ਗੁਰਬਾਣੀ ਵਿੱਚ ਜੁਗ
ਹਰਿ ਜਨਮ ਮਰਨ ਬਿਹੀਨ ॥ ਦਸ ਚਾਰ ਚਾਰ ਪ੍ਰਬੀਨ ॥
ਗੁਰਬਾਣੀ ਕੀ ਕਹਿ ਰਹੀ ਹੈ ਚਾਰ ਜੁਗਾਂ ਬਾਰੇ, ਪੋਥੀ ਸਾਹਿਬ ਵਿੱਚ ਵਾਕ ਹੈ, “ਗੁਪਤੇ ਬੂਝਹੁ ਜੁਗ ਚਤੁਆਰੇ॥ ਘਟਿ ਘਟਿ ਵਰਤੈ ਉਦਰ ਮਝਾਰੇ॥”, ਜਿੱਥੇ ਜੁਗ ਵਰਤਦੇ ਨੇ ਉਸ ਥਾਂ ਦਾ ਹੀ ਨਹੀਂ ਪਤਾ, ਘਟ ਦਾ ਹੀ ਨਹੀਂ ਪਤਾ ਵਿਦਵਾਨਾਂ ਤੇ ਪੰਡਿਤਾਂ ਨੂੰ, ਤਾਂ ਉਦਰ ਮਝਾਰੇ ਦਾ ਕੀ ਪਤਾ ਚੱਲਣਾ ਹੈ। ਅੱਜ ਸਿੱਖ ਵੀ ਪੜ੍ਹ ਰਹੇ ਨੇ ਪਰ ਸਮਝਦੇ ਨਹੀਂ ਕੇ “ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ॥੧॥” – ਜੇ ਏਕ ਇੱਕ ਹੀ ਹੈ ਦੂਜਾ ਕੋਈ ਹੈ ਹੀ ਨਹੀਂ ਤਾਂ ਜਲ ਤੇ ਥਲ ਦੋ ਜਗਾ ਕਿਵੇਂ ਹੋ ਸਕਦਾ ਹੈ। ਇਹ ਸਮਝਦੇ ਹੀ ਨਹੀਂ ਕੇ ਏਕੁ ਦਾ ਅਰਥ ਏਕਾ ਹੁੰਦਾ ਹੈ। ਸਮਝਣ ਲਈ ਵੇਖੋ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ”। ਗੁਰਬਾਣੀ ਆਖਦੀ ਸਚ ਥਲਤਾਂ ਆਦਿ ਕਾਲ ਤੋਂ ਸੱਚ ਹੈ, ਜੁਗਾਂ ਤੋਂ ਬਾਹਰ ਹੈ ਸਚ। ਸੱਚ ਹੈ ਤੇ ਹਮੇਸ਼ਾ ਰਹੇਗਾ। ਪਰਮੇਸਰ ਦਾ ਹੁਕਮ, ਕਾਲ, ਅਕਾਲ, ਸਦੀਚ ਸੱਚ ਰਹਿੰਦਾ ਕਦੇ ਨਹੀਂ ਬਦਲਦਾ। ਜੀਵ ਅੰਦਰਲੀ ਜੋਤ ਭੀ ਸੱਚ ਹੈ ਤੇ ਹਮੇਸ਼ਾ ਰਹੇਗੀ।
ਬਾਹਰ ਤਾਂ ਓਹੀ ਸੂਰਜ ਹੈ, ਓਹੀ ਚੰਦ ਹੈ, ਓਹੀ ਤਾਰੇ ਨੇ, ਬਾਹਰ ਕਿਵੇਂ ਜੁਗ ਬਦਲ ਜਾਣਗੇ, ਜੁਗ ਅੰਦਰਲੀ ਅਵਸਥਾ ਨਾਲ ਬਦਲਦੇ ਨੇ। ਸਨਾਤਨ ਮਤਿ ਦਾ ਮੰਨਣਾ ਹੈ ਕੇ ਸਮੇ ਨਾਲ ਜੁਗ (ਯੁਗ) ਬਦਲਦੇ ਨੇ ਭਾਵ ਲੋਕਾਂ ਵਿੱਚ ਵਿਕਾਰ ਵੱਧ ਜਾਂਦੇ ਨੇ ਪਰ ਠੱਗੀ ਕਰਨ ਵਾਲੇ ਤਾਂ ਹਮੇਸ਼ਾ ਰਹੇ ਨੇ, ਚੋਰੀ, ਕਤਲ, ਮਾਯਾ ਖਾਤਰ ਦੂਜੇ ਰਾਜਿਆਂ ਤੇ ਹਮਲੇ। ਕਿਸੇ ਦੀ ਧੀ, ਭੈਣ, ਜਨਾਨੀ ਚੱਕ ਲੈਣੀ ਤਾਂ ਸਨਾਤਨ ਮਤਿ ਦੇ ਸਤਿਜੁਗ ਵਿੱਚ ਵੀ ਹੁੰਦੇ ਰਹੇ ਨੇ। ਦੇਵਤੇ ਕਹਾਉਣ ਵਾਲੇ ਵੀ ਇਹ ਕੰਮ ਕਰਦੇ ਰਹੇ ਨੇ। ਅਸਲ ਗਲ ਇਹ ਹੈ ਕੇ ਸਮੇ ਨਾਲ ਵਿਕਾਰ ਵਿੱਚ ਵਾਧਾ ਨਹੀਂ ਹੁੰਦਾ, ਅਗਿਆਨਤਾ ਅਤੇ ਮਨਮਤਿ ਨਾਲ ਹੁੰਦਾ ਹੈ। ਸਾਰੇ ਜੁਗ ਘਟ ਭੀਤਰ ਹੀ ਵਰਤਦੇ ਹਨ। ਜਿਸ ਮਨੁੱਖ ਵਿੱਚ ਵਿਕਾਰ ਨਹੀਂ ਉਹ ਸਦਾ ਹੀ ਸਤਿਜੁਗ ਮਾਣਦਾ ਹੈ। ਪੰਚਮ ਪਾਤਿਸ਼ਾਹ ਕੀ ਕਹਿੰਦੇ ਨੇ, “ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ॥”, ਭਾਵ ਜੇ ਇੱਕ ਘੜੀ ਧਿਆਨ ਨਾਮ (ਸੋਝੀ) ਤੋਂ ਹਟਿਆ ਤੇ ਅੰਦਰ ਕਲਜੁਗ ਹੋ ਜਾਣਾ, ਤਾਂ ਇਸਦਾ ਮਤਲਬ ਪਹਿਲਾਂ ਸਤਿਜੁਗ ਸੀ ਹਿਰਦੇ ਵਿੱਚ ਤੇ ਮਾਇਆ, ਅਗਿਆਨਤਾ ਤੋਂ ਧਿਆਨ ਹਟਿਆ ਹੈ। ਇਹ ਗੱਲ ਕਹਿ ਰਹੇ ਨੇ ਪਾਤਿਸ਼ਾਹ ਕੇ ਜੇ ਪੰਡਿਤ ਦੇ ਦੱਸੇ ਕਲਿਜੁਗ ਵਿੱਚ ਨਾਨਕ ਪਾਤਿਸ਼ਾਹ ਦਾ ਜਨਮ ਹੋਇਆ ਹੈ ਤਾਂ ਫਿਰ ਤਾਂ ਸਦਾ ਕਲਿਜੁਗ ਰਹਿਣਾ ਚਾਹੀਦਾ ਹੈ, ਪਰ ਪੰਚਮ ਪਾਤਿਸ਼ਾਹ ਕਹਿੰਦੇ ਨੇ ਕੇ ਜੇ ਇੱਕ ਘੜੀ ਵਿਛੜ ਜਾਵਾਂ ਤਾਂ ਕਲਿਜੁਗ ਹੁੰਦਾ ਹੈ ਨਹੀਂ ਤਾਂ ਭਗਤ ਦਾ ਤਾਂ ਹਰ ਵੇਲੇ ਹੀ ਸਤਿਜੁਗ ਰਹਿੰਦਾ ਹੈ। ਇਹਨਾਂ ਪੰਡਿਤਾਂ ਨੂੰ, ਵਿਦਵਾਨਾਂ ਨੂੰ ਗਿਆਨ ਨਹੀਂ ਹੈ, ਜਿਸ ਹਿਰਦੇ ਸ਼ਬਦ ਗੁਰੂ ਪ੍ਰਗਟ ਹੈ ਓਥੇ ਸਤਿਜੁਗ ਹੈ। ਜਿੱਥੇ ਕਲਪਨਾ ਦਾ ਵਾਸਾ ਹੈ ਓਥੇ ਕਲਿਜੁਗ ਹੈ, ਕਲਪਨਾ ਤਾਂ ਤ੍ਰਿਕੁਟੀ ਮਨ ਦੀ ਪੈਦਾਵਾਰ ਹੈ। ਸ਼ਬਦ ਗੁਰੂ ਤਾਂ ਧੁਰ ਕੀ ਬਾਣੀ ਹੈ, ਆਪਣੇ ਆਪ ਆਉਂਦੀ ਹੈ, ਕਲਪਨਾ ਮਨ ਪੈਦਾ ਕਰਦਾ ਹੈ। “ਦਸ ਚਾਰ ਚਾਰ ਪ੍ਰਬੀਨ॥”, ਚਾਰੇ ਬੇਦਾਂ ਦਾ ਗਿਆਨ ਹੈ ਗੁਰਬਾਣੀ।
ਗੁਰਮੁਖ ਹੁੰਦਾ ਹੈ ਪ੍ਰਬੀਨ, ਚਾਰੇ ਜੁਗ ਚਾਰ ਬੇਦ ਦਾ ਸਹੀ ਸਹੀ ਗਿਆਨ ਹੁੰਦਾ ਹੈ। ਹਰਿ ਨੂੰ, ਪੂਰਨ ਬ੍ਰਹਮ ਨੂੰ, ਦਸੇ ਦਵਾਰਾਂ ਦਾ ਗਿਆਨ ਨਿਪੁੰਨ ਹੁੰਦਾ ਹੈ।ਮਜਾਲ ਹੈ ਮਨ ਕਿਸੇ ਦਵਾਰੇ ਬਾਹਰ ਦੌੜੇ, ਪੂਰਾ ਗਿਆਨ ਜਦੋਂ ਹੁੰਦਾ ਹੈ। ਚਾਰ ਜੁਗਾਂ ਦੀ ਵਿਚਾਰ ਸ੍ਵੈਭੰਗ ਲਫਜ਼ ਨਾਲ ਜੁੜੀ ਹੈ, ਸੈਭੰ ਕੋਈ ਲਫਜ਼ ਨਹੀਂ ਹੁੰਦਾ, ਸ੍ਵੈਭੰ ਸੀ। ਹਸਤ ਲਿਖਿਤ ਸਰਉਪਾਂ ਵਿੱਚ ਲਟਕਾਨ ਮਾਤ੍ਰਾ ਸੀ ਜੋ ਹੱਥ ਨਾਲ ਲਿਖੀਆਂ ਜਾ ਸਕਦੀਆਂ ਹਨ ਪਰ ਛਾਪੇ ਤੇ ਕੰਮਪਯੂਟਰ ਵਾਲੇ ਫੋਂਟਸ ਤੇ ਛਪਾਈ ਵਿੱਚ ਲਿਖਣਾ ਤੇ ਛਾਪਣਾ ਸੰਮਭਵ ਨਹੀਂ। ਇਸ ਲਈ ਬਹੁਤ ਸਾਰੇ ਸ਼ਬਦ ਬਦਲ ਦਿੱਤੇ। ਸ੍ਵੈਭੰਗ ਨੂੰ ਵੀ ਬਦਲ ਕੇ ਸੈਭੰ ਬਣਾ ਦਿੱਤਾ, ਸ੍ਵੈਭੰ ਇੱਕ ਗੁਣ ਹੈ। ਚਾਹੇ ਅਵਗੁਣ ਕਹਿ ਲਵੋ ਕਿਉਂਕਿ ਏਸੇ ਕਰਕੇ ਜਨਮ ਹੋਇਆ, ਬ੍ਰਹਮ ਜਾਂ ਹਰਿ ਖੁਦ ਨੂੰ ਭੰਗ ਕਰ ਸਕਦਾ ਹੈ, ਸੱਚਖੰਡ ਦਾ ਹੁਕਮ ਸਰਬ ਸ਼ਕਤੀਮਾਨ ਹੈ, ਓਥੋਂ ਦਾ ਅੰਸ਼ ਹੋਣ ਕਰਕੇ ਇਹ ਗੁਣ ਆਤਮਾ ਵਿੱਚ ਵੀ ਹੈ, ਪਰ ਇਸ ਨੂੰ ਰਾਸ ਨਹੀਂ ਆਉਂਦਾ, “ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ॥”, ਇੱਛਾ ਪੈਦਾ ਕਰ ਲਈ, ਤੇ ਸੱਚਖੰਡ ਭਾਵ ਸਤਿਜੁਗ ਵਿਚੋਂ ਕੱਢ ਦਿੱਤਾ, ਪਹਿਲਾਂ ਇੱਕ ਸੀ, ਹਰਿ ਸੀ, ਜੁੜਿਆ ਸੀ, ਸਮਾਇਆ ਸੀ, ਤਿੜ ਗਿਆ, ਇੱਛਾ ਪੈਦਾ ਕਰ ਲਈ, ਮਨ ਅਲੱਗ ਹੋ ਗਿਆ, ਇਹ ਤ੍ਰੇਤਾ ਹੈ “ਤ੍ਰੇਤੈ ਧਰਮ ਕਲਾ ਇਕ ਚੂਕੀ॥ ਤੀਨਿ ਚਰਣ ਇਕ ਦੁਬਿਧਾ ਸੂਕੀ॥ ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ॥੬॥”, ਧਰਮ ਕਲਾ ਕੀ ਹੈ? ਗੁਰਬਾਣੀ ਧਰਮ ਕੇਵਲ ਹਰਿ ਦੇ ਨਾਲ ਨੂੰ ਜਪਣ (ਪਹਿਚਾਨਣ) ਨੂੰ ਮੰਨਦੀ ਹੈ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥” ਫੇਰ ਇਸ ਗਿਆਨ ਨੂੰ ਗਵਾ ਲੈਣ ਨੂੰ ਗੁਰਮਤਿ ਤ੍ਰੇਤਾ ਮੰਨਦੀ ਹੈ, ਸੱਚਖੰਡ ਤੋਂ ਬਾਹਰ ਆਉਣਾ ਮੰਨਦੀ ਹੈ। ਖੰਡ ਸਮਝਣ ਲਈ ਵੇਖੋ “ਖੰਡ, ਭੰਡ ਅਤੇ ਭਾਂਡਾ“। ਫੇਰ ਗਰਭ ਵਿੱਚ, ਦੁਆਪਰ ਵਿੱਚ ਆ ਗਿਆ ਤੇ ਜਨਮ ਲੈਕੇ “ਲਿਵ ਛੁਟਕੀ ਲੱਗੀ ਤ੍ਰਿਸ਼ਨਾ॥”, ਗਰਭ ਵਿੱਚ ਲਿਵ ਲੱਗੀ ਹੋਈ ਸੀ, ਜਨਮ ਤੋਂ ਬਾਦ ਟੁੱਟ ਗਈ, ਕਲਯੁਗ ਹੀ ਕਲਯੁਗ, ਕਲਪਨਾ ਹੀ ਕਲਪਨਾ, ਮਰ ਕੇ ਫੇਰ ਤ੍ਰੇਤਾ, ਦੁਆਪਰ ਤੇ ਕਲਜੁਗ, ਜਨਮ ਮਰਨ ਦਾ ਚੱਕਰ ਉਦੋਂ ਤੱਕ ਚੱਲਦਾ ਹੈ ਜਦ ਤੱਕ ਇੱਕ ਨਹੀਂ ਹੁੰਦਾ, ਮਨ ਤੇ ਚਿੱਤ ਜੁੜ ਕੇ ਇੱਕ ਨਹੀਂ ਹੁੰਦੇ ਤੇ ਹੁਕਮ ਨਾਲ ਏਕਾ ਨਹੀਂ ਹੁੰਦਾ। ਫੇਰ ਜਦੋਂ ਪਰਮੇਸਰ ਗੁਰ (ਗੁਣ) ਦੇ ਦੇਵੇ ਤਾਂ ਸਤਿਜੁਗ ਹੋ ਜਾਂਦਾ “ਕਲਿਜੁਗੁ ਉਧਾਰਿਆ ਗੁਰਦੇਵ॥”। ਕਲਿਜੁਗ ਵਿੱਚ ਹੋਰ ਕੋਈ ਪੁੰਨ ਨਹੀਂ ਹੈ ਕੇਵਲ ਗੋਬਿੰਦ ਦੇ ਗੁਣ ਗਾਉਣਾ ਹੀ ਪੁੰਨ ਹੈ “ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ॥”। ਪਾਪ ਪੁੰਨ ਬਾਰੇ ਜਾਨਣ ਲਈ ਵੇਖੋ “ਪਾਪ ਪੁੰਨ”। ਜੇ ਇੱਕ ਹੋਵੇਗਾ, ਤਾਂ ਸੱਚਖੰਡ ਵਿੱਚ, ਜਦੋਂ ਸੰਤੋਖ ਵਿੱਚ ਹੈ ਤਾਂ ਸਤਿਜੁਗ ਹੈ। ਓਥੋਂ ਫੇਰ ਜੇ ਸਵੈ ਭੰਗ ਕਰ ਬੈਠਿਆ ਤਾਂ ਫੇਰ ਜਨਮ, ਸਵੈ ਭੰਗ ਦਾ ਗੁਣ ਹਮੇਸ਼ਾਂ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਐਸੀ ਗਲਤੀ ਕਿਉਂ, ਹੁਣ ਸਿ੍ਸ਼ਟੀ ਹੈ, ਤੜਫ ਰਹੇ ਕਰੋੜਾਂ ਜੀਵ ਦਿਖਦੇ ਹਨ, ਪਰ ਜਦੋਂ ਓਹ ਇਕ ਸੁੰਨ ਤੋਂ ਸਹਿਜ ਵਿੱਚ ਆਇਆ ਸੀ, ਉਦੋਂ ਦੇਖਣ ਨੂੰ ਕੁਝ ਵੀ ਨਹੀਂ ਸੀ, ਕੋਈ ਸਿ੍ਸ਼ਟੀ ਨਹੀਂ ਸੀ ਉਦੋਂ। ਓਦੋਂ ਹੀ ਗਲਤੀ ਹੋਈ, ਤਦ ਤੋਂ ਹੀ ਅਸੀਂ ਵੀ ਭਟਕ ਰਹੇ ਹਾਂ, ਇਹ ਨੇ ਚਾਰ ਅਵਸਥਾਵਾਂ, ਚਾਰ ਜੁਗ, ਜਦ ਤੱਕ ਸੱਚਖੰਡ ਵਿੱਚ ਸਾਬਤ ਹੈ, ਹਰਿ ਜਨਮ ਮਰਨ ਬਿਹੀਨ ਹੈ ਪਰਮੇਸਰ ਦੇ ਹੁਕਮ ਨਾਲ ਏਕੇ ਵਿੱਚ ਹੈ, ਬਿਬੇਕ ਬੁੱਧ ਹੈ ਤਾਂ ਸਤਿਜੁਗ ਹੈ। ਜਦੋਂ ਇੱਛਾ ਹੈ ਪਰ ਪੂਰੀ ਕਰਨ ਲਈ ਸਰੀਰ ਨਹੀਂ ਤਾਂ ਤ੍ਰੇਤਾ ਹੈ। ਜਦੋਂ ਮਾਤਾ ਦੇ ਗਰਭ ਵਿੱਚ ਸਰੀਰ ਬਣਾ ਰਹਿਆ ਹੈ ਉਰਧ (ਪੁੱਠਾ) ਤਪ ਮਾਇਆ ਦਾ ਕਰ ਰਹਿਆ ਹੈ ਤਾਂ ਦੁਆਪਰ ਹੈ।
”ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥ ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ॥ ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ॥ ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ॥ ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ॥ ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ॥੧॥” – ਭਾਵ ਮੇਰੁ – ਜਿਵੇਂ ਸੁਮੇਰ ਪਰਬਤ, ਇਨਸਾਨ ਦਾ ਸਰੀਰ ਸਬ ਤੋਂ ਉੱਚਾ ਜਨਮ ਹੈ ਜਿਸ ਵਿੱਚ ਬੁੱਧ ਦੀ ਅਵਸਥਾ ਸਬ ਤੋਂ ਉੱਚੀ ਹੈ। ਇਸ ਵਿੱਚ ਰਥਵਾਰੁ ਆਤਮ ਰਾਮ ਜੋਤ ਸਬ ਤੋਂ ਉੱਚਾ ਹੈ। ਜੁਗ ਜੁਗ ਫੇਰ ਵਟਾਈਏ ਦਾ ਅਰਥ ਸਾਰੇ ਜੁਗ ਇਸੇ ਜਨਮ ਵਿੱਚ ਹੁਕਮ ਦੇ ਕਾਰਣ ਬਦਲਨੇ। ਸਾਰੇ ਜੁੱਗ ਨਾਲ ਨਾਲ ਹੀ ਨੇ, ਜਨਮ ਤੋਂ ਪਹਿਲਾਂ ਮੁਕਤੀ ਵੇਲੇ ਜਾ ਕਹਿ ਲਵੋ ਜਦੋਂ ਹਜੇ ਸੁੱਖਸਾਗਰ ਵਿੱਚ ਹੈ ਤਾਂ ਸਤਜੁਗ ਹੈ ਜਿਵੇਂ “ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ”। ਜੇ ਮਾਇਆ ਦੀ ਅੱਗ ਵਿੱਚ ਫਸਿਆ ਤਾਂ ਕਲਜੁਗ। ਤ੍ਰੇਤਾ ਜੇ ਜੋਤ ਕੋਲ ਹਜੇ ਸਰੀਰ ਨਹੀਂ ਹੈ। ਦੁਆਪੁਰਿ ਜੇ ਮਾਤ ਗਰਬ ਵਿੱਚ ਹੈ ਉਰਧ ਤੱਪ ਕਰ ਰਿਹਾ ਦੂਆ ਤੱਪ ਕਰ ਰਿਹਾ ਮਾਇਆ ਦਾ ਪੁੱਠਾ ਤੱਪ ਕਰ ਮਾਇਆ ਦਾ ਸਰੀਰ ਬਣਾ ਰਿਹਾ ਇਹੀ ਗੁਰਮੁਖ ਨੇ ਬੂਝਣਾ। “ਆਦਿ ਸਚੁ” – ਜੁਗ ਤੋਂ ਪਹਿਲਾਂ ਵੀ ਸਤਿ (ਪਰਮੇਸਰ) ਹੈ “ਜੁਗਾਦਿ ਸਚੁ” ਜਦੋਂ ਜੁਗ ਦੀ ਹੋਂਦ ਸ਼ੁਰੂ ਹੁੰਦੀ। ਸਰੀਰ ਵਿੱਚ ਕਲਪਨਾ ਵਸ ਹੈ ਤਾਂ ਕਲਿਜੁਗ ਹੈ। ਇਹ ਚੱਕਰ ਪੁੱਠਾ ਚਲਾਉਣਾ ਪੈਂਦਾ ਹੈ, ਗਰਭ ਵਰਗੀ ਅਵਸਥਾ ਮਨ ਚਿਤ ਇੱਕ ਕਰਨਾ ਹੈ ਅਤੇ ਹੁਕਮ ਨਾਲ ਏਕਾ ਕਰਨਾ ਤਾਂ ਦਸ ਚਾਰ ਚਾਰ ਪ੍ਰਬੀਨ ਹੋ ਜਾਣਾ। ਸਰੀਰ ਦਾ ਮੋਹ ਤਿਆਗ ਸਰੀਰ ਨਾਲੋਂ ਟੁੱਟਣਾ ਤ੍ਰੇਤਾ ਹੈ। ਸ਼ਬਦ ਗੁਰੂ ਨਾਲ ਮੇਲ ਹੋ ਗਿਆ, ਹਰਿ ਦਾ ਨਾਮ (ਸੋਝੀ) ਚੇਤੇ ਰੱਖ ਕੇ ਧਿਆਨ ਵਿੱਚ ਰੱਖ ਕੇ ਹਰਿਆ ਹੋ ਗਿਆ, ਹਰਿ ਹੋ ਕੇ ਹਰਿ ਨਾਮ ਸ਼ਬਦ ਗੁਰੂ ਵਿੱਚ ਸਮਾ ਗਿਆ ਤਾਂ ਜਨਮ ਮਰਨ ਬਿਹੀਨ ਹਰਿ ਹੈ। ਇਹੀ ਸਤਿਜੁਗ ਹੈ, ਸਤਿਜੁਗ ਸੱਚਖੰਡ ਦੀ ਅਵਸਥਾ ਹੈ, ਸੱਚਖੰਡ ਹਮੇਸ਼ਾ ਰਹਿੰਦਾ ਹੈ, ਅਜੇ ਵੀ ਹੈ, ਸੱਚਖੰਡ ਦਾ ਹੁਕਮ ਹੀ ਸ਼ਬਦ ਗੁਰੂ ਹੈ, ਸ੍ਰਿਸ਼ਟੀ ਚਲਾ ਰਹਿਆ ਹੈ।
“ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ॥੩॥ ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥ ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥ ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ॥ ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ॥” – ਭਾਵ ਨਾਨਕ ਪਾਤਿਸ਼ਾਹ ਆਪਣੇ ਆਪ ਨੂੰ ਜਨ ਆਖ ਰਹੇ ਹਨ, ਹਰਿ ਕੇ ਜਨ ਜਿਹਨਾਂ ਨੇ ਹਰਿ ਧਿਆਇਆ (ਧਿਆਨ ਵਿੱਚ ਰੱਖਿਆ) ਹੈ ਕਿਉਂਕੇ ਹਰਿ ਹੀ ਰੱਖਣਹਾਰਾ ਹੈ ਜਿਸਨੇ ਹਰਿ ਜੁਗ, ਭਾਵੇਂ ਅੰਤਰੀਵ ਗਿਆਨ ਦੀ ਅਵਸਥਾ ਹੋਵੇ ਜਾਂ ਬਾਹਰੀ ਮੰਨੇ ਜਾਣ ਵਾਲੇ ਸਮੇ ਵਿੱਚ ਆਪਣਾ ਗਿਆਨ ਦੇ ਕੇ ਆਪਣੇ ਭਗਤਾਂ ਦੀ ਪੈਜ ਰੱਖੀ ਹੈ। ਕਥਾ ਕਹਾਣੀਆਂ ਵਿੱਚ ਹਰਣਾਖਸ ਕਿਸੇ ਸ਼ੇਰ ਦੇ ਮੂੰਹ ਤੇ ਇਨਸਾਨ ਦੇ ਸ਼ਰੀਰ ਵਾਲੇ ਦੈਤ ਨੂੰ ਮੰਨਿਆ ਹੈ ਪਰ ਗੁਰਮਤਿ ਹਰਣਾਖਸ ਮਨ ਨੂੰ ਮੰਨਦੀ ਹੈ “ਦੁਰਮਤਿ ਹਰਣਾਖਸੁ ਦੁਰਾਚਾਰੀ॥(੨੨੪)”। ਮਨ ਦੇ ਮਰਨ ਤੋਂ ਬਿਨਾ ਭਗਤੀ ਸ਼ੁਰੂ ਹੀ ਨਹੀਂ ਹੁੰਦੀ “ਮਨ ਮਾਰੇ ਬਿਨੁ ਭਗਤਿ ਨ ਹੋਈ॥”। ਗੁਰਬਾਣੀ ਦਾ ਫੁਰਮਾਨ ਹੈ ਕੇ ਜਿਸਨੂੰ ਹਰਿ ਦਾ ਰੰਗ ਲੱਗੇ ਭਾਵ ਗਿਆਨ ਪ੍ਰਾਪਤ ਹੋ ਜਾਵੇ, ਗੁਣ ਪ੍ਰਾਪਤ ਬੋ ਜਾਣ, ਨਾਮ (ਸੋਝੀ) ਮਿਲ ਜਾਵੇ ਤੇ ਮਨ ਮਾਰ ਲਵੇ, ਮਨ ਨਾਲ ਝੂਝੇ ਉਹੀ ਸੂਰਮਾ ਹੈ “ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥”। ਕੁਝ ਲੋਗ ਸਵੇਰੇ ਉੱਠਣ ਨੂੰ ਮਨ ਮਾਰਨਾ ਮੰਨਦੇ ਹਨ, ਕਿਸੇ ਗਲ ਦਾ ਜੀ ਨਾ ਕਰਦਾ ਹੋਵੇ, ਪਰ ਦਰ ਵਿੱਚ ਬੰਧਨ ਵਿੱਚ ਕਰਨ ਨੂੰ ਮਨ ਮਾਰਨਾ ਮੰਨਦੇ ਹਨ ਪਰ ਗੁਰਮਤਿ ਅਗਿਆਨਤਾ ਦਾ, ਵਿਕਾਰਾਂ ਦੇ ਖਤਮ ਹੋ ਜਾਣ ਨੂੰ ਮਨ ਦਾ ਮਰਨਾ ਮੰਨਦੀ ਹੈ। ਮਨ ਉਦੋਂ ਮਰਦਾ ਹੈ ਜਦੋਂ ਨਾਮ (ਸੋਝੀ) ਪ੍ਰਾਪਤ ਹੋ ਹਾਵੇ, ਹੁਕਮ ਦਾ ਭਾਣੇ ਦਾ ਗਿਆਨ ਹੋ ਜਾਵੇ। ਇੱਕ ਵਾਰੀ ਮਰ ਜਾਵੇ ਤਾਂ ਦੁਬਾਰਾ ਪੈਦਾ ਨਹੀਂ ਹੁੰਦਾ। ਮਨ ਦੀ ਥਾਂ ਘਟ ਵਿੱਚ ਹਰਿ ਦਾ, ਰਾਮ ਦਾ ਰਾਜ ਹੋ ਜਾਂਦਾ ਹੈ ਜੋ ਅੰਤਿ (ਦੁਰਮਤਿ ਦੇ ਅੰਤ ਦੁਆਰਾ) ਸਹਾਈ ਹੁੰਦਾ ਹੈ। ਇਸ ਨੂੰ ਪ੍ਰਚਾਰਕ ਜੀਵਨ ਦਾ ਅੰਤ ਪ੍ਰਚਾਰਦੇ ਹਨ ਪਰ ਗੁਰਮਤਿ ਜੀਵ ਦਾ ਮਰਨ ਨਹੀਂ ਮੰਨਦੀ “ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ॥ ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ॥ ਆਗਿਆਕਾਰੀ ਧਾਰੀ ਸਭ ਸ੍ਰਿਸਟਿ॥”। ਸਰੀਰ ਤਾਂ ਕੇਵਲਨਜੋਤ ਦਾ ਕਪੜਾ ਹੈ ਜੋ ਦੁਨੀਆ ਅੰਦਰ ਛੱਡ ਕੇ ਜਾਣਾ ਹੈ “ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥”। ਜੀਵਨ ਮਰਨ ਬਾਰੇ ਗੁਰਮਤਿ ਉਪਦੇਸ਼ ਸਮਝਣ ਲਈ ਪੜ੍ਹੋ “Death ਮਰਨਾ ਕੀ ਹੈ”। ਇਸ ਗਲ ਦਾ ਵੀ ਧਿਆਨ ਰਹੇ ਕੇ “ਅੰਤਿ” ਵਿੱਚ “ਤ” ਨੂੰ ਸਿਹਾਰੀ ਲੱਗਣ ਕਾਰਣ ਇਸਦਾ ਅਰਥ ਬਦਲ ਜਾਂਦਾ ਹੈ ਅੰਤ ਦੁਆਰਾ ਹੋ ਜਾਂਦਾ ਹੈ। ਗੁਰਮਤਿ ਵਿਆਕਰਣ ਦੇ ਕੁਝ ਨੀਅਮ ਹਨ ਜਿਹਨਾਂ ਨੂੰ ਸਮਝਣ ਲਈ ਵੇਖੋ “grammer”।
ਸੋ ਭਾਈ ਗੁਰਬਾਣੀ ਨੂੰ ਪੜ੍ਹੋ, ਸਮਝੋ, ਵਿਚਾਰੋ। ਸਾਰੇ ਭਗਤ, ਸਾਰੇ ਗੁਰੁ ਸਾਹਿਬਾਨਾਂ ਨੂੰ ਸੱਚਖੰਡ ਦਾ ਸਤਿਜੁਗ ਦਾ ਪਤਾ ਸੀ, ਇਹ ਸਾਰੇ ਸਤਿ ਜੁਗੀ ਜੀਵ ਹੀ ਸਨ ਜਿਹਨਾਂ ਰਾਮ ਨਾਮ (ਸੋਝੀ), ਰਾਮ ਦਾ, ਹਰਿ ਦਾ, ਹੁਕਮ ਦਾ ਗਿਆਨ ਲੈਕੇ ਸਤਿਜੁਗ ਘਟ ਅੰਦਰ ਹੀ ਪ੍ਰਗਟ ਕੀਤਾ ਤੇ ਮਾਣਿਆ। ਰਾਮ ਬਾਰੇ ਜਾਨਣ ਲਈ ਵੇਖੋ “ਗੁਰਮਤਿ ਵਿੱਚ ਰਾਮ” ਅਤੇ ਹਰਿ ਬਾਰੇ ਜਾਨਣ ਲਈ ਵੇਖੋ “ਹਰਿ”।
”ਕਲਿ ਮਹਿ ਪ੍ਰੇਤ ਜਿਨੑੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ॥ ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ॥੧॥ ਕਲਿ ਮਹਿ ਰਾਮ ਨਾਮਿ ਵਡਿਆਈ॥ ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ॥੧॥ ਰਹਾਉ॥ ਹਿਰਦੈ ਨਾਮੁ ਲਖੈ ਜਨੁ ਸਾਚਾ ਗੁਰਮੁਖਿ ਮੰਨਿ ਵਸਾਈ॥ ਆਪਿ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮਿ ਲਿਵ ਲਾਈ॥੨॥ ਮੇਰਾ ਪ੍ਰਭੁ ਹੈ ਗੁਣ ਕਾ ਦਾਤਾ ਅਵਗਣ ਸਬਦਿ ਜਲਾਏ॥ ਜਿਨ ਮਨਿ ਵਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ॥੩॥ ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆ ਮਾਣੈ॥ ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ॥੪॥੬॥੧੬॥“