Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਭੂਤ, ਪ੍ਰੇਤ, ਜਮ, ਧਰਮ ਰਾਇ ਅਤੇ ਦਰਗਾਹ

ਕਈ ਮੱਤਾਂ ਪ੍ਰਚਲਿਤ ਹਨ ਜਿਹੜੀ ਸੁਰਗ ਨਰਕ ਤੇ ਪਾਪ ਪੁੰਨ ਨੂੰ ਮੰਦਿਆਂ ਹਨ। ਉਹਨਾਂ ਦਾ ਕਹਿਣਾ ਹੈ ਕੇ ਜੀਵ ਦੇ ਮਰਨ ਤੋਂ ਬਾਦ ਕੋਈ ਜਮਦੂਤ ਆਉਂਦੇ ਹਨ ਜੋ ਮਨੁੱਖ ਦੀ ਆਤਮਾ ਨੂੰ ਬੰਨ ਕੇ ਲੈ ਜਾਂਦੇ ਹਨ ਤੇ ਉਸਦੇ ਕੀਤੇ ਕੰਮਾਂ ਦਾ ਲੇਖਾ ਜੋਖਾ ਦੇਖ ਕੇ ਮਨੁੱਖ ਨੂੰ ਨਰਕ ਜਾਂ ਸੁਰਗ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਜੇ ਕਿਸੇ ਨੇ ਮਾੜੇ ਕਰਮ ਕੀਤੇ ਹੋਣ ਤਾਂ ਉਸਨੂੰ ਨਰਕ ਵਿੱਚ ਖੌਲਦੇ ਤੇਲ ਵਿੱਚ ਪਾਇਆ ਜਾਂਦਾ ਹੈ ਤੇ ਫੇਰ ਉਹ ਰਹਿੰਦੀ ਦੁਨੀਆ ਤਕ ਤਕਲੀਫ ਅਤੇ ਸਜਾ ਝੇਲਦਾ ਹੈ। ਜੇ ਕਿਸੇ ਨੇ ਚੰਗੇ ਕੰਮ ਕੀਤੇ ਹੋਣ ਤਾਂ ਸੁਰਗ ਵਿੱਚ ਸ਼ਹਦ ਤੇ ਦੁੱਦ ਦੀਆਂ ਨਦੀਆਂ ਵਗਦੀਆਂ। ਅਪਸਰਾਵਾਂ ਸੇਵਾ ਕਰਦੀਆਂ, ਉੱਥੇ ਰੱਬ ਨਾਲ ਮਿਲ ਕੇ ਕੀਰਤਨ ਹੁੰਦਾ ਆਦੀ। ਰੱਬ ਦੀ ਭਗਤੀ ਇੱਕ ਪਾਸੇ ਲਾਲਚ ਨਾਲ ਤੇ ਦੂਜੇ ਪਾਸੇ ਰਹਿੰਦੀ ਦੁਨੀਆਂ ਤਕ ਸਜਾ ਦੇ ਡਰ ਅਤੇ ਦਹਿਸ਼ਤ ਨਾਲ ਕਰਵਾਉਂਦੇ ਹਨ ਤੇ ਨਾਲ ਇਹ ਵੀ ਆਖਦੇ ਹਨ ਕੇ ਰੱਬ ਸਾਰਿਆਂ ਨਾਲ ਪ੍ਰੇਮ ਕਰਦਾ ਹੈ ਦਿਆਲ ਹੈ। ਪਾਖਡੀ ਸਾਧ, ਧਰਮ ਦੇ ਠੇਕੇਦਾਰ ਬਣ ਫੇਰ ਅਰਦਾਸਾਂ ਤੇ ਦਾਨ ਨਾਲ ਰੱਬ ਕੋਲ ਪੈਰਵੀ ਕਰ ਕੇ ਮਾਫੀ ਦਵਾਉਣ ਦਾ ਦਾਅਵਾ ਵੀ ਕਰਦੇ ਹਨ। ਇੱਥੇ ਤਕ ਕੇ ਸੁਰਗ ਦੀ ਗਾਰੰਟੀ ਦਿੰਦੇ ਹਨ। ਸੁਰਗ ਵਿੱਚ ਦੁੱਧ ਸ਼ਹਿਦ ਦੀ ਨਦੀਆਂ, ਹੂਰਾਂ ਦਾ ਲਾਲਚ ਦਿੰਦੇ ਹਨ। ਆਪ ਰੱਬ ਦੇ ਏਜੈਂਟ ਹੋਣ ਦਾ ਦਾਅਵਾ ਵੀ ਕਰਦੇ ਹਨ ਭਾਵੇਂ ਆਪਣਾ ਕੀ ਬਣਨਾ ਕੁੱਝ ਵੀ ਪਤਾ ਨਾ ਹੋਵੇ। ਨਰਕ ਜਾਣ ਦੇ, ਭੂਤ ਪਿਸਾਜ ਬਣਨ ਦਾ ਡਰ ਭਰਦੇ ਹਨ। ਲੋਕਾਂ ਵਿੱਚ ਲਾਭ-ਹਾਨੀ, ਜਸ-ਅਪਜਸ ਜਾਂ ਜੀਵਨ-ਮਰਨ ਦਾ ਡਰ ਪਾਉਂਦੇ ਹਨ। ਧਰਮ ਦਾ ਧੰਦਾ ਕਰਦੇ ਹਨ ਤੇ ਲੋਕਾਂ ਨੂੰ ਅਰਦਾਸਾਂ ਰਾਹੀਂ ਹੀ ਭੋਜਨ, ਮਾਸ, ਗ੍ਰਿਹਸਥ ਜੀਵਨ ਛੱਡਣ ਨਾਲ ਹੀ ਮੁਕਤੀ, ਸੁਰਗ ਤੇ ਦੇਹ ਅਰੋਗਤਾ ਦਵਾਉਣ ਦਾ ਦਾਅਵਾ ਕਰਦੇ ਨੇ ਤੇ ਇਸਨੂੰ ਬਿਬੇਕ ਆਖਦੇ ਹਨ ਇਹਨਾਂ ਸਬ ਨਾਲ ਕੇਵਲ ਪਖੰਡ ਵਿੱਚ ਵਾਧਾ ਹੁੰਦਾ ਹੈ। ਗੁਰਮਤਿ ਪਖੰਡ ਬਾਰੇ ਕੀ ਆਖਦੀ ਹੈ ਸਮਝਣ ਲਈ ਵੇਖੋ “ਸਿੱਖੀ ਅਤੇ ਪਖੰਡ” ਅਤੇ “ਸ਼ਰਧਾ, ਕਰਮ, ਤੀਰਥ ਤੇ ਪਰਮੇਸਰ ਪ੍ਰਾਪਤੀ” ਅਤੇ ਬਿਬੇਕ ਸਮਝਣ ਲਈ ਵੇਖੋ “ਗੁਰਮਤਿ ਵਿੱਚ ਬਿਬੇਕ ਦੇ ਅਰਥ ਕੀ ਹਨ?”। ਪ੍ਰਚਾਰ ਇਹ ਹੋ ਰਹਿਆ ਹੈ ਕੇ ਜੇ ਤੁਸੀਂ ਕਰਮ ਕਾਂਡ ਨਹੀਂ ਕੀਤੇ, ਪੂਜਾ ਪਾਠ ਨਾ ਕੀਤੇ, ਨਿਤਨੇਮ ਨਾ ਕੀਤੇ, ਤੜਕੇ ਨਾ ਉੱਠੇ ਤਾਂ ਰੱਬ ਨੇ ਨਾਰਾਜ਼ ਹੋ ਜਾਣਾ, ਜਿਵੇਂ ਰੱਬ ਨੂੰ ਇਹਨਾਂ ਦੀ ਲੋੜ ਹੈ। ਸਹੀ ਪ੍ਰਚਾਰ ਕਰਨਾ ਸੀ ਕੇ ਤੁਹਾਨੂੰ ਗਿਆਨ ਲੈਣ ਲਈ ਸੋਝੀ ਲੈਣ ਲਈ ਬਾਣੀ ਪੜ੍ਹਨੀ ਹੈ, ਫੇਰ ਇਹ ਮਜਬੂਰੀ ਨਹੀਂ ਲੱਗਣੀ ਸੀ, ਬਾਣੀ ਤੋਂ ਭਲਕਾ ਅਤੇ ਅੰਮ੍ਰਿਤ ਵੇਲਾ ਸਮਝਣ ਲਈ ਵੇਖੋ “ਭਲਕਾ, ਅੰਮ੍ਰਿਤ ਵੇਲਾ, ਰਹਿਰਾਸ ਅਤੇ ਗੁਰਬਾਣੀ ਪੜ੍ਹਨ ਦਾ ਸਹੀ ਸਮਾ“। ਆਪਣੇ ਨਿਜ ਸਵਾਰਥ ਦੀ ਪੂਰਤੀ ਲਈ ਲੋਕਾਂ ਤੋਂ ਕਤਲ, ਆਤਮ ਦਾਹ, ਆਤਮ ਹੱਤਿਆ ਕਰਵਾਉਂਦੇ ਆਏ ਹਨ, ਬੇਟੀਆ ਅਤੇ ਜਨਾਨੀਆਂ ਦੇਵ ਦਾਸੀਆਂ ਅਤੇ ਹੋਰ ਕਈ ਨਾਮਾਂ ਹੋਠ, ਮੁੰਡੇ (ਸੇਵਾਦਾਰ), ਹਾਥੀ ਘੋੜੇ, ਰਾਜ, ਧਨ ਦਾਨ ਵਿੱਚ ਲੈਂਦੇ ਰਹੇ ਹਨ। ਗੁਰਮਤਿ ਦਾ ਫੁਰਮਾਨ ਹੈ “ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥” ਗੁਰਮਤਿ ਨੇ ਦਾਨ ਕਿਸ ਨੂੰ ਮੰਨਿਆ ਹੈ ਸਮਝਣ ਲਈ ਵੇਖੋ “ਦਇਆ, ਦਾਨ, ਸੰਤੋਖ ਅਤੇ ਮਇਆ“। ਲੋਕਾਂ ਦੇ ਹੱਥ ਪੈਰ ਤੇ ਅੰਗ ਕੱਟਣ ਤੇ ਮੁਕਤੀ ਮਿਲਣ ਦਾ ਦਾਅਵਾ ਕਰਦੇ ਸੀ, ਗੁਰਮਤਿ ਵਿੱਚ ਪਾਤਿਸ਼ਾਹ ਆਖਦੇ “ਨਿਮਖ ਨਿਮਖ ਕਰਿ ਸਰੀਰੁ ਕਟਾਵੈ॥ ਤਉ ਭੀ ਹਉਮੈ ਮੈਲੁ ਨ ਜਾਵੈ॥”। ਤੇ ਕਈ ਧਰਮਾਂ ਦਾ ਮੰਨਣਾ ਹੈ ਕੇ ਮਾੜੇ ਕੰਮਾਂ ਕਰਕੇ ਮਨੁੱਖ ਜਾਨਵਰਾਂ ਦੀ ਜੋਨ ਵਿੱਚ ਭਟਕਦਾ ਰਹਿੰਦਾ ਹੈ। ਗੁਰਮਤਿ ਇਹਨਾਂ ਸਾਰੀਆਂ ਮਨ ਘੜਤ ਧਾਰਨਾਵਾਂ ਨੂੰ ਰੱਦ ਕਰਦੀ ਹੈ ਤੇ ਪ੍ਰੇਮ ਭਗਤੀ ਅਤੇ ਆਤਮ ਖੋਜ ਦਾ ਉਪਦੇਸ਼ ਦਿੰਦੀ ਹੈ। ਗੁਰਮਤਿ ਫਲਸਫਾ ਕਰਮ ਦੀ ਥਾਂ ਹੁਕਮ ਦੀ ਵਿਚਾਰਧਾਰਾ ਤੇ ਚੱਲਣ ਨੂੰ ਆਖਦੀ ਹੈ। ਸੁਰਗ ਨਰਕ ਰੱਦ ਕੀਤੇ ਹਨ ਗੁਰਮਤਿ ਨੇ। ਅੱਗੇ ਵਿਚਾਰ ਕਰਨ ਤੋਂ ਪਹਿਲਾਂ, ਸਮਝਣ ਲਈ “ਸੁਰਗ ਤੇ ਨਰਕ (Swarg te Narak)” ਵੇਖੋ ਅਤੇ ਗੁਰਮਤਿ ਪਾਪ ਤੇ ਪੁੰਨ ਕਿਵੇਂ ਰੱਦ ਕਰਦੀ ਹੈ ਸਮਝਣ ਲਈ ਵੇਖੋ “ਪਾਪ ਪੁੰਨ (paap/punn)“। ਅੱਜ ਦੀ ਵਿਚਾਰ ਹੈ, ਅਸਲੀ ਭੂਤ ਪ੍ਰੇਤ ਕੀ ਹਨ ਬਾਣੀ ਦੇ ਆਧਾਰ ਤੇ। ਆਓ ਵਿਚਾਰਦੇ ਹਾਂ।

ਪ੍ਰੇਤ / ਪਰੇਤ

ਪਉੜੀ॥ ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥ ਏਹ ਜਮ ਕੀ ਸਿਰਕਾਰ ਹੈ ਏਨੑਾ ਉਪਰਿ ਜਮ ਕਾ ਡੰਡੁ ਕਰਾਰਾ॥ ਮਨਮੁਖ ਜਮ ਮਗਿ ਪਾਈਅਨਿੑ ਜਿਨੑ ਦੂਜਾ ਭਾਉ ਪਿਆਰਾ॥ ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ॥ ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ॥੧੨॥” – ਮਾਇਆ ਅਤੇ ਮਾਇਆ ਦੀਆਂ ਵਸਤੂਆਂ ਨਾਲ ਮੋਹ ਰੱਖਣਾ, ਲਾਲਚ ਕਰਨਾ, ਵਿਕਾਰ ਪ੍ਰੇਤ ਹਨ। ਮਨ ਨੂੰ ਮੁਖ ਰੱਖਣਾ ਹੀ ਜਮ ਦਾ ਮਗਿ (ਰਾਹ) ਹੈ। ਗੁਰਮਤਿ ਵਿੱਚ ਜਮ ਮਨ ਨੂੰ ਹੀ ਕਹਿਆ। ਕੋਈ ਬਲਦ ਤੇ ਬੈਠ ਕੇ ਆਉਣ ਵਾਲੇ ਪ੍ਰਾਣ ਕੱਡ ਕੇ ਲੈਕੇ ਜਾਣ ਵਾਲੇ ਦੈਤ ਨੂੰ ਜਮ ਨਹੀਂ ਕਹਿਆ, ਪ੍ਰਮਾਣ “ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ॥ ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ॥੭॥” – ਭਾਵ ਗਿਆਨ ਖੜਗ ਨਾਲ ਜਮੁ ਮਾਰਿਅੜਾ ਭਾਵ ਮਾਰ ਦੇਣਾ ਖਤਮ ਕਰ ਦੇਣਾ। ਮਨ ਨੇ ਅਗਿਆਨਤਾ ਖਤਮ ਕਰ ਕੇ ਏਕੇ ਵਿੱਚ ਆਉਣਾ ਤਾਂ ਮਨੁ (ਮੰਨ) ਹੋ ਜਾਣਾ। ਮਨ ਜਮਕਾਲ ਹੈ ਗਿਆਨ ਖੜਗ ਨਾਲ ਹੀ ਮਾਰਿਆ ਜਾਣਾ “ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥੩॥”। ਨਾਮ (ਹੁਕਮ ਦੀ ਸੋਝੀ) ਨੂੰ ਭੁੱਲ ਜਾਣਾ ਹੀ ਜਮ ਹੈ ਜਮ ਕੀ ਫਾਸ ਹੇ “ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ॥ ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ॥ ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ॥”। ਗੁਰਮਤਿ ਵਿੱਚ ਮੌਤ ਜਾਂ ਮਰਨ ਕੀ ਹੈ ਸਮਝਣ ਲਈ ਵੇਖੋ “Death ਮਰਨਾ ਕੀ ਹੈ”।

ਗੁਰਮਤਿ ਵਿੱਚ ਪ੍ਰੇਤ ਵੀ ਵਰਤਿਆ।

ਰਾਗੁ ਭੈਰਉ ਮਹਲਾ ੩॥ ਕਲਿ ਮਹਿ ਪ੍ਰੇਤ ਜਿਨੑੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ॥ ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ॥੧॥ ਕਲਿ ਮਹਿ ਰਾਮ ਨਾਮਿ ਵਡਿਆਈ॥ ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ॥੧॥ ਰਹਾਉ॥ ਹਿਰਦੈ ਨਾਮੁ ਲਖੈ ਜਨੁ ਸਾਚਾ ਗੁਰਮੁਖਿ ਮੰਨਿ ਵਸਾਈ॥ ਆਪਿ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮਿ ਲਿਵ ਲਾਈ॥੨॥ ਮੇਰਾ ਪ੍ਰਭੁ ਹੈ ਗੁਣ ਕਾ ਦਾਤਾ ਅਵਗਣ ਸਬਦਿ ਜਲਾਏ॥ ਜਿਨ ਮਨਿ ਵਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ॥੩॥ ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆ ਮਾਣੈ॥ ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ॥੪॥੬॥੧੬॥“ – ਗੁਰਮਤਿ ਵਿੱਚ ਜਿਹੜੇ ਪ੍ਰਾਣੀ ਨੂੰ ਰਾਮ ਦਾ ਹਰਿ ਦਾ ਪਤਾ ਨਹੀਂ ਉਸਨੂੰ ਪ੍ਰੇਤ ਦੱਸਿਆ ਹੈ ਜੋ ਬੇਤਾਲਾ ਹੋਇਆ ਫਿਰਦਾ ਹੇ ਗਿਆਨ ਦਾ ਆਭਾਵ, ਗਿਆਨ ਦੀ ਕਮੀ, ਨਾਮ (ਸੋਝੀ) ਤੋਂ ਬਿਹੀਨ ਹੈ। ਰਾਮ ਬਾਰੇ ਜਾਨਣ ਲਈ ਵੇਖੋ “ਗੁਰਮਤਿ ਵਿੱਚ ਰਾਮ”, “ਹਰਿ” ਅਤੇ ਜੁਗ ਕੀ ਹਨ ਜਿਵੇਂ ਸਤਿਜੁਗ, ਕਲਜੁਗ ਆਦੀ। ਸਮਝਣ ਲਈ ਵੇਖੋ “ਗੁਰਬਾਣੀ ਵਿੱਚ ਜੁਗ”।

ਜਿਸਨੂੰ ਸੰਸਾਰ ਵਿੱਚ ਮਾਇਆ, ਮੋਹ, ਕਾਮ, ਕ੍ਰੋਧ ਅਹੰਕਾਰ ਰੋਗ ਲੱਗਾ ਉਹੀ ਪ੍ਰੇਤ ਹੈ। ਕਲਯੁਗ ਸਤਯੁਗ ਤ੍ਰੇਤਾ ਦੁਆਪਰ ਸਾਢੇ ਲਈ ਹਮੇਸ਼ਾ ਨੇ ਸਾਡੀ ਸਮਝ ਅਨੁਸਾਰ ਹੈ। ਜੇ ਰਾਮ ਦਾ ਪਤਾ ਹੈ ਮੋਹ ਮਾਯਾ ਤੋਂ ਦੂਰ ਹੈ ਤਾਂ ਉਹ ਸਤਯੁਗੀ ਹੈ ਜੇ ਫਸਿਆ ਹੈ ਤਾਂ ਕਲਯੁਗੀ । ਜਿਸਦੇ ਹਿਰਦੇ ਵਿੱਚ ਪਰਮੇਸ਼ਰ ਪ੍ਰੇਮ ਹੈ ਜੋ ਮਾਯਾ ਤੋਂ ਉੱਪਰ ਹੈ ਗੁਰੂ ਨੂੰ ਮੁੱਖ ਰੱਖਦਾ ਹੈ ਉਹੀ ਗੁਰਮੁਖ ਪਿਆਰਾ ਮੁਕਤ ਹੈ ਨਹੀਂ ਤਾਂ ਜਿਉਂਦਾ ਹੀ ਪ੍ਰੇਤ ਹੈ। ਗੁਰਮਤਿ ਨੇ ਮਨ ਨੂੰ ਮੁਖ ਰੱਖਣ ਵਾਲੇ ਨੂੰ ਕਈ ਨਾਮਾਂ ਨਾਲ ਸੰਬੋਧਿਤ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜੁਗਾਂ ਬਾਰੇ ਹੋਰ ਜਾਨਣ ਲਈ ਵੇਖੋ “ਗੁਰਬਾਣੀ ਵਿੱਚ ਜੁਗ”।

ਭੂਤ

ਕਈ ਧਰਮਾਂ ਵਿੱਚ ਪ੍ਰਚਲਿਤ ਹੈ ਕੇ ਜਿਹਨਾਂ ਨੁੰ ਮੁਕਤੀ ਨਹੀਂ ਮਿਲਦੀ ਉਹ ਭੂਤ ਪ੍ਰੇਤ ਚੁੜੈਲ ਆਦੀ ਬਣ ਕੇ ਦੁਨੀਆਂ ਵਿੱਚ ਹੀ ਭਟਕਦੇ ਰਹਿੰਦੇ ਹਨ। ਇਸ ਸਬ ਨੂੰ ਗੁਰਮਤਿ ਨੇ ਰੱਦ ਕੀਤਾ ਹੈ। ਗੁਰਮਤਿ ਦੇ ਗਿਆਨ ਤੇ ਸਹੀ ਪ੍ਰਚਾਰ ਦੇ ਅਭਾਵ ਵਿੱਚ, ਅਗਿਆਨਤਾ ਅਤੇ ਡਰ ਦੇ ਕਾਰਣ ਸਿੱਖ ਵੀ ਇਹੀ ਮੰਨ ਲੈਂਦੇ ਹਨ। ਪੈਂਚਕਾਂ, ਮੁਕਤੀ ਦੀ ਅਰਦਾਸ, ਮਰਨ ਤੋਂ ਬਾਦ ਕਈ ਤਰੀਕੇ ਦੇ ਦਾਨ ਪੁੰਨ ਸਾਡੇ ਪ੍ਰਚਾਰਕ ਵੀ ਕਰਨ ਨੂੰ ਆਖਦੇ ਹਨ। ਇਹ ਸਬ ਗੁਰਮਤਿ ਨਾ ਸਮਝਣ ਕਾਰਨ ਹੈ। ਗੁਰਮਤਿ ਦਾ ਫੁਰਮਾਨ ਹੈ “ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥੩॥”, ਜੋਤ ਤਾਂ ਅਨਾਹਤ ਵਿੱਚ ਜਾ ਲੱਗੀ ਪਿੱਛੋਂ ਲੋਥ ਦਾ ਜੋ ਮਰਜ਼ੀ ਕਰੀ ਜਾਵੋ। ਖੈਰ ਸਵਾਲ ਹੈ ਗੁਰਮਤਿ ਭੂਤ ਪ੍ਰੇਤ ਬਾਰੇ ਕੀ ਆਖਦੀ। ਵਿਚਾਰਦੇ ਹਾਂ

ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ॥ ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ॥” – ਪੰਚ ਹੁੰਦਾ ਹੈ ਉੱਤਮ। ਪੰਚ ਉੱਤਮ ਗੁਣਾਂ ਲਈ ਵੀ ਵਰਤਿਆ ਗਿਆ ਹੈ, ਅਵਗੁਣਾਂ ਵਿਕਾਰਾਂ ਲਈ ਵੀ ਵਰਤਿਆ ਗਿਆ ਹੈ। ਇਸ ਪੰਕਤੀ ਵਿੱਚ “ਪੰਚ ਭੂਤ” ਸਬ ਤੋਂ ਵੱਡੇ ਵਿਕਾਰਾਂ ਲਈ ਵਰਤਿਆ ਗਿਆ ਹੈ। ਸ੍ਰੇਸਟ ਵਿਕਾਰ। ਭਾਵ ਭੂਤ ਵਿਕਾਰਾਂ ਨੂੰ ਹੀ ਆਖਿਆ ਗਿਆ ਹੈ।

ਗੁਰਬਾਣੀ ਵਿੱਚ ਭੂਤ, ਭੂਤ ਕਾਲ ਭਾਵ ਜੋ ਹੋ ਚੁੱਕਿਆ ਹੈ ਉਸ ਲਈ ਵੀ ਵਰਤਿਆ ਇਹ ਸਮਝਾਉਣ ਲਈ ਕੇ ਜੋ ਹੋ ਗਿਆ ਉਹ ਹੁਕਮ ਦਾ ਵਰਤਾਰਾ ਸੀ। ਪ੍ਰਮਾਣ “ਸਰਬ ਭੂਤ ਆਪਿ ਵਰਤਾਰਾ॥” – ‘ਸਰਬ ਭੂਤ’ ਭਾਵ ਜੋ ਵੀ ਹੋ ਗਿਆ ਉਹ ਹੁਕਮ ਦਾ ਵਰਤਾਰਾ ਸੀ। ਹੋਰ ਵੀ ਪ੍ਰਮਾਣ ਮਿਲਦੇ ਹਨ “ਸਾਰ ਭੂਤ ਸਤਿ ਹਰਿ ਕੋ ਨਾਉ॥”, “ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ॥ ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ॥”, “ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ॥੨॥

ਕਬੀਰ ਜੀ ਆਖਦੇ ਹਨ “ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥੧੯੨॥” – ਜਿਹੜੇ ਹਿਰਦੇ ਵਿੱਚ ਸਾਧ (ਸਾਧਿਆ ਹੋਇਆ ਮਨ) ਦੀ ਸੇਵਾ ਨਹੀਂ ਉਹ ਘਰ/ਘਟ/ਹਿਰਦਾ ਮਰਹਟ (ਜਿੱਥੇ ਮੁਰਦੇ ਸਾੜਦੇ ਹਨ) ਉਸ ਸਥਾਨ ਵਾਂਗ ਹੈ ਜਿੱਥੇ ਭੂਤ (ਅਗਿਆਨਤਾ/ ਵਿਕਾਰ) ਵਸਦੇ ਹਨ। ਇਹ ਅਲੰਕਾਰ ਹੈ। ਲੋਕਾਂ ਨੂੰ ਗਲ ਸਮਝਾਉਣ ਲਈ ਕਵਿਤਾ ਰੂਪ ਵਿੱਚ ਦੁਨਿਆਵੀ ਉਦਾਹਰਣ ਲੈਕੇ ਗਲ ਸਮਝਾਈ ਜਾਂਦੀ ਹੈ। ਪਰ ਅਸੀਂ ਕਈ ਵਾਰ ਗਹਿਰੀ ਦੱਸੀ ਗਲ ਸਮਝਣ ਦੀ ਥਾਂ ਉਦਾਹਰਣ ਨੂੰ ਹੀ ਸਚ ਮੰਨ ਲੈਂਦੇ ਹਾਂ ਜਿਵੇਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਹੋ ਸਕਦਾ ਕੋਈ ਇਹ ਮੰਨਣ ਲਗ ਪਵੇ ਕੇ ਮਸਾਣਾਂ ਵਿੱਚ ਭੂਤ ਰਹਿੰਦੇ ਹਨ। ਕੋਈ ਸ਼ੰਕਾ ਨਾ ਰਹੇ ਇਸ ਲਈ ਸਾਧ ਤੇ ਸਾਧ ਦੀ ਸੇਵਾ ਕੀ ਹੈ ਸਮਝਣ ਲਈ ਵੇਖੋ “ਸੰਗਤ, ਸਾਧ ਸੰਗਤ ਅਤੇ ਸਤਿ ਸੰਗਤ”। ਜਿਹਨਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਦੇ ਭੂਤ ਪ੍ਰੇਤ ਭਾਵ ਵਿਕਾਰ ਕਾਬੂ ਹੋ ਜਾਂਦੇ ਹਨ “ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ॥”।

ਧਰਮ ਰਾਇ

ਜੇ ਸੁਰਗ ਨਰਕ ਨਹੀਂ ਹਨ, ਪਾਪ ਪੁੰਨ ਨਹੀਂ ਮੰਨਦੀ ਗੁਰਬਾਣੀ ਤਾਂ ਫੇਰ ਗੁਰਮਤਿ ਵਿੱਚ ਬਾਰ ਬਾਰ ਧਰਮ ਰਾਇ ਦਾ ਜੋ ਵਰਣਨ ਹੈ ਉਹ ਕੀ ਹੈ? ਗੁਰਬਾਣੀ ਸਪਸ਼ਟ ਕਰਦੀ ਹੈ “ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ॥ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ॥” – ਧਰਮ ਰਾਇ ਘਟ ਅੰਦਰ ਬੈਠਾ ਹਰਿ, ਰਾਮ ਆਪ ਹੈ। ਜੀਵ ਦੇ ਘਟ ਅੰਦਰ ਹੀ ਗਿਆਨ ਤੇ ਆਗਿਆਨਤਾ ਦੋਵੇਂ ਵੱਸਦੇ ਹਨ। ਅਗਿਆਨਤਾ ਦਾ ਰੂਪ ਮਨ ਹੈ ਤੇ ਗਿਆਨ ਸੋਝੀ ਹਰਿ/ਰਾਮ ਹੈ। ਜਦੋਂ ਤਕ ਅਗਿਆਨਤਾ ਹੈ ਮਨ ਮਾਇਆ ਵਲ ਭੱਜਦਾ ਹੈ। ਇਹੀ ਦਵੈਤ ਹੈ ਦੁਬਿਧਾ ਹੈ ਵਿਚਾਰਾਂ ਦੀ “ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ॥ ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥”। ਕਬੀਰ ਜੀ ਆਖਦੇ ਹਨ “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥”, ਮਨ ਦਾ ਸੋਚਣਾ ਹੀ ਉਸਦੇ ਕਰਮ ਹਨ। ਮਨ ਨੂੰ ਪਤਾ ਹੈ ਕੇ ਸਹੀ ਕੀ ਹੈ ਗਲਤ ਕੀ ਹੈ ਫੇਰ ਆਪਣੇ ਲੇਖ ਆਪ ਲਿਖਦਾ। ਧਰਮ ਰਾਇ ਦੋ ਸ਼ਬਦਾਂ ਦਾ ਮੇਲ ਹੈ। ਪਹਿਲਾ ਧਰਮ – ਧਰਮ ਸਮਝਣ ਲਈ ਵੇਖੋ “ਧਰਮ”, ਸੰਖੇਪ ਵਿੱਚ ਧਰਮ ਹੈ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥” – ਭਾਵ ਹਰਿ ਦਾ ਨਾਮ (ਸੋਝੀ) ਜਪਣਾ (ਪਹਿਚਾਨ ਕਰਨਾ) ਹੀ ਸ੍ਰੇਸਟ ਧਰਮ ਹੈ। ਰਾਇ ਜਾਂ ਰਾਜਾ ਹੁੰਦਾ ਜਿਸਦਾ ਰਾਜ ਚਲਦਾ ਰਾਜ ਜਾਂ ਹੁਕਮ ਤਾਂ ਕੇਵਲ ਅਕਾਲ ਦਾ ਚਲਦਾ। ਇਸ ਲਈ ਘਟ ਅੰਦਰਲੀ ਜੋਤ ਆਪ ਅਕਾਲ ਰੂਪ ਹੈ ਰਾਜਾ ਹੈ। ਗੁਰਬਾਣੀ ਵਿੱਚ ਜਿੱਥੇ ਵੀ ਧਰਮ ਰਾਇ ਦੀ ਵਰਤੋ ਹੋਈ ਹੈ ਉਹ ਅਲੰਕਾਰ ਹੈ, ਲੋਕਾਂ ਨੂੰ ਆਮ ਭਾਸ਼ਾ ਵਿੱਚ ਸੰਦੇਸ਼ ਦੇਣ ਦਾ ਤਰੀਕਾ ਹੈ। ਜਮ ਦੂਤ ਹਨ ਜਿਹੜੇ ਮਾਇਆ ਦੇ ਪਿੱਛੇ ਭੱਜਦਿਆਂ ਮਨੁੱਖ ਦੁਖ, ਤਕਲੀਫ਼, ਭੈ ਭੋਗਦਾ ਹੈ “ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥”। ਗੁਰਮਤਿ ਦਾ ਫੁਰਮਾਨ ਹੈ ਕੇ ਜਦੋਂ ਗੁਰ (ਗੁਣਾਂ) ਨੇ ਅਗਿਆਨਤਾ, ਵਿਕਾਰ ਕੱਟੇ ਤਾਂ ਇਹ ਜਮਦੂਤ ਅਰਥ ਦੁਖ, ਤਕਲ਼ੀਫਾਂ ਡਰ ਲਾਗੇ ਨਹੀਂ ਲਗਦੇ। ਕਈ ਪ੍ਰਮਾਣ ਹਨ ਇਸਦੇ ਗੁਰਮਤਿ ਵਿੱਚ

ਜਬ ਲਗੁ ਜਾਨੈ ਮੁਝ ਤੇ ਕਛੁ ਹੋਇ॥ ਤਬ ਇਸ ਕਉ ਸੁਖੁ ਨਾਹੀ ਕੋਇ॥ ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ॥ ਜਬ ਧਾਰੈ ਕੋਊ ਬੈਰੀ ਮੀਤੁ॥ ਤਬ ਲਗੁ ਨਿਹਚਲੁ ਨਾਹੀ ਚੀਤੁ॥ ਜਬ ਲਗੁ ਮੋਹ ਮਗਨ ਸੰਗਿ ਮਾਇ॥ ਤਬ ਲਗੁ ਧਰਮ ਰਾਇ ਦੇਇ ਸਜਾਇ॥ਪ੍ਰਭ ਕਿਰਪਾ ਤੇ ਬੰਧਨ ਤੂਟੈ॥ ਗੁਰ ਪ੍ਰਸਾਦਿ ਨਾਨਕ ਹਉ ਛੂਟੈ॥੪॥

ਧਨਵੰਤਾ ਹੋਇ ਕਰਿ ਗਰਬਾਵੈ॥ ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ॥ ਬਹੁ ਲਸਕਰ ਮਾਨੁਖ ਊਪਰਿ ਕਰੇ ਆਸ॥ ਪਲ ਭੀਤਰਿ ਤਾ ਕਾ ਹੋਇ ਬਿਨਾਸ॥ ਸਭ ਤੇ ਆਪ ਜਾਨੈ ਬਲਵੰਤੁ॥ ਖਿਨ ਮਹਿ ਹੋਇ ਜਾਇ ਭਸਮੰਤੁ॥ ਕਿਸੈ ਨ ਬਦੈ ਆਪਿ ਅਹੰਕਾਰੀ॥ ਧਰਮ ਰਾਇ ਤਿਸੁ ਕਰੇ ਖੁਆਰੀ॥ ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ॥ ਸੋ ਜਨੁ ਨਾਨਕ ਦਰਗਹ ਪਰਵਾਨੁ॥੨॥

ਜੇ ਸੁਰਗ ਨਰਕ ਕੱਟੇ ਨੇ ਗੁਰਮਤਿ ਨੇ, ਪਾਪ ਪੁੰਨ ਦੀ ਵਿਚਾਰ ਕੱਟੀ ਹੈ ਗੁਰਮਤਿ ਨੇ ਫੇਰ ਸਵਾਲ ਉਠਦਾ ਕੇ ਦਰਗਾਹ ਕੀ ਹੈ? ਦਫਤਰ ਕੀ ਹੈ? ਦਫਤਰ ਇਸਲਾਮ ਵਿੱਚ ਮੰਨਿਆਂ ਜਾਂਦਾ ਹੈ ਕੇ ਮਰਨ ਤੋਂ ਬਾਦ ਦਫਤਰ (ਅਲਾਹ ਦੀ ਹਜੂਰੀ) ਵਿੱਚ ਲੇਖਾ ਪੜਿਆ ਜਾਂਦਾ ਜਿੱਥੇ ਫੈਸਲਾ ਹੁੰਦਾ ਦੋਜਖ (ਨਰਕ) ਜਾਂ ਜੰਨਤ (ਸੁਰਗ) ਵਿੱਚ ਦਾਖਲਾ ਦੇਣਾ। ਗੁਰਬਾਣੀ ਦਰਗਾਹ ਜਾਂ ਦਫਤਰ ਜੀਵ ਦੇ ਘਟ ਨੂੰ ਹਿਰਦੇ ਨੂੰ ਹੀ ਮੰਨਦੀ ਹੈ। ਜਿਸਨੇ ਖਸਮ ਪਛਾਣ ਲਿਆ ਉਹ ਦਰਗਾਹ ਪ੍ਰਾਪਤ ਕਰ ਲੈਂਦਾ ਹੈ। ਖਸਮ ਪਛਾਣਿਆ ਜਿਉਂਦਾ ਹੀ ਜਾਦਾ ਹੈ “ਜੋ ਕੀਨੑੀ ਕਰਤਾਰਿ ਸਾਈ ਭਲੀ ਗਲ॥ ਜਿਨੑੀ ਪਛਾਤਾ ਖਸਮੁ ਸੇ ਦਰਗਾਹ ਮਲ॥” ਤੇ ਗੁਰਮਤਿ ਤਾਂ ਸਵਾਲ ਕਰਦੀ ਹੈ ਕੇ ਮੁਕਤੀ ਮਰਨ ਤੇ ਕਿਵੇਂ ਮਿਲਦੀ ਹੈ ਇਹ ਦੱਸੋ “ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥੫॥”। ਭਗਤ ਤਾਂ ਸਰੀਰਕ ਜੀਂਦਿਆਂ ਹੀ ਪਰਮੇਸਰ ਦੇ ਏਕੇ ਵਿੱਚ ਹੁੰਦਾ ਹੈ ਮੁਕਤ ਹੁੰਦਾ ਹੈ ਦਰਗਾਹ ਵਿੱਚ ਹੁੰਦਾ ਹੈ ਜਦੋਂ ਅਕਾਲ ਦੀ ਜੋਤ ਨੂੰ ਆਪਣੇ ਘਟ ਵਿੱਚ ਹੀ ਪ੍ਰਾਪਤ ਕਰ ਲੈਂਦਾ ਹੈ। “ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ॥ ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ॥ ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ॥” – ਭਾਵ ਜਦੋਂ ਘਟ ਅੰਦਰਲੀ ਅਗਨ, ਵਿਕਾਰ ਤੇ ਮਾਇਆ ਦੀ ਇੱਛਾ ਮਰ ਜਾਵੇ ਤਾਂ ਹਰਿ ਪ੍ਰਾਪਤ ਹੁੰਦਾ ਹੈ। ਜਦੋਂ ਸਤਿਗੁਰ (ਸੱਚੇ ਦਾ, ਸਤਿ ਦਾ ਗੁਰ ਭਾਵ ਗੁਣ) ਮੀਤ ਹੋ ਜਾਵੇ ਤਾਂ ਦਰਗਾਹ ਪ੍ਰਾਪਤ ਹੁੰਦੀ ਹੈ। ਇਸੇ ਦੁਨੀਆਂ ਵਿੱਚ ਰਹਿੰਦਿਆਂ “ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ ਬਾਹ ਲੁਡਾਈਐ॥”। “ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ॥ ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ॥ ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ॥੨॥ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ॥ ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ॥ ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ॥੩॥

ਗੁਰਮੁਖ ਸੱਚੀ ਦਰਗਹ ਗੁਣਾਂ ਦੇ ਨਾਲ ਪ੍ਰੇਮ ਪਿਆਰ ਨੂੰ ਮੰਨਦੇ ਹਨ “ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ॥” ਅਤੇ ਪ੍ਰਭ ਦੇ ਸਿਮਰਨ (ਚੇਤੇ ਰੱਖਣ ਨੂੰ ਯਾਦ ਰੱਖਣ ਨੂੰ ਦਰਗਹ ਮੰਨਦੇ ਹਨ “ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥” ਪ੍ਰਭ ਕੌਣ? ਸਮਝਣ ਲਈ ਵੇਖੋ “ਠਾਕੁਰ ਅਤੇ ਪ੍ਰਭ”। ਗੁਰਮੁਖ ਲਈ ਤਾਂ ਸਦਾ ਦਰਗਾਹ ਹੀ ਹੈ ਉਸਦਾ ਘਟ “ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ॥ ਲਿਖਿਆ ਆਇਆ ਪਕੜਿ ਚਲਾਇਆ ਮਨਮੁਖ ਸਦਾ ਦੁਹੇਲੇ॥ ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ॥ ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥ ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ॥”। ਹਰਿ ਘਟ ਅੰਦਰ ਹੀ ਵਸਦਾ ਹੈ ਇਸ ਲਈ ਹਰਿ ਦੀ ਸ਼ਰਨ ਹੀ ਦਰਗਹ ਹੈ “ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ॥”। “ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ॥ ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ॥੩॥” – ਨਾਮ ਮੰਨਦਿਆਂ, ਸੱਚ ਪ੍ਰਾਪਤ ਕੀਤਿਆਂ ਦਰਗਹ ਅੰਦਰੋਂ ਹੀ ਪ੍ਰਾਪਤ ਹੋਣੀ।

”ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ॥ ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ ਸੁਖ ਅਨਦ ਸੇਤੀ ਘਰਿ ਜਾਈਐ॥੧॥”

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ॥ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥੧॥

ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ॥੪॥” – ਗੁਰਮੁਖਿ ਭਾਵ ਗੁਣਾਂ ਨੂੰ ਮੁੱਖ ਰੱਖਿਆ ਦਰਗਹ ਜਾਣੀਐ ਅਰਥ ਬਣਦਾ ਗੁਣਾਂ ਨੂੰ ਮੁੱਖ ਰੱਖਣਾ ਦਰਗਾਹ ਜਾਨਣਾ ਹੈ।

ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ॥ ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ॥੧॥

ਕਬੀਰ ਸਾਹਿਬ ਸੱਚੇ ਪਾਤਿਸ਼ਾਹ ਆਖਦੇ ਹਨ ਕੇ ਮਨੁੱਖਾ ਜਨਮ ਦੁਰਲਭ ਹੈ ਬਾਰ ਬਾਰ ਨਹੀਂ ਮਿਲਦਾ, ਇਸ ਲਈ ਇਸ ਜਨਮ ਵਿੱਚ ਹੀ ਨਾਮ (ਹੁਕਮ ਦੀ ਸੋਝੀ) ਪ੍ਰਾਪਤ ਕਰਨੀ ਹੈ “ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥੩੦॥

ਸੋ ਭਾਈ ਪਾਪ ਪੁੰਨ, ਮਾਨ ਅਪਮਾਨ, ਲਾਭ ਹਾਨੀ, ਡਰ, ਵੈਰ ਵਿਰੋਧ ਤੋਂ ਉੱਪਰ ਉੱਠ ਕੇ ਗੁਰਮਤਿ ਗਿਆਨ ਤੋਂ ਨਾਮ (ਹੁਕਮ ਦੀ ਸੋਝੀ), ਪ੍ਰੇਮਾ ਭਗਤੀ ਪ੍ਰਾਪਤ ਕਰੋ। ਸਾਰੀ ਖੇਡ ਮਨ (ਅਗਿਆਤਾ) ਦੀ ਰਚੀ ਹੋਈ ਹੈ। ਮਨ ਕਿਵੇਂ ਕਮ ਕਰਦਾ ਤੇ ਪੰਚ ਬਾਰੇ ਜਾਨਣ ਲਈ ਵੇਖੋ “ਮਨ, ਪੰਚ ਅਤੇ ਮਨਮੁਖ”। ਜਦੋਂ ਸਾਨੂੰ ਗੁਰਮਤਿ ਤੋਂ ਇਹ ਸਮਝ ਆ ਜਾਵੇ ਕੇ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥”, “ਜੋ ਹੋਆ ਹੋਵਤ ਸੋ ਜਾਨੈ॥ਪ੍ਰਭ ਅਪਨੇ ਕਾ ਹੁਕਮੁ ਪਛਾਨੈ॥” ਤਾ ਵਿਕਾਰ ਕਾਬੂ ਹੋ ਜਾਣੇ। ਇਹ ਚਿੰਤਾ ਨਹੀਂ ਰਹਿਣੀ ਕੇ ਸੁਰਗ ਨਰਕ ਹੈ ਜਾਂ ਨਹੀਂ, ਭੂਤ ਪ੍ਰੇਤ ਹੁੰਦੇ ਕੇ ਨਹੀਂ। ਫੇਰ ਗਲ ਸਮਝ ਆ ਜਣੀ ਤੇ ਭਾਵ ਮਨ ਵਿੱਚ ਵਸ ਜਾਣਾ ਕੇ “ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ॥ ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ॥ ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ॥ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ॥੪॥”। ਬਾਣੀ ਪੜ੍ਹੋ ਸਮਝੋ ਵਿਚਾਰੋ ਤੇ ਬਾਣੀ ਦਾ ਭਾਵ ਮਨ ਵਿੱਚ ਵਸਾਵੋ। ਗੁਰਮਤਿ ਗਿਆਨ ਦਾ ਮੂਲ ਸੰਦੇਸ਼ ਹੁਕਮ ਅਤੇ ਭਰੋਸਾ ਹੈ। ਜਿਸ ਕੋਲ ਇਹ ਹੋਣ ਉਸਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ। ਭਟਕਦਾ ਤੇ ਡੋਲਦਾ ਉਹੀ ਹੈ ਜਿਸ ਕੋਲ ਦੋਹਾਂ ਦੀ ਸੋਝੀ ਨਾ ਹੋਵੇ।

Resize text