Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਖਰ ਅਤੇ ਅੱਖਰ

ਆਦਿ ਗੁਰਬਾਣੀ ਵਿੱਚ ਅੱਧਕ (ੱ) ਦੀ ਵਰਤੋ ਨਹੀਂ ਹੈ। ਪਹਿਲੀ ਵਾਰ ਇਸਦੀ ਵਰਤੋ ਦਸਮ ਬਾਣੀ ਵਿੱਚ ਮਿਲਦੀ ਹੈ। ਇਸ ਕਾਰਣ ਅਖਰ ਅਰਥ ਨਾ ਖਰਣ ਵਾਲਾ ਸਦੀਵ ਰਹਿਣ ਵਾਲਾ ਅਤੇ ਅੱਖਰ (letter/ alphabet/ character) ਦੇ ਵਿੱਚ ਫ਼ਰਕ ਕਰਨ ਲਈ ਕਹੀ ਗਲ ਦਾ ਭਾਵ ਸਮਝਣਾ ਪੈਂਦਾ ਹੈ। ਜੇ ਗੁਰਮਤਿ ਤੱਤ ਗਿਆਨ ਦੀ ਸੋਝੀ ਹੋ ਜਾਵੇ ਅਤੇ ਪਤਾ ਹੋਵੇ ਕੇ ਗੁਰਮਤਿ ਗਿਆਨ ਬ੍ਰਹਮ ਵਿਦਿਆ ਹੈ, ਆਪਣੇ ਮੂਲ ਦਾ ਗਿਆਨ ਹੈ ਤਾਂ ਇਹ ਸਮਝਣਾ ਹੋਰ ਵੀ ਸੌਖਾ ਹੋ ਜਾਂਦਾ ਹੈ ਕੇ ਕਿੱਥੇ ਅੱਖਰ ਹੈ ਬਾਣੀ ਦਾ ਭਾਵ ਤੇ ਕਿੱਥੇ ਪਾਤਿਸ਼ਾਹ ਅਖਰ ਲਿਖਣਾ ਚਾਹ ਰਹੇ ਨੇ। ਬ੍ਰਹਮ ਅਰਥ ਜੀਵ ਦਾ ਮੂਲ ਯਾਂ ਜੀਵ ਅੰਦਰਲੀ ਜੋਤ ਅਮਰ ਹੈ ਅਜਰ ਹੈ ਕਦੇ ਮਰਦੀ ਨਹੀਂ ਕਦੇ ਘੱਟ ਵੱਧ ਨਹੀਂ ਹੁੰਦੀ, ਅਕਾਲ ਰੂਪ ਹੈ। ਜੋਤ ਪਰਮੇਸਰ (ਸਮੁੰਦਰ) ਏਕ ਵਿੱਚੋਂ ਨਿਕਲਦੀ ਹੈ ਇਕ ਵੱਖਰੀ ਹੋਂਦ ਬਣ ਕੇ ਤੇ ਪਰਮੇਸਰ ਵਿੱਚ ਹੀ ਸਮਾ ਜਾਂਦੀ ਹੈ ਆਪਣੇ ਮੂਲ ਦਾ ਗਿਆਨ ਹੋਣ ਤੇ ਏਕਾ ਹੋਣ ਤੇ। ਹਰੇਕ ਜੀਵ ਨੂੰ ਵੱਖ ਵੱਖ ਮੱਲ ਲੱਗੀ ਹੈ ਮਾਇਆ ਦੀ ਵਿਕਾਰਾਂ ਦੀ ਜਿਸ ਕਾਰਣ ਅਨੇਕ ਦਿਸ ਰਹੇ ਹਨ, ਵਿਚਰ ਰਹੇ ਹਾਂ। ਜਿਵੇਂ ਸਮੁੰਦਰ ਚੋ ਨਿਕਲੀ ਬੂੰਦ ਮੈਲੀ ਹੋ ਜਾਂਦੀ ਹੈ ਜੀਵ ਦਾ ਵਖਰੇਵਾਂ ਮਾਇਆ ਕਾਰਣ ਅਗਿਆਨਤਾ ਕਾਰਣ ਵੀ ਇਹੋ ਜੇਹਾ ਹੈ। ਪਰ ਜਦੋਂ ਮੂਲ ਦਾ ਗਿਆਨ ਲੈਣ ਤੇ ਮਨੁਖ ਨੂੰ ਪਰਮੇਸਰ ਨਾਲ ਏਕੇ ਦੀ ਸੋਝੀ ਹੁੰਦੀ ਹੈ ਫੇਰ ਉਹ ਪਰਮੇਸਰ ਵਿੱਚ ਉੱਦਾਂ ਹੀ ਸਮਾ ਜਾਂਦਾ ਹੈ ਜਿਵੇਂ ਬੂੰਦ ਸਮੁੰਦਰ ਵਿੱਚ। ਮੂਲ ਦਾ ਗਿਆਨ ਹੋਣਾ ਪਰਮੇਸਰ ਨਾਲ ਏਕਾ ਹੋਣ ਤੇ ਵਿਕਾਰਾਂ ਦੀ ਮਲ ਲੱਥ ਜਾਂਦੀ ਹੈ ਜਿਸ ਨਾਲ ਵਖਰੇਵਾਂ ਮੁੱਕ ਜਾਂਦਾ ਤੇ ਇਹੀ ਬਾਣੀ ਵਿੱਚ ਸਮਝਾਇਆ ਹੈ। ਗੁਰਬਾਣੀ ਨੇ ਇਹੀ ਗਲ ਜਲ ਅਤੇ ਤਰੰਗ ਦੇ ਉਦਾਹਰਣ ਨਾਲ ਸਮਝਾਈ ਹੈ ਆਦਿ ਬਾਣੀ ਅਤੇ ਦਸਮ ਬਾਣੀ ਦੋਹਾਂ ਵਿੱਚ ਉਦਾਹਰਣ ਹਨ।

ਹਰਿ ਕਾ ਸੇਵਕੁ ਸੋ ਹਰਿ ਜੇਹਾ॥ ਭੇਦੁ ਨ ਜਾਣਹੁ ਮਾਣਸ ਦੇਹਾ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ॥੮॥ – ਬਹੁ ਭਾਤੀ ਉਠਣ ਵਾਲੀ ਤਰੰਗ ਜੀਵ ਦਾ ਅਲੰਕਾਰ ਹੈ ਤੇ ਜਲ ਪਰਮੇਸਰ ਦਾ।

ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ॥ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ॥੬੦॥ – ਬਹੁ ਭਾਤੀ ਉਠਣ ਵਾਲੀ ਤਰੰਗ ਜੀਵ ਦਾ ਅਲੰਕਾਰ ਹੈ ਤੇ ਜਲ ਪਰਮੇਸਰ ਦਾ।

ਅਖਰ ਅਕਾਲ ਦਾ ਗੁਣ ਹੈ ਤੇ ਅਖਰ ਆਖ ਕੇ ਪਾਤਿਸ਼ਾਹ ਨੇ ਇਹੀ ਸਮਝਾਇਆ ਹੈ ਕੇ ਪਰਮੇਸਰ, ਅਕਾਲ ਉਸਦੇ ਗੁਣ ਤੇ ਉਸਦਾ ਨਾਮ (ਗਿਆਨ/ਸੋਝੀ) ਅਖਰ ਹੈ ਕਦੇ ਖਰਦਾ ਨਹੀਂ। ਜਦੋਂ ਆਖਦੇ “ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥” – ਇਸਦਾ ਭਾਵ ਹੈ ਕੇ ਉਸਦਾ ਨਾਮ (ਸੋਝੀ) ਅਖਰ ਹੈ ਉਸਦਾ ਗਿਆਨ ਸਥਿਰ ਹੈ ਘਟਦਾ ਵੱਧਦਾ ਨਹੀਂ। ਇਹੀ ਗਲ ਦਸਮ ਬਾਣੀ ਵਿੱਚ ਵੀ ਆਖੀ ਹੈ “ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ॥ ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ॥ ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ॥ ਮਕੀਨ ਔ ਮਕਾਨ ਅਪ੍ਰਮਾਨ ਤੇਜ ਮਾਨੀਐ॥੬॥੧੬੬॥“। ਉਸਦੀ ਸਾਲਾਹ (ਸਾਲਾਹਨਾ/ ਸਿਫ਼ਤ/ ਉਸਤਤ/ ਵਡਿਆਈ/ ਸ਼ਲਾਘਾ/ praise/ eulogize) ਕਦੇ ਵੱਧਦੀ ਘਟਦੀ ਨਹੀਂ। ਇਸ ਸਾਲਾਹਣਾ ਦੇ ਕਈ ਉਦਾਹਰਣ ਦਿੱਤੇ ਨੇ ਗੁਰਮਤਿ ਵਿੱਚ।

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ॥” – ਮੈਂ ਉਸਦੀ ਸਿਫ਼ਤ ਉਸਦੀ ਸਾਲਾਹਣਾ ਕਿਵੇਂ ਕਰਾਂ।

ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥” – ਜਿਸਨੂੰ ਉਹ ਸਿਫ਼ਤ ਸਾਲਾਹ (ਵਡਿਆਈ) ਬਖਸੇ ਉਹੀ ਪਾਤਿਸਾਹੁ (ਦਰਗਾਹ ਦੇ ਰਾਹ ਦਾ ਮਾਲਕ) ਹੋਣਾ।

ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ॥” – ਮਨ ਨੂੰ ਸਮਝਾਉਣ ਲਈ ਮਨ ਨੂੰ ਕਾਬੂ ਕਰਨ ਲਈ ਗੁਣਾਂ ਦੀ ਵਿਚਾਰ ਕਰਕੇ ਉਸਦੇ ਹੁਕਮ ਦੀ ਵਡਿਆਈ ਨੂੰ ਸਮਝਣਾ ਪੈਣਾ।

ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ॥ ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ॥ ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ॥ ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ॥” – ਜਿਹਨਾਂ ਨੇ ਹੁਕਮ ਨੂੰ ਮੰਨਿਆ, ਉਹਨਾਂ ਨੇ ਹੀ ਨਿਜ ਘਰ (ਦਰਗਾਹ) ਆਪਣੇ ਘਟ ਵਲ ਧਿਆਨ ਕੀਤਾ ਹੈ। ਗੁਰਮਤਿ ਤੋੰ ਸਚੁ (ਅਕਾਲ) ਦੀ ਸੋਝੀ ਸਿਫਤ ਸਾਲਾਹ (ਵਡਿਆਈ) ਸਮਝ ਆਉਣ ਤੇ ਮਨ ਉਸਦੇ ਗੁਣਾਂ ਦੇ ਨਾਮ (ਗਿਆਨ) ਦੇ ਅੰਮ੍ਰਿਤ ਨਾਲ ਹਰਿਆ ਹੋਣਾ। ਜਿਹਨਾਂ ਦਾ ਹਿਰਦਾ ਪਰਮੇਸਰ ਦਾ ਸਬਦ (ਹੁਕਮ) ਦੀ ਸੋਝੀ ਵਿੱਚ ਰੱਤਿਆ (ਭਿੱਜਿਆ) ਹੋਵੇ ਉਹੀ ਨਿਰਮਲੇ (ਮਲ /ਅਗਿਆਨਤਾ/ ਵਿਕਾਰਾਂ ਤੋਂ ਰਹਿਤ) ਹਨ। ਉਹਨਾਂ ਦੇ ਹਿਰਦੇ ਵਿੱਚ ਹੀ ਗਿਆਨ ਦਾ ਪਰਗਾਸ ਹੁੰਦਾ ਹੈ।

ਮਨ ਰੇ ਨਿਜ ਘਰਿ ਵਾਸਾ ਹੋਇ॥ ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ॥” – ਮਨ ਨੂੰ ਉਪਦੇਸ ਹੈ ਕੇ ਰਾਮ ਦੇ ਨਾਮ (ਸੋਝੀ) ਦੀ ਵਡਿਆਈ ਪ੍ਰਾਪਤ ਕਰ ਗੁਣਾਂ ਦੀ ਵਿਚਾਰ ਕਰ ਤਾਂ ਤੇਰਾ ਆਵਣ ਜਾਣਾ ਮੁਕਣਾ ਤੇ ਨਿਜ ਘਰ ਤੇਰਾ ਵਾਸ ਹੋਣਾ।

ਜੇ ਅਖਰ (ਨਾਂ ਖਰਨ ਵਾਲਾ, ਸਦੀਵ ਥਿਰ ਰਹਣ ਵਾਲਾ) ਸਮਝ ਆ ਜਾਵੇ ਤਾਂ ਬਾਣੀ ਸਮਝਣੀ ਸੌਖੀ ਹੋ ਜਾਂਦੀ ਹੈ “ਅਖਰੀ ਗਿਆਨੁ ਗੀਤ ਗੁਣ ਗਾਹ॥ ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਜੋਗੁ ਵਖਾਣਿ॥” – ਉਸਦਾ ਗਿਆਨ ਅਖਰ ਹੈ ਸਾਡੀ ਸਮਝ, ਸਾਡੀ ਇਸ ਗਿਆਨ ਦੀ ਪ੍ਰਾਪਤੀ ਵਧ ਘਟ ਹੋ ਸਕਦੀ ਹੈ।

ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥ ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ॥” – ਇਹਨਾਂ ਪੰਕਤੀਆਂ ਵਿੱਚ ਵੀ ਭੁਲੇਖਾ ਹੁੰਦਾ ਕੇ ਅੱਖਰ ਦੀ ਗਲ ਹੋ ਰਹੀ ਹੈ। ਪਰ ਜੇ ਧਿਆਨ ਦਿੱਤਾ ਜਾਵੇ ਤਾਂ ਕਹਿਆ ਜਾ ਰਹਿਆ ਹੈ ਕੇ ਅਸੀਂ ਅਖਰ ਬਾਰੇ ਪੜ੍ਹ ਕੇ ਭੁੱਲ ਜਾਂਦੇ ਹਾਂ ਇਸ ਕਾਰਣ ਮਨ ਦੀ ਮੈਲ ਨਹੀਂ ਉਤਰਦੀ ਭਾਵੇਂ ਬਾਹਰ ਤੂਮੜੀ ਨੂੰ ਜਿਤਨਾ ਮਰਜ਼ੀ ਧੋ ਲਵੋ। ਤਾਹੀਂ ਕਹਿਆ “ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥

”ਸਾਜਨੁ ਮੀਤੁ ਸਖਾ ਕਰਿ ਏਕੁ॥ ਹਰਿ ਹਰਿ ਅਖਰ ਮਨ ਮਹਿ ਲੇਖੁ॥੩॥” – ਸਾਰਿਆਂ ਵਿੱਚ ਏਕ ਜੋਤ ਸਮਝਣਾ, ਮੰਨਣਾ, ਏਕਾ ਕਰ ਲੈਣ ਦਾ ਅਤਦੇਸ਼ ਹੈ ਜਿਸ ਨਾਲ ਹਰਿ (ਗਿਆਨ ਨਾਲ ਹਰਿਆ ਹੋਇਆ) ਅਖਰ (ਅਕਾਲ) ਦਾ ਲੇਖਾ, ਗਿਆਨ ਮਨ ਵਿੱਚ ਸਮਾਉਣਾ।

ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ॥ ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ॥੧॥” – ਜੇ ਅਖਰ ਸਮਝ ਆ ਜਾਵੇ ਤਾਂ ਮਨਿ (ਮਨ ਅੰਦਰ) ਵਸਦਾ ਹਰਿ ਜਿਸਦਾ ਪਰਮੇਸਰ ਨਾਲ ਏਕਾ ਹੈ ਉਹ ਅਖਰੁ ਸਮਝ ਆ ਜਾਣਾ। ਪਰਮੇਸਰ ਨਾਲ ਏਕਾ ਹੀ ਜੀਵ ਦੇ ਘਟ ਨੂੰ ਹਰਿਆ ਕਰਦਾ ਹੈ ਜਿਸ ਨਾਲ ਜੀਵ ਨੂੰ ਘਟ ਅੰਦਰ ਹੀ ਹਰਿ ਦੇ ਦਰਸ਼ਨ ਹੁੰਦੇ ਰਾਮ (ਰਮੇ ਹੋਏ/ ਜੋਤ ) ਦੇ ਦਰਸ਼ਨ ਹੁੰਦੇ।

ਸਿੱਖ ਲਈ ਅਖਰ ਨੂੰ ਸਮਝਣਾ ਜ਼ਰੂਰੀ ਹੈ। ਇਹੀ ਅਖਰ ਤ੍ਰਿਭਵਣ ਦਾ ਸਾਰ ਹੈ “ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥ ਓਨਮ ਅਖਰ ਸੁਣਹੁ ਬੀਚਾਰੁ॥ ਓਨਮ ਅਖਰੁ ਤ੍ਰਿਭਵਣ ਸਾਰੁ॥੧॥” – ਤ੍ਰਿਭਵਣ ਹੈ ਉਹ ਤਿਨ ਭਵਨ ਜਿਹਨਾਂ ਵਿੱਚ ਜੀਵ ਦਾ ਵਾਸ ਹੁੰਦਾ। ਉਸ ਅਖਰ ਉਸ ਅਕਾਲ ਦੇ ਵਿੱਚ ਹੀ ਤ੍ਰਿਭਵਨ ਧਾਰੇ ਗਏ ਹਨ “ਭਵ ਸਾਗਰ ਸੁਖ ਸਾਗਰ ਮਾਹੀ॥ਪੀਵਿ ਰਹੇ ਜਲ ਨਿਖੁਟਤ ਨਾਹੀ॥” ਇਹ ਬਾਣੀ ਦੀਆਂ ਪੰਕਤੀਆਂ ਇਸ ਗਲ ਦੀ ਪੁਸ਼ਟੀ ਕਰਦੀਆਂ ਹਨ। ਸਬਕੁੱਝ ਅਖਰ (ਅਕਾਲ) ਵਿੱਚ ਹੀ ਵਸਦਾ ਹੈ। ਸਮਝਾਉਣ ਲਈ ਪਾਤਿਸ਼ਾਹ ਆਖਦੇ “ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ॥ ਅਖਰ ਕਰਿ ਕਰਿ ਬੇਦ ਬੀਚਾਰੇ॥ ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ॥ ਅਖਰ ਨਾਦ ਕਥਨ ਵਖੵਾਨਾ॥ ਅਖਰ ਮੁਕਤਿ ਜੁਗਤਿ ਭੈ ਭਰਮਾ॥ ਅਖਰ ਕਰਮ ਕਿਰਤਿ ਸੁਚ ਧਰਮਾ॥ ਦ੍ਰਿਸਟਿਮਾਨ ਅਖਰ ਹੈ ਜੇਤਾ॥ ਨਾਨਕ ਪਾਰਬ੍ਰਹਮ ਨਿਰਲੇਪਾ॥” – ਜਿਤਨਾ ਭੀ ਦ੍ਰਿਸਟਮਾਨ (ਦਿਖਣਵਾਲਾ) ਅਖਰ ਹੈ ਸੰਸਾਰ ਹੈ, ਜਿਤਨਾ ਗਿਆਨ ਹੈ ਬੇਦ ਹਨ, ਸ੍ਰਿਮ੍ਰਿਤ ਸਾਸਤਰ ਆਦੀ ਹਨ, ਮੁਕਤੀ ਦੀ ਜੁਗਤ, ਭੈ ਭਰਮ, ਪਾਪ ਪੁੰਨ ਆਦਿਕ ਸਬ ਅਖਰ ਦੀ ਖੇਡ ਹੈ। ਇਹ ਸਮਝਣ ਦਾ ਚਾਉ ਸਾਰਿਆਂ ਨੂੰ ਨਹੀਂ ਹੈ ਤਾਹੀਂ ਬਸ ਬਾਣੀ ਨੂੰ ਮੰਤਰਾਂ ਵਾਂਗ ਪੜ੍ਹ ਕੇ ਹੀ ਸਾਰ ਲੈਂਦੇ ਹਨ। ਜਿਸਨੂੰ ਗਿਆਨ ਅੰਜਨ ਨਹੀਂ ਮਿਲਿਆ ਉਹੀ ਮਨਮੁਖ ਹੈ ਗੁਰਮਤਿ ਉਸਨੂੰ ਅੰਧਾ ਮੰਨਦੀ ਹੈ। “ਬੁਧੀ ਬਾਜੀ ਉਪਜੈ ਚਾਉ॥ ਸਹਸ ਸਿਆਣਪ ਪਵੈ ਨ ਤਾਉ॥ ਨਾਨਕ ਮਨਮੁਖਿ ਬੋਲਣੁ ਵਾਉ॥ ਅੰਧਾ ਅਖਰੁ ਵਾਉ ਦੁਆਉ॥

ਬਾਣੀ ਦੀ ਸੋਝੀ ਲੈਣ ਦਾ ਚਾਓ ਮਨ ਵਿੱਚ ਹੋਵੇ ਤਾਂ ਬਾਣੀ ਦੀ ਵਿਚਾਰ ਹੁੰਦੀ। ਇਸਦੇ ਲਈ ਆਪ ਗਵਾਉਣਾ ਪੈਂਦਾ ਹੈ। ਮੈਂ ਮਾਰਨੀ ਪੈਂਦੀ ਹੈ। “ਤ੍ਰਿਭਵਣ ਸੂਝੈ ਆਪੁ ਗਵਾਵੈ॥ ਬਾਣੀ ਬੂਝੈ ਸਚਿ ਸਮਾਵੈ॥ ਸਬਦੁ ਵੀਚਾਰੇ ਏਕ ਲਿਵ ਤਾਰਾ॥ ਨਾਨਕ ਧੰਨੁ ਸਵਾਰਣਹਾਰਾ॥

ਗੁਰਬਾਣੀ ਵਿੱਚ ਪੰਕਤੀਆਂ ਹਨ “ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ॥” ਇਹ ਰਾਗੁ ਗਉੜੀ ਵਿੱਚ ਲਿਖੀਆਂ ਹਨ। ਇਹਨਾਂ ਵਿੱਚ ਬਾਵਨ ਦਾ ਅਰਥ ਹੈ ਬੌਨਾ। ਸੋਚਣ ਵਾਲੀ ਗਲ ਹੈ ਕੇ ਗੁਰਮੁਖੀ ਭਾਸ਼ਾ ਵਿੱਚ ਕੇਵਲ ੩੫ ਅੱਖਰ ਹਨ ਅਤੇ ੨੧ ਮਾਤਰਾਵਾਂ ਹਨ ਜਿਸ ਵਿੱਚ ਅੱਧਕ ਦੀ ਵਰਤੋ ਗੁਰਬਾਣੀ ਵਿੱਚ ਨਹੀਂ ਹੈ। ਕਿਸੇ ਵੀ ਜੋੜ ਤੋੜ ਨਾਲ ੫੨ (ਬਾਵਨ) ਅੱਖਰ ਨਹੀਂ ਬਣਦੇ। ਇਸ ਲਈ ਬਾਵਨ ਅੱਖਰੀ ਕਹਣ ਵਿੱਚ ਭੇਦ ਸੀ। ਇਹ ਭੇਦ ਹੈ ਕੇ ਪਰਮੇਸਰ ਦੇ ਗੁਣਾਂ ਨੂੰ ਦਰਸਾਉਣ ਲਈ ਸਮਝਾਉਣ ਲਈ ਅੱਖਰ ਛੋਟੇ ਰਹ ਜਾਂਦੇ ਹਨ। ਉਸਦੇ ਗੁਣ ਇਤਨੇ ਵੱਡੇ ਹਨ ਕੇ ਬੂਝੇ ਬਿਨਾਂ ਗਲ ਨਹੀਂ ਬਣਦੀ। ਅੱਖਰ ਬਾਵਨ (ਬੌਨੇ) ਰਹ ਜਾਂਦੇ ਹਨ। ਫੇਰ ਆਖਦੇ “ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ॥ ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ॥” – ਅਛਰ ਦਾ ਭਾਵ ਹੈ ਨਾ ਛਲੇ ਜਾਣ ਵਾਲੇ ਗੁਣ ਜੋ ਸਮਝ ਆਉਂਦੇ ਹਨ ਜਾਂ ਦਰਜ ਹਨ, ਗੁਣ ਤਿੰਨ ਲੋਕ ਸਾਰਾ ਗਿਆਨ ਇਹਨਾਂ ਵਿੱਚ ਹੀ ਹੈ। ਜੋ ਲਿਖਤ ਹੈ ਅੱਖਰ ਹਨ ਇਹ ਇਕ ਦਿਨ ਖਿਰ (ਖਿੰਡ) ਜਾਣਗੇ, “ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥” ਆਖਦੇ ਪਰ ਉਹ ਜੋ ਆਪ ਅਖਰ ਹੈ ਅਕਾਲ ਹੈ ਉਹ ਇਹਨਾਂ ਵਿੱਚ ਨਹੀਂ ਹੈ। ਉਹ ਨਹੀਂ ਖਰਨਾ। ਪਰਮੇਸਰ ਤਾਂ ਆਪ ਸਰਬ ਵਿਆਪੀ ਹੈ ਆਖਦੇ “ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ॥ ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ॥ ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ॥ ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ॥ ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ॥

ਬਾਵਨ ਅਖਰ ਜੋਰੇ ਆਨਿ॥ ਸਕਿਆ ਨ ਅਖਰੁ ਏਕੁ ਪਛਾਨਿ॥” – ਜੇ ਉੱਪਰ ਲਿਖੀ ਗਲ ਸਮਝ ਆਗਈ ਹੋਵੇ ਤਾਂ ਇਹ ਵੀ ਸਮਝ ਆ ਜਾਣੀ। ਕਰੀ ਇਹ ਵੀ ਆਖਦੇ ਨੇ ਕੇ ਗੁਰਾਂ ਦੇ ਸਮੇ ਹੋ ਸਕਦਾ ਹਿੰਦੀ ਦੇ ੫੨ ਅੱਖਰਾਂ ਦੀ ਗੱਲ ਕੀਤੀ ਹੋਵੇ। ਹਿੰਦੀ ਭਾਸ਼ਾ ਦਾ ਅੱਜਦਾ ਸਰੂਪ ਬਹੁਤ ਪੁਰਾਣਾ ਨਹੀਂ ਹੈ। ਗੁਰਾਂ ਦੇ ਸਮੇ ਸੰਸਕ੍ਰਿਤ ਵਿੱਚ ਸੀ ਜਿਆਦਾਤਰ ਪੁਸਤਕਾਂ ਤੇ ਸੰਸਕ੍ਰਿਤ ਵਿੱਚ ੪੨ ਅੱਖਰ ਹੁੰਦੇ ਹਨ। ਇਸ ਲਈ ਅਰਥ ਬਣਦਾ ਬਾਵਨ (ਬੌਨੇ/ਛੋਟੇ) ਅੱਖਰ ਜੋੜ ਲਏ ਲਿਖ ਲਏ ਪਰ ਉਸ ਅਖਰ ਉਸ ਅਕਾਲ ਨੂੰ ਨਹੀਂ ਸਮਝ ਸਕੇ। ਇਹ ਖੇਡ ਇਹ ਸੋਝੀ ਤਾਂ ਵਿਚਾਰੇ ਹੀ ਮਿਲਣੀ “ਸਤ ਕਾ ਸਬਦੁ ਕਬੀਰਾ ਕਹੈ॥ ਪੰਡਿਤ ਹੋਇ ਸੁ ਅਨਭੈ ਰਹੈ॥ ਪੰਡਿਤ ਲੋਗਹ ਕਉ ਬਿਉਹਾਰ॥ ਗਿਆਨਵੰਤ ਕਉ ਤਤੁ ਬੀਚਾਰ॥ ਜਾ ਕੈ ਜੀਅ ਜੈਸੀ ਬੁਧਿ ਹੋਈ॥ ਕਹਿ ਕਬੀਰ ਜਾਨੈਗਾ ਸੋਈ॥” ਪੰਡਤ ਨੂੰ ਆਖਦੇ ਸੀ ਜੇ ਤੂੰ ਪੰਡਤ ਹੈ ਤਾਂ ਤਤੁ ਵਿਚਾਰ ਕਰ ਤੇ ਪਰਮੇਸਰ ਦਾ ਗਿਆਨ ਲੈ। ਬੂਝਣਾਂ ਪੈਣਾਂ, ਗਿਆਨ ਵਿਚਾਰ ਕਰਨੀ ਪੈਣੀ ਤੱਤ ਬੋਲੋਣਾ ਪੈਣਾ “ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ॥ ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ॥੨॥

ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ॥ ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ॥” – ਗ੍ਰੰਥਾਂ ਨੂੰ ਪੜ੍ਹਨ ਮਾਤਰ ਨਾਲ ਹੀ ਰਾਮ ਨਾਮ ਦੀ ਸਾਰ ਪਤਾ ਨਹੀਂ ਲੱਗਦੀ। ਵਿਚਾਰ ਤੇ ਸੋਝੀ ਨਾਲ ਹੀ ਰਾਮ ਦਾ ਭੇਦ ਪਤਾ ਲੱਗਦਾ ਹੈ। “ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨੑ ਪੜਿਆ ਮੁਕਤਿ ਨ ਹੋਈ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ॥੩॥” – ਏਕ ਅਖਰ ਦਾ ਅਰਥ ਬਣਦਾ ਪਰਮੇਸਰ, ਜੋ ਸਾਰਿਆਂ ਜੋਤਾਂ ਦਾ ਸਮੂਹ ਹੈ ਉਸਦਾ ਏਕਾ। ਜਿਸ ਗੁਣਾਂ ਨੂੰ ਮੁਖ ਰੱਖਣ ਵਾਲੇ ਨੂੰ ਇਹ ਸਮਝ ਆਉਂਦਾ ਹੈ ਉਹੀ ਮੁਕਤ ਹੁੰਦਾ ਹੈ।

ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥ ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ॥” – ਇਹਨਾਂ ਪੰਕਤੀਆਂ ਤੋ ਹੋਰ ਸਪਸ਼ਟ ਹੁੰਦਾ ਹੈ। “ਖਰ” ਕਿਸਨੂੰ ਕਹਿਆ? ਜਿਹੜੇ “ਬਿਨੁ ਗੁਣ ਗਰਬੁ ਕਰੰਤਿ” ਬਿਨਾਂ ਗੁਣਾ ਨੂੰ ਹਾਸਲ ਕਰੇ ਗਰਬ (ਮਾਣ) ਕਰਦੇ ਹਨ ਉਹ “ਖਰ” ਹਨ ਅਸਲ ਵਿੱਚ ਉਹ ਮਨਮੁਖ ਹਨ ਜਿਸਦੀ ਆਪਣੀ ਹੋਂਦ ਨਹੀਂ ਰਹਣੀ ਖਰ ਜਾਣੀ।

ਅਖਰ ਦਾ ਭਾਵ ਹੈ ਨਾ ਖਰਨ ਵਾਲਾ। ਜਿਸ ਵਿੱਚ ਘਾਟ ਵਾਧ ਨਹੀਂ ਹੁੰਦਾ। ਉਹ ਕੇਵਲ ਅਕਾਲ ਹੈ। ਬਾਕੀ ਸਬ ਖਰ ਜਾਂਦਾ, ਬਿਨਸ ਜਾਂਦਾ। ਅੱਖਰਾਂ ਰਾਹੀਂ ਉਸਦੇ ਬਾਰੇ ਦੱਸਿਆ ਜਾ ਸਕਦਾ ਹੈ ਪਰ ਉਸਨੂੰ ਮਹਸੂਸ ਕਰਨ ਲਈ ਉਸਦੇ ਗੁਣਾਂ ਦੀ ਵਿਚਾਰ, ਸੋਝੀ ਲੈਣੀ ਪੈਣੀ। ਸਮਝਣਾ ਪੈਣਾ ਕੇ ਗੁਰ ਕੀ ਹੁੰਦਾ? ਗੁਰੁ ਤੇ ਗੁਰੂ ਕੌਣ? ਭਾਣਾ ਕੀ ਹੈ ਤੇ ਹੁਕਮ ਕਿਸਦਾ ਚਲਦਾ? ਕਾਲ ਅਕਾਲ ਤੇ ਹੁਕਮ ਦਾ ਕੀ ਰਿਸ਼ਤਾ ਹੈ। ਬਾਣੀ ਕੇਵਲ ਪੜ੍ਹਿਆਂ ਗਲ ਨਹੀਂ ਬਣਨੀ, ਸਮਝਣੀ ਪੈਣੀ। ਬਾਣੀ ਪੜ੍ਹੋ ਵਿਚਾਰੋ ਤੇ ਸਮਝੋ ਪਾਤਿਸ਼ਾਹ ਕੀ ਸਮਝਾਉਣਾ ਚਾਹ ਰਹੇ ਨੇ।