Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਦੁ, ਅਮਲ, ਭਾਂਗ ਅਤੇ ਸੁੱਖਾ

ਅੱਜ ਸਿੱਖਾਂ ਵਿੱਚ ਬਹੁਤ ਦੁਬਿਧਾ ਹੈ ਕੇ ਨਿਹੰਗ ਸਿੰਘ ਸੁੱਖਾ ਸ਼ਕਦੇ ਹਨ, ਨਸ਼ੇ ਕਰਦੇ ਹਨ ਤੇ ਕੁੱਝ ਦਲ ਪੰਥਾਂ ਵਿੱਚ ਪੰਚ ਰਤਨੀ ਵੀ ਛਕਦੇ ਹਨ। ਨਸ਼ਿਆਂ ਦੇ ਖਿਲਾਫ਼ ਲਗਭਗ ਹਰ ਦੁਨਿਆਵੀ ਧਰਮ ਹੀ ਬੋਲਦਾ ਹੈ। ਸੋ ਗੁਰਮਤਿ ਦਾ ਉਪਦੇਸ਼ ਕੀ ਹੈ ਨਸ਼ੇ ਬਾਰੇ ਇਹ ਜਾਨਣਾ ਬਹੁਤ ਜ਼ਰੂਰੀ ਹੈ। ਨਸ਼ੇ ਲਈ ਜੋ ਗੁਰਮਤਿ ਵਿੱਚ ਸ਼ਬਦ ਆਇਆ ਹੈ ਉਹ ਹੈ ਮਦੁ ਤੇ ਅੱਜ ਗਲ ਕਰਾਂਗੇ ਕੇ ਗੁਰਮਤਿ ਕਿਸ ਮਦੁ ਦੇ ਸਖਤ ਖਿਲਾਫ਼ ਹੈ ਤੇ ਕਿਹੜਾ ਮਦੁ/ਅਮਲ ਪਰਵਾਨ ਹੈ। ਸੋ ਆਉ ਸਮਝਦੇ ਹਾਂ ਕੇ ਮਦੁ ਗੁਰਮਤਿ ਕਿਸਨੂੰ ਆਖਦੀ ਹੈ ਤੇ ਕੀ ਫੁਰਮਾਨ ਹੈ ਮਦੁ ਬਾਰੇ। ਇਸ ਬਾਰੇ ਅਸੀਂ ਪਹਿਲਾਂ ਵੀ ਵਿਚਾਰ ਕੀਤੀ ਹੈ ਵੇਖੋ “ਨਸ਼ਾ, ਦਾਰੂ, ਮਦ, ਅਮਲ ਬਾਰੇ ਵਿਚਾਰ” ਅਤੇ “ਨਸ਼ਾ” ਅੱਜ ਅੱਗੇ ਵਿਚਾਰ ਕਰਾਂਗੇ।

ਮਦੁ

ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ॥ ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ॥੪॥“ – ਭਾਵ ਕਲਜੁਗ ਵਿੱਚ ਜੀਵ ਦਾ ਮਨ ਮਾਇਆ ਦੇ ਮਦੁ (ਨਸ਼ੇ) ਵਿੱਚ ਮਤਵਾਲਾ ਹੋਇਆ ਫਿਰਦਾ ਹੈ। ਕਲਿਜੁਗ ਅਸਲ ਵਿੱਚ ਕੀ ਹੈ ਸਮਝਣ ਲਈ ਵੇਖੋ “ਗੁਰਬਾਣੀ ਵਿੱਚ ਜੁਗ

ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥੪॥” – ਭਾਵ ਦੁਰਮਤਿ, ਮਨਮਤਿ, ਮਾੜੀ ਮਤਿ, ਮਾਇਆ ਦੇ ਮਗਰ ਲੱਗਣ ਵਾਲੀ ਮਤਿ ਜੋ ਪੀਂਦੇ ਹਨ ਉਹਨਾਂ ਦੀ ਦਰਗਹਿ ਪਤਿ ਨਹੀਂ ਹਹਿੰਦੀ, ਮਤਿ ਕਮਲੀ ਹੋ ਜਾਂਦੀ ਹੈ, ਦਰਗਾਹ ਤੋਂ ਧਿਆਨ ਹਟ ਜਾਂਦਾ ਹੈ। ਜੋ ਰਾਮ ਰਸਾਇਣ (ਰਾਮ ਦੇ ਗੁਣ, ਹੁਕਮ ਦੀ ਸੋਝੀ, ਗੁਰਮਤਿ ਗਿਆਨ ਦਾ ਅੰਮ੍ਰਿਤ) ਜਿਹਨਾਂ ਕੋਲ ਹੈ ਉਹ ਸੱਚ ਅਮਲੀ ਹਨ। ਨਾਮ (ਸੋਝੀ) ਦਾ ਗਿਆਨ ਦਾ ਅਮਲ (ਨਸ਼ਾ) ਪਰਵਾਨ ਹੈ ਗੁਰਮਤਿ ਵਿੱਚ।ਦਰਗਾਹ ਬਾਰੇ ਸਮਝਣ ਲਈ ਵੇਖੋ “ਭੂਤ, ਪ੍ਰੇਤ, ਜਮ, ਧਰਮ ਰਾਇ ਅਤੇ ਦਰਗਾਹ”। ਗੁਰਮਤਿ ਵਿੱਚ ਨਾਮ ਕੀ ਹੈ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”। ਮਾਇਆ ਬਾਰੇ ਹੋਰ ਵਿਸਥਾਰ ਵਿੱਚ ਸਮਝਣ ਲਈ ਵੇਖੋ “ਲੱਛਮੀ, ਸਰਪ ਅਤੇ ਮਾਇਆ” ਅਤੇ “ਤ੍ਰੈ ਗੁਣ ਮਾਇਆ, ਭਰਮ ਅਤੇ ਵਿਕਾਰ”।

ਭਗਤ ਭਾਈ ਮਰਦਾਨਾ ਜੀ ਦੀ ਬਾਣੀ ਹੈ ਪੋਥੀ ਸਾਹਿਬ ਵਿੱਚ। ਪਾਤਿਸ਼ਾਹ ਆਖਦੇ “ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥੧॥” ਅੱਗੇ ਲਿਖਦੇ ਹਨ “ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ॥੨॥ ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ॥ ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ॥੩॥” – ਭਾਵ ਵਿਕਾਰ, ਮਾਇਆ, ਕਾਮਣੀ, ਤ੍ਰਿਸਨਾ ਮਦਿ ਹੈ ਜਿਸਦੇ ਜੀਵ ਪਿਆਲੇ ਭਰ ਭਰ ਪੀਂਦਾ ਹੈ। ਇਹਨਾਂ ਦੀ ਹੀ ਅਰਦਾਸ ਹਮੇਸ਼ਾ ਕਰਦਾ ਹੈ। ਗੁਰੂ ਘਰਾਂ ਵਿੱਚ ਇਸ ਨਸ਼ੇ ਬਾਰੇ ਦੱਸਣ ਦੀ ਥਾਂ ਮਾਇਆ ਲੈਕੇ ਮਾਇਆ ਕੱਠੀ ਕਰਕੇ ਅੱਗੇ ਮਾਇਆ ਦੀਆਂ ਹੀ ਅਰਦਾਸਾਂ ਆਪ ਉਹ ਕਰ ਰਹੇ ਨੇ ਜਿਹਨਾਂ ਨੂੰ ਗੁਰਮਤਿ ਦਾ ਪ੍ਰਚਾਰ ਕਰਨਾ ਸੀ। ਗੁਰੂ ਦਾ ਵਜ਼ੀਰ ਬਣ ਗੁਰਮਤਿ ਦੇ ਹੀ ਉਲਟ ਮਾਇਆ ਦਾ ਵਪਾਰ ਕਰ ਰਹੇ ਹਨ। ਅਰਦਾਸ ਤੇ ਮੰਗਣਾ ਕੀ ਹੈ ਸਮਝਣ ਲਈ ਵੇਖੋ “ਅਰਦਾਸ ਕੀ ਹੈ ਅਤੇ ਗੁਰੂ ਤੋਂ ਕੀ ਮੰਗਣਾ ਹੈ?

ਗੁਰਮਤਿ ਨੇ ਮਾਇਆ ਦੇ ਨਸ਼ੇ ਦੀ ਥਾਂ ਸੱਚ ਦਾ, ਗਿਆਨ ਦਾ ਨਾਮ (ਸੋਝੀ) ਦਾ ਨਸ਼ਾ ਕਰਨ ਨੂੰ ਆਖਿਆ ਹੈ “ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ॥੧॥” – ਵਿਚਾਰਨ ਵਾਲੀ ਗਲ ਹੈ ਕੇ ਮਾਣਸੁ ਭਾਰਿਆ ਆਣਿਆ, ਮਾਣਸ ਭਰਿਆ ਆਇ, ਕਿਸ ਮਦਿ ਵਿੱਚ? ਕਿਹੜਾ ਮਦਿ ਹੈ ਜਿਸ ਪੀਤੇ ਮਤਿ ਦੂਰ ਹੁੰਦੀ ਹੈ? ਉਹ ਕਿਹੜਾ ਝੂਠਾ ਮਦੁ ਹੈ? ਉਹ ਹੈ ਮਨਮਤਿ, ਦੁਰਮਤਿ, ਮਾਇਆ ਦੀ ਭੁੱਖ। “ਨਾਮੁ ਵਿਸਾਰਿ ਮਾਇਆ ਮਦੁ ਪੀਆ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ॥”, “ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ॥ ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ॥੧॥

ਬਾਰ ਬਾਰ ਮਦੁ ਦੀ ਜਿੱਥੇ ਵੀ ਗਲ ਹੋਈ ਹੈ ਉੱਥੇ ਪ੍ਰਮਾਣ ਮਾਇਆ, ਮਨਮਤਿ, ਦੁਰਮਤਿ ਵੱਲ ਹੀ ਇਸ਼ਾਰਾ ਹੋ ਰਹਿਆ ਹੈ “ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ॥ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ॥

ਜਿੱਥੇ ਵੀ ਸੱਚ ਅਮਲ ਦੀ ਗਲ ਹੋਈ ਹੈ ਉੱਥੇ ਨਾਮ ਦੇ ਮਦੁ ਨੂੰ ਹੀ ਮੰਗਿਆ ਹੈ “ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ॥ ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ॥” ਅਤੇ “ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ॥ ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ॥”,

ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ॥ ਮੈ ਦੇਵਾਨਾ ਭਇਆ ਅਤੀਤੁ॥ ਕਰ ਕਾਸਾ ਦਰਸਨ ਕੀ ਭੂਖ॥ ਮੈ ਦਰਿ ਮਾਗਉ ਨੀਤਾ ਨੀਤ॥੧॥

ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ॥ ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ॥੨੮॥

ਕਈ ਹਵਾਲਾ ਦਿੰਦੇ ਹਨ ਇਹਨਾਂ ਪੰਕਤੀਆਂ ਦਾ “ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ॥੨੩੩॥” – ਜੇ ਭਾਂਗ ਮਾਛੁਲੀ ਸੁਰਾ ਪਾਨਿ ਇਹਨਾਂ ਪੰਕਤੀਆਂ ਤੋਂ ਮਾੜਾ ਸਮਝਾਂਗੇ ਤਾਂ ਤੀਰਥ, ਬਰਤ ਨੇਮ ਆਦੀ ਸਹੀ ਮੰਨਣੇ ਪੈਣੇ। ਅਸਲ ਵਿੱਚ ਇਹ ਗੱਲਾਂ ਪੰਡਿਤ ਆਖਦਾ ਸੀ ਜਿਹਨਾਂ ਦੀ ਗਲ ਕਬੀਰ ਜੀ ਕਰ ਰਹੇ ਨੇ, ਇਹ ਪੰਡਤ ਦੀ ਗਲ ਦਾ ਉਦਾਹਰਣ ਹੈ। ਤੇ ਅੱਗੇ ਜਵਾਬ ਵਿੱਚ ਜੋ ਆਖਦੇ ਹਨ ਉਹ ਵੀ ਪੜ੍ਹ ਕੇ ਵਿਚਾਰ ਕਰਕੇ ਸਮਝ ਲਵੋ “ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ॥ ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ॥੨੩੪॥ ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ॥ ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ॥੨੩੫॥”। ਮਾਸ ਬਾਰੇ ਸਮਝਣ ਲਈ ਵੇਖੋ “ਮਾਸ ਖਾਣਾ (Eating Meat) ਅਤੇ ਝਟਕਾ (Jhatka)”, ਤੀਰਥ ਬਾਰੇ ਸਮਝਣ ਲਈ ਵੇਖੋ “ਸ਼ਰਧਾ, ਕਰਮ, ਤੀਰਥ ਤੇ ਪਰਮੇਸਰ ਪ੍ਰਾਪਤੀ

ਜਿਵੇਂ ਸਰੀਰ ਦੇ ਭੋਜਨ ਦੀ ਗੁਰਮਤਿ ਵਿੱਚ ਕੋਈ ਗਲ ਨਹੀਂ ਹੋਈ ਉੱਦਾਂ ਹੀ ਸਰੀਰ ਦੇ ਨਸ਼ੇ ਦੀ ਗਲ ਗੁਰਮਤਿ ਵਿੱਚ ਨਹੀਂ ਹੋਈ ਪਰ ਇਸ ਬਾਰੇ ਅੱਗੇ ਹੋਰ ਵਿਚਾਰ ਕਰਾਂਗੇ। ਗੁਰਮਤਿ ਬ੍ਰਹਮ ਦਾ ਗਿਆਨ ਹੈ ਮਨ ਨੂੰ ਆਪਣੀ ਹੋਂਦ ਚੇਤੇ ਕਰਾਉਣ ਲਈ। ਗੁਣਾਂ ਦੀ ਗਲ ਹੋਈ ਹੈ ਗੁਣ, ਗਿਆਨ, ਨਾਮ (ਸੋਝੀ) ਵਿਸ਼ਾ ਹੈ ਗੁਰਮਤਿ ਦਾ।

ਭਾਂਗ ਦਾ ਨਸ਼ਾ

ਅੱਜ ਦਾ ਸਿੱਖ ਜਿਹੜਾ ਘਰਾਂ ਵਿੱਚ ਪੱਖੇ ਥੱਲੇ ਬੈਠਾ, ਜਿਸਦਾ ਢਿੱਡ ਭਰਿਆ, ਦੁਨਿਆਵੀ ਗਿਆਨ ਲੈ ਕੇ ਸਿਆਣਾ ਬਣਦਾ, ਮਾੜੀ ਜਹੀ ਝਰੀਟ ਵੱਜਣ ਤੇ ਸੀ ਸੀ ਕਰਦਾ ਡਾਕਟਰਾਂ ਕੋਲ ਪਹੁੰਚ ਜਾਂਦਾ, ਗੁਰੂਘਰ ਵਿੱਚ ਮਾਇਆ ਦੇ ਕੇ ਮਾਇਆ ਮੰਗਦਾ, ਵਿਕਾਰਾਂ ਵਿੱਚ ਭਰਿਆ ਜਿਸਨੂੰ ਸਾਇਆ ਦਾ ਨਸ਼ਾ ਨਹੀਂ ਦਿਸਦਾ ਕਦੇ ਇਹ ਵਿਚਾਰ ਨਹੀਂ ਕਰਦਾ ਕੇ ਪੁਰਾਤਨ ਸਮਿਆਂ ਵਿੱਚ ਜੰਗਾਂ ਜੁੱਧਾਂ ਵਿੱਚ ਫੱਟੜ ਹੋਏ ਸਿੰਘ ਕੀ ਕਰਦੇ ਸੀ ਸੱਟ ਵੱਜਣ ਉਪਰੰਤ? ਜੰਗਾਂ ਜੁੱਧਾਂ ਵਿੱਚ ਹੱਥ ਪੈਰ ਕੱਟੇ ਜਾਣ ਤੋਂ ਬਾਦ ਵੀ ਲੜਦੇ ਰਹਿਣ ਲਈ ਕੇਵਲ ਜਿਗਰਾ ਕਾਫ਼ੀ ਨਹੀਂ ਹੁੰਦਾ। ਜੰਗ ਵਿੱਚ ਲਹੂ ਵਗਦਾ, ਪੱਟੀ ਬੰਨ ਕੇ ਜਾਂ ਕਈ ਵਾਰ ਬਿਨਾਂ ਦਵਾ ਦਾਰੂ ਦੇ ਫੇਰ ਦੁਸ਼ਮਨ ਨਾਲ ਲੜ੍ਹਨਾ ਪੈਂਦਾ। ਜਦੋਂ ਗੁਰਮਤਿ ਗਿਆਨ ਤੇ ਸੱਚ ਧਰਮ ਦੀ ਰਾਖੀ ਕਰਨੀ ਹੋਵੇ ਤਾਂ ਵੱਜੀਆਂ ਸੱਟਾਂ ਤੋਂ ਬੇਪਰਵਾਹ ਹੋਣਾ ਪੈਂਦਾ। ਅੱਜ ਡਾਕਟਰਾਂ ਕੋਲ ਐਂਟੀਸੈਪਟਿਕ, ਪੇਨ ਕਿਲਰ ਭਾਵ ਦਰਦ ਘੱਟ ਕਰਨ ਦੀ ਦਵਾਈ, ਖੁਨ ਰੋਕਣ, ਚੋਟ ਤੋਂ ਖੂਨ ਰਿਸਣਾ ਬੰਦ ਕਰਨ ਦੇ ਅਤੇ ਐਨੇਸਥੀਸੀਆ (ਬੇਹੋਸ਼ੀ) ਦੀ ਦਵਾਈ ਉਪਲਬਧ ਹੈ। ਅੱਜ ਬੀਬੀਆਂ ਇਹਨਾਂ ਤੋਂ ਬਿਨਾਂ ਜਵਾਕ ਨਹੀਂ ਜੰਮ ਸਕਦੀਆਂ, ਤਕੜੇ ਤੋਂ ਤਕੜਾ ਮਨੁੱਖ ਟਾਂਕੇ ਨਹੀਂ ਲਵਾ ਸਕਦਾ। ਹੱਡੀ ਟੁੱਟਣ ਤੇ ਦਰਦ ਬਰਦਾਸ਼ਤ ਨਹੀਂ ਕਰ ਸਕਦਾ। ਸੋਚੋ ਕੇ ਪੁਰਾਤਨ ਸਮਿਆਂ ਵਿੱਚ ਕਿਸਦੀ ਵਰਤੋ ਕੀਤੀ ਜਾਦੀ ਸੀ? ਨਿਹੰਗ ਸਿੰਘਾਂ ਤੇ ਨਸ਼ੇ ਦਾ ਦੋਸ਼ ਲਾਉਣਾ ਬਹੁਤ ਸੌਖਾ ਹੈ, ਉਹਨਾਂ ਵਿੱਚ ਰਹਿ ਕੇ ਵੇਖੋ। ਅੱਜ ਵੀ ਪੁਰਾਤਨ ਦਵਾ ਦਾਰੂ ਨੁਸਖਿਆਂ ਨਾਲ ਆਪਣੇ ਇਲਾਜ ਕਰਨ ਨੂੰ ਸਕਸ਼ਮ ਹਨ ਤੇ ਫੇਰ ਜੰਗ ਲੜਨ ਤੇ ਕਿਸੇ ਤੇ ਨਿਰਭਰ ਨਾ ਹੋਣ ਦੀ ਤਿਆਰੀ ਹੈ। ਕੁੱਝ ਸਮੇਂ ਪਹਿਲਾਂ ਤਕ ਸਾਰੇ ਹੀ ਭੰਗ ਦੀ ਵਰਤੋ ਕਰਦੇ ਸੀ ਦਵਾ ਦੇ ਰੂਪ ਵਿੱਚ। ਹਾ ਅੱਜ ਕਈ ਨਸ਼ੇ ਹਨ ਜਿਹੜੇ ਭੰਗ ਤੋਂ ਕੱਡੇ ਜਾ ਰਹੇ ਹਨ। ਤਕਰੀਬਨ ਹਰੇਕ ਵਿਦੇਸ਼ੀ ਦਵਾ ਵਿੱਚ ਐਲਕੋਹਲ ਪੈਂਦੀ ਹੈ, ਅਯੁਰਵੇਦ ਵਿੱਚ ਹਰੇਕ ਦਵਾਈ ਵਿੱਚ ਭੰਗ ਦੀ ਵਰਤੋ ਹੁੰਦੀ ਰਹੀ ਹੈ। ਇਹ ਯੁਨਾਨੀ ਦਵਾਇਆ, ਚੀਨੀ ਦਵਾਈਆਂ ਵਿੱਚ ਵੀ ਪੈਂਦੀ ਹੈ। ਅੱਜ ਭੰਗ ਤੋਂ ਰਿਫਾਈਨ ਕਰਕੇ ਹੀ ਨਹੀਂ, ਕਈ ਕੈਮਿਕਲ ਨਾਲ ਬਣੇ ਨਸ਼ੇ ਆਮ ਵਿਕਣ ਲਗ ਪਏ ਹਨ ਜਿਹਨਾਂ ਤੇ ਰੋਕ ਲੱਗਣੀ ਚਾਹੀਦੀ ਹੈ। ਇਨਸਾਨ ਦੀ ਫਿਤਰਤ ਰਹੀ ਹੈ ਹਰੇਕ ਵਸਤੂ ਦੀ ਦੁਰਵਰਤੋ ਜਾਂ ਜ਼ਰੂਰਤ ਤੋਂ ਜਿਆਦਾ ਵਰਤੋ ਕਰਨ ਦੀ। ਜਿਹੜੀ ਵਸਤੂ ਸਾਡੇ ਆਸ ਪਾਸ ਆਮ ਮਿਲਦੀ ਹੈ ਉਸਨੂੰ ਜਿਆਦਾ ਤੋਂ ਜਿਆਦਾ ਸੁਧਾਰ ਕਰਕੇ ਦੁਰਵਰਤੋ ਹੁੰਦੀ ਰਹੀ ਹੈ। ਜੇ ਚੀਨੀ ਠੀਕ ਠਾਕ ਮਾਤ੍ਰਾ ਵਿੱਚ ਲੈਣ ਤੇ ਕਿਸੇ ਖਾਣ ਦੀ ਵਸਤੂ ਨੂੰ ਸੁਆਦ ਬਣਾਉਂਦੀ ਹੈ, ਉੱਥੇ ਹੀ ਦੁਰਵਰਤੋ, ਲਾਲਚ ਕਾਰਣ ਰੋਗ ਦਾ ਕਾਰਨ ਬਣਦੀ ਹੈ। ਭੰਗ ਮਨੁੱਖ ਨੂੰ ਦਵਾਈ ਦੇ ਤੌਰ ਤੇ ਵਰਤਣੀ ਨੂੰ ਕੁਦਰਤ ਦੀ ਬੇਅਕੀਮਤੀ ਦਵਾਈ ਹੈ ਤੇ ਦਵਾਈ ਦੇ ਰੂਪ ਵਿੱਚ ਹਜਾਰਾਂ ਸਾਲਾਂ ਤੋ ਵਰਤੀ ਜਾਂਦੀ ਰਹੀ ਹੈ, ਹਜਾਰਾਂ ਰੋਗਾਂ ਤੋਂ ਅਰੋਗਤਾ ਦਿੰਦੀ ਹੈ ਪਰ ਜੇ ਮਨੁੱਖ ਦੁਰਵਰਤੋ ਕਰੇ ਤਾਂ ਦੋਸ਼ ਭੰਗ ਤੇ ਕਿਉਂ? ਭਾਵੇਂ ਆਮ ਬੰਦਾ ਹੋਵੇ ਜਾਂ ਕੋਈ ਨਿਹੰਗ ਬਾਣੇ ਵਿੱਚ ਦੋਸ਼ ਦੁਰਵਰਤੋ ਕਰਨ ਵਾਲੇ ਤੇ ਲਾਓ ਨਾ ਕੇ ਸਾਰੇ ਨਿਹੰਗਾਂ ਤੇ। ਜਦੋ। ਤੱਕ ਨਿਹੰਗ ਸਿੰਘ ਚੰਗੀ ਤਰਿਹ ਭਾਂਗ ਦੇ ਪੱਤਿਆਂ ਨੂੰ ਧੋ ਕੇ ਰਗੜੇ ਵਿੱਚ ਦਵਾ ਦੀ ਤਰਿਹ ਵਰਤਣ ਤਾਂ ਇਹ ਪਰਵਾਨ ਹੋ ਸਕਦਾ ਹੈ ਕਿਉਂਕੇ ਵਰਤੋ ਦਵਾਈ ਵਾਂਗ ਹੈ ਨਾ ਕੇ ਨਸ਼ੇ ਵਿੱਚ ਧੁੱਤ ਹੋ ਕੇ ਆਪਾ ਗਵਾ ਲੈਣ ਦੀ ਕੋਸ਼ਿਸ਼।

ਭਾਂਗ ਜਿਸਨੂੰ ਗਾਂਜਾ ਵੀ ਆਖਦੇ ਹਨ ਉਸ ਬਾਰੇ ਡਾਕਟਰ ਦਾ ਵੀਡੀਓ ਹੈ ਨੀਚੇ, ਇੱਕ ਵਾਰੀ ਦੇਖੋ। ਇਸ ਤੋਂ ਪਤਾ ਲਗਦਾ ਹੈ ਕੇ ਭਾਂਗ ਕਿਤਨੇ ਤਰੀਕੇ ਦੀਆਂ ਮਾਨਸਿਕ ਤੇ ਸ਼ਰੀਰਕ ਬਿਮਾਰੀਆਂ ਲਈ ਕਾਰਗਰ ਹੈ।

ਧਿਆਨ ਰਹੇ ਕੇ ਗੁਰਮਤਿ ਨਸ਼ਾ ਮਾਇਆ ਨੂੰ ਮੰਨਦੀ ਹੈ। ਲਾਲਚ, ਕਦੇ ਨਾ ਮੁੱਕਣ ਵਾਲੀ ਮਨ ਦੀ ਭੁੱਖ, ਵਿਕਾਰ ਮਦੁ ਹੈ ਨਸ਼ਾ ਹੈ ਭਾਵੇਂ ਰਾਜ, ਮਾਲ, ਸਿਕਦਾਰੀਆਂ, ਉਪਾਧੀਆਂ ਦਾ ਹੋਵੇ ਭਾਵੇਂ ਭੰਗ, ਦਾਰੂ, ਮਿੱਠਾ, ਜੀਭ ਦਾ ਸੁਆਦ ਹੋਵੇ। ਬਿਮਾਰੀਆਂ ਤੋ ਬਚੋ, ਨਸ਼ੇ ਤੋਂ ਬਚੋ ਤੇ ਧਿਆਨ ਗਿਆਨ ਲੈਣ ਵਲ ਰੱਖੋ। ਬਾਣੀ ਪੜ੍ਹੋ ਸਮਝੋ ਅਤੇ ਵਿਚਾਰੋ।

Resize text