Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਿੱਤਰ ਪਿਆਰੇ ਨੂੰ…

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਚਾਨਣ ਵਿੱਚ
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ॥ ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ॥ ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ॥ ਯਾਰੜੇ ਦਾ ਸਾਨੂੰ ਸਥਰੁ ਚੰਗਾ ਭਠ ਖੇੜਿਆ ਦਾ ਰਹਣਾ॥੧॥੧॥੬॥

ਗੁਰਬਾਣੀ ਵਿੱਚ ਮਿਤ੍ਰ ਕਿਸ ਨੂੰ ਆਖਿਆ “ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥” ਇਹੀ ਗਲ ਦਸਮ ਬਾਣੀ ਵਿੱਚ ਦਸਮ ਪਾਤਿਸ਼ਾਹ ਅਕਾਲ ਉਸਤਤੁ ਵਿੱਚ ਦੱਸ ਰਹੇ ਹਨ ਕੇ ਮਿਤ੍ਰ ਕੌਣ ਹੈ “ਮਿਤ੍ਰ ਪਾਲਕ ਸਤ੍ਰ ਘਾਲਕ ਦੀਨ ਦ੍ਯਾਲ ਮੁਕੰਦ ॥”, ਅਕਾਲ ਦੀ ਜੋਤ ਘਟ ਵਿੱਚ ਵੱਸਦੇ ਹਰਿ ਨਾਲ ਹੀ ਵਾਰਤਾ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵਣਜਤਰਿਆਂ ਮਿਤ੍ਰਾ ਕਹਿ ਕੇ ਮਨ ਨੂੰ ਸੰਬੋਧਨ ਹੈ।

ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥

ਮੁਰੀਦ ਅਰਬੀ ਫਾਰਸੀ ਦਾ ਸ਼ਬਦ ਹੈ ਜਿਸ ਦਾ ਭਾਵ ਹੁੰਦਾ ਹੈ ਚਾਹੁਣ ਵਾਲਾ, ਤਲਬਦਾਰ ਜਾਂ ਇੱਛਾ ਰੱਖਣ ਵਾਲਾ। ਭਗਤਾਂ ਨੇ ਗੁਰੂਆਂ ਨੇ ਆਪਣੇ ਆਪ ਨੂੰ ਮੁਰੀਦ ਹੀ ਦੱਸਿਆ ਹੈ ਪਰਮੇਸਰ ਦਾ, ਘਟ ਵਿੱਚ ਵਸਦੇ ਹਰਿ/ਰਾਮ ਦਾ। ਅਕਾਲ ਨਾਲ ਆਪਣੇ ਹਾਲ ਦੀ ਵਰਚਾ ਪੂਰੀ ਗੁਰਬਾਣੀ ਵਿੱਚ ਹੋਈ ਹੈ। ਭਗਤ ਤੇ ਗੁਰੂ ਸਾਹਿਬਾਨ ਅਕਾਲ ਨਾਲ ਹੀ ਹਾਲ ਬਿਆਨ ਕਰਦੇ ਦਿਸਦੇ ਹਨ ਜਿਵੇਂ ਦਸਮ ਪਾਤਿਸ਼ਾਹ ਕਰ ਰਹੇ ਹਨ।

ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ॥ ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ॥” – ਹਰਿ ਦੇ ਬਿਨ, ਗਿਆਨ ਦੇ ਬਿਨਾਂ ਸੂਲ ਵਾਂਗ ਦੁਖਾਂ ਦਾ ਨਾਗਾਂ ਦੇ ਡਸਣ ਬਰਾਬਰ ਕਹਿ ਰਹੇ ਨੇ ਦਸਮ ਪਾਤਿਸ਼ਾਹ। ਰਜਾ ਤੋਂ ਡੋਲਣ ਦੀ ਬਿਰਥਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੀਤੀ ਗਈ ਹੈ। “ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ ॥”, “ਹਰਿ ਬਿਨੁ ਜੀਉ ਜਲਿ ਬਲਿ ਜਾਉ ॥”। ਸਾਡੇ ਲਈ ਤਾਂ ਸੂਲ ਹੀ ਸੁਰਾਹੀ ਹੈ, ਖੰਜਰ ਹੀ ਪਿਆਲਾ ਹੈ, ਅਸੀਂ ਕਸਾਈਆਂ ਦੇ ਦੁੱਖ ਸਹਿ ਰਹੇ ਹਾਂ। ਇਹੀ ਗਲ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦੂਜੇ ਢੰਗ ਨਾਲ ਦਰਜ ਹੈ “ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥”, “ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥

ਯਾਰੜੇ ਦਾ ਸਾਨੂੰ ਸਥਰੁ ਚੰਗਾ ਭਠ ਖੇੜਿਆ ਦਾ ਰਹਣਾ॥” – ਸਾਡੇ ਲਈ ਤਾਂ ਯਾਰ (ਪ੍ਰਭੂ/ਹਰਿ/ਰਾਮ) ਦਾ ਸਥਰੁ (ਥਾਂਹ/ਦਰਬਾਰ) ਹੀ ਚੰਗਾ ਹੈ ਭਾਵ ਹੁਕਮ ਮੰਨਣਾ ਹੀ ਚੰਗਾ ਹੈ ਭਾਵੇਂ ਉਹ ਭੱਠੀ ਵਰਗਾ ਤਪਦਾ ਕਿਉਂ ਨਾ ਹੋਵੇ। “ਹੁਕਮਿ ਉਛਲੈ ਹੁਕਮੇ ਰਹੈ॥ ਹੁਕਮੇ ਦੁਖੁ ਸੁਖੁ ਸਮ ਕਰਿ ਸਹੈ॥ ਹੁਕਮੇ ਨਾਮੁ ਜਪੈ ਦਿਨੁ ਰਾਤਿ॥ ਨਾਨਕ ਜਿਸ ਨੋ ਹੋਵੈ ਦਾਤਿ॥ ਹੁਕਮਿ ਮਰੈ ਹੁਕਮੇ ਹੀ ਜੀਵੈ॥ ਹੁਕਮੇ ਨਾਨੑਾ ਵਡਾ ਥੀਵੈ॥ ਹੁਕਮੇ ਸੋਗ ਹਰਖ ਆਨੰਦ॥ ਹੁਕਮੇ ਜਪੈ ਨਿਰੋਧਰ ਗੁਰਮੰਤ॥ ਹੁਕਮੇ ਆਵਣੁ ਜਾਣੁ ਰਹਾਏ॥ ਨਾਨਕ ਜਾ ਕਉ ਭਗਤੀ ਲਾਏ॥”, “ਦੁਖ ਸੁਖ ਕਰਤੇ ਹੁਕਮੁ ਰਜਾਇ॥ ਭਾਣੈ ਬਖਸ ਭਾਣੈ ਦੇਇ ਸਜਾਇ॥ ਦੁਹਾਂ ਸਿਰਿਆਂ ਕਾ ਕਰਤਾ ਆਪਿ॥ ਕੁਰਬਾਣੁ ਜਾਂਈ ਤੇਰੇ ਪਰਤਾਪ॥”

ਦਸਮ ਵਿਰੋਧੀ ਅਖੌਤੀ ਵਿਦਵਾਨ ਆਖਦੇ ਹਨ ਕੇ ਇਹ ਉਪਰਲੀ ਰਚਨਾ ਹੀਰ ਰਾਂਝੇ ਦੀ ਹੈ ਤੇ ਹੀਰ ਭਟ ਖੇੜੇ ਨਾਮ ਦੀ ਥਾਂ ਤੋਂ ਸੀ, ਪਰ ਤਫਤੀਸ਼ ਕਰਨ ਤੇ ਪਤਾ ਲਗਦਾ ਹੈ ਕੇ ਸੱਚ ਕੀ ਹੈ

ਜਿਹਨਾ ਨੂੰ ਲਗਦਾ ਭਟ ਖੇੜਿਆ ਕਰਕੇ ਇਹ ਕਵਿਤਾ ਹੀਰ ਰਾਂਝੇ ਬਾਰੇ ਹੈ ਤਾਂ ਸਪਸ਼ਟ ਕਰ ਦੇਵਾਂ ਕੇ

ਹੀਰ ਜੰਗ ਸਿਆਲਜ਼ਿਲ੍ਹਾ ਜੰਗ, ਪੰਜਾਬ (ਪਾਕਿਸਤਾਨ) ਅਤੇ
ਰਾਂਝਾ ਤਖ਼ਤ ਹਜ਼ਾਰਾ ਚਨਾਬ ਕੰਢਾ, ਪੰਜਾਬ (ਪਾਕਿਸਤਾਨ)

ਤੋਂ ਸੀ।

ਵਾਰਿਸ ਸ਼ਾਹ ਲਿਖਦਾ ਹੈ

جٹاں سِیالاں دی ونجلی ونجے، جَھنگ سِیال سَدا میرا ناں

ਭਾਵ “ਜੱਟਾਂ ਸਿਆਲਾਂ ਦੀ ਵੰਜਲੀ ਵੰਜੇ, ਜੰਗ ਸਿਆਲ ਸਦਾ ਮੇਰਾ ਨਾਂ”, ਹੀਰ sayyal jatt si.

ਅਤੇ ਰਾਂਝੇ ਬਾਰੇ ਲਿਖਦਾ ਹੈ

تخت ہزارے دا رانجھا جٹ، جیہڑا چناب کنارے دا وسدا

ਭਾਵ “ਤਖ਼ਤ ਹਜ਼ਾਰੇ ਦਾ ਰਾਂਝਾ ਜੱਟ, ਜਿਹੜਾ ਚਨਾਬ ਕੰਢੇ ਦਾ ਵੱਸਦਾ”

ਹੁਣ ਇਹ ਦੱਸਣ ਕੇ ਭਟ ਖੇੜਿਆ ਹੀਰ ਰਾਂਝੇ ਨਾਲ ਕਿਵੇਂ ਜੋੜਿਆ?

ਆਖਦੇ ਖੇੜਾ ਪਿੰਡ ਹੀਰ ਦਾ ਸੁਹਰਾ ਪਿੰਡ ਸੀ ਤਾਂ ਕਰਕੇ ਹੀਰ ਨੇ ਇਹ ਚਿੱਠੀ ਰਾਂਝੇ ਨੂੰ ਲਿਖੀ। ਇਹ ਵੀ ਗਲਤ ਹੈ। ਸੈਦਾ ਖੇੜਾ ਤਾਂ ਹੀਰ ਦੇ ਪਤੀ ਦਾ ਨਾਮ ਸੀ ਵਾਰਿਸ ਸ਼ਾਹ ਦੇ ਮੁਤਾਬਕ।

ਪਿਛਲੀਆਂ ਤੇ ਅਗਲੀਆਂ ਪੰਕਤੀਆਂ ਹਨ

ਭੰਜਨ ਗੜ੍ਹਨ ਸਮਰਥ ਸਦਾ ਪ੍ਰਭੁ ਸੋ ਕਿਮ ਜਾਤਿ ਗਿਨਾਯੋ॥ ਤਾਂ ਤੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਨ ਆਯੋ॥੨॥ ਕੈਸੇ ਤੋਹਿ ਤਾਰਿ ਹੈ ਸੁਨਿ ਜੜ ਆਪ ਡੁਬਿਯੋ ਭਵ ਸਾਗਰ॥ ਛੁਟਿਹੋ ਕਾਲ ਫਾਸ ਤੇ ਤਬ ਹੀ ਗਹੋ ਸਰਨਿ ਜਗਤਾਗਰ॥੩॥੧॥੫॥ ਖਿਆਲ ਪਾਤਿਸਾਹੀ ੧੦॥ ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ॥ ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ॥ ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ॥ ਯਾਰੜੇ ਦਾ ਸਾਨੂੰ ਸਥਰੁ ਚੰਗਾ ਭਠ ਖੇੜਿਆ ਦਾ ਰਹਣਾ॥੧॥੧॥੬॥ ਤਿਲੰਗ ਕਾਫੀ ਪਾਤਿਸਾਹੀ ੧੦॥ ਕੇਵਲ ਕਾਲਈ ਕਰਤਾਰ॥ ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ॥੧॥ ਰਹਾਉ॥ ਨਿੰਦ ਉਸਤਤ ਜਉਨ ਕੇ ਸਮ ਸਤ੍ਰ ਮਿਤ੍ਰ ਨ ਕੋਇ॥ ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ॥੧॥ ਤਾਤ ਮਾਤ ਨ ਜਾਤਿ ਜਾਕਰ ਪੁਤ੍ਰ ਪੌਤ੍ਰ ਮੁਕੰਦ॥ ਕਉਨ ਕਾਜ ਕਹਾਹਿਂਗੇ ਆਨ ਦੇਵਕਿ ਨੰਦ॥੨॥ ਦੇਵ ਦੈਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ॥ ਕਉਨ ਉਪਮਾ ਤੌਨ ਕੋ ਮੁਖ ਲੇਤ ਨਾਮੁ ਮੁਰਾਰ॥੩॥੧॥੭॥

ਪੂਰਾ ਅਗਲਾ ਪਿਛਲਾ ਬੰਦ ਪੜ੍ਹ ਕੇ ਕੋਈ ਵਿਦਵਾਨ ਇਹ ਕਿਵੇਂ ਕਹਿ ਸਕਦਾ ਹੈ ਕੇ ਜਿਹੜਾ ਸੰਦੇਸ਼ ਚੱਲ ਰਹਿਆ ਹੈ ਉਸ ਵਿੱਚਕਾਰ ਹੀਰ ਰਾਂਝਾ ਕਿਵੇਂ ਆ ਦਕਦਾ ਹੈ? ਕੋਈ ਅਖੌਤੀ ਅਨਪੜ੍ਹ ਵਿਦਵਾਨ ਹੀ ਇਸ ਤਰਾਂ ਅਰਥ ਵਿਗਾੜ ਕੇ ਕਰ ਸਕਦਾ ਹੈ ਜਿਸਦੇ ਮਨ ਵਿਛ ਖੋਟ ਹੋਵੇ। ਤੇ ਮੂਰਖਾਂ ਦਾ ਟੋਲਾ ਮਨੁੱਖ ਕੀ ਟੇਕ ਕਰਦਾ ਆਪ ਬਿਨਾਂ ਵਿਚਾਰੇ ਅਖੌਤੀ ਵਿਦਵਾਨਾਂ ਦੀ ਸੁੱਥਣ ਫੜ ਮਗਰ ਮਗਰ ਤੁਰ ਪੈਂਦਾ ਹੈ।

Resize text