ਗੁਰਬਾਣੀ ਅਨੁਸਾਰ ਦਾਸ ਕੋਣ ਹੈ
ਦਾਸ ਕੋਣ ਹੁੰਦਾ ਹੈ ? ਬਹੁਤ ਸਾਰੇ ਵੀਰ ਭੈਣਾਂ ਆਪਣੇ ਆਪ ਨੂੰ ਦਾਸ ਕਹਿ ਲੈਂਦੇ ਹਨ ਪਰ ਦਾਸ ਕਿਵੇਂ ਬਣਨਾ? ਕੀ ਨਾਮ ਦਾਸ ਰੱਖ ਲੈਣਾ, ਨਿਮਾਣਾ ਜਿਹਾ ਬਣਨ ਦਾ ਵਿਖਾਵਾ ਦਾਸ ਦੀ ਪਛਾਣ ਹੈ? ਮਨੁੱਖ ਆਪ ਜਦੋਂ ਕਿਸੇ ਦੂਜੇ ਮਨੁੱਖ ਨੂੰ ਦਾਸ ਬਣਾਉਂਦਾ ਹੈ ਜਿਵੇਂ ਬਹੁਤ ਸਾਰੇ ਅਫਰੀਕੀ ਮਨੁੱਖਾਂ ਨੂੰ ਬੰਦੀ ਬਣਾ ਕੇ ਦਾਸ ਬਣਾ ਕੇ ਵੇਚਦੇ ਸੀ, ਤਾਂ ਉਹਨਾਂ ਨੂੰ ਬੋਲਣ ਤਕ ਨਹੀਂ ਦਿੰਦੇ ਸੀ ਤੇ ਆਪਣੇ ਕਾਬੂ ਵਿੱਚ ਰੱਖਦਾ ਪਰ ਜਦੋਂ ਆਪ ਗੁਰੂ ਦਾ ਦਾਸ ਅਖਾਉਂਦਾ ਤਾਂ ਮੰਗਣੋਂ ਨਹੀਂ ਹਟਦਾ। ਮਾਇਆ ਦੀਆਂ ਪਦਾਰਥਾਂ ਦੀਆਂ ਅਰਦਾਸਾਂ ਕਰੀ ਜਾਂਦਾ। “ਅਰਦਾਸ ਕੀ ਹੈ ਅਤੇ ਗੁਰੂ ਤੋਂ ਕੀ ਮੰਗਣਾ ਹੈ?”। ਅੱਜ ਦਾ ਵਿਸ਼ਾ ਹੈ ਕੇ ਗੁਰਬਾਣੀ ਵਿੱਚ ਦਾਸ ਦੀ ਕੀ ਪਰਿਭਾਸ਼ਾ ਹੈ ਇਹ ਸਮਝੀਏ।
”ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ॥ ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ॥ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ॥” – ਭਾਵ ਜਿਸਨੇਂ ਆਪਣੇ ਵਿੱਚੋਂ ਆਪ ਗਵਾ ਦਿੱਤਾ, ਮੈਂ ਮਾਰ ਦਿੱਤੀ। ਸੰਪੂਰਨ ਸਮਰਪਿਤ ਹੈ ਸੱਚ ਨੂੰ। ਅੱਜ ਦੇ ਸਿੱਖ ਨੂੰ ਕੀ ਇਹ ਪਤਾ ਹੈ ਕੇ ਗੁਰਮਤਿ ਸੱਚ ਕਿਸਨੂੰ ਆਖਦੀ? ਨਾਮ ਕੀ ਹੈ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”। ਅੱਗੇ ਪੜ੍ਹਨ ਤੋਂ ਪਹਿਲਾਂ ਵੇਖੋ ਹਰਿ ਕੀ ਹੈ, ਹਰਿ ਕੌਣ ਹੈ, ਕਿੱਥੇ ਵਸਦਾ। ਇਸਦੀ ਵਿਚਾਰ ਲਈ ਵੇਖੋ “ਹਰਿ”। ਨਾਨਕ ਪਾਤਿਸ਼ਾਹ ਆਪਣੇ ਆਪ ਨੂੰ ਹਰਿ ਦਾ ਦਾਸ ਆਖ ਰਹੇ ਹਨ “ਜਤ ਕਤ ਦੇਖਉ ਤਤ ਰਹਿਆ ਸਮਾਇ॥ ਨਾਨਕ ਦਾਸ ਹਰਿ ਕੀ ਸਰਣਾਇ॥”, “ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ ॥”, “ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ॥ ਨਾਨਕ ਦਾਸ ਤੇਰੀ ਸਰਣਾਈ॥”, “ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ॥ ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ॥ ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ॥੨॥”।
“ਸਦਾ ਨਿਕਟਿ ਨਿਕਟਿ ਹਰਿ ਜਾਨੁ ॥ ਸੋ ਦਾਸੁ ਦਰਗਹ ਪਰਵਾਨੁ॥” – ਭਾਵ ਸੂਰਜ ਧੁਪ ਤੋਂ ਕਿੰਨਾ ਦੂਰ ਹੈ, ਬਲਬ ਪ੍ਰਕਾਸ਼ ਤੋਂ ਕਿੰਨਾ ਦੂਰ ਹੈ, ਇਵੇਂ ਹਰਿ ਹਮੇਸ਼ਾ ਸਾਡੇ ਨਾਲ ਹੈ। ਹਮੇਸ਼ਾ ਨਿਕਟ ਮੰਨ ਲਿਓ, ਦੂਰ ਨਹੀਂ ਕਿਤੇ, ਜਿਵੇਂ ਮੰਨੀ ਬੈਠੇ ਨੇ ਕਿ ਮੰਦਿਰ ਵਿੱਚ ਹੈ, ਗੁਰਦਵਾਰੇ ਵਿੱਚ ਹੈ, ਪੋਥੀ ਸਾਹਿਬ ਵਿੱਚ ਹੈ, ਆਹ ਗੁਰਬਾਣੀ ਦੇਖ ਲਓ ਕੀ ਕਹਿ ਰਹੀ ਹੈ, ਸਦਾ ਹੀ ਨਿਕਟ ਹੈ ਹਰਿ, ਸਦਾ ਨਿਕਟ ਜਾਣੋ ਤੇ ਹਿਰਦੇ ਅੰਦਰ ਉਹਦੇ ਨਾਲ ਜੁੜੋ, ਹੋਰ ਕਿਸੇ ਨਾਲ ਨਹੀਂ ਜੁੜਨਾ, ਜੋ ਉਹਦੇ ਨਾਲ ਜੁੜਦਾ ਹੈ ਓਹੀ ਦਾਸ ਹੈ, ਤੇ ਓਹੀ ਦਰਗਾਹ ਵਿੱਚ ਪ੍ਰਵਾਣ ਹੈ, ਮੂੰਹੋਂ ਦਾਸ ਬਥੇਰੇ ਕਹਿੰਦੇ ਨੇ, ਪਰ ਪ੍ਰਚਾਰ ਕਰਦੇ ਨੇ ਕਿ ਫਲਾਨੇ ਸੰਤ ਨਾਲ ਜੁੜੋ, ਜਿਹੜੇ ਕਹਿੰਦੇ ਗੁਰਬਾਣੀ ਨਾਲ ਜੁੜੋ, ਮੱਥੇ ਟੇਕੋ, ਜੁੜਨ ਦਾ ਭਾਵ ਇਹ ਦੱਸਦੇ ਨੇ ਕਿ ਹੋਰ ਕਬਰ ਤੇ ਨੀ ਜਾਣਾ, ਕੇਵਲ ਗੁਰਬਾਣੀ ਦੀ ਪੂਜਾ ਕਰਨੀ ਹੈ, ਗੁਰਦਵਾਰੇ ਜਾਣਾ ਹੈ। ਉਹ ਵੀ ਜੁੜਨਾ ਨਹੀਂ ਹੈ, ਜੁੜਨਾ ਕੇਵਲ ਅੰਦਰਲੇ ਹਰਿ ਨਾਲ ਹੈ, ਵਿਧੀ ਗੁਰਬਾਣੀ ਵਿਚਾਰ ਕੇ ਸਮਝਣੀ ਹੈ, ਬੜਾ ਫਰੌਡ ਹੈ ਸਿੱਖ ਪ੍ਰਚਾਰਕਾਂ ਦਾ ਵੀ, ਬੜੇ ਸ਼ਾਤਿਰ ਨੇ ਇਹ ਲੋਕ, ਆਹ ਸ਼ਰਤ ਤੇ ਖਰੇ ਨਹੀਂ ਕਿ ਹਰਿ ਨਿਕਟ ਹੈ, ਲੋਕਾਂ ਤੋਂ ਡਰਦੇ ਗੁਰਬਾਣੀ ਦਾ ਵਿਰੋਧ ਤਾਂ ਨਹੀਂ ਕਰਦੇ, ਪਰ ਅਰਥਾਂ ਨਾਲ ਧੂਹ ਘੜੀਸ ਕਰਕੇ ਅਨਰਥ ਕਰੀ ਜਾਂਦੇ ਨੇ, ਆਪਣੇ ਆਪ ਨੂੰ ਵੀ ਸਹੀ ਸਾਬਿਤ ਕਰੀ ਜਾਂਦੇ ਨੇ, ਕਹਿਣਗੇ ਅਸੀਂ ਬਾਣੀ ਦਾ ਪ੍ਰਚਾਰ ਕਰਦੇ ਹਾਂ, ਸਭ ਫਰੌਡੀ ਮਾਇਆਧਾਰੀ ਨੇ, ਬਲੈਕਮੇਲਰ ਨੇ।
“ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ ਤਿਸੁ ਦਾਸ ਕਉ ਸਭ ਸੋਝੀ ਪਰੈ॥” – ਆਪਣੇ ਦਾਸ ਨੂੰ ਆਪ ਕ੍ਰਿਪਾ ਕਰਦਾ ਹੈ ਹਰਿ, ਜਿਸ ਤੇ ਕ੍ਰਿਪਾ ਕਰਦਾ ਹੈ, ਉਹਨੂੰ ਸਾਰੀ ਸੋਝੀ ਹੋ ਜਾਂਦੀ ਹੈ, ਪੂਰਨ ਗਿਆਨ ਹੋ ਜਾਦਾ ਹੈ, ਬਿਬੇਕ ਬੁੱਧ ਹੋ ਜਾਂਦੀ ਹੈ, ਜੋ ਦਾਸ ਹੋ ਜਾਦੇ ਹਨ ਭਗਤ ਅਵਸਥਾ ਤਕ ਪਹੁੰਚ ਜਾਦੇ ਹਨ ਉਹੀ ਗੁਰਬਾਣੀ ਰਚਦੇ ਨੇ, ਉਨ੍ਹਾਂ ਨੇ ਹੀ ਗੁਰਬਾਣੀ ਉਚਾਰੀ ਹੈ ਜਿਨ੍ਹਾਂ ਨੂੰ ਪੂਰਨ ਸੋਝੀ ਸੀ, ਕ੍ਰਿਪਾ ਅੰਦਰਲਾ ਹਰਿ ਹੀ ਕਰਦਾ ਹੈ, ਬਾਹਰ ਕੋਈ ਸੰਤ ਨਹੀਂ, ਆਪਣਾ ਮੂਲ ਨੂੰ ਹੀ ਅੰਦਰ ਹੀ ਖੋਜਣਾ ਹੈ। ਜੀਵਨ ਪਦਵੀ ਉਸੇ ਦਾਸ ਨੂੰ ਮਿਲਣੀ ਜਿਸ ਨੇ ਆਤਮ ਭਾਵ ਘਟ ਅੰਦਰ ਅਕਾਲ ਦੀ ਜੋਤ ਉਸਦੇ ਗੁਣਾਂ ਦੇ, ਨਾਮ ਦੇ ਚਾਨਣੇ ਨਾਲ ਪਰਗਾਸ ਕਰ ਲਈ “ਜੀਵਨ ਪਦਵੀ ਹਰਿ ਕੇ ਦਾਸ॥ ਜਿਨ ਮਿਲਿਆ ਆਤਮ ਪਰਗਾਸੁ॥”। ਨਾਨਕ ਹਰਿ ਕਾ ਦਾਸ ਹੈ “ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ॥ ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ॥ ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ॥ ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ॥ ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ॥ ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ॥ ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ॥”
ਗੁਰਬਾਣੀ ਦਾ ਫੁਰਮਾਨ ਹੈ ਕੇ “ਗੁਰਮਤੀ ਸੋ ਜਨੁ ਤਰੈ ਜੋ ਦਾਸਨਿ ਦਾਸ॥ ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ॥ ” – ਭਾਵ ਜੋ ਗੁਰਮਤਿ ਗਿਆਨ ਲੈਕੇ ਤਰ ਜਾਵੇ ਭਾਵ ਵਿਕਾਰਾਂ ਤੋਂ ਮੁਕਤ ਹੋ ਜਾਵੇ ਉਹ ਦਾਸ ਹੈ। ਗੁਰਮਤਿ ਗਿਆਨ ਨੂੰ ਧਿਆਨ ਵਿਛ ਰੱਖਦਿਆ ਨਾਮ (ਸੋਝੀ) ਪ੍ਰਾਪਤ ਕਰ ਜਿਹਨਾਂ ਗੁਣਾਂ ਨੂੰ ਮੁਖ ਰੱਖਿਆ ਜਿਹਨਾਂ ਨੂੰ ਨਾਮ ਦਾ ਪਰਗਾਸ (ਚਾਨਣਾ) ਘਟ ਅੰਦਰ ਹੋਇਆ ਉਹ ਦਾਸ ਹੈ। ਹੁਣ ਇਹ ਸੋਚਣ ਵਾਲੀ ਗਲ ਹੈ ਕੇ ਇਸ ਕਸਵੱਟੀ ਤੇ ਖਰਾ ਕੌਣ ਉਤਰਦਾ। ਇਹ ਦਾਸ ਉਹੀ ਬਣਦਾ ਜਿਸਦੇ ਮਾਰਿਆ ਦੇ ਵਿਕਾਰਾਂ ਦੇ ਬੰਧਨ ਕੱਟੇ ਗਏ “ਪ੍ਰਭ ਅਪੁਨੇ ਜਬ ਭਏ ਦਇਆਲ॥ ਪੂਰਨ ਹੋਈ ਸੇਵਕ ਘਾਲ॥ ਬੰਧਨ ਕਾਟਿ ਕੀਏ ਅਪਨੇ ਦਾਸ॥ ਸਿਮਰਿ ਸਿਮਰਿ ਸਿਮਰਿ ਗੁਣਤਾਸ॥੩॥” – ਭਾਵ ਜਿਹਨਾਂ ਤੇ ਪ੍ਰਭ ਦਇਆਲ ਹੋਵੇ, ਜਿਹਨਾਂ ਨੇ ਗੁਣਾਂ ਨੂੰ ਸਿਮਰਿਆ (ਚੇਤੇ ਰੱਖਿਆ), ਸਿਮਰ ਦਾ ਭਾਵ ਯਾਦ ਰੱਖਣਾ। ਪ੍ਰਭ ਕੌਣ? ਸਮਝਣ ਲਈ ਵੇਖੋ “ਠਾਕੁਰ ਅਤੇ ਪ੍ਰਭ”। ਨਾਮ ਕੀ ਹੈ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?” ਇਸੇ ਜਪ ਵਿਧੀ ਨਾਲ ਦਾਸ ਪ੍ਰਭ ਨੂੰ ਜਪਦਾ (ਪਛਾਣਦਾ) ਹੈ। “ਠਾਕੁਰ ਕਾ ਦਾਸੁ ਗੁਰਮੁਖਿ ਹੋਈ॥ ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ॥” – ਭਾਵ ਠਾਕੁਰ ਦਾ ਦਾਸ ਗੁਣਾਂ ਨੂੰ ਮੁੱਖ ਰੱਖਦਾ ਹੈ।
ਸਾਕਤ ਹੈ ਮਨ ਜੋ ਗੁਰਮਤਿ ਗਿਆਨ ਤੋਂ ਭੱਜਦਾ। ਗੁਣਾਂ ਦੀ ਵਿਚਾਰ ਨਹੀਂ ਕਰਦਾ। ਮਨਮਤੀ ਹੈ, ਆਪਣੀ ਮਤਿ ਨੂੰ ਗੁਰਮਤਿ ਦੇ ਰੰਗ ਵਿੱਚ ਰੰਗਣ ਦੀ ਥਾਂ ਆਪਣੀ ਮਨਮਤਿ ਨੂੰ ਗੁਰਮਤਿ ਸਿੱਧ ਕਰਨ ਦੀ ਕੋਸ਼ਿਸ਼ ਕਰਦਾ। ਦਾਸ ਉਹ ਹੈ ਜੋ ਸਾਕਤ ਦਾ ਸੰਗ ਨਹੀਂ ਕਰਦਾ, ਵਿਕਾਰਾਂ ਦਾ ਸੰਗ ਨਹੀਂ ਕਰਦਾ, ਵਿਕਾਰਾਂ ਦੀ ਮਲ ਤੋਂ ਨਿਰਮਲ (ਮਲ ਰਹਿਤ) ਹੁੰਦਾ ਆਪਣੇ ਮਨ ਨੂੰ ਗੁਰਮਤਿ ਦੇ ਰਾਮ ਦੇ ਹਰਿ ਦੇ ਰੰਗ ਵਿੱਚ ਹਰਿਆ ਕਰਦਾ। “ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ॥ ਓਹੁ ਬਿਖਈ ਓਸੁ ਰਾਮ ਕੋ ਰੰਗੁ॥੧॥”। ਰਾਮ ਕੌਣ ਹੈ ਗੁਰਮਤਿ ਵਾਲਾ ਸਮਝਣ ਲਈ ਵੇਖੋ “ਗੁਰਮਤਿ ਵਿੱਚ ਰਾਮ”।
ਹਰਿ ਕਾ ਦਾਸ ਤਾਂ ਸਦਾ ਬੈਰਾਗ ਵਿੱਚ ਹੁੰਦਾ ਹੈ, ਮਾਇਆ ਤੋਂ ਉਦਾਸ (ਜਿਸਨੇ ਮਾਇਆ ਦਾ ਮੋਹ ਤਿਆਗ ਦਿੱਤਾ ਹੋਵੇ), ਆਪਣੀ ਵਡਿਆਈ ਨਹੀਂ ਲੋਚਦਾ “ਹਰਿ ਕੀ ਭਗਤਿ ਰਤੇ ਬੈਰਾਗੀ ਚੂਕੇ ਮੋਹ ਪਿਆਸਾ॥ ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ॥”। ਜਿਸਨੇ ਵਿਕਾਰ, ਮੋਹ ਮਾਇਆ ਹਉਮੈ, ਆਪਣੀ ਵਡਿਆਈ ਤਿਆਗ ਕੇ ਹੁਕਮ ਨਾਲ ਏਕਾ ਕੀਤਾ ਏਕ ਨੂੰ ਪਛਾਣ ਲਿਆ ਉਹੀ ਦਾਸ ਹੈ “ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ॥”।
ਸੋ ਭਾਈ ਦਾਸ ਕਹਿ ਦੇਣ ਮਾਤਰ ਨਾਲ ਕੋਈ ਦਾਸ ਨਹੀਂ ਹੋ ਜਾਂਦਾ। ਇਹ ਬੜੀ ਉੱਚੀ ਅਵਸਥਾ ਦਾ ਨਾਮ ਹੈ। ਸਾਡੇ ਲਈ ਤਾਂ ਸਿੱਖ ਬਣ ਜਾਣਾ, ਗੁਰਸਿੱਖ (ਗੁਣਾ ਨੂੰ ਸਿੱਖਣ ਵਾਲਾ), ਗੁਰਮੁਖ (ਗੁਣਾਂ ਨੂੰ ਮੁੱਖ ਰੱਖਣ ਵਾਲਾ) ਬਣਨਾ ਹੀ ਹਜੇ ਤਾਂ ਲੰਬਾ ਸਫ਼ਰ ਹੈ। ਮੈਂ ਮਾਰ ਦੇਣਾ, ਮਨ ਜਿੱਤ ਲੈਣਾ, ਗੁਣਾਂ ਦੀ ਵਿਚਾਰ ਕਰਨਾ ਕਿਹੜਾ ਸੌਖਾ ਕੰਮ ਹੈ। ਜਿਵੇਂ ਕੋਈ ਆਪਣੇ ਆਪ ਨੂੰ ਰਾਜਾ ਕਹਿਣ ਲਗ ਕਾਵੇ ਜਾਂ ਨਾਮ ਰਾਜਾ ਰੱਖ ਲਵੇ ਤਾਂ ਰਾਜਾ ਥੋੜੇ ਬਣ ਜਾਣਾ। ਉੱਦਾਂ ਹੀ ਭਾਦੀ ਦਾਸ ਬਣਨ ਲਈ ਗੁਰਮਤਿ ਵਿਚਾਰ ਕਰਨੀ ਪੈਣੀ, ਨਾਮ (ਸੋਝੀ) ਪ੍ਰਾਪਤ ਹੋਣੀ ਤਾਂ ਕਿਤੇ ਜਾ ਕੇ ਦਾਸ ਦੀ ਅਵਸਥਾ ਬਣਨੀ। ਦਾਸ ਤਾਂ ਕੁੱਝ ਨਹੀਂ ਮੰਗਦਾ ਦਾਸ ਤਾਂ ਇੱਕ ਹੀ ਅਰਦਾਸ ਕਰਦਾ ਕੇ ਹੁਕਮ ਨਾਲ ਏਕਾ ਹੋ ਜਾਵੇ।