Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਖੰਡ ਅਤੇ ਸਹਜ

ਅਖੰਡ ਕੀਰਤਨ, ਅਖੰਡ ਪਾਠ, ਸਹਜ ਪਾਠ ਅਤੇ ਸਹਜ ਧਾਰੀ ਇਹੋ ਜਿਹੇ ਕਈ ਲ਼ਫ਼ਜ਼ ਸਿੱਖ ਆਮ ਵਰਤੋ ਕਰਦੇ ਹਨ। ਕਿਸੇ ਦੇ ਸਿਰ ਤੇ ਕੇਸ ਨਾ ਹੋਣ ਜਾਂ ਕੋਈ ਕੇਸ ਕੱਟਦਾ ਹੋਵੇ ਉਸਨੂੰ ਸਹਜ ਧਾਰੀ ਆਖ ਦਿੱਤਾ ਜਾਂਦਾ ਹੈ। ਗੁਰਮਤਿ ਅਖੰਡ ਕਿਸਨੂੰ ਆਖਦੀ ਅਤੇ ਸਹਜ ਕੀ ਹੈ ਇਹ ਕਦੇ ਗੁਰਮਤਿ ਤੋਂ ਸਮਝਣ ਦੀ ਲੋੜ੍ਹ ਨਹੀਂ ਪਈ ਕਿਸੇ ਨੂੰ। ਕੁਝ ਦਿਨ ਪਹਿਲਾਂ ਕਿਸੇ ਨਾਲ ਇਸ ਬਾਰੇ ਗੱਲ ਹੁੰਦੀ ਸੀ ਤਾਂ ਇਹ ਵਿਚਾਰ ਬਣੀ ਕੇ ਅਖੰਡ ਅਤੇ ਸਹਜ ਬਾਰੇ ਗੁਰਮਤਿ ਜੋ ਆਖਦੀ ਹੈ ਉਸ ਬਾਰੇ ਖੋਜ ਕਰਕੇ ਲਿਖਿਆ ਜਾਵੇ। ਗੁਰਮਤਿ ਵਿੱਚ ਅਖੰਡ ਦੀ ਵਰਤੋ ਕੀ ਸਮਝਾਉਣ ਲਈ ਕੀਤੀ ਹੈ ਵਿਚਾਰ ਕਰਦੇ ਹਾਂ। ਅਖੰਡ ਆਦਿ ਬਾਣੀ ਵਿੱਚ ਕੁਲ ੮ ਵਾਰ ਆਇਆ ਹੈ।

ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ॥ ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ॥ ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ॥੩॥” – ਸੱਚ ਹੈ ਅਕਾਲ ਜੋ ਕਦੇ ਬਦਲਦਾ ਨਹੀਂ ਉਹ ਸਦਾ ਥਿਰ ਹੈ, ਅਜਰ ਹੈ ਜਰਦਾ ਨਹੀਂ, ਅਖਰ ਹੈ ਖਰਦਾ ਨਹੀਂ, ਅਮਰ ਹੈ ਕਦੇ ਮਰਦਾ ਨਹੀਂ। ਨਾਉ (ਨਾਮ) ਹੈ ਉਸਦਾ ਗਿਆਨ ਉਸਦੀ ਸੋਝੀ ਜੋ ਹਮੇਸ਼ਾ ਥਿਰ ਹੈ ਅਖੰਡ ਹੈ ਖੰਡਿਤ ਨਹੀਂ ਹੁੰਦਾ। ਇਹ ਨਹੀੰ ਕੇ ਕੁਝ ਸਮੇ ਲਈ ਹੈ ਤੇ ਫੇਰ ਨਾ ਹੋਵੇ। ਉਹ ਹੈ ਸੀ ਤੇ ਰਹੇਗਾ ੳਹ “ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥” ਬਾਕੀ ਜਗ ਰਚਨਾ, ਮਨੁਖ, ਮਾਇਆ, ਵਿਕਾਰ ਬਿਨਸ ਜਾਂਦੇ ਹਨ ਇਸ ਲਈ ਇਹਨਾਂ ਨੂੰ ਗੁਰਮਤਿ ਝੂਠ ਆਖਦੀ ਹੈ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥“। ਪ੍ਰਭ/ਠਾਕੁਰ ਘਟ ਅੰਦਰਲੀ ਜੋਤ, ਹਰ ਜੀਵ ਦੇ ਅੰਦਰ ਵੱਸਦੀ ਜੋਤ ਨੂੰ ਪਰਮੇਸਰ ਨੇ ਆਪ ਥਾਪਿਆ ਹੈ ਜਦੋਂ ਸਰੀਰ (ਬਦੇਹੀ) ਦਾ ਨਾਸ ਹੋ ਜਾਂਦਾ ਹੈ ਤਾਂ ਜੋਤ (ਦੇਹੀ) ਨਹੀਂ ਖਰਦੀ। ਘਟ ਅੰਦਰ ਹੀ ਸਾਰਿਆਂ ਨੂੰ ਨਾਮ (ਸੋਝੀ) ਦਾ ਅੰਮ੍ਰਿਤ ਮਿਲਿਆ ਹੈ ਜਿਸਨੂੰ ਨਾਮ (ਸੋਝੀ) ਨਾਲ ਹੀ ਪ੍ਰਗਟ ਕਰਨਾ ਹੈ “ਬੀਜ ਮੰਤ੍ਰੁ ਸਰਬ ਕੋ ਗਿਆਨੁ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ॥” ਇਸਨੂੰ ਪਛਾਣਦਾ ਕੋਈ ਕੋਈ ਵਿਰਲਾ ਹੀ ਹੈ। ਜੋ ਪ੍ਰਾਪਤ ਕਰ ਲੈ ਦਾ ਹੈ “ਜੋ ਜੋ ਜਪੈ ਤਿਸ ਕੀ ਗਤਿ ਹੋਇ ॥“

ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ॥ ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ॥ ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ॥ ਕਹੁ ਨਾਨਕ ਜਿਸੁ ਸਤਿਗੁਰੁ ਪੂਰਾ॥” – ਸਾਰਿਆਂ ਉੱਪਰ ਪਰਮੇਸਰ ਦੀ ਨਜ਼ਰ ਹੈ ਤੇ ਸੈਲ ਪੱਥਰ ਵਿੱਚ ਵਸਦੇ ਜੰਤਾਂ ਤਕ ਉਸਦਾ ਹੁਕਮ ਨਿਰੰਤਰ ਚਲਦਾ। ਜਿਸਦੇ ਹਿਰਦੇ ਵਿੱਚ ਹਰਿ ਦਾ ਮੰਤ੍ਰ/ਨਾਮ/ਸੋਝੀ ਹੈ ਉਹ ਅਖੰਡ (ਸਦੀਵ) ਰਹਣ ਵਾਲਾ ਕੀਰਤਨ (ਕੀਰਤੀ) ਕਰਦਾ। ਹੁਕਮ ਮੰਨਣਾ ਨਾਮ ਉਸਦਾ ਭੋਜਨ ਹੈ “ਬ੍ਰਹਮ ਗਿਅਾਨੀ ਕਾ ਭੋਜਨੁ ਗਿਆਨ॥”। ਜਿਵੇਂ ਜੀਵ ਦੀ ਖੁਰਾਕ ਅੰਨ ਹੈ ਮਾਸ ਹੈ ਉੱਦਾਂ ਹੀ ਮਨੁ ਦੀ ਖੁਰਾਕ ਨਾਮ (ਸੋਝੀ) ਹੈ। ਇਹ ਹੁਕਮ ਮੰਨਣ ਦਾ ਗੁਣ ਪ੍ਰਾਪਤ ਉਸਨੂੰ ਹੀ ਹੋਣਾ ਜਿਸ ਵਿੱਚ ਸੱਚੇ ਦਾ ਪੂਰਾ ਗੁਣ ਹੋਵੇ।

ਬਾਰ ਬਾਰ ਹਰਿ ਕੇ ਗੁਨ ਗਾਵਉ॥ ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ॥੧॥ ਰਹਾਉ॥ ਆਦਿਤ ਕਰੈ ਭਗਤਿ ਆਰੰਭ॥ ਕਾਇਆ ਮੰਦਰ ਮਨਸਾ ਥੰਭ॥ ਅਹਿਨਿਸਿ ਅਖੰਡ ਸੁਰਹੀ ਜਾਇ॥ ਤਉ ਅਨਹਦ ਬੇਣੁ ਸਹਜ ਮਹਿ ਬਾਇ॥੧॥ ” – ਗੁਣ ਗਾਉਣਾ ਕੀ ਹੈ ਕੀਰਤਨ ਕੀ ਹੈ ਸਮਝਣ ਲਈ ਪੋਸਟ ਪੜੌ “ਕੀਰਤਨ ਅਤੇ ਗੁਣ ਕਿਵੇਂ ਗਉਣੇ ਹਨ”। ਜੋ ਗੁਣ ਗਾਇਣ ਕਰਦਾ ਹੈ ਹੁਕਮ ਵਿੱਚ ਰਹਿੰਦਾ ਹੈ ਉਸਦੇ ਅੰਦਰ ਭਗਤੀ ਅਰੰਭ ਹੁੰਦੀ ਹੈ। ਇਹ ਉਹ ਅਵਸਥਾ ਹੈ ਜਦੋਂ ਮਨ ਮਰ ਜਾਂਦਾ ਤੇ ਵਿਕਾਰ ਕਾਬੂ ਵਿੱਚ ਹੋ ਜਾਂਦੇ ਹਨ “ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥” ਮਨਸਾ ਥਮ ਜਾਂਦੀ ਹੈ ਰੁੱਕ ਜਾਂਦੀ ਹੈ। ਸੁਰਤ ਅਖੰਡ ਰਹਿੰਦੀ ਲਿਵ ਹੁਕਮ ਵਿੱਚ ਰਹਿੰਦੀ ਹੈ। ਫੇਰ ਖੰਡਿਤ ਨਹੀਂ ਹੁੰਦੀ।

ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ॥” – ਸਬਦੁ (ਪਰਮੇਸਰ ਦਾ ਹੁਕਮ) ਅਖੰਡ ਹੈ, ਕਦੇ ਨਹੀਂ ਖਤਮ ਹੁੰਦੀ, ਰੁਕਦਾ ਨਹੀਂ, ਅਨਹਦ ਹੈ, ਤੇ ਨਾਨਕ ਪਾਤਿਸ਼ਾਹ ਕਹ ਰਹੇ ਨੇ ਕੇ ਮੈਂ ਉਸਦਾ ਦਾਸ ਹਾਂ। ਇਹੀ ਗਲ ਦਸਮ ਬਾਣੀ ਵਿੱਚ ਦਸਮ ਪਾਤਿਸ਼ਾਹ ਨੇ ਕਹੀ ਹੈ “ਮੈ ਹੋ ਪਰਮ ਪੁਰਖ ਕੋ ਦਾਸਾ॥” ਅਤੇ “ਆਦਿ ਅੰਤਿ ਏਕੈ ਅਵਤਾਰਾ॥ ਸੋਈ ਗੁਰੂ ਸਮਝਿਯਹੁ ਹਮਾਰਾ ॥੩੮੫॥“। ਕਈ ਵੀਰ ਭੈਣਾਂ ਸ਼ਰਦਾ ਵਿੱਚ ਗੁੱਸਾ ਵੀ ਕਰ ਸਕਦੇ ਹਨ ਕੇ ਨਾਨਕ ਕਿਵੇਂ ਦਾਸ ਹੋ ਸਕਦਾ ਹੈ। ਨਾਨਕ ਪਾਤਿਸ਼ਾਹ ਆਪ ਕਹ ਰਹੇ ਨੇ “ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥“

ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ॥ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ॥੧॥ ਬੈਰਾਗੀ ਰਾਮਹਿ ਗਾਵਉਗੋ॥ ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ॥੧॥” ਕਿਤਨੇ ਹੀ ਬੇਦ ਪੁਰਾਨ ਸਾਸਤ੍ਰ ਹਨ, ਅਨੰਤ ਹਨ ਇਹ ਸਾਰੇ ਗੀਤ (ਗਾਇਨ) ਨਹੀਂ ਕਰਦੇ ਇਹਨੳਾਂ ਵਿਚਲਾ ਨਿਰੰਕਾਰ ਦਾ ਗਿਆਨ ਹੁਕਮ ਮੰਨਣ ਲਈ ਲਾ ਸਕਦਾ ਹੈ ਜੋ ਕੇ ਗੁਣ ਗਾਇਨ ਹੈ। ਜਦੋਂ ਸੁਰਤ ਹੁਕਮ ਵਿੱਚ ਰਮ ਜਾਵੇ ਉਹੀ ਅਨਹਦ ਬੇਨ ਬਜਾਉਣਾ ਹੈ। ਬੈਰਾਗੀ ਕੌਣ ਜਿਸਨੇ ਹੁਕਮ ਮੰਨ ਲਿਆ, ਮਨ ਮਾਰ ਕੇ ਭਗਤੀ ਕਰ ਰਹਿਆ ਹੈ “ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ॥” ਹੁਣ ਉਹ ਰਾਮ ਦੇ ਹੀ ਗੁਣ ਗਾ ਰਹਿਆ ਹੈ।

ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀ ਤੁਝੁ ਗਾਇਓ॥੪॥ ਜਹਾ ਜਾਣਾ ਸੋ ਥਾਨੁ ਵਿਸਾਰਿਓ ਇਕ ਨਿਮਖ ਨਹੀ ਮਨੁ ਲਾਇਓ॥੫॥” – ਪਰਮੇਸਰ ਤੇ ਉਸਦਾ ਹੁਕਮ ਅਟਲ ਹੈ ਪਰ ਇਸਦਾ ਹੁਕਮ ਇੱਕ ਪਲ ਨਹੀਂ ਗਾਇਓ (ਮੰਨਿਆ)। ਸਾਰੀ ਸ੍ਰਿਸਟੀ ਹਰ ਪਲ ਹੁਕਮ ਮੰਨ ਕੇ ਉਸਦੇ ਗੁਣ ਗਾ ਰਹੀ ਹੈ ਤੇ ਅਸੀਂ ਵਾਜੇ ਢੋਲਕੀ ਨੂੰ ਮੂਹ ਤੋਂ ਗਾਉਣ ਨੂੰ ਕੀਰਤਨ ਮੰਨ ਲਿਆ। ਉਹ ਮੂਹ ਤੋਂ ਗਾਣਾ ਕੀਰਤਨ ਨਹੀਂ ਮੰਨਦਾ। ਉਸਦੇ ਹੁਕਮ ਵਿੱਚ ਚਲਣਾ ਹੀ ਉਸਦਾ ਕੀਰਤਨ ਹੈ। “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥“ ਹਿਰਦਾ ਸੁੱਧ ਕਰਨਾ ਪੈਣਾ ਅਰਥ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦੀ ਵਿਕਾਰ ਛੱਡਣੇ ਪੈਣੇ। ਬਸ ਮੰਤ੍ਰਾਂ ਵਾਗ ਜਾਂ ਝੂਠਾ ਬਾਹਰੀ ਦਿਖਾਵਾ ਕਰਕੇ ਜਾਂ ਕਹਣ ਮਾਤ੍ਰ ਨਾਲ ਕੇ “ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥” ਨਾਲ ਗਲ ਨਹੀਂ ਬਣਨੀ। ਗੁਰਮਤਿ ਵਿਚਾਰ ਕਰਕੇ ਗੁਣਾਂ ਦੀ ਵਿਚਾਰ ਰਾਹੀਂ ਹੀ ਵਿਕਾਰਾਂ ਤੇ ਅਖੰਡ ਕਾਬੂ ਹੋ ਸਕਦਾ ਉਹ ਵੀ ਉਦੋਂ ਜੇ ਉਸਦੀ ਨਦਰ ਹੋਵੇ ਤਾਂ ਜਾ ਕੇ “ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥”

”ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ॥ ਅਖੰਡ ਪੂਰਨ ਜਾ ਕੋ ਪ੍ਰਤਾਪੁ॥ ਗੁਣ ਗੋਬਿੰਦ ਨਿਤ ਰਸਨ ਗਾਇ॥ ਨਾਨਕੁ ਜੀਵੈ ਹਰਿ ਚਰਣ ਧਿਆਇ॥”

”ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ॥ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ॥”

ਅਖੰਡ ਪਾਠ ਕੋਈ ਦੂਜਾ ਸਾਡੇ ਲਈ ਕਰੇ ਤਾਂ ਸਾਨੂੰ ਗੁਰਮਤਿ ਦੀ ਸੋਝੀ ਨਹੀਂ ਮਿਲਣੀ। ਜਿਵੇਂ ਸਕੂਲ ਜਾਣ ਵਾਲਾ ਬੱਚਾ ਕਹੇ ਕੇ ਮੇਰੀ ਥਾਂ ਕੋਈ ਹੋਰ ਬਹ ਕੇ ਪੜ੍ਹ ਲਵੇ ਤੇ ਮੈਂ ਟੀ ਵੀ ਵੇਖ ਲਵਾਂ, ਤੁਸੀਂ ਉਸ ਬੱਚੇ ਨੂੰ ਕੀ ਕਹੋਂਗੇ। ਗੁਰਮਤਿ ਕੋਈ ਮੰਤ੍ਰ ਉਚਾਰਣ ਨਹੀਂ ਹੈ ਕੇ ਪੈਸੇ ਦੇ ਕੇ ਜਾਂ ਤੁਸੀਂ ਕਿਸੇ ਦੂਜੇ ਮਨੁਖ ਨੂੰ ਰੌਲ ਦੇਕੇ ਪਾਠ ਕਰਾ ਲਿਆ ਤੇ ਤੁਹਾਨੂੰ ਗੁਰਮਤਿ ਦਾ ਗਿਆਨ ਮਿਲ ਜਾਵੇ ਜਾਂ ਸੋਝੀ ਹੋ ਜਾਵੇ। ਅਖੰਡ ਪਾਠ ਉਹਨਾਂ ਸ਼ੁਰੂ ਕੀਤਾ ਜੋ ਗੁਰਮਤਿ ਦਾ ਗਿਆਨ ਰੱਖਦੇ ਸੀ ਤੇ ਜੰਗ ਤੇ ਜਾਣ ਤੋਂ ਪਹਿਲਾਂ ਪੜ੍ਹ ਕੇ ਫੇਰ ਆਪਣੇ ਆਪ ਨੂੰ ਚੇਤੇ ਕਰਾਉਂਦੇ ਸੀ ਕੇ ਜੋ ਹੋਣਾ ਹੁਕਮ ਵਿੱਚ ਹੋਣਾ। ਹੁਣ ਲੋਕਾਂ ਇਸਨੂੰ ਪੈਸੇ ਕਮਾਉਣ ਦਾ ਜਰੀਆ ਬਣਾ ਲਿਆ ਹੈ। ਹਾਲ ਇਹ ਹੈ ਕੇ ਲੋਕ ਅਖੰਡ ਪਾਠ ਰਖਾਉਂਦੇ ਹਨ ਪਰ ਪਾਠੀ ਸਿੰਘ ਨਹੀਂ ਮਿਲਦੇ। ਗੁਰੂਘਰਾਂ ਦੀਆਂ ਕਮੇਟੀਆਂ ਲੋਕਾਂ ਤੋਂ ਪੈਸੇ ਪੂਰੇ ਲੈਕੇ ਵੀ ਪਾਠੀਆਂ ਨੂੰ ਪੈਸੇ ਨਹੀਂ ਦਿੰਦੇ। ਕੁਝ ਸਾਲ ਪਹਿਲਾਂ ਮੈਂ ਬੰਬਈ ਗਿਆ ਹੋਇਆ ਸੀ ਕਿਸੇ ਦੀ ਮੌਤ ਤੋਂ ਬਾਦ ਅਖੰਡ ਪਾਠ ਰੱਖਿਆ ਹੋਇਆ ਸੀ। ਪਾਠੀ ਸਿੰਘ ਬੈਲ ਵਜਾਈ ਜਾਵੇ, ੪-੫ ਘੰਟੇ ਤੋਂ ਬੈਠਾ ਸੀ। ਬਾਥਰੂਮ ਜਾਣਾ ਸੀ ਤੇ ਥੱਕ ਵੀ ਬਹੁਤ ਗਿਆ ਸੀ ਬਜੁਰਗ। ਅਗਲੇ ਪਾਠੀ ਨੇ ਹਾਜਰੀ ਨਹੀਂ ਲਾਈ। ਜਦੋਂ ਫੋਨ ਕੀਤੇ ਘਰ ਦੇ ਮੈਂਬਰ ਨੂੰ ਪਾਠ ਕਰਨ ਲਈ ਬਿਠਾਇਆ ਤਾਂ ਬਜੁਰਗ ਪਾਠੀ ਤੋਂ ਪਤਾ ਲੱਗਾ ਕਮੇਟੀ ਅੱਧੇ ਪੈਸੇ ਵੀ ਪਾਠੀ ਨੂੰ ਨਹੀਂ ਦੇ ਰਹੀ ਤੇ ਅਗਲੇ ਵੀ ਘਟ ਪੈਸੇ ਦੇ ਕਾਰਣ ਆ ਨਹੀਂ ਰਹੇ। ਦੂਜੀ ਜਗਹ ਤੋਂ ਸਿੰਘਾਂ ਨੂੰ ਕੱਠਾ ਕਰਨਾ ਪਿਆ ਜਿਵੇਂ ਤਿਵੇਂ ਅਖੰਡ ਪਾਠ ਸੰਮਪੂਰਣ ਹੋਇਆ। ਅੱਜ ਦੇ ਹਾਲਾਤ ਇਹ ਹਨ ਕੇ ਘਰ ਦੇ ਮੈਂਨਰ ਬਾਣੀ ਦੀ ਇੱਕ ਪੰਕਤੀ ਵੀ ਆਪ ਨਹੀਂ ਪੜ ਸਕਦੇ ਸਮਝਣਾ ਤਾਂ ਬਹੁਤ ਦੂਰ ਦੀ ਗਲ ਹੈ। ਕਈ ਪਾਠੀ ਅੱਜ ਮੂਹ ਵਿੱਚ ਗੁਣ ਗੁਣ ਕਰਕੇ ਬਾਣੀ ਪੜ੍ਹਦੇ ਨੇ ਨਾਂ ਬਾਣੀ ਪੜ੍ਹਨ, ਸਮਝਣ, ਵਿਚਾਰਣ ਦਾ ਚਾ ਪਾਠੀ ਨੂੰ ਤੇ ਨਾ ਪਾਠ ਕਰਾਉਣ ਵਾਲੇ ਨੂੰ ਹੈ। ਇਕ ਵਾਰ ਤਾਂ ਅਸੀਂ ਇੱਕ ਪਾਠੀ ਨੂੰ ਫ਼ੜਿਆ ਜਿਸਨੂੰ ਗੁਰਮੁਖੀ ਆਉਂਦੀ ਹੀ ਨਹੀਂ ਸੀ ਬਸ ਉਹ ਮੁਹ ਤੇ ਕਪੜਾ ਰੱਖ ਗੁਣ ਗੁਣ ਕਰੀ ਜਾਂਦਾ ਸੀ। ਜਿਹਨਾਂ ਨੂੰ ਅਉਂਦੀ ਵੀ ਹੈ ਪੜ੍ਹਨੀ ਉਹ ਕੇਵਲ ਸ਼ੁੱਧ ਉੱਚਾਰਣ ਵਲ ਹੀ ਧਿਆਨ ਦਿੰਦੇ ਨੇ ਤਾ ਕੇ ਸੁਣਨ ਨੂੰ ਚੰਗੀ ਲੱਗੇ। ਸ਼ੁੱਧ ਉਚਾਰਣ ਬਹੁਤ ਚੰਗੀ ਗਲ ਹੈ ਪਰ ਉਸਤੋਂ ਅਗਲਾ ਪੜਾਵ ਹੈ ਬਾਣੀ ਨੂੰ ਪੜ੍ਹ ਲਿਆ ਹੁਣ ਵਿਚਾਰ ਕਰੋ। ਵਿਚਾਰ ਤੋਂ ਅੱਜ ਦਾ ਸਿੱਖ ਦੂਰ ਭੱਜਦਾ।

ਪਰਮੇਸਰ ਦਾ ਹੁਕਮ ਮੰਨਣਾ ਭਾਣੇ ਵਿੱਚ ਰਹਿਣਾ ਅਖੰਡ ਭਗਤੀ ਹੈ ਜੋ ਹਮੇਸ਼ਾ ਰਹਿੰਦੀ। ਸੁੱਤੇ, ਜਾਗਦੇ, ਤੁਰਦੇ, ਫਿਰਦੇ ਹਰ ਸਮੇ। ਅਖੰਡ ਪਾਠ ਅਖੰਡ ਕੀਰਤਨ ਨਾਮ ਲਈ ਚੰਗੇ ਲਗਦੇ ਨੇ। ਮਨ ਨੂੰ ਕੁੱਝ ਦੇਰ ਤਕ ਸਕੂਨ ਵੀ ਦੇ ਸਕਦੇ ਹਨ ਪਰ ਜੋ ਅਖੰਡ ਭਗਤੀ ਗੁਰਮਤਿ ਦੱਸ ਰਹੀ ਹੈ ਉਹ ਇਹ ਨਹੀਂ ਹੈ।

ਹੁਣ ਕੁਝ ਵੀਰ ਭੈਣਾਂ ਸਹਿਜ ਪਾਠ ਵੀ ਕਰਦੇ ਹਨ। ਕਈ ਵਾਰ ਸਹਜ ਪਾਠ ਅਖੰਡ ਪਾਠ ਵਾਂਗ ਹੀ ਹੁੰਦਾ ਹੈ ਦੋਸਤ ਮਿੱਤਰ ਰਿਸ਼ਤੇਦਾਰ ਆ ਕੇ ਥੋੜਾ ਥੋੜਾ ਸਮਾ ਲਾ ਕੇ ਪਾਠ ਕਰਕੇ ਜਾਂਦੇ ਹਨ, ਇਸ ਨਾਲ ਵੀ ਗਿਆਨ ਦੀ ਪ੍ਰਾਪਤੀ ਤੁਹਾਨੂੰ ਨਹੀਂ ਹੋਣੀ। ਆਪ ਪੜ੍ਹੋ ਸਹਜ ਨਾਲ, ਵਿਚਾਰ ਕਰਦਿਆਂ ਹੋਇਆਂ। ਇਹ ਨਾ ਸੋਚੋ ਕੇ ਕਿਤਨੇ ਅਖੰਡ ਪਾਠ ਲਰ ਲਏ ਜਾਂ ਕਰ ਲਏ। ਕਿਤਨੇ ਸਹਜ ਪਾਠ ਕਰਾ ਲਾੇ ਜਾਂ ਕਰ ਲਏ। ਧਿਆਨ ਇਸ ਵਲ ਰਹੇ ਕੇ ਗੁਰਮਤਿ ਦੀ ਗਲ ਕਿਤਨੀ ਸਮਝ ਆਈ। ਬਾਣੀ ਪੜ੍ਹਦਿਆਂ ਕਈ ਸਬਦ ਜੋਹਨਾਂ ਦੇ ਅਰਥ ਸਮਝ ਨਹੀਂ ਆਏ ਵੇਖੋ ਬਾਣੀ ਵਿੱਚ ਉਹ ਸਬਦ ਕਿੱਥੇ ਆਇਆ ਹੈ, ਉਸਦੇ ਕੀ ਅਰਥ ਨਿਕਲ ਰਹੇ ਹਨ, ਦੁਨਿਆਵੀ ਅਰਥ ਹਨ ਜਾਂ ਅਲੰਕਾਰ ਦੀ ਵਰਤੋ ਹੈ। ਬਾਣੀ ਆਪਣੇ ਅਰਥ ਆਪ ਦੱਸਦੀ ਹੈ ਕਿਸੇ ਟੀਕੇ ਦੀ ਲੋੜ ਨਹੀਂ। ਬਸ ਸੰਮਪੂਰਨ ਭਰੋਸਾ ਇਹ ਰੱਖੋ ਕੇ ਧੁਰ ਕੀ ਬਾਣੀ ਹੈ ਧਿਰੋਂ ਆਈ ਹੈ ਤੇ ਆਪਣੇ ਆਪ ਵਿੱਚ ਸਮਰਥ ਹੈ। ਭਗਤਾਂ ਕੋਲ ਸਹਜ ਸੀ, ਭਰੋਸਾ ਸੀ ਜਿਸ ਕਾਰਣ ਉਹਨਾਂ ਨੂੰ ਗੁਰਮਤਿ ਸਮਝਣ ਲੲੳਿ ਕਿਸੇ ਵਿਦਵਾਨ ਦੀ ਕਿਸੇ ਟੀਕੇ ਦੀ ਲੋੜ ਨਹੀਂ ਪਈ। ਇੱਕੋ ਗਲ ਨੂੰ ਕਈ ਤਰੀਕਿਆਂ ਨਾਲ ਉਦਾਹਰਣਾਂ ਨਾਲ ਇੱਕ ਤੋ ਜਿਆਦਾ ਵਾਰ ਸਮਝਾਇਆ ਗਿਆ ਹੈ। ਆਪਣਾ ਭਰੋਸਾ ਬਾਣੀ ਤੇ ਅਖੰਡ ਰੱਖੋ।

ਸਹਜ

ਸਹਜ ਤਾਂ ਮਨ ਦੀ ਬੜੀ ਉੱਚੀ ਅਵਸਥਾ ਦਾ ਨਾਮ ਹੈ। ਇਸ ਅਵਸਥਾ ਵਿੱਚ ਮਨ ਠਹਰਾਵ ਵਿੱਚ ਹੁੰਦਾ ਹੈ। ਜਦੋਂ ਮਨ ਵਿੱਚ ਵਿਕਾਰ ਨਾ ਉਠਣ, ਭਾਣਾ ਮੰਨ ਲਿਆ। ਹੁਕਮ ਦੀ ਸੋਝੀ ਹੋ ਗਈ। ਨਾਮ (ਗਿਆਨ/ਸੋਝੀ) ਦੀ ਪ੍ਰਾਪਤੀ ਹੋ ਗਈ। ਜਦੋਂ ਸਰੀਰ ਦਾ ਮੋਹ ਵੀ ਨਹੀਂ ਰਹਿਆ। ਉਸ ਅਵਸਥਾ ਦਾ ਨਾਮ ਹੈ ਸਹਜ। ਅਸੀਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੀਤਾ ਹੁੰਦਾ ਤਾਂ ਸਾਨੂੰ ਇਹ ਪਤਾ ਹੁੰਦਾ। ਗੁਰਬਾਣੀ ਦੀਆਂ ਕੁਝ ਪੰਕਤੀਆਂ ਵਿਚਾਰਦੇ ਹਾਂ।

ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ॥” – ਗੁਰ (ਗੁਣ) ਦੀ ਸੇਵਾ (ਵਿਚਾਰ) ਕੀਤਿਆਂ ਸਹਜ ਦੀ ਪ੍ਰਾਪਤੀ ਹੁੰਦੀ ਹੈ। “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ ॥੭॥“,

”ਆਪੇ ਨਦਰਿ ਕਰੇ ਭਾਉ ਲਾਏ ਗੁਰਸਬਦੀ ਬੀਚਾਰਿ॥ ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ॥ ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ॥੬॥” – ਜਦੋਂ ਉਸਦੀ ਨਦਰ ਹੋਵੇ ਤਾਂ ਗੁਰਮਤਿ ਗਿਆਨ ਦੇ ਵਿਚਾਰ ਦਾ ਭਾਵ ਜੀਵ ਨੂੰ ਹੁੰਦਾ ਗੁਰਸਬਦ ਦੀ ਵਿਚਾਰ ਰਾਹੀਂ। ਗੁਣਾਂ ਦੀ ਵਿਚਾਰ ਰਾਹੀਂ ਸਹਜ ਉਪਜਦਾ ਹੈ ਤੇ ਹਉਮੈ ਤ੍ਰਿਸਨਾ ਵਰਗੇ ਰੋਗ ਦੂਰ ਹੁੰਦੇ ਹਨ।

“ਤੇਰੇ ਗੁਣ ਗਾਵਹਿ ਸਹਜਿ ਸਮਾਵਹਿ ਸਬਦੇ ਮੇਲਿ ਮਿਲਾਏ॥”

”ਗੁਰਮੁਖਿ ਬੁਢੇ ਕਦੇ ਨਾਹੀ ਜਿਨੑਾ ਅੰਤਰਿ ਸੁਰਤਿ ਗਿਆਨੁ॥ ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ॥ ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ॥ ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ॥੪੪॥”

”ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ॥ ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ॥ ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ॥੭॥”

”ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ॥ ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ॥ ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ॥੭॥”

”ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ॥ ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ॥੪॥ ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ॥ ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ॥੫॥” – ਹਉ (ਹਉਮੈ) ਵਾਰਨੀ ਪੈਣੀ, ਆਪ ਗਵਾਉਣਾ ਪੈਣਾ, ਮੈਂ ਮਾਰਨੀ ਪੈਣੀ। ਗੁਣਾਂ ਦੀ ਵਿਚਾਰ ਕਰਨੀ ਪੈਣੀ। ਗੁਰਮਤਿ ਗਿਆਨ ਤਦੀ ਵਿਚਾਰ ਕੀਤਿਆਂ ਗੁਣਾਂ ਦੀ ਵਿਚਾਰ ਕੀਤਿਆਂ ਹੀ ਸਹਜ ਉਪਜਣਾ।

ਕੇਸ ਕੱਟਿਆਂ ਜਾਂ ਨਾ ਕੱਟਿਅਆ ਸਹਜ ਨਹੀਂ ਹੁੰਦਾ “ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥“। ਭਾਈ ਸਹਜ ਦੀ ਪ੍ਰਾਪਤੀ ਲਈ ਗੁਣਾਂ ਦੀ ਵਿਚਾਰ ਕਰੋ ਗੁਰਮਤਿ ਦੀ ਵਿਚਾਰ ਕਰੋ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥”

To continue…