Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਦੁਨਿਆਵੀ ਉਪਾਧੀਆਂ ਬਨਾਮ ਗੁਰਮਤਿ ਉਪਾਧੀਆਂ

ਕੀ ਅੱਜ ਦੇ ਸਿੱਖ ਦੇ ਮਨ ਵਿੱਚ ਇਹ ਵਿਚਾਰ ਕਦੇ ਆਇਆ ਕੇ ਜਿੰਨਾਂ ਨੇ ਗੁਰੂ ਨੂੰ ਸੀਸ ਭੇਂਟ ਕੀਤਾ ਤੇ ਪੰਜ ਪਿਆਰੇ ਥਾਪੇ ਗਏ ਉਹਨਾਂ ਦੇ ਨਾਮ ਅੱਗੇ ਭਾਈ ਲੱਗਦਾ, ਜਿਹੜੇ ਗੁਰੂ ਫ਼ਰਜ਼ੰਦ ਹਨ ਉਹਨਾਂ ਦੇ ਨਾਮ ਅੱਗੇ ਬਾਬਾ ਲੱਗਦਾ ਪਰ ਗੁਰ ਇਤਿਹਾਸ ਵਿੱਚ ਕਿਸੇ ਦੇ ਨਾਮ ਅੱਗੇ ਗਿਆਨੀ, ਬ੍ਰਹਮ ਗਿਆਨੀ, ਸੰਤ, ਸਾਧ, ਮਹਾਂ ਪੁਰਖ ਕਿਉਂ ਨਹੀਂ ਲੱਗਿਆ? ਅੱਜ ਤੁਰੇ ਫਿਰਦੇ ਕਿਸੇ ਵੀ ਕਥਾਵਾਚਕ, ਕੀਰਤਨੀਏ ਦੇ ਨਾਮ ਅੱਗੇ ਗਿਆਨੀ ਕਿਵੇਂ ਲੱਗ ਜਾਂਦਾ ਹੈ? ਕਿਸੇ ਨੂੰ ਵੀ ਪਾਤਿਸ਼ਾਹ, ਬ੍ਰਹਮ ਗਿਆਨੀ ਕਹੀ ਜਾਂਦੇ ਹਾਂ। ਇਸਦੀ ਗੁਰਮਤਿ ਕਸਵੱਟੀ ਕੀ ਹੈ? ਵੇਖਦੇ ਹਾਂ ਗੁਰਬਾਣੀ ਕਿਸ ਨੂੰ ਇਹ ਉਪਾਧੀਆਂ ਬਖਸ਼ਦੀ ਹੈ। ਪਾਤਿਸ਼ਾਹ ਦਾ ਆਰਥ ਹੁੰਦਾ ਹੈ ਪਾਤਿ(ਰਾਹ) ਦਾ ਸ਼ਾਹ ਕਿਸਨੇ ਪਰਮੇਸਰ ਤਕ ਜਾਣ ਦੀ ਰਾਹ ਨੂੰ ਜਿੱਤ ਲਿਆ ਹੋਵੇ। ਉੱਦਾਂ ਹੀ ਜਿੱਦਾਂ ਬਾਦਿ (ਵਿਵਾਦ/ਝਗੜਾ) ਜਿੱਤਣ ਵਾਲੇ ਨੂੰ ਬਾਦਿਸ਼ਾਹ ਆਖਦੇ ਹਨ। “ਮਨ ਮੰਧੇ ਪ੍ਰਭੁ ਅਵਗਾਹੀਆ॥ ਏਹਿ ਰਸ ਭੋਗਣ ਪਾਤਿਸਾਹੀਆ॥ ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ॥੬॥” ਸੱਚ ਦਾ ਗਿਰਮਤਿ ਅਰਥ ਪਤਾ ਹੋਵੇ ਤਾਂ ਸੱਚੀ ਕਾਰੈ ਦਾ ਪਤਾ ਲੱਗੇ। ਗੁਰਬਾਣੀ ਤਾਂ ਆਖਦੀ ਉਪਾਧੀ ਰਹਿਤ ਰਹਿਣਾ ਹੈ। ਸਖੀ (ਬੁੱਧ) ਨੂੰ ਆਦੇਸ਼ ਹੈ “ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ॥ ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ॥” ਤੇ ਫੇਰ ਗੁਰਮਤਿ ਵਿੱਚ ਸ਼ਬਦ ਲੈਕੇ ਉਪਾਧੀਆਂ ਰੱਖਣ ਵਾਲਿਆਂ ਨੇ ਇਹ ਕਿਉਂ ਨਹੀਂ ਵਿਚਾਰਿਆ। ਹੋਰ ਵੀ ਬਾਣੀ ਹੈ ਉਪਾਧ ਰਹਿਤ ਹੋਣ ਬਾਰੇ

ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ॥ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ॥”,

ਗੋਬਿਦੁ ਸਿਮਰਿ ਹੋਆ ਕਲਿਆਣੁ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ॥੧॥”,

ਗੁਰ ਕੇ ਚਰਨ ਰਿਦੈ ਉਰਿ ਧਾਰੇ॥ ਅਗਨਿ ਸਾਗਰ ਤੇ ਉਤਰੇ ਪਾਰੇ॥ ਜਨਮ ਮਰਣ ਸਭ ਮਿਟੀ ਉਪਾਧਿ॥ ਪ੍ਰਭ ਸਿਉ ਲਾਗੀ ਸਹਜਿ ਸਮਾਧਿ॥੨॥”,

ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ॥ ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ॥੧॥

ਗਿਆਨੀ

ਗੁਰਮਤਿ ਵਾਲਾ ਗਿਆਨੀ ਕੌਣ ਹੈ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥ (ਮ ੧, ਰਾਗੁ ਰਾਮਕਲੀ, ੯੩੧)” – ਜੋ ਗੁਣਾਂ ਦੀ ਵਿਚਾਰ ਕਰੇ ਗੁਰਮਤਿ ਅਨੁਸਾਰ ਉਸਨੂੰ ਗਿਆਨ ਪ੍ਰਾਪਤ ਹੁੰਦਾ ਹੈ। ਗੁਣ ਕਿਸਦੇ ਵਿਚਾਰਨੇ ਹਨ? ਗੁਣ ਸੱਚ ਦੇ ਵਿਚਾਰਨੇ ਹਨ ਤੇ ਸੱਚ ਹੈ ਅਕਾਲ, ਕਾਲ ਤੇ ਹੁਕਮ। ਇਹ ਕੋਈ ਡਿਗਰੀ ਨਹੀਂ ਹੈ ਕੇ ੨-੪ ਸਾਲ ਕਿਸੇ ਸੰਸਥਾ ਤੋਂ ਪੜ੍ਹ ਲਿਆ ਤੇ ਡਿਗਰੀ ਮਿਲ ਗਈ। ਗੁਰਬਾਣੀ ਦਾ ਫੁਰਮਾਨ ਹੈ “ਜਜਾ ਜਾਨੈ ਹਉ ਕਛੁ ਹੂਆ॥ ਬਾਧਿਓ ਜਿਉ ਨਲਿਨੀ ਭ੍ਰਮਿ ਸੂਆ॥ ਜਉ ਜਾਨੈ ਹਉ ਭਗਤੁ ਗਿਆਨੀ॥ ਆਗੈ ਠਾਕੁਰਿ ਤਿਲੁ ਨਹੀ ਮਾਨੀ॥ ਜਉ ਜਾਨੈ ਮੈ ਕਥਨੀ ਕਰਤਾ॥ ਬਿਆਪਾਰੀ ਬਸੁਧਾ ਜਿਉ ਫਿਰਤਾ॥ ਸਾਧਸੰਗਿ ਜਿਹ ਹਉਮੈ ਮਾਰੀ॥ ਨਾਨਕ ਤਾ ਕਉ ਮਿਲੇ ਮੁਰਾਰੀ॥” – ਜਦੋਂ ਕਿਸੇ ਨੂੰ ਇਹ ਲੱਗੇ ਕੇ ਮੈਂ ਕੁੱਝ ਬਣ ਗਿਆ ਹਾਂ ਗਿਆਨੀ ਬਣ ਗਿਆ ਹਾਂ ਤਾਂ ਉਹ ਭਰਮ ਵਿੱਚ ਫਸਿਆ ਹੈ ਤੇ ਅੱਗੇ ਠਾਕੁਰ ਨੇ ਫੇਰ ਉਸਦੀ ਨਹੀਂ ਮੰਨਣੀ। ਜੇ ਕੁਝ ਪ੍ਰਚਾਰ ਕਰਦਾ ਝੂਠੀਆਂ ਸਾਖੀਆਂ, ਅਰਥ ਗਲਤ ਕਰਦਾ ਬਾਣੀ ਦੇ ਉਸਨੂੰ ਵਪਾਰੀ ਆਖਿਆ ਹੈ। ਪਰ ਜੇ ਗੁਣਾਂ ਦੀ ਵਿਚਾਰ ਕਰੇ, ਸਾਧ ਸੰਗ ਕਰੇ, ਸਾਧ ਸੰਗ ਹੈ ਸਾਧਿਆ ਹੋਇਆ ਮਨ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥” – ਜੋ ਸਾਧੇ ਹੋਏ ਮਨ ਦਾ ਸੰਗ ਕਰੇ, ਮੁਰਾਰੀ (ਪ੍ਰਭ, ਹਰਿ, ਰਾਮ) ਉਸਨੂੰ ਮਿਲਦਾ। ਹਰਿ ਬਾਰੇ ਜਾਨਣ ਲਈ ਪੜ੍ਹੋ “ਹਰਿ”।

ਗੁਰਬਾਣੀ ਤਾਂ ਇਹ ਵੀ ਦੱਸਦੀ ਕੇ ਗਿਆਨੀ ਕਿਹੋ ਜਿਹਾ ਹੋਣਾ ਚਾਹੀਦਾ “ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ॥ ਆਪੁ ਪਛਾਣੈ ਬੂਝੈ ਸੋਇ॥ ਗੁਰ ਪਰਸਾਦਿ ਕਰੇ ਬੀਚਾਰੁ॥ ਸੋ ਗਿਆਨੀ ਦਰਗਹ ਪਰਵਾਣੁ॥” – ਗਿਆਨੀ ਉਹ ਜੋ ਆਪਣੇ ਆਪ ਦੀ ਖੋਜ ਕਰੇ ਤੇ ਪਰਮੇਸਰ ਨੂੰ ਬੂਝੇ, ਉਸਦੇ ਗੁਣਾਂ ਨ ਸਮਝੇ। ਪਰ ਅੱਜ ਦਾ ਗਿਆਨੀ ਕਹਾਉਣ ਵਾਲਾ ਕੀ ਕਰਦਾ “ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥ ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥੩॥

ਗੁਰਬਾਣੀ ਵਿੱਚ ਸਵਾਲ ਜਵਾਬ ਵੀ ਹਨ, ਪੰਜਵੇਂ ਪਾਤਿਸ਼ਾਹ ਤੋਂ ਪੁੱਛਿਆ “ਕਉਣੁ ਸੁ ਗਿਆਨੀ ਕਉਣੁ ਸੁ ਬਕਤਾ॥ ” ਤਾਂ ਜਵਾਬ ਦਿੱਤਾ “ਗੁਰਮੁਖਿ ਗਿਆਨੀ ਗੁਰਮੁਖਿ ਬਕਤਾ॥” – ਗੁਣਾਂ ਨੂੰ ਮੁੱਖ (ਅੱਗੇ/ ਧਿਆਨ ਵਿੱਚ) ਰੱਖਣ ਵਾਲਾ ਗਿਆਨੀ ਹੈ। ਨਾਨਕ ਪਾਤਿਸ਼ਾਹ ਨੇ ਕਹਿਆ “ਆਪੁ ਬੀਚਾਰੇ ਸੁ ਗਿਆਨੀ ਹੋਈ॥”, ਗੁਰੁ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪੁੱਛਿਆ ਤਾਂ ਬਾਣੀ ਵਿੱਚ ਦੱਸਦੇ ਹਨ “ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ॥” – ਜਿਸ ਨੂੰ ਹੁਕਮ ਦੀ ਸੋਝੀ ਹੋ ਗਈ ਹੋਵੇ, ਨਾ ਦੁਖ ਸੰਤਾਪੇ ਨਾ ਸੁਖ ਬੰਧਨ ਬਣੇ ਉਹ ਗਿਆਨੀ ਹੈ। ਬਾਣੀ ਆਖਦੀ “ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ॥ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥੧॥”, “ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ॥ ਓਇ ਭੁਲਾਏ ਕਿਸੈ ਦੇ ਨ ਭੁਲਨੑੀ ਸਚੁ ਜਾਣਨਿ ਸੋਈ॥”। ਭਗਤ ਕਬੀਰ ਜੀ ਮਹਾਰਾਜ ਦਾ ਫੁਰਮਾਨ ਹੈ “ਕਰੁ ਰੇ ਗਿਆਨੀ ਬ੍ਰਹਮ ਬੀਚਾਰੁ॥ ਜੋਤੀ ਅੰਤਰਿ ਧਰਿਆ ਪਸਾਰੁ॥

ਸੋਈ ਗਿਆਨੀ ਜਿ ਸਿਮਰੈ ਏਕ॥ ਸੋ ਧਨਵੰਤਾ ਜਿਸੁ ਬੁਧਿ ਬਿਬੇਕ॥ ਸੋ ਕੁਲਵੰਤਾ ਜਿ ਸਿਮਰੈ ਸੁਆਮੀ॥ ਸੋ ਪਤਿਵੰਤਾ ਜਿ ਆਪੁ ਪਛਾਨੀ॥੨॥” – ਗਿਆਨੀ ਉਹ ਹੈ ਜਿਸਨੂੰ ਏਕ ਦਾ ਪਤਾ ਹੋਵੇ। ਏਕ ਸਮਝਣ ਲਈ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ

ਗੁਰਮਤਿ ਵਾਲਾ ਗਿਆਨੀ ਉਹ ਹੈ ਜਿਸ ਨੂੰ ਨਾਮ (ਸੋਝੀ) ਪ੍ਰਾਪਤ ਹੈ। ਇਹ ਦੁਨਿਆਵੀ ਉਪਾਧੀ ਨਹੀਂ ਹੈ। ਗਿਆਨੀ ਹੋਣ ਦਾ “ਸਰਟੀਫਿਕੇਟ” ਕਿਸੇ ਪਾਠਸ਼ਾਲਾ ਤੋਂ ਨਹੀਂ ਮਿਲਦਾ ਤੇ ਲੋਕਾਂ ਦੇ ਮੰਨ ਲੈਣ ਨਾਲ ਜਾਂ ਕਹਣ ਮਾਤਰ ਨਾਲ ਕੋਈ ਗਿਆਨੀ ਨਹੀਂ ਹੋ ਜਾਂਦਾ। “ਭਗਤੁ ਗਿਆਨੀ ਤਪਾ ਜਿਸੁ ਕਿਰਪਾ ਕਰੈ॥” ਜਿਸ ਤੇ ਉਹ (ਪਰਮੇਸਰ) ਆਪ ਕਿਰਪਾ ਕਰੇ ਨਾਮ (ਸੋਝੀ) ਬਖਸ਼ੇ।

ਬ੍ਰਹਮ ਗਿਆਨੀ

ਅਕਸਰ ਦੇਖਦੇ ਹਾਂ ਕੇ ਲੋਕ ਕਿਸੇ ਨੂੰ ਵੀ ਬ੍ਰਹਮ ਗਿਆਨੀ ਆਖ ਦਿੰਦੇ ਹਨ ਜਦੋਂ ਬ੍ਰਹਮ ਕੀ ਹੈ ਨਹੀਂ ਪਤਾ ਹੁੰਦਾ। ਬ੍ਰਹਮ ਕੌਣ ਹੈ? ਇਸਦਾ ਗਿਆਨ ਕੀ ਹੈ? ਉਸਦੇ ਗਿਆਨੀ ਦੀ ਅਵਸਥਾ ਕੀ ਹੈ ਗੁਰਮਤਿ ਅਨੁਸਾਰ ਇਹ ਨਹੀਂ ਪਤਾ ਹੁੰਦਾ। ਗੁਰਬਾਣੀ ਵਿੱਚ ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ ਵਰਤਿਆ ਗਿਆ ਹੈ ਪਰ ਇਹਨਾਂ ਦੇ ਅਰਥਾਂ ਤੋਂ ਅੱਜ ਜ਼ਿਆਦਾਤਰ ਸਿੱਖ ਵਾਂਝੇ ਹਨ। ਇਹਨਾਂ ਦੇ ਅਰਥ ਸਮਝਣ ਲਈ ਵੇਖੋ “ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ”। ਬਾਣੀ ਵਿੱਚ ਖੋਜੋ ਇਹਨਾਂ ਦੇ ਅਰਥ। ਬ੍ਰਹਮ ਹੈ ਜੀਵ ਦੇ ਅੰਦਰ ਵੱਸਦੀ ਪਰਮੇਸਰ ਦੀ ਜੋਤ। ਜਿਸ ਬਾਰੇ ਗੁਰਬਾਣੀ ਵਿੱਚ ਆਖਿਆ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥”। ਜਦੋਂ ਮਨ ਨੇ ਪਛਾਣ ਲਿਆ ਕੇ ਉਹ ਆਪ ਜੋਤ ਸਰੂਪ ਹੈ ਉਸਨੂੰ ਗਿਆਨ ਹੋ ਗਿਆ ਕੇ ਉਹ ਹਾਡ ਮਾਸ ਦਾ ਬਣਿਆ ਸਰੀਰ ਨਹੀਂ ਆਪ ਅਕਾਲ ਸਰੂਪ ਹੈ ਤਾਂ ਇਸਨੂੰ ਬ੍ਰਹਮ ਦਾ ਗਿਆਨ ਹੋਣਾ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥”। ਜੀਵ ਦੇ ਘਟ ਵਿੱਚ ਹੀ ਹਰਿ ਵੱਸਦਾ। ਸਮਝਣ ਲਈ ਪੜ੍ਹੋ “ਹਰਿ”। ਸਵਾਲ ਬਣਦਾ ਕੇ ਜਿੰਨਾਂ ਨੂੰ ਬ੍ਰਹਮ ਬਾਰੇ ਪਤਾ ਹੀ ਨਹੀਂ ਉਹ ਦੂਜਿਆ ਨੂੰ ਬ੍ਰਹਮ ਗਿਆਨੀ ਦੀ ਉਪਾਧੀ ਕਿਵੇਂ ਦੇ ਸਕਦੇ ਹਨ? ਇਹ ਚਾਪਲੂਸੀ, ਲੋਕ ਪਚਾਰੇ ਲਈ ਤਾਂ ਨਹੀਂ? ਗੁਰਬਾਣੀ ਤਾਂ ਆਖਦੀ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਹੀ ਪਛਾਣ ਸਕਦਾ “ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥

ਬ੍ਰਹਮ ਗਿਆਨੀ ਦੇ ਲੱਛਣ ਗੁਰਬਾਣੀ ਵਿੱਚ ਦੱਸੇ ਹਨ। ਨੀਚੇ ਦਿੱਤੀ ਬਾਣੀ ਦੀ ਉਦਾਹਰਣ ਨੂੰ ਸਾਰੇ ਪੜ੍ਹਦੇ ਹਨ ਪਰ ਕੋਈ ਵਿਚਾਰਦਾ ਨਹੀਂ। ਕੁੱਝ ਹਿਸੇ ਹਾਈਲਤਈਟ ਕੀਤੇ ਹਨ ਧੀਰਜ ਨਾਲ ਪੜ੍ਹ ਕੇ ਵੇਖੋ ਜਿਸ ਮਨੁੱਖ ਨੂੰ ਬ੍ਰਹਮ ਗਿਆਨੀ ਆਖ ਰਹੇ ਹਾਂ ਉਹ ਇਹਨਾਂ ਤੇ ਪੂਰਾ ਉਤਰਦਾ ਹੈ?

“ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ॥ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥੧॥ਅਸਟਪਦੀ॥ ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥ ਬ੍ਰਹਮ ਗਿਆਨੀ ਸਦਾ ਨਿਰਦੋਖ॥ ਜੈਸੇ ਸੂਰੁ ਸਰਬ ਕਉ ਸੋਖ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ॥ ਬ੍ਰਹਮ ਗਿਆਨੀ ਕੈ ਧੀਰਜੁ ਏਕ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ॥ ਬ੍ਰਹਮ ਗਿਆਨੀ ਕਾ ਇਹੈ ਗੁਨਾਉ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ॥੧॥ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ॥ ਜੈਸੇ ਮੈਲੁ ਨ ਲਾਗੈ ਜਲਾ॥ ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ॥ ਜੈਸੇ ਧਰ ਊਪਰਿ ਆਕਾਸੁ॥ ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ॥ ਬ੍ਰਹਮ ਗਿਆਨੀ ਊਚ ਤੇ ਊਚਾ॥ ਮਨਿ ਅਪਨੈ ਹੈ ਸਭ ਤੇ ਨੀਚਾ॥ ਬ੍ਰਹਮ ਗਿਆਨੀ ਸੇ ਜਨ ਭਏ॥ ਨਾਨਕ ਜਿਨ ਪ੍ਰਭੁ ਆਪਿ ਕਰੇਇ॥੨॥ ਬ੍ਰਹਮ ਗਿਆਨੀ ਸਗਲ ਕੀ ਰੀਨਾ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ॥ ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ॥ ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ॥ ਬ੍ਰਹਮ ਗਿਆਨੀ ਸਦਾ ਸਮਦਰਸੀ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ॥ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ॥ ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥੩॥ ਬ੍ਰਹਮ ਗਿਆਨੀ ਏਕ ਊਪਰਿ ਆਸ॥ ਬ੍ਰਹਮ ਗਿਆਨੀ ਕਾ ਨਹੀ ਬਿਨਾਸ॥ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥ ਬ੍ਰਹਮ ਗਿਆਨੀ ਕੈ ਨਾਹੀ ਧੰਧਾ॥ ਬ੍ਰਹਮ ਗਿਆਨੀ ਲੇ ਧਾਵਤੁ ਬੰਧਾ॥ ਬ੍ਰਹਮ ਗਿਆਨੀ ਕੈ ਹੋਇ ਸੁ ਭਲਾ॥ ਬ੍ਰਹਮ ਗਿਆਨੀ ਸੁਫਲ ਫਲਾ॥ ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ॥੪॥ ਬ੍ਰਹਮ ਗਿਆਨੀ ਕੈ ਏਕੈ ਰੰਗ॥ ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ॥ ਬ੍ਰਹਮ ਗਿਆਨੀ ਕੈ ਨਾਮੁ ਆਧਾਰੁ॥ ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ॥ ਬ੍ਰਹਮ ਗਿਆਨੀ ਸਦਾ ਸਦ ਜਾਗਤ॥ ਬ੍ਰਹਮ ਗਿਆਨੀ ਅਹੰਬੁਧਿ ਤਿਆਗਤ॥ ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ॥ ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ॥ ਬ੍ਰਹਮ ਗਿਆਨੀ ਸੁਖ ਸਹਜ ਨਿਵਾਸ॥ ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ॥੫॥ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ॥ ਬ੍ਰਹਮ ਗਿਆਨੀ ਏਕ ਸੰਗਿ ਹੇਤਾ॥ ਬ੍ਰਹਮ ਗਿਆਨੀ ਕੈ ਹੋਇ ਅਚਿੰਤ॥ ਬ੍ਰਹਮ ਗਿਆਨੀ ਕਾ ਨਿਰਮਲ ਮੰਤ॥ ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ॥ ਬ੍ਰਹਮ ਗਿਆਨੀ ਕਾ ਬਡ ਪਰਤਾਪ॥ ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ॥ ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ॥ ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥੬॥ ਬ੍ਰਹਮ ਗਿਆਨੀ ਕੀ ਕੀਮਤਿ ਨਾਹਿ॥ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ॥ ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ॥ ਬ੍ਰਹਮ ਗਿਆਨੀ ਕਉ ਸਦਾ ਅਦੇਸੁ॥ ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖੵਰੁ॥ ਬ੍ਰਹਮ ਗਿਆਨੀ ਸਰਬ ਕਾ ਠਾਕੁਰੁ॥ ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ॥ ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥ ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ॥ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ॥੭॥ ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥ ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥ ਬ੍ਰਹਮ ਗਿਆਨੀ ਅਨਾਥ ਕਾ ਨਾਥੁ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ॥ ਬ੍ਰਹਮ ਗਿਆਨੀ ਕਾ ਸਗਲ ਅਕਾਰੁ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥“

ਮਹਾ ਪੁਰਖ

ਸਨਾਤਨ ਮਤਿ ਵਿੱਚ ਛੇ ਪ੍ਰਮੁਖ ਮੱਤਾਂ ਜਿਹਨਾਂ ਨੂੰ ਦਰਸ਼ਨ ਵੀ ਕਹਿਆ ਹੈ, ਹਨ ਜਿਹਨਾਂ ਵਿੱਚੋਂ ਸਾਂਖ ਮਤਿ ਦਾ ਮੰਨਣਾ ਹੈ ਕੇ ਪੁਰੁਸ਼ ਕੇਵਲ ਇੱਕ (ਪਰਮੇਸਰ) ਹੈ ਤੇ ਬਾਕੀ ਸਾਰੇ ਜੀਵਾਂ ਦੀ ਜੋਤ ਇਸਤ੍ਰੀ ਹੈ ਤੇ ਇਹਨਾਂ ਇਸਤ੍ਰੀਆਂ ਨੇ ਪੁਰੁਸ਼ ਨੂੰ ਮਿਲਣਾ ਹੈ। ਅੱਜ ਸਨਾਤਨ ਮਤਿ ਵਿੱਚ ਵੀ ਤੇ ਸਿੱਖਾਂ ਵਿੱਚ ਵੀ ਨਾਮਸਝੀ ਕਾਰਣ ਇਹਨਾਂ ਮੱਤਾਂ ਦੀ ਖਿਚੜੀ ਬਣੀ ਹੋਈ ਹੈ। ਇਹ ਖਿਚੜੀ ਗੁਰੁਆਂ ਤੇ ਭਗਤਾਂ ਸਮੇ ਵੀ ਸੀ ਤੇ ਬਾਣੀ ਨੇ ਆਖਿਆ “ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰੁ ਗੁਰੁ ਏਕੋ ਵੇਸ ਅਨੇਕ॥੧॥ ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਇ॥੧॥ ” ਅਰਥ ਇਹ ਜਿਹੜੇ ਛਿਅ ਘਰ ਹਨ ਇਹਨਾਂ ਵਿੱਚ ਗੁਣਾਂ ਨੂੰ ਦੱਸਣ ਤੇ ਸਮਝਾਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਗੁਰ (ਗੁਣ) ਏਕ ਹੀ ਹਨ। ਤੇ ਜਿਹੜੇ ਘਰ ਵਿੱਚ ਤੇਰੇ ਨਾਮ (ਸੋਝੀ) ਦੀ ਵਡਿਆਈ ਹੋਵੇ ਉਸ ਘਰ ਵਿੱਚ ਤੂੰ ਆਪ ਰੱਖ। ਜੇ ਸਾਂਖ ਮਤਿ ਨੂੰ ਮੰਨਦੇ ਹਾਂ ਤਾਂ “ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ॥ ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ॥ ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ॥ ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ॥ ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ॥ ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ॥ ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ॥੨॥“ ਆਖਦੇ ਜਿਸ ਨੂੰ ਘਟ ਭੀਤਰ ਬ੍ਰਹਮ ਦੀ ਸੋਝੀ ਹੋ ਜਾਵੇ, ਹਰਿ ਦਾ ਮੰਦਰ ਇਹ ਸਰੀਰ ਹੈ ਸਮਝ ਆ ਜਾਵੇ ਉਹ ਜੋਤ ਆਪ ਹੀ ਪੁਰਖ ਹੋ ਜਾਂਦੀ ਹੈ। “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥੨॥ ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ॥ ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ॥” ਪਰ ਅਸੀਂ ਹਰਿ ਮੰਦਰ ਬਾਹਰ ਵਾਲਾ ਮੰਨ ਲਿਆ। ਹਰਿਮੰਦਰ ਸ਼ਬਦ ਦੀ ਵਰਤੋ ਨਾਨਕ ਪਾਤਿਸ਼ਾਹ ਨੇ ਵੀ ਕੀਤੀ ਹੈ ਜਦੋਂ ਅੰਮ੍ਰਿਤਸਰ ਵਿਖੇ ਸਥਾਪਿਤ ਗੁਰੂ ਘਰ ਦੀ ਨੀਂਵ ਵੀ ਨਹੀ ਰੱਖੀ ਗਈ ਸੀ “ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ॥ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ॥ ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ॥੨॥ (ਮ ੧, ਰਾਗੁ ਸਿਰੀ ਰਾਗੁ, ੧੭)”। ਸੋਚਣ ਵਾਲੀ ਗਲ ਹੈ ਕੇ ਗੁਰੂਘਰ ਸਥਾਪਿਤ ਕਰਨ ਵਾਲੇ ਗੁਰੁ ਸਾਹਿਬ ਨੇ ਇਸਦਾ ਨਾਮ ਹਰਿ ਮੰਦਿਰ ਨਹੀਂ ਰੱਖਿਆ ਸੀ, ਇਹ ਤਾਂ ਪੰਡਿਤ ਦੀ ਸ਼ਰਾਰਤ ਲਗਦੀ ਕੇ ਗੁਰਬਾਣੀ ਪੜ੍ਹਦਿਆ ਹਰਿਮੰਦਰ ਸ਼ਬਦ ਆਵੇ ਤਾਂ ਧਿਆਨ ਇਮਾਰਤ ਵਲ ਜਾਵੇ ਗਿਆਨ ਤੋਂ ਦੂਰ ਰੱਖਣ ਲਈ।

ਮਹਾ ਪੁਰਖ ਦੀ ਪਰਿਭਾਸ਼ਾ ਗੁਰਮਤਿ ਵਿੱਚ ਕੀ ਹੈ? ਗੁਰਬਾਣੀ ਵਿੱਚ ਦਰਜ ਹੈ ਕੇ “ਸਤਿਗੁਰ ਸੇਵਹਿ ਸੇ ਮਹਾਪੁਰਖ ਸੰਸਾਰੇ॥ ਆਪਿ ਉਧਰੇ ਕੁਲ ਸਗਲ ਨਿਸਤਾਰੇ॥ ਹਰਿ ਕਾ ਨਾਮੁ ਰਖਹਿ ਉਰ ਧਾਰੇ॥ ਨਾਮਿ ਰਤੇ ਭਉਜਲ ਉਤਰਹਿ ਪਾਰੇ॥” – ਜਿਹੜੇ ਸਤਿ (ਸੱਚ) ਗੁਰ (ਗੁਣਾਂ) ਦੀ ਸੇਵਾ ਕਰੇ ਅਰਥ ਸਬਦ ਵਿਚਾਰ ਕਰੇ “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥”। ਹਰਿ ਦਾ ਨਾਮ (ਸੋਝੀ) ਨੂੰ ਧਾਰਣ ਕਰੇ ਤੇ ਇਸ ਨਾਮ (ਸੋਝੀ) ਵਿੱਚ ਰੱਤੇ (ਭਿੱਜੇ) ਹੋਣ ਉਹ ਭਵਜਲ ਪਾਰ ਉਤਰਦੇ ਹਨ। ਇਹ ਸੰਸਾਰ ਤੋਂ ਨਿਰਲੇਪ ਹੋ ਕੇ ਧਿਆਨ ਗੁਣਾਂ ਵਲ ਰੱਖਦੇ ਹਨ। ਪਰ ਇਹ ਸੌਖਾ ਨਹੀਂ। ਘਟ ਅੰਦਰ ਵੱਸਦੇ ਹਰਿ ਨੂੰ ਮਹਾ ਪੁਰਖ ਆਖਿਆ ਹੈ ਬਾਣੀ ਵਿੱਚ “ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ॥”। ਅੱਗੇ ਆਖਦੇ ਹਨ ਕੇ “ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥” ਗੁਰੁਆਂ ਨੇ ਭਗਤਾਂ ਨੇ ਬਾਣੀ ਲਿਖਣ ਦਾ ਕ੍ਰੈਡਿਟ ਆਪਣੇ ਉੱਤੇ ਨਹੀ ਲਿਆ, ਆਖਦੇ “ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ॥” ਅਤੇ “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥” ਤੇ ਲਾਲੋ ਕੌਣ ਹੈ? ਮਨਘੜੰਤ ਸਾਖੀ ਵਾਲਾ ਲਾਲੋ ਬੰਦਾ ਹੈ ਪਰ ਗੁਰਮਤਿ ਵਾਲਾ ਲਾਲੋ ਹੈ “ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ॥” ਜਿਸਨੂੰ ਗਿਆਨ ਦੀ ਲਾਲੀ ਹੋਵੇ।

ਸੋ ਪਰਮੇਸਰ ਦੇ ਗੁਣਾਂ ਨੂੰ ਧਾਰਣ ਕਰਨ ਵਾਲਾ, ਗੁਣਾਂ ਨੂੰ ਮੁਖ ਰੱਖਣ ਵਾਲਾ, ਹਰਿ, ਲਾਲੋ ਮਹਾ ਪੁਰਖ ਹੈ “ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ॥ ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੋ॥੧॥” ਅਤੇ “ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ॥”।

ਸੋ ਮਹਾ ਪੁਰਖ ਸਨਾਤਨ ਦੇ ਇੱਕ ਦਰਸ਼ਨ ਤੋਂ ਉਦਾਹਰਣ ਲੈਕੇ ਸਮਝਾਉਣ ਲਈ ਵਰਤਿਆ ਹੈ ਬਾਣੀ ਵਿੱਚ। ਅਸਲ ਵਿੱਚ ਇਹ ਬਹੁਤ ਉਚੀ ਅਵਸਥਾ ਦਾ ਨਾਮ ਹੈ। ਗੁਰਮਤਿ ਅਨੁਸਾਰ ਮਹਾ ਪੁਰਖ ਅਕਾਲ ਦੀ ਅਵਸਥਾ ਵਾਲਾ ਚਾਹੀਦਾ “ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥” ਵੈਸੇ ਹੀ ਮਹਾ ਪੁਰਖ ਇੱਦਾਂ ਦਾ ਚਾਹੀਦਾਂ ਜਿੱਦਾਂ ਦਾ ਗੁਰਬਾਣੀ ਨੇ ਮਹਾ ਪੁਰਖ ਦੱਸਿਆ ਹੈ।

ਸਾਧ ਅਤੇ ਸੰਤ

ਅੱਜ ਦਾ ਸਿੱਖ ਅਗਿਆਨਤਾ ਕਾਰਣ ਕਿਸੇ ਵੀ ਮਾੜੀ ਜਹੀ ਚੰਗੀ ਗਲ ਕਰਨ ਵਾਲੇ ਨੂੰ ਸਾਧ ਜਾਂ ਸੰਤ ਮਨ ਕੇ ਮੱਥੇ ਟੇਕਣਾ ਸ਼ੁਰੂ ਕਰ ਦਿੰਦਾ ਹੈ। ਇਸਦਾ ਕਾਰਣ ਹੈ ਅਸੀਂ Morality (ਨੈਤਿਕਤਾ) ਨੂੰ Spirituality (ਅਧਿਆਤਮਿਕਤਾ) ਮੰਨ ਲਿਆ ਹੈ। ਨੈਤਿਕਤਾ ਬਾਹਰੀ ਸ੍ਵਭਾਵ, ਸਾਮਾਜਿਕ ਵ੍ਯਵਹਾਰ ਕੇਵਲ ਸਾਮਾਜਿਕ ਕਰਮ ਹੈ ਜਿਸਦਾ ਅਧਿਆਤਮਿਕਤਾ ਕੇ ਨਾਲ ਕੋਈ ਰਿਸ਼ਤਾ ਨਹੀੰ ਹੈ। ਅਧਿਆਤਮਿਕਤਾ ਖੋਜ ਹੈ ਅਪਨੇ ਆਪ ਦੀ। ਮੈਂ ਕੌਣ? ਮਨ ਜਾਂ ਜੋਤ? ਖ਼ੁਦਾ ਨੂੰ ਖੁਦ ਵਿੱਚ ਖੋਜਣਾ “ਹਰਿ ਕਾ ਸੇਵਕੁ ਸੋ ਹਰਿ ਜੇਹਾ॥ ਭੇਦੁ ਨ ਜਾਣਹੁ ਮਾਣਸ ਦੇਹਾ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ॥”। ਆਪਣੇ ਮਨ ਨੂੰ ਨਿਰਮਲ (ਮਲ ਰਹਿਤ) ਕਰਕੇ ਵਿਕਾਰਾਂ ਤੋ ਮੁਕਤ ਹੋਣ ਦੀ ਵਿਧੀ ਹੈ ਅਧਿਆਤਮਿਕਤਾ। ਅਧਿਆਤਮਿਕਤਾ ਨਾਮ (ਸੋਝੀ/ਗਿਆਨ) ਨਾਲ ਇਹ ਸਪਸ਼ਟ ਹੋਣਾ ਹੈ ਕੇ ਕਰਤਾ ਕੌਣ ਹੈ। ਸੰਸਾਰ ਨੂੰ ਕਿਸਦੇ ਹੁਕਮ ਵਿੱਚ ਚਲਾਇਆ ਜਾ ਰਹਿਆ ਹੈ। ਵਿਕਾਰਾਂ ਦਾ ਸਮਾਜਿਕ ਰਿਸ਼ਤਾ ਜ਼ਰੂਰ ਹੈ ਮਨੁੱਖ ਦੇ ਬਾਲ ਪਰ ਜਦੋਂ ਤਕ ਵਿਕਾਰ ਮੌਜੂਦ ਹਨ, ਮਨੋਦਸ਼ਾ ਠੀਕ ਨਹੀਂ ਹੈ ਉਦੋਂ ਤਕ ਅਧਿਆਤਮਿਕ ਗਿਆਨ ਨਹੀਂ ਹੋ ਸਕਦਾ। ਇਸ ਲਈ ਹਰ ਧਰਮ ਨੇ ਕੇਵਲ ਵਿਕਾਰਾਂ ਵਲ ਹੀ ਧਿਆਨ ਦਿੱਤਾ ਤਾ ਕੇ ਸਾਮਾਜਿਕ ਸੁਧਾਰ ਹੋ ਸਕੇ। ਪਰ ਉਹ ਆਪ ਹੀ ਇਹ ਵੀ ਮੰਨਦੇ ਹਨ ਕੇ ਵਿਕਾਰ ਕਦੇ ਮੁੱਕਦੇ ਨਹੀਂ ਕਾਬੂ ਕੀਤੇ ਜਾ ਸਕਦੇ ਹਨ। ਘੱਟ ਕੀਤੇ ਜਾ ਸਕਦੇ ਹਨ। ਇਸ ਲਈ ਦੁਨੀਆ ਤੋਂ ਦੂਰ ਰਹਿਣਾ, ਭੋਰੇ ਵਿੱਚ ਸਮਾਧੀ ਲਾਉਣਾ, ਟੱਲ ਖੜਕਾਉਣਾ, ਸ਼ੰਖ ਨਾਦ ਕਰਨਾ, ਅੱਖਾਂ ਬੰਦ ਕਰਕੇ ਇੱਕ ਲ਼ਫ਼ਜ਼ ਨੂੰ ਬਾਰ ਬਾਰ ਰੱਟਣਾ ਵਿਧੀ ਦੱਸੀ ਹੈ। ਗੁਰਮਤਿ ਨੇ ਇਹ ਸਬ ਖਾਰਿਜ ਕਰ ਦਿੱਤੇ ਹਨ। ਗੁਰਬਾਣੀ ਹੀ ਦੱਸਦੀ ਹੈ ਕੇਵਲ ਕੇ ਵਿਕਾਰ ਕਿਵੇਂ ਖਤਮ ਹੋ ਸਕਦੇ ਹਨ। ਆਦਿ ਬਾਣੀ ਵਿੱਚ ਅਤੇ ਦਸਮ ਬਾਣੀ ਵਿੱਚ ਵਿਕਾਰਾਂ ਦੀ ਮਾਂ (ਬੁੱਧ) ਤੇ ਧਿਆਨ ਦਿੱਤਾ ਹੈ ਜਿੱਥੋਂ ਵਿਕਾਰ ਪੈਦਾ ਹੁੰਦੇ ਹਨ। ਵਿਕਾਰਾਂ ਦੀ ਮਾਂ ਨੂੰ ਕਾਬੂ ਕੀਤਾ ਹੈ ਨਾਮ (ਸੋਝੀ) ਨਾਲ।

ਜਦੋਂ ਤਕ ਮਨ ਬਾਹਰ ਮੁਖੀ ਹੈ ਅਧਿਆਤਮਿਕ ਸੋਚ ਨਹੀਂ ਹੋ ਸਕਦੀ। ਜਦੋਂ ਤਕ ਨੈਤਿਕਤਾ ਵਲ ਧਿਆਨ ਰਹੇਗਾ ਅਧਿਆਤਮਿਕ ਸੋਚ ਨਹੀਂ ਹੋ ਸਕਦੀ। ਨੈਤਿਕਤਾ ਕਦੇ ਪੂਰਨ ਤਰੀਕੇ ਨਾਲ ਹੋ ਹੀ ਨਹੀਂ ਸਕਦੀ। ਸਾਡਾ ਸਾਮਾਜਿਕ ਬਿਉਹਾਰ ਲੋਕਾਂ ਦੇ ਸਾਡੇ ਨਾਲ ਵਰਤਣ ਤੇ ਨਿਰਭਰ ਕਰਦਾ ਹੈ। ਨੈਤਿਕਤਾ, ਵਿਕਾਰਾਂ ਦੀ ਸੋਚ ਵਾਲੀ ਪੰਡ ਸਿਰ ਤੋਂ ਲਾਹ ਕੇ ਹੀ ਅੰਦਰ ਵਲ ਨੂੰ ਧਿਆਨ ਦਿੱਤਾ ਜਾ ਸਕਦਾ ਹੈ। ਇਕ ਵਿਕਾਰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਦੂਜਾ ਭਾਰੀ ਹੋ ਜਾਂਦਾ ਹੈ। ਸਾਰੇ ਵਿਕਾਰ ਖਤਮ ਕਰ ਵੀ ਦਿੱਤੇ ਤਾਂ ਹੰਕਾਰ ਵਧ ਜਾਂਦਾ ਹੈ। ਇਸ ਲਈ ਇਹਨਾਂ ਸਾਰੇ ਵਿਕਾਰਾਂ ਨੂੰ ਇੱਕ ਸਾਥ ਖਤਮ ਕਰਨ ਦੀ ਵਿਧੀ ਗੁਰਮਤਿ ਨੇ ਦੱਸੀ ਹੈ। ਜਿਹੜਾ ਸਵਭਾਵ ਵਿੱਚ ਜਿਆਦਾ ਹੀ ਨਰਮ ਹੋਵੇ ਸਮਝ ਲਵੋ ਉਹ ਲੋਕ ਪਚਾਰੇ ਵਿੱਚ ਫਸਿਆ ਹੈ। ਅਧਿਆਤਮ ਵਾਲਾ ਤਾਂ ਗਲ ਸਿੱਧੀ ਕਰਦਾ, ਸੱਚ ਦੀ ਕਰਦਾ ਭਾਵੇਂ ਲੋਕ ਚੰਗਾ ਸਮਝਣ ਕੇ ਨਾ। ਲੋਕਾਂ ਦੀ ਪਰਵਾਹ ਹੀ ਨਹੀਂ ਕਰਦਾ। ਭਾਵੇਂ ਸਿਰ ਕੱਟ ਜਾਵੇ ਭਾਵੇਂ ਤੱਤੀ ਤਵੀ ਤੇ ਬੈਠਣਾ ਪਵੇ। ਨਿਵਣਾ ਚੰਗੀ ਗਲ ਹੁੰਦੀ ਹੈ ਸਵਭਾਵ ਵਿੱਚ ਨਿਮਰਤਾ ਚੰਗੀ ਗਲ ਹੈ ਪਰ ਇਸਦਾ ਇਹ ਮਤਲਬ ਨਹੀਂ ਕੇ ਸਾਰਿਆਂ ਦੀ ਹਾਂ ਵਿੱਚ ਹਾਂ ਮਿਲਾਈ ਜਾਈਏ ਕੇ ਤੂੰ ਭੀ ਠੀਕ ਉਹ ਬੀ ਠੀਕ। “ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥

ਜਿੰਨਾਂ ਨੂੰ ਹਰਿ ਕੌਣ ਹੈ ਪਤਾ ਨਹੀਂ, ਭੁਲੇਖਾ ਹੈ ਕੇ ਦੂਜੀ ਮਤਿ ਵਿੱਚ ਪ੍ਰਚਾਰੇ ਦੇਵਤੇ ਹਰਿ ਹਨ ਉਹਨਾਂ ਨੂੰ ਬਾਹਰੀ ਭੇਖ, ਬਿਉਹਾਰ, ਬੋਲ ਚਾਲ, ਕਰਮ ਕਾਂਡ, ਪਖੰਡ ਨਾਲ ਭੁਲੇਖਾ ਪੈਣਾ ਸੁਭਾਵਿਕ ਹੈ। ਨਾ ਆਦਿ ਬਾਣੀ ਵਿੱਚ ਨਾ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਨੂੰ ਮੰਨਿਆ ਗਿਆ ਹੈ। ਵੇਖੋ “ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੈ?”। ਆਦਿ ਬਾਣੀ ਮੂਰਤੀ ਪੂਜਾ ਨੂੰ ਨਹੀਂ ਮੰਨਦੀ। ਨਾ ਹੀ ਕੋਈ ਭਗਤ ਮੂਰਤੀ ਪੂਜਕ ਸੀ। ਨੀਚੇ ਦੱਸੇ ਪੋਸਟ ਵੀ ਪੜ੍ਹੋ ਤੇ ਵਿਚਾਰੋ।

ਚੰਡੀ ਅਤੇ ਕਾਲਕਾ 

ਭਗਉਤੀ ਕੌਣ/ਕੀ ਹੈ ?

ਕੀ ਭਗਤ ਨਾਮਦੇਵ ਜੀ ਮੂਰਤੀ ਪੂਜਕ ਸੀ?

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ (Anti-Dasam Garanth)

ਸੋ ਸੰਤ ਮਨੁੱਖ ਦੇ ਮਨ ਨੇ ਹੋਣਾ ਹੈ ਸੋਝੀ ਲੈਕੇ, ਮਨ ਸਾਧਿਆ ਗਿਆ ਨਾਮ (ਗਿਆਨ/ਸੋਝੀ) ਲੈਕੇ ਤਾਂ ਸਾਧ ਅਖੌਣਾ। “ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ॥” – ਹਰਿ ਦੇ ਸੰਤ ਉਹ ਹਨ ਜਿੰਨਾ ਨੇ ਹਰ ਜਪਿਓ (ਪਛਾਣ ਲਿਆ)। ਜਪਣ ਦਾ ਅਰਥ ਸਮਝਣ ਲਈ ਵੇਖੋ “ਜਪਣਾ ਤੇ ਸਿਮਰਨ ਕਰਨਾ ? ਨਾਮ ਜਾਪਣ ਦੀ ਗੁਰਮਤਿ ਵਿਧੀ ਕੀ ਹੈ ?

ਜਦੋਂ ਸਿੱਖ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸਮਝਣ ਲਗ ਪਿਆ, ਖੋਜੀ ਹੋ ਗਿਆ ਤੇ ਮਨ ਦੇ ਦਲਿੱਦਰ ਨੂੰ ਤਿਆਗ ਕੇ ਆਪ ਬਾਣੀ ਤੋਂ ਗਿਆਨ ਲੈਣ ਲਗ ਪਿਆ ਤਾਂ ਅਸਲ ਭੇਦ ਸਮਝ ਆਉਣਾ। ਜਦੋਂ ਗੁਰਬਾਣੀ ਨੇ ਇਹ ਕਹਿ ਦਿੱਤਾ ਕੇ “ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥੨॥” ਤਾਂ ਫੇਰ ਠਾਕੁਰ ਦੇ ਇਲਾਵਾ ਕਿਸੇ ਹੋਰ ਦੇ ਅੱਗੇ ਮੱਥੇ ਟੇਕਣੇ ਕਿਸ ਕੰਮ ਦੇ ਨੇ? ਗੁਰਬਾਣੀ ਦੇ ਲੜ੍ਹ ਲੱਗੋ ਗੁਰੁਆਂ ਭਗਤਾਂ ਤੇ ਗੁਰਮੁਖਾਂ ਨੇ ਸਿੱਧਾ ਰਿਸ਼ਤਾ ਪਰਮੇਸਰ ਨਾਲ ਹੀ ਰੱਖਿਆ ਹੈ। ਜਿਹੜੇ ਆਪ ਮੰਗਤੇ ਹੁੰਦੇ ਨੇ ਉਹ ਦੂਜਿਆਂ ਨੂੰ ਕੁੱਝ ਨਹੀਂ ਦੇ ਸਕਦੇ। ਗੁਰਬਾਣੀ ਨੇ ਸਪਸ਼ਟ ਹੀ ਕਹਿਆ ਹੈ “ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ਦੇਵਨ ਕਉ ਏਕੈ ਭਗਵਾਨੁ॥”। ਗੁਰਬਾਣੀ ਆਖਦੀ ਹੈ ਕੇ ਦੇਣ ਵਾਲਾ ਕੇਵਲ ਏਕ ਹੈ ਜੋ ਸਬ ਨੂੰ ਦੇ ਰਹਿਆ ਹੈ।

ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ ਦੈਨਹਾਰੁ ਸਦ ਜੀਵਨਹਾਰਾ॥ ਮਨ ਮੂਰਖ ਕਿਉ ਤਾਹਿ ਬਿਸਾਰਾ॥ ਦੋਸੁ ਨਹੀ ਕਾਹੂ ਕਉ ਮੀਤਾ॥ ਮਾਇਆ ਮੋਹ ਬੰਧੁ ਪ੍ਰਭਿ ਕੀਤਾ॥ ਦਰਦ ਨਿਵਾਰਹਿ ਜਾ ਕੇ ਆਪੇ॥ ਨਾਨਕ ਤੇ ਤੇ ਗੁਰਮੁਖਿ ਧ੍ਰਾਪੇ॥

ਅਸੀਂ ਇਹ ਵੀ ਵੇਖਦੇ ਹਾਂ ਕੇ ਲੋਕ ਬਿਨਾਂ ਸਮਝੇ ਜਿਆਦਾ ਤੋਂ ਜਿਆਦਾ ਸ਼ਬਦ ਪੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਬਾਣੀ ਰੱਟਣ ਤੇ ਕੰਠ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਲੋਕ ਪਚਾਰੇ ਲਈ ਤਾਂ ਚੱਲ ਜਾਣਾ ਪਰ ਇਸਦਾ ਗੁਰਮਤਿ ਸਮਝਣ ਵਿੱਚ ਕੋਈ ਲਾਭ ਨਹੀ ਹੋਣਾ ਤੇ ਨਾ ਇਸ ਨਾਲ ਵਿਕਾਰ ਹੀ ਕਾਬੂ ਹੋਣੇ। ਇਹ ਰੱਟਣ ਸਿੱਖਾਂ ਤੋਂ ਪਹਿਲਾਂ ਦੂਜੇ ਧਰਮਾਂ ਵਿੱਚ ਵੀ ਹੁੰਦਾ ਰਹਿਆ ਹੈ। ਹਿੰਦੂ ਰਾਮ ਰਾਮ ਕਰੀ ਜਾਂਦੇ ਸੀ ਤੇ ਮੁਸਲਮਾਨ ਅੱਲਾਹ ਅੱਲਾਹ। ਅੱਖਾਂ ਬੰਦ ਕਰਕੇ ਧਿਆਨ ਲਾਉਣ ਦੀ ਕੋਸ਼ਿਸ਼ ਵੀ ਕਰਦੇ ਸੀ ਤੇ ਪਾਤਿਸ਼ਾਹ ਆਖਦੇ

ਬਿਨ ਹਰਿ ਨਾਮ ਨ ਬਾਚਨ ਪੈਹੈ॥ ਚੌਦਹਿ ਲੋਕ ਜਾਹਿ ਬਸ ਕੀਨੇ ਤਾ ਤੇ ਕਹਾਂ ਪਲੈ ਹੈ॥੧॥ ਰਹਾਉ॥ ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ॥ ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ॥੧॥ ਬੇਦ ਪੁਰਾਨ ਕੁਰਾਨ ਸਬੈ ਮਤ ਜਾ ਕਹ ਨੇਤ ਕਹੈ ਹੈ॥ ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਨ ਐਹੈ॥੨॥ ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ੍ਯਾਮ ਕਹੈ ਹੈ॥ ਛੁਟਹੋ ਕਾਲ ਜਾਲ ਤੇ ਤਬ ਹੀ ਤਾਂਹਿ ਚਰਨ ਲਪਟੈ ਹੈ॥੩॥੨॥੧੦॥(ਰਾਗੁ ਦੇਵਗੰਧਾਰੀ ਪਾਤਿਸਾਹੀ ੧੦, ੭੧੨)

ਅਤੇ

ਨ ਨੈਨੰ ਮਿਚਾਊਂ॥ ਨ ਡਿੰਭੰ ਦਿਖਾਊਂ॥ ਨ ਕੁਕਰਮੰ ਕਮਾਊਂ॥ ਨ ਭੇਖੀ ਕਹਾਊਂ॥੫੨॥

ਸਿੱਖੀ ਨਾ ਭੇਖ ਦੀ ਹੈ ਨਾ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਹੈ, ਨਾ ਉਪਾਧੀਆਂ ਦੀ। ਸਿੱਖੀ ਤਾਂ ਆਤਮ ਦਰਸ਼ਨ ਆਪ ਕਰਨ ਦੀ ਵਿਧੀ ਹੈ। ਸੋ ਬਾਣੀ ਆਪ ਪੜ੍ਹੋ ਤੇ ਵਿਚਾਰੋ। ਸਿੱਧਾ ਬਾਣੀ ਦੇ ਲੜ ਲੱਗੋ।