Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਵਿਕਾਰਃ ਕਾਮ, ਕ੍ਰੌਧ, ਲੋਭ, ਮੋਹ, ਅਹੰਕਾਰ

ਸੰਸਾਰ ਵਿੱਚ ਬਹੁਤ ਸਾਰੀਆਂ ਮੱਤਾਂ ਹਨ ਜਿਹਨਾਂ ਵਿੱਚ ਨੈਤਿਕਤਾ ਤੇ ਜ਼ੋਰ ਦਿੱਤਾ ਜਾਂਦਾ ਹੈ ਤੇ ਅਧਿਆਤਮਿਕ ਜਾਂ ਬ੍ਰਹਮ ਗਿਆਨ ਤੋਂ ਧਿਆਨ ਹਟ ਜਾਂਦਾ ਹੈ। ਕਈ ਤਾਂ ਨੇਤਿਕਤਾ ਨੂੰ ਹੀ ਅਧਿਆਤਮਿਕ ਗਿਆਨ ਮੰਨਦੇ ਹਨ। ਅਸੀਂ ਪਿਛਲੀਆਂ ਕੁੱਝ ਪੋਸਟਾਂ ਵਿੱਚ ਨੈਤਿਕਤਾ ਅਤੇ ਅਧਿਆਤਮ ਦੇ ਅੰਤਰ ਬਾਰੇ ਵਿਚਾਰ ਕੀਤੀ ਸੀ ਤੇ ਬ੍ਰਹਮ ਗਿਆਨ ਬਾਰੇ ਵੀ ਸਮਝਣ ਦੀ ਕੋਸ਼ਿਸ਼ ਕੀਤੀ। ਉਸੇ ਕੜੀ ਵਿੱਚ ਵਿਕਾਰਾਂ ਨੂੰ ਅੱਗੇ ਸਮਝਣ ਦਾ ਜਤਨ ਕਰਾਂਗੇ। ਜਿਹੜੇ ਧਰਮ ਪਰਮੇਸਰ ਦੀ ਹੋਂਦ ਨੂੰ ਨਹੀਂ ਮੰਨਦੇ ਜਾਂ, ਜਿਹਨਾਂ ਨੇ ਮਨ ਦੀ ਖੋਜ ਨਹੀਂ ਕੀਤੀ ਉਹਨਾ ਦਾ ਮੰਨਣਾ ਹੈ ਕੇ ਵਿਕਾਰ ਕਾਬੂ ਜਾਂ ਖਤਮ ਨਹੀਂ ਕੀਤੇ ਜਾ ਸਕਦੇ ਪਰ ਕੁਝ ਖਾਸ ਕਰਮ ਜਾਂ ਯੋਗ ਨਾਲ ਇਹਨਾਂ ਨੂੰ ਘਟਾਇਆ ਜਾ ਸਕਦਾ ਹੈ। ਕੇਵਲ ਗੁਰਮਤਿ ਨੇ ਹੀ ਮਾਰਗ ਦੱਸਿਆ ਹੈ ਜਿਸ ਨਾਲ ਵਿਕਾਰ ਪੈਦਾ ਹੋਣ ਤੋਂ ਹੀ ਰੋਕੇ ਜਾ ਸਕਦੇ ਹਨ। ਜੰਗ ਦੇ ਮੈਦਾਨ ਵਿੱਚ ਜਿਵੇਂ ਸੂਰਮਿਆਂ ਨੂੰ ਪਤਾ ਹੁੰਦਾ ਹੈ ਕੇ ਕਿਹੜੇ ਸ਼ਸਤਰ ਨੂੰ ਕਿਵੇਂ ਕੱਟਣਾ ਹੈ ਤੇ ਦੂਜੇ ਧੜੇ ਦੇ ਸੂਰਮੇ ਨੂੰ ਕਿਵੇਂ ਹਰਾਉਣਾ ਹੈ, ਉਸੇ ਤਰੀਕੇ ਨਾਲ ਪਹਿਲਾਂ ਵਿਕਾਰਾਂ ਨੂੰ ਸਮਝਣ ਦੀ ਲੋੜ ਹੈ। ਵਿਕਾਰ ਮਨ ਤੇ ਕੀ ਪ੍ਰਭਾਵ ਪਾਉਂਦੇ ਹਨ ਸਮਝਣ ਤੇ ਗੁਣਾਂ ਦੀ ਵਿਚਾਰ, ਗਿਆਨ ਤੇ ਨਾਮ (ਸੋਝੀ) ਨਾਲ ਉਹਨਾਂ ਵਿਕਾਰਾਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ। ਗੁਰਮਤਿ ਵਿਕਾਰਾਂ ਦੀ ਮਾਂ ਜੋ ਕੇ ਬੁੱਧ ਹੈ ਕਾਬੂ ਕਰਨ ਦੀ ਗਲ ਕਰਦੀ ਹੈ। ਕੁਬੁਧ ਵਿਕਾਰਾਂ ਨੂੰ ਜਨਮ ਦਿੰਦੀ ਹੈ। ਜਦੋਂ ਕਹਿਆ “ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥” ਇੱਥੇ ਮਾਂ ਕਿਸੇ ਮਨੁੱਖ ਦੀ ਨਹੀਂ ਮਤਿ (ਬੁੱਧ) ਨੂੰ ਬਾਂਝ ਕਰਨ ਦੀ ਗਲ ਹੋ ਰਹੀ ਹੈ। ਸੰਸਾਰੀ ਬਾਲਕ ਅਗਰ ਨਾਲਾਇਕ ਪੈਦਾ ਹੋ ਚੁੱਕਾ ਹੈ ਤਾਂ ਉਸਦੀ ਮਾਤਾ ਨੂੰ ਬਾਂਝ ਕਰਨ ਦਾ ਲਾਭ ਨਹੀਂ ਹੋਣਾ। ਪਰ ਜੇ ਪਤਾ ਹੋਵੇ ਕੇ ਗੁਰਮਤਿ ਮਾਤਾ , ਮਤਿ ਨੂੰ ਜਾ ਬੁੱਧ ਨੂੰ ਮੰਨਦੀ ਹੈ ਤਾਂ ਭੇਦ ਸਮਝ ਆਉਣਾ। ਬੁੱਧ ਤਾਂ ਸੋਝੀ ਨਾ ਹੋਣ ਤੇ ਹਰ ਪਲ ਵਿਕਾਰਾਂ ਨੂੰ ਲਗਾਤਾਰ ਪੈਦਾ ਕਰਦੀ ਰਹਿੰਦੀ ਹੈ। ਗੁਰਬਾਣੀ ਦਾ ਫੁਰਮਾਨ ਹੈ “ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ॥”। ਪਾਤਿਸ਼ਾਹ ਆਖਦੇ “ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥” ਭਾਵ ਸਾਡੇ ਵਿਕਾਰ ਸਾਡੇ ਅਵਗੁਣ ਅਨੰਤ ਹਨ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਈਰਖਾ, ਦਵੈਸ਼, ਝੂਠ, ਨਿੰਦਾ, ਚੁਗਲੀ ਆਦੀ ਬੁੱਧ ਵਿੱਚ ਪੈਦਾ ਹੁੰਦੇ ਹਨ। ਤ੍ਰੈ ਗੁਣ ਮਾਇਆ ਭਾਵ ਰਜ ਗੁਣ (ਰਾਜ ਦੀ ਇੱਛਾ), ਸਤ ਗੁਣ (ਧਰਮੀ ਦਿਸਣ ਦੀ ਇੱਛਾ) ਅਤੇ ਤਮ ਗੁਣ (ਤਮੋ ਗੁਣ ਸਰੀਰ ਦੀ ਇੱਛਾ) ਵੀ ਅਵਗੁਣ ਹੀ ਹਨ ਇਹਨਾਂ ਨੂੰ ਸਮਝਣ ਲਈ ਵੇਖੋ “ਤ੍ਰੈ ਗੁਣ ਮਾਇਆ, ਭਰਮ ਅਤੇ ਵਿਕਾਰ”। ਇਹ ਮਨ ਦੇ ਰੋਗ ਹਨ, ਮਨਮਤਿ ਰੋਗ ਹੈ। ਇਹਨਾਂ ਰੋਗਾਂ ਨਾਲ ਲੜਨ ਲਈ ਪਹਿਲਾਂ ਇਹਨਾਂ ਵਿਕਾਰਾਂ ਦੀ ਸਮਝ ਚਾਹੀਦੀ ਹੈ “ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ॥ ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥ ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ॥ ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ॥੨॥

ਗੁਰਬਾਣੀ ਨੇ ਜੀਵ ਨੂੰ ਵਿਕਾਰਾਂ ਤੋਂ ਦੂਰ ਰੱਖਣਾ। ਕਬੀਰ ਜੀ ਪਾਤਿਸ਼ਾਹ ਦਾ ਫੁਰਮਾਨ ਹੈ “ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹ੍ਹਿਓ ਢਾਕ ਪਲਾਸ॥ ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥੧੧॥” – ਭਾਵ ਚੰਦਨ ਹੈ ਗੁਰ (ਗੁਣ) / ਨਾਮ (ਸੋਝੀ), ਪ੍ਰਮਾਣ “ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥”। ਹੋਰ ਵੀ ਪ੍ਰਮਾਣ ਹਨ ਜਿਵੇਂ “ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ॥੧॥”, “ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ॥ ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ॥੬॥”, “ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ॥ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ॥੧॥”, “ਕਬੀਰ ਪਾਰਸ ਚੰਦਨੈ ਤਿਨੑ ਹੈ ਏਕ ਸੁਗੰਧ॥ ਤਿਹ ਮਿਲਿ ਤੇਊ ਊਤਮ ਭਏ ਲੋਹ ਕਾਠ ਨਿਰਗੰਧ॥੭੭॥”। ਅਤੇ ਢਾਕ ਪਲਾਸ ਹੈ ਮਨਮਤਿ/ ਵਿਕਾਰ।

ਕੋਟਨ ਮਹਿ ਕਉ ਨਾਰਾਇਣ ਜਿਹ ਚੀਤ॥” – ਭਾਵ ਕਰੋੜਾ ਵਿੱਚ ਕੋਈ ਵਿਰਲਾ ਹੈ ਜਿਸਦੇ ਚਿੱਤ ਵਿੱਚ ਨਾਰਾਇਣ ਹੈ। ਸਾਡੇ ਕੋਲ ਗੁਰਬਾਣੀ ਗਿਆਨ ਦਾ ਸਾਗਰ ਹੈ। ਪਰ ਕੀ ਅਸੀਂ ਗੁਰਬਾਣੀ ਵਿਚ ਜੋ ਰਾਹ ਦਸਿਆ ਹੋਇਆ ਹੈ ਉਸ ਤੇ ਚਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਨਹੀਂ ? ਸਾਡਾ ਤਾਂ ਸਾਰਾ ਧਿਆਨ ਬਾਹਰ ਨੂੰ ਹੈ, ਮਨ ਦਾ ਧਿਆਨ ਮਾਇਆ ਵਲ ਜਾਂ ਆਪਣੇ ਸਰੀਰ ਵਲ ਹੈ। ਭਗਤ ਤਾਂ ਆਖਦੇ “ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ॥ ਜੰਤੁ ਬਿਚਾਰਾ ਕਿਆ ਕਰੈ ਚਲੇ ਬਜਾਵਨਹਾਰ॥੧੦੩॥” – ਭਾਵ ਜੋ ਅਸੀਂ ਸਰੀਰ ਰੂਪੀ ਜੰਤਰ ਬਜਾ ਰਹੇ ਹਾਂ, ਟੂਟਿ ਗਈ ਸਭ ਤਾਰ ਭਾਵ ਇਸ ਵਲ ਧਿਆਨ ਹਟ ਗਿਆ ਹੈ ਤੇ ਹੁਣ ਜਿਹੜਾ ਘਟ/ਘਰ/ਹਿਰਦੇ ਅੰਦਰ ਬੈਠਾ ਬਜਾਵਣਹਾਰ (ਰਾਮ/ਹਰਿ/ਪ੍ਰਭ/ਠਾਕੁਰ/ਜੋਤ) ਦੇ ਹੱਥ ਸੌਪ ਦਿੱਤਾ ਹੈ ਸਬ ਕੁੱਝ। ਮਨੁੱਖ ਬਾਹਰਲੇ ਮਾਇਆ ਦੇ ਸਰੀਰ ਬਦੇਹੀ ਨੂੰ ਘਰ ਮੰਨੀ ਬੈਠਾ ਪਰ ਗੁਰਮਤਿ ਘਰ/ਘਟ ਮਨੁੱਖ ਦੇ ਹਿਰਦੇ ਨੂੰ ਗਿਆਨ ਰੂਪੀ ਦੇਹੀ ਨੂੰ ਮੰਨਦੀ ਹੈ “ਦੇਹੀ ਗੁਪਤ ਬਿਦੇਹੀ ਦੀਸੈ॥ ਸਗਲੇ ਸਾਜਿ ਕਰਤ ਜਗਦੀਸੈ॥” ਤੇ ਗੁਰਮਤਿ ਰਾਹੀਂ ਇਹ ਨਿਜ ਘਰ, ਦੇਹੀ ਦਾ ਘਰ ਦਿਸਣਾ “ਘਰ ਮਹਿ ਘਰੁ ਜੋ ਦੇਖਿ ਦਿਖਾਵੈ॥ ਗੁਰ ਮਹਲੀ ਸੋ ਮਹਲਿ ਬੁਲਾਵੈ॥ ਮਨ ਮਹਿ ਮਨੂਆ ਚਿਤ ਮਹਿ ਚੀਤਾ॥ ਐਸੇ ਹਰਿ ਕੇ ਲੋਗ ਅਤੀਤਾ॥੫॥” ਅਤੇ “ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ॥ ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ॥ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ॥੧॥

ਸੋ ਆਉ ਆਪਾਂ ਵਿਚਾਰ ਕਰਦੇ ਹਾਂ ਵਿਕਾਰਾਂ ਬਾਰੇ ਤੇ ਜਾਣਦੇ ਹਾਂ ਇਹ ਵਿਕਾਰ ਕੀ ਹਨ ਤੇ ਕਿਵੇਂ ਕਾਬੂ ਹੁੰਦੇ ਹਨ।

ਕਾਮ

ਗੁਰਮਤਿ ਦੇ ਵਿੱਚ ਕਈ ਪੰਕਤੀਆਂ ਹਨ ਜਿੱਥੇ ਕਾਮ ਤੇ ਕ੍ਰੋਧ ਇਕੱਠੇ ਲਿਖੇ ਗਏ ਹਨ। ਇਸ ਨੂੰ ਵੀ ਸਮਝਣਾ ਜ਼ਰੂਰੀ ਹੈ। ਕਾਮ ਦਾ ਰਿਸ਼ਤਾ ਕਾਮਨਾ (ਇੱਛਾ) ਨਾਲ ਹੈ। ਅਸੀਂ ਕਾਮ ਕੇਵਲ ਸਰੀਰਕ ਵਾਸਨਾ ਨਾਲ ਜੋੜ ਕੇ ਵੇਖਦੇ ਹਾਂ। ਕਈ ਧਰਮ ਤੇ ਸਿੱਖਾਂ ਵਿੱਚ ਵੀ ਧੜੇ ਹਨ ਜੋ ਸਰੀਰਕ ਸੰਬੰਧ ਨੂੰ ਮਾੜਾ ਮੰਨਦੇ ਹਨ। ਇਸਨੂੰ ਪਹਿਲਾਂ ਹੀ ਰੱਦ ਕੀਤਾ ਹੈ ਗੁਰਮਤਿ ਨੇ ਇਹ ਕਹ ਕੇ “ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥੩॥” – ਭਾਵ ਜੇ ਬਿੰਦ ਰੱਖਿਆਂ, ਬਿਹੰਗਮ ਰਹਿਆਂ ਤਰ ਜਾਂਦੇ ਤਾਂ ਖੁਸਰੇ ਨੂੰ ਪਰਮ ਗਤ ਪ੍ਰਾਪਤ ਹੋ ਜਾਣੀ ਸੀ। ਕਈ ਮੱਤਾਂ ਵਿੱਚ ਬਿਹੰਗਮ ਰਹਿਣ ਨੂੰ ਚੰਗਾ ਮੰਨਿਆ ਗਿਆ ਤੇ ਕਾਮ ਨੂੰ ਮਾੜਾ ਮੰਨਿਆ ਗਿਆ। ਇਹਨਾਂ ਧਰਮਾਂ ਵਿੱਚ ਗ੍ਰਹਸਥ ਜੀਵਨ ਤਿਆਗਣਾ ਮੁਕਤੀ ਦਾ ਮਾਰਗ ਮੰਨਿਆ ਗਿਆ ਹੈ। ਇਹ ਲੋਕਾਂ ਵਿੱਚ ਪ੍ਰਚਲਤ ਕਰਦੇ ਪਰ ਆਪ ਪੜਦੇ ਦੇ ਪਿੱਛੇ ਸਬ ਕੁੱਝ ਕਰਦੇ ਨੇ। ਗੁਰਮਤਿ ਇਸ ਮਤਿ ਨਾਲ ਸਹਿਮਤ ਨਹੀਂ ਹੈ। ਗੁਰਮਤਿ ਗ੍ਰਹਿਸਤ ਜੀਵਨ ਵਿੱਚ ਰਹਿੰਦਿਆਂ ਮੁਕਤੀ ਦਾ ਮਾਰਗ ਦੱਸਦੀ ਹੈ। ਜੋ ਪਰਮੇਸਰ ਨੇ ਸੰਸਾਰ ਚਲਾਉਣ ਦੀ ਵਿਧੀ ਬਣਾਈ ਹੈ ਉਹ ਗਲਤ ਕਿਵੇਂ ਹੋ ਸਕਦੀ ਹੈ? ਇਹ ਜੀਵਨ ਚੱਕ੍ਰ ਹੈ। ਹਾਂ ਜੇ ਕੋਈ ਕਿਸੇ ਦੀ ਇੱਛਾ ਦੇ ਵਿੱਰੁਧ ਜੋਰ ਜਬਰ ਕਰਦਾ ਹੈ ਉਹ ਗਲਤ ਹੈ। ਕਿਸੇ ਵੀ ਇੱਛਾ, ਕੰਮ ਲੋੜ ਜਾਂ ਜ਼ਰੂਰਤ ਤੋਂ ਜਿਆਦਾ ਹੋਵੇ ਰੋਗ ਬਣ ਜਾਂਦਾ ਹੈ। ਵਾਸ਼ਨਾ ਵਿੱਚ ਮੋਹ ਵਿੱਚ ਮਨ ਜੀਵ ਤੇ ਭਾਰੀ ਹੋ ਜਾਂਦਾ ਹੈ। ਜਿਵੇਂ ਭੰਗ ਵੀ ਕੁਦਰਤ ਵਿੱਚ ਦਵਾ ਦਾ ਕੰਮ ਕਰਣ ਲਈ ਬਣੀ ਹੈ, ਦਵਾ ਵਾਂਗ ਵਰਤੀ ਜਾਵੇ ਠੀਕ ਹੈ ਪਰ ਜੇ ਇਸਤੋ ਬਿਨਾਂ ਜੀਣਾ ਮੁਸ਼ਕਲ ਲੱਗੇ ਸਮਝੋ ਜੀਵ ਤੇ ਸਰੀਰ/ਮਨ/ਕਾਮਨਾ/ਇੱਛਾ ਭਾਰੀ ਹਨ। ਚੀਨੀ ਮੂੰਹ ਦੇ ਸੁਆਦ ਲਈ ਬਣੀ ਪਰ ਜ਼ਰੂਰਤ ਤੋਂ ਜਿਆਦਾ ਛਕਣ ਨਾਲ ਰੋਗਾਂ ਦਾ ਕਾਰਣ ਬਣਦੀ ਹੈ। ਅੱਜ ਸਾਡੇ ਸਮਾਜ ਵਿੱਚ ਕਾਮ ਬਾਰੇ ਗਲ ਕਰਨਾ ਵੀ ਮਾੜਾ ਮੰਨਿਆ ਜਾਂਦਾ ਹੈ ਇਹ ਗਲ ਲੁਕ ਕੇ ਕੀਤੀ ਜਾਂਦੀ ਹੈ। ਹਾਲਾਤ ਇਹ ਹਨ ਕੇ ਸੈਕਸ ੲੈਡੁਕੇਸ਼ਨ ਸਕੂਲਾਂ ਵਿੱਚ ਪੜਾਈ ਜਾਂਦੀ ਹੈ। ਬੱਚੇ ਗਲਤ ਸਹੀ ਦੀ ਪਛਾਣ ਨਹੀਂ ਕਰ ਪਾ ਰਹੇ ਤੇ ਆਪਣਾ ਗਿਆਨ ਟੀਵੀ, ਪੋਰਨ ਤੇ ਸੋਸ਼ਲ ਮੀਡੀਆ ਤੋਂ ਲੈ ਰਹੇ ਹਨ ਜੋ ਆਸਾਨੀ ਨਾਲ ਕਿਸੇ ਨੂੰ ਵੀ ਗਲਤ ਰਾਹ ਗਲਤ ਇੱਛਾ ਵਲ ਧੱਕ ਦਿੰਦੇ ਹਨ। ਕਈ ਸ਼ਬਦ ਜੋ ਆਮ ਭਾਸ਼ਾ ਵਿੱਚ ਕੁੱਝ ਸੌ ਸਾਲ ਪਹਿਲਾਂ ਤਕ ਵੀ ਵਰਤੋ ਵਿੱਚ ਸਨ ਉਹ ਪੜਦੇ ਦੇ ਪਿੱਛੇ ਵੀ ਨਹੀਂ ਬੋਲੇ ਜਾਂਦੇ। ਤਾਂ ਹੀਂ ਅੱਜ ਆਦਿ ਗ੍ਰੰਥ ਅਤੇ ਦਸਮ ਗ੍ਰੰਥ ਵਿੱਚ ਲਿਖੇ ਸ਼ਬਦ ਨਾ ਸਮਝੇ ਜਾਂਦੇ ਨਾ ਸਮਝਾਏ ਜਾਂਦੇ। ਜਿਸ ਗੁਰ ਬਾਣੀ, ਧੁਰ ਕੀ ਬਾਣੀ ਨੂੰ ਧੁਰੋਂ ਪ੍ਰਾਪਤ ਗਿਆਨ ਨੂੰ ਅਸੀਂ ਸੋਝੀ ਲੈਣ ਖਾਤਰ ਪੜ੍ਹਨਾ ਸੀ ਅਖੰਡ ਪਾਠ ਜਾਂ ਕੀਰਤਨ ਕਰਦਿਆਂ ਮੰਤਰਾਂ ਵਾਂਗ ਹੀ ਪੜ੍ਹਦੇ ਹਾਂ, ਫੇਰ ਸਵਾਲ ਉਠਣੇ ਲਾਜ਼ਮੀ ਨੇ ਕੇ ਇਹ ਕਿਉਂ ਲਿਖੇ ਗਏ। ਅਸ਼ਲੀਲਤਾ ਗਿਆਨ ਦੇਣ ਵਾਲੀ ਲਿਖਤ ਜਾਂ ਸਿਆਹੀ ਵਿੱਚ ਨਹੀਂ ਹੁੰਦੀ, ਅਸ਼ਲੀਲਤਾ ਅਗਿਆਨੀ, ਭਰਮ ਗਿਆਨੀ ਦੀ ਅਗਿਆਨਤਾ ਤੇ ਮਨ ਦਾ ਰੋਗ ਹੈ। ਆਦਿ ਗ੍ਰੰਥ ਅਤੇ ਦਸਮ ਗ੍ਰੰਥ ਵਿੱਚੋਂ ਇਹਨਾਂ ਸ਼ਬਦਾਂ ਨੂੰ ਕੱਢਣ ਦੀ ਮੁਹਿੰਮ ਵੀ ਇਸੇ ਕਾਰਣ ਚੱਲੀ ਹੈ। ਰੱਟਣ ਦੀ ਥਾਂ ਗਿਆਨ ਲੈਣਾ ਸੀ, ਸੋਝੀ ਲੈਣੀ ਸੀ। ਸਾਡੇ ਬਹੁਤੇ ਵੀਰਾਂ ਨੂੰ ਗਿਆਨ ਤੇ ਸੋਝੀ ਦਾ ਫਰਕ ਵੀ ਨਹੀਂ ਪਤਾ। ਤਾਂ ਹੀ ਨਕਲੀ ਸਾਧ ਆਮ ਲੋਕਾਂ ਨੂੰ ਛੇਤੀ ਪ੍ਰਭਾਵਿਤ ਕਰ ਲੈਂਦੇ ਹਨ। ਦਸਮ ਪਾਤਿਸ਼ਾਹ ਨੇ ਦਸਮ ਬਾਣੀ ਲਿਖੀ ਹੀ ਖਾਲਸੇ ਲਈ ਹੈ ਕੇ ਵਿਕਾਰ (ਦੈਤ) ਖਾਲਸੇ ਤੇ ਕਿਸ ਕਿਸ ਰੂਪ ਵਿੱਚ ਕਿਵੇਂ ਹਾਵੀ ਹੋਣ ਦੀ ਕੋਸ਼ਿਸ਼ ਕਰਨਗੇ ਤੇ ਚੰਡੀ (ਚੰਡੀ ਹੋਈ ਬੁੱਧ) ਨਾਲ ਗਿਆਨ ਖੜਗ ਨਾਲ ਉਹਨਾਂ ਨੂੰ ਕਿਵੇਂ ਕਾਬੂ ਕਰਨਾ।

ਕਾਮ, ਕਾਮਣ, ਕਾਮਾ ਇਹਨਾਂ ਸਾਰਿਆਂ ਦਾ ਰਿਸ਼ਤਾ ਇੱਛਾ ਨਾਲ ਕੈ। ਇਹ ਵਿਚਾਰ ਰਾਹੀਂ ਸਮਝ ਆਉਂਦਾ ਹੈ। ਪ੍ਰਮਾਣ ਹੈ “ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ॥” ਅਤੇ “ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ॥ ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ॥” – ਇਹਨਾਂ ਪੰਕਤੀਆਂ ਵਿੱਚ ਕਾਮ, ਵਾਸਨਾ ਜਾ ਸਰੀਰ ਦੀ ਭੁੱਖ ਲਈ ਨਹੀਂ ਵਰਤੇ ਗਏ। ਇੱਛਾ ਲਈ ਵਰਤੇ ਗਏ ਹਨ। ਗੁਰਬਾਣੀ ਵਿੱਚ ਜਿੱਥੇ ਵੀ ਕਾਮ ਆਇਆ ਹੈ ਕਾਮਨਾ, ਇੱਛਾ, ਲਾਲਚ ਵੱਜੋਂ ਆਇਆ ਹੈ। ਇਸ ਇੱਛਾ ਦੇ ਪਿੱਛੇ ਵਾਸਨਾ ਤੇ ਸਰੀਰਕ ਭੁੱਖ ਵੀ ਹੋ ਸਕਦੀ ਹੈ ਤੇ ਮਨ ਦੀ ਭੁੱਖ ਵੀ ਹੋ ਸਕਦੀ ਹੈ। ਅਨੇਕ ਪ੍ਰਮਾਣ ਹਨ ਗੁਰਮਤਿ ਵਿੱਚ ਇਸਦੇ ਜਿਵੇਂ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ॥ ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ॥੨॥”। ਕਾਮ ਕਾਰਨ ਜੀਵ ਸੁਪਨੇ ਵਿੱਚ ਵੀ ਕਿਸੇ ਦੀ ਸੇਜ ਤੇ ਵੀ ਪਹੁੰਚ ਜਾਂਦਾ ਹੈ ਇਹ ਮਨ ਦੀ ਭੁੱਖ ਹੈ ਭਾਵ ਕਾਮਨਾ ਹੈ। ਸੋਝੀ ਨਾਲ, ਨਾਮ ਨਾਲ ਇਹ ਸੁਪਨੇ ਵਿੱਚ ਵੀ ਵਿਕਾਰ ਨਹੀਂ ਪੈਦਾ ਹੋਣ ਦਿੰਦਾ “ਸੁਪਨੈ ਬਿੰਦੁ ਨ ਦੇਈ ਝਰਨਾ॥” – ਭਾਵ ਸੁਪਨੇ ਵਿੱਚ ਵੀ ਵਾਸ਼ਨਾ ਨਾ ਪੈਦਾ ਹੋਵੇ।

ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ॥ ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ॥ ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ॥ ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ॥੨॥” – ਇਹਨਾਂ ਪੰਕਤੀਆਂ ਵਿੱਚ ਕਾਮ ਦੀ ਵਰਤੋ ਇੱਛਾ ਲਈ ਹੋਈ ਹੈ। ਇੱਛਾ ਹੀ ਹੁਕਮ ਤੋਂ ਭਾਣੇ ਤੋਂ ਦੂਰ ਕਰਦੀ ਹੈ। ਭਗਤ ਜਨ ਕਾਮ ਜਾਂ ਕਾਮਨਾ ਨਹੀਂ ਕਰਦੇ ਕਿਸੇ ਵਸਤੂ ਦੀ। ਭਗਤ ਤਾਂ ਪ੍ਰਭ ਦੇ ਹੁਕਮ ਵਿੱਚ ਰਹਿੰਦੇ ਹਨ ਤੇ ਆਖਦੇ ਹਨ “ ਜੌ ਰਾਜੁ ਦੇਹਿ ਤ ਕਵਨ ਬਡਾਈ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ॥”। ਤਾ ਹੀ ਬਾਣੀ ਵਿੱਚ ਲਿਖਿਆ “ਜੋ ਗੁਰਿ ਦੀਆ ਸੁ ਮਨ ਕੈ ਕਾਮਿ॥”। ਟੀਕਿਆਂ ਨੇ, ਵਿਦਵਾਨਾਂ ਨੇ ਹਮੇਸ਼ਾ ਕਾਮ ਨੂੰ ਸ਼ਰੀਰ ਨਾਲ ਜੋੜ ਕੇ, ਸੈਕਸ ਨਾਲ ਜੋੜ ਕੇ ਵਰਤਿਆ ਹੈ ਦੂਜੀਆਂ ਮੱਤਾਂ ਦੇ ਪ੍ਰਭਾਵ ਕਾਰਣ ਤਾ ਹੀ ਮੁੱਢਲੀ ਗਲ ਸਮਝ ਹੀ ਨਹੀਂ ਲੱਗੀ ਜਾਂ ਫੇਰ ਕਾਮਨਾ ਕਰਨਾ ਛਡਾਉਣਾ ਹੀ ਨਹੀਂ ਚਾਹੁੰਦੇ ਪ੍ਰਚਾਰਕ। ਜੇ ਕਾਮ ਨੂੰ ਇੱਛਾ ਨਾਲ ਜੋੜ ਕੇ ਦੱਸਣਗੇ ਤਾਂ ਲੋਕਾਂ ਮਾਇਆ ਦੀ ਅਰਦਾਸਾ ਨਾ ਕਰਕੇ ਭਗਤਾਂ ਵਾਲੀ ਅਰਦਾਸ (ਅਰਦਾਸ ਕੀ ਹੈ ਅਤੇ ਗੁਰੂ ਤੋਂ ਕੀ ਮੰਗਣਾ ਹੈ?) ਕਰਨ ਲੱਗ ਜਾਣਾ ਤੇ ਉਹਨਾਂ ਦਾ ਗੋਲਕ ਦਾ ਵਪਾਰ ਬੰਦ ਹੋ ਜਾਣਾ। ਜਦੋਂ ਹੁਕਮ ਸਮਝ ਆ ਜਾਵੇ ਤਾ ਇਹ ਅਵਸਥਾ ਬਣਨੀ “ਸੁਇਨਾ ਰੂਪਾ ਫੁਨਿ ਨਹੀ ਦਾਮ॥ ਹੈਵਰ ਗੈਵਰ ਆਪਨ ਨਹੀ ਕਾਮ॥੩॥”। ਸੋ ਸਾਨੂੰ ਕਾਮ ਨੂੰ ਕਾਮਨਾ, ਇੱਛਾ, ਲੋੜ ਵੱਜੋਂ ਸਮਝਣ ਦੀ ਲੋੜ ਹੈ। ਕਾਮ ਭਾਵ ਕਾਮਨਾ ਵਿੱਚ ਸਰੀਰ ਦੀ ਭੁੱਖ ਵੀ ਗਿਣੀ ਜਾਣੀ ਤੇ ਸੁਇਨਾ, ਰੂਪਾ, ਹੈਵਰ, ਗੈਵਰ, ਭੂਮ, ਰਾਜ, ਮਿਲਕ (ਮਲਕੀਅਤ), ਉਪਾਧੀਆਂ, ਸਿਕਦਾਰੀਆਂ ਸਬ ਗਿਣੀਆਂ ਜਾਣੀਆਂ। ਜੋ ਪ੍ਰਭ ਨੂੰ ਭਾਵੇ ਉਸਨੇ ਆਪ ਦੇਈ ਜਾਣਾ, ਅਸੀਂ ਕੇਵਲ ਉਸਦੇ ਹੁਕਮ ਵਿੱਚ ਪੂਰੀ ਤਰਹ ਸਮਰਪਿਤ ਆਪਣਾ ਕੰਮ ਕਰੀ ਜਾਣਾ, ਬਿਨਾਂ ਕਿਸੇ ਕਾਮਨਾ ਦੇ ਬੋਝ ਥੱਲੇ ਦੱਬੇ, ਗਿਆਨ, ਸੋਝੀ ਲਈ ਜਾਣੀ। ਜੇ ਸ਼ੰਕਾ ਹੁਣ ਵੀ ਬਾਕੀ ਹੈ ਤਾਂ ਵੇਖੋ “ਕਾਮੁ ਕਰੀ ਜੇ ਠਾਕੁਰ ਭਾਵਾ॥ ਗੀਤ ਚਰਿਤ ਪ੍ਰਭ ਕੇ ਗੁਨ ਗਾਵਾ॥੨॥”। ਜਦੋਂ ਗਲ ਸਮਝ ਆ ਜਾਣੀ ਤਾਂ ਕਾਮ ਕਾਮਨਾ, ਇੱਛਾ ਦਿਸਣ ਲਗ ਜਾਣੀ ਫੇਰ ਸਮਝ ਲੱਗਣੀ ਕੇ ਨਾਨਕ ਪਾਤਿਸ਼ਾਹ ਕੀ ਸਮਝਾਉਣਾ ਚਾਹ ਰਹੇ ਨੇ ਇਹਨਾਂ ਪੰਕਤੀਆਂ ਵਿੱਚ “ਨੇਜੇ ਵਾਜੇ ਤਖਤਿ ਸਲਾਮੁ॥ ਅਧਕੀ ਤ੍ਰਿਸਨਾ ਵਿਆਪੈ ਕਾਮੁ॥ ਬਿਨੁ ਹਰਿ ਜਾਚੇ ਭਗਤਿ ਨ ਨਾਮੁ॥੩॥”। ਜੇ ਇਸ ਪੰਕਤੀ ਵਿੱਚ “ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ॥” – ਕਾਮ ਵਾਸਨਾ ਦੀ ਗਲ ਹੋ ਰਹੀ ਹੈ ਤਾਂ ਇਹ ਸੋਚਣ ਦਾ ਵਿਸ਼ਾ ਹੈ ਕੇ ਇਹਨਾਂ ਪੰਕਤੀਆਂ ਵਿੱਚ ਅਰਥ ਕਿਵੇਂ ਬਦਲ ਗਏ “ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ॥”, “ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ॥ ਖਾਟਣ ਕਉ ਹਰਿ ਹਰਿ ਰੋਜਗਾਰੁ॥ ਸੰਚਣ ਕਉ ਹਰਿ ਏਕੋ ਨਾਮੁ॥ ਹਲਤਿ ਪਲਤਿ ਤਾ ਕੈ ਆਵੈ ਕਾਮ॥੧॥” ਅਤੇ “ਜਨ ਕੇ ਪੂਰਨ ਹੋਏ ਕਾਮ॥ ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ॥੧॥

ਕ੍ਰੋਧ

ਕ੍ਰੋਧ/ਗੁੱਸਾ ਤਾਂ ਆਉਂਦਾ ਹੈ ਜਦੋਂ ਹੁਕਮ ਦੀ ਸੋਝੀ ਨਾ ਹੋਵੇ ਤੇ ਕਾਮਨਾਵਾਂ ਪੂਰੀਆਂ ਨਾ ਹੋਣ। ਮਨੁੱਖ ਚਾਹੁਂਦਾ ਕੁੱਝ ਹੋਰ ਹੈ ਤੇ ਹੁੰਦਾ ਕੁੱਝ ਹੋਰ “ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥ ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ॥੩੮॥”। ਕ੍ਰੋਧ ਤਾਂ ਵੀ ਹੁੰਦਾ ਹੈ ਜਦੋਂ ਮਾਨ ਨਾ ਮਿਲੇ। ਮਨੁੱਖ ਲੋਕ ਪਚਾਰੇ ਖਾਤਰ, ਆਪਣੀ ਪ੍ਰਸਿੱਧੀ ਦੇ ਲਈ ਬਹੁਤ ਉਪਾਵ ਕਰਦਾ ਹੈ। ਕਿਸੇ ਦੇ ਨਾਲ ਵੀ ਹਾਂ ਵਿੱਚ ਹਾਂ ਮਿਲਾ ਦਿੰਦਾ ਹੈ। ਜਦੋਂ ਮਨ ਚਾਹੀ ਇੱਛਾ ਪੂਰੀ ਨਾ ਹੋਵੇ ਗੁੱਸਾ ਕਰਦਾ ਹੈ “ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥” – ਭਾਵ ਕਲਜੁਗ ਉਦੋਂ ਹੈ ਜਦੋਂ ਕਾਮਨਾਵਾਂ ਦਾ ਨਸ਼ਾ ਮਨੂਆ ਅਰਥ ਮਨ ਪੀਂਦਾ ਹੈ। ਕ੍ਰੋਧ ਮੋਹ ਕਾਰਣ ਅਹੰਕਾਰ ਕਾਰਣ ਪੀਂਦਾ (ਅਰਥ ਧਾਰਣ ਕਰਦਾ) ਹੈ। ਮਜਲਸ ਭਾਵ ਕੂੜ ਦੀ ਥਾਂ ਤੇ ਵਾਸ ਕਰਦਾ ਹੈ ਲਬ ਲੋਭ ਦੀ ਪਿਆਲੀ ਭਰ ਭਰ ਪੀ ਕੇ। ਨਿਰਗੁਣ ਜੀਵ ਜਦੋ ਇੱਛਾ ਕਰਦਾ  ਭਾਵ ਮਨ ਭਉਦਾ ਹੁਕਮ ਕਰਦਾ ਅਤੇ ਇਸ ਨਿਰਗੁਣ ਦਾ ਜਦੋ ਮਨ ਭਉਦਾ ਮਨ ਮਰਜੀ ਵਾਲਾ ਹੁਕਮ ਨਹੀ ਵਰਤਦਾ ਤਾਂ ਕ੍ਰੋਧ ਆਉਦਾ, ਕਿਉਕਿ ਕਾਮ ਦੇ ਨਾਲ ਹੀ ਕ੍ਰੌਧ ਖੜਾ, ਮੈ ਚਾਹੁਨਾ ਜੋ ਉਹ ਕਿੁੳ ਨੀ ਹੋਇਆ,ਇੱਥੋ ਸ਼ੁਰੂ ਹੁੰਦਾ ਵਿਛੁੜ ਚੋਟਾਂ ਵਾਲਾ ਸਫਰ “ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥” ਅਤੇ “ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ॥੧॥”। ਜੇ ਮਨ ਦੀ ਕਾਮਨਾ ਪੂਰੀ ਨਾ ਹੋਵੇ ਜੁਗਾੜ ਲਾਉਣ ਲੱਗ ਪਵੇ, ਉਪਾਵ ਕਰਨ ਲੱਗ ਪਵੇ, ਪੈਸੇ ਦੇ ਕੇ ਅਰਦਾਸਾਂ, ਜੋਤਸ਼ੀ, ਕਰਮਕਾਂਡ, ਧਾਗਾ ਤਵੀਤ, ਰੱਟਣ, ਪਖੰਡ, ਅੰਨ ਛੋੜ ਭੋਜਨ ਦਾ ਬਿਬੇਕ ਜਾਂ ਵਰਤ ਰੱਖਣ ਲਗ ਪਏ ਬਸ ਸਮਝੋ ਵਿੱਛੜ ਗਿਆ। ਚਾਹੇ ਜੋ ਮਰਜੀ ਉਪਾਵ ਕਰ ਲਵੇ ਹੁਕਮ ਅੱਗੇ ਨੀ ਚੱਲਦਾ ਕੋਈ ਵੀ ਵਰਤੇਗਾ ਤੇ ਹੁਕਮ ਹੀ। ਮਰਜੀ, ਕਾਮਨਾ, ਮਨ ਭਉਂਦਾ ਨਹੀ ਵਰਤੇਗਾ “ਹੁਕਮੈ ਆਵੇ ਹੁਕਮੈ ਜਾਵੈ ਹੁਕਮੈ ਰਹਿਆ ਸਮਾਈ॥”। ਕਿਉਂ ਕੇ ਸੁਰਤ ਨੂੰ ਅਗਿਆਨਤਾ ਦੀ ਫਾਹੀ ਪਈ ਹੋਈ ਹੈ “ਫਾਹੀ ਸੁਰਤਿ ਮਲੂਕੀ ਵੇਸ ਹਉ ਠਗਵਾੜਾ ਠਗੀ ਦੇਸ॥” ਤਾਹੀਂ ਗਿਆਨ ਤੋਂ, ਵਿਚਾਰ ਤੋਂ ਨਾਮ (ਸੋਝੀ) ਤੋਂ ਭੱਜਦਾ। “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥”। ਆਪ ਕਾਮਨਾ ਕਰਦਾ ਆਪ ਹੀ ਗਿਆਨ ਲੈਣਾ। ਬਾਕੀ ਜਿਵੇ ਜਿਵੇ ਸਮਝ ਆਉਣੀ ਆ ਪਤਾ ਲੱਗ ਜਾਣਾ ਕਿ ਠੱਗੀ ਤਾਂ ਜੀਵ ਨੇ ਆਪ ਮਾਰੀ ਹੋਈ ਹੈ,  ਭਰਮ ਲਾਇਆ ਹੋਇਆ ਮੋਹ ਮੀਠਾ ਲਾਇਆ ਹੋਇਆ ਹੈ। ਗਿਆਨ ਦੇਣ ਵਾਸਤੇ ਪਰਪੰਚ ਰਚਿਆ ਹੋਇਆ ਹੈ। ਪਰਪੰਚ ਦੇਖ ਕੇ ਤਮਾਸ਼ਾ ਹੁੰਦਾ ਦੇਖ ਕੇ ਕਠਪੁਤਲੀਆਂ ਨਚਦੀਆਂ ਦੇਖ ਕੇ ਉਹ ਸ੍ਵੈਭੰ ਕਰਕੇ ਭੰਗ ਹੋਏ ਮਨ ਵਿੱਚ ਠੰਡਕ ਪੈ ਜਾਂਣੀ ਹੈ। ਜਿੱਥੇ ਅੱਗ ਮੱਚਦੀ ਆ ਤ੍ਰਿਸ਼ਨਾ ਦੀ ਉੱਥੇ ਹੇਮ ਕੁੰਡ ਬਣ ਜਾਣਾ। ਠੰਡਾ ਹੋ ਜਾਣਾ। ਕਲੇਜੇ ਠੰਡਕ ਪੈ ਜਾਣੀ ਹੈ। “ ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ॥ ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ॥੪॥” ਬ੍ਰਹਮ ਅਗਨ ਸ਼ੀਤਲ ਹੁੰਦੀ ਹੈ, ਬਸ ਫਿਰ ਜਦੋ ਛਾਤੀ ਸ਼ੀਤਲ ਹੋ ਗਈ ਤਾਂ ਮਨ ਸੁਖੀ ਹੁੰਦਾ ਹੈ “ ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ॥ ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ॥੧॥”।

ਲੋਭ

ਲੋਭ ਲਾਲਚ ਹੈ ਜਦੋਂ ਮਨ ਇੱਛਾ ਕਰਦਾ ਹੈ ਉਹਨਾਂ ਵਸਤੂਆਂ ਦੀ ਜਿਹਨਾਂ ਦਾ ਹੱਕਦਾਰ ਨਹੀਂ ਹੁੰਦਾ। ਆਪਣੀ ਲੋੜ ਤੋਂ ਜਿਆਦਾ ਕੱਠਾ ਕਰਨਾ, ਲੋਕਾਂ ਨੂੰ ਠੱਗਣਾ ਇਹ ਮਨ ਦਾ ਬਹੁਤ ਵੱਡਾ ਵਿਕਾਰ ਹੈ। ਮਾਇਆ ਦੀਆਂ ਅਰਦਾਸਾਂ ਕਰੀ ਜਾਣਾ, ਭਰੋਸਾ ਨਾ ਹੋਣਾ ਇਹਨਾਂ ਦਾ ਕਾਰਣ ਲੋਭ ਹੈ। ਜਿਹੜੇ ਲੋਭ ਲਾਲਚ ਕਾਰਣ ਅਰਦਾਸਾਂ ਕਰਦੇ ਨੇ ਪਾਠ ਪੂਜਾ ਕਰਦੇ ਹਨ ਗੁਰਮਤਿ ਉਹਨਾਂ ਲਈ ਆਖਦੀ ਹੈ “ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ॥ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ॥” – ਅਨ ਦਾ ਭਾਵ ਹੈ ਉਲਟਾ। ਜਿਵੇ ਹੋਨੀ ਦੇ ਨਾਲ ਅਨ ਲੱਗੇ ਦਾ ਸ਼ਬਦ ਦਾ ਅਰਥ ਉਲਟ ਜਾਂਦਾ ਹੈ ਪਰਮਾਣ ਜੇ ‘ਹੋਨੀ‘ ਦੇ ਨਾਲ ਅਨ ਲੱਗੇ ਤਾਂ ਸ਼ਬਦ ਬਣਦਾ ‘ਅਨਹੋਨੀ’। ਗੁਰਬਾਣੀ ਦਾ ਫੁਰਮਾਨ ਹੈ “ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ॥ ਜਿਨੑਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ॥” – ਭਾਵ ਜੇ ਬਹੁਤਾ ਮੰਗਦਾ ਹਾਂ ਤਾਂ ਬਿਨਾਂ ਕਰਮ (ਕਿਰਪਾ) ਤੋਂ ਨਹੀਂ ਮਿਲਣਾ ਤੇ ਲੋਭ ਤਾਂ ਵਿਕਾਰ ਹੈ ਖੁਆਰੀ ਹੀ ਕਰੂ। ਮਨੁੱਖ ਭੁੱਲ ਜਾਂਦਾ ਹੈ ਕੇ “ਸੁਖੁ ਨਾਹੀ ਬਹੁਤੈ ਧਨਿ ਖਾਟੇ॥”। ਜੋ ਕਰਣਾ ਸੀ ਉਹ ਤਾ ਕੀਤਾ ਨਹੀਂ ਲੋਭ ਵਿੱਚ ਫਸ ਕੇ ਅੰਨੇ ਬਣ ਕੇ ਰਹਿ ਗਏ “ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ॥ ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ॥੩੬॥”। ਸਾਰਾ ਜੀਵਨ ਲੋਭ ਲਾਲਚ ਕਰਦਾ, ਵਿਕਾਰਾਂ ਵਿੱਚ ਗ੍ਰਸਤ ਕੱਡ ਦਿੰਦਾ ਫੇਰ ਨੱਕ ਰਗੜ ਰਗੜ ਕੇ ਅਰਦਾਸਾਂ ਕਰਦਾ। ਮਰਨ ਉਪਰੰਤ ਸੁਰਗ ਬਾਸ ਲਈ ਅਖੰਡ ਪਾਠ ਰੱਖਿਆ ਜਾਂਦਾ। ਵੇਖੋ “ਸੁਰਗ ਤੇ ਨਰਕ (Swarg te Narak)

ਮੋਹ

ਮੋਹ ਦਾ ਅਰਥ ਹੈ ਲਗਾਵ। ਕਿਸੇ ਵਸਤੂ, ਦੂਜੇ ਮਨੁੱਖ ਜਾਂ ਜੀਵ ਨਾਲ ਲਗਾਵ। ਮੋਹ ਤੇ ਪ੍ਰੇਮ ਵਿੱਚ ਫ਼ਰਕ ਹੈ। ਪ੍ਰੇਮ ਵਿੱਚ ਬੰਧਨ ਨਹੀਂ ਹੁੰਦਾ ਸ਼ਰਾ ਨਹੀਂ ਹੁੰਦੀ, ਪਰ ਮੋਹ ਵਿੱਚ ਬੰਧਨ ਹੈ ਤੇ ਮਨ ਨੂੰ ਟਿਕਾ ਨਹੀਂ ਰਹਿੰਦਾ। ਉਸ ਵਸਤੂ ਜਾਂ ਜੀਵ ਨਾਲ ਮੋਹ ਕਾਰਣ ਉਹਨਾਂ ਤੋਂ ਦੂਰ ਹੋਣ ਤੇ ਦੁੱਖ ਹੁੰਦਾ ਹੈ। ਉਹਨਾਂ ਤੋਂ ਦੂਰ ਹੋਣ ਦਾ ਡਰ ਮਨੁੱਖ ਲਈ ਬੇਚੈਨੀ ਪੈਦਾ ਕਰਦਾ ਹੈ ਮਨੁੱਖ ਇਹ ਭੁੱਲ ਜਾਦਾ ਹੈ ਭਰਮ ਵਿੱਚ ਹੈ ਕੇ ਖਾਲੀ ਹੱਥ ਕੱਲਾ ਆਇਆ ਸੀ ਤੇ ਖਾਲੀ ਹੱਥ ਕੱਲੇ ਹੀ ਜਾਣਾ। ਜੋ ਮਿਲਿਆ, ਜੋ ਰਿਸ਼ਤੇ ਬਣੇ ਉਹ ਸਾਰੇ ਹੀ ਨਾਲ ਨਹੀਂ ਜਾਣੇ ਤੇ ਸਦੀਵ ਨਹੀਂ ਰਹਿਣੇ “ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ॥”। ਭੁੱਲ ਜਾਂਦਾ ਕੇ ਦੁਨੀਆਂ ਵਿੱਚ ਕਿਉਂ ਆਇਆ ਸੀ, ਗੁਰਮਤਿ ਦਾ ਫੁਰਮਾਨ ਹੈ “ਯਾ ਜੁਗ ਮਹਿ ਏਕਹਿ ਕਉ ਆਇਆ॥ ਜਨਮਤ ਮੋਹਿਓ ਮੋਹਨੀ ਮਾਇਆ॥”। ਧਨ, ਜਮੀਨ, ਦੂਜੇ ਮਨੁਖ ਤੇ ਜੋ ਦਿਸ ਰਹਿਆ ਹੈ ਉਹ ਮਾਇਆ ਨਹੀਂ ਹੈ, ਮਾਇਆ ਹੈ ਉਹਨਾਂ ਨਾਲ ਮੋਹ। ਜੇ ਕਿਸੇ ਬੱਚੇ ਦੇ ਸਾਹਮਣੇ ਲੱਖਾਂ ਮਨ ਸੋਨਾ ਰੱਖ ਦੇਵੋ ਜੇ ਉਸਨੂੰ ਕੀਮਤ ਨਹੀਂ ਪਤਾ ਉਸਨੇ ਹੱਥ ਵੀ ਨਹੀਂ ਲਾਣਾ, ਪਰ ਮਨੁੱਖ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਲਾਲਚ ਲੋਭ ਵੱਧ ਜਾਂਣਾ ਹੈ ਤਾਂ ਮਾਇਆ ਵਿੱਚ ਫਸਦਾ ਜਾਂਦਾ ਹੈ। ਲੋਭੀ ਬਾਰੇ ਗੁਰਮਤਿ ਦਾ ਫੁਰਮਾਨ ਹੈ “ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ॥ ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ॥੩॥” – ਲੋਭ ਮਨ ਨੂੰ ਲੱਗਦਾ ਹੈ ਤੇ ਚੰਗਾ ਭਲਾ ਮਨੁਖ ਮੋਹ ਵਿੱਚ ਫਸਦਾ ਹੈ।

ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਇ॥ ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ॥੧॥ ਮਨਮੁਖਿ ਧ੍ਰਿਗੁ ਜੀਵਣੁ ਸੈਸਾਰਿ॥ ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ॥੧॥

ਜਿਹੜੇ ਪ੍ਰਾਣੀ ਮੋਹ ਮਮਤਾ ਛੱਡ ਦਿੰਦੇ ਹਨ ਉਹਨਾਂ ਲਈ ਆਖਿਆ ਹੈ “ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ॥ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ॥੨੨॥ ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ॥੨੩॥

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥ ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ॥੩੫॥ ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ॥ ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ॥੩੬॥” – ਲੋਭ ਤਾਂ ਮਨੁੱਖ ਦੇ ਗਲੇ ਵਿੱਚ ਫੰਦੇ/ਫਾਹੇ ਵਾਂਗ ਹੈ। ਗੁਰਮਤਿ ਗਿਆਨ ਮੋਹ ਮਾਇਆ ਦੇ ਬੰਧਨ ਤੋਂ ਮੁਕਤ ਕਰਦਾ ਹੈ। ਹਰਿ ਕੌਣ ਹੈ ਕਿਵੇਂ ਹਰਿ ਭਜਨ ਕਰਨਾ ਇਹ ਸਮਝਣ ਲਈ ਪੜ੍ਹੋ “ਹਰਿ”।

ਅਹੰਕਾਰ /ਹਉਮੈ

ਜੀਵ ਪਹਿਲਾਂ ਕਾਮਨਾ ਕਰਦਾ ਹੈ ਜਦੋਂ ਮਿਲ ਜਾਵੇ ਤਾਂ ਲੋਭ ਲਾਲਚ ਕਰਕੇ ਹੋਰ ਮੰਗੀ ਜਾਂਦਾ। ਫੇਰ ਮੋਹ ਵਿੱਚ ਫਸਦਾ ਹੈ ਡਰਦਾ ਹੈ ਕਿਤੇ ਕੋਈ ਚੋਰੀ ਨਾ ਕਰ ਲਵੇ, ਖੋਹ ਨਾ ਲਵੇ। ਫੇਰ ਪ੍ਰਾਪਤੀ ਦਾ ਅਹੰਕਾਰ ਵੀ ਕਰਦਾ ਹੈ। ਇਹ ਅਹੰਕਾਰ ਮਨਮਤਿ ਕਾਰਣ ਹੁੰਦਾ ਹੈ ਵੈਸੇ ਤਾਂ ਸਾਰੇ ਹੀ ਵਿਕਾਰ ਮਨਮਤਿ ਕਾਰਣ ਹਨ ਤੇ ਗੁਰਮਤਿ ਆਖਦੀ “ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ॥ ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ॥੩॥“। ਜੇ ਮਨ ਵਿੱਚ ਅਹੰਕਾਰ ਉਠਦਾ ਹੈ ਸਮਝ ਲਵੋ ਪ੍ਰਭ ਚੇਤੇ ਨਹੀਂ ਹੈ। ਪ੍ਰਭ ਭੁੱਲ ਗਿਆ ਹੈ। “ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ॥ ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ॥੨॥” – ਕਾਮਨਾ ਦੁਆਰਾ ਕ੍ਰੋਧ ਦੁਆਰਾ ਅਹੰਕਾਰ ਦੀ ਮਤਿ ਦੁਆਰਾ ਭਰਿਆ ਪਿਆ ਹੈ ਸੰਸਾਰ। ਸੰਤ (ਪ੍ਰਭ/ਰਾਮ/ਹਰਿ/ਠਾਕੁਰ) ਦੀ ਸਰਣੀ ਲੱਗਣ ਨਾਲ ਇਹ ਦੁੱਖ ਤੇ ਅਗਿਆਨਤਾ ਦਾ ਹਨੇਰਾ ਮਿਟਣਾ। ਸੰਤ ਬਾਹਰ ਨਹੀਂ ਹੁਂਦੇ ਸਾਧ ਬਾਹਰ ਨਹੀਂ ਹੁੰਦੇ। ਗੁਰਮਤਿ ਸੰਤ ਤੇ ਸਾਧ ਪ੍ਰਭ ਨੂੰ ਰਾਮ ਤੇ ਹਰਿ ਨੂੰ ਹੀ ਮੰਨਦੀ ਹੈ। ਮਨੁੱਖ ਅਗਿਆਨਤਾ ਵਿੱਚ ਸੰਤ, ਸਾਧ ਸਬ ਬਾਹਰ ਮਨੁੱਖਾਂ ਵਿੱਚ ਲੱਭਦਾ “ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ਦੇਵਨ ਕਉ ਏਕੈ ਭਗਵਾਨੁ॥”। ਜੇ ਕੋਈ ਗੁਰਬਾਣੀ ਪੜ ਰਹਿਆ ਹੈ ਤੇ ਫੇਰ ਵੀ ਅਹੰਕਾਰ ਕਰ ਰਹਿਆ ਹੈ ਤਾਂ ਗੁਰਮਤਿ ਨੇ ਉਸਨੂੰ ਮੂਰਖ ਦਾ ਦਰਜਾ ਦਿੱਤਾ ਹੈ ਪਸੂ ਦਾ ਦਰਜਾ ਦਿੱਤਾ ਹੈ “ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ॥”। ਗੁਰਬਾਣੀ ਨੂੰ ਕੇਵਲ ਪੜ੍ਹ ਕੇ ਗਲ ਨਹੀਂ ਬਣਦੀ “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥”, “ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ॥੧॥”। ਸਾਡੇ ਵਿੱਚ ਕਈ ਸਿੱਖ ਅਖੋਣ ਵਾਲੇ ਵੀਰ ਭੈਣ ਹਨ ਜੋ ਕਈ ਤਰਹ ਦੇ ਕਰਮ ਕਾਂਡ ਕਰਦੇ ਹਨ ਪਰ ਨਾਮ (ਗਿਆਨ/ਸੋਝੀ) ਤੋਂ ਵਾਂਝੇ ਹਨ। ਬਿਨਾਂ ਗਿਆਨ ਦੇ ਹੀ ਆਪਣੇ ਬਿਬੇਕੀ ਹੋਣ ਦਾ ਤੇ ਬਿਨਾਂ ਗੁਣਾਂ ਨੂੰ ਮੁੱਖ (ਅੱਗੇ) ਰੱਖਿਆਂ ਖੋਖਲਾ ਮਾਣ ਕਰੀ ਜਾਂਦੇ ਤੇ ਗੁਰਮਤਿ ਦਾ ਫੁਰਮਾਨ ਹੈ “ਕਰਮ ਕਾਂਡ ਬਹੁ ਕਰਹਿ ਅਚਾਰ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ॥੩॥” – ਭਾਵ ਬਾਹਰੀ ਆਚਰਣ ਦੇ ਕਰਮ ਕਾਂਡ ਬਹੁਤੇਰੇ ਕਰਦਾ ਹੈ ਮਨੁੱਖ ਪਰ ਬਿਨਾਂ ਨਾਮ (ਸੋਝ) ਤੋਂ ਇਹ ਜੀਵਨ ਧ੍ਰਿਗ ਹੈ ਤਿਰਸਕਾਰ ਯੋਗ ਹੈ। ਉਹਨਾ ਨੂੰ ਇਹ ਵੀ ਭਰਮ ਹੈ ਕੇ ਜੇ ਉਹ ਇੱਕੋ ਸ਼ਬਦ ਰੱਟ ਰਹੇ ਹਨ ਤਾਂ ਉਹਨਾਂ ਕੋਲ ਨਾਮ ਹੈ। ਅਹੰਕਾਰ ਜਾ ਹਉਮੈ ਨੂੰ ਰੋਗ ਮੰਨਿਆ ਹੈ ਜਗ ਇਹਨਾਂ ਦਾ ਬੰਦੀ ਮੰਨਿਆ ਹੈ “ਜਗੁ ਬੰਦੀ ਮੁਕਤੇ ਹਉ ਮਾਰੀ॥”। ਹਉਮੈ ਬਾਰੇ ਤੇ ਅਹੰਕਾਰ ਬਾਰੇ ਬਹੁਤ ਕੁੱਝ ਗੁਰਬਾਣੀ ਤੋਂ ਪਤਾ ਲਗਦਾ ਹੈ ਪਰ ਜੇ ਕੇਵਲ ਰੱਟਣ ਨਾ ਕਰਕੇ ਬਾਣੀ ਨੂੰ ਸਮਝ ਬੂਝ ਤੇ ਵਿਚਾਰ ਕਰਕੇ ਆਪਣੇ ਜੀਵਨ ਵਿੱਚ ਧਾਰਣ ਕਰੀਏ ਤਾਂ ਹੀ ਕੁਝ ਲਾਭ ਹੈ। ਨਾਮ ਨੂੰ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ? ਹੈ। ਪਾਤਿਸ਼ਾਹ ਲਿਖਦੇ ਹਨ “ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ॥ ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ॥੧॥” – ਭਾਵ ਗੁਰ (ਗੁਣ) ਮਿਲਦਾ ਉਦੋਂ ਹੈ ਜਦੋਂ ਮੈਂ, ਅਹੰਕਾਰ, ਹਉਮੈ ਆਪਣੀ ਹੋਂਦ ਤੋਂ ਉੱਪਰ ਗਿਆਨ ਨੂੰ ਰੱਖਿਆਂ।

ਵਿਕਾਰਾਂ ਦਾ ਪ੍ਰਭਾਵ

ਜੀਵ ਦੇ ਮਨ (ਅਗਿਆਨਤਾ) ੳੱਤੇ ਇਹ ਵਿਕਾਰ ਹਮੇਸ਼ਾ ਹਾਵੀ ਰਹਿੰਦੇ ਹਨ, ਰੋਗ ਬਣ ਜਾਂਦੇ ਹਨ ਤੇ ਗੁਰਬਾਣੀ “ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ॥” – ਭਾਵ ਜਿਵੇਂ ਕੰਚਨ ਨੂੰ ਛੇਤੀ ਗਲਾਉਣ ਲਈ ਸੁਹਾਗਾ ਪਾਇਆਾ ਜਾਂਦਾ ਹੈ, ਉਸੇ ਤਰਾਂ ਵਿਕਾਰ ਜੀਵ ਦੀ ਕਾਇਆ (ਗਿਆਨ ਦੀ ਅਵਸਥਾ/ਹੋਂਦ/ਚਰਿਤ੍ਰ) ਨੂੰ ਗਾਲ ਦਿੰਦੇ ਹਨ। ਵਿਕਾਰ, ਤ੍ਰਿਸਨਾ, ਇੱਛਾ ਰੋਗ ਬਣ ਜਾਂਦੇ ਹਨ ਤੇ ਵੈਦ ਨੂੰ ਇਹਨਾਂ ਰੋਗਾਂ ਦਾ ਇਲਾਜ ਕਰਨ ਲਈ ਪਹਿਲਾਂ ਰੋਗਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਵੈਦ ਵੀ ਜੀਵ ਆਪ ਹੀ ਹੈ, ਜਦੋਂ ਜੀਵ ਨੂੰ ਇਹਨਾਂ ਰੋਗਾਂ ਦੀ ਸਮਝ ਲਗ ਜਾਵੇ ਤਾਂ ਇਲਾਜ ਵੀ ਦੱਸਿਆ ਗੁਰਮਤਿ ਨੇ। ਪਹਿਲਾਂ ਰੋਗ ਦੀ ਪਛਾਣ ਕਰਨੀ ਪੈਂਦੀ ਹੈ “ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ॥ ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥ ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ॥”। ਫੇਰ ਗੁਰਮਤਿ ਦਾ ਆਦੇਸ਼ ਹੈ “ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ॥ ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ॥ ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ॥” – ਭਾਵ ਰੋਗ ਵੀ ਬੂਝ ਲਵੇ ਦਾਰੂ ਵੀ, ਆਪਣੇ ਆਪ ਨੂੰ ਆਪ ਪਰਖਣਾ ਪੈਣਾ ਕਿਉਂਕੇ ਮਨ ਨੂੰ ਅੰਦਰੋਂ ਪਤਾ ਹੁੰਦਾ ਹੈ ਕੀ ਗਲਤੀ ਕਰ ਰਹਿਆ ਹੈ “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥” ਪਰ ਜਾਣ ਕੇ ਚਲਾਕੀ ਕਰਦਾ। ਆਪ ਰੋਗੀ ਹੁੰਦਿਆਂ ਹੋਇਆ ਵੀ ਦੂਜੇ ਨੂੰ ਪਰਖਦਾ, ਦੂਜਿਆਂ ਨੂੰ ਮਾੜਾ, ਘੱਟ, ਨੀਵਾਂ ਮੰਨਦਾ। ਸੋ ਪਹਿਲਾਂ ਆਪਣੇ ਆਪ ਨੂੰ ਪਰਖ ਕੇ ਰੋਗ ਦਾ ਪਤਾ ਲਗਾਉਣਾ ਪੈਣਾ, ਤਾਂ ਉਸ ਰੋਗ ਦਾ ਗਿਆਨ ਨਾਲ ਇਲਾਜ ਹੋਣਾ। ਮਨ ਦੇ ਰੋਗ ਦੀ ਦਵਾਈ ਮੂੰਹ ਤੋ ਖਾਣ ਵਾਲੀ ਨਹੀਂ ਹੈ, ਗਿਆਨ ਤੇ ਸੋਝੀ ਹੈ। ਪੂਰੀ ਗੁਰਮਤਿ ਹੀ ਵਿਕਾਰਾਂ ਦੀ ਦਵਾਈ ਹੈ। ਪੂਰੀ ਗੁਰਬਾਣੀ ਵਿੱਚ ਹੀ ਨਾਮ (ਸੋਝੀ) ਛੁਪੀ ਹੋਈ ਹੈ। ਇਹ ਦਾਰੂ ਜੀਵ ਨੇ ਆਪਣੇ ਰੋਗਾਂ ਦੀ, ਆਪ ਹੀ ਗੁਰਬਾਣੀ ਦੀ ਵਿਚਾਰ ਰਾਹੀਂ ਪ੍ਰਾਪਤ ਕਰਨੀ ਹੈ। ਸੱਚੇ ਦੇ ਗੁਣਾਂ ਤੋਂ ਵੱਡਾ ਕੋਈ ਵੈਦ ਨਹੀਂ ਹੈ “ਸਤਿਗੁਰ ਬਾਝਹੁ ਵੈਦੁ ਨ ਕੋਈ॥ ਆਪੇ ਆਪਿ ਨਿਰੰਜਨੁ ਸੋਈ॥ ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ॥੪॥” ਅਤੇ “ਆਪੇ ਵੈਦੁ ਆਪਿ ਨਾਰਾਇਣੁ॥ ਏਹਿ ਵੈਦ ਜੀਅ ਕਾ ਦੁਖੁ ਲਾਇਣ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਖਾਇਣ॥ ਨਾਨਕ ਜਿਸੁ ਮਨਿ ਵਸੈ ਤਿਸ ਕੇ ਸਭਿ ਦੂਖ ਮਿਟਾਇਣ॥੧॥”।

ਦੁਖ, ਸੁੱਖ, ਮਾਨ, ਅਪਮਾਨ, ਨਫ਼ਾ, ਨੁਕਸਾਨ ਸਬ ਪਰਮੇਸਰ ਹੁਕਮ ਸਮਝੇ ਤਾਂ ਵਿਕਾਰ ਲਾਗੇ ਨਹੀਂ ਲਗਣੇ “ਹੁਕਮਿ ਉਛਲੈ ਹੁਕਮੇ ਰਹੈ॥ ਹੁਕਮੇ ਦੁਖੁ ਸੁਖੁ ਸਮ ਕਰਿ ਸਹੈ॥ ਹੁਕਮੇ ਨਾਮੁ ਜਪੈ ਦਿਨੁ ਰਾਤਿ॥ ਨਾਨਕ ਜਿਸ ਨੋ ਹੋਵੈ ਦਾਤਿ॥ ਹੁਕਮਿ ਮਰੈ ਹੁਕਮੇ ਹੀ ਜੀਵੈ॥ ਹੁਕਮੇ ਨਾਨੑਾ ਵਡਾ ਥੀਵੈ॥ ਹੁਕਮੇ ਸੋਗ ਹਰਖ ਆਨੰਦ॥ ਹੁਕਮੇ ਜਪੈ ਨਿਰੋਧਰ ਗੁਰਮੰਤ॥ ਹੁਕਮੇ ਆਵਣੁ ਜਾਣੁ ਰਹਾਏ॥ ਨਾਨਕ ਜਾ ਕਉ ਭਗਤੀ ਲਾਏ॥੨॥” – ਭਾਵ ਹੁਕਮ ਮੰਨਣ ਤੋਂ ਪਹਿਲਾਂ ਭਗਤੀ ਸ਼ੁਰੂ ਹੀ ਨਹੀਂ ਹੋ ਸਕਦੀ। ਮਨ (ਅਗਿਆਨਤਾ) ਨੂੰ ਹੁਕਮ ਦੇ ਗਿਆਨ ਨਾਲ ਮਾਰੇ ਬਿਨਾਂ ਭਗਤੀ ਸ਼ੁਰੂ ਹੀ ਨਹੀਂ ਹੁੰਦੀ “ਮਨ ਅੰਤਰਿ ਬੋਲੈ ਸਭੁ ਕੋਈ॥ ਮਨ ਮਾਰੇ ਬਿਨੁ ਭਗਤਿ ਨ ਹੋਈ॥੨॥”। ਲਗਭਗ ਹਰੇਕ ਮਨੁਖ ਰਾਜ, ਪੈਸਾ, ਤਰੱਕੀ, ਉਪਾਧੀਆਂ, ਬੱਚੇ ਆਦੀ ਹੀ ਮੰਗਦਾ, ਪਤਾ ਹੀ ਨਹੀਂ ਹੈ ਕੇ ਮੰਗਣਾ ਕੀ ਹੈ, ਅਰਦਾਸ ਕੀ ਹੈ ਅਤੇ ਗੁਰੂ ਤੋਂ ਕੀ ਮੰਗਣਾ ਹੈ?। ਕਿਸੇ ਨੂੰ ਰਾਜ ਚਾਹੀਦਾ, ਕਿਸੇ ਨੂੰ ਗਿਆਨੀ ਅਖਵਾਉਣਾ, ਕਿਸੇ ਨੂੰ ਸ਼ੋਭਾ ਦਾ ਲਾਲਚ, ਕਿਸੇ ਨੀੰ ਜੱਥੇਦਾਰੀ ਚਾਹੀਦੀ। ਦਾਸ ਤਾਂ ਕੋਈ ਵਿਰਲਾ ਹੀ ਬਣਨਾ ਚਾਹੁੰਦਾ ਹੈ। ਸਾਰੇ ਹੀ ਮੂਹੋਂ ਦਾਸ ਹਾਂ ਕਹਿ ਤਾਂ ਦਿੰਦੇ ਹਾ ਪਰ ਦਾਸ ਦਾ ਕਿਰਦਾਰ ਗੁਰਬਾਣੀ ਤੋਂ ਪਤਾ ਹੀ ਨਹੀਂ ਕੀਤਾ। ਮਨੁੱਖ ਭੁੱਲ ਜਾਂਦਾ ਕੇ “ਨਾਂਗੇ ਆਵਨੁ ਨਾਂਗੇ ਜਾਨਾ॥ ਕੋਇ ਨ ਰਹਿਹੈ ਰਾਜਾ ਰਾਨਾ॥੧॥” ਅਤੇ “ਸਭੁ ਕੋ ਵਣਜੁ ਕਰੇ ਵਾਪਾਰਾ॥ ਵਿਣੁ ਨਾਵੈ ਸਭੁ ਤੋਟਾ ਸੰਸਾਰਾ॥ ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ॥੧੧॥ ਜਿਸ ਨੋ ਨਾਮੁ ਦੇਇ ਸੋ ਪਾਏ॥ ਗੁਰ ਕੈ ਸਬਦਿ ਹਰਿ ਮੰਨਿ ਵਸਾਏ॥ ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ॥੧੨॥

ਸੋ ਭਾਈ ਗੁਰਬਾਣੀ ਤੋਂ ਸਾਨੂੰ ਇਹਨਾਂ ਵਿਕਾਰਾਂ ਦੇ ਕਿਰਦਾਰ ਸਮਝਣੇ ਹਨ। ਭਰੋਸਾ ਹੁਕਮ/ਭਾਣੇ ਤੇ ਰੱਖਣਾ ਹੈ। ਗੁਰਮਤਿ ਤੋਂ ਇਹ ਸਿੱਖਣਾ ਹੈ ਕੇ ਅਵਗੁਣਾਂ ਤੋਂ, ਪਖੰਡ ਤੋ ਕਿਵੇਂ ਬਚਣਾ ਹੈ, ਗੁਰਬਾਣੀ ਧਰਮ, ਭਗਤੀ, ਬਿਬੇਕ ਕਿਸ ਨੂੰ ਆਖਦੀ ਹੈ, ਤ੍ਰੈ ਗੁਣ ਮਾਇਆ ਕੀ ਹੈ, ਕਿਵੇਂ ਜੀਵ ਦੀ ਕਾਇਆ/ਕਾਯਾ ਨੂੰ ਇਹ ਤ੍ਰੈ ਗੁਣ ਮਾਇਆ, ਵਿਕਾਰ ਗਾਲਦੇ ਹਨ। ਹੁਕਮ ਦੀ ਸੋਝੀ ਲੈ ਕੇ ਅਵਗੁਣਾਂ ਤੋਂ ਵਿਕਾਰਾਂ ਤੋਂ ਕਿਵੇਂ ਬਚਣਾ ਹੈ। ਮਨ (ਅਗਿਆਨਤਾ) ਨਾਲ ਪਹਿਲਾਂ ਲੜਨਾ ਹੈ “ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥੩॥”। ਆਦਿ ਬਾਣੀ ਵਿੱਚ ਤੇ ਦਸਮ ਬਾਣੀ ਵਿੱਚ ਦੱਸੇ ਦੈਤ, ਰਾਕਸ਼ਸ ਅਸਲ ਵਿੱਚ ਵਿਕਾਰ ਹਨ ਤੇ ਇਹਨਾਂ ਨਾਲ ਕਾਲਕਾ, ਦੁਰਗਾ, ਸੁਚੱਜੀ, ਸੀਤਾ ਭਾਵ ਬੁੱਧ ਗਿਆਨ ਖੜਗ ਨਾਲ ਕਿਵੇਂ ਲੜਦੀ ਹੈ ਦੱਸਿਆ ਹੈ।

Resize text