Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਰਾਗਮਾਲਾ (Ragmala)

ਜਿਹੜੇ ਗੁਰਬਾਣੀ ਨੂੰ ਵਿਚਾਰਦੇ ਨਹੀਂ, ਗੁਰਬਾਣੀ ਵਿੱਚ ਵਰਤੀ ਅਲੰਕਾਰ ਦੀ ਅਧਿਆਤਮ ਦੀ ਭਾਸ਼ਾ ਨਹੀਂ ਸਮਝਦੇ ਉਹ ਹਰੇਕ ਗਲ ਤੇ ਕਿੰਤੂ ਪਰੰਤੂ ਕਰਦੇ ਹਨ। ਜਿਹਨਾਂ ਦਾ ਮਕਸਦ ਆਪਣੇ ਆਪ ਨੂੰ ਸਹੀਂ ਸਿੱਧ ਕਰਨਾ ਹੈ ਉਹ ਗੁਰਬਾਣੀ ਤੇ ਵਿਚਾਰ ਕਰਨ ਦੀ ਥਾਂ ਇਤਿਹਾਸਿਕ ਤੱਥ ਮੰਗਦੇ ਹਨ ਜਾਂ ਕਿਸੇ ਤਰੀਕੇ ਦੇ ਵੀ ਤਰਕ ਕੁਤਰਕ ਕਰ ਲੈਂਦੇ ਹਨ ਪਰ ਬਾਣੀ ਵਿੱਚ ਜੋ ਲਿਖਿਆ, ਕਿਉਂ ਲਿਖਿਆ ਉਹ ਵਿਚਾਰਦੇ ਨਹੀਂ। ਜੋ ਵਿਸ਼ਾ ਤਰਕ ਨਹੀਂ ਝੇਲ ਸਕਦਾ ਉਹ ਪਖੰਡ ਹੁੰਦਾ ਹੈ। ਇਹ ਲੇਖ ਕਿਸੇ ਨੂੰ ਰਾਗ ਮਾਲਾ ਮੰਨਣ ਲਈ ਰਾਜ਼ੀ ਕਰਨ ਲਈ ਨਹੀਂ ਹੈ ਬਲਕਿ ਉਹਨਾਂ ਵੀਰ ਭੈਣਾਂ ਲਈ ਹੈ ਜੋ ਸਮਝਣਾ ਚਾਹੁੰਦੇ ਹਨ ਕੇ ਰਾਗ ਮਾਲਾ ਵਿੱਚ ਕਹਿਆ ਕੀ ਜਾ ਰਹਿਆ ਹੈ ਜਾਂ ਇਹ ਬ੍ਰਹਮ ਗਿਆਨ ਦੀ ਕਸਵੱਟੀ ਤੇ ਖਰੀ ਉਤਰਦੀ ਹੈ ਜਾਂ ਨਹੀਂ। ਇਸ ਵਿੱਚ ਕੇਵਲ ਰਾਗ ਮਾਲਾ ਤੇ ਵਿਚਾਰ ਕਰਾਂਗੇ ਨਾ ਕੇ ਕੁਤਰਕ ਕਰਨ ਵਾਲਿਆਂ ਦੇ ਸਵਾਲ ਦੇ ਜਵਾਬ ਦੇਵਾਂਗੇ। ਗੁਰਬਾਣੀ ਵਿੱਚ ਜਿਵੇਂ ਰੁਤਾਂ ਦੇ ਨਾਮ ਹਨ ਜੋ ਮਨ ਦੀ ਗਿਆਨ ਦੀ ਅਵਸਥਾ ਦਰਸਾਉਂਦੇ ਹਨ। ਵਿਚਾਰਨ ਲਈ ਵੇਖੋ “ਗੁਰਬਾਣੀ ਵਿੱਚ ਰੁੱਤਾਂ”, ਉਸੇ ਤਰਾਂ ਪਰਮੇਸਰ ਦੇ ਗੁਣ ਗਾਇਨ ਦਾ ਤਰੀਕਾ ਗੁਰਬਾਣੀ ਨੇ ਸਮਝਾਇਆ ਹੈ, ਵੇਖੋ “ਕੀਰਤਨੁ ਅਤੇ ਗੁਣ ਕਿਵੇ ਗਉਣੇ ਹਨ”। ਇਸੇ ਤਰਾਂ ਰਾਗੁ ਲੇਖਾਰੀ ਦੀ ਸੋਚ, ਭਾਵ ਅਤੇ ਜਜ਼ਬਾਤ ਨੂੰ ਦਰਸਾਉਂਦੇ ਹਨ। ਰਾਗ ਮਾਲਾ ਦੀ ਵਿਚਾਰ ਤੋਂ ਪਹਿਲਾਂ ਕੁਝ ਪ੍ਰਮਾਣ ਜਿਹੜੇ ਗੁਰਬਾਣੀ ਵਿੱਚ ਰਾਗਾਂ ਦੀ ਵਰਤੋ ਨੂੰ ਸਮਝਾਉਂਦੇ ਹਨ। ਜਿਵੇਂ

ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥” – ਸਿਰੀ ਭਾਵ ਸਿਰਜਣਹਾਰ ਦੀ ਗੱਲ ਹਿੰਦੀ ਹੈ। ਇਸੇ ਤਰਹ ਸਿਰੀ ਰਾਗੁ ਸਿਰਜਾਣਹਾਰ ਦੇ ਗੁਣਾਂ ਦੀ ਗਹਿਰਾਈ ਦਰਸਾਉਂਦਾ ਹੈ। “ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥”, “ਚਿਰੰਕਾਲ ਪਾਈ ਦ੍ਰੁਲਭ ਦੇਹ॥ ਨਾਮ ਬਿਹੂਣੀ ਹੋਈ ਖੇਹ॥ ਪਸੂ ਪਰੇਤ ਮੁਗਧ ਤੇ ਬੁਰੀ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ॥੩॥ ਸੁਣਿ ਕਰਤਾਰ ਗੋਵਿੰਦ ਗੋਪਾਲ॥ ਦੀਨ ਦਇਆਲ ਸਦਾ ਕਿਰਪਾਲ॥ ਤੁਮਹਿ ਛਡਾਵਹੁ ਛੁਟਕਹਿ ਬੰਧ॥ ਬਖਸਿ ਮਿਲਾਵਹੁ ਨਾਨਕ ਜਗ ਅੰਧ॥”, “ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ॥

ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ॥(ਰਾਗੁ ਮਾਝ, ਮ ੧, ੧੫੦)” – ਰਾਗੁ ਮਾਝ ਵਿੱਚ ਨਾਨਕ ਪਾਤਿਸ਼ਾਹ ਦੱਸਦੇ ਹਨ ਕੇ ਬਿਲਾਵਲ ਕਦੋਂ ਹੁੰਦਾ ਹੈ। “ਵੁਠੈ” ਭਾਵ ਵੱਸ ਜਾਣ ਉਪਰੰਤ। ਜਦੋਂ ਮਨ ਵਿੱਚ ਗਿਆਨ ਦਾ ਵਾਸ ਹੋ ਜਾਵੇ ਉਦੋਂ ਮਨ ਬਿਲਾਵਲ ਕਰਦਾ ਹੈ। ਜਦੋਂ ਘਟ ਵਿੱਚ ਗਿਆਨ ਦਾ ਚਾਨਣਾ ਹੋ ਜਾਵੇ। ਦੁਨਿਆਵੀ ਸਮੇਂ ਨਾਲ, ਵੇਲੇ ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ ਹੈ। ਮਨੁੱਖ ਦਾ ਜੀਵਨ ਅਗਿਆਨਤਾ ਕਾਰਣ ਰਾਤ ਮੰਨਿਆ ਹੈ ਗੁਰਮਤਿ ਨੇ ਤੇ ਗਿਆਨ ਲੈਣਾ ਜਾਗਣਾ “ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ॥” – ਭਾਵ ਤ੍ਰੈ ਗੁਣ ਮਾਇਆ ਦੇ ਭਰਮ ਵਿੱਚ ਮਨੁੱਖ ਦਾ ਜੀਵਨ ਸੁਤਿਆਂ ਬੀਤ ਜਾਂਦਾ। ਗੁਣਾ ਦੀ ਕਿਰਪਾ ਨਾਲ ਉਹ ਨਰ ਜਾਗਦੇ ਹਨ ਜਿਹਨਾਂ ਦੇ ਮਨ ਵਿੱਚ ਹਰਿ ਦਾ ਗਿਆਨ ਵੱਸ ਜਾਂਦਾ ਹੈ। ਇਹ ਭੇਦ ਸਮਝਣ ਤੋਂ ਬਾਦ ਬਿਲਾਵਲ ਰਾਗੁ ਦੀ ਬਾਣੀ ਪੜ੍ਹ ਕੇ ਸਪਸ਼ਟ ਹੁੰਦਾ ਹੈ ਕੇ ਗਿਆਨ ਪ੍ਰਾਪਤੀ ਤੋਂ ਬਾਦ ਕੀ ਅਵਸਥਾ ਬਣਦੀ ਹੈ। ਪ੍ਰਮਾਣ

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥ ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ॥੧॥ ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ॥ ਕਉਣੁ ਜਾਣੈ ਪੀਰ ਪਰਾਈ॥ ਹਮ ਨਾਹੀ ਚਿੰਤ ਪਰਾਈ॥੧॥ ਰਹਾਉ॥ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮੑਾਰੀ॥੨॥ ਸਿਖ ਮਤਿ ਸਭ ਬੁਧਿ ਤੁਮੑਾਰੀ ਮੰਦਿਰ ਛਾਵਾ ਤੇਰੇ॥ ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ॥੩॥ ਜੀਅ ਜੰਤ ਸਭਿ ਸਰਣਿ ਤੁਮੑਾਰੀ ਸਰਬ ਚਿੰਤ ਤੁਧੁ ਪਾਸੇ॥ ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ॥੪॥੨॥(ਰਾਗੁ ਬਿਲਾਵਲੁ, ਮ ੧, ੭੯੫)

ਇਸ ਨਾਲ ਇਹ ਵੀ ਪਤਾ ਲੱਗਦਾ ਹੈ ਕੇ ਕਿਉਂ ਬਿਲਾਵਲ ਰਾਗ ਪੰਨਾ ੭੯੫ ਤੋਂ ਸ਼ੁਰੂ ਹੁੰਦਾ ਹੈ, ਕਿਉਂ ਸਿਰੀ ਰਾਗੁ ਪਹਿਲਾਂ ਹੈ। ਕਿਉਂ ਪਹਿਲੇ ਗੁਰੂ ਦੀ ਸਾਰੀ ਬਾਣੀ ਪਹਿਲਾਂ ਕਿਉਂ ਕੱਠੀ ਨਹੀਂ ਲਿੱਖੀ। ਗੁਰਬਾਣੀ ਇੱਕ ਇੱਕ ਰਾਗੁ ਨਾਲ ਮਨ ਦੀ ਅਵਸਥਾ ਨੂੰ ਬਦਲਦੀ ਜਾਂਦੀ ਹੈ। ਇਹ ਗੁਰਮਤਿ ਅਧਿਐਨ ਤੋਂ ਪਤਾ ਲੱਗਦਾ ਹੈ।

ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ॥ ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ॥” – ਬਿਲਾਵਲ ਭਾਵ ਖੁਸ਼ੀਆਂ ਦੇ ਖੇੜੇ, ਚਾਨਣਾ ਉਸ ਘਰ (ਘਟ) ਵਿੱਚ ਹੁੰਦਾ ਹੈ ਜਿਸ ਗੁਰਮੁਖ (ਗੁਣਾਂ ਨੂੰ ਮੁਖ ਰੱਖਣ ਵਾਲਾ) ਨੂੰ ਉਹ ਪ੍ਰਭ ਆਪਣੀ ਪ੍ਰੀਤ ਵਿੱਚ ਲਾਉਂਦਾ ਹੈ। ਇਹ ਰਾਗ ਘਟ ਅੰਦਰ ਆਪ ਹਰਿ ਗਾਉਂਦਾ ਹੈ “ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ॥ ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ॥ ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ॥ ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ॥ ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ॥ ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ॥੧॥(ਬਿਲਾਵਲ ਕੀ ਵਾਰ ਮ ੪, ੮੪੯)”। ਕੋਈ ਰਾਗੀ ਕੀਰਤਨੀਆਂ ਬਿਲਾਵਲ ਰਾਗ ਵਿੱਚ ਕੀਰਤਨ ਕਰ ਸਕਦਾ ਹੈ ਪਰ ਗੁਰਬਾਣੀ ਆਖਦੀ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥” – ਬਾਹਰੀ ਰਾਗ ਕੀਰਤਨ ਜਿਤਨਾ ਮਰਜ਼ੀ ਕਰੀ ਜਾਵੋ ਹਰਿ ਨਹੀਂ ਭਿਜਦਾ ਖੁਸ਼ ਹੁੰਦਾ ਜਦੋਂ ਤਕ ਨਾਮ (ਸੋਝੀ) ਨੂੰ ਮੁੱਖ ਨਾ ਰੱਖਿਆ ਜਾਵੇ “ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥ (ਮ ੪, ਰਾਗੁ ਬਿਲਾਵਲ, ੮੪੯)”, “ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ॥ ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ॥ ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ॥ ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ॥ ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ॥ ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ॥”। ਤੇ ਜਿਹੜੇ ਭਗਤ ਨੇ ਉਹਨਾਂ ਦਾ ਮਨ ਤਾਂ ਹਮੇਸ਼ਾ ਹੀ ਬਿਲਾਵਲ ਕਰਦਾ ਹੈ “ਬਿਲਾਵਲੁ ਕਰਿਹੁ ਤੁਮੑ ਪਿਆਰਿਹੋ ਏਕਸੁ ਸਿਉ ਲਿਵ ਲਾਇ॥ ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ॥ ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ॥ ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ॥ ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ॥੨॥”।

ਇੱਦਾਂ ਹੀ ਸਿਰੀ ਰਾਗੁ ਪਰਮੇਸਰ ਦੇ ਗੁਣ ਸਮਝਾਉਂਦਾ ਹੈ। ਇਸ ਰਾਗ ਦੀ ਉਸਤਤਿ ਕਰਦੇ ਗੁਰਬਾਣੀ ਵਿੱਚ ਲਿਖਿਆ ਹੈ “ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ॥ ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ॥ ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ॥ ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ॥੧॥(ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ, ੮੩)”

ਇੱਦਾਂ ਹੀ ਹਰੇਕ ਰਾਗੁ ਦਾ ਆਪਣਾ ਇੱਕ ਮਹੱਤਵ ਹੈ ਤੇ ਗੁਰਮਤਿ ਨੇ ਸਮਝਾਇਆ ਹੈ। ਇਹ ਮਨ ਦੀ ਸੋਚ ਨੂੰ ਦਰਸਾਉਂਦੇ ਹਨ ਨਾ ਕੇ ਕੇਵਲ ਮੂਹ ਤੋਂ ਗਾਉਣ ਵਾਲੇ ਰਾਗੁ ਤੇ ਵਾਜੇ ਵਜਾਉਣ ਦਾ ਢੰਗ। ਰਾਗੁ ਰਾਗਨੀ ਨਾਦ ਇਹ ਸਬ ਮਨ ਦੇ ਵਿੱਚ ਚਲਦੇ ਵਿਚਾਰਾਂ ਦੀ ਸੋਝੀ ਦੀ ਚਾਲ ਨੂੰ ਦਰਸਾਉਂਦੇ ਹਨ। ਜਿਵੇਂ ਜਿੱਵੇਂ ਮਨ ਦੀ ਗਿਆਨ ਦੀ ਅਵਸਥਾ ਬਦਲਦੀ ਹੈ, ਜੀਵ ਦੀ ਸੋਚ ਦੀ ਚਾਲ ਉਸਦਾ ਰਾਗੁ ਘਟ ਵਿੱਚ ਬਦਲਦਾ ਹੈ। ਪਰ ਕਈ ਮਨਮਤੀਏ ਇਹ ਨਹੀਂ ਜਾਣਦੇ ਕੇ ਸਬ ਕੁਝ ਘਟ ਅੰਦਰ ਹੀ ਖੋਜਣਾ ਹੈ। ਰਾਗੁ, ਰਤਨ, ਰਾਗਣੀ, ਨਾਦ ਇਹ ਸਬ ਘਟ ਅੰਦਰ ਹੀ ਚਲਦੇ ਨੇ। ਸੋ ਆਉ ਵੇਖਦੇ ਹਾਂ ਕੇ ਰਾਗ ਮਾਲਾ ਕੀ ਸਮਝਾ ਰਹੀ ਹੈ।

ਰਾਗ ਏਕ ਸੰਗਿ ਪੰਚ ਬਰੰਗਨ॥” – ਸਾਰੇ ਰਾਗ ਏਕੇ ਦਾ ਹੀ ਪਾਠ ਪੜ੍ਹਾ ਰਹੇ ਹਨ, ਹੁਕਮ ਨਾਲ ਅਕਾਲ ਨਾਲ ਏਕੇ ਦਾ ਪਾਠ। ਪੰਚ ਨੂੰ ਕਈ ਜੀ ੫ ਪੜ੍ਹਦੇ ਹਨ ਪਰ ਪੰਚ ਦਾ ਭਾਵ ਹੁੰਦਾ ਉੱਤਮ। ਬਰੰਗਨ ਤੋਂ ਭਾਵ ਹੈ ਜੂਝਣ ਵਾਲੀ (ਵੀਰ ਦਾ ਇਸਤ੍ਰੀਵਾਕ ਵੀਰੰਗਣਾ)। ਇਹ ਬੁੱਧ ਲਈ ਅਲੰਕਾਰ ਹੈ। ਉਤਮ ਬੁਧ ਜਿਸ ਕੋਲ ਏਕੇ ਦਾ ਰਾਗ (ਸੋਚ/ਭਸਵਨਾ/ਜਜ਼ਬਾਤ “ਸੁਖਮਨ ਕੈ ਘਰਿ ਰਾਗੁ   ਸੁਨਿ   ਸੁੰਨਿ ਮੰਡਲਿ ਲਿਵ ਲਾਇ ॥“) ਹੈ।

ਸੰਗਿ ਅਲਾਪਹਿ ਆਠਉ ਨੰਦਨ॥” – ਆਠਉ ਹਨ ਮੂਲ ਗੁਣ ਜਪ ਬਾਣੀ ਵਾਲੇ। ਇਹ ਸਾਰੇ ਗੁਣ ਬੁਧ ਨਾਲ ਰਲ ਕੇ ਏਕੇ ਦਾ ਰਾਗ ਘਟ ਵਿੱਚ ਅਲਾਪ (ਸੁਰ ਵਿੱਚ ਗਾ) ਰਹੇ ਨੇ। ਨੰਦਨ ਤੋਂ ਭਾਵ ਹੈ ਨਿਆਣੇ। ਪਰਮੇਸਰ ਦੇ ਗੁਣ ਅਕਾਲ ਦੇ ਗੁਣ ਨੰਦਨ ਹਨ ਉਸਦੇ।

ਪ੍ਰਥਮ ਰਾਗ ਭੈਰਉ ਵੈ ਕਰਹੀ॥ ਪੰਚ ਰਾਗਨੀ ਸੰਗਿ ਉਚਰਹੀ॥” – ਰਾਗ ਭੈਰਉ ਬਾਰੇ ਆਇਆ ਹੈ “ਭੈਰਉ ਭੂਤ ਸੀਤਲਾ ਧਾਵੈ॥” ਭਾਵ ਪ੍ਰਚੰਡ ਗਿਆਨ ਦੀ ਅਵਸਥਾ ਵਿੱਚ ਮਨ ਸੀਤਲਾ (ਸ਼ੀਤਲ ਮਤਿ/ਬਿੱਧ) ਵਲ ਤੁਰਦਾ ਹੈ। ਸੋ ਪ੍ਰਥਮ ਰਾਗ ਭੈਰਉ ਵੈ ਕਰਹੀ ਤੋਂ ਭਾਵ ਹੈ ਕੇ ਮਨ/ ਬੁੱਧ ਨੇ ਪਹਿਲਾਂ ਪ੍ਰਚੰਡ ਗਿਆਨ ਲਿਆ। ਇਹ ਪਰਮੇਸਰ ਦੇ ਭੈ ਦੀ ਅਵਸਥਾ ਹੈ। ਭੈਰਉ ਅਰਥ ਭੈ ਵਿੱਚ। ਪੰਚ ਭਾਵ ਉੱਤਮ ਰਾਗਨੀ (ਰਾਗਾਂ ਤੋਂ ਬਣੀ ਧੁਨ) ਉਚਰਹੀ ਗਾਈ। ਇਹ ਪ੍ਰਚੰਡ ਗਿਆਨ ਦੀ ਪਹਿਲੀ ਅਵਸਥਾ ਹੈ ਜਦੋਂ ਮਨ ਨੂੰ ਆਪਣੀ ਹੋੰਦ ਦਾ ਪਤਾ ਲੱਗਿਆ।

ਪ੍ਰਥਮ ਭੈਰਵੀ ਬਿਲਾਵਲੀ॥ ਪੁੰਨਿਆਕੀ ਗਾਵਹਿ ਬੰਗਲੀ॥” – ਭੈਰਵੀ ਤੋਂ ਭਾਵ (ਭੈ+ਰਵੀ – ਭੈ ਵਿੱਚ ਰਵਿ, ਰਹਿਣ ਵਾਲਾ) ਬਿਲਾਵਲ ਕਰਦਾ। ਬਿਲਾਵਲ ਦੀ ਵਿਚਾਰ ਅਸੀਂ ਉੱਤੇ ਕੀਤੀ ਹੈ। ਪੁੰਨਿਆ ਤੋਂ ਭਾਵ ਪੁੰਨਿ ਕਰਣ ਵਾਲੀ ਸੰਮਪੂਰਨ “ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾ॥”, “ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ॥”, ਤੇ ਪੁੰਨ ਕੀ ਹੈ, “ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ॥”, ਉਹੀ ਕਰ ਰਹੀ ਹੈ ਬੰਗਲੀ, ਗੋਬਿੰਦ ਦੇ ਗੁਣ ਗਾ ਰਹੀ ਹੈ। ਤੇ ਬੰਗਲੀ ਕੌਣ? ਬੰਗਲੀ ਤੋਂ ਭਾਵ ਹਵੇਲੀ ਹੂੰਦਾ ਹੈ, ਇੱਥੇ ਘਟ/ਘਰ ਦਾ ਅਲੰਕਾਰ ਹੈ।

ਪੁਨਿ ਅਸਲੇਖੀ ਕੀ ਭਈ ਬਾਰੀ॥ ਏ ਭੈਰਉ ਕੀ ਪਾਚਉ ਨਾਰੀ॥” – ਪੁੰਨ ਦੀ ਅਸਲ ਲੇਖੇ ਦੀ ਇਹ ਬਾਹਰੀ ਭਾਵ ਜਨਮ ਭਿਆ ਹੁਣ ਰੱਖ ਲਿਆ ਹੈ ਪਰਮੇਸਰ ਨੇ “ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ॥”। ਭੈਰਉ ਦੀ ਪਾਚਉ ਤੋਂ ਭਾਵ ਪੰਜੋਂ ਜਿਵੇਂ “ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ॥”। ਨਾਰੀ ਤੋਂ ਭਾਵ ਹੈ ਬੁੱਧ, ਸੋਚ। ਭੈਰਉ (ਭੇ ਵਿੱਚ ਰਹਿਣ ਵਾਲੀ ਬੁੱਧ) ਕੀ ਨਾਰੀ ਤੋਂ ਪਾਵ ਭੈ ਵਿੱਚ ਰੱਤੇ ਮਨ ਦੇ ਵੱਸ ਵਿੱਚ ਹੋਈ ਬੁੱਧ। ਪਾਚਉ ਕੌਣ ਹਨ, ਇੰਦ੍ਰੀਆਂ “ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥” ਇਹ ਭੇਰਉ ਦੇ ਵੱਸ ਵਿੱਚ ਦਸੀਆਂ ਹਨ।

ਪੰਚਮ ਹਰਖ ਦਿਸਾਖ ਸੁਨਾਵਹਿ॥ ਬੰਗਾਲਮ ਮਧੁ ਮਾਧਵ ਗਾਵਹਿ॥੧॥” – ਪੰਚਮ ਦਾ ਭਾਵ ਹੁੰਦਾ ਹੈ ਉੱਤਮ ਜਿਵੇਂ “ਸਾਚਾ ਹਰਖੁ ਨਾਹੀ ਤਿਸੁ ਸੋਗੁ॥ ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ॥ ਪੰਚ ਸਮਾਈ ਸੁਖੀ ਸਭੁ ਲੋਗੁ॥੩॥” ਭਾਵ ਉੱਤਮ ਹਰਖ ਭਾਵ ਨਾਮ (ਗਿਆਨ) ਦਿਸਾਖ ਭਾਵ ਸਹੀ ਦਿਸ਼ਾ ਦਿਖਾਉਂਦਾ ਹੈ। ਹਿਰਦੇ ਦੇ ਮਧ ਭਾਵ ਵਿੱਚ ਮਾਧਵ ਭਾਵ ਰਾਮ/ਹਰਿ ਦੇ ਗੁਣਾਂ ਦਾ ਗਾਇਨ ਹੁੰਦਾ ਹੈ।

ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ॥” – ਲਲਤ ਦਾ ਅਰਥ ਹੁੰਦਾ ਹੈ ਸੁੰਦਰ। ਇਹ ਸੁੰਦਰ ਮਨ ਗਲ ਹੈ ਜਿੱਥੇ ਹਰਿ ਦਾ ਰੰਗ ਹੈ। ਉਹ ਮਨ ਬਿਲਾਵਲ ਕਰਦਾ ਹੈ ਖੁਸ਼ੀ ਵਿੱਚ ਗਾਉਂਦਾ ਹੈ ਆਪਣੇ ਆਪਣੇ ਢੰਗ ਨਾਲ। ਜਿਵੇਂ ਕੋਈ ਨੱਚ ਕੇ, ਕੋਈ ਗਾ ਕੇ, ਕੋਈ ਵਾਹੁ ਵਾਹੁ ਕਰਕੇ।

ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ॥੧॥” – ਭੈਰਵ ਦੀ ਵਿਚਾਰ ਆਪਾਂ ਪਹਿਲਾ ਹੀ ਮਰ ਚੁੱਕੇ ਹਾ। ਅਸਟ ਪੁਤ੍ਰ ਹਨ ਅੱਠ ਗੁਣ ਜਾਂ ਅੱਠ ਸਿੱਧੀਆ, ਅਸਟ ਪਦੇ ਜਿਹਨਾਂ ਬਾਰੇ ਗੁਰਬਾਣੀ ਨੇ ਵਿਸਥਾਰ ਵਿੱਚ ਸਮਝਾਇਆ ਹੈ। ਇਹ ਵੀ ਭੈਰਉ ਦੇ ਪੁਤ੍ਰ ਹੀ ਹਨ॥

ਦੁਤੀਆ ਮਾਲਕਉਸਕ ਆਲਾਪਹਿ॥ ਸੰਗਿ ਰਾਗਨੀ ਪਾਚਉ ਥਾਪਹਿ॥ ਗੋਂਡਕਰੀ ਅਰੁ ਦੇਵਗੰਧਾਰੀ॥ ਗੰਧਾਰੀ ਸੀਹੁਤੀ ਉਚਾਰੀ॥ ਧਨਾਸਰੀ ਏ ਪਾਚਉ ਗਾਈ॥ ਮਾਲ ਰਾਗ ਕਉਸਕ ਸੰਗਿ ਲਾਈ॥ ਮਾਰੂ ਮਸਤਅੰਗ ਮੇਵਾਰਾ॥ ਪ੍ਰਬਲਚੰਡ ਕਉਸਕ ਉਭਾਰਾ॥ ਖਉਖਟ ਅਉ ਭਉਰਾਨਦ ਗਾਏ॥ ਅਸਟ ਮਾਲਕਉਸਕ ਸੰਗਿ ਲਾਏ॥੧॥” – ਮਾਲਕਉੱਕ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ ਮਾਲਕ (ਖਸਮ) ਉਸਕ ਤੋਂ ਭਾਵ ਹੈ ਪ੍ਰੇਮ। ਮਾਲਕ ਨਾਲ ਪ੍ਰੇਮ ਦਾ ਆਲਾਪ ਕਰ ਰਹਿਆ ਹੈ। ਦੁਤੀਆ ਦੂਜੇ ਲਈ ਵੀ ਤੇ ਦੁਤੀਆ ਭਾਵ ਲਈ ਵੀ ਵਰਤਿਆ ਗਿਆ ਹੈ। ਪ੍ਰਥਮ ਆਇਆ ਸੀ ਪਹਿਲਾਂ ਹੁਣ ਦੂਜਾ ਮਾਲਕ ਦਾ ਪ੍ਰੇਮ ਅਲਾਪਣ ਦੀ ਗਲ ਹੋ ਰਹੀ ਹੈ। ਇਹ ਪਾਚਉ ਜੋ ਅਸੀਂ ਉਪਰ ਵਿਚਾਰੇ ਹਨ ਇਹ ਸਮਝਾਇਆ ਜਾ ਰਹਿਆ ਹੈ ਕੇ ਥਾਪਹਿ ਹੀ ਮਾਲਿਕ ਦੇ ਪ੍ਰੇਮ ਵਿੱਚ ਗਾਉਂਦਿਆਂ ਭਾਵ ਹੁਕਮ ਵਿੱਚ ਚਲਦਿਆਂ ਹੀ ਥਾਪੇ ਗਏ ਹਨ। ਰਾਗਾਂ ਦੀ ਫੂਲ ਮਾਲਾ ਇਸੀ ਮਤਲਕ ਦੇ ਪ੍ਰੇਮ ਵਿੱਚ ਹੁਕਮ ਵਿੱਚ ਚੱਲਦਿਆਂ ਥਾਪੀਆਂ ਗਈਆਂ ਹਨ। ਅਸੀਂ ਇਸ ਲੇਖ ਵਿੱਚ ਹਰੇਕ ਰਾਗੁ ਦੇ ਭਾਵ ਨੂੰ ਵੀ ਵਿਸਥਾਰ ਵਿੱਚ ਸਮਝਾਂਗੇ। “ਪ੍ਰਬਲਚੰਡ” ਤੋਂ ਭਾਵ ਤਾਕਤਵਰ ਤੇ ਉਗ੍ਰ ਰੂਪ ਵਾਲਾ “ਕਉਸਕ” ਤੋਂ ਭਾਵ ਹੁੰਦਾ ਹੈ “ਗਿਆਨ”, ਉਬਾਰਿਆ ਭਾਵ ਪ੍ਰਚੰਡ ਗਿਆਨ ਬਲਾਇਆ “ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥” ਵਾਲੀ ਗਲ ਹੀ ਹੋ ਰਹੀ ਹੈ ਇੱਥੇ। “ਖਉਖਟ” ਤੋ ਭਾਵ ਹੁੰਦਾ ਹੈ ਰੁਕਾਵਟ ਜਾਂ ਅਵਰੋਧ, “ਭਉਰਾਨਦ” ਤੋਂ ਭਾਵ ਭਉ ਅਤੇ ਆਨਦ ਵੀ ਗਾਇਨ ਕਰਨ ਲੱਗ ਭਏ ਭਾਵ ਹੁਕਮ ਵਿੱਚ ਚੱਲਣ ਲਗ ਪਏ। ਅੱਠੋਂ ਮਾਲਕ ਦੇ ਪ੍ਰੇਮ ਵੀ ਲਾ ਦਿੱਤੇ।

ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ॥ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ॥੧॥ ਤੇਲੰਗੀ ਦੇਵਕਰੀ ਆਈ॥ ਬਸੰਤੀ ਸੰਦੂਰ ਸੁਹਾਈ॥ ਸਰਸ ਅਹੀਰੀ ਲੈ ਭਾਰਜਾ॥ ਸੰਗਿ ਲਾਈ ਪਾਂਚਉ ਆਰਜਾ॥” – ਹਿੰਡੋਲੁ ਦਾ ਅਰਥ ਹੁੰਦਾ ਹੈ ਅਸਥਿਰ ਜਾ ਝੂਲਾ, ਪੰਚ ਨਾਰ, ਅਸਟ ਸੁਤ ਗੁਰਬਾਣੀ ਵਿੱਚ ਅਨੇਕ ਵਾਰ ਆਏ ਹਨ, ਅਸੀਂ ਵਿਚਾਰੇ ਵੀ ਹਨ, ਇਹ ਸਬ ਮਨ ਦੇ ਵਿੱਚ ਉਠਣ ਵਾਲੇ ਫੁਰਨੇ, ਵਿਚਾਰ, ਵਿਕਾਰ, ਭਾਵ ਦੇ ਪ੍ਰਤੀਕ ਹੀ ਹਨ। ਮਨ ਵਿੱਚ ਅਨੇਕ ਪ੍ਰਕਾਰ ਦੀਆਂ ਭਾਵਨਾਵਾਂ ਨਿਰੰਤਰ ਚਲਦੀਆਂ ਹਨ। ਜਦੋਂ ਤੇਲੰਗੀ (ਤਿਲੰਗ ਤੋਂ ਭਾਵ ਹੁੰਦਾ ਹੈ ਖੇਤ ਨੂੰ ਵਾਹੁਣਾ) ਭਾਵ ਮਨ ਰੂਪੀ ਖੇਤ ਨੂੰ ਦੇਵਤਿਆਂ ਦੇ ਗਿਆਨ ਦੁਆਰਾ ਵਾਹੁਣ ਦੀ ਕ੍ਰਿਤ ਬਣ ਕੇ ਆਈ, ਤਾਂ ਮਨ ਰੂਪੀ ਖੇਤ ਵਿੱਚ ਬਸੰਤ ਸੁਹਾਈ ਭਾਵ ਖੁਸ਼ਿਆਂ ਦਾ ਖੇੜਾ ਬਣਿਆ। ਜਿਸ ਕਾਰਣ “ਸਰਸ” ਤੋਂ ਭਾਵ ਹੈ ਰਸ ਭਰਿਆ, ਅਹੀਰੀ ਹੁੰਦਾ ਹੈ ਛੱਲ ਜਾਂ ਚੋਰੀ ਹੋਣਾ, ਭਾਰਜਾ ਆਖਦੇ ਹਨ ਸਾਥੀ ਨੂੰ। ਜਦੋਂ ਖੁਸ਼ੀਆ ਦੇ ਖੇੜੇ ਮਨ ਵਿੱਚ ਹੁਂਦੇ ਹਨਤਾਂ ਪਾਂਚੋ ਆਰਜਾ ਪੈਦਾ ਹੁੰਦੀਆਂ ਹਨ। “ਸੁਰਮਾਨੰਦ ਭਾਸਕਰ ਆਏ॥ ਚੰਦ੍ਰਬਿੰਬ ਮੰਗਲਨ ਸੁਹਾਏ॥ ” – ਸੁਰਮਾਨੰਦ ਭਾਵ ਹੈ ਸਮਾਨ, ਰੂਪ ਜੋ ਸੰਗੀਤ-ਸਮਾਨ ਆਨੰਦ ਦੇਣ ਵਾਲਾ , ਭਾਸਕਰ ਭਾਵ ਸੂਰਜ, ਜੋ ਚਮਕਦਾ ਹੈ। ਚੰਦ੍ਰਬਿੰਬ ਭਾਵ ਚੰਦ੍ਰਮਾ ਦਾ ਪ੍ਰਤੀਬਿੰਬ ਮੰਗਲਨ (ਸੰਸਕ੍ਰਿਤ: मंगल) = ਮੰਗਲਕਾਰੀ, ਸ਼ੁਭਤਾ ਸੁਹਾਏ = ਸੁੰਦਰ, ਰਮਣੀਕ। ਜਿਵੇਂ ਦੇਵਤਿਆਂ ਦੇ ਆਨੰਦ-ਸਰੂਪ ਸੂਰਜ ਉਗਿਆ ਹੋਵੇ,ਚੰਦ ਦੀ ਪਰਛਾਂਵੀ ਮੰਗਲਮਈ ਅਤੇ ਸੁੰਦਰ ਹੋਵੇ ਇਸ ਤਰ੍ਹਾਂ ਦਿਵਤਾ-ਸਰੂਪ ਦੀ ਆਗਮਨ ਦੀ ਲਾਲਿਤ ਵਰਣਨਾ ਕੀਤੀ ਗਈ ਹੈ। “ਸਰਸਬਾਨ ਅਉ ਆਹਿ ਬਿਨੋਦਾ॥ ਗਾਵਹਿ ਸਰਸ ਬਸੰਤ ਕਮੋਦਾ॥ ” – ਮਿੱਠਾ ਬੋਲਣ ਵਾਲਾ, ਮਨੋਰੰਜਨ ਕਰਨ ਵਾਲਾ ਆਉਂਦਾ ਹੈ। ਸੁੰਦਰਤਾ ਅਤੇ ਰਸ ਭਰੇ ਬਸੰਤ ਦੀ ਗਾਥਾ ਕਮਲ-ਸਰੂਪ ਰੂਪ ਵਿੱਚ ਗਾਈ ਜਾਂਦੀ ਹੈ। “ਅਸਟ ਪੁਤ੍ਰ ਮੈ ਕਹੇ ਸਵਾਰੀ॥ ਪੁਨਿ ਆਈ ਦੀਪਕ ਕੀ ਬਾਰੀ॥੧॥” – ਮੈਂ ਅੱਠ ਪੁੱਤਰਾਂ (ਗੁਣਾਂ) ਦੀ ਸਵਾਰੀ ਦਾ ਵਰਣਨ ਕੀਤਾ ਫਿਰ ਚਮਕਦਾਰ ਦੀਪਕ (ਹਰਿ/ਬੀਠਲ/ਠਾਕੁਰ/ਪ੍ਰਭ) ਰੂਪ ਦੀ ਵਾਰੀ ਆਈ। ਸੋ ਭਾਵ ਇਹ ਬਣਦਾ ਹੈ ਕੇ ਸੰਗੀਤ ਰਾਹੀਂ ਪਹਿਲਾਂ ਵਿਚਾਰ ਫੇਰ ਭਾਵਨਾ ਤੇ ਪ੍ਰੇਮ ਰਾਹੀਂ ਸੂਰਜ/ਚੰਦ/ਦੀਪਕ ਦਾ ਉਜਿਆਰਾ ਘਟ ਵਿੱਚ ਹੁੰਦਾ ਹੈ ਜਿਸ ਨਾਲ ਗੁਣ ਰੌਸਨ ਹੁੰਦੇ ਹਨ ਤੇ ਘਟ ਵਿੱਚ ਹਰਿ/ਰਾਮ/ਠਾਕੁਰ ਦਾ ਉਜਿਅਰਾ ਹੁੰਦਾ ਹੈ॥

ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ॥ ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ॥੧॥” – ਮਨ ਤੇ ਬੁੱਧ ਦੀ ਅਵਸਥਾ ਵਿੱਚ ਕਈ ਤਰੀਕੇ ਦੇ ਭਾਵ ਉਤਪਨ ਹੁੰਦੇ ਹਨ। ਜੀਵ ਦੇ ਜਜ਼ਬਾਤ ਤੇ ਭਾਵਨਾ ਕਾਰਣ ਕਈ ਤਰਹ ਦੇ ਰਾਗ ਘਟ ਵਿੱਚ ਨਿਰੰਤਰ ਉਤਪੰਨ ਹੁਂਦੇ ਹਨ। ਕਛੇਲੀ (ਕੋਮਲ ਕੱਚੀ ਬੁੱਧ), ਪਟਮੰਜਰੀ (ਰੰਗ ਬਿਰੰਗੁ ਫੁੱਲਾਂ ਦਾ ਗੁੱਛਾ), ਅਤੇ ਟੋਡੀ (ਗਹਿਰੀ ਸੋਚ ਵਾਲੇ) ਵਿਚਾਰਾਂ ਨਾਲ ਜਜ਼ਬਾਤਾਂ ਦਾ ਪ੍ਰਗਟਾਵਾ ਰਾਗਾਂ ਦੀ ਅਲਾਪ ਕੀਤਾ ਮਨ ਨੇ। ਕਾਮੋਦੀ (ਕਾਮਨਦੀ ਉਤਪਤੀ ਵਾਲੇ ਜਜ਼ਬਾਤ) ਅਤੇ ਗੂਜਰੀ (ਗੰਭੀਰ) ਰਾਗਾਂ ਨੂੰ ਰਾਗ ਦੀਪਕ (ਗਿਅਨ/ਨਾਮ ਦਾ ਉਜਿਆਰਾ) ਨਾਲ ਜੋੜ ਕੇ ਥਾਪਿਆ ਗਿਆ ਮਨ ਵਿੱਚ। ਇਹ ਸਬ ਮਨ ਦੇ ਵਿੱਚ ਉਠਣ ਵਾਕੇ ਭਾਵ ਦਰਸਾਏ ਗਏ ਹਨ।

ਕਾਲੰਕਾ ਕੁੰਤਲ ਅਉ ਰਾਮਾ॥ ਕਮਲਕੁਸਮ ਚੰਪਕ ਕੇ ਨਾਮਾ॥ ਗਉਰਾ ਅਉ ਕਾਨਰਾ ਕਲੵਾਨਾ॥ ਅਸਟ ਪੁਤ੍ਰ ਦੀਪਕ ਕੇ ਜਾਨਾ॥੧॥” – ਕਾਲੰਕਾ (ਕਾਲ ਦੇ ਗੁਣ ਦਰਸਾਉਂਦਾ), ਕੁੰਤਲ (ਕੇਸ) , ਰਾਮਾ, ਗਉਰਾ (ਪਵਿੱਤਰ), ਕਾਨਰਾ (ਗੰਭੀਰਤਾ) , ਕਲ੍ਯਾਣ(ਮੰਗਲਕਾਰੀ, ਸ਼ੁਭ), ਆਦਿ ਨੂੰ ਦੀਪਕ (ਹਰਿ/ਰਾਮ ਰੂਪੀ ਦੀਪਕ) ਰਾਗ ਦੇ ਪੁੱਤਰ ਵਜੋਂ ਦਰਸਾਇਆ ਗਿਆ ਹੈ। ਭਾਵ ਇਹ ਸਾਰੇ ਜਜ਼ਬਾਤ ਹਨ ਮਨ ਵਿੱਚ ਚੱਲਣ ਵਾਲੇ ਵਿਚਾਰਾਂ ਦੇ ਸੰਗੀਤ ਰੂਪ। “ਸਭ ਮਿਲਿ ਸਿਰੀਰਾਗ ਵੈ ਗਾਵਹਿ॥ ਪਾਂਚਉ ਸੰਗਿ ਬਰੰਗਨ ਲਾਵਹਿ॥” – ਸਭ ਮਿਲ ਕੇ ਸਿਰੀ (ਪ੍ਰਭ) ਦੇ ਰਾਗ ਗਾਉਂਦੇ ਹਨ (ਹੁਕਮ ਨੂੰ ਹੀ ਮੰਨ ਰਹੇ ਹਨ), ਅਤੇ ਪੰਜ ਰਾਗਾਂ ਨੂੰ ਸੁੰਦਰ ਰੰਗਤਾਂ ਨਾਲ ਜੋੜਦੇ ਹਨ। ਇਹ ਪੰਕਤੀ ਸੰਗੀਤਕ ਰਾਗਾਂ ਦੀ ਰਚਨਾ, ਉਨ੍ਹਾਂ ਦੀ ਅਲਾਪ, ਅਤੇ ਰੰਗਤਾਂ ਦੀ ਲੜੀ ਰਾਹੀਂ ਰੂਹਾਨੀ ਰਸ ਦੀ ਪ੍ਰਗਟਾਵੀ ਕਰਦੀ ਹੈ। ਇਹ ਦਰਸਾਉਂਦਾ ਹੈ ਕੇ ਭਾਵੇਂ ਵਿਕਾਰ ਹੋਣ ਭਾਵੇਂ ਗੁਣ ਇਹ ਪ੍ਰਭ ਦੇ ਹੁਕਮ ਵਿੱਚ ਹੀ ਹਰ ਵੇਲੇ ਮਨ ਗਾਉਂਦਾ ਹੈ।

ਬੈਰਾਰੀ ਕਰਨਾਟੀ ਧਰੀ॥ ਗਵਰੀ ਗਾਵਹਿ ਆਸਾਵਰੀ॥ ਤਿਹ ਪਾਛੈ ਸਿੰਧਵੀ ਅਲਾਪੀ॥ ਸਿਰੀਰਾਗ ਸਿਉ ਪਾਂਚਉ ਥਾਪੀ॥੧॥” – ਜਿੱਥੇ ਬੈਰਾਰੀ (ਵਿਰੋਧ ਦਾ ਭਾਵ) ਅਤੇ ਕਰਨਾਟੀ (ਕਰਮ ਸੰਬੰਧੀ ਵਿਚਾਰ) ਰਾਗਾਂ ਦੀ ਥਾਪਨਾ ਕੀਤੀ ਜਾਂਦੀ ਹੈ, ਗਉਰੀ (ਪਵਿਤਰ ਸੋਚ) ਅਤੇ ਆਸਾਵਰੀ (ਆਸਾ ਦੇ ਵਰ ਨਾਲ ਜੁੜੀ ਵਿਚਾਰ)ਗਾਏ ਜਾਂਦੇ ਹਨ, ਫਿਰ ਸਿੰਧਵੀ (ਸਮੁੰਦਰ ਵਾਗ ਵਿਸਥਾਰ, ਦੂਰ ਦ੍ਰਿਸ਼ਟੀ ਵਾਲੀ ਸੋਚ) ਰਾਗ (ਮਨ ਦੇ ਵਿੱਚ ਉੱਠਣ ਵਾਲੇ ਫੁਰਨੇ) ਦੀ ਅਲਾਪ ਕੀਤੀ ਜਾਂਦੀ ਹੈ, ਅਤੇ ਸਿਰੀ ਰਾਗ ਦੇ ਨਾਲ ਪੰਜ ਰਾਗਾਂ ਦੀ ਥਾਪਨਾ ਕੀਤੀ ਜਾਂਦੀ ਹੈ। ਇਹ ਸਾਰੇ ਹੀ ਰਾਗ (ਵਿਚਾਰ) ਸਿਰੀ (ਪ੍ਰਭ) ਤੋਂ ਹੀ ਪਰਗਟ ਹੂੰਦੇ ਹਨ।

ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ॥ ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ॥੧॥” – ਜਿੱਥੇ ਸਾਲੂ (ਕੋਮਲ), ਸਾਰੰਗ (ਬਹੁ ਰੰਗੀ), ਸਾਗਰਾ (ਸਮੁੰਦਰ ਵਰਗੇ), ਗੋਂਡ (ਗੰਭੀਰਤਾ) ਵਰਗੇ ਰਾਗ, ਸਿਰੀ ਰਾਗ ਦੇ ਅਸਟ ਪੁੱਤਰ ਵਜੋਂ ਹਮੀਰ (ਤਾਕਤਵਰ) ਰਾਗ ਸਮੇਤ ਗੁਣਾਂ ਅਤੇ ਰੂਪਾਂ ਨਾਲ ਜੋੜੇ ਜਾਂਦੇ ਹਨ। ਭਾਵਨਾ ਰਾਹੀਂ ਰੂਹਾਨੀ ਰਸ, ਸੰਗੀਤਕ ਆਨੰਦ, ਅਤੇ ਦਿਵਤਾ-ਸਰੂਪ ਦੀ ਸਿਰੀ (ਪ੍ਰਭ) ਤੋਂ ਉਤਪਤੀ ਜਾਂ ਆਗਮਨਕ੍ਰਮ ਨੂੰ ਪ੍ਰਗਟ ਕਰਦੀ ਹੈ।

ਖਸਟਮ ਮੇਘ ਰਾਗ ਵੈ ਗਾਵਹਿ॥ ਪਾਂਚਉ ਸੰਗਿ ਬਰੰਗਨ ਲਾਵਹਿ॥ ਸੋਰਠਿ ਗੋਂਡ ਮਲਾਰੀ ਧੁਨੀ॥” – ਜਿੱਥੇ ਛੇਵਾਂ ਰਾਗ ਮੇਘ (ਮੇਘੇ ਨੂੰ ਫੁਰਮਾਨ ਗਿਆਨ ਦੀ ਬਰਖਾ ਕਰਨ ਦਾ) ਗਾਇਆ ਜਾਂਦਾ ਹੈ, ਪੰਜ ਰਾਗਾਂ ਨੂੰ ਸੁੰਦਰ ਰੰਗਤਾਂ ਨਾਲ ਜੋੜਿਆ ਜਾਂਦਾ ਹੈ, ਅਤੇ ਸੋਰਠ, ਗੋਂਡ, ਮਲਾਰ ਦੀ ਧੁਨੀ ਰਚੀ ਜਾਂਦੀ ਹੈ। , “ਪੁਨਿ ਗਾਵਹਿ ਆਸਾ ਗੁਨ ਗੁਨੀ॥ ਊਚੈ ਸੁਰਿ ਸੂਹਉ ਪੁਨਿ ਕੀਨੀ॥ ਮੇਘ ਰਾਗ ਸਿਉ ਪਾਂਚਉ ਚੀਨੀ॥੧॥” – ਇਹ ਪੰਕਤੀਆਂ ਦਰਸਾਉਂਦੀਆਂ ਹਨ ਕਿ – ਰਾਗ ਆਸਾ (ਆਸਾਂ ਦੇ ਵਿਚਾਰ) ਨੂੰ ਗੁਣੀ ਗਾਇਕ ਦੁਆਰਾ ਗਾਇਆ ਜਾਂਦਾ ਹੈ, ਸੂਹੀ ਰਾਗ ਨੂੰ ਉੱਚੀ ਸੁਰ ਵਿੱਚ ਗਾਇਆ ਜਾਂਦਾ ਹੈ, ਰਾਗ ਮੇਘ ਨੂੰ ਪੰਜ ਰਾਗਾਂ ਨਾਲ ਜੋੜ ਕੇ ਪਛਾਣਿਆ ਜਾਂਦਾ ਹੈ।

ਬੈਰਾਧਰ ਗਜਧਰ ਕੇਦਾਰਾ॥ ਜਬਲੀਧਰ ਨਟ ਅਉ ਜਲਧਾਰਾ॥ ਪੁਨਿ ਗਾਵਹਿ ਸੰਕਰ ਅਉ ਸਿਆਮਾ॥ ਮੇਘ ਰਾਗ ਪੁਤ੍ਰਨ ਕੇ ਨਾਮਾ॥੧॥” – ਇਹ ਪੰਕਤੀਆਂ ਦਰਸਾਉਂਦੀਆਂ ਹਨ ਕਿ ਬੈਰਾਧਰ (ਬੈਰ ਧਰੇ ਹੋਏ ਵੈਰ ਵਿਰੋਧ ਵਾਲੇ), ਗਜਧਰ (ਹਾਥੀ ਵਰਗੇ ਅਹੰਕਾਰ ਨਾਲ ਭਰੇ), ਕੇਦਾਰ, ਆਦਿ ਰਾਗਾਂ ਦੀ ਥਾਪਨਾ ਕੀਤੀ ਗਈ, ਜਬਲੀਧਰ (ਪਹਾੜ ਨੂੰ ਫੜ ਕੇ ਰੱਖਣ ਵਾਲਾ), ਨਟ (ਨੱਚਣ ਟੱਪਣ), ਜਲਧਾਰਾ (ਗਿਆਨ ਦੀਧਾਰਾ) ਆਦਿ ਰਾਗਾਂ (ਵਿਚਾਰਾਂ) ਦੀ ਅਲਾਪ ਕੀਤੀ ਗਈ, ਸੰਕਰ ਅਤੇ ਸਿਆਮਾ ਰਾਗ ਗਾਏ ਜਾਂਦੇ ਹਨ – ਇਹ ਸਾਰੇ ਰਾਗ ਮੇਘ (ਗਿਆਨ ਦੀ ਘਟ ਅੰਦਰ ਬਰਖਾ ਦੇ ਕਾਰਣ) ਦੇ ਪੁੱਤਰ ਮੰਨੇ ਜਾਂਦੇ ਹਨ। ਇਹ ਪੰਕਤੀਆਂ ਰਾਗ ਮੇਘ ਦੀ ਰਚਨਾਤਮਕ ਪਰਿਵਾਰ ਨੂੰ ਦਰਸਾਉਂਦੀਆਂ ਹਨ। ਇਹ ਸੰਗੀਤਕ ਰਸ, ਰੂਹਾਨੀ ਲਹਿਰ, ਅਤੇ ਕਾਵਿ-ਭਾਵਨਾ ਰਾਹੀਂ ਅਕਾਲ ਪੁਰਖ ਦੀ ਮਹਿਮਾ ਨੂੰ ਪ੍ਰਗਟ ਕਰਦੀਆਂ ਹਨ ਗਿਆਨ ਸੇਣ ਦੀ ਕ੍ਰਿਆ ਨੂੰ ਦਰਸਾਉਂਦਾ ਹੈ।

ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ॥੧॥੧॥” – ਇਹ ਪੰਕਤੀ ਦਰਸਾਉਂਦੀ ਹੈ ਕਿ – ਛੇ ਮੁੱਖ ਰਾਗ (ਵਿਚਾਰ) ਗਾਏ ਗਏ (ਪ੍ਰਘਟ ਹੋਏ), 30 ਰਾਗਨੀਆਂ (ਉਪ-ਰਾਗਾਂ ਜਾਂ ਰਾਗ-ਰੰਗਤਾਂ) ਨਾਲ, ਕੁੱਲ 48 ਰਾਗ-ਪੁੱਤਰ (18 + 10 + 20) ਦੀ ਗਿਣਤੀ ਕੀਤੀ ਗਈ। ਸੰਗੀਤ ਵਿੱਚ ਰਾਗ ਤਾਂ ਬਥੇਰੇ ਹਨ ਮਨ ਦੇ ਜਜ਼ਬਾਤ ਜ਼ਾਹਿਰ ਕਰਨ ਲਈ ਪਰ ਗੁਰਬਾਣੀ ਵਿੱਚ ਗੁਰਮਤਿ ਪ੍ਰਗਾਸ ਕਰਨ ਲਈ ਜਿਹੜੇ ਰਾਗ ਜ਼ਰੂ੍ਰੀ ਸੀ ਉਹੀ ਵਰਤੇ ਗਏ ਹੈ ਇੰਝ ਜਾਪਦਾ ਹੈ।

ਇਹ ਪੰਕਤੀਆਂ ਤੇ ਰਾਗਮਾਲਾ “ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ” ਨੂੰ ਵਿਸਧਾਰ ਨਾਲ ਸਮਝਾਉਂਦਿਆਂ ਹਨ। ਕਿਵੇਂ ਰਾਗਾਂ ਦੇ ਰਤਨ ਪਰਵਾਰ ਸਬਦ ਗਾਉਣ ਆਏ, ਇਸ ਤਰ੍ਹਾਂ ਰਾਗਾਂ ਰਾਹੀਂ ਰੂਹਾਨੀ ਰਸ ਉਤਪੰਨ ਹੁੰਦਾ ਹੈ। ਇਹ ਰਾਗ ਮਨ ਦੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੇ ਹਨ। ਸ਼ਾਇਰ, ਕਵੀ, ਲਿਖਾਰੀ ਜਿਹਨਾਂ ਨੂੰ ਗੀਤ ਪ੍ਰਗਟ ਹੁੰਦੇ ਹਨ ਇਸ ਕ੍ਰੀਆ ਨੂਂ ਬਖੂਬੀ ਸਮਝਦੇ ਹਨ॥

ਹਰੇਕ ਰਾਗੁ ਦਾ ਆਪਣਾ ਇੱਕ ਸੰਦੇਸ਼, ਇੱਕ ਮਹੱਤਵ ਹੈ।

ਸਿਰੀ ਰਾਗੁ: ਸਿਰੀ(ਸਿਰਜਣ ਹਾਰ)/ਅਕਾਲ/ਪ੍ਰਭ ਦੇ ਮੂਲ ਗੁਣ ਦਰਸਾਉਂਦਾ ਹੈ।ਗੰਭੀਰਤਾ ਅਤੇ ਆਤਮਕ ਅਡੋਲਤਾ ਦੀ ਪ੍ਰਤੀਕ।
ਮਾਝ ਰਾਗੁ: ਵਿਛੋੜੇ ਅਤੇ ਚਿੰਤਨ ਦੇ ਮੱਧ ਭਾਵ ਵਿੱਚ ਦੀ ਅਭਿਵਿਅਕਤੀ ਦਰਸਾਉਂਦਾ ਹੈ॥
ਗਉੜੀ ਰਾਗੁ: ਸੁੰਦਰ ਗਿਆਨ, ਬੁੱਧੀ ਅਤੇ ਆਤਮਕ ਉਤਸ਼ਾਹ ਨੂੰ ਉਭਾਰਦਾ ਹੈ।
ਆਸਾ ਰਾਗੁ: ਉਮੀਦ, ਪ੍ਰੇਰਣਾ ਅਤੇ ਆਤਮਕ ਉਤਸ਼ਾਹ ਦਾ ਰੂਪ।
ਗੁਜਰੀ ਰਾਗ: ਤਿਆਗ ਅਤੇ ਆਤਮਕ ਤਪੱਸਿਆ ਦੀ ਲਹਿਰ। ਜੀਵਨ ਦੇ ਸਫਰ ਨੂੰ ਦਰਸਾਉਂਦਾ ਭਾਵ ਹੈ।
ਦੇਵਗੰਧਾਰੀ ਰਾਗੁ: ਨਿਮਰਤਾ ਅਤੇ ਆਤਮਕ ਸੰਤੋਖ ਦੀ ਅਭਿਵਿਅਕਤੀ ਹੈ। ਦੇਵ (ਦੇਣ ਵਾਲੇ) ਦੀ ਸਿਫ਼ਤ ਦੀ ਸੁਗੰਧ ਨੂੰ ਦਰਸਾਉਂਦਾ ਹੈ ਇਸ ਰਾਗ ਦਾ ਭਾਵ।
ਬਿਹਾਗੜਾ ਰਾਗੁ: ਮਨ ਵਿੱਚ ਦੁੱਖ ਕਾਰਨ ਝਗੜੇ ਉਤਪੰਨ ਹੁਂਦੇ ਹਨ। ਜੀਵ ਪਰਮੇਸਰ ਦੀ ਹੋਂਦ ਤੇ ਸਵਾਲ ਕਰਦਾ ਹੈ। ਬਿਹਾਗੜਾ ਰਾਗ ਇਹਨਾਂ ਸਵਾਲਾਂ ਨੂੰ ਪ੍ਰਗਟ ਕਰਕੇ ਆਨੰਦ ਦੀ ਅਵਸਥਾ ਵੱਲ ਲੈਕੇ ਜਾਂਦਾ ਹੈ। ਆਨੰਦ ਅਤੇ ਆਤਮਕ ਖੁਸ਼ੀ ਦਾ ਪ੍ਰਤੀਕ ਹੈ ਇਹ ਰਾਗ।
ਵਡਹੰਸ ਰਾਗੁ: ਆਤਮਕ ਉਤਸ਼ਾਹ ਅਤੇ ਉੱਚੀ ਉਡਾਣ ਦੀ ਲਹਿਰ। ਹੰਸ ਜੀਵ ਦੀ ਪਵਿੱਤਰ ਜੋਤ ਦਾ ਪ੍ਰਤੀਕ ਹੈ ਗੁਰਬਾਣੀ ਵਿੱਚ। ਇਸ ਰਾਗ ਦੁਆਰਾ ਉਸੇ ਹੰਸ ਦੇ ਗੁਣ ਪ੍ਰਗਟ ਕੀਤੇ ਜਾਂਦੇ ਹਨ।
ਸੋਰਠਿ ਰਾਗ: ਨਿਸ਼ਚੈ ਅਤੇ ਆਤਮਕ ਅਡੋਲਤਾ ਦਾ ਸੰਦੇਸ਼।
ਧਨਾਸਰੀ ਰਾਗ: ਧਨ+ਆਸਰੀ । ਧਨ (ਗਿਆਨ/ਨਾਮ) ਦਾ ਆਸਰਾ। ਭਗਤੀ ਅਤੇ ਆਤਮਕ ਲਗਨ ਦੀ ਅਭਿਵਿਅਕਤੀ।
ਜੈਜਾਵੰਤੀ ਰਾਗ: ਵਿਛੋੜਾ, ਲੋਚ ਅਤੇ ਆਤਮਕ ਲਾਲਸਾ ਦਾ ਪ੍ਰਤੀਕ ਇਹ ਰਾਗ ਵਿਕਾਰਾਂ ਤੇ ਜਿੱਤ ਤੇ ਗਿਆਨ ਦੀ ਜੈ ਜੈ ਕਾਰ ਕਰਦਾ ਹੈ।
ਤਿਲੰਗ ਰਾਗੁ: ਆਤਮਕ ਸੁੰਦਰਤਾ ਅਤੇ ਰੂਹਾਨੀ ਲਹਿਰ ਦਾ ਪ੍ਰਤੀਕ ਹੈ। ਇਹ ਨੁੱਖ ਤੌਰ ਤੇ ਫਾਰਸੀ ਦੇ ਗਾਇਨ ਤੋਂ ਪ੍ਰਭਾਵਿਤ ਹੈ। ਇਹ ਮਨ ਵਿੱਚ ਪ੍ਰਭ ਨੂੰ ਮਿਲਣ ਦੀ ਲਾਲਸਾ ਨੂੰ ਦਰਸਾਉਂਦਾ ਹੈ।
ਕਾਨੜਾ ਰਾਗੁ: ਗੰਭੀਰਤਾ ਅਤੇ ਆਤਮਕ ਤਪੱਸਿਆ ਦੀ ਪ੍ਰਤੀਕਤਾ।
ਕਲਿਆਣ ਰਾਗੁ: ਆਤਮਕ ਆਨੰਦ ਅਤੇ ਰੂਹਾਨੀ ਉਤਸ਼ਾਹ। ਕਲਿਆਣ ਦੀ ਮੰਗ, ਕਲਿਆਣ ਦੇ ਭਾਵ ਨੂੰ ਪ੍ਰਗਟ ਕਰਦਾ ਹੈ ਇਹ ਰਾਗ।
ਬਿਲਾਵਲ ਰਾਗੁ: ਆਤਮਕ ਖੁਸ਼ੀ ਅਤੇ ਪ੍ਰੇਮ ਦੀ ਲਹਿਰ।
ਕੇਦਾਰਾ ਰਾਗੁ: ਆਤਮਕ ਸ਼ਾਂਤੀ ਅਤੇ ਨਿਰਭਉਤਾ।
ਮਾਰੂ ਰਾਗੁ: ਜੀਵ ਦੀ ਸੰਸਾਰੀ ਯਾਤਰਾ, ਤਿਆਗ ਅਤੇ ਆਤਮਕ ਸੰਘਰਸ਼ ਦਾ ਪ੍ਰਤੀਕ ਹੈ ਇਹ ਰਾਗ।
ਪੂਰੀ ਰਾਗੁ: ਆਤਮਕ ਅਡੋਲਤਾ ਅਤੇ ਨਿਸ਼ਚੈ ਦੀ ਪੂਰਣਤਾ ਦਾ ਭਾਵ।
ਰਾਮਕਲੀ ਰਾਗੁ: ਰਾਮ ਨੂੰ ਪਛਾਣ ਕੇ ਹੋਏ ਆਤਮਕ ਬਦਲਾਅ ਅਤੇ ਅੰਦਰੂਨੀ ਜਾਗਰੂਕਤਾ ਦਾ ਵਰਣਨ ਕਰਦਾ ਹੈ।
ਮਲਾਰ ਰਾਗੁ: ਇਹ ਜੀਵ ਦੇ ਘਟ ਵਿੱਚ ਗਿਆਨ ਦੀ ਬਰਖਾ ਮੰਗਦਾ, ਨਾਮ ਦੇ ਮੀਂਹ ਸੋਝੀ ਦੀ ਵਰਖਾ ਨੂੰ ਪ੍ਰਗਟ ਕਰਦਾ ਹੈ।।
ਕੌਸੀ ਰਾਗੁ: ਕੌਸੀ ਦਾ ਭਾਵ ਹੁੰਦਾ ਹੈ ਦੂਰੀ। ਇਸ ਰਾਗ ਰਾਹੀਂ ਜੀਵ ਤੇ ਮੂਲ/ਪ੍ਰਭ ਦੇ ਗੁਣਾਂ ਦੀ ਦੂਰੀ ਤੈ ਕਰਨ ਦਾ ਜਿਕਰ ਹੁੰਦਾ ਹੈ। ਇਹ ਰਾਗ ਜੀਵ ਦੇ ਰੁਹਾਨੀ ਸਫ਼ਰ ਨੂੰ ਵੀ ਦਰਸਾਉਂਦਾ ਹੈ।
ਨਟ ਰਾਗੁ: ਆਤਮਕ ਉਤਸ਼ਾਹ ਅਤੇ ਰੂਹਾਨੀ ਨਾਚ ਦਾ ਪ੍ਰਤੀਕ ਹੈ। ਜਦੋਂ ਮਨ ਦਾ ਚਾ ਪ੍ਰਗਟ ਕਰਨਾ ਹੁੰਦਾ ਹੈ ਇਹ ਰਾਗ ਇਸ ਭਾਵ ਨੂੰ ਦਰਸਾਉਂਦਾ ਹੈ।
ਪਾਰਜ ਰਾਗੁ: ਆਤਮਕ ਅਨੰਦ ਅਤੇ ਰੂਹਾਨੀ ਪ੍ਰੇਮ। ਪਾਰਜ ਸਬਦ ਦੀ ਉਤਪਤਿ ਪਾਰਜਾਤ, ਪਾਰਜਾ ਤੋਂ ਹੋਈ ਹੈ, ਜਿਸ ਦਾ ਅਰਥ ਹੈ ਪਾਰ ਹੋ ਜਾਣਾ।
ਪਹਿਲੀ ਰਾਗੁ: ਆਤਮਕ ਨਿਰਭਉਤਾ ਅਤੇ ਨਿਸ਼ਚੈ।
ਸਾਰੰਗ ਰਾਗੁ: ਗਿਆਨ ਵਿੱਚ ਰੰਗੇ ਹੋਏ ਮਨ ਦੀ ਸ਼ਾਂਤੀ ਅਤੇ ਆਤਮਕ ਠੰਢਕ ਨੂੰ ਦਰਸਾਉਂਦਾ ਹੈ।
ਸੂਹੀ ਰਾਗੁ: ਗੁਆਨ ਦੀ ਲਾਲੀ ਦੇ ਸੁਹੇ ਰੰਗ ਭਾਵ ਪ੍ਰੇਮ, ਲਗਨ ਅਤੇ ਰੂਹਾਨੀ ਇਕਤਾ ਨੂੰ ਦਰਸਾਉਂਦਾ ਹੈ।
ਤੁਖਾਰੀ ਰਾਗੁ: ਆਤਮਕ ਚਿੰਤਨ ਅਤੇ ਨਿਮਰਤਾ ਦੀ ਠੰਢਕ ਦਾ ਪ੍ਰਤੀਕ ਹੈ ਇਹ ਰਾਗ।
ਪ੍ਰਭਾਤੀ ਰਾਗੁ: ਆਤਮਕ ਜਾਗਰੂਕਤਾ ਅਤੇ ਨਵੀਂ ਸ਼ੁਰੂਆਤ। ਜਦੋਂ ਘਟ ਵਿੱਚ ਅਗਿਆਨਤਾ ਦੀ ਰਾਤ ਤੋਂ ਗਿਆਨ ਦਾ ਚਾਨਣਾ ਹੋਵੇ।
ਭੈਰਉ ਰਾਗੁ: ਆਤਮਕ ਸ਼ਕਤੀ ਅਤੇ ਨਿਰਭਉਤਾ। ਇਹ ਗਿਆਨ ਦਾ ਰੂਦ੍ਰ ਰੂਪ ਹੈ, ਪ੍ਰਚੰਡ ਰੂਪ ਦਾ ਪ੍ਰਗਟਾਵਾ ਕਰਦਾ ਹੈ। ਪਰਮੇਸਰ ਭੈ ਵਿੱਚ ਰੱਤੇ ਹੋਏ ਮਨ ਦੀ ਵਿਚਾਰ।
ਬਸੰਤ ਰਾਗੁ: ਨਵੀਂ ਉਮੀਦ ਅਤੇ ਆਤਮਕ ਤਾਜਗੀ। ਜਦੋਂ ਬੁੱਧ ਰੂਪੀ ਧਰਤੀ ਤੇ ਗਿਆਨ ਦਾ ਅੰਮ੍ਰਿਤ ਜਲ ਪੈ ਕੇ ਨਾਮ ਬੀਜ ਕੇ ਗਿਆਨ ਦਾ ਫਲ ਫੁੱਲ਼ ਲੱਗੇ ਇਹੀ ਘਟ ਅੰਦਰਲੀ ਬਸੰਤ ਰੁੱਤ ਦਾ ਪ੍ਰਗਟਾਵਾ ਕਰਦਾ ਹੈ।

ਰਾਗ ਮਾਲਾ ਵਿੱਚ ਇਹਨਾਂ ਰਾਗਾਂ ਦੀ ਉਤਪਤੀ ਤੇ ਆਪਸੀ ਰਿਸ਼ਤੇ ਦੀ ਸਮਝ ਪੈਂਦੀ ਹੈ।। ਰਾਗ ਮਾਲਾ ਇਹਨਾਂ ਰਾਗਾਂ ਦੇ ਪਿੱਛੇ ਦਾ ਸਾਰਾ ਭੇਦ ਸਮਝਾਉਂਦੀ ਹੈ। ਇਸ ਤੇ ਮੈਂ ਲੇਖ ਲਿਖਣਾ ਸ਼ੁਰੂ ਕੀਤਾ ਸੀ ਪਰ ਸਮਾਂ ਘੱਟ ਸੀ ਤੇ ਹੋਰ ਦੂਜੇ ਲੇਖਾਂ ਵਲ ਧਿਆਨ ਚਲਾ ਗਿਆ। ਜਿਸਨੇ ਵਿਚਾਰ ਕਰਨੀ ਉਹ ਲਿਖਤ ਦੇ ਪਿੱਛੇ ਕਾਰਣ, ਉਸਦਾ ਮੂਲ ਸੰਦੇਸ਼ ਸਮਝਣ ਦੀ ਕੋਸ਼ਿਸ਼ ਕਰਦਾ ਵਿਚਾਰ ਕਰਦਾ ਨਾ ਕੇ ਇਹ ਵੇਖਦਾ ਕੇ ਉਹ ਕਿੱਥੋਂ ਉਲਖਾ ਕੀਤਾ ਗਿਆ ਜਾ ਲਿਆ ਗਿਆ। ਸਾਨੂੰ ਉਹ ਗ੍ਰੰਥ ਵਿੱਚ ਕੀ ਵਿਚਾਰਨ ਨੂੰ ਦਿੱਤਾ ਗਿਆ ਸਾਨੂੰ ਇਹ ਸਮਝਣਾ ਹੈ। ਜੇ ਕਬੀਰ ਜੀ ਦੀ ਬਾਣੀ ਲਈ, ਹੋਰ ਭਗਤਾਂ ਦੀ ਬਾਣੀ ਦਰਜ ਕਰਕੇ ਕੁੱਝ ਸੰਦੇਸ਼ ਦਿੱਤਾ ਗਿਆ ਹੈ ਤਾਂ ਉੱਦਾਂ ਹੀ ਰਾਗ ਮਾਲਾ ਵਿੱਚੋਂ ਵੀ ਸਾਨੂੰ ਕੁੱਝ ਸੰਦੇਸ਼ ਮਿਲਦਾ ਹੀ ਹੈ। ਵਿਚਾਰਨ ਵਾਲੇ ਵਿਚਾਰ ਕੇ ਸਮਝ ਲੈਂਦੇ ਨੇ ਤੇ ਕਈ ਨਾਸਮਝੀ ਵਿੱਚ ਵਿਰੋਧ ਕਰਦੇ ਹਨ। ਗੁਰਮੁੱਖ ਨੇ ਵੈਰ ਵਿਰੋਧ ਖਤਮ ਕਰਨਾ ਹੈ। ਜੇ ਕੋਈ ਲਿਖਤ ਸਾਹਮਣੇ ਆਉਂਦੀ ਹੈ ਉਸਨੂੰ ਗੁਣਾਂ ਨਾਲ ਤੋਲ ਕੇ ਜੋ ਰੱਸ ਮਿਲਦਾ ਰੱਖ ਲੈਣਾ ਹੈ।

ਮੈਂ ਆਪ ਰਾਗਾਂ ਦਾ ਮਾਹਿਰ ਨਹੀਂ ਹਾਂ, ਇਸ ਲੇਖ ਨੂੰ ਲਿਖਦਿਆਂ ਕਈ ਮਹੀਨੇ ਲੱਗੇ, ਕਰੀ ਰਾਗਾਂ ਦੇ ਮਾਹਿਰ ਵੀਰਾਂ ਭੈਣਾਂ ਨਾਲ ਵੀ ਗੱਲ ਕੀਤੀ। ਜਿਹੜੇ ਲਿਖਾਰੀ ਹਨ, ਕਵੀ ਹਨ ਉਹਨਾਂ ਨਾਲ ਵੀ ਚਰਚਾ ਦਾ ਜਤਨ ਕੀਤਾ। ਇਸ ਲੇਖ ਨੂੰ ਲਿਖਦਿਆਂ ਹੋ ਸਕਦਾ ਹੈ ਗਲਤੀਆਂ ਹੋਈਆਂ ਹੋਣ। ਬੇਨਤੀ ਹੈ ਕੇ ਜੇ ਕੁੱਝ ਵਿਚਾਰ ਹਨ ਜਾਂ ਸੁਝਾਅ ਹਨ ਉਹ ਸਾਨੂੰ ਈਮੇਲ ਰਾਹੀਂ ਭੇਜੇ ਜਾਣ। ਜੇ ਸਕਾਰਾਤਮਕ ਵਿਚਾਰ ਮਿਲੀ ਅਸੀਂ ਇਸ ਲੇਖ ਵਿੱਚ ਸ਼ਾਮਿਲ ਕਰ ਦਿਆਂਗੇ। ਵਿਰੋਧ ਕਰਨ ਵਾਲਿਆਂ ਦਾ ਵੀ ਧੰਨਵਾਦ ਪਰ ਅਸੀਂ ਨਕਾਰਾਤਮਕ ਵਿਚਾਰ ਛੱਡ ਦਿੰਦੇ ਹਾਂ। ਰਲ ਮਿਲ ਕੇ ਵਿਚਾਰ ਦਾ ਆਦੇਸ਼, ਵੈਰ ਵਿਰੋਧ ਦਾ ਆਦੇਸ਼ ਜੋ ਗੁਰਮਤਿ ਵਿੱਚੋਂ ਮਿਲਦਾ ਹੈ ਕੋਸ਼ਿਸ਼ ਰਹੇਗੀ ਉਹ ਅੱਗੇ ਕਰਦੇ ਰਹੀਏ।

Resize text