ਸਨਾਤਨ ਮਤਿ ਅਤੇ ਗੁਰਮਤਿ ਦੇ ਚਾਰ ਪਦਾਰਥ
ਸਨਾਤਨ ਮਤਿ ਚਾਰ ਪਦਾਰਥਾਂ “ਧਰਮ, ਅਰਥ, ਕਾਮ, ਮੋਖ” ਦੀ ਪ੍ਰਾਪਤੀ ਬਾਰੇ ਗਲ ਕਰਦੀ ਹੈ। ਮਹਾਰਾਜ ਕੋਲ ਆਕੇ ਵੀ ਲੋਗ ਇਹਨਾਂ ਦੀ ਗਲ ਕਰਦੇ ਸੀ। ਮਹਾਰਾਜ ਆਖਦੇ “ਚਾਰਿ ਪਦਾਰਥ ਕਹੈ ਸਭੁ ਕੋਈ॥ ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ॥ ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ॥” ਅਤੇ ਆਖਦੇ ਬਈ ਇਹ ਪਦਾਰਥ ਤਾਂ ਤੂੰ ਲੈਕੇ ਹੀ ਪੈਦਾ ਹੋਇਆਂ ਹੈਂ “ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ॥”।
ਮਹਾਰਾਜ ਆਖਦੇ ਕੇ ਪ੍ਰਭ ਹੀ ਹਰੇਕ ਪਦਾਰਥ ਦਾ ਦਾਤਾ ਹੈ “ਸਗਲ ਸਰੰਜਾਮ ਕਰੇ ਪ੍ਰਭੁ ਆਪੇ॥ ਭਏ ਮਨੋਰਥ ਸੋ ਪ੍ਰਭੁ ਜਾਪੇ॥੨॥ ਅਰਥ ਧਰਮ ਕਾਮ ਮੋਖ ਕਾ ਦਾਤਾ॥ ਪੂਰੀ ਭਈ ਸਿਮਰਿ ਸਿਮਰਿ ਬਿਧਾਤਾ॥੩॥“। ਜੇ ਆਪਣੇ ਅੰਦਰ ਹੀ ਪ੍ਰਭ ਨੂੰ ਖੋਜ ਲਵੇਂ ਤਾਂ ਸਾਰੇ ਪਦਾਰਥ ਹੀ ਮਿਲ ਜਾਣੇ। ਆਓ ਵਿਚਾਰ ਕਰੀਏ ਕੇ ਇਹ ਕਿਹੜੇ ਕਿਹੜੇ ਪਦਾਰਥ ਹਨ ਤੇ ਇਹਨਾਂ ਤੋਂ ਕੀ ਭਾਵ ਹੈ।
ਸਨਾਤਨਿ ਮਤਿ ਦੇ ਪਦਾਰਥ
ਅਰਥ ਪਦਾਰਥ (ਧਨ, ਖੁਸ਼ਹਾਲੀ, ਅਤੇ ਆਰਥਿਕ ਮੁੱਲ)
ਅਰਥ ਪਦਾਰਥ ਤੋਂ ਭਾਵ ਹੈ ਮਾਇਆ ਦੇ ਪਦਾਰਥ, ਸੰਸਾਧਨ, ਚੀਜਾਂ ਜਿਹਨਾਂ ਨਾਲ ਘਰ ਪਰਿਵਾਰ ਸਮਾਜ ਵਿੱਚ ਵਿਚਰਨਾ ਹੁੰਦਾ ਹੈ। ਅਰਥ ਨਾਲ ਹੀ ਅਰਥਸ਼ਾਸਤਰ ਜੁੜਿਆ ਹੈ ਤੇ ਅਰਥਸ਼ਾਸਤਰ ਸੰਸਾਧਨਾਂ ਦੇ ਉਪਯੋਗ, ਚੀਜ਼ਾਂ ਅਤੇ ਸੇਵਾਵਾਂ ਦੀ ਖੋਜ, ਉਤਪਾਦਨ, ਸਮੇਂ ਦੇ ਨਾਲ ਉਤਪਾਦਨ ਅਤੇ ਕਲਿਆਣ ਦੀ ਵਾਧੂ ਅਤੇ ਸਮਾਜ ਲਈ ਮਹੱਤਵਪੂਰਨ ਹੋਰ ਕਈ ਪੇਚੀਦਾ ਮਸਲਿਆਂ ਦੇ ਪ੍ਰਭਾਵਾਂ ਲਈ ਘਾਟ ਦੀ ਪੜਚੋਲ ਹੈ। ਸੋ ਜਿੱਥੇ ਸਨਾਤਨ ਮਤਿ ਸੰਸਾਰੀ ਅਰਥ ਦੀ ਗੱਲ ਕਰਦੀ ਹੈ ਗੁਰਮਤਿ ਆਖਦੀ ਤੂੰ ਚਿੰਤਾ ਨਾ ਕਰ ਇਹ ਪਦਾਰਥ ਹੁਕਮ ਵਿੱਚ ਮਿਲਦੇ ਰਹਿਣੇ। ਗੁਰਬਾਣੀ ਦਾ ਫੁਰਮਾਨ ਹੈ ਕੇ ਜੋ ਸ਼ੋਰਟਕਟ ਨਾਲ, ਗਲਤ ਰਾਹ ਨਾਲ, ਬਿਨਾਂ ਮਹਿਨਤ ਤੋਂ ਅਰਥ (ਭਾਵ ਧਨ, ਜੀਵਨ ਵਿਆਪਨ ਦੀ ਵਸਤੂ) ਲੋਚਦੇ ਹਨ ਉਹਨਾਂ ਦਾ ਜੀਵਨ ਨਿਸ਼ਫਲ ਰਹਿਣਾ “ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ॥ ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ॥੨॥”। ਸੋ ਗਿਆਨ ਰਾਹੀਂ ਮਹਿਨਤ ਕਰਕੇ ਹੀ ਅਰਥ ਦੀ ਕਾਮਨਾ ਕਰਨੀ ਹੈ। ਅਰਦਾਸਾਂ, ਪੂਜਾ, ਤੀਰਥ ਆਦੀ ਰਾਹੀਂ ਅਰਥ (ਧਨ, ਮਾਇਆ) ਮੰਗਣ ਵਾਲਿਆਂ ਨੂੰ ਚੇਤਾਵਨੀ ਹੈ ਇਹ। ਨਾਲੇ ਦਸਮ ਬਾਣੀ ਵਿੱਚ ਵੀ ਇਹੀ ਸਮਝਾਇਆ ਕੇ “ਛਾਯਾ ਰੂਪੀ ਹੋਇ ਕੈ ਬਿਚਰਤ ਸ੍ਰੀ ਗੋਪਾਲ॥ ਆਪਹਿ ਲਛਮੀ ਬਪੁ ਧਰੇ ਜੀਉ ਜੰਤੁ ਪ੍ਰਤਿਪਾਲ॥੧॥(ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ)”। ਆਦਿ ਬਾਣੀ ਵਿੱਚ ਕਹਿਆ ਹੈ “ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ॥ ਅਪਨੇ ਚਰਿਤ ਪ੍ਰਭਿ ਆਪਿ ਬਨਾਏ॥ ਅਪੁਨੀ ਕੀਮਤਿ ਆਪੇ ਪਾਏ॥ ਹਰਿ ਬਿਨੁ ਦੂਜਾ ਨਾਹੀ ਕੋਇ॥ ਸਰਬ ਨਿਰੰਤਰਿ ਏਕੋ ਸੋਇ॥ ਓਤਿ ਪੋਤਿ ਰਵਿਆ ਰੂਪ ਰੰਗ॥ ਭਏ ਪ੍ਰਗਾਸ ਸਾਧ ਕੈ ਸੰਗ॥ ਰਚਿ ਰਚਨਾ ਅਪਨੀ ਕਲ ਧਾਰੀ॥ ਅਨਿਕ ਬਾਰ ਨਾਨਕ ਬਲਿਹਾਰੀ॥੮॥੧੮॥”
ਧਰਮ ਪਦਾਰਥ (ਫਰਜ਼, ਨੈਤਿਕ ਮੁੱਲ, ਅਤੇ ਨੈਤਿਕ ਜੀਵਨ।)
ਸਨਾਤਨ ਮਤਿ ਵਿੱਚ ਧਰਮ ਉਹਨਾਂ ਵਿਹਾਰਾਂ ਨੂੰ ਦਰਸਾਉਂਦਾ ਹੈ ਜੋ ਰਿਤ(ऋत/ਆਰਡਰ ਅਤੇ ਰੀਤੀ) ਦੇ ਨਾਲ ਸਹਿਮਤ ਮੰਨੇ ਜਾਂਦੇ ਹਨ – ਜੋ ਜੀਵਨ ਅਤੇ ਬ੍ਰਹਿਮੰਡ ਨੂੰ ਸੰਭਵ ਬਨਾਉਂਦੇ ਹਨ। ਇਸ ਵਿੱਚ ਫਰਜ਼ਾਂ, ਅਧਿਕਾਰਾਂ, ਕਾਨੂੰਨ, ਚਾਲ-ਚਲਨ, ਗੁਣਾਂ ਅਤੇ “ਸਹੀ ਜੀਵਨ ਜ਼ਿੰਦਗੀ ਦੇ ਤਰੀਕੇ” ਸ਼ਾਮਲ ਹਨ। ਰਿਤ ਇੱਕ ਸੰਸਕ੍ਰਿਤ ਸ਼ਬਦ ਹੈ ਜੋ ਪ੍ਰਾਚੀਨ ਭਾਰਤੀ ਫਲਸਫੇ ਵਿੱਚ ਬ੍ਰਹਿਮੰਡ ਦੇ ਕ੍ਰਮ ਅਤੇ ਸਹਿਮਤੀ ਨੂੰ ਦਰਸਾਉਂਦਾ ਹੈ। ਇਹ ਕੌਸਮਿਕ ਕ੍ਰਮ ਦਾ ਨਿਯਮ ਹੈ ਜੋ ਕੁਦਰਤ ਦੇ ਕਨੂੰਨ, ਸਚ ਅਤੇ ਨਿਆਂ ਦੇ ਅਰਥ ਨੂੰ ਵਿਆਪਕ ਅਤੇ ਸਥਿਰ ਰੱਖਦਾ ਹੈ। ਰਿਤ ਦਾ ਮਤਲਬ ਹੈ ਉਹ ਸਿਧਾਂਤ ਜਿਸ ਤੋਂ ਪ੍ਰਕ੍ਰਿਤੀ ਅਤੇ ਸਮਾਜ ਦੇ ਸਹੀ ਤਰੀਕੇ ਨਾਲ ਕੰਮ ਕਰਨ ਦੀ ਸਿਖਿਆ ਮਿਲਦੀ ਹੈ। ਰਿਤ ਧਰਮ ਦਾ ਆਧਾਰ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਭਾਵੇਂ ਸਮਾਜ ਵਿੱਚ ਸਹੀ ਢੰਗ ਨਾਲ ਰਹਿਣ ਦੇ ਕਨੂੰਨ, ਕਰਤਵਾਂ, ਅਤੇ ਹੱਕਾਂ ਨੂੰ ਪੂਰਾ ਕਰਦਾ ਹੈ। ਇਹ ਸਹੀ ਤਰੀਕੇ ਨਾਲ ਜੀਣ ਦਾ ਰਾਹ ਦਿਖਾਉਂਦਾ ਹੈ ਅਤੇ ਵਿਦਿਅਕ ਰੀਤੀਆਂ ਦਾ ਮਹੱਤਵਪੂਰਨ ਅੰਗ ਹੈ।
ਇਸਤ੍ਰੀ ਧਰਮ, ਰਾਜ ਧਰਮ, ਪੁਤ੍ਰ ਧਰਮ ਆਦੀ ਇਹ ਧਰਮ ਸਮਾਜਿਕ ਕਾਰ ਬਿਉਹਾਰ ਦੀ ਗਲ ਕਰਦੇ ਹਨ ਪਰ ਗੁਰਮਤਿ ਅਧਿਆਤਮ ਦਾ ਮਾਰਗ ਹੈ ਬ੍ਰਹਮ ਦਾ ਗਿਆਨ ਹੈ। ਧਰਮ ਦੀ ਗੁਰਮਤਿ ਪਰਿਭਾਸ਼ਾ ਹੈ ਆਪਣੇ ਆਪ ਦਾ ਗਿਆਨ ਪ੍ਰਾਪਤ ਕਰਨਾ ਆਤਮ ਚਿੰਤਨ ਤੇ ਬ੍ਰਹਮ ਦੀ ਘਟ ਵਿੱਚ ਖੋਜ। ਗੁਰਮਤਿ ਧਰਮ ਕਿਸ ਨੂੰ ਮੰਨਦੀ ਹੈ ਸਮਝਣ ਲਈ ਵੇਖੋ “ਧਰਮ”। ਅੱਜ ਦਾ ਹਿੰਦੂ ਧਰਮ, ਇਸਲਾਮ ਧਰਮ, ਕ੍ਰਿਸਚਨ ਧਰਮ ਜਿਸਨੂੰ ਰਿਲਿਜਨ ਆਖਦੇ ਹਨ ਇਹ ਇੱਕ ਪੱਛਮੀ ਵਿਚਾਰਧਾਰਾ ਹੈ ਜੋ ਇੱਕ ਵਿਚਾਰਧਾਰਾ, ਦਰਸ਼ਨ (philosophy) ਨੂੰ ਇੱਕ ਸੰਸਥਾ ਦੇ ਰੂਪ ਵਿੱਚ ਜੋੜਦੀ ਜਾਂ ਕਹਿ ਲਵੋ ਸੀਮਿਤ ਕਰਦੀ ਹੈ।
ਕਾਮ ਪਦਾਰਥ (ਸੁਖ, ਪ੍ਰੇਮ, ਅਤੇ ਭਾਵਨਾਤਮਕ ਤ੍ਰਿਪਤੀ)
ਕਾਮ ਕਾਮਨਾਵਾਂ ਜਾਂ ਇੱਛਾ ਨਾਲ ਮਨ ਦਾ ਜੁੜਾਵ ਦਰਸਾਉਂਦੀ ਹੈ। ਕਾਮ ਖਾਸ ਤੌਰ ਤੇ ਇੰਦਰੀ ਸੁਖਾਂ, ਪ੍ਰੇਮ ਅਤੇ ਸੌੰਦਰੀਆਂ ਦੇ ਭੋਗ ਨੂੰ ਦਰਸਾਉਂਦਾ ਹੈ। ਇਸ ਵਿੱਚ ਜੀਵਨ ਦੀਆਂ ਇੱਛਾਵਾਂ ਅਤੇ ਜੋਸ਼ ਸ਼ਾਮਲ ਹਨ, ਅਤੇ ਇਹ ਧਰਮ (ਨੈਤਿਕ ਮੁੱਲ) ਅਤੇ ਅਰਥ (ਆਰਥਿਕ ਮੁੱਲ) ਦੇ ਨਾਲ ਸਹਿਮਤ ਹੋ ਕੇ ਇੱਕ ਸੰਤੁਸ਼ਟ ਅਤੇ ਅਰਥਪੂਰਨ ਮਨੁੱਖੀ ਅਨੁਭਵ ਦਾ ਹਿੱਸਾ ਮੰਨਿਆ ਜਾਂਦਾ ਹੈ। ਇਹ ਸਿਰਫ ਭੌਤਿਕ ਸੁਖਾਂ ਤੱਕ ਸੀਮਿਤ ਨਹੀਂ ਹੈ, ਸਗੋਂ ਕਲਾ, ਸੰਗੀਤ, ਸਾਹਿਤ ਅਤੇ ਹੋਰ ਰਚਨਾਤਮਕਤਾ ਅਤੇ ਸੁੰਦਰਤਾ ਦੇ ਆਨੰਦ ਨੂੰ ਵੀ ਸ਼ਾਮਲ ਕਰਦਾ ਹੈ। ਇਸ ਦਾ ਸਹੀ ਗਿਆਨ ਨਾ ਹੋਣਾ ਹੀ ਕਾਮ ਨੂੰ ਵਾਸ਼ਨਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਤੇ ਲੋਕਾਂ ਨੂੰ ਅਗਿਆਨਤਾ ਤੇ ਦੁਕ੍ਰਿਤ ਕਰਮਾਂ ਨਾਲ ਲੈਕੇ ਜਾਂਦਾ ਮੰਨਿਆ ਜਾਂਦਾ ਹੈ।
ਮੋਖ ਪਦਾਰਥ (ਮੁਕਤੀ, ਆਧਿਆਤਮਿਕ ਮੁੱਲ, ਅਤੇ ਮੋਖਸ਼)
ਸਨਾਤਨ ਮਤਿ ਜੀਵਨ ਮਰਨ, ਪੁਨਰਜਨਮ ਵਿੱਚ ਵਿਸ਼ਵਾਸ ਰੱਖਦੀ ਹੈ। ਜੀਵਨ ਮਰਨ ਦੇ ਚੱਕਰ ਦੀ ਸਮਾਪਤੀ ਤੇ ਸਦੀਵ ਕਾਲ ਲਈ ਸੁਰਗ ਵਿੱਚ ਵਾਸ ਨੂੰ ਮੁਕਤੀ ਮੰਨਦੀ ਹੈ। ਜੇ ਚੰਗੇ ਕਰਮ ਕਰੇ ਇਨਸਾਨ ਤਾਂ ਸੁਰਗ ਜਾਂ ਫੇਰ ਮਨੁੱਖਾ ਜਨਮ ਨਹੀਂ ਤਾਂ ੮੪ ਲੱਖ ਜੂਨਾਂ ਦੀ ਭਟਕਨਾ ਜਾ ਪਾਪ ਕਤਰਨ ਨਰਕ ਵਿੱਚ ਵਾਸ। ਇਸ ਲਈ ਮੋਖ ਪਦਾਰਥ ਲਈ ਤਿਆਗ, ਸਾਧਨਾ, ਜੋਗ, ਤੀਰਥ ਸੁਕ੍ਰਿਤ ਕਰਮ ਦੱਸੇ ਗਏ ਹਨ। ਗੁਰਮਤਿ ਨੇ ਇਹ ਸਬ ਰੱਦ ਕਰਕੇ ਕਹਿਆ ਹੈ ਕੇ ਸਬ ਕੁੱਝ ਕਾਲ ਵੱਸ ਹੈ, ਪ੍ਰਭ ਦੇ ਹੁਕਮ ਵਿੱਚ ਹੈ “ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ॥ ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ॥੧॥ ਠਾਕੁਰੁ ਸਰਬੇ ਸਮਾਣਾ॥ ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ॥੧॥”। ਪਾਪ ਪੁੰਨ ਰੱਦ ਕੀਤੇ ਹਨ ਗੁਰਮਤਿ ਨੇ ਵੇਖੋ “ਪਾਪ ਪੁੰਨ (paap/punn)”, ਸੁਰਗ ਨਰਕ ਰੱਦ ਕੀਤੇ ਨੇ ਗੁਰਮਤਿ ਨੇ “ਸੁਰਗ ਤੇ ਨਰਕ (Swarg te Narak)”। ਗੁਰਬਾਣੀ ਤਾਂ ਆਖਦੀ ਅਗਲੇ ਪਿਛਲੇ ਜਨਮ ਦੀ ਤੇ ਚੌਰਾਸੀ ਦੀ ਚਿੰਤਾ ਛੱਡ, ਇਸੇ ਜਨਮ ਵਿੱਚ ਗਿਆਨ ਪ੍ਰਾਪਤ ਕਰ। ਕਿਸੀ ਨੂੰ ਨਹੀਂ ਪਤਾ ਕੇ ਸੰਸਾਰੀ ਮੌਤ ਤੋਂ ਬਾਦ ਕੀ ਹੋਣਾ, ਕਿੱਥੋਂ ਆਇਆ ਤੇ ਕਿੱਥੇ ਜਾਣਾ ਸਬ ਗੱਲਾਂ ਅੰਦਾਜੇ ਲਾ ਲਾ ਕੇ ਕਹਾਣੀਆਂ ਘੜੀਆਂ ਹੋਈਆਂ ਹਨ ਲੋਕਾਂ ਨੂੰ ਪ੍ਰੇਰਿਤ ਕਰਨ ਜਾਂ ਡਰਾ ਕੇ ਸਹੀ ਦਿਸ਼ਾ ਵਿੱਚ ਰੱਖਣ ਲਈ ਪਰ ਇਹਨਾਂ ਦਾ ਦੁਰਉਪਯੋਗ ਕਰ ਕੇ ਲੋਕਾਂ ਤੋਂ ਧਨ ਕੱਠਾ ਕਰਦੇ ਹਨ ਧਰਮ ਦੇ ਠੇਕੇਦਾਰ “ਸਭੁ ਕੋਈ ਚਲਨ ਕਹਤ ਹੈ ਊਹਾਂ॥ ਨਾ ਜਾਨਉ ਬੈਕੁੰਠੁ ਹੈ ਕਹਾਂ॥੧॥ ਰਹਾਉ॥ ਆਪ ਆਪ ਕਾ ਮਰਮੁ ਨ ਜਾਨਾਂ॥ ਬਾਤਨ ਹੀ ਬੈਕੁੰਠੁ ਬਖਾਨਾਂ॥੧॥ ਜਬ ਲਗੁ ਮਨ ਬੈਕੁੰਠ ਕੀ ਆਸ॥ ਤਬ ਲਗੁ ਨਾਹੀ ਚਰਨ ਨਿਵਾਸ॥੨॥ ਖਾਈ ਕੋਟੁ ਨ ਪਰਲ ਪਗਾਰਾ॥ ਨਾ ਜਾਨਉ ਬੈਕੁੰਠ ਦੁਆਰਾ॥੩॥ ਕਹਿ ਕਮੀਰ ਅਬ ਕਹੀਐ ਕਾਹਿ॥ ਸਾਧਸੰਗਤਿ ਬੈਕੁੰਠੈ ਆਹਿ॥੪॥੮॥੧੬॥”।
ਗੁਰਬਾਣੀ ਦਾ ਉਪਦੇਸ਼ ਹੈ “ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ॥ ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ॥ ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ॥ ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ॥ ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ॥ ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ॥੪॥” – ਹਰਿ ਦੀ ਆਸ ਕਰਦਿਆਂ ਖੋਜ ਕਰਦਿਆਂ ਪ੍ਰੇਮ ਭਗਤੀ ਹਰਿ ਨਾਲ ਲਾਈ, ਤਿਸ ਕੀ ਦਾਸੀ ਬੁੱਧ ਦਾ ਅਲੰਕਾਰ ਹੈ। ਜਦੋਂ ਹਰਿ ਦੇ ਗੁਣ ਗਾਇ ਭਾਵ ਵਿਚਾਰੇ ਸਮਝੇ ਤਾਂ ਇਹ ਸਾਰੇ ਦੁਨਿਆਵੀ ਪਦਾਰਥ ਆਪ ਹੀ ਮਿਲ ਗਏ। ਸਾਧ ਹੈ ਸਾਧਿਆ ਹੋਇਆ ਮਨ। ਜਦੋਂ ਮਨ ਗਿਆਨ ਨਾਲ ਸਾਧਿਆ ਜਾਂਦਾ ਗੁਣਾਂ ਦੀ ਵਿਚਾਰ ਭਾਵ ਅਰਾਧਨਾ ਕਰਦਾ ਹੈ ਹਰਿ ਦੀ ਤਾਂ ਇਹ ਪਦਾਰਥ ਆਪੇ ਮਿਲ ਜਾਂਦੇ ਹਨ “ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ॥ ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ॥੨॥”। ਇਹਨਾਂ ਦਾ ਮਿਲਣਾ ਤਾਂ ਧੁਰੋਂ ਪਹਿਲਾਂ ਹੀ ਲਿਖਿਆ ਹੋਇਆ ਹੈ “ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ॥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ॥”।
ਸਾਰੇ ਹੀ ਇਹਨਾਂ ਪਦਾਰਥਾ ਮਗਰ ਲੱਗੇ ਨੇ ਤੇ ਗੁਰਮਤਿ ਦਾ ਉਪਦੇਸ਼ ਹੈ ਕੇ ਹਰਿ ਨੂੰ ਜਪ (ਪਛਾਣ) “ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ॥ ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ॥੧॥ ਰਹਾਉ॥ ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ ਜਿਸੁ ਬਡਭਾਗ ਮਥਈ॥ ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ॥੧॥”। ਸਨਾਤਨ ਮਤਿ ਵਿੱਚ ਜਗਰਾਤੇ ਜਾਗਰਣ ਕਰਦੇ ਹਨ ਰਾਤ ਦੇ ਸਮੇਂ। ਗੁਰਮਤਿ ਅਗਿਆਨਤਾ ਵਿੱਚ ਘਟ ਅੰਦਰ ਰਾਤ ਮੰਨਦੀ ਹੈ। ਗੁਰਮਤਿ ਵਾਲਾ ਜਾਗਰਣ ਹੈ ਹਰਿ ਦਾ ਗਿਆਨ ਲੈ ਕੇ ਅਗਿਆਨਤਾ ਦੀ ਨੀਂਦ ਵਿੱਚੋਂ ਜਾਗਣਾ। ਹਰਿ ਕੌਣ ਸਮਝਣ ਲਈ ਵੇਖੋ “ਹਰਿ”। ਇਸ ਨਾਲ ਕੀ ਹੋਣਾ “ਹਰਿ ਰਾਮ ਬੋਲਹੁ ਹਰਿ ਸਾਧੂ ਹਰਿ ਕੇ ਜਨ ਸਾਧੂ ਜਗਦੀਸੁ ਜਪਹੁ ਮਨਿ ਬਚਨਿ ਕਰਮਿ ਹਰਿ ਹਰਿ ਆਰਾਧੂ ਹਰਿ ਕੇ ਜਨ ਸਾਧੂ॥ ਹਰਿ ਰਾਮ ਬੋਲਿ ਹਰਿ ਰਾਮ ਬੋਲਿ ਸਭਿ ਪਾਪ ਗਵਾਧੂ॥ ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੁੋਰਾ॥ ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮੁ ਅਰਥੁ ਕਾਮ ਮੋਖੁ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ॥”। ਜਿਤਨੇ ਬਾਹਰੀ ਪਦਾਰਥ ਸੰਸਾਰ ਵਿੱਚ ਜੀਣ ਲਈ ਚਾਹੀਦੇ ਹਨ ਉਸਤੋਂ ਜਿਆਦਾ ਅਧਿਆਤਮਿਕ ਪਦਾਰਥ ਜ਼ਰੂਰੀ ਹਨ ਆਨੰਦ ਦੀ ਅਵਸਥਾ ਦੀ ਪ੍ਰਾਪਤੀ ਲਈ।
ਗੁਰਮਤਿ ਵਾਲੇ ਚਾਰ ਪਦਾਰਥ
ਮਹਾਰਾਜ ਨੇ ਗੁਰਮਤਿ ਵਾਲੇ ਚਾਰ ਪਦਾਰਥ ਦੱਸੇ ਨੇ “ਗਿਆਨ ਪਦਾਰਥ, ਮੁਕਤਿ ਪਦਾਰਥ, ਨਾਮ ਪਦਾਰਥ, ਜਨਮ ਪਦਾਰਥ”। ਸੰਸ਼ਾਰ ਵਿੱਚ ਜਨਮ ਮਰਨ ਨੂੰ ਗੁਰਮਤਿ ਸੁਪਨਾ ਮੰਨਦੀ। ਇੱਥੇ ਆਣਾ ਜਾਣਾ ਜਨਮ ਪਦਾਰਥ ਜਾਂ ਮੁਕਤਿ ਪਦਾਰਥ ਨਹੀਂ ਹੈ। ਬ੍ਰਹਮ ਗਿਆਨ ਅਧਿਆਤਮ ਦੀ ਦ੍ਰਿਸ਼ਟੀ ਵਿੱਚ ਗੁਰਮਤਿ ਗਿਆਨ ਪਹਿਲਾਂ ਪਦਾਰਥ ਹੈ ਇਸੇ ਗਿਆਨ ਤੋ ਹੀ ਮਾਇਆ ਤੋਂ ਧਿਆਨ ਹਟਣਾ ਤੇ ਵਿਕਾਰ ਮੁੱਕਣੇ।
ਇਹ ਸਾਰੇ ਪਦਾਰਥ ਸੰਸਾਰੀ ਹਨ। ਇਹਨਾਂ ਨਾਲ ਇੱਕ ਚੰਗੇ ਸਮਾਜ ਦੀ ਸੰਰਚਨਾ ਦੀ ਆਸ ਹੈ ਪਰ ਇਹਨਾਂ ਵਿੱਚ ਮਨ ਦੀ ਖੋਜ ਗਾਇਬ ਹੈ। “ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥੩॥”। ਗੁਰਮਤਿ ਮਨ ਖੋਜ ਮਾਰਗ ਹੈ, ਸਹਿਜ ਭਗਤੀ ਦਾ ਮਾਰਗ ਹੈ “ਤਨੁ ਮਨੁ ਖੋਜੇ ਤਾ ਨਾਉ ਪਾਏ॥ ਧਾਵਤੁ ਰਾਖੈ ਠਾਕਿ ਰਹਾਏ॥ ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ॥੨॥”
ਸੰਸਾਰੀ ਮੋਹ ਮਨੁੱਖ ਤੇ ਭਾਰ ਹਨ, ਡਰ ਪੈਦਾ ਕਰਦਾ ਮੋਹ। ਮੋਹ ਵਿੱਚ ਚਿੰਤਾ ਰਹਿੰਦੀ। ਜਿਵੇਂ ਮਾਂ ਨੂੰ ਬੱਚੇ ਨਾਲ ਮੋਹ ਹੁੰਦਾ ਤੇ ਉਹ ਹਮੇਸ਼ਾ ਡਰਦੀ ਰਹਿੰਦੀ ਕੇ ਬੱਚੇ ਨੂੰ ਕੁਝ ਹੋ ਨਾ ਜਾਵੇ, ਸੱਟ ਨਾ ਲੱਗ ਜਾਵੇ, ਕੋਈ ਚੱਕ ਕੇ ਨਾ ਲੈ ਜਾਵੇ। ਗੁਰਮਤਿ ਗਿਆਨ ਤੇ ਸੋਝੀ ਰਾਹੀਂ ਮੋਹ ਨੂੰ ਪ੍ਰੇਮ ਵਿੱਚ ਬਦਲਦੀ ਹੈ। ਸੱਚੇ ਪ੍ਰੇਮ ਵਿੱਚ ਭੈ ਨਹੀਂ ਰਹਿੰਦਾ। ਪਰਮੇਸਰ ਤੇ ਪੂਰਨ ਭਰੋਸਾ ਹੁੰਦਾ ਤੇ ਪ੍ਰੇਮ ਕਾਰਣ ਡਰ ਖਤਮ ਹੋ ਜਾਦਾ। ਪ੍ਰੇਮ ਭਗਤੀ ਲਈ ਗੁਰਮਤਿ ਨੇ ਜੋ ਪਦਾਰਥ ਦੱਸੇ ਹਨ ਉਹ ਹਨ।
ਗਿਆਨ ਪਦਾਰਥ
“ਐਸਾ ਗਿਆਨੁ ਪਦਾਰਥੁ ਨਾਮੁ॥” ਗਿਆਨ ਪਦਾਰਥ ਨਾਲ਼ ਹੀ ਨਾਮੁ “ਸੋਝੀ” ਮਿਲਨੀ। ਗੁਰਬਾਣੀ ਦੇ ਗਿਆਨ ਵਿੱਚ ਨਾਮੁ ਸਮਾਈਆ ਹੋਇਆ ਇਸ ਨੂੰ ਰਿੜਕਣਾ ਪੈਣਾ (ਵਿਚਾਰਨਾ ਪੈਣਾ) ਫੇਰ ਇਸਦੇ ਵਿੱਚੋਂ ਨਾਮ (ਸੋਝੀ) ਦਾ ਮੱਖਨ ਮਿਲਣਾ “ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ॥੧॥”। “ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥” ਪਹਿਲਾ ਗੁਰਬਾਣੀ ਦਾ ਗਿਆਨ ਲੈਣਾ ਇਕ ਮਤਿ ਹੋਣ ਲ਼ਈ “ਯਾ ਜੁਗ ਮਹਿ ਏਕਹਿ ਕਉ ਆਇਆ॥ ਜਨਮਤ ਮੋਹਿਓ ਮੋਰਨੀ ਮਾਇਆ॥” ਇਥੇ ਏਕੇ ਲਈ ਆਈਆ ਸੀ ਸੰਸਾਰ ਦੀ ਮਾਈਆ ਨੇ ਮੋਹ ਲਿਆ। “ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ॥” ਜਦ ਇਹ ਗੁਰਮਤਿ ਤੌ ਗਿਆਨ ਪਾ ਲੈਂਦਾ ਇਹਦੇ ਨਾਲ ਮਨ ਬੰਨ੍ਹਿਆ ਜਾਣਾ। “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥” ਮਨ ਰੁਕ ਜਾਣਾ ਤੇ ਮੁਕਤੀ ਮਿਲ ਜਾਣੀ ਹੈ। “ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾ” ਕਲਪਨਾ ਤੋਂ ਮੁਕਤੀ ਮਿਲ ਜਾਣੀ ਹੈ।
ਮੁਕਤਿ ਪਦਾਰਥ
“ਮੁਕਤਿ ਪਦਾਰਥੁ ਨਾਮੁ ਧਿਆਈਐ॥” ਮੁਕਤ ਹੋ ਕੇ ਹੀ ਨਾਮੁ ਚ ਧਿਆਨ ਟਿਕ ਸਕਦਾ “ਕਿਉ ਬਾਧਿਓ ਕਿਉ ਮੁਕਤੀ ਪਾਵੈ॥” ਬੰਧਨਾ ਚ ਬਧਿਆ ਮੁਕਤੀ ਨਹੀ ਪਾ ਸਕਦਾ ਸੰਸਾਰੀ ਬੰਧਨ ਤੋੜਣੇ ਪੈਣੇ ਨੇ ਮਾਇਆ ਵਾਲੇ। “ਗੁਰ ਪਰਸਾਦੀ ਕਿਸੈ ਬੁਝਾਏ॥ ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ॥” “ਪ੍ਰਭ ਜੀ ਤੂ ਮੇਰੋ ਸੁਖਦਾਤਾ॥ ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ॥” ਫਿਰ ਬੰਧਣਾ ਤੌ ਮੁਕਤ ਹੋ ਕੇ ਅਪਣੇ ਘਰ ਚਲਿਆ ਜਾਣਾ ਇਸ ਨੇ। “ਮੁਕਤਿ ਪਦਾਰਥੁ ਭਗਤਿ ਹਰਿ ਪਾਇਆ॥੨॥” ਜਦੋ ਗੁਰਬਾਣੀ ਮਨ ਨੂੰ ਮਾਰਦੀ ਹੈ, ਮਨ ਮਰ ਜਾਂਦਾ ਸੋਚਣਾ ਬੰਦ ਕਰ ਦੇਣਾ ਹੈ ਇਸਨੇ ਤਾਂ ਭਗਤੀ ਸ਼ੁਰੂ ਹੋਣੀ “ਮਨ ਮਾਰੇ ਬਿਨੁ ਭਗਤਿ ਨ ਹੋਈ॥”। ਫੇਰ ਇਹਨੂੰ ਜਗਾਉਣਾ ਕਿਸਨੇ ਹੈ ? “ਰਾਮ ਰਮਤ ਮਤਿ ਪਰਗਟੀ ਆਈ॥” ਉਹ ਫੇਰ ਮਰੀ ਹੋਈ ਗਊ ਏਥੋਂ ਜਿਉਂਦੀ ਹੋਣੀ ਹੈ, “ਰਾਮ ਰਮਤ ਮਤਿ ਪਰਗਟੀ ਆਈ” ਫੇਰ ਜਾਗਣਾ ਹੈ ਇਸਨੇ। ਫਿਰ ਕੇਹਣਾ ਇਸ ਨੇ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥”। ਜਦੋਂ ਚਿੰਤਾ ਹਉਮੈ, ਮੋਹ, ਭਰਮ, ਭੈ ਖਾਮਨਹੋ ਜਾਣ ਮਨ ਸਹਿਜ ਅਵਸਥਾ ਨੂੰ ਜੀਵਤ ਰਹਿੰਦਿਆਂ ਹੀ ਪ੍ਰਾਪਤ ਕਰ ਲੈਂਦਾ ਤਾਂ ਮੁਕਤ ਹੋ ਜਾਂਦਾ। ਮੋਖ ਦੀ ਪ੍ਰਾਪਤੀ ਕਰ ਲੈਂਦਾ। ਭਗਤ ਜੀ ਸਵਾਲ ਪੁੱਛਦੇ ਨੇ ਕੇ ਦੱਸੋ ਮਰ ਕੇ ਮੁਕਤੀ ਕਿਸ ਨੇ ਪਾਈ “ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ॥ ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ॥ ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥੫॥”। ਗੁਰਮਤਿ ਨੇ ਸਮਝਾਇਆ ਹੈ ਕੇ ਮੁਕਤ ਕੌਣ ਹੈ “ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ॥ ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ॥੪੩॥“ – ਭਾਵ ਜਿਹੜੇ ਘਟ/ਹਿਰਦੇ ਵਿੱਚ ਰਾਮ ਦਾ ਚੇਤਾ ਹੈ, ਜਿਸ ਘਟ ਵਿੱਚ ਨਰ ਤੇ ਹਰਿ ਦਾ ਅੰਤਰ ਮੁੱਕ ਗਿਆ ਉਹੀ ਮੁਕਤ ਹੈ ਤੇ ਇਹ ਜੀਂਦਿਆਂ ਹੀ ਹੋਣਾ।
ਨਾਮ ਪਦਾਰਥ
“ਨਾਮੁ ਪਦਾਰਥੁ ਨਉ ਨਿਧਿ ਸਿਧਿ॥” ਨਾਮੁ ਨਾਲ਼ ਨਵਾ ਖਜਾਨਾ ਬਿਬੇਕ ਬੁਧਿ ਪਰਗਟ ਹੋਣੀ “ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ॥੧॥” ਗੁਰ ਗਿਆਨ ਦੇ ਪ੍ਰਸਾਦ (ਸੋਝੀ/ ਕ੍ਰਿਪਾ) ਨਾਲ਼ ਹਰਿ ਰਸ ਔਓਣ ਲਗ ਜਾਂਦਾ ਜਦ ਨਵਾ (ਨਵ) ਨਿਧ ਨਾਮੁ ਦਾ(ਖਜਾਨਾ) ਮਿਲ ਜਾਂਦਾ ਤੀਜਾ ਪਦਾਰਥ ਸ਼ਬਦ ਗੁਰੂ, ਧੁਰ ਕੀ ਬਾਣੀ, ਹੁਕਮ, ਅਨਹਦ ਸ਼ਬਦ ਪਰਗਟ ਹੁੰਦਾ। ਹੁਣ ਭਵਸਾਗਰ ਪਾਰ ਕਰਨ ਲਈ ਨਾਵ ਮਿਲ ਗਈ। “ਨਾਮੁ ਪਦਾਰਥੁ ਮਨਹਿ ਬਸਾਈਐ॥” ਨਾਮੁ ਮਨ ਵਿੱਚ ਬਸ ਜਾਂਦਾ ਟਿਕ ਕੇ ਬੈਠ ਗਿਆ ਬੁੱਧ ਨੂੰ ਲੈਕੇ ਰਾਮ ਦੀ ਸ਼ਰਣ ਵਿੱਚ। ਹੁਕਮ ਵਿਚ ਸਮਾ ਗਿਆ, ਹੁਣ ਨਹੀਂ ਚਿੰਤਾ ਕੋਈ, “ਸਗਲੀ ਚਿੰਤ ਮਿਟ ਗਈ” “ਗੁਰਮੁਖਿ ਨਾਮੁ ਪਦਾਰਥੁ ਪਾਏ॥੬॥” ਤੀਜਾ ਪਦਾਰਥ ਨਾਮ ਪਦਾਰਥ ਵੀ ਮਿਲ ਗਿਆ, ਫੇਰ ਅੱਗੇ ਕੀ ਹੈ ? ‘ਜਨਮ ਪਦਾਰਥ’। “ਨਾਨਕ ਨਾਮੁ ਮਿਲੈ ਤਾਂ ਜੀਵਾਂ॥” “ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥”
ਜਨਮ ਪਦਾਰਥ
“ਜਨਮੁ ਪਦਾਰਥੁ ਪਾਇ ਨਾਮੁ ਧਿਆਇਆ॥” “ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ॥” ਨਾਮੁ ਵਿੱਚ ਧਿਆਨ ਟਿਕ ਜਾਂਦਾ ਜਦ ਜਨਮ ਪਦਾਰਥ ਮਿਲ ਜਾਂਦਾ। ਹਰਿ ਦੇ ਭਾਣੇ ਵਿੱਚ ਜਨਮ ਪਦਾਰਥ ਮਿਲਦਾ। ਮਤ ਉਤਮ ਹੋ ਜਾਣੀ। ਇਹ ਜਨਮ ਪਦਾਰਥ ਵੀ ਮਾਇਆ ਤੋਂ ਪਾਰ ਸੱਚਖੰਡ ਦਾ ਰਾਹ ਹੈ। ਹੈ ਤਾਂ ਪਹਿਲਾਂ ਹੀ। ਸਾਬਤ ਸੂਰਤ ਆਤਮਾ, ਪੂਰਨ ਬ੍ਰਹਮ, ਪੂਰਨ ਜੋਤ, ਮਨ ਚਿੱਤ ਦੋ ਨਹੀਂ, ਜੇ ਦੋ ਹੁੰਦੇ ਤਾਂ ਨਾਮ ਹੀ ਨਹੀਂ ਸੀ ਮਿਲਣਾ, ਨਾਮ ਮਿਲਦਾ ਹੀ ਪੂਰਨ ਬ੍ਰਹਮ ਨੂੰ ਹੈ ਏਕੇ ਵਿੱਚ ਹੋਣ ਤੇ। ਗੁਰਮਤਿ ਨਾਲ ਹੁਕਮ ਨਾਲ ਰਾਜੀ ਹੋਣ ਤੇ। ਇਹ ਮਾਇਆ ਤੋਂ ਬਾਹਰ ਆਪਣੀ ਅਸਲ ਦੁਨੀਆ, ਨਿਰਾਕਾਰੀ ਦੁਨੀਆਂ, ਨਿਜ ਘਰ, ਸੱਚਖੰਡ ਵਿੱਚ ਵਾਪਸ ਐਂਟਰੀ ਹੈ। ਓਥੇ ਵਾਪਸ ਦਾਖਲਾ ਹੀ ਜਨਮ ਪਦਾਰਥ ਹੈ, ਸਦਜੀਵਨ ਹੀ ਚੌਥਾ ਪਦਾਰਥ ਹੈ, ਪੂਰਨ ਬ੍ਰਹਮ ਤੋਂ ਪਾਰਬ੍ਰਹਮ ਬਣਨਾ ਹੈ। “ਬ੍ਰਹਮ ਗਿਆਨੀ ਆਪ ਪ੍ਰਮੇਸਰ” ਪਰਮੇਸ਼ਰ ਬਣਨਾ ਹੈ।ਹੁਣ ਸੋਚਣ ਵਾਲੀ ਗਲ ਹੈ ਕੇ ਧਰਮ, ਅਰਥ, ਕਾਮ ਅਤੇ ਮੋਖ ਸਨਾਤਨ ਮਤਿ ਨੇ ਕਿਸ ਆਧਾਰ ਤੇ ਮੰਨੇ ਹਨ। ਇਹ ਕਿਥੋਂ ਆ ਗਏ। ਬਾਣੀ ਨੇ ਕੀ ਦੱਸਿਐ “ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥” ਸ਼ਬਦ ਗੁਰੂ ਮਿਲ ਕੇ ਨਾਮ ਮਿਲ ਕੇ ਭਰਮ ਦਾ ਆਂਡਾ ਫੁਟਦਾ ਤੇ ਇਹ ਭਰਮ ਟੁੱਟੇ ਬਿਨਾਂ ਤੁਸੀਂ ਕਿਵੇ ਮੰਨੀ ਜਾਂਦੇ ਆਪਣੇ ਪਦਾਰਥ ਤੇ ਬਿਨਾਂ ਗਿਆਨ ਦੇ ਸੋਝੀ ਦੇ ਦੁਨਿਆਵੀ ਜਨਮ ਨੂੰ ਤੁਸੀਂ ਕਿਵੇਂ ਜਨਮ ਪਦਾਰਥ ਮੰਨੀ ਜਾਂਦੇ?
ਗੁਰਬਾਣੀ ਖੋਜੀਏ ਤਾਂ ਕਈ ਪਦਾਰਥਾਂ ਦੀ ਗਲ ਹੁੰਦੀ ਜਾਪਦੀ ਜਿਵੇ। ਰਤਨ ਪਦਾਰਥ, ਪ੍ਰੇਮ ਪਦਾਰਥ, ਅਟਲ ਪਦਾਰਥ ਆਦੀ। ਇਹਨਾਂ ਦੀ ਵਰਤੋ ਗੁਰਮਤਿ ਗਿਆਨ ਸੋਝੀ, ਨਾਮ ਦਾ ਹੀ ਮਹੱਤਵ ਸਮਝਾਉਣ ਲਈ ਹੋਇਆ ਹੈ। ਫੇਰ ਮਹਾਰਾਜ ਨੇ ਕਹਿਆ ਬਈ ਇਹਨਾਂ ਦੀ ਪਰਵਾਹ ਨਾ ਕਰ ਤੂੰ ਬਸ ਗਿਆਨ ਵਲ ਧਿਆਨ ਦੇ, ਵਿਚਾਰ ਕਰੀ ਚਲ, ਗੁਰ ਦੀ ਸੇਵਾ ਕਰੀ ਚਲ, ਵਿਕਾਰ ਆਪੇ ਦੂਰ ਹੋਈ ਜਾਣੇ ਤੇ ਹੁਕਮ ਵਿੱਚ ਜਦੋਂ ਮਿਲਨਾ ਹੋਇਆ ਅਤਪੇ ਮਿਲ ਜਾਣਾ ਦਾਸ ਨੂੰ। “ਗੁਰ ਕੀ ਸੇਵਾ ਸਬਦੁ ਵੀਚਾਰੁ॥” “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥”। ਕਿਹੜੇ ਪਦਾਰਥ ਕਦੋਂ ਮਿਲਣੇ ਕਿੱਦਾਂ ਮਿਲਣੇ, ਮਿਲਣੇ ਕੇ ਨਹੀਂ ਇਸਦੀ ਚਿੰਤਾ ਵੀ ਬੰਧਨ ਹੈ। ਚਿੰਤਾ ਛੱਡ ਅਚਿੰਤ ਰਹਿਣ ਦਾ ਉਪਦੇਸ਼ ਹੈ। ਗਿਆਨ ਹੀ ਮੁਕਤੀ ਦਾ ਮਾਰਗ ਹੈ। ਦਾਸ ਨੂੰ ਅਚਿੰਤ ਰਹਿੰਦਿਆਂ ਸਹਿਜ ਵਿੱਚ ਆਉਂਦਿਆਂ ਆਪੇ ਸਬ ਕੁੱਝ ਪਰਮੇਸਰ ਨੇ ਦੇ ਦੇਣਾ। ਸੋ ਗੁਰਮਤਿ ਵਿਚਾਰ ਕਰੀ ਚੱਲੋ। ਗਿਆਨ ਦੀ ਪ੍ਰਾਪਤੀ ਕਰੀ ਚੱਲੋ ਸਾਰੇ ਪਦਾਰਥ।ਭਾਵੇਂ ਸਨਾਤਨ ਮਤਿ ਵਿੱਚ ਦੱਸੇ ਭਾਵੇਂ ਗੁਰਮਤਿ ਵਿੱਚ ਦੱਸੇ ਪਦਾਰਥ ਹੋਣ ਸਾਰੇ ਖਜਾਨੇ ਗਿਆਨ ਤੇ ਸੋਝੀ ਵਿੱਚੋਂ ਮਿਲੀ ਜਾਣੇ।