ਦਇਆ, ਦਾਨ, ਸੰਤੋਖ ਅਤੇ ਮਇਆ
ਦਇਆ ਕੀ ਹੈ ਤੇ ਕਿਸਨੇ ਕਰਨੀ? ਕੀ ਜੀਵ ਕਿਸੇ ਤੇ ਆਪਣੀ ਮਰਜ਼ੀ ਨਾਲ ਦਯਾ ਕਰ ਸਕਦਾ ਹੈ ਜਾਂ ਜੀਵ ਉੱਤੇ ਦਇਆ ਦੀ ਗਲ ਹੋਈ ਹੈ ਗੁਰਮਤਿ ਵਿੱਚ? ਮਇਆ ਕੀ ਹੈ? ਦਇਆ ਅਤੇ ਮਇਆ ਵਿੱਚ ਕੀ ਅੰਤਰ ਹੈ?
ਗੁਰਬਾਣੀ ਦਾ ਮੂਲ ਫੁਰਮਾਨ ਹੈ ਕੇ ਜੋ ਹੋ ਰਹਿਆ ਹੈ ਉਹ ਹੁਕਮ ਵਿੱਚ ਹੋ ਰਹਿਆ ਹੈ। ਗੁਰਬਾਣੀ ਦਾ ਫੁਰਮਾਨ ਹੈ
“ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥”,
“ਆਖਣਿ ਜੋਰੁ ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ ਦੇਣਿ ਨ ਜੋਰੁ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ॥ ਜੋਰੁ ਨ ਸੁਰਤੀ ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ ਛੁਟੈ ਸੰਸਾਰੁ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥”
”ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ॥”
”ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ॥”
”ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ॥ ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ॥” – ਕਬੀਰ ਜੀ ਆਖਦੇ ਜੋ ਮੈਂ ਸੋਚਦਾਂ ਪਰਮੇਸਰ ਉਹ ਨਹੀਂ ਕਰਦਾ ਮੇਰੇ ਸੋਚੇ ਕੀ ਹੋਣਾ। ਜੋ ਉਹ ਕਰਦਾ ਹੈ ਉਹ ਮੇਰੇ ਚਿਤ ਚੇਤੇ ਵੀ ਨਹੀਂ ਹੈ।
”ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ ਹੋਇ ਹੈ ਸੋਇ॥”
ਫੇਰ ਮਨੁੱਖ ਦਇਆ ਬਾਰੇ ਸੋਚ ਤਾਂ ਸਕਦਾ ਹੈ, ਪਰ ਹੋਣਾ ਪਰਮੇਸਰ ਹੱਥ ਵਿੱਚ ਹੈ, ਪਰਮੇਸਰ ਦੀ ਮਰਜ਼ੀ ਵਿੱਚ ਹੈ। ਪ੍ਰਚਾਰ ਸਹੀ ਨਾ ਹੋਣ ਕਾਰਣ ਜੀਵ ਦਾ ਕਰਤਾ ਭਾਵ ਨਹੀਂ ਜਾਂਦਾ। ਗੁਰਬਾਣੀ ਦਾ ਫੁਰਮਾਨ ਹੈ ਕੇ ਮਨੁੱਖ ਗਿਆਨ ਵੀ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦਾ। ਦਇਆ ਕਰਨਾ ਤਾਂ ਬੜੀ ਦੂਰ ਦੀ ਗਲ ਹੈ। ਮਨ ਦਾ ਭਰਮ ਹੈ ਕੇ ਮਨੁੱਖ ਕੁੱਝ ਸੋਚ ਕੁੱਝ ਕਰ ਸਕਦਾ ਹੈ। ਇਹ ਬਸ ਮਨ ਦਾ ਭਰਮ ਹੈ ਅਗਿਆਨਤਾ ਹੈ ਕੇ ਦਇਆ ਕਰ ਸਕਦਾ ਹੈ। ਉੱਪਰੋਂ ਪ੍ਰਚਾਰਕਾਂ ਨੇ ਇਨਸਾਨੀ ਮੂਲ ਫਰਜ਼ ਨੂੰ ਹੀ ਦਇਆ ਦਾ ਨਾਮ ਦੇ ਦਿੱਤਾ। ਕਿਸੇ ਭੁੱਖੇ ਨੂੰ ਭੋਜਨ ਖਵਾਉਣਾ, ਲੰਗਰ ਲਾਉਣਾ, ਵਸਤੂਆਂ ਦਾਨ ਕਰ ਦੇਣਾ, ਗੋਲਕ ਵਿੱਚ ਪੈਸੇ ਪਾਉਣਾ ਇਸਨੂੰ ਦਇਆ ਤੇ ਦਾਨ ਮੰਨ ਲਿਆ ਦੂਜੇ ਧਰਮਾਂ ਦੀ ਦੇਖਾ ਦੇਖੀ ਅਤੇ ਲਾਲਚ ਕਾਰਣ। ਗੁਰਬਾਣੀ ਦਾ ਫੁਰਮਾਨ ਹੈ ਇਹਨਾਂ ਨਾਲ ਗੁਮਾਨ, ਅਹੰਕਾਰ ਨਹੀਂ ਜਾਂਦਾ ਬਲਕੇ ਹੋਰ ਵੱਧਦਾ ਹੈ “ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥ ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ॥”। ਜਿਹੜੇ ਇਸਨੂੰ ਦਇਆ ਮੰਨਦੇ ਹਨ ਤੇ ਕਰਨ ਨੂੰ ਪ੍ਰਚਾਰਦੇ ਹਨ ਉਹਨਾਂ ਲਈ ਲਿਖਿਆ ਹੈ “ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ॥ ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ॥੧॥” – ਰੀਰੀ ਲਲੀ ਦਾ ਅਰਥ ਹੁੰਦਾ ਹੈ ਜਵਾਕ। ਜਿਹੜੇ ਮਾੜਾ ਮੋਟਾ ਗਿਆਨ ਲੈਕੇ, ਅਵਗੁਣਾ ਬਾਰੇ ਜਾਣ ਕੇ ਲੋਕਾਂ ਵਿੱਚ ਪ੍ਰਚਾਰ ਕਰਨ ਤੁਰ ਪੈਂਦੇ ਹਨ ਬਿਨਾਂ ਪਰਮੇਸਰ ਦੇ ਗਿਆਨ ਦੀ ਵਿਚਾਰ ਕੀਤਿਆਂ। ਲੋਕਾਂ ਵਿੱਚ ਦਇਆ ਦੇ ਨਾਮ ਤੇ ਭਰਮ ਪੈਦਾ ਕਰਦੇ ਹਨ। ਕਦੇ ਮਾਸ ਨੂੰ ਲੈਕੇ, ਕਦੇ ਇਤਿਹਾਸ ਨੂੰ ਲੈਕੇ, ਕਦੇ ਰਾਜ ਨੂੰ ਲੈਕੇ ਆਦੀ। ਗੁਰਬਾਣੀ ਮਾਸ ਖਾਣ ਬਾਰੇ, ਜਾਨਵਰਾਂ ਤੇ ਦਇਆ ਬਾਰੇ, ਜੀਵਨ ਮਰਨ ਬਾਰੇ ਕੀ ਆਖਦੀ ਪੜ੍ਹਨ ਲਈ ਵੇਖੋ “ਮਾਸ ਖਾਣਾ (Eating Meat) ਅਤੇ ਝਟਕਾ (Jhatka)”, ਰਾਜ ਬਾਰੇ ਕੀ ਆਖਦੀ ਪੜ੍ਹਨ ਲਈ ਵੇਖੋ “ਅਭਿਨਾਸੀ ਰਾਜ ਤੇ ਦੁਨਿਆਵੀ ਰਾਜ”।
ਦਇਆ
ਗੁਰਬਾਣੀ ਵਿੱਚ ਦਰਜ ਦਇਆ ਮਨੁਖ ਨੇ ਦੂਜੇ ਜੀਵਾਂ ਤੇ ਜਾਂ ਇੱਕ ਦੂਜੇ ਨਾਲ ਨਹੀਂ ਬਲਕੇ ਪਰਮੇਸਰ ਦੀ ਦਇਆ ਮਨੁੱਖ ਨੂੰ ਗਿਆਨ ਪ੍ਰਦਾਨ ਕਰਨ ਦੀ ਗਲ ਕਰਦੀ ਹੈ। ਦਇਆ ਬਾਰੇ ਆਖਿਆ “ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥” ਜਿਸਤੇ ਉਹ ਆਪ ਦਇਆ ਕਰਦਾ ਉਸਦੇ ਹਿਰਦੇ ਵਿੱਚ ਗਿਆਨ ਉਪਜਦਾ। ਇਹ ਦਇਆ ਦੀ ਆਸ ਕੀਤੀ ਜਾ ਸਕਦੀ ਹੈ ਪਰ ਉਹ ਕਿਸੇ ਨੂੰ ਪੁੱਛ ਕੇ ਕਿਸੇ ਨਾਲ ਵਿਚਾਰ ਕਰਕੇ ਦਇਆ ਨਹੀਂ ਕਰਦਾ “ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ॥ ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ॥”।
ਇਸੇ ਗਿਆਨ ਦੀ ਦਇਆ ਵਿੱਚੋਂ ਸੰਤੋਖ ਪੈਦਾ ਹੁੰਦਾ “ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥“। ਸੰਤੋਖ ਬਾਰੇ ਪੜ੍ਹਨ ਲਈ ਵੇਖੋ “ਸੰਤੋਖ”। ਇਸ ਨਾਮ ਦਾਨ ਦੀ ਦਇਆ ਦੀ ਹੀ ਅਰਦਾਸ ਭਗਤਾਂ ਬੇ ਗੁਰੁਆਂ ਨੇ ਕੀਤੀ ਹੈ “ਗੁਰ ਉਪਦੇਸਿ ਦਇਆ ਸੰਤੋਖੁ॥ ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ॥ ਕਰਿ ਕਿਰਪਾ ਲੀਜੈ ਲੜਿ ਲਾਇ॥ ਚਰਨ ਕਮਲ ਨਾਨਕ ਨਿਤ ਧਿਆਇ॥”
ਜਿਹੜੀ ਸੰਸਾਰੀ ਦਇਆ ਜੀਵਾਂ ਤੇ, ਦੂਜੇ ਮਨੁੱਖਾਂ ਤੇ, ਜਿਹਨਾਂ ਕੋਲ ਧਨ ਨਹੀਂ ਹੈ ਅਸੀਂ ਮੰਨੀ ਬੈਠੇ ਹਾਂ, ਪੈਸਾ ਦਾਨ ਕਰਨਾ, ਸੋਨੇ ਗੁਰੂਘਰਾਂ ਨੂੰ ਦਾਨ ਦੇਣਾ ਆਦੀ ਅਸੀਂ ਮੰਨੀ ਬੈਠੇ ਹਾਂ ਇਹਨਾਂ ਨਾਲ ਹਉਮੇ ਵਿੱਚ ਵਾਧਾ ਹੁੰਦਾ ਹੈ। ਇਹਨਾਂ ਨਾਲ ਕੋਈ ਰੱਬ ਦੇ ਲਾਗੇ ਨਹੀਂ ਹੁੰਦਾ। ਜਿਹੜੇ ਕਰਮਾਂ ਨਾਲ ਵਿਕਾਰਾਂ ਵਿੱਚ ਵਾਧਾ ਹੋਵੇ ਉਹ ਗੁਰਮਤਿ ਤੋਂ ਉਲਟ ਹੈ। “ਆਪਿ ਦਇਆਲਿ ਦਇਆ ਪ੍ਰਭਿ ਧਾਰੀ॥ ਮਲੁ ਹਉਮੈ ਬਿਖਿਆ ਸਭ ਨਿਵਾਰੀ॥ ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ॥” ਜਦੋਂ ਪਰਮੇਸਰ ਦਇਆਲ ਹੁੰਦਾ ਹੈ, ਗਿਆਨ ਦਾ ਨਾਮ (ਸੋਝੀ) ਦਾ ਦਾਨ ਮਨੁੱਖ ਨੂੰ ਬਖਸ਼ਦਾ ਹੈ ਤਾਂ ਹਉਮੈ ਦਾ ਨਿਵਾਰਣ (ਖਾਤਮਾ) ਹੁੰਦਾ ਹੈ।
ਦਾਨ
ਗੁਰਮੁਖਿ ਸੰਸਾਰੀ ਵਸਤੂਆਂ ਕਿਸੇ ਨੂੰ ਦੇਣ ਨੂੰ ਦਾਨ ਨਹੀਂ ਮੰਨਦਾ। ਦਾਨ ਦੇਣ ਵਾਲਾ ਕੇਵਲ ਏਕ ਪਰਮੇਸਰ ਹੀ ਹੈ “ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ ਦੈਨਹਾਰੁ ਸਦ ਜੀਵਨਹਾਰਾ॥ ਮਨ ਮੂਰਖ ਕਿਉ ਤਾਹਿ ਬਿਸਾਰਾ॥ ਦੋਸੁ ਨਹੀ ਕਾਹੂ ਕਉ ਮੀਤਾ॥ ਮਾਇਆ ਮੋਹ ਬੰਧੁ ਪ੍ਰਭਿ ਕੀਤਾ॥ ਦਰਦ ਨਿਵਾਰਹਿ ਜਾ ਕੇ ਆਪੇ॥ ਨਾਨਕ ਤੇ ਤੇ ਗੁਰਮੁਖਿ ਧ੍ਰਾਪੇ॥੩੪॥”, ਦਾਨ ਤਾਂ ਉਸਤੋਂ ਆਪ ਭਗਤ ਮੰਗ ਰਹੇ ਨੇ “ਕਰਿ ਕਿਰਪਾ ਮੇਰੇ ਦੀਨ ਦਇਆਲਾ॥ ਜਾਚਿਕੁ ਜਾਚੈ ਸਾਧ ਰਵਾਲਾ॥ ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ॥੪॥”
ਜਿੰਨਾਂ ਨੂੰ ਨਾਮ (ਸੋਝੀ) ਚਾਹੀਦਾ ਤੇ ਮੰਗਿਆ ਉਹਨਾਂ ਨੂੰ ਮਿਲ ਵੀ ਜਾਣਾ ਕਿਉਂਕੇ ਇਸਨੂੰ ਹੀ ਗੁਰਮਤਿ ਨੇ ਦਾਨ ਮੰਨਿਆ ਹੈ “ਏਹੁ ਅਹੇਰਾ ਕੀਨੋ ਦਾਨੁ॥ ਨਾਨਕ ਕੈ ਘਰਿ ਕੇਵਲ ਨਾਮੁ॥੪॥੪॥”
”ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ॥ ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ॥੧॥” – ਦਿਸਦਾ ਵੀ ਏਕੋ ਹੈ ਸੁਣਦਾ ਵੀ ਏਕੋ ਹੀ ਹੈ ਵਰਤਦਾ ਵੀ ਏਕੋ ਦਾ ਹੁਕਮ ਹੈ ਜਿਸਤੋਂ ਨਾਮ (ਸੋਝੀ) ਦਾ ਦਾਨ ਦਇਆਲ ਪੁਰਖ ਤੋਂ ਮੰਗਿਆ ਜਾ ਰਹਿਆ ਹੈ। ਏਕ ਕੌਣ ਸਮਝਣ ਲਈ ਪੜ੍ਹੋ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ”
ਜਦੋਂ ਮੇਰਾ ਕੁਝ ਹੈ ਹੀ ਨਹੀਂ ਤਾਂ ਮੈਂ ਕਿਸੇ ਨੂੰ ਕੀ ਦੇ ਸਕਦਾ ਹਾਂ “ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥” ਮਨੁੱਖ ਗੋਲਕ ਵਿੱਚ ਚਾਰ ਪੈਸੇ ਪਾ ਕੇ, ਲੰਗਰ ਲਾ ਕੇ ਦਾਨੀ ਬਣਿਆ ਫਿਰਦਾ ਹੈ, ਹਉਮੈ ਵਿੱਚ ਭਰਿਆ ਫਿਰਦਾ ਹੈ। ਕਿਸੇ ਦੀ ਮਦਦ ਨੂੰ ਫ਼ਰਜ਼ ਨਾ ਸਮਝ ਕੇ ਦਾਨ ਮੰਨੀ ਜਾਂਦਾ। ਗੋਲਕ ਦੇ ਲਾਲਚੀਆਂ ਨੇ ਝੂਠਾ ਪ੍ਰਚਾਰ ਕਰਕੇ ਕੇ “ਗੁਰੂ ਕੀ ਗੋਲਕ ਗਰੀਬ ਦਾ ਮੂਹ” ਵਰਗੀ ਕੱਚੀ ਬਾਣੀ ਘੜ ਲਈ। ਗੋਲਕ ਵਿੱਚ ਪੈਂਦੇ ਪੈਸੇ ਨੂੰ ਗਰੀਬ ਦੀ ਭਲਾਈ ਲਈ ਕਦੇ ਨਹੀਂ ਵਰਤਿਆ। ਗੁਰੂ ਦੇ ਨਾਮ ਤੇ ਹਸਪਤਾਲ ਬਣਾਏ ਪਰ ਉਹ ਵੀ ਲੋਕਾਂ ਤੋਂ ਪੈਸੇ ਲੈਕੇ ਹੀ ਇਲਾਜ ਕਰ ਰਹੇ ਨੇ।
“ਝੂਠੀ ਜਗ ਹਿਤ ਕੀ ਚਤੁਰਾਈ॥ ਬਿਲਮ ਨ ਲਾਗੈ ਆਵੈ ਜਾਈ॥ ਨਾਮੁ ਵਿਸਾਰਿ ਚਲਹਿ ਅਭਿਮਾਨੀ ਉਪਜੈ ਬਿਨਸਿ ਖਪਾਇਆ॥”
ਗੁਰੁਆਂ ਦਾ ਉਪਦੇਸ਼ ਤਾਂ ਕੇਵਲ ਨਾਮ ਦਾ ਦਾਨ ਮੰਗਣ ਦਾ ਸੀ “ਕਰਿ ਕਿਰਪਾ ਮੇਰੇ ਦੀਨ ਦਇਆਲਾ॥ ਸਾਧੂ ਕੀ ਮਨੁ ਮੰਗੈ ਰਵਾਲਾ॥ ਹੋਹੁ ਦਇਆਲ ਦੇਹੁ ਪ੍ਰਭ ਦਾਨੁ॥ ਨਾਨਕੁ ਜਪਿ ਜੀਵੈ ਪ੍ਰਭ ਨਾਮੁ॥” ਸਾਨੂੰ ਸਾਧੂ ਹੀ ਸਮਝ ਨਹੀਂ ਲੱਗਿਆ। ਸਾਧ ਕੌਣ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥” ਮਨ ਨੂੰ ਹੁਕਮ ਦੇ, ਪਰਮੇਸਰ ਦੇ ਗੁਣਾਂ ਦੇ ਗਿਆਨ ਨਾਲ ਸਾਧਣਾ ਸੀ ਤੇ ਮਨੁ ਨੇ ਹੀ ਸਾਧ ਹੋਣਾ ਸੀ। ਪਰ ਅਸੀਂ ਘਟ/ਹਿਰਦੇ ਅੰਦਰ ਖੋਜਣ ਦੀ ਥਾਂ ਸਬ ਕੁੱਝ ਬਾਹਰ ਢੋਲਣ ਲਗ ਪਏ। “ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥”। “ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥” – ਹਿੰਦੂ ਵੀਰ ਆਖਦੇ ਸੀ ਹਰੀ ਦੱਖਣ ਵੱਲ ਨੂੰ ਹਰਿਦੁਆਰ, ਕਾਸ਼ੀ ਆਦੳਿ ਵਿੱਚ ਵਸਦਾ ਹੈ ਤੇ ਮੁਸਲਮਾਨ ਵੀਰ ਆਖਦੇ ਸੀ ਅੱਲਾਹ ਪੱਛਿਮ ਵਿੱਚ ਕਾਬੇ ਵਿੱਚ ਵੱਸਦਾ ਭਗਤ ਕਬੀਰ ਜੀ ਆਖਦੇ ਦਿਲ ਵਿੱਚ ਖੋਜ ਉਹ ਤੇਰੇ ਦਿਲ ਵਿੱਚ ਹੀ ਵਸਦਾ।
”ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ॥ ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ॥੪॥ ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ॥ ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ॥” – ਦਾਨ ਤਾਂ ਇਹ ਹੈ ਸਰੀਰ ਦੇ ਅੰਦਰ ਹੀ ਘਟ ਵਿੱਚ ਗੁਰਨਾਮ (ਸੋਝੀ) ਦੀ ਵਸਤ ਕਬੀਰ ਨੂੰ ਪਰਮੇਸਰ ਨੇ ਦਿੱਤੀ ਹੈ। ਤੇ ਇਹੀ ਵਸਤ ਸੰਸਾਰ ਨੂੰ ਬਾਣੀ ਦੇ ਰੂਪ ਵਿੱਚ ਬਖਸ਼ੀ ਹੈ। ਨਾਮ (ਸੋਝੀ) ਦਾ ਅੰਮ੍ਰਿਤ (ਕਦੇ ਨਾ ਖਤਮ ਹੋਣ ਵਾਲਾ) ਉਸਨੂੰ ਪ੍ਰਾਪਤ ਹੋਣਾ ਜਿਸਦਾ ਪ੍ਰੇਮ ਪ੍ਰਭ ਨਾਲ ਬਣਿਆ ਬਾਕੀ ਤਾਂ ਸਾਰੇ ਅੱਜ ਵਿਚਾਰ ਤੋਂ ਹੀ ਭੱਜਦੇ ਹਨ।
ਇਹ ਨਾਮ (ਸੋਝੀ) ਦਾ ਦਾਨ ਤਾਂ ਭਗਤਾਂ ਨੇ ਤੇ ਗੁਰੁਆਂ ਨੇ ਵੀ ਮੰਗਿਆ ਹੈ “ਆਪੇ ਜੰਤ ਉਪਾਇਅਨੁ ਆਪੇ ਆਧਾਰੁ॥ ਆਪੇ ਸੂਖਮੁ ਭਾਲੀਐ ਆਪੇ ਪਾਸਾਰੁ॥ ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ॥ ਨਾਨਕੁ ਮੰਗੈ ਦਾਨੁ ਹਰਿ ਸੰਤਾ ਰੇਨਾਰੁ॥ ਹੋਰੁ ਦਾਤਾਰੁ ਨ ਸੁਝਈ ਤੂ ਦੇਵਣਹਾਰੁ॥”
”ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ॥੧॥ ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ॥ ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ॥੧॥ ਰਹਾਉ॥ ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ॥ ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ॥੨॥ ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ॥ ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ॥੩॥੧੩॥(ਰਾਗੁ ਧਨਾਸਰੀ ਮਹਲਾ ੫, ੬੭੪)” – ਪੂਜਾ, ਵਰਤ ਤਿਲਕ, ਇਸਨਾਨ, ਪੁੰਨ ਦਾਨ ਇਹਨਾਂ ਨਾਲ ਸੁਆਮੀ ਭਿਜਦਾ (ਖੁਸ਼ ਹੁੰਦਾ) ਨਹੀਂ। ਕੇਵਲ ਨਾਮ (ਸੋਝਿ) ਜਪਣ (ਪਹਿਚਾਨਣ) ਨਾਲ ਹੀ ਚੈਨ ਮਿਲਣਾ। ਫ਼ਿਰ ਆਖਦੇ ਜਾਪ ਤਾਪ ਭ੍ਰਮਨ ਦੁਨੀਆਂ ਵਿੱਚ, ਜੰਗਲਾਂ ਵੁੱਚ ਭ੍ਰਮਣ ਨਾਲ ਉਰਥ ਤਾਪ (ਪੁੱਠਾ) ਤਬ ਨਹੀਂ ਠੀਕ ਹੋਣਾ। ਅੰਮ੍ਰਿਤ (ਸਦਾ ਰਹਣ ਵਾਲਾ) ਨਾਮ (ਸੋਝੀ) ਨਾਲ ਹੀ ਪ੍ਰਭ ਪਾਰਿਆ ਜਾਂਦਾ ਹੈ। ਸਾਧ (ਸਾਧੇ ਹੋਏ ਮਨ) ਨੂੰ ਗੁਰੂ ਨੂੰ ਭੇਂਟ ਦੇਣ ਨਾਲ ਹੀ ਦਿਨ ਰਾਤ ਸ਼ਾਂਤੀ ਰਹਿੰਦੀ ਹੈ। ਨਾਮ ਤੇ ਜਪ ਬਾਰੇ ਜਾਨਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”
ਮਇਆ
ਮਇਆ ਦਾ ਅਰਥ ਕਿਰਪਾ ਜਾਂ ਮਿਹਰਬਾਨੀ ਹੁੰਦਾ ਹੈ। ਪਰਮੇਸਰ ਦੀ ਦਇਆ ਵਿੱਚ ਉਸਦੀ ਮਿਹਰ ਹੋਣੀ।
”ਗੁਰ ਕਾ ਸਬਦੁ ਰਿਦ ਅੰਤਰਿ ਧਾਰੈ॥ ਪੰਚ ਜਨਾ ਸਿਉ ਸੰਗੁ ਨਿਵਾਰੈ॥ ਦਸ ਇੰਦ੍ਰੀ ਕਰਿ ਰਾਖੈ ਵਾਸਿ॥ ਤਾ ਕੈ ਆਤਮੈ ਹੋਇ ਪਰਗਾਸੁ॥੧॥ ਐਸੀ ਦ੍ਰਿੜਤਾ ਤਾ ਕੈ ਹੋਇ॥ ਜਾ ਕਉ ਦਇਆ ਮਇਆ ਪ੍ਰਭ ਸੋਇ॥੧॥ “ – ਜਿਸਦੇ ਹਿਰਦੇ ਵਿੱਚ ਗੁਰ (ਗੁਣ) ਦਾ ਗਿਆਨ, ਹੁਕਮ ਦੀ ਸੋਝੀ ਵਸਦੀ ਹੈ, ਜੋ ਨਾਮ (ਸੋਝੀ) ਧਾਰਣ ਕਰਦਾ ਹੈ ਉਸਦਾ ਪੰਚ (ਉਤਮ ਵਿਕਾਰਾ) ਦਾ ਸੰਗ ਨਿਵਾਰਿਆ ਜਾਂਦਾ ਹੈ ਛੁੱਟ ਜਾਂਦਾ ਹੈ, ਅਗਿਆਨ ਹਨੇਰਾ ਮੁੱਕ ਜਾਂਦਾ ਹੈ, ਉਸਦੀ ਬੁਧ (ਇੰਦ੍ਰੀ) ਜਿਸ ਵਿੱਚ ਵਿਕਾਰ ਪੈਦਾ ਹੁੰਦੇ ਹਨ ਵਸ ਹੋ ਜਾਂਦੀ ਹੈ। ਆਤਮ ਗਿਆਨ ਨਾਲ ਨਾਮ (ਸੋਝੀ) ਨਾਲ ਪ੍ਰਗਾਸਮਾਨ ਹੋ ਜਾਂਦਾ ਹੈ। ਨਾਮ ਦ੍ਰਿੜ ਹੋਣਾ ਉਸਦੀ (ਪ੍ਰਭ ਦੀ/ ਹਰਿ/ਰਾਮ ਦੀ) ਦਇਆ ਤੇ ਮੇਹਰਬਾਨੀ ਕਾਰਣ ਹੀ ਇਹ ਹੁੰਦਾ। ਨਾਮ ਦ੍ਰਿੜ੍ਹ ਕਿਵੇਂ ਹੁੰਦਾ ਜਾਨਣ ਲਈ ਪੜ੍ਹੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”
”ਪ੍ਰਭ ਦਇਆ ਤੇ ਮਤਿ ਊਤਮ ਹੋਇ॥ ਸਰਬ ਨਿਧਾਨ ਪ੍ਰਭ ਤੇਰੀ ਮਇਆ॥”
”ਤੂ ਚਿਤਿ ਆਵਹਿ ਤੇਰੀ ਮਇਆ॥ ਸਿਮਰਤ ਨਾਮ ਸਗਲ ਰੋਗ ਖਇਆ॥”
”ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ॥ ਤਿਨ ਕੈ ਸੰਗਿ ਨਾਨਕ ਨਿਸਤਰੀਐ ਜਿਨ ਰਸਿ ਰਸਿ ਹਰਿ ਗੁਨ ਗਾਈ॥”
”ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ॥ ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ॥”
”ਕੋਟਿ ਬਿਘਨ ਨਹੀ ਆਵਹਿ ਨੇਰਿ॥ ਅਨਿਕ ਮਾਇਆ ਹੈ ਤਾ ਕੀ ਚੇਰਿ॥ ਅਨਿਕ ਪਾਪ ਤਾ ਕੇ ਪਾਨੀਹਾਰ॥ ਜਾ ਕਉ ਮਇਆ ਭਈ ਕਰਤਾਰ॥੧॥”
”ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ॥ ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ॥”
”ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ॥ ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ॥ ਆਵਾ ਗਉਣੁ ਮਿਟੈ ਗੁਰਸਬਦੀ ਆਪੇ ਪਰਖੈ ਬਖਸਿ ਲਇਆ॥ ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ॥ ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ॥ ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ॥“
ਪਰਮੇਸਰ ਦੀ ਦਇਆ ਅਤੇ ਮਇਆ (ਮਿਹਰਬਾਨੀ) ਨਾਲ ਹੀ ਗੁਰ (ਗੁਣ), ਨਾਮ (ਸੋਝੀ) ਅਤੇ ਵਿਕਾਰਾਂ ਤੋਂ ਮੁਕਤੀ ਹੋਣੀ। ਗਿਆਨ ਲੈਣਾ ਵੀ ਮਨੁੱਖ ਦੇ ਆਪਣੇ ਹੱਥ ਵਿੱਚ ਨਹੀਂ ਹੈ। ਜੋ ਕਰਤਾਰ ਹੈ ਉਸਨੇ ਹੀ ਕਰਨਾ। ਤੇ ਗੁਰਮਤਿ ਅਨੁਸਾਰ ਕੇਵਲ ਕਾਲ ਹੀ ਕਰਤਾਰ ਹੈ ਕਰਤਾ ਹੈ ਜਿਸਦਾ ਹੁਕਮ ਚਲਦਾ। ਗੁਰਬਾਣੀ ਤੋਂ ਗੁਰਬਾਣੀ ਦੇ ਅਰਥ ਖੋਜੀਏ, ਇਹਨਾਂ ਸ਼ਬਦਾਂ ਦਾ ਆਪਸ ਵਿੱਚ ਕੀ ਮੇਲ ਹੈ ਇਹ ਵੀ ਗੁਰਮਤਿ ਵਿਚਾਰ ਤੋਂ ਹੀ ਸਮਝ ਆਉਣਾ। ਸਾਨੂੰ ਗੁਰਬਾਣੀ ਨੂੰ ਪੜ੍ਹ ਕੇ ਹੀ ਗੁਰਮਤਿ ਦੀ ਸਮਝ ਲੱਗਣੀ। ਹੁਕਮ ਅਤੇ ਭਾਣਾ ਸਮਝ ਆਉਣਾ। ਸਾਡੀ ਸੋਚ ਸਾਡੇ ਫੁਰਨੇ ਤੇ ਖਿਆਲ ਹੀ ਸਾਡੇ ਕਰਮ ਬਣ ਜਾਂਦੇ ਹਨ। ਭਾਣੇ ਦਾ ਅਰਥ ਹੈ ਭਾਉਣਾ ਚੰਗਾ ਲਗਣਾ। ਸੋ ਜੋ ਪਰਮੇਸਰ ਨੂੰ ਚੰਗਾ ਲਗਦਾ ਉਹੀ ਹੁਕਮ ਹੈ। ਜਿਆਦਾ ਫ਼ਰਕ ਨਹੀਂ। ਜਿਹੜਾ ਫ਼ਰਕ ਹੈ ਉਹ ਇਸ ਕਾਰਣ ਹੈ ਕਿਉਂਕੇ ਪਰਮੇਸਰ ਨੂੰ ਭਾਉੰਦਾ ਜਾਂ ਨਹੀਂ ਉਸਦਾ ਹੁਕਮ ਉਸਦੀ ਇੱਛਾ ਨਿਯਾ ਕਰਣ ਦੀ ਹੈ। ਜਿਵੇਂ ਕਈ ਵਾਰ ਮਾਂ ਨੂੰ ਚੰਗਾ ਨਹੀਂ ਲਗਦਾ ਬੱਚੇ ਨੂੰ ਸਜਾ ਦੇਣਾ ਪਰ ਉਸਨੂੰ ਬੱਚੇ ਦੀ ਭਲਾਈ ਲਈ ਕਰਨਾ ਹੀ ਪੈਂਦਾ। ਪਰ ਬੱਚੇ ਨੂੰ ਮਾਂ ਇਸ ਲਈ ਪਿਆਰ ਕਰਦੀ ਹੈ ਕਿਉਂਕੇ ਮਾਂ ਨੂੰ ਬੱਚਾ ਭਾਉੰਦਾ ਹੈ। ਬਸ ਇਤਨਾ ਫਰਕ ਹੈ ਹੁਕਮ ਤੇ ਭਾਣੇ ਵਿੱਚ। ਬਾਣੀ ਤੋਂ ਸਾਰੇ ਅਰਥ ਸਪਸ਼ਟ ਹੁੰਦੇ ਹਨ ਪਰ ਸਾਡੇ ਵਿੱਚੋਂ ਬਹੁਤੇ ਵੀਰ ਭੈਣਾ ਬਾਣੀ ਨੂੰ ਪੜ੍ਹਦੇ ਤਾਂ ਹਨ ਪਰ ਨਾ ਖੋਜਦੇ, ਨਾ ਵਿਚਾਰਦੇ ਨਾਂ ਸਮਝਣਾ ਹੀ ਚਾਹੁੰਦੇ ਹਨ। ਚੇਤੇ ਰਹੇ ਬਾਣੀ ਦਾ ਫੁਰਮਾਨ ਹੈ “ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ॥” ਅਤੇ “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥”