Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰੂ ਬਨਾਮ ਪੰਜ ਪਿਆਰਿਆਂ ਦਾ ਆਦੇਸ਼

ਅੱਜ ਸਿੱਖਾਂ ਵਿੱਚ ਦੁਬਿਧਾ ਬਹੁਤ ਦੇਖਣ ਨੂੰ ਮਿਲਦੀ ਹੈ। ਭਿੰਨ ਭਿੰਨ ਧੜੇਬੰਦੀਆਂ ਦੀ ਵੱਖ ਵੱਖ ਮਰਿਆਦਾ ਬਣੀਆਂ ਹੋਈਆਂ ਹਨ। ਵੱਖ ਵੱਖ ਆਦੇਸ਼ ਦੇ ਰਹੇ ਨੇ ਸਿੱਖਾਂ ਨੂੰ। ਕੋਈ ਆਖਦਾ ਮਾਸ ਨਹੀਂ ਖਾਣਾ, ਕੋਈ ਨਹੀਂ ਰੋਕਦਾ। ਕੋਈ ਆਖਦਾ ਪੰਜ ਬਾਣੀਆਂ ਦਾ ਨਿਤਨੇਮ ਹੈ, ਕੋਈ ੭ ਦੱਸਦਾ। ਕੋਈ ਕਕਾਰ ਕੇਸ ਕੰਘਾ, ਕੜਾ, ਕਿਰਪਾਨ ਤੇ ਕਛਿਹਰਾ ਦੱਸ ਰਹਿਆ ਤੇ ਕੋਈ ਕੇਸਕੀ, ਕੰਘਾ, ਕੜਾ, ਕਿਰਪਾਨ ਅਤੇ ਕਛਿਹਰਾ ਦੱਸ ਰਹਿਆ। ਕੁੱਝ ਤਾਂ ਇਹੋ ਜਹੇ ਨੇ ਜੋ ੩ ਬਾਣੀਆਂ ਪੜ੍ਹ ਕੇ ਅੰਮ੍ਰਿਤ ਛਕਾ ਰਹਿਆ ਹੈ ਤੇ ਕੋਈ ਇਹੋ ਜਹਿਆ ਹੈ ਜੋ ੩ ਕਕਾਰਾਂ ਨਾਲ ਛਕਾਈ ਜਾਂਦਾ। ਇਤਨੀ ਦੁਬਿਧਾ ਕਿਉਂ ਹੈ ਅੱਜ? ਇਹੀ ਅੱਜ ਦੀ ਵਿਚਾਰ ਦਾ ਵਿਸ਼ਾ ਹੈ ਅਤੇ ਸਿੱਖ ਕੀ ਕਰੇ?

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥“ – ਸਿੱਖਾਂ ਨੂੰ ਅੱਜ ਲਿਵ ਦਾ ਅਰਥ ਨਹੀਂ ਪਤਾ, ਨਾਮ ਦਾ ਅਰਥ ਨਹੀਂ ਪਤਾ ਤਾ ਹੀ ਦੁਬਿਧਾ ਦੂਰ ਨਹੀਂ ਹੁੰਦੀ। ਫਿਰ ਗੁਰਬਾਣੀ ਆਖਦੀ “ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥” – ਸਿੱਖ ਵਿਚਾਰ ਤੋਂ ਭੱਜ ਰਹਿਆ ਹੈ। ਗੁਰ ਤੋਂ ਪੁਛਣਾ (ਸਮਝਣਾ) ਛੱਡ ਜੋ ਕੋਈ ਕੁਝ ਕਹ ਦੇਵੇ ਬਿਨਾਂ ਵਿਚਾਰੇ ਮੰਨੀ ਜਾਂਦਾ। ਗੁਰ ਦਾ ਸਿੱਖ ਹੋਣ ਦੀ ਬਜਾਏ ਮਨੁਖ ਦੀ ਟੇਕ ਕਰਦਾ ਤੇ ਧਿੜੇਬੰਦੀ ਜਾਂ ਕਿਸੇ ਜੱਥੇ ਦਾ ਸਿੰਘ ਬਣਦਾ।

ਗੁਰੂ ਦਾ ਆਦੇਸ਼

ਗੁਰੂ ਦਾ ਆਦੇਸ਼ ਸਿੱਖਾਂ ਲਈ ਬਹੁਤ ਸਰਲ ਹੈ। ਉਦਾਹਰਣਃ ਸਵਾਲ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥”, ਜਵਾਬ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥” ਇਹਨਾਂ ਪੰਕਤੀਆਂ ਨੂੰ ਅਸੀਂ ਰੋਜ ਪੜ੍ਹਦੇ ਸੁਣਦੇ ਹਾਂ, ਜਿਤਨੇ ਲੋਗ ਇਹ ਪੜ੍ਹ ਸੁਣ ਤੇ ਗਾ ਰਹੇ ਨੇ ਉਹਨਾਂ ਵਿੱਚੋਂ ਕਿਤਨੇ ਸਚਿਆਰ ਹੋ ਗਏ? ਤੇ ਕਿਤਨੇ ਦੂਜਿਆਂ ਨੂੰ ਸਚਿਆਰਾ ਬਣਾ ਰਹੇ ਨੇ? ਕਿਤਨਿਆਂ ਦਾ ਅਹੰਕਾਰ ਖਤਮ ਹੋਇਆ ਬਾਣੀ ਪੜ੍ਹ ਕੇ? ਗੁਰਮਤਿ ਦਾ ਫੁਰਮਾਨ ਹੈ “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥”। ਗੁਰਬਾਣੀ ਧੁਰ ਕੀ ਬਾਣੀ ਹੈ, ਅਟਲ ਹੈ, ਬ੍ਰਹਮ ਗਿਆਨ ਹੈ ਤੇ ਗੁਰਬਾਣੀ ਹੀ ਸਮਝਾਉਂਦੀ ਹੈ ਕੇ

”ਗੁਰ ਕਾ ਬਚਨੁ ਅਟਲ ਅਛੇਦ॥”

”ਗੁਰ ਕਾ ਸਬਦੁ ਸਦਾ ਸਦ ਅਟਲਾ॥”

”ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥”

”ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥”

ਗੁਰਬਾਣੀ ਦਾ ਫ਼ੁਰਮਾਨ ਅਟਲ ਹੈ ਕਦੇ ਨਹੀਂ ਬਦਲਦਾ। ਗੁਰਬਾਣੀ ਨੇ ਆਤਮ ਦਰਸ਼ਨ ਦੀ ਗਲ ਕੀਤੀ ਹੈ, ਆਪਣੇ ਆਪ ਨੂੰ ਪਛਾਨਣ ਦੀ ਤੇ ਭਾਣੇ ਨੂੰ ਮੰਨਣ ਦੀ। ਗੁਰਬਾਣੀ ਨੇ ਮਨੁਖੀ ਅਧਿਆਤਮਿਕ ਯਾਤਰਾ ਸਮਝਾਈ ਹੈ। ਬਹੁਤ ਸਰਲ ਤਰੀਕਾ ਦੱਸਿਆ ਹੈ ਸਿੱਖ ਨੂੰ ਜੀਵਨ ਦਾ ਤਾ ਕੇ ਕੋਈ ਦੁਬਿਧਾ ਨਾ ਰਹੇ। ਇਸ ਜੀਵਨ ਯਾਤਰਾ ਵਿੱਚ ਜੋ ਜੋ ਸਵਾਲ ਉਠਦੇ ਹਨ ਮਨੁੱਖ ਦੇ ਮਨ ਵਿੱਚ ਉਹਨਾਂ ਦੇ ਜਵਾਬ ਦਿੱਤੇ ਹਨ, ਜੋ ਜੋ ਫੁਰਨੇ ਉਠਦੇ ਹਨ ਉਹਨਾਂ ਦਾ ਜਵਾਬ ਦਿੱਤਾ ਹੈ। ਮਨ (ਅਗਿਆਨਤਾ) ਆਪਣੀ ਮਰਜ਼ੀ ਕਰਦਾ ਹੈ ਜਿਸ ਕਾਰਣ ਫੁਰਨੇ ਉਠਦੇ ਹਨ, ਵਿਕਾਰ ਹਾਵੀ ਹੁੰਦੇ ਹਨ, ਮਨ ਭਟਕਦਾ ਹੈ, ਪਰੇਸ਼ਾਨੀ ਹੁੰਦੀ ਹੈ ਜੀਵਨ ਵਿੱਚ, ਦੁੱਖ ਤਕਲੀਫਾਂ, ਸਵਾਲ, ਮਾਨਸਿਕ ਰੋਗ ਹਾਵੀ ਹੋ ਜਾਂਦੇ ਹਨ ਮਨੁੱਖ ਉੱਤੇ। ਇਹਨਾਂ ਸਾਰਿਆਂ ਦਾ ਹਲ ਹੈ ਗੁਰਮਤਿ ਵਿੱਚ। ਸਾਨੂੰ ਇਹ ਗਿਆਨ ਜਿਸਨੂੰ ਗੁਰਮਤਿ ਗਿਆਨ ਕਹਿਆ ਹੈ ਲੈ ਕੇ ਦੁਰਮਤਿ (ਮਾੜੀ ਮੱਤ) ਅਤੇ ਮਨਮਤਿ (ਮਨ ਦੀ ਮਰਜੀ, ਅਗਿਆਨਤਾ ਕਾਰਣ ਮਨ ਦੇ ਫੁਰਨੇ) ਛੱਡਣੇ ਸੀ। ਪਰ ਕਿਆ ਅਸੀਂ ਬਾਣੀ ਪੜ੍ਹ ਕੇ ਵਿਚਾਰ ਕਰ ਰਹੇ ਹਾਂ? ਕਿਆ ਅਸੀਂ ਬਾਣੀ ਦਾ ਫੁਰਮਾਨ ਬਾਣੀ ਦਾ ਆਦੇਸ਼ ਸਮਝ ਲਿਆ? ਗੁਰਬਾਣੀ ਵਿੱਚ ਦਰਜ ਹੈ ਕੇ ਉਸਦਾ ਦਾਸ ਉਸਦਾ ਭਗਤ ਹਜਾਰਾਂ ਵਿੱਚ ਕੋਈ ਏਕ ਆਧ ਹੀ ਹੁੰਦਾ “ਤੇਰਾ ਜਨੁ ਏਕੁ ਆਧੁ ਕੋਈ॥ ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨੑੈ ਸੋਈ॥੧॥”। ਅਸੀਂ ਬਾਣੀ ਨੂੰ ਮੰਤ੍ਰ ਸਮਝ ਲਿਆ, ਪੜ ਰਹੇ ਹਾਂ ਸਮਝ ਨਹੀਂ ਰਹੇ। ਬਿਨਾਂ ਸੋਝੀ ਲਏ ਇਹ ਪੜ੍ਹਨਾ ਵਿਅਰਥ ਹੈ “ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥” ਗੁਰੁ ਦੀ ਸੇਵਾ ਕੀ ਸੀ? ਜਵਾਬ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥”

ਪੰਜ ਪਿਆਰਿਆਂ ਦਾ ਕਿਰਦਾਰ

ਸੋਚੋ ਉਹ ਸਮਾ ਕਿਹੋ ਜਹਿਆ ਹੋਣਾ। ਛੇਵੇਂ ਪਾਤਿਸ਼ਾਹ ਦੇ ਸਮੇ ਤੋਂ ਸਿੰਘ ਮਹਾਰਾਜ ਦੇ ਨਾਲ ਖੜ੍ਹ ਕੇ ਜੰਗਾ ਲੜ ਚੁੱਕੇ ਸੀ। ਨੌਵੇਂ ਪਾਤਿਸਾਹ ਗੁਰੁ ਤੇਗ ਬਹਾਦੁਰ ਸਾਹਿਬ ਜੀ ਵੀ ਜੰਗਾਂ ਲੜ ਚੁੱਕੇ ਸੀ। ਦਸਮ ਪਾਤਿਸ਼ਾਹ ਦੇ ਨਾਲ ਅਨੇਕਾਂ ਸੂਰਮੇ ਬਹਾਦੁਰ ਸਿੰਘ ਸਾਹਿਬਾਨ ਆਪਣੇ ਸ਼ਸਤਰ ਬਸਤਰ ਨਾਲ ਪੂਰੀ ਤਿਆਰੀ ਨਾਲ ਹਾਥੀ ਘੋੜੇ ਅਨੇਕਾਂ ਸ਼ਸਤਰਾਂ ਨਾਲ ਲੈਸ ਆਪਣੇ ਪ੍ਰਾਣ ਨਿਛਾਵਰ ਕਰਨ ਨੂੰ ਤਿਆਰ ਖੜੇ ਸੀ। ਘਰ ਪਰਿਵਾਰ ਬੱਚੇ ਮਾਂ ਬਾਪ ਦੀ ਪਰਵਾਹ ਕੀਤੇ ਬਿਨਾਂ ਆਪਣੇ ਸੀਸ ਮਹਾਰਾਜ ਨੂੰ ਸਮਰਪਿਤ ਕਰ ਚੁੱਕੇ ਸੀ। ਕਈ ਸ਼ਹੀਦੀਆਂ ਹੋ ਚੁੱਕੀਆਂ ਸਨ। ਉਸ ਸਮੇਂ ੮੦ ਹਜਾਰ ਤੋਂ ਵੱਧ ਦਾ ਇਕੱਠ ਹੋਵੇ ਮਹਾਰਾਜ ਦੀ ਇੱਕ ਝਲਕ ਤੇ ਲੋਕਾਂ ਜਾਨ ਦੇਣ ਨੂੰ ਤਿਆਰ ਹੋਣ। ਉਸ ਇਕੱਠ ਵਿੱਚ ਮਹਾਰਾਜ ਨੇ ਸੀਸ ਮੰਗ ਲਿਆ। ਜਿਹੜੇ ਬਹਾਦਰ ਯੋਧੇ ਸੀ ਉਹ ਮਾਤਾ ਜੀ ਕੋਲ ਜਾ ਪਹੁੰਚੇ ਸ਼ਿਕਾਇਤ ਲੀਕੇ, ਸੰਗਤ ਵਿੱਚੋ ਅਨੇਕਾਂ ਜੀ ਜਾਨ ਬਚਾਉਣ ਲਈ ਡਰ ਕੇ ਭੱਜ ਗਏ। ਇੱਕ ਵਾਰ ਨਹੀਂ ੫ ਵਾਰ ਤੇ ਹਰ ਵਾਰ ਇਹ ਪਤਾ ਹੋਵੇ ਕੇ ਖੂਨ ਨਾਲ ਭਿੱਜੀ ਕਿਰਪਾਨ ਹੀ ਤੰਬੂ ਤੋ ਬਾਹਰ ਆਉਣੀ। ਗੁਰੂ ਦੀ ਸੀਸ ਦੀ ਮੰਗ ਤੇ ਕੌਣ ਖੜਾ ਹੋਇਆ? ਜਿਹੜੇ ਜੰਗਾਂ ਲੜ ਚੁੱਕੇ ਸੀ, ਹਜਾਰਾਂ ਫੱਟ ਖਾ ਚੁੱਕੇ ਸੀ, ਸੋਚਣ ਵਾਲੀ ਗਲ ਹੈ ਕੇ ਉਹਨਾਂ ਵਿੱਚੋ ਕੋਰੀ ਕਿਉਂ ਨਹੀਂ ਉੱਠਿਆ ਜਾਂ ਮਹਾਰਾਜ ਨੇ ਉਹਨਾਂ ਵਿੱਚੋਂ ਹੀ ਕਿਸੇ ਨੂੰ ਪਿਆਰਾ ਥਾਪਿਆ? ਜਿਹੜੇ ਸਿਰ ਦੇਣ ਨੂੰ ਤਿਆਰ ਹੋਏ ਉਹਨਾਂ ਪਹਿਲਾਂ ਕਦੇ ਕਿਰਪਾਨ ਵੀ ਸ਼ਾਇਦ ਨਹੀਂ ਫੜੀ ਸੀ। ਜੰਗ ਵਿੱਚ ਸ਼ਹੀਦੀ ਪਾਉਣਾ ਮਾਣ ਦੀ ਗੱਲ ਹੈ। ਧਰਮ ਲਈ ਗੁਰੂ ਲਈ ਕਿਸੇ ਕਾਰਣ ਵੀ ਸ਼ਹੀਦੀ ਦੇਣਾ ਵੱਖਰੀ ਗੱਲ ਹੈ ਅਤੇ ਗੁਰੂ ਦੇ ਆਦੇਸ਼ ਤੇ ਬਸ ਬਿਨਾਂ ਸੋਚੇ ਬਿਨਾਂ ਕਾਰਣ ਜਾਣੇ ਸੀਸ ਭੇਂਟ ਕਰ ਦੇਣਾ ਬਹੁਤ ਵੱਡੀ ਗਲ ਹੈ। ਉਹ ਕਿਰਦਾਰ ਹੀ ਵੱਖਰਾ ਹੈ ਜੋ ਆਪਣੇ ਲਈ ਨਹੀਂ ਗੁਰੂ ਦੇ ਹੁਕਮ ਤੇ ਬਸ ਸਬ ਵਾਰ ਦੇਵੇ। ਜਦੋਂ ਪੰਜ ਪਿਆਰੇ ਸਜ ਗਏ ਤਾਂ ਉਸਦੇ ਬਾਦ ਕਈ ਅਹੰਕਾਰ ਵਿੱਚ ਵਾਪਸ ਆਏ ਮਹਾਰਾਜ ਤੁਸੀਂ ਸਾਨੂੰ ਦੱਸਣਾ ਸੀ ਅਸੀਂ ਸੀਸ ਦੇਣ ਨੂੰ ਤਿਆਰ ਸੀ। ਮਹਾਰਾਜ ਜੀ ਨੇ ਉਸ ਕਿਰਦਾਰ ਦੀ ਵਿਆਖਿਆ ਦਿੱਤੀ ਹੈ ਤੇ ਉਸ ਕਿਰਦਾਰ ਦੀ ਗਲ ਨਹੀਂ ਮੋੜਦੇ ਸੀ। ਸਿੱਖਾਂ ਨੇ ਗੋਰਿਆਂ ਦੀ ਤੇ ਮੁਸਲਮਾਨਾਂ ਦੀ ਦੇਖਾ ਦੇਖੀ ਗਿਣਤੀ ਵਧਾਉਣ ਲਈ ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਦਾ ਨਾਮ ਦੇਕੇ ਜਣੇ ਖਣੇ ਨੂੰ ਦੇਣਾ ਸ਼ੁਰੂ ਕਰ ਦਿੱਤਾ। ਇਹ ਕੁੱਝ ੧੦੦-੧੫੦ ਸਾਲ ਤੋਂ ਹੋਣਾ ਸ਼ੁਰੂ ਹੋਇਆ ਹੈ। ਜਦੋਂ ਮੁਸਲਮਾਨ ਜਬਰ ਨਾਲ ਲੋਕਾਂ ਨੂੰ ਮੁਸਲਮਾਨ ਬਣਾ ਰਹੇ ਸੀ ਤਾਂ ਮਹਾਰਾਜ ਨੇ ਮੁਗਲ ਬਾਦਸ਼ਾਹ ਨੂੰ ਕਹਿਆ ਸੀ ਕੇ ਇਸ ਨਾਲ ਪੱਕੇ ਮੁਸਲਮਾਨ ਤਿਆਰ ਨਹੀਂ ਹੋਣੇ। ਜਿਹੜਾ ਸਿਰ (ਮੈਂ) ਗੁਰੂ ਨੂੰ ਨਹੀਂ ਸਮਰਪਿਤ ਕਰ ਸਕਦਾ ਉਸਨੇ ਵੀ ਕੱਚਾ ਸਿੱਖ ਹੀ ਬਣਨਾ। ਅੱਜ ਸਿੱਖੀ ਨਾਲ ਪ੍ਰੇਮ ਘਟ ਹੈ, ਗੁਰਮਤਿ ਨੂੰ ਸਮਝਣ ਤੇ ਵਿਚਾਰਨ ਦਾ ਕਿਸੇ ਨੂੰ ਚਾ ਨਹੀਂ ਉਠਦਾ। ਬਸ ਦੇਖਾ ਦੇਖੀ ਜੋ ਦੂਜੇ ਕਰਦੇ ਨੇ ਲੋਕ ਪਚਾਰਾ ਕਰੀ ਜਾਂਦਾ ਅੱਜ ਦਾ ਸਿੱਖ। ਗਿਆਨ ਤੋਂ ਬਿਹੀਨ ਤੇ ਗਿਆਨ ਦੇ ਚਾਹਵਾਨ ਨਹੀਂ ਹਨ ਅੱਜ ਦੇ ਲੋਗ। ਗੁਰਮਤਿ ਅਧਿਆਤਮਿਕ ਗਿਆਨ ਹੈ ਤੇ ਸਿੱਖ ਗੁਰਮਤਿ ਦੀ ਕੀਮਤ ਨਹੀਂ ਸਮਝ ਰਹੇ, ਇੱਕ ਪਾਸੇ ਉਹ ਸਿੱਖ ਹਨ ਜੋ ਸਿੱਖੀ ਤੋ ਦੂਰ ਜਾ ਰਹੇ ਨੇ ਇਹ ਕਹ ਕੇ ਕੀ ਅਸੀਂ ਆਪਣੇ ਬੱਚੇ ਬਾਬੇ ਨਹੀਂ ਬਣਾਉਣੇ, ਦੂਜੇ ਪਾਸੇ ਉਹ ਹਨ ਜੋ ਅਹੰਕਾਰ ਵਿੱਚ ਹਨ ਕੇ ਸਾਡੇ ਤੋਂ ਵੱਡਾ ਸਿੱਖ ਕੋਈ ਨਹੀਂ ਤੇ ਕਿਸੇ ਨੂੰ ਕੁੱਝ ਸਮਝਦੇ ਨਹੀਂ। ਐਸੇ ਵੀ ਹਨ ਜੋ ਆਖਦੇ ਹਨ ਕੇ ਅਸੀਂ ਲੱਖਾਂ ਨੂੰ ਅੰਮ੍ਰਿਤ ਛਕਾਇਆ, ਉਹ ਵੀ ਹਨ ਜੋ ਫ੍ਰੀ ਕਕਾਰਾਂ ਦਾ ਲਾਲਚ ਦੇ ਕੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਦਾਅਵਾ ਕਰਦੇ ਹਨ। ਆਪਣੇ ਆਪ ਤੋਂ ਪੁੱਛਣ ਦੀ ਲੋੜ ਹੈ ਕੇ ਇਹ ਸਿੱਖੀ ਗੁਰਮਤਿ ਦੇ ਕਿਹੜੇ ਉਪਦੇਸ਼ ਤੇ ਖਰੀ ਉਤਰਦੀ ਹੈ। ਆਪਣੀ ਮਤਿ ਤਿਆਗ ਕੇ ਡਰ, ਭੈ, ਹੰਕਾਰ, ਮੋਹ ਤਿਆਗ ਕੇ ਗੁਰੂ ਤੇ ਪੂਰਣ ਭਰੋਸਾ ਹੋਵੇ ਉਸ ਕਿਰਦਾਰ ਲਈ ਪਾਤਿਸ਼ਾਹ ਨੇ ਕਹਿਆ ਉਹ ਖਾਲਸਾ ਹੈ।

”ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੈ॥ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਰਹੀ ਮਠ ਭੂਲ ਨ ਮਾਨੈ॥ ਤੀਰਥ ਦਾਨ ਦਇਆ ਤਪ ਸੰਜਮ ਏਕੁ ਬਿਨਾ ਨਹਿ ਏਕ ਪਛਾਨੈ॥ ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ॥੧॥”

ਖਾਲਸੇ ਦੀ ਪਰਿਭਾਸ਼ਾ ਕਬੀਰ ਜੀ ਨੇ ਪਹਿਲੀ ਵਾਰ ਦਿੱਤੀ ਸੀ “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥

ਖਾਲਸੇ ਦਾ ਕਿਰਦਾਰ ਕੀ ਹੈ?

ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥
ਖ਼ਾਲਸਾ ਮੇਰੋ ਮੁਖ ਹੈ ਅੰਗਾ ॥  ਖ਼ਾਲਸੇ ਕੇ ਹੌਂ ਸਦ ਸਦ ਸੰਗਾ॥
ਖ਼ਾਲਸਾ ਮੇਰੋ ਇਸ਼ਟ ਸੁਹਿਰਦ ॥ ਖ਼ਾਲਸਾ ਮੇਰੋ ਕਹੀਅਤ ਬਿਰਦ ॥
ਖ਼ਾਲਸਾ ਮੇਰੋ ਪਛ ਅਰ ਪਾਤਾ ॥ ਖ਼ਾਲਸਾ ਮੇਰੋ ਸੁਖ ਅਹਿਲਾਦਾ ॥
ਖ਼ਾਲਸਾ ਮੇਰੋ ਮਿੱਤਰ ਸਖਾਈ ॥ ਖ਼ਾਲਸਾ ਮਾਤ ਪਿਤਾ ਸੁਖਦਾਈ ॥
ਖ਼ਾਲਸਾ ਮੇਰੀ ਸੋਭਾ ਸੀਲਾ ॥ ਖ਼ਾਲਸਾ ਬੰਧ ਸਖਾ ਸਦ ਡੀਲਾ ॥
ਖ਼ਾਲਸਾ ਮੇਰੀ ਜਾਤ ਅਰ ਪਤ ॥ ਖ਼ਾਲਸਾ ਸੋ ਮਾ ਕੋ ਉਤਪਤ ॥
ਖ਼ਾਲਸਾ ਮੇਰੋ ਭਵਨ ਭੰਡਾਰਾ ॥ ਖ਼ਾਲਸੇ ਕਰ ਮੇਰੋ ਸਤਿਕਾਰਾ ॥
ਖ਼ਾਲਸਾ ਮੇਰੋ ਸ੍ਵਜਨ ਪ੍ਰਵਾਰਾ ॥ ਖ਼ਾਲਸਾ ਮੇਰੋ ਕਰਤ ਉਧਾਰਾ ॥
ਖ਼ਾਲਸਾ ਮੇਰੋ ਪਿੰਡ ਪਰਾਨ ॥ ਖ਼ਾਲਸਾ ਮੇਰੀ ਜਾਨ ਕੀ ਜਾਨ ॥
ਮਾਨ ਮਹਤ ਮੇਰੀ ਖ਼ਾਲਸਾ ਸਹੀ ॥ ਖ਼ਾਲਸਾ ਮੇਰੋ ਸ੍ਵਾਰਥ ਸਹੀ ॥
ਖ਼ਾਲਸਾ ਮੇਰੋ ਕਰੇ ਨਿਰਬਾਹ ॥ ਖ਼ਾਲਸਾ ਮੇਰੋ ਦੇਹ ਅਰ ਸਾਹ ॥
ਖ਼ਾਲਸਾ ਮੇਰੋ ਧਰਮ ਅਰ ਕਰਮ ॥ ਖ਼ਾਲਸਾ ਮੇਰੋ ਭੇਦ ਨਿਜ ਮਰਮ ॥
ਖ਼ਾਲਸਾ ਮੇਰੋ ਸਤਿਗੁਰ ਪੂਰਾ ॥ ਖ਼ਾਲਸਾ ਮੇਰੋ ਸੱਜਨ ਸੂਰਾ ॥
ਖ਼ਾਲਸਾ ਮੇਰੋ ਬੁਧ ਅਰ ਗਿਆਨ ॥ ਖ਼ਾਲਸੇ ਕਾ ਹੋ ਧਰੋ ਧਿਆਨ ॥
ਉਪਮਾ ਖ਼ਾਲਸੇ ਜਾਤ ਨ ਕਹੀ ॥ ਜਿਹਵਾ ਏਕ ਪਾਰ ਨਹਿ ਲਹੀ ॥
ਸੇਸ ਰਸਨ ਸਾਰਦ ਸੀ ਬੁਧਿ ॥ ਤਦਪ ਨ ਉਪਮਾ ਬਰਨਤ ਸੁਧ ॥
ਯਾ ਮੈ ਰੰਚ ਨ ਮਿਥਿਆ ਭਾਖੀ ॥ ਪਾਰਬ੍ਰਹਮ ਗੁਰ ਨਾਨਕ ਸਾਖੀ ॥
ਰੋਮ ਰੋਮ ਜੇ ਰਸਨਾ ਪਾਂਊ ॥ ਤਦਪ ਖ਼ਾਲਸਾ ਜਸ ਤਹਿ ਗਾਊਂ ॥
ਹੌ ਖ਼ਾਲਸੇ ਕੋ ਖ਼ਾਲਸਾ ਮੇਰੋ ॥ ਓਤ ਪੋਤਿ ਸਾਗਰ ਬੂੰਦੇਰੋ ॥
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
ਜਬ ਲਗ ਖ਼ਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਕੀਉ ਮੈਂ ਸਾਰਾ ॥
ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪ੍ਰਤੀਤ ॥

ਇਹਨਾਂ ਪੰਕਤੀਆਂ ਨੂੰ ਸਮਝ ਕੇ ਵਿਚਾਰ ਕੇ ਤੇ ਗੁਰਮਤਿ ਵਿੱਚ ਦੱਸੇ ਗੁਣ ਧਾਰਣ ਕਰਕੇ ਹੀ ਖਾਲਸਾ ਪੂਰਨ ਹੁੰਦਾ। ਪੰਜ ਪਿਆਰਿਆਂ ਨੇ ਸੀਸ ਭੇਂਟ ਕਰਕੇ ਖਾਲਸਾ ਕਹਾਉਣ ਦਾ ਮਾਣ ਪ੍ਰਾਪਤ ਕੀਤਾ। ਸਵਾਲ ਇਹ ਉਠਦਾ ਕੇ ਜੋ ਅੱਜ ਪੰਜ ਪਿਆਰੇ ਸਜਦੇ ਹਨ ਕੀ ਉਹ ਗੁਰੂ ਦੇ ਦੱਸੇ ਗਿਆਨ, ਗੁਰਮਤਿ ਫ਼ਲਸਫ਼ੇ ਤੇ ਪੂਰੇ ਉਤਰਦੇ ਹਨ? ਅੱਜ ਇੱਕ ਸ਼ਹਰ ਵਿੱਚ ਕਈ ਕਈ ਗੁਰੂਘਰ ਹਨ, ਜਿਹਨਾਂ ਦੇ ਵਿਚਾਰ (ਮਤਿ) ਨਹੀਂ ਮਿਲਦੀ ਆਪਣਾ ਵੱਖਰਾ ਗੁਰੂਘਰ ਥਾਪ ਲੈਂਦਾ ਹੈ, ਸਾਰੇ ਵੱਖ ਵੱਖ ਤਰੀਕੇ ਨਾਲ ਖੰਡੇ ਦੀ ਪਹੁਲ ਨੂੰ ਅੰਮ੍ਰਿਤ ਕਹ ਕੇ ਪ੍ਰਚਾਰਦੇ ਹਨ ਬਿਨਾਂ ਸਮਝੇ ਕੇ ਗੁਰਮਤਿ ਵਿੱਚ ਅੰਮ੍ਰਿਤ ਕਿਸਨੂੰ ਕਹਿਆ। ਅੰਮ੍ਰਿਤ ਦੀ ਪਰਿਭਾਸ਼ਾ ਗੁਰਬਾਣੀ ਵਿੱਚ ਖੋਜੋ। ਪਤਾ ਕਰੋ ਕੇ ਖੰਡੇ ਦੀ ਪਾਹੁਲ ਅਤੇ ਅੰਮ੍ਰਿਤ ਦੀ ਗੁਰਮਤਿ ਵਿੱਚ ਕੀ ਵਿਆਖਿਆ ਹੈ।ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)। ਫੇਰ ਜਿਹਨਾਂ ਨੂੰ ਬਾਣੀ ਕੰਠ ਹੋ ਗਈ ਭਾਵੇਂ ਗੁਰਮਤਿ ਦੀ ਵਿਚਾਰ ਕਦੇ ਨਾ ਕੀਤੀ ਹੋਵੇ ਰਲ ਕੇ ਲੋਕਾਂ ਨੂੰ ਸੁਣੀ ਸੁਣਾਈ ਮਰਿਆਦਾ ਅੱਗੇ ਸੁਣਾ ਕੇ ਬੰਧਨਾਂ ਵਿੱਚ ਬੰਨੀ ਜਾਂਦੇ। ਝੂਠੀਆਂ ਸਾਖੀਆਂ ਘੜ ਕੇ ਲੋਕਾਂ ਨੂੰ ਮਗਰ ਲਾਉਂਦੇ ਨੇ ਪਰਪੰਚ ਕਰਦੇ ਨੇ। ਗਲ ਗੁਰਬਾਣੀ ਨੂੰ ਸਮਝ ਕੇ ਕਿਰਦਾਰ ਨੂੰ ਗੁਰੂ ਵਾਲਾ ਕਰਨ ਦੀ ਸੀ ਪਰ ਗੁਰਮਤਿ ਦੇ ਉਲਟ ਲੋਕਾਂ ਲਈ ਇਤਨਾ ਔਖਾ ਕਰ ਦੇਵੋ ਕੇ ਕੋਈ ਕਰ ਨਾ ਸਕੇ, ਜੋ ਕਰ ਲਵੇ ਉਸਨੂੰ ਹੰਕਾਰ ਹੋ ਜਾਵੇ ਕਰਨ ਦਾ। ਨਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦ੍ਵੇਸ਼, ਝੂਠ ਨਿੰਦਾ, ਚੁਗਲੀ ਤੇ ਨਾਂ ਤ੍ਰੈ ਗੁਣ ਮਾਇਆ ਵਿੱਚ ਕੁਝ ਘਟਦਾ। ਜੋ ਜੋ ਗੁਰਮਤਿ ਨੇ ਸਮਝਾਇਆ ਪੜ੍ਹ ਕੇ ਵੀ ਹਾਸਿਲ ਨਹੀਂ ਕੀਤਾ। ਬਸ ਸਬਦੀ ਬਣ ਕੇ ਰਹ ਗਏ ਤੇ ਮਾਣ ਕਰਦੇ ਨੇ ਗੁਰੂ ਵਾਲਾ ਹੋਣ ਦਾ।

ਬੁੱਡੇ ਦਲ ਕੋਲ ਇਹ ਬਖਸ਼ਿਸ਼ ਸੀ ਕੇ ਖਾਲਸੇ ਦੀ ਫੌਜ ਦੀ ਤਿਆਰੀ ਕੀਤੀ ਜਾਵੇ। ਫੌਜ ਵਿੱਚ ਫੌਜੀ ਭਰਤੀ ਹੁੰਦੀ ਸੀ ਜਿਸ ਦੀ ਪਰੀਖਿਆ ਕਰੜੀ ਹੁੰਦੀ ਸੀ। ਕਿਸੇ ਵੀ ਦੇਸ਼ ਦੀ ਫੌਜ ਦੀ ਭਰਤੀ ਲਈ ਖਾਸ ਨੀਅਮ ਹੁੰਦੇ ਹਨ। ਕਿਰਦਾਰ, ਨੀਅਤ ਦ੍ਰਿੜਤਾ ਵੇਖੀ ਜਾਂਦੀ। ਜਦੋਂ ਖਾਲਸੇ ਦੀ ਫੌਜ ਦੀ ਭਰਤੀ ਹੁੰਦੀ ਸੀ ਤਾਂ ਜਣੇ ਖਣੇ ਨੂੰ ਭਰਤੀ ਨਹੀੰ ਕਰ ਲਿਆ ਜਾਂਦਾ ਸੀ। ਉਸਨੂੰ ਵਰਦੀ ਸੌਖੀ ਨਹੀਂ ਮਿਲਦੀ ਸੀ। ਬਾਣੀ ਪੜ੍ਹ ਕੇ ਵਿਚਾਰਨੀ ਪੈਂਦੀ ਸੀ, ਯੁਧ ਕਲਾ ਸਿੱਖਣੀ ਪੈਂਦੀ ਸੀ। ਉਸਦੀ ਪਰੀਖਿਆ ਹੁੰਦੀ ਸੀ ਤਾਂ ਜਾ ਕੇ ਉਸਨੂੰ ਖੰਡੇ ਦੀ ਪਹੁਲ ਮਿਲਦੀ ਸੀ। ਅੱਜ ਬਸ ਨੰਬਰ ਵਧਾਉਣ ਲਈ ਕਿਸੇ ਨੂੰ ਵੀ ਖੰਡੇ ਦੀ ਪਹੁਲ ਦੇਈ ਜਾਂਦੇ ਹਨ। ਸਿੱਖ ਕੱਚਾ, ਗੁਰਮਤਿ ਗਿਆਨ ਕੱਚਾ ਪਰ ਨਾਂ ਦਾ ਖਾਲਸਾ ਸੱਜ ਗਿਆ। ਬਾਣਾ ਪਾ ਕੇ ਧੱਕਾ ਕਰਨ ਲੱਗ ਪਿਆ। ਨਾ ਗਰੀਬੀ ਵੇਸ, ਨਾ ਭਾਣਾ ਮੰਨਣਾ, ਨਾ ਗੁਰਮਤਿ ਗਿਆਨ ਦਾ ਚਾਨਣਾ ਲੈਣਾ। ਅੱਜ ਦਾ ਸਿੱਖ ਸਵਾਲ ਨਹੀਂ ਕਰਦਾ ਕਿਉਂਕੇ ਉਸਨੂੰ ਪ੍ਰਚਾਰਿਆ ਜਾ ਰਹਿਆ ਹੈ ਕੇ ਸਵਾਲ ਨਹੀਂ ਕਰਨਾ। ਗੁਰਮਤਿ ਆਖਦੀ ਹੈ ਸਵਾਲ ਕਰੋ, ਸਵਾਲ ਹੋਣਗੇ ਤਾਂ ਗੁਰੂ ਤੋਂ ਪੁੱਛਣ ਦਾ ਜੀ ਕਰੂ। ਪੁੱਛਣ ਤੇ ਹੀ ਸਿੱਖਣ ਨੂੰ ਮਿਲੂ। ਬੁੱਡਾ ਦਲ ਦੇ ਜੱਥੇਦਾਰ ਕੋਲ ਜਾ ਕੇ ਵੀ ਕੋਈ ਸਵਾਲ ਪੁੱਛ ਸਕਦਾ, ਅਕਾਲ ਤਖਤ ਤੋਂ ਵੀ ਸਵਾਲ ਪੁੱਛਣ ਦੀ ਛੂਟ ਹੈ। ਤਖਤਾਂ ਦੇ ਜੱਥੇਦਾਰ ਆਪਸ ਵਿੱਚ ਤੇ ਹੋਰ ਸਿੰਘਾਂ ਤੋ ਸਲਾਹ ਕਰਕੇ ਗੁਰਮਤਿ ਦੇ ਆਧਾਰ ਤੇ ਹੁਕਮ ਜਾਰੀ ਕਰਦੇ ਹਨ। ਜਿਹੜੇ ਅਹੰਕਾਰ ਕਰਦੇ ਹਨ ਨਾ ਉਹ ਜੱਥੇਦਾਰਾਂ ਦੀ ਸੁਣਦੇ, ਨਾ ਉਹ ਤਖਤਾਂ ਦੇ ਜੱਥੇਦਾਰ ਤੇ ਨਾ ਹੀ ਅਕਾਲ ਤਖਤ ਦੇ ਹੁਕਮ ਨੂੰ ਮੰਨਦੇ। ਗੁਰੂ ਨੂੰ ਤਾਂ ਬਸ ਇੱਕ ਮੂਰਤ ਬਣਾ ਕੇ ਛੱਡ ਦਿੱਤਾ ਹੈ। ਜੇ ਗੁਰੂ ਦੀ ਮਤਿ ਲੈਣੀ ਹੀ ਨਹੀਂ, ਗੁਰਬਾਣੀ ਨੂੰ ਸਮਝਣਾ ਹੀ ਨਹੀਂ, ਵਿਚਾਰਨਾ ਹੀ ਨਹੀਂ ਹੈ ਤਾਂ ਫੇਰ ਸਿੱਖ ਕਿਸਦੇ ਹੋਂ?

ਪੰਜ ਪਿਆਰਿਆਂ ਦਾ ਹੁਕਮ

ਗੁਰੂ ਸਾਹਿਬ ਦਾ ਆਦੇਸ਼ ਸੀ ਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਖਾਲਸਾ ਫੌਜ ਆਪਣੇ ਫੈਸਲੇ ਲਵੇਗੀ। ਪੰਜ ਪਿਆਰਿਆਂ ਨੂੰ ਗੁਰਮਤਿ ਦੀ ਜਾਂਚ ਸੀ। ਬਾਣੀ ਤੇ ਭਰੋਸਾ ਸੀ। ਸਿੱਖਾਂ ਲਈ ਗੁਰਬਾਣੀ ਸਿੱਖੀ ਦਾ ਸੰਵੀਧਾਨ ਹੈ। ਸਿੱਖ ਗੁਰਮਤਿ ਤੋਂ ਉਲਟ ਨਹੀਂ ਜਾ ਸਕਦਾ। ਸਬ ਤੋਂ ਉੱਤਮ ਗੁਰ ਸਬਦ ਦੀ ਵਿਚਾਰ ਨੂੰ ਦੱਸਿਆ ਹੈ।

ਗੁਰ ਕੀ ਸੇਵਾ ਸਬਦੁ ਵੀਚਾਰੁ ॥

ਗੁਰਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ॥

ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ॥

ਪੰਜ ਪਿਆਰਿਆਂ ਨੇ ਗੁਰਬਾਣੀ ਦੇ ਆਦੇਸ਼ ਤੋਂ ਬਾਹਰ ਕੁਝ ਨਹੀਂ ਕੀਤਾ। ਜੇ ਗੁਰੂ ਨੇ ਪੰਜ ਪਿਆਰਿਆਂ ਦਾ ਹੁਕਮ ਮੰਨਿਆਂ ਤਾਂ ਉਹਨਾਂ ਨੂੰ ਪਤਾ ਸੀ ਕੇ ਪੰਜ ਪਿਆਰੇ ਗੁਰਮਤਿ ਦੇ ਧਾਰਣੀ ਹਨ ਅਤੇ ਉਹਨਾਂ ਦਾ ਬਚਨ ਇਸ ਕਾਰਣ ਮੰਨਿਆ। ਸਾਡੇ ਕੋਲ ਉਦਾਹਰਣ ਹਨ ਇਤਿਹਾਸ ਵਿੱਚ ਜਿੱਥੇ ਮਹਾਰਾਜ ਨੇ ਤਰਕ ਰਾਹੀਂ ਪੰਜਾਂ ਨੂੰ ਮੁੜ ਵਿਚਾਰਨ ਲਈ ਕਹਿਆ ਤੇ ਉਹਨਾਂ ਵਿਚਾਰ ਕੇ ਗੁਰੂ ਦੀ ਗੱਲ ਮੰਨੀ। ਪੰਜ ਪਿਆਰੇ ਗੁਰੂ ਨਾਲ ਵਿਚਾਰ ਕਰਦੇ ਸੀ ਜੋ ਨਾ ਸਮਝ ਆਵੇ ਸਬਦ ਵਿੱਚ ਖੋਜ ਲੈਂਦੇ ਸੀ, ਇਹ ਨਹੀਂ ਸੀ ਕੇ ਜੋ ਆਪਣੇ ਮਨ ਵਿੱਚ ਆਇਆ ਗੁਰੂ ਨੂੰ ਤੇ ਸਿੱਖਾਂ ਨੂੰ ਆਦੇਸ਼ ਕਰ ਦਿੱਤਾ।

ਰਹਤ ਪਿਆਰੀ

ਗੁਰੂ ਸਾਹਿਬ ਦਾ ਆਦੇਸ਼ ਸੀ ਕੇ ਉਹਨਾਂ ਨੂੰ ਸਿੱਖ ਪਿਆਰਾ ਨਹੀਂ ਰਹਤ ਪਿਆਰੀ ਹੈ। ਰਹਤ ਦੀ ਪਰਿਭਾਸ਼ਾ ਗੁਰਮਤਿ ਵਿੱਚ ਮਿਲਦੀ ਹੈ। “ਸਭੁ ਕਛੁ ਜਾਨੈ ਆਤਮ ਕੀ ਰਹਤ॥” ਰਹਤ ਦਾ ਅਰਥ ਹੁੰਦਾ ਹੈ ਹੁਕਮ ਵਿੱਚ ਰਹਣਾ। ਜੋ ਪਰਮੇਸਰ ਦਾ ਭਾਣਾ ਹੈ ਉਸ ਨੂੰ ਮਿੱਠਾ ਕਰਕੇ ਮੰਨਣਾ। ਆਪਣੀ ਨਿਜ ਮਤਿ, ਮਨ ਮਤਿ, ਅਨ ਮਤਿ ਤਿਆਗ ਕੇ ਕੇ ਗੁਰਮਤਿ ਦਾ ਧਾਰਣੀ ਹੋਣਾ। ਮਰਿਆਦਾ ਸ਼ਬਦ ਗੁਰਮਤਿ ਵਿੱਚ ਨਹੀਂ ਆਉਂਦਾ। ਇਸਦਾ ਕਾਰਣ ਹੈ ਕੇ ਮਰਿਆਦਾ ਬੰਧਨ ਹੈ। ਫੌਜ ਦੇ ਨੀਅਮ। ਫੌਜ ਦੇ ਨੀਅਮ ਵੱਖਰੇ ਹੁੰਦੇ ਹਨ। ਰਹਤ ਹੁੰਦਾ ਹੈ ਭਾਣੇ ਵਿੱਚ ਰਹਿਣਾ। ਮਰਿਆਦਾ ਦੁਨਿਆਵੀ ਜੀਵਨ ਲਈ ਹੈ, ਰਹਤ ਅਧਿਆਤਮਿਕ ਜੀਵਨ ਲਈ ਹੈ। ਰਹਤ ਮਰਿਆਦਾ ਤੋਂ ਉੱਪਰ ਹੈ। ਫੌਜ ਦੇ ਨੀਅਮ ਕੇਵਲ ਫੌਜ ਦਾ ਮੁਖੀ ਬਣਾ ਸਕਦਾ ਹੈ। ਫੌਜ ਦੀ ਅਗਵਾਈ ਬੁੱਡੇ ਦਲ ਨੂੰ ਮਹਾਰਾਜ ਨੇ ਆਪ ਸੌਪੀ ਹੈ। ਜੇ ਕੋਈ ਆਪਣੇ ਨੀਅਮ ਬਣਾ ਰਹਿਆ ਹੈ ਆਪਣੇ ਮਨਮਤਿ ਦੇ ਆਦੇਸ਼ ਦੇ ਰਹਿਆ ਹੈ ਉਹ ਮਰਿਆਦਾ ਨਹੀਂ ਹੈ ਉਹ ਰਹਤ ਨਹੀਂ ਹੈ। ਸਬ ਤੋਂ ਉਪਰ ਸੰਵੀਧਾਨ ਹੁੰਦਾ ਹੈ। ਨੀਅਮ ਵੀ ਸੰਵੀਧਾਨ ਤੋਂ ਬਾਹਰ ਨਹੀਂ ਜਾ ਸਕਦੇ। ਸਾਡੇ ਸੰਵੀਧਾਨ, ਗੁਰਮਤਿ, ਗੁਰਬਾਣੀ ਵਿੱਚ ਕੋਈ ਬਦਲਾਵ ਨਹੀਂ ਹੋ ਸਕਦਾ। ਬਾਣੀ ਦਾ ਆਦੇਸ਼ ਅਟਲ ਹੈ। ਜੋ ਮਰਿਆਦਾ ਬਣੇਗੀ ਉਹ ਗੁਰਮਤਿ ਤੋਂ ਬਾਹਰ ਜਾ ਕੇ ਨਹੀੰ ਬਣ ਸਕਦੀ।

ਅੱਜ ਪੰਥ ਵਿੱਚ ਦੁਬਿਧਾ ਦਾ ਕਾਰਣ ਹੀ ਇਹ ਹੈ ਕੇ ਕੁਝ ਲੋਕਾਂ ਨੇ ਆਪਣੇ ਨੀਅਮ ਆਪਣੀ ਮਰਿਆਦਾ ਬਣਾ ਲਈ ਹੈ ਗੁਰਮਤਿ ਦੇ ਆਦੇਸ਼ ਤੋੰ ਬਾਹਰ ਜਾ ਕੇ। ਤੇ ਲੋਕਾਂ ਨੂੰ ਭਰਮ ਵਿੱਚ ਪਾ ਦਿੱਤਾ। ਇਹ ਕਹ ਕੇ ਕੀ ਗੁਰੂ ਨੇ ਵੀ ਪੰਜਾ ਦੀ ਗੱਲ ਨਹੀਂ ਮੋੜੀ, ਅਸੀਂ ਪੰਜ ਪਿਆਰੇ ਸਜੇ ਹਾਂ ਤੇ ਸਿੱਖ ਨੂੰ ਸਾਡੀ ਗਲ ਵੀ ਨਹੀਂ ਮੋੜਨੀ ਚਾਹੀਦੀ। ਸਿੱਖ ਨੂੰ ਇਹ ਸੋਚਣ ਦੀ ਲੋੜ ਹੈ ਕੇ ਜੇ ਪੰਜ ਪਿਆਰੇ ਹੋਣ ਦਾ ਕਿਰਦਾਰ ਹੋਵੇ ਕਿਸੇ ਦਾ ਤਾਂ ਉਹ ਗੁਰੂ ਦੀ ਦੱਸੀ ਗੁਰਮਤਿ ਤੋਂ ਉਲਟ ਕਿਵੇਂ ਜਾ ਸਕਦਾ? ਤੇ ਸਾਰੇ ਪਾਸੇ ਸਾਰੇ ਜੱਥੇਬੰਦੀਆਂ ਦੇ ਸਜੇ ਪੰਜ ਪਿਆਰਿਆਂ ਦੇ ਜੇ ਆਦੇਸ਼ ਨਹੀਂ ਮਿਲ ਰਹੇ ਇਸਦਾ ਕਾਰਣ ਉਹਨਾਂ ਦੇ ਕਿਰਦਾਰ ਉਤਨੇ ਨਹੀਂ ਹੋਏ ਕੇ ਉਹ ਗੁਰੂ ਦੀ ਗਲ ਸਮਝ ਕੇ ਅੱਗੇ ਸਮਝਾ ਸਕਣ।

ਪਾਖੰਡੀ ਲੋਕਾਂ ਨੇ ਸ਼ਰਧਾ ਦਾ ਲਾਭ ਚੁੱਕ ਕੇ, ਪੰਜ ਪਿਆਰਿਆਂ ਦਾ ਰੂਪ ਧਾਰਣ ਕਰਕੇ ਆਪਣੀ ਮਨਮਤਿ ਦਾ ਪ੍ਰਚਾਰ ਕਰਿਆ ਹੈ ਤਾ ਹੀਂ ਦੁਬਿਧਾ ਹੈ। ਜਿਸ ਦਿਨ ਸਿੱਖਾਂ ਨੂੰ ਇਹ ਗਲ ਸਮਝ ਆ ਗਈ ਉਸ ਦਿਨ ਲੋਕਾਂ ਬਾਣੀ ਦੇ ਲੜ ਲਗ ਜਾਣਾ ਤੇ ਗੁਰੂ ਦੇ ਆਦੇਸ਼ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ।

”ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥” ਅਤੇ ਭਗਤੀ ਮਨ ਮਾਰਨ ਤੋਂ ਬਿਨਾਂ ਸ਼ੁਰੂ ਨਹੀਂ ਹੁੰਦੀ “ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥”। ਮਨ ਦੇ ਮਰਨ ਤੇ ਫਿਰ ਵਿਕਾਰ ਨਹੀਂ ਉਠਦੇ। ਮਨ ਮਾਰਨ ਦਾ ਅਰਥ ਇਹ ਨਹੀਂ ਕੇ ਨੀਂਦ ਆ ਰਹੇ ਹੋਵੇ ਤਾਂ ਮਨ ਮਾਰ ਕੇ ਵੀ ਉੱਠ ਕੇ ਰੱਟਣ ਕਰਨਾ। ਮਨ ਮਾਰਨ ਦਾ ਅਰਥ ਹੈ ਤ੍ਰੈ ਗੁਣ ਮਾਇਆ ਦਾ ਵਿਕਾਰਾਂ ਦਾ ਨਾਸ, ਅਗਿਆਨਤਾ ਖਤਮ ਹੋਣਾ। “ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ॥”

ਰੋਗੀ ਖਟ ਦਰਸਨ ਭੇਖਧਾਰੀ ਨਾਨਾ ਹਠੀ ਅਨੇਕਾ॥ ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ ॥੬॥ – ਆਦਿ ਬਾਣੀ ਵਿੱਚ ਇਕ (੧) ਜੋਤਿ ਅਤੇ ਏਕ ( ਓਅੰਕਾਰੁ) ਸਬਦ ਦੀ ਸਮਝ ਮਿਲਦੀ ਹੈ। ਪਰ ਇਹਨਾਂ ਦਾ ਫਰਕ ਬਹੁਤ ਘਟ ਲੋਕਾਂ ਨੂੰ ਸਮਝ ਆਉਂਦਾ। ਸਾਰੇ ਹੀ ਵਨ ਗਾਡ ਕਹੀ ਜਾਂਦੇ ਨੇ ਪਰ ਇਕ ਤੇ ਏਕ ਦਾ ਭੇਦ ਕੋੲੳਿ ਨਹੀਂ ਪਾਣਾ ਚਾਹੁੰਦਾ।

ਗੁਰੂ ਦਾ ਫੁਰਮਾਨ ਸਬ ਤੋਂ ਉੱਪਰ ਹੈ ਭਾਵੇਂ ਕੋਈ ਲੱਖ ਵਾਰ ਕਹੇ ਕੇ ਅਸੀਂ ਪੰਜ ਪਿਆਰੇ ਸਜੇ ਹਾਂ ਤੇ ਸਾਡਾ ਆਦੇਸ਼ ਗੁਰੂ ਦੇ ਆਦੇਸ਼ ਤੋਂ ਉੱਪਰ ਹੈ। ਸਿੱਖ ਨੂੰ ਗੁਰੂ ਦੀ ਟੇਕ ਕਰਨੀ ਹੈ। ਗੁਰਮਤਿ ਗਿਆਨ ਨੂੰ ਪੜ੍ਹੋ, ਸਮਝੋ ਤੇ ਵਿਚਾਰ ਕਰੋ। ਗੁਰਬਾਣੀ ਦੇ ਅਰਥ ਗੁਰਬਾਣੀ ਤੋਂ ਖੋਜੋ। ਸਿੱਖ ਦੀ ਇਹੀ ਅਰਦਾਸ ਹੋਣੀ ਚਾਹੀਦੀ ਹੈ ਕੇ ਬਾਣੀ ਸਮਝ ਆ ਸਕੇ ਤੇ ਅਸੀਂ ਆਪਣੇ ਜੀਵਨ ਵਿੱਚ ਆਤਮਿਕ ਆਨੰਦ ਪ੍ਰਾਪਤ ਕਰ ਸਕੀਏ।ਚੇਤੇ ਰਹੇ “ਗੁਰ ਕੀ ਕਰਣੀ ਕਾਹੇ ਧਾਵਹੁ॥ ਗੁਰਿ ਕਹਿਆ ਸਾ ਕਾਰ ਕਮਾਵਹੁ ॥“ ਤੇ ਕਰਨਾ ਕੀ ਹੈ ਇਹ ਗੁਰ ਤੋਂ ਹੀ ਪੁੱਛੋ।