਤਨ ਮਤਿ) ਨਾਵੈ (ਨਾਮ ਭਾਵ ਹੁਕਮ ਦੀ ਸੋਝੀ ਤੋਂ) ਬਾਝ (ਵਾਂਝੀ) ਹੈ, ਕਿਉਂਕੇ ਨਾ ਮਨ ਦੀ ਖੋਜ ਕੀਤੀ ਹੈ ਸਨਾਤਨ ਮਤਿ ਨੇ ਤੇ ਨਾ ਹੀ ਕਰਤੇ ਦੇ ਹੁਕਮ ਦੀ ਗਲ ਕੀਤੀ ਹੈ। ਕਰਮ ਤਕ ਤਾਂ ਪਹੁੰਚ ਗਏ ਪਰ ਅੱਗੇ ਹੁਕਮ ਦੀ ਗਲ ਨਹੀਂ ਕੀਤੀ। ਗੁਰਮਤਿ ਨੇ ਕਰਮ ਨੂੰ ਕੱਟਿਆ ਹੈ ਤੇ ਸਬ ਕੁੱਝ ਕਰਤੇ ਦੇ ਹੁਕਮ ਬੱਧ ਦੱਸਿਆ ਹੈ। ਗੁਰਮਤਿ ਵਾਲਾ ਕਰਮ (ਕਿਰਪਾ) ਹੈ, ਇਸੇ ਲਈ ਕਬੀਰ ਜੀ ਨੇ ਆਖਿਆ ਹੈ ਕੇ ਹੁਕਮ ਦੀ ਗਲ ਕਰਕੇ ਆਪਣੀ ਮੈਂ ਮੁਕਾ ਕੇ ਉਹਨਾਂ ਦਾ ਮਨ ਸਨਾਤਨ ਮਤਿ ਤੋਂ ਉਲਟ ਹੋ ਗਿਆ ਹੈ “ਅਬ ਮਨੁ ਉਲਟਿ ਸਨਾਤਨੁ ਹੂਆ॥ ਤਬ ਜਾਨਿਆ ਜਬ ਜੀਵਤ ਮੂਆ॥ ਕਹੁ ਕਬੀਰ ਸੁਖਿ ਸਹਜਿ ਸਮਾਵਉ॥ ਆਪਿ ਨ ਡਰਉ ਨ ਅਵਰ ਡਰਾਵਉ॥” ਤੇ ਨਾਨਕ ਪਾਤਿਸ਼ਾਹ ਨੇ ਇਹ ਵੀ ਮੰਨਿਆ ਹੈ ਕੇ ਸਨਾਤਨ ਮਤਿ ਵਿੱਚ ਹੀ ਕੁਝ ਭਗਤ ਹੋਏ ਹਨ ਜਿਹਨਾਂ ਸਨਾਤਨ ਮਤਿ ਤੋਂ ਅੱਗੇ ਦੀ ਗਲ ਕੀਤੀ ਹੈ “ਜਾਤਿ ਕੁਲੀਨੁ ਸੇਵਕੁ ਜੇ ਹੋਇ॥ ਤਾ ਕਾ ਕਹਣਾ ਕਹਹੁ ਨ ਕੋਇ॥ ਵਿਚਿ ਸਨਾਤੀਂ ਸੇਵਕੁ ਹੋਇ॥ ਨਾਨਕ ਪਣ੍ਹੀਆ ਪਹਿਰੈ ਸੋਇ॥” । ਗੁਰਮਤਿ ਦਾ ਫੁਰਮਾਨ ਹੈ ਕੇ ਵਿਕਾਰ ਪੈਦਾ ਹੁੰਦੇ ਨੇ ਮਨ (ਅਗਿਆਨਤਾ) ਵਿੱਚੋਂ। ਤੇ ਬੁੱਧ ਵਿਕਾਰਾਂ ਦੀ ਮਾਂ ਹੈ। ਜੇ ਬੁੱਧ ਵਿੱਚ ਨਾਮ (ਗੁਰਮਤਿ ਗਿਆਨ ਦੀ ਸੋਝੀ) ਦਾ ਚਾਨਣਾ ਹੋਵੇ “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥” ਤਾਂ ਵਿਕਾਰ ਨਾ ਸਿਰਫ਼ ਕਾਬੂ ਹੁੰਦੇ, ਵਿਕਾਰ ਮੁੱਕ ਜਾਂਦੇ ਹਨ। ਗੁਰਮਤਿ ਨੂੰ ਭਗਉਤੀ (ਭਗਤਾਂ ਦੀ ਮਤਿ “ਸੋ ਭਗਉਤੀ ਜੋੁ ਭਗਵੰਤੈ ਜਾਣੈ॥”) ਦਾ ਮਨ ਖੋਜ ਮਾਰਗ ਦੱਸਿਆ ਹੈ।
”ਰਾਗੁ ਸਿਰੀਰਾਗੁ ਮਹਲਾ ੫ ਘਰੁ ੫॥ ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥੧॥ ਰਹਾਉ॥ ਧਿਆਨੀ ਧਿਆਨੁ ਲਾਵਹਿ॥ ਗਿਆਨੀ ਗਿਆਨੁ ਕਮਾਵਹਿ॥ ਪ੍ਰਭੁ ਕਿਨ ਹੀ ਜਾਤਾ॥੧॥ ਭਗਉਤੀ ਰਹਤ ਜੁਗਤਾ॥ ਜੋਗੀ ਕਹਤ ਮੁਕਤਾ॥ ਤਪਸੀ ਤਪਹਿ ਰਾਤਾ॥੨॥ ਮੋਨੀ ਮੋਨਿਧਾਰੀ॥ ਸਨਿਆਸੀ ਬ੍ਰਹਮਚਾਰੀ॥ ਉਦਾਸੀ ਉਦਾਸਿ ਰਾਤਾ॥੩॥ ਭਗਤਿ ਨਵੈ ਪਰਕਾਰਾ॥ ਪੰਡਿਤੁ ਵੇਦੁ ਪੁਕਾਰਾ॥ ਗਿਰਸਤੀ ਗਿਰਸਤਿ ਧਰਮਾਤਾ॥੪॥ ਇਕ ਸਬਦੀ ਬਹੁ ਰੂਪਿ ਅਵਧੂਤਾ॥ ਕਾਪੜੀ ਕਉਤੇ ਜਾਗੂਤਾ॥ ਇਕਿ ਤੀਰਥਿ ਨਾਤਾ॥੫॥ ਨਿਰਹਾਰ ਵਰਤੀ ਆਪਰਸਾ॥ ਇਕਿ ਲੂਕਿ ਨ ਦੇਵਹਿ ਦਰਸਾ॥ ਇਕਿ ਮਨ ਹੀ ਗਿਆਤਾ॥੬॥ ਘਾਟਿ ਨ ਕਿਨ ਹੀ ਕਹਾਇਆ॥ ਸਭ ਕਹਤੇ ਹੈ ਪਾਇਆ॥ ਜਿਸੁ ਮੇਲੇ ਸੋ ਭਗਤਾ॥੭॥ ਸਗਲ ਉਕਤਿ ਉਪਾਵਾ॥ ਤਿਆਗੀ ਸਰਨਿ ਪਾਵਾ॥ ਨਾਨਕੁ ਗੁਰ ਚਰਣਿ ਪਰਾਤਾ॥੮॥੨॥੨੭॥॥“ – ਮਨ ਕਿੱਥੇ ਗਵਾਚਿਆ ਹੈ ਜਿਸਨੂੰ ਖੋਜਣਾ ਪੈਣਾ? ਇਹ ਸੋਝੀ ਗੁਰਮਤਿ ਤੋਂ ਪ੍ਰਾਪਤ ਹੁੰਦੀ ਹੈ।
ਸਿਮ੍ਰਿਤ ਸ਼ਾਸਤਰਾਂ ਨੇ ਵੇਦ ਪਿੱਛੇ ਲੁਕੋ ਕੇ ਲੋਕਾਂ ਨੂੰ ਕਰਮਕਾਂਡ, ਮੂਰਤੀ ਪੂਜਾ, ਜਾਤੀ ਵਾਦ, ਪਾਪ ਪੁੰਨ, ਕੀ ਖਾਣਾ ਕੀ ਨਹੀਂ ਖਾਣਾ, ਅੱਖਾ ਬੰਦ ਕਰਕੇ ਰੱਬ ਨੂੰ ਧਿਆਉਣਾ, ਇੱਕ ਸ਼ਬਦ ਨੂੰ ਬਾਰ ਬਾਰ ਰੱਟਣ ਕਰਨਾ, ਪੂਜਾ, ਬਲੀ ਆਦੀ ਵੱਲ ਲਗਾ ਦਿੱਤਾ। ਗੁਰਮਤਿ ਆਖਦੀ ਹੈ “ਕਵਨ ਰੂਪੁ ਤੇਰਾ ਆਰਾਧਉ॥ ਕਵਨ ਜੋਗ ਕਾਇਆ ਲੇ ਸਾਧਉ॥੧॥ ਕਵਨ ਗੁਨੁ ਜੋ ਤੁਝੁ ਲੈ ਗਾਵਉ॥ ਕਵਨ ਬੋਲ ਪਾਰਬ੍ਰਹਮ ਰੀਝਾਵਉ॥੧॥ ਰਹਾਉ॥ ਕਵਨ ਸੁ ਪੂਜਾ ਤੇਰੀ ਕਰਉ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ॥੨॥ ਕਵਨ ਤਪੁ ਜਿਤੁ ਤਪੀਆ ਹੋਇ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ॥੩॥ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ॥੪॥ ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ॥ ਜਿਸ ਕੀ ਮਾਨਿ ਲੇਇ ਸੁਖਦਾਤਾ॥੧॥“ – ਗੁਰਮਤਿ ਨੇ ਗੁਣਾਂ ਨੂੰ ਪੂਜਾ ਮੰਨਿਆ ਹੈ, ਗਿਆਨ ਨੂੰ ਹੀ ਧਿਆਨ ਮੰਨਿਆ ਹੈ। ਸਨਾਤਨ ਮਤਿ ਵਿੱਚ ਅਨੇਕ ਪ੍ਰਕਾਰ ਦੇ ਜਤਨ ਕਰਦੇ ਸੀ ਮੁਕਤੀ ਲਈ। ਕਈ ਤਾਂ ਸਰੀਰ ਦੇ ਅੰਗ ਕਟਾ ਦਿੰਦੇ ਸੀ, ਆਰਿਆਂ ਵਾਲੇ ਖੂਹ ਵਿੱਚ ਛਾਲ ਵੀ ਮਾਰਦੇ ਸੀ। ਜੈਨ ਮਾਰਗ ਆਦੀ ਲਈ ਗੁਰਬਾਣੀ ਦਾ ਫੁਰਮਾਨ ਹੈ “ਜਾਪ ਤਾਪ ਗਿਆਨ ਸਭਿ ਧਿਆਨ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ॥ ਸਗਲ ਤਿਆਗਿ ਬਨ ਮਧੇ ਫਿਰਿਆ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ॥ ਪੁੰਨ ਦਾਨ ਹੋਮੇ ਬਹੁ ਰਤਨਾ॥ ਸਰੀਰੁ ਕਟਾਇ ਹੋਮੈ ਕਰਿ ਰਾਤੀ॥ ਵਰਤ ਨੇਮ ਕਰੈ ਬਹੁ ਭਾਤੀ॥ ਨਹੀ ਤੁਲਿ ਰਾਮ ਨਾਮ ਬੀਚਾਰ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ॥੧॥ ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ॥ ਮਹਾ ਉਦਾਸੁ ਤਪੀਸਰੁ ਥੀਵੈ॥ ਅਗਨਿ ਮਾਹਿ ਹੋਮਤ ਪਰਾਨ॥ ਕਨਿਕ ਅਸ੍ਵ ਹੈਵਰ ਭੂਮਿ ਦਾਨ॥ ਨਿਉਲੀ ਕਰਮ ਕਰੈ ਬਹੁ ਆਸਨ॥ ਜੈਨ ਮਾਰਗ ਸੰਜਮ ਅਤਿ ਸਾਧਨ॥ ਨਿਮਖ ਨਿਮਖ ਕਰਿ ਸਰੀਰੁ ਕਟਾਵੈ॥ ਤਉ ਭੀ ਹਉਮੈ ਮੈਲੁ ਨ ਜਾਵੈ॥ ਹਰਿ ਕੇ ਨਾਮ ਸਮਸਰਿ ਕਛੁ ਨਾਹਿ॥ ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ॥੨॥ ਮਨ ਕਾਮਨਾ ਤੀਰਥ ਦੇਹ ਛੁਟੈ॥ ਗਰਬੁ ਗੁਮਾਨੁ ਨ ਮਨ ਤੇ ਹੁਟੈ॥ ਸੋਚ ਕਰੈ ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ ਨ ਤਨ ਤੇ ਜਾਤਿ॥ ਇਸੁ ਦੇਹੀ ਕਉ ਬਹੁ ਸਾਧਨਾ ਕਰੈ॥ ਮਨ ਤੇ ਕਬਹੂ ਨ ਬਿਖਿਆ ਟਰੈ॥ ਜਲਿ ਧੋਵੈ ਬਹੁ ਦੇਹ ਅਨੀਤਿ॥ ਸੁਧ ਕਹਾ ਹੋਇ ਕਾਚੀ ਭੀਤਿ॥ ਮਨ ਹਰਿ ਕੇ ਨਾਮ ਕੀ ਮਹਿਮਾ ਊਚ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ॥੩॥” ਅਤੇ “ਨਗਨ ਫਿਰਤ ਜੌ ਪਾਈਐ ਜੋਗੁ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥੧॥ ਕਿਆ ਨਾਗੇ ਕਿਆ ਬਾਧੇ ਚਾਮ॥ ਜਬ ਨਹੀ ਚੀਨਸਿ ਆਤਮ ਰਾਮ॥੧॥ ਰਹਾਉ॥ ਮੂਡ ਮੁੰਡਾਏ ਜੌ ਸਿਧਿ ਪਾਈ॥ ਮੁਕਤੀ ਭੇਡ ਨ ਗਈਆ ਕਾਈ॥੨॥ ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥੩॥ ਕਹੁ ਕਬੀਰ ਸੁਨਹੁ ਨਰ ਭਾਈ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ॥”। ਇਹਨਾਂ ਪਰਮਾਣਾਂ ਨੂੰ ਨਿੰਦਿਆ ਨਾ ਮੰਨ ਕੇ ਸਮਝਣ ਦੀ ਲੋੜ ਹੈ ਕੇ ਗੁਰਮਤਿ ਗਿਆਨ ਲੈਣ ਲਈ ਪ੍ਰੇਰਿਤ ਕਰ ਰਹੀ ਹੈ। ਸਾਰਿਆਂ ਨੂੰ ਸਾਂਝਾ ਉਪਦੇਸ ਹੈ ਕੇ ਨਾਮ (ਸੋਝੀ) ਨੂੰ ਜਪੋ (ਪਛਾਣੋ) ਤੇ ਧਿਆਵੋ (ਧਿਆਨ ਵਿੱਚ ਰੱਖੋ) “ਸੋ ਪੰਡਿਤੁ ਜੋ ਮਨੁ ਪਰਬੋਧੈ॥ ਰਾਮ ਨਾਮੁ ਆਤਮ ਮਹਿ ਸੋਧੈ॥ ਰਾਮ ਨਾਮ ਸਾਰੁ ਰਸੁ ਪੀਵੈ॥ ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ॥ ਹਰਿ ਕੀ ਕਥਾ ਹਿਰਦੈ ਬਸਾਵੈ॥ ਸੋ ਪੰਡਿਤੁ ਫਿਰਿ ਜੋਨਿ ਨ ਆਵੈ॥ ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ॥ ਸੂਖਮ ਮਹਿ ਜਾਨੈ ਅਸਥੂਲੁ॥ ਚਹੁ ਵਰਨਾ ਕਉ ਦੇ ਉਪਦੇਸੁ॥ ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ॥੪॥ ਬੀਜ ਮੰਤ੍ਰੁ ਸਰਬ ਕੋ ਗਿਆਨੁ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ॥ ਜੋ ਜੋ ਜਪੈ ਤਿਸ ਕੀ ਗਤਿ ਹੋਇ॥” ਅਤੇ “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥“
ਬ੍ਰਹਮ
ਅੱਜ ਦਾ ਸਿੱਖ ਬ੍ਰਹਮ ਬਾਰੇ ਨਹੀਂ ਜਾਣਦਾ। ਕਦੇ ਵਿਚਾਰਦਾ ਨਹੀਂ ਕੇ ਬ੍ਰਹਮ ਜੇ ਪੂਰਨ ਹੈ ਤਾਂ ਪੂਰਨਬ੍ਰਹਮ ਕਿਸ ਨੂੰ ਆਖਿਆ ਗੁਰਮਤਿ ਨੇ, ਤੇ ਪਾਰਬ੍ਰਹਮ ਕੀ ਹੈ? ਇਸ ਬਾਰੇ ਅਸੀਂ ਪਹਿਲਾਂ ਵੀ ਇੱਕ ਲੇਖ ਵਿੱਚ ਗਲ ਕੀਤੀ ਹੈ “ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ”। ਗੁਰਮਤਿ ਬ੍ਰਹਮ ਜੀਵ ਦੇ ਘਟ (ਹਿਰਦੇ) ਅੰਦਰ ਜੱਗੀ ਗਿਆਨ/ਨਾਮ(ਸੋਝੀ) ਦੀ ਜੋਤ ਨੂੰ ਮੰਨਦੀ ਹੈ। “ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ॥ ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ॥੨॥ ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ॥ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ॥੩॥” ਅਤੇ “ਅਕੁਲ ਪੁਰਖ ਇਕੁ ਚਲਿਤੁ ਉਪਾਇਆ॥ ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ॥੧॥ ਜੀਅ ਕੀ ਜੋਤਿ ਨ ਜਾਨੈ ਕੋਈ॥ ਤੈ ਮੈ ਕੀਆ ਸੁ ਮਾਲੂਮੁ ਹੋਈ॥” ਹੋਰ ਵੀ ਪਰਮਾਣ ਹਨ ਜਿਵੇਂ
”ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ॥”
”ਵਵਾ ਵੈਰੁ ਨ ਕਰੀਐ ਕਾਹੂ॥ ਘਟ ਘਟ ਅੰਤਰਿ ਬ੍ਰਹਮ ਸਮਾਹੂ॥”
”ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ॥ ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨੑਾ ਕਾਹੇ ਭਇਆ ਸੰਨਿਆਸੀ॥੧॥”
”ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ॥ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ॥੩॥”
”ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰਿ॥ ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ॥ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਿ॥”
”ਏਕ ਬਿਨਾ ਦੂਜਾ ਨਹੀ ਜਾਨੈ॥ ਘਟ ਘਟ ਅੰਤਰਿ ਪਾਰਬ੍ਰਹਮੁ ਪਛਾਨੈ॥੨॥ ਜੋ ਕਿਛੁ ਕਰੈ ਸੋਈ ਭਲ ਮਾਨੈ॥ ਆਦਿ ਅੰਤ ਕੀ ਕੀਮਤਿ ਜਾਨੈ॥੩॥”
”ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ॥ ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ॥ ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ॥ ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ॥੧॥”
ਸੋ ਜੀਵ ਦੇ ਘਟ (ਹਿਰਦੇ / ਬੁੱਧ, ਸੂਖਮ ਸਰੀਰ, ਦੇਹੀ) ਅੰਦਰ ਜਿਹੜੀ ਗਿਆਨ ਦੀ ਜੋਤ ਜਗਦੀ ਹੈ ਉਹ ਬ੍ਰਹਮ ਹੈ। ਤੇ ਗੁਰਮਤਿ ਵਾਲਾ ਬ੍ਰਹਮਾ ਹੈ “ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ॥”। ਜਦੋਂ ਬ੍ਰਹਮਾ (ਮਨ) ਨੂੰ ਆਪਣੀ ਹੋਂਦ ਦਾ ਪਤਾ ਲੱਗ ਜਾਵੇ, ਗਿਆਨ ਪੂਰਨ ਹੋ ਜਾਵੇ ਤਾਂ ਇਸ ਬ੍ਰਹਮ ਨੇ ਪੂਰਨ ਬ੍ਰਹਮ ਹੋਣਾ ਹੈ। ਜਦੋਂ ਹੁਕਮ ਦੀ ਸੋਝੀ ਹੋ ਗਈ, ਹਰਿ ਦਾ ਗਿਆਨ ਹਰਿ ਦੇ ਗੁਣਾ ਨੂੰ ਸਮਝ ਕੇ ਹਰਿਆ ਹੋ ਗਿਆ, ਅੰਮ੍ਰਿਤ (ਕਦੇ ਨਾ ਮਰਨ/ਖਤਮ ਹੋਣ ਵਾਲਾ) ਗਿਆਨ ਹਾਸਿਲ ਕਰ ਲਿਆ, ਗਿਆਨ ਵਿੱਚ ਰਮਿਆ ਰਾਮ ਹੋ ਗਿਆ ਤਾਂ ਇਸਨੇ ਪਾਰਬ੍ਰਹਮ ਆਪ ਹੀ ਹੋਣਾ ਹੈ। ਇਹੀ ਖਾਲਸ ਅਵਸਥਾ ਹੈ। “ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ॥ ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ॥ ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ॥”
ਬ੍ਰਹਮ ਬੀਚਾਰ
ਗੁਰਮਤਿ ਬ੍ਰਹਮ ਦੀ ਬੀਚਾਰ ਹੈ। ਕੋਈ ਮੰਤਰਾਂ ਵਾਂਗ ਪੜ੍ਹ ਰਹਿਆ, ਕੋਈ ਗਾ ਰਹਿਆ ਕੋਈ ਅਖੰਡ ਪਾਠ ਕਰ ਰਹਿਆ ਪਰ ਵਿਚਾਰਦਾ ਕੋਈ ਵਿਰਲਾ ਹੀ ਹੈ। ਗੁਰਬਾਣੀ ਆਖਦੀ “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥” ਅਤੇ ਸਬਦ ਚੌਕੀ ਨੂੰ ਹੀ ਕੀਰਤਨ ਸਮਝ ਲਿਆ ਇਹ ਨਹੀਂ ਪੜ੍ਹ ਕੇ ਵੀਚਾਰਿਆ ਕੇ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥”, “ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ॥”। ਅਸਲ ਕੀਰਤਨ ਕੀ ਹੈ ਤੇ ਕਿਵੇਂ ਹੁੰਦਾ ਬਾਰੇ ਜਾਨਣ ਲਈ ਵੇਖੋ “ਕੀਰਤਨੁ ਅਤੇ ਗੁਣ ਕਿਵੇ ਗਉਣੇ ਹਨ”
ਜਿਹਨਾਂ ਨੇ ਹਰਿ ਦੀ ਸੋਝੀ ਲਈ ਬ੍ਰਹਮ ਦੀ ਬੀਚਾਰ (ਵਿਚਾਰ) ਕੀਤੀ ਉਹਨਾਂ ਦਾ ਹੀ ਜਨਮ ਸਵਰਿਆ ਹੈ “ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ॥ ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ॥” – ਸਾਧ ਕੌਣ ਹੈ ਜਿਸਦਾ ਸੰਗ ਕਰਨਾ ਹੈ ਸਮਝਣ ਲਈ ਵੇਖੋ “ਸੰਗਤ, ਸਾਧ ਸੰਗਤ ਅਤੇ ਸਤਿ ਸੰਗਤ”। ਬ੍ਰਹਮ ਦੀ ਬਿਚਾਰ ਉਹੀ ਕਰ ਸਕਦਾ ਹੈ ਜਿਸ ਉੱਤੇ ਕਿਰਪਾ ਹੋਵੇ ਨਹੀਂ ਤਾਂ ਸਾਰੇ ਹੀ ਭੱਜਦੇ ਹਨ ਗਿਆਨ ਤੋਂ “ਕਹੁ ਨਾਨਕ ਜਿਸੁ ਕਿਰਪਾ ਧਾਰੈ॥ ਹਿਰਦਾ ਸੁਧੁ ਬ੍ਰਹਮੁ ਬੀਚਾਰੈ॥”, “ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ॥ ਤਿਸੁ ਭਈ ਖਲਾਸੀ ਹੋਈ ਸਗਲ ਸਿਧਿ॥ ਗੁਰਿ ਦੁਬਿਧਾ ਜਾ ਕੀ ਹੈ ਮਾਰੀ॥ ਕਹੁ ਨਾਨਕ ਸੋ ਬ੍ਰਹਮ ਬੀਚਾਰੀ॥”। ਇਹ ਕਿਰਪਾ ਕਰਨੀ ਪ੍ਰਭ (ਹਰਿ/ ਰਾਮ) ਨੇ ਹੀ ਹੈ ਨਹੀਂ ਤਾਂ ਬਾਣੀ ਆਖਦੀ “ਆਖਣਿ ਜੋਰੁ ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ ਦੇਣਿ ਨ ਜੋਰੁ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ॥ ਜੋਰੁ ਨ ਸੁਰਤੀ ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ ਛੁਟੈ ਸੰਸਾਰੁ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥”
”ਇਸ ਕਾ ਬਲੁ ਨਾਹੀ ਇਸੁ ਹਾਥ॥ ਕਰਨ ਕਰਾਵਨ ਸਰਬ ਕੋ ਨਾਥ॥ ਆਗਿਆਕਾਰੀ ਬਪੁਰਾ ਜੀਉ॥ ਜੋ ਤਿਸੁ ਭਾਵੈ ਸੋਈ ਫੁਨਿ ਥੀਉ॥ ਕਬਹੂ ਊਚ ਨੀਚ ਮਹਿ ਬਸੈ॥ ਕਬਹੂ ਸੋਗ ਹਰਖ ਰੰਗਿ ਹਸੈ॥ ਕਬਹੂ ਨਿੰਦ ਚਿੰਦ ਬਿਉਹਾਰ॥ ਕਬਹੂ ਊਭ ਅਕਾਸ ਪਇਆਲ॥ ਕਬਹੂ ਬੇਤਾ ਬ੍ਰਹਮ ਬੀਚਾਰ॥ਨਾਨਕ ਆਪਿ ਮਿਲਾਵਣਹਾਰ॥੫॥” – ਇਹ ਪ੍ਰਭ ਦੀ ਖੇਡ ਹੈ ਕੇ ਜੀਵ ਨੇ ਬ੍ਰਹਮ ਬੀਚਾਰ ਕਰਨੀ ਜਾਂ ਨਹੀਂ। “ਆਪਨ ਖੇਲੁ ਆਪਿ ਕਰਿ ਦੇਖੈ॥ ਖੇਲੁ ਸੰਕੋਚੈ ਤਉ ਨਾਨਕ ਏਕੈ॥”
ਗਿਆਨ ਤੋਂ ਭੱਜਦੇ ਇਸ ਕਾਰਣ ਹਨ ਕਿਉਂ ਕੇ ਮਨ ਨੂੰ ਪਤਾ ਹੈ ਕੇ ਗਿਆਨ ਨੇ ਉਸਨੂੰ ਬੰਨ ਲੈਣਾ ਇਸ ਲਈ ਗਿਆਨ ਤੇ ਸੋਝੀ ਤੋਂ ਦੂਰ ਭੱਜਦਾ ਸੌਖਾ ਰਸਤਾ ਲੱਭਦਾ ਹੈ “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥”
ਗੁਰਮਤਿ ਅਤੇ ਵੇਦਾਂ ਵਿੱਚ ਦੱਸਿਆ ਬ੍ਰਾਹਮਣ ਅਤੇ ਸਨਾਤਨ ਮਤਿ ਵਾਲਾ ਬ੍ਰਾਹਮਣ ਵੱਖਰਾ ਹੈ। ਗੁਰਮਤਿ ਵਾਲਾ ਬ੍ਰਾਹਮਣ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ, ਬ੍ਰਹਮ ਦਾ ਗਿਆਤਾ ਹੈ “ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥”, “ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ॥ ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ॥” ਤੇ ਸਨਾਤਨ ਮਤਿ ਵਾਲੇ ਬ੍ਰਾਹਮਣ ਤੋਂ ਗੁਰਮਤਿ ਨੇ ਸਵਾਲ ਕੀਤਾ ਹੈ “ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥੨॥” – ਬ੍ਰਾਹਮਣ ਦਾਵਾ ਕਰਦੇ ਨੇ ਕੇ ਉਹ ਰੱਬ ਦੇ ਮੁੱਖ ਤੋਂ ਪੈਦਾ ਹੋਇਆ ਤੇ ਬਾਕੀ ਸਾਰੇ ਰੱਬ ਦੇ ਹੋਰ ਅੰਗਾਂ ਤੋ ਪੈਦਾ ਹੋਏ ਹਨ, ਭਗਤ ਜੀ ਸਵਾਲ ਪੁੱਛਦੇ ਹਨ ਬ੍ਰਾਹਮਣ ਤੋਂ ਕੇ ਤੂੰ ਆਮ ਜੀਵਾਂ ਵਾਂਗ ਬ੍ਰਾਹਮਣੀ ਨੇ ਜੰਮਿਆ ਹੈਂ, ਕੀ ਬਿਪਤਾ ਪੈ ਗਈ ਸੀ ਮੁਖ ਤੋਂ ਨਹੀਂ ਜੰਮਿਆ? ਆਪਣੇ ਆਪ ਨੂੰ ਬ੍ਰਾਹਮਣ ਦਸ ਰਹਿਆ ਹੈ ਤੇ ਮੈਨੂੰ ਸੂਦ ਕਹੀ ਜਾਨਾ “ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥”
ਪੂਰੀ ਗੁਰਮਤਿ ਦਾ ਆਧਾਰ ਹੀ ਨਾਮ (ਗਿਆਨ ਤੋਂ ਪ੍ਰਾਪਤ ਸੋਝੀ) ਹੈ “ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ॥”। ਅਲੰਕਾਰ ਦੀ ਵਰਤੋ ਰਾਹੀਂ ਗੁਰਬਾਣੀ ਉਪਦੇਸ਼ ਕਰਦੀ ਹੈ ਕੇ “ਕਾਇਆ ਬ੍ਰਹਮਾ ਮਨੁ ਹੈ ਧੋਤੀ॥ ਗਿਆਨੁ ਜਨੇਊ ਧਿਆਨੁ ਕੁਸਪਾਤੀ॥ ਹਰਿ ਨਾਮਾ ਜਸੁ ਜਾਚਉ ਨਾਉ॥ ਗੁਰਪਰਸਾਦੀ ਬ੍ਰਹਮਿ ਸਮਾਉ॥੧॥ ਪਾਂਡੇ ਐਸਾ ਬ੍ਰਹਮ ਬੀਚਾਰੁ॥ ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ॥੧॥” – ਕਾਇਆ ਦਾ ਅਰਥ ਬਾਹਰੀ ਸਰੀਰ ਜਾਂ ਬਦੇਹੀ ਨਹੀਂ ਹੈ “ਦੇਹੀ ਗੁਪਤ ਬਿਦੇਹੀ ਦੀਸੈ॥”, ਸਾਡਾ ਗਿਆਨ ਦਾ ਰੂਪ ਹੈ ਸਾਡੀ ਬੁੱਧ ਨਾਲ ਬਣਿਆ ਸਾਡਾ ਅਸਤਿਤਵ ਜਾਂ ਹੋਂਦ ਹੈ ਜਿਸਨੂੰ ਗੁਰਮਤਿ ਦੇਹੀ ਮੰਨਦੀ ਹੈ, ਬਾਹਰੀ ਹਾਡ ਮਾਸ ਦਾ ਸਰੀਰ ਤਾਂ ਦੇਹੀ ਦਾ ਕਪੜਾ ਹੈ ਜੋ ਦੁਨੀਆਂ ਅੰਦਰ ਛੱਡ ਜਾਣਾ ਹੈ “ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥” । ਜਦੋਂ ਅਗਿਆਨਤਾ ਹੈ ਤਾ ਮਨ ਹੈ, ਜਦੋਂ ਹੋਂਦ ਨੂੰ ਮਨ ਲਿਆ ਤਾਂ ਮਨੁ ਹੈ। ਨਾਮ (ਹੁਕਮ ਦੀ ਸੋਝੀ) ਹੀ ਸਾਡਾ ਜਨੇਊ ਹੈ, ਨਾਮ (ਸੋਝੀ) ਹੀ ਸਚੁ ਹੈ, ਤੇ ਨਾਮ (ਸੋਝੀ) ਹੀ ਸਾਡਾ ਆਚਰਣ ਹੈ।
ਇਸੇ ਕਾਰਣ ਗੁਰਮਤਿ ਨੇ ਸਬ ਤੋਂ ਉੱਤਮ ਸਬਦ ਵਿਚਾਰ ਨੂੰ ਦੱਸਿਆ ਹੈ ਨਾਮ (ਸੋਝੀ) ਦੀ ਪ੍ਰਾਪਤੀ ਲਈ “ਗੁਰ ਕੀ ਸੇਵਾ ਸਬਦੁ ਵੀਚਾਰੁ ॥”, “ਗੁਰਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥”, “ਮਹਾ ਅਨੰਦੁ ਗੁਰਸਬਦੁ ਵੀਚਾਰਿ ॥”, “ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ॥”, “ਪੜੈ ਸੁਣਾਵੈ ਤਤੁ ਨ ਚੀਨੀ॥ ਸਭਸੈ ਊਪਰਿ ਗੁਰਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ ਸਗਲੀ ਛਾਰੁ॥”
”ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ॥ ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ॥ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ॥” – ਗੁਰਮੁਖਿ (ਗੁੱਣਾਂ ਨੂਮ ਮੁੱਖ ਰੱਖਣ ਵਾਲੇ) ਦੀ ਕਾਇਆ ਗਿਆਨ ਦੀ ਲਾਲੀ ਨਾਲ ਲਾਲੋ ਲਾਲ ਹੁੰਦੀ ਹੈ “ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ॥ ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ॥ ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ॥”
”ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ॥੨॥”
”ਬ੍ਰਹਮ ਬੀਚਾਰੁ ਬੀਚਾਰੇ ਕੋਇ॥ਨਾਨਕ ਤਾ ਕੀ ਪਰਮ ਗਤਿ ਹੋਇ॥”
”ਕਰੁ ਰੇ ਗਿਆਨੀ ਬ੍ਰਹਮ ਬੀਚਾਰੁ॥ ਜੋਤੀ ਅੰਤਰਿ ਧਰਿਆ ਪਸਾਰੁ॥”
ਸਨਾਤਨ ਮਤਿ ਦੇ ਦੱਸੇ ਕੁਝ ਕਰਮ ਕਾਂਡ ਜਿਵੇਂ ਅੱਖਾਂ ਬੰਦ ਕਰਕੇ, ਨਾਦ ਵਜਾ ਕੇ, ਇੱਕ ਸ਼ਬਦ ਨੂੰ ਰੱਟ ਕੇ, ਕੇਵਲ ਪੜ੍ਹ ਕੇ, ਅੱਖਾਂ ਬੰਦ ਮੌਨ ਧਾਰਣ ਕਰਕੇ ਦੁੱਖ ਹੀ ਪ੍ਰਾਪਤ ਹੋਣੇ “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥”। ਇਹਨਾਂ ਨੂੰ ਪਖੰਡ ਦੱਸਿਆ ਗੁਰਮਤਿ ਨੇ। ਸਮਝਣ ਲਈ ਵੇਖੋ “ਸਿੱਖੀ ਅਤੇ ਪਖੰਡ”
ਗੁਰਮਤਿ ਵਾਲੇ ਮੁਨੀ ਦੀ ਪਰਿਭਾਸ਼ਾ ਵੀ ਗੁਰਮਤਿ ਨੇ ਦੱਸੀ ਹੈ। ਗੁਰਮਤਿ ਬ੍ਰਹਮ ਖੋਜ ਮਾਰਗ ਹੈ ਮਨ ਖੋਜ ਮਾਰਗ ਹੈ “ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ॥੧॥ ਇਸੁ ਮਨ ਕਉ ਕੋਈ ਖੋਜਹੁ ਭਾਈ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ॥”
”ਕਲਿਜੁਗ ਮਹਿ ਇਕ ਨਾਮਿ ਉਧਾਰੁ॥ ਨਾਨਕੁ ਬੋਲੈ ਬ੍ਰਹਮ ਬੀਚਾਰੁ॥”
ਬ੍ਰਹਮ, ਬ੍ਰਹਮਾ, ਪੂਰਨਬ੍ਰਹਮ, ਪਾਰਬ੍ਰਹਮ ਦੀ ਵਿਚਾਰ, ਗੁਣਾਂ ਦੀ ਵਿਚਾਰ ਕਰਦਿਆਂ ਹੀ ਨਾਮ (ਸੋਝੀ) ਦੀ ਪ੍ਰਾਪਤੀ, ਗੁਰਮਤਿ ਗਿਆਨ ਦੀ ਪ੍ਰਾਪਤੀ ਹੋਣੀ ਹੈ ਇਹ ਗੁਰਬਾਣੀ ਦਾ ਫੁਰਮਾਨ ਹੈ। ਇਸ ਨੂੰ ਪ੍ਰਾਪਤ ਕਰਦਿਆਂ ਸਾਰੇ ਸੰਸੇ (ਸ਼ੰਕੇ) ਦੂਰ ਹੋਣੇ ਨੇ ਤੇ ਗੁਰਮਤਿ ਗਿਆਨ ਦੀ ਲਾਲੀ, ਅੰਮ੍ਰਿਤ ਦੀ ਪ੍ਰਾਪਤੀ ਨਾਲ ਅੰਦਰ ਸੱਕਿਆ ਘਟ ਹਰਿਆ ਹੋਣਾ, ਮਨ ਨੇ ਹਰਿ ਹੋ ਜਾਣਾ, ਸੋਝੀ ਵਿੱਚ ਰਮਿਆ ਰਾਮ ਘਟ ਵਿੱਚ ਹੀ ਵਿਖਣਾ। ਗੁਰਮਤਿ ਬਾਕੀ ਸਬ ਛੱਡ ਗੁਰ ਕੀ ਸੇਵਾ ਸਬਦ ਵਿਚਾਰ ਨੂੰ ਹੀ ਦੱਸ ਰਹੀ ਹੈ। ਸ਼ਬਦ ਵਿਚਾਰ ਤੋਂ ਭੱਜਣਾ ਨਹੀਂ ਹੈ। ਗੁਰਬਾਣੀ, ਗੁਰਮਤਿ ਸਮਝਣ ਦਾ ਮਾਰਗ ਹੀ ਇਹ ਹੈ। ਸਾਨੂੰ ਤਾ ਇਹੀ ਸਮਝ ਆਉਂਦਾ ਹੈ। ਗੁਰਬਾਣੀ ਪੜ੍ਹ ਕੇ। ਗੁਰਬਾਣੀ ਨੂੰ ਪੜ੍ਹ ਕੇ ਆਪ ਸਮਝੋ। ਵੇਦਾਂ ਵਿੱਚ, ਸਨਾਤਨ ਮਤਿ ਨੇ, ਕੁਰਾਨ ਨੇ ਵੀ ਸਾਰਿਆਂ ਨੇ ਹੀ ਆਪਣੀ ਆਪਣੀ ਖੋਜ ਦੱਸੀ ਹੈ ਮਹਾ ਆਨੰਦ ਦੀ ਪ੍ਰਾਪਤੀ ਲਈ। ਕਿਸੇ ਨੂੰ ਵੀ ਬਿਨਾਂ ਸਮਝੇ ਛੋਟਾ ਆਖ ਦੇਣਾ, ਘੱਟ ਆਖਣਾ, ਵਿਵਾਦ ਵਿੱਚ ਪੈਣਾ, ਮੰਦਾ ਕਹਿਣਾ ਬਾਦ ਵਿਵਾਦ ਪੈਦਾ ਕਰਦਾ ਹੈ ਤੇ ਪਰਮੇਸਰ ਤਕ ਉਸਦੀ ਸਮਝ ਤਕ ਪਹੁੰਚਣ ਦਾ ਪਾਤ (ਰਾਹ) ਨਹੀਂ ਦਿਖਾਉਂਦਾ। ਬਿਨਾਂ ਵਿਚਾਰ ਕੀਤਿਆਂ ਝਗੜਾ ਕਰਨਾਂ ਮੂਰਖਾਂ ਦਾ ਕੰਮ ਹੁੰਦਾ ਹੈ। ਸੋ ਆਪ ਪੜ੍ਹੋ, ਆਪ ਵਿਚਾਰੋ। ਸਮਝਦਾਰ ਮਨੁੱਖ ਵਿਚਾਰ ਕਰਦਾ ਹੈ ਤੇ ਖੋਜ ਕਰਦਾ ਹੈ।