ਭਗਤੀ ਅਤੇ ਪੂਜਾ
ਜਿਤਨੇ ਵੀ ਮਨੁੱਖ ਰੱਬ ਦੀ ਹੋਂਦ ਨੂੰ ਮੰਨਦੇ ਹਨ ਕਿਸੇ ਨਾ ਕਿਸੇ ਤਰੀਕੇ ਨਾਲ ਰੱਬ ਦੀ ਸਿਫ਼ਤ ਰੱਬ ਦਾ ਸ਼ੁਕਰਾਨਾ ਕਰਨੇ ਚਾਹੁੰਦੇ ਹੈ। ਕਈ ਡਰ ਵਿੱਚ ਵੀ ਕਰਦੇ ਹਨ, ਕਈ ਰੱਬ ਕਾਬੂ ਕਰਨ ਲਈ, ਕਈਆਂ ਨੂੰ ਪਤਾ ਨਹੀਂ ਕਿਉਂ ਕਰਨੀ ਹੈ ਪਰ ਕਰ ਰਹੇ ਨੇ ਕੇ ਨਾਲ ਦੇ ਕਰ ਰਹੇ ਨੇ। ਕਈ ਠੰਡੇ ਇਲਾਕਿਆਂ ਵਿੱਚ ਸੂਰਜ ਨੂੰ ਪੂਜਦੇ ਹਨ ਕਿਉਂਕੇ ਉਹ ਰੋਸ਼ਨੀ ਤੇ ਗਰਮੀ ਦਿੰਦਾ ਹੈ। ਕਈਆਂ ਨੇ ਬੱਦਲਾਂ ਤੇ ਮੀਂਹ ਦੇ ਦੇਵਤੇ ਬਣਾਏ ਹੋਏ ਨੇ ਕਿਉਂਕੇ ਸੁੱਕੇ ਤੇ ਰੇਗਿਸਤਾਨ ਵਿੱਚ ਪਾਣੀ ਦੀ ਕਮੀ ਹੈ। ਇਸੇ ਤਰਹ ਜੋ ਕੋਈ ਵੀ ਕੁਝ ਦੇਵੇ ਉਸਨੂੰ ਦੇਵਤਾ ਮੰਨ ਲਿਆ, ਸੱਪ ਤੋਂ ਡਰ ਲਗਦਾ ਨਾਗ ਦੇਵਤਾ ਬਣਾ ਲਿਆ। ਜਿਸਤੋਂ ਕੁਝ ਡਰ ਹੋਵੇ ਜਾਂ ਮਿਲਦਾ ਦਿਸੇ ਉਸਦੀ ਮੂਰਤੀ ਬਣਾ ਕੇ ਪੂਜਾ ਕਰਨ ਲਗ ਪਏ। ਨਰਕ ਸੁਰਗ ਦਾ ਵੀ ਇਹੀ ਸਿਸਟਮ ਬਣਾਇਆ ਹੋਇਆ ਹੈ। ਜਿੱਥੇ ਪਾਣੀ ਦੀ ਕਮੀਂ ਹੈ ਉੱਥੇ ਦੇ ਮੰਨੇ ਜਾਣ ਵਾਲੇ ਸੁਰਗ/ਜੰਨਤ ਵਿੱਚ ਦੁੱਧ ਤੇ ਖਜੂਰ ਤੇ ਹੂਰਾਂ ਦਾ ਲਾਲਚ ਹੈ, ਜਿੱਥੇ ਖਾਣ ਨੂੰ ਦਾਣੇ ਨਹੀਂ ਉਹਨਾਂ ਦੇ ਸੁਰਗ ਵਿੱਚ ਰੱਜਵੀਂ ਰੋਟੀ ਦਾ ਲਾਲਚ ਹੈ ਤੇ ਮਦਿਰਾ ਦਾ ਲਾਲਚ ਹੈ। ਸੁਰਗ ਨਰਕ ਬਾਰੇ ਗੁਰਮਤਿ ਵਿਚਾਰ ਲਈ ਵੇਖੋ “ਸੁਰਗ ਤੇ ਨਰਕ (Swarg te Narak)“। ਪੂਜਾ ਕਰਨ ਦੇ ਵੀ ਅਨੇਕ ਢੰਗ ਹਨ। ਕੋਈ ਮੱਥੇ ਟੇਕ ਰਹਿਆ, ਦੇਵੀ ਦੇਵਤਿਆਂ ਦੀ ਮੂਰਤੀ ਬਣਾ ਕੇ ਉਸਦੇ ਅੱਗੇ ਧੂਪ, ਦੀਪ, ਪੂਜਾ ਕਰਦੇ ਨੇ, ਘੰਟੀਆ ਸ਼ੰਖ ਵਜਾਉਂਦੇ ਨੇ। ਰੱਬ ਨੂੰ ਬਲੀ ਦੇਕੇ ਖੁਸ਼ ਕਰਨ ਦਾ ਜਤਨ ਕਰਦੇ ਨੇ, ਜਿੱਥੇ ਕੇਵਲ ਮੱਥਾ ਟੇਕਿਆ ਘਟ ਲਗਦਾ ਉੱਥੇ ਡੰਡਉਤ ਵੀ ਕਰਦੇ ਨੇ ਮੂਰਤੀ ਮੁਹਰੇ। ਉਸਦੇ ਨਾਮ ਤੇ ਗੋਲਕ ਵਿੱਚ ਦਾਨ ਕਰਕੇ ਪੰਡਤ ਦਾ ਖਰਚਾ ਪਾਣੀ ਵੀ ਚਲਾਉਂਦੇ। ਪਰ ਸਿੱਖਾਂ ਲਈ ਤਾਂ ਗਿਆਨ ਗੁਰੂ ਹੈ, ਨਾਨਕ ਦਾ ਗੁਰੂ ਗਿਆਨ ਗੁਰੂ ਹੈ ਬਾਣੀ ਵਿੱਚ, ਨਿਰਾਕਾਰ ਹੈ “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥” ਇਸ ਨਾਲ ਤਾਂ ਸਿੱਖਾਂ ਵਿੱਚ ਦੁਬਿਧਾ ਬਣ ਗਈ, ਹੁਣ ਨਿਰਾਕਾਰ ਨੂੰ ਕਿਵੇਂ ਪੂਜੀਏ? ਡੰਡਉਤ ਕਿਸ ਮੁਹਰੇ ਕਰੀਏ? ਜਿਹੜਾ ਬਾਣੀ ਆਖਦੀ “ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥” ਇਹ ਕਿਸ ਮੁਹਰੇ ਕਰੀਏ? ਨਿਰਾਕਾਰ ਅੱਗੇ ਮੱਥਾ ਕਿਵੇਂ ਟੇਕੀਏ, ਨਿਰਾਕਾਰ ਨੂੰ ਸੀਸ ਕਿਵੇਂ ਭੇਂਟ ਕਰਨਾ? ਇੱਕ ਸੌਖਾ ਰਸਤਾ ਪੰਡਤ ਨੇ ਦੱਸ ਦਿੱਤਾ ਕੇ ਪੋਥੀ ਅੱਗੇ ਮੱਥਾ ਟੇਕ ਲਵੋ। ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਲਵੋ। ਅੱਜ ਸਿੱਖ ਬੱਸ ਮੱਥਾ ਟੇਕਣ ਜੋਗਾ ਰਹਿ ਗਿਆ। ਮੱਥਾ ਟੇਕ ਕੇ, ਮਾਇਆ ਭੇਟ ਕਰਕੇ ਸੇਵਕ ਅਖਵਾ ਲੈਂਦਾ ਹੈ। ਦੁਨਿਆਵੀ ਦਾਨ ਪੁੰਨ ਤੇ ਭੋਜਨ ਦਾ ਲੰਗਰ ਲਾ ਕੇ ਖੁਸ਼ ਹੋ ਜਾਂਦਾ। ਗੁਰਮਤਿ ਪੁੰਨ ਦਾਨ ਕਿਸ ਨੂੰ ਮੰਨਦੀ ਤੇ ਲੰਗਰ ਕਿਸ ਨੂੰ ਮੰਨਦੀ ਨਹੀਂ ਪਤਾ। ਸਮਝਣ ਲਈ ਵੇਖੋ “ਲੰਗਰੁ, ਭੁੱਖ ਅਤੇ ਮਨ ਦਾ ਭੋਜਨ” ਅਤੇ ਦਾਨ ਬਾਰੇ ਵਿਚਾਰ ਲਈ ਵੇਖੋ “ਦਇਆ, ਦਾਨ, ਸੰਤੋਖ ਅਤੇ ਮਇਆ”। ਗੁਰੂ ਘਰ ਇਹ ਸਾਰੇ ਦੁਨਿਆਵੀ ਕੰਮ ਕਰਕੇ, ਮਨ ਪਰਚਾਵਾ ਕਰਕੇ ਘਰ ਨੂੰ ਤੁਰ ਪੈਂਦਾ ਹੈ। ਨਾ ਗੁ੍ਰੂ ਦੀ ਗਲ ਸਮਝੀ, ਨਾ ਵਿਕਾਰ ਖਤਮ ਹੋਏ, ਨਾ ਕਿਰਦਾਰ ਵਿੱਚ ਕੋਈ ਬਦਲਾਵ ਆਇਆ, ਨਾ ਹੀ ਸੋਝੀ ਮਿਲੀ। ਗਿਆਨ ਗੁਰੂ ਦਾ ਉਪਦੇਸ, ਗੁਣ ਵਿਚਾਰਨ ਦਾ ਉਪਦੇਸ ਭੁੱਲ ਗਿਆ। ਬਾਣੀ ਤਾਂ ਪਹਿਲਾਂ ਹੀ ਆਖਦੀ “ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥”। ਅੱਜ ਦਾ ਵਿਸ਼ਾ ਹੈ ਕੇ ਗੁਰਬਾਣੀ ਅਨੁਸਾਰ ਭਗਤੀ ਕੀ ਹੈ? ਪੂਜਾ ਕੀ ਹੈ। ਗਿਆਨ ਗੁਰੂ ਦੀ ਕਿਹੜੀ ਪੂਜਾ ਪਰਵਾਨ ਹੈ।
”ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ॥੫॥” – ਗਿਆਨ ਗੁਰੂ ਹੈ ਸਾਰੇ ਜਗ ਦਾ ਉਸਦੀ ਪੂਜਾ ਅਰਚਾ ਬੰਦਨ ਡੰਡਉਤ ਇਹਨਾਂ ਦਾ ਕਾਰਨ ਹਉ ਭਾਵ ਹਉਮੇ ਦਾ ਕਾਰਣ ਬਣਦਾ ਜਾਂ ਹੁੰਦਾ। ਪਾਤਿਸ਼ਾਹ ਆਖਦੇ ਇਹਨਾਂ ਜੁਗਤਾਂ ਨਾਲ ਨਹੀ ਗਿਆਨ ਮਿਲਦਾ। ਪੂਜਾ ਕਰਨ ਦੀ ਲੋੜ ਨਹੀਂ। ਪੂਜਾ ਕਰਨ ਪਿੱਛੇ ਲਾਲਚ ਛੁਪਿਆ ਹੁੰਦਾ ਹੈ। ਇੱਛਾ, ਤ੍ਰਿਸ਼ਨਾ ਕੁਝ ਪ੍ਰਾਪਤੀ ਦੀ ਸੋਚ ਲੁਕੀ ਹੁੰਦੀ ਹੈ। ਪੂਜਾ ਬੰਧਨ ਨੂੰ ਜਨਮ ਦਿੰਦੀ ਹੈ।
“ਚਰਣ ਪਖਾਰਿ ਕਰੀ ਨਿਤ ਸੇਵਾ ਜੀਉ॥ ਪੂਜਾ ਅਰਚਾ ਬੰਦਨ ਦੇਵਾ ਜੀਉ॥ ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ॥ ਬਿਨਉ ਠਾਕੁਰ ਪਹਿ ਕਹੀਐ ਜੀਉ॥੩॥” – ਪੂਜਾ ਅਰਚਾ ਦੇਵਾਂ ਦਾ ਬੰਦਨ (ਵੰਦਨ) ਕਰਨਾ ਇਹ ਤਾਂ ਦਾਸ ਲਈ ਨਾਮ (ਸੋਝੀ) ਨੂੰ ਜਪਿ (ਜਪੇ ਭਾਵ ਪਛਾਣਨ) ਉਪਰੰਤ ਹੋਣਾ। ਇਹੀ ਦਾਸ ਦੀ ਵਿਨਤੀ ਵੀ ਹੁੰਦੀ ਹੈ॥
“ਕਰਮ ਧਰਮ ਨੇਮ ਬ੍ਰਤ ਪੂਜਾ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ॥੨॥” – ਜੋ ਮਰਜ਼ੀ ਕਰਮ ਧਰਮ ਦੇ ਨਾਮ ਹੇਠ ਕਰ ਲਵੋ, ਵਰਤ ਪੂਜਾ ਕਰ ਲਵੋ ਪਾਰਬ੍ਰਹਮ ਨੂੰ ਸਮਝੇ ਬਿਨਾਂ ਗਲ ਨਹੀਂ ਬਣਨੀ। ਗੁਰਬਾਣੀ ਵਿੱਚ ਬ੍ਰਹਮ, ਬ੍ਰਹਮਾ, ਪੂਰਨਬ੍ਰਹਮ ਅਤੇ ਪਾਰਬ੍ਰਹਮ ਸ਼ਬਦਾਂ ਦੀ ਵਰਤੋ ਹੋਈ ਹੈ ਪਰ ਕੋਈ ਵਿਰਲੇ ਹੀ ੲੈਸੇ ਸਿੱਖ ਹਨ ਜਿਹਨਾਂ ਨੂੰ ਇਹਨਾਂ ਦਾ ਭੇਦ ਪਤਾ ਹੋਵੇ। ਵੇਖੋ “ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ”
“ਸੂਤਕਿ ਕਰਮ ਨ ਪੂਜਾ ਹੋਇ॥ ਨਾਮਿ ਰਤੇ ਮਨੁ ਨਿਰਮਲੁ ਹੋਇ॥੪॥” – ਮਨ ਨੂੰ ਸੂਤਕ ਲੱਗਿਆ ਹੈ “ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥”, ਅਤੇ “ਮਨ ਕਾ ਸੂਤਕੁ ਦੂਜਾ ਭਾਉ॥ਭਰਮੇ ਭੂਲੇ ਆਵਉ ਜਾਉ॥੧॥” – ਜਦੋਂ ਤੱਕ ਮਨ ਦਾ ਇਹ ਸੂਤਕ ਦੂਰ ਨਹੀਂ ਹੁੰਦਾ, ਮਨ ਮਨਮਤਿ ਕਰਦਾ ਹੈ ਉਦੋਂ ਤਕ ਭਗਤੀ ਨਹੀਂ ਸ਼ੁਰੂ ਹੋ ਸਕਦੀ “ਮਨ ਮਾਰੇ ਬਿਨੁ ਭਗਤਿ ਨ ਹੋਈ ॥”। ਜਦੋਂ ਨਾਮ (ਸੋਝੀ) ਵਿੱਚ, ਗੁਣਾਂ ਦੀ ਲਾਲੀ ਵਿੱਚ ਮਨ ਰੰਗਿਆ ਨਾ ਜਾਵੇ, ਗਿਆਨ ਦੇ ਅੰਮ੍ਰਿਤ ਵਿੱਚ ਮਨ ਭਿੱਜਿਆ ਨਾ ਹੋਵੇ ਉਦੋਂ ਤਕ ਮਨ ਨੇ ਨਿਰਮਲ (ਮਲ ਰਹਿਤ) ਨਹੀਂ ਹੋਣਾ।
“ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ॥ ਕਾਹੂ ਹੋ ਗਉਨੁ ਕਰਿ ਹੋ॥੨॥ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ॥ ਨਾਨਕਾ ਭਗਤਿ ਪ੍ਰਿਅ ਹੋ॥”
”ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥ ਛੋਡੀਲੇ ਪਾਖੰਡਾ॥ ਨਾਮਿ ਲਇਐ ਜਾਹਿ ਤਰੰਦਾ॥੧॥”
”ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ॥੧॥”
”ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ॥੪॥” – ਮਨਮਤਿ ਕਰਨ ਵਾਲੇ ਦੀ, ਆਪਣੀ ਮਤਿ, ਮਨ ਦੀ, ਵਿਕਾਰਾਂ ਦੀ ਹੋਂਦ ਵਾਲੀ ਪੂਜਾ ਨਿਸ਼ਫਲ ਹੈ ਥਾਇ ਨਹੀਂ ਪੈਂਦੀ।
”ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ॥ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ॥੧॥ ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ॥ ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ॥੧॥ ਰਹਾਉ॥ ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ॥ ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ॥੨॥ ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ॥ ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ॥”
”ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ॥ ਭਸਮ ਲਗਾਇ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧਹਿ ਬਹੁ ਜਟੂਆ॥ ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ॥ ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ॥”
”ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ॥ ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ॥੨॥ ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ॥ ਹਉਮੈ ਬਿਆਪਿਆ ਸਬਦੁ ਨ ਚੀਨੑੈ ਫਿਰਿ ਫਿਰਿ ਜੂਨੀ ਆਵੈ॥੩॥ ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ॥ ਗੁਰਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ॥”
”ਜਪ ਤਪ ਸੰਜਮ ਨਾ ਬ੍ਰਤ ਪੂਜਾ॥ ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥੬॥”
”ਪੂਜਾ ਜਾਪ ਤਾਪ ਇਸਨਾਨ॥ ਸਿਮਰਤ ਨਾਮ ਭਏ ਨਿਹਕਾਮ॥”
ਦਾਸ ਨੇ ਕੇਵਲ ਨਾਮ (ਸੋਝੀ) ਲੈਣ ਦਾ ਜਤਨ ਕਰਨਾ ਹੁੰਦਾ ਹੈ। ਗਿਆਨ ਲੈਣਾ, ਹੁਕਮ ਨੂੰ ਜਪ (ਪਛਾਣ) ਲੈਣਾ, ਧਿਆਉਣਾ (ਧਿਆਨ ਵਿੱਚ ਰੱਖਣਾ), ਅਰਾਧਨਾ ਭਾਵ ਵਿਚਾਰ ਕਰਨਾ ਹੀ ਗਿਆਨ ਗੁਰੂ ਦੀ ਸੱਚੀ ਬੰਦਨਾ, ਪੂਜਾ ਹੈ।
”ਗਿਆਨ ਹੀਣੰ ਅਗਿਆਨ ਪੂਜਾ॥ ਅੰਧ ਵਰਤਾਵਾ ਭਾਉ ਦੂਜਾ॥੨੨॥” – ਗਿਆਨ ਤੋਂ ਹੀਣ, ਗਿਆਨ ਤੋਂ ਬਿਨਾਂ ਅਗਿਆਨਤਾ ਦੀ ਹੀ ਪੂਜਾ ਹੁੰਦੀ ਹੈ ਤੇ ਇਹ ਅੰਧ ਵਰਤਾਰਾ ਹੈ।
”ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ॥ ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ॥ ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ॥ ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ॥ ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ॥”
ਫੇਰ ਕਿਹੜੀ ਪੂਜਾ ਕਰਾਂ? ਕੀ ਹੈ ਭਗਤੀ ਤੇ ਕਿਵੇਂ ਕਰਾਂ?
ਕਵਨ ਸੁ ਪੂਜਾ ਤੇਰੀ ਕਰਉ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ॥੨॥ ਕਵਨ ਤਪੁ ਜਿਤੁ ਤਪੀਆ ਹੋਇ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ॥੩॥ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ॥੪॥ ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ॥ ਜਿਸ ਕੀ ਮਾਨਿ ਲੇਇ ਸੁਖਦਾਤਾ॥੧॥ – ਭਾਵ ਕੇਵਲ ਗੁਣਾਂ ਦੀ ਵਿਚਾਰ ਹੀ ਗਿਆਨ ਗੁਰੂ ਦੀ ਪੂਜਾ ਹੈ। ਕਿਹੜੇ ਗੁਣ, ਜੋ ਜਪ ਬਾਣੀ ਵਿੱਚ ਜਾਪ ਬਾਣੀ ਵਿੱਚ ਅਕਾਲ, ਕਾਲ, ਹੁਕਮ, ਭਾਣੇ ਦਾ ਜਪ (ਪਹਿਚਾਨ/ਪਛਾਣ) ਕਰਾਉਣ ਲਈ ਦੱਸੇ ਹਨ। “ਪ੍ਰਭ ਕੀ ਪੂਜਾ ਪਾਈਐ ਮਾਨੁ॥ਜਾ ਕੀ ਟਹਲ ਨ ਬਿਰਥੀ ਜਾਇ॥ ਸਦਾ ਸਦਾ ਹਰਿ ਕੇ ਗੁਣ ਗਾਇ॥੩॥” – ਦਾਸ ਲਈ ਤਾਂ ਗੁਣਾਂ ਦਾ ਗਿਆਨ, ਵਿਚਾਰ ਹੀ ਅਸਲ ਪੂਜਾ ਹੈ। ਕਦੇ ਗਿਆਨ ਲੈਣ ਲਈ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਿਆ ਹੋਵੇ ਤਾਂ ਸਾਨੂੰ ਇਹ ਸਮਝ ਆਵੇ। ਗੁਣ ਕਿਵੇਂ ਗਾਉਣੇ ਹਨ ਸਮਝਣ ਲਈ ਵੇਖੋ “ਕੀਰਤਨੁ ਅਤੇ ਗੁਣ ਕਿਵੇ ਗਉਣੇ ਹਨ”।
”ਨਾਮੁ ਹਮਾਰੈ ਬੇਦ ਅਰੁ ਨਾਦ॥ ਨਾਮੁ ਹਮਾਰੈ ਪੂਰੇ ਕਾਜ॥ ਨਾਮੁ ਹਮਾਰੈ ਪੂਜਾ ਦੇਵ॥ਨਾਮੁ ਹਮਾਰੈ ਗੁਰ ਕੀ ਸੇਵ॥੧॥ ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ॥ ਸਭ ਤੇ ਊਤਮੁ ਹਰਿ ਹਰਿ ਕਾਮੁ॥੧॥”
”ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ॥ ਦੁਇ ਕਰ ਜੋੜਿ ਨਾਨਕੁ ਦਾਨੁ ਮਾਂਗੈ ਤੇਰੇ ਦਾਸਨਿ ਦਾਸ ਦਸਾਇਣੁ॥” – ਨਾਨਕ ਕਿਹੜਾ ਦਾਨ ਮੰਗਦੇ ਪਏ ਨੇ? ਦਾਨ ਕੀ ਹੈ? ਸਮਝਣ ਲਈ ਵੇਖੋ “ਦਇਆ, ਦਾਨ, ਸੰਤੋਖ ਅਤੇ ਮਇਆ”
”ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ॥ ਪ੍ਰਭ ਕੈ ਸਿਮਰਨਿ ਜਪ ਤਪ ਪੂਜਾ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ॥” – ਅੱਜ ਦੇ ਸਿੱਖ ਨੂੰ ਸਿਮਰਨ ਕੀ ਹੈ ਪਤਾ ਹੀ ਨਹੀਂ ਹੈ। ਇੱਕ ਸ਼ਬਦ ਨੂੰ ਬਾਰ ਬਾਰ ਉਚਾਰਨ ਨੂੰ ਹੀ ਸਿਮਰਨ ਸਮਝ ਲੈਂਦੇ ਹਨ। ਸਿਮਰਨ ਦਾ ਅਰਥ ਗੁਰਬਾਣੀ ਤੋਂ ਖੋਜਣਾ ਸੀ। ਇਸ ਬਾਰੇ ਪਹਿਲਾਂ ਵੀ ਵਿਚਾਰ ਹੋਈ ਹੈ ਕੇ ਸਿਮਰਨ ਦਾ ਅਰਥ ਕੀ ਹੈ।
ਫੇਰ ਪਾਤਿਸ਼ਾਹ ਆਖਦੇ “ਏਕਸ ਬਿਨੁ ਨਾਹੀ ਕੋ ਦੂਜਾ॥ ਤੁਮੑ ਹੀ ਜਾਨਹੁ ਅਪਨੀ ਪੂਜਾ॥੨॥ ਆਪਹੁ ਕਛੂ ਨ ਹੋਵਤ ਭਾਈ॥ ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ॥੩॥” – ਭਾਵ ਤੂੰ ਹੀ ਜਾਣਦਾ ਹੈ ਤੇਰੀ ਪੂਜਾ ਕਿਵੇਂ ਹੋਣੀ। ਜਿਸਨੂੰ ਤੂੰ ਆਪ ਦੇਵੇਂ ਉਸਨੂੰ ਹੀ ਨਾਮ (ਸੋਝੀ) ਪ੍ਰਾਪਤ ਹੋਣੀ। ਕਈ ਪੜ੍ਹ ਕੇ ਵੀ ਨਹੀਂ ਸਮਝ ਰਹੇ। ਕਈ ਕਈ ਵਾਰ ਸਹਿਜ ਪਾਠ, ਅਖੰਡ ਪਾਠ ਤੇ ਹੋਰ ਪਤਾ ਨਹੀਂ ਕੀ ਕੀ ਜਤਨ ਕਰ ਚੁੱਕੇ ਹਨ।
”ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ॥ ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ॥੩॥”
”ਮੰਨੇ ਨਾਮੁ ਸਚੀ ਪਤਿ ਪੂਜਾ॥ ਕਿਸੁ ਵੇਖਾ ਨਾਹੀ ਕੋ ਦੂਜਾ॥ ਦੇਖਿ ਕਹਉ ਭਾਵੈ ਮਨਿ ਸੋਇ॥ ਨਾਨਕੁ ਕਹੈ ਅਵਰੁ ਨਹੀ ਕੋਇ॥”
”ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥”
”ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥ ਗੁਰੁ ਮੇਰਾ ਦੇਉ ਅਲਖ ਅਭੇਉ॥ ਸਰਬ ਪੂਜ ਚਰਨ ਗੁਰ ਸੇਉ॥੧॥” – ਭਾਵ ਸਰਬ ਪੂਜ ਹੈ ਚਰਨ ਗੁਰ ਸੇਉ, ਗੁਰ ਸੇਉ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ ॥” ਸੋ ਗੁਰ ਕੀ ਪੂਜਾ, ਗੁਰ ਕੀ ਸੇਵਾ ਕੇਵਲ ਸਬਦ ਵਿਚਾਰ ਹੈ, ਸਹਜ ਵਿਚਾਰ ਹੈ। ਗੁਣਾਂ ਦੀ ਵਿਚਾਰ ਹੈ। “ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ॥੧॥ ਸੰਤਹੁ ਗੁਰਮੁਖਿ ਪੂਰਾ ਪਾਈ॥ ਨਾਮੋ ਪੂਜ ਕਰਾਈ॥੧॥”
”ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ॥੫॥ ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ॥੬॥” – ਗੁਰ ਸਬਦ ਦੁਆਰਾ, ਹੁਕਮ ਦੀ ਸੋਝੀ ਦੁਆਰਾ ਮਨ ਨੂੰ (ਭਾਵ ਵਿਕਾਰਾਂ ਨੂੰ) ਮਾਰ ਲੈਣਾ ਹੀ ਪੂਜਾ ਹੈ। ਮਨ ਦੇ ਮਰਦਿਆਂ ਹੀ, ਵਿਕਾਰਾਂ ਦੇ ਖਤਮ ਹੁੰਦਿਆਂ ਹੀ ਭਗਤੀ ਸ਼ੁਰੂ ਹੁੰਦੀ ਹੈ। ਇਹ ਹੁਕਮ ਦੀ ਸੋਝੀ ਲੈਣਾ ਹੀ ਭਾਣਾ ਮੰਨਣਾ ਹੀ ਪੂਜਾ ਹੈ ਇਹ ਗੁਣਾਂ ਨੂੰ ਮੁੱਖ ਰੱਖਣ ਵਾਲੇ ਨੂੰ ਹੀ ਪਤਾ ਹੁੰਦਾ “ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ॥੧੧॥”, “ਹਰਿ ਨਾਮੁ ਚੇਤਾ ਅਵਰੁ ਨ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥ ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ॥”। ਉਸਨੇ ਆਪਣੀ ਇਸ ਪੂਜਾ ਤੇ ਭਗਤੀ ਤੇ ਵੀ ਆਪ ਹੀ ਲਾਉਣਾ “ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ॥ ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ॥੧॥”
”ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ॥ ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ॥ ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ॥੧॥”
”ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ॥” – ਸੱਚੇ ਦਾ ਗੁਣ ਹੀ ਉਸਦਾ ਗਿਆਨ ਹੈ ਤੇ ਸੱਚੇ ਦਾ ਗੁਣ ਹੀ ਉਸਦੀ ਪੂਜਾ ਹੈ। ਸਤਿ ਭਾਵ ਸੱਚ ਕੇਵਲ ਅਕਾਲ ਤੇ ਉਸਦਾ ਹੁਕਮ ਹੈ ਬਾਕੀ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥” – ਸਦੀਵ ਰਹਿਣ ਵਾਲਾ ਅਕਾਲ ਤੇ ਹੁਕਮ ਹੀ ਸੱਚ ਹੈ ਬਾਕੀ ਤਾਂ ਕੋਈ ਵਸਤੂ ਥਿਰ ਨਹੀਂ ਹੈ ਰੇਤੇ ਦੀ ਕੰਧ ਵਾਂਗ ਹੈ ਢਹਿ ਜਾਣੀ। “ਕੀਮਤਿ ਕੋਇ ਨ ਜਾਣੈ ਦੂਜਾ॥ ਆਪੇ ਆਪਿ ਨਿਰੰਜਨ ਪੂਜਾ॥ ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ॥”
”ਰਾਮ ਨਾਮੁ ਜਪਿ ਅੰਤਰਿ ਪੂਜਾ॥ ਗੁਰਸਬਦੁ ਵੀਚਾਰਿ ਅਵਰੁ ਨਹੀ ਦੂਜਾ॥੧॥ ਏਕੋ ਰਵਿ ਰਹਿਆ ਸਭ ਠਾਈ॥ ਅਵਰੁ ਨ ਦੀਸੈ ਕਿਸੁ ਪੂਜ ਚੜਾਈ॥੧॥”
”ਅੰਤਰਿ ਪੂਜਾ ਮਨ ਤੇ ਹੋਇ॥ਏਕੋ ਵੇਖੈ ਅਉਰੁ ਨ ਕੋਇ॥ ਦੂਜੈ ਲੋਕੀ ਬਹੁਤੁ ਦੁਖੁ ਪਾਇਆ॥ ਸਤਿਗੁਰਿ ਮੈਨੋ ਏਕੁ ਦਿਖਾਇਆ॥੧॥” – ਜਦੋਂ ਕ ਮਨ ਏਕੇ ਵਿੱਚ ਨਹੀਂ ਹੈ ਹੁਕਮ ਦੇ ਨਾਲ ਉਦੋਂ ਤਕ ਪੂਜਾ ਭਗਤੀ ਨਹੀਂ ਹੋ ਸਕਦੀ। ਏਕਾ ਸਮਝਣ ਲਈ ਵੇਖੋ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ”।
ਭਗਤੀ ਕੀ ਹੈ?
”ਸਚੀ ਭਗਤੀ ਮਨੁ ਲਾਲੁ ਥੀਆ ਰਤਾ ਸਹਜਿ ਸੁਭਾਇ॥ਗੁਰਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ॥ ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ॥ ਗੁਰਮੁਖਿ ਏਹੁ ਰੰਗੁ ਪਾਈਐ ਜਿਸ ਨੋ ਕਿਰਪਾ ਕਰੇ ਰਜਾਇ॥੨॥” – ਸੱਚੀ ਭਗਤੀ ਹੈ ਜਿਸ ਨਾਲ ਮਨੁ ਨੂੰ ਗਿਆਨ ਦੀ ਲਾਲੀ ਦਾ ਮਜੀਠ (ਪੱਕਾ) ਰੰਗ ਚੜ੍ਹ ਜਾਵੇ। “ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ॥”। ਮਨ ਮੋਹਿਆ ਜਾਵੇ, ਮਨ ਇਸ ਮੋਹ ਵਿੱਚ ਵਿਕਾਰ ਛੱਡ ਦੇਵੇ। ਇਹੀ ਭਗਤੀ ਹੈ। “ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ॥ ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ॥੨॥”।
”ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ॥ ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ॥ ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ॥ ਨਾਨਕ ਨਾਮੁ ਨ ਵੀਸਰੈ ਸਚੇ ਮਾਹਿ ਸਮਾਉ॥”
”ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ॥”
”ਆਤਮ ਰਾਮ ਪਰਗਾਸੁ ਗੁਰ ਤੇ ਹੋਵੈ॥ ਹਉਮੈ ਮੈਲੁ ਲਾਗੀ ਗੁਰਸਬਦੀ ਖੋਵੈ॥ ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ॥੧॥”
ਸੋ ਭਾਈ ਇੱਕੋ ਪੂਜਾ ਹੈ ਇੱਕੋ ਭਗਤੀ ਹੈ ਗੁਰਮਤਿ ਅਨੁਸਾਰ ਕੇ ਗੁਣਾਂ ਦੀ ਵਿਚਾਰ ਕਰਕੇ ਗੁਣ ਹਾਸਲ ਕੀਤੇ ਜਾਣ। ਨਾਮ (ਸੋਝੀ) ਹੋ ਜਾਣਾ ਹੀ ਗਿਆਨ ਗੁ੍ਰੂ ਕੇ ਸਿੱਖ ਲਈ ਭਗਤੀ ਦਾ ਮਾਰਗ ਹੈ। ਭਗਤ ਅਵਸਥਾ ਪੂਰਨਬਜੋਤ ਜਦੋਂ ਘਟ ਵਿੱਚ ਗਿਆਨ ਦੇ ਚਾਨਣ ਨਾਲ ਹੋ ਜਾਵੇ ਉਹ ਅਵਸਥਾ ਹੈ। ਜਦੋਂ ਗਿਆਨ ਖੜਗ ਫੜੀ ਹੋਵੇ, ਜਦੋਂ ਭਗਉਤੀ ਸਿਮਰੀ ਹੋਵੇ। ਵੇਖੋ “ਭਗਉਤੀ ਕੌਣ/ਕੀ ਹੈ ?”
ਬਾਣੀ ਪੜ੍ਹੋ, ਸਮਝੋ ਤੇ ਵਿਚਾਰੋ ਇਹੀ ਪੂਜਾ ਹੈ ਇਹੀ ਭਗਤੀ ਹੈ।