Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਨਿਰਧਨ ਆਦਰੁ ਕੋਈ ਨ ਦੇਇ॥ ਲਾਖ ਜਤਨ ਕਰੈ ਓਹੁ ਚਿਤ ਨ ਧਰੇਇ॥

ਭਗਤ ਕਬੀਰ ਜੀ ਇਸ ਸਬਦ ਵਿੱਚ, ਬਹੁਤ ਅਮੀਰ ਆਦਮੀ ਅਤੇ ਬਹੁਤ ਗਰੀਬ ਆਦਮੀ ਵਾਰੇ, ਸਾਨੂੰ ਅੱਜ ਦੀ ਅਸਲੀਅਤ, ਭਾਵ ਸਚ ਦੱਸ ਰਹੇ ਹਨ। ਕਿ ਇਕ ਅਮੀਰ ਆਦਮੀ ਦਾ ਵਰਤੀਰਾ ਇਕ ਗਰੀਬ ਪ੍ਰਤੀ ਕਿਸ ਤਰਾ ਦਾ ਹੁੰਦਾ ਹੈ। ਨਾਲ ਇਹ ਵੀ ਦੱਸ ਰਹੇ ਪਰਮੇਸਰ ਜੀ ਦੀ ਦ੍ਰਿਸਟੀ ਵਿੱਚ ਅਮੀਰ ਆਦਮੀ ਕੋਣ ਹੈ ਅਤੇ ਗਰੀਬ ਕੰਗਾਲ ਆਦਮੀ ਕੋਣ ਹੈ।

ਨਿਰਧਨ ਆਦਰੁ ਕੋਈ ਨ ਦੇਇ॥ ਲਾਖ ਜਤਨ ਕਰੈ ਓਹੁ ਚਿਤ ਨ ਧਰੇਇ॥੧॥ਰਹਾਉ॥ ਜਉ ਨਿਰਧਨੁ ਸਰਧਨ ਕੈ ਜਾਈ॥ ਆਗੇ ਬੈਠਾ ਪੀਠਿ ਫਿਰਾਇ॥੧॥ ਜਉ ਸਰਧਨੁ ਨਿਰਧਨੁ ਕੈ ਜਾਇ॥ ਦੀਆ ਆਦਰੁ ਲੀਆ ਬੁਲਾਇ॥੨॥ ਨਿਰਧਨੁ ਸਰਧਨੁ ਦੋਨਉ ਭਾਈ॥ ਪ੍ਰਭ ਕੀ ਕਲਾ ਨ ਮੇਟੀ ਜਾਈ॥ ੩॥ ਕਹਿ ਕਬੀਰ ਨਿਰਧਨੁ ਹੈ ਸੋਈ॥ ਜਾ ਕੇ ਹਿਰਦੇ ਨਾਮੁ ਨ ਹੋਈ॥੪॥੮॥

ਨਿਰਧਨ ਆਦਰੁ ਕੋਈ ਨ ਦੇਇ॥

ਭਗਤ ਕਬੀਰ ਜੀ ਫ਼ੁਰਮਾਣ ਕਰਦੇ ਹਨ ਕਿ ਭਾਈ ਨਿਰਧਨ ਭਾਵ ਜੋ ਗਰੀਬ ਆਦਮੀ ਹੈ ਜਿਸ ਦੇ ਕੋਲ ਪੈਸਾ ਨਹੀ ਹੈ ਉਸ ਦਾ ਕੋਈ ਆਦਰ ਸਤਿਕਾਰ ਨਹੀ ਕਰਦਾ।

ਲਾਖ ਜਤਨ ਕਰੈ ਓਹੁ ਚਿਤ ਨ ਧਰੇਇ॥੧॥ਰਹਾਉ॥

ਅੱਗੇ ਕਹਿੰਦੇ ਕਿ ਗਰੀਬ ਆਦਮੀ ਭਾਵੈ ਅਮੀਰ ਆਦਮੀ ਨੂੰ ਖੁਸ਼ ਕਰਨ ਲਈ ਲਖਾ ਯਤਨ ਕਰੇ। ਪਰ ਅਮੀਰ ਆਦਮੀ ਉਸ ਦੇ ਲਖਾ ਜਤਨਾ ਦੀ ਪਰਵਾਹ ਨਹੀ ਕਰਦਾ। ਸਵਾਲ ਕਿਉ। ਕਿਉਕੇ ਜਿਆਦਾ ਪੈਸੇ ਦਾ ਭੂਤ ਦਿਮਾਗ ਨੂੰ ਚੜਿਆ ਜੋ ਹੁੰਦਾ। ਜਿਆਦਾ ਪੈਸੇ ਦਾ ਹੰਕਾਰ ਰੂਪੀ ਕਿੱਲਾ ਸੰਗ ਵਿੱਚ ਫਸਿਆ ਜੋ ਹੁੰਦਾ। ਕਈ ਤਾ ਗਰੀਬਾ ਨੂੰ ਕੀੜੇ ਮਕੋੜੇ ਦੀ ਤਰਾਂ ਹੀ ਸਮਝਦੇ ਹਨ। ਪੈਸੇ ਦੇ ਨਸੇ ਵਿਚ ਉਹਨਾ ਦੇ ਪੈਰ ਧਰਤੀ ਤੇ ਹੀ ਨਹੀ ਲੱਗਦੇ। ਕਈ ਤਾਂ ਗਰੀਬਾ ਉਪਰ ਬਹੁਤ ਖਿਝਦੇ ਹਨ। ਸਤਿਗੁਰ ਜੀ ਗੁਰਬਾਣੀ ਅੰਦਰ ਫ਼ੁਰਮਾਣ ਕਰਦੇ ਹਨ।

ਗਰੀਬਾ ਉਪਰਿ ਜਿ ਖਿੰਜੈ ਦਾੜੀ॥

ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ॥

ਜਉ ਨਿਰਧਨੁ ਸਰਧਨ ਕੈ ਜਾਈ॥

ਅੱਗੇ ਕਹਿੰਦੇ ਜੇ ਨਿਰਧਨ ਭਾਵ ਜੇਕਰ ਕੋਈ ਗਰੀਬ ਆਦਮੀ ਕਿਸੇ ਅਮੀਰ ਆਦਮੀ ਦੇ ਘਰ ਚਲਿਆ ਜਾਵੈ।

ਆਗੇ ਬੈਠਾ ਪੀਠਿ ਫਿਰਾਇ॥੧॥

ਅੱਗੇ ਕਹਿੰਦੇ ਓਹ ਅਮੀਰ ਆਦਮੀ ਆਪਣੀ ਦੋਲਤ ਦੇ ਨਸੇ ਵਿੱਚ ਗਰੀਬ ਆਦਮੀ ਵੱਲੋ ਮੂਹ ਹੀ ਫੇਰ ਲੈਦਾ ਹੈ। ਆਪਾ ਆਮ ਹੀ ਦੇਖਦੇ ਹਾਂ ਤੁਸੀ ਮੰਤਰੀ, ਵਿਧਾਇਕ ਜਾਂ ਕਿਸੇ ਵੱਡੇ ਅਫਸਰ ਦੇ ਘਰ ਚਲੇ ਜਾਉ। ਕਈ ਤਾਂ ਚੰਗੇ ਭਲੇ ਘਰ ਹੁੰਦੇ ਵੀ ਆਪਣੇ ਪੀ ਏ ਜਾਂ ਹੋਰ ਮਲਾਜਮ ਨੂੰ ਆਖਣਗੇ ਕਿ ਤੂੰ ਕਹਿ ਦੇ ਮੈ ਘਰ ਵਿੱਚ ਨਹੀ ਹਾਂ।

ਜਉ ਸਰਧਨੁ ਨਿਰਧਨੁ ਕੈ ਜਾਇ॥

ਦੀਆ ਆਦਰੁ ਲੀਆ ਬੁਲਾਇ॥੨॥

ਹੁਣ ਕਹਿੰਦੇ ਜੇਕਰ ਕੋਈ ਅਮੀਰ ਆਦਮੀ ਭਾਵ ਮੰਤਰੀ, ਵਿਧਾਇਕ, ਜਾਂ ਕੋਈ ਵੱਡਾ ਅਫਸਰ ਕਿਸੇ ਗਰੀਬ ਆਦਮੀ ਦੇ ਘਰ ਚਲਿਆ ਜਾਵੇਂ ਤਾ ਗਰੀਬ ਆਦਮੀ ਨੂੰ ਵਿਆਹ ਜਿੰਨਾ ਚਾਅ ਚੜ ਜਾਂਦਾ ਹੈ। ਗਰੀਬ ਆਦਮੀ ਦਾ, ਸਾਰਾ ਟੱਬਰ ਆਉ ਭਗਤ ਲਈ ਭੱਜਿਆ ਫਿਰਦਾ। ਕੋਈ ਕੁਰਸੀ ਖਿਚ ਲਿਆਉਦਾ, ਕੋਈ ਚਾਹ ਪਾਣੀ ,ਕੋਈ ਬਿਸਕਟ, ਕੋਈ ਠੰਡਾ ਚੁੱਕੀ ਫਿਰਦਾ । ਕਹਿਣ ਤੋ ਭਾਵ ਸਾਰਾ ਪਰਿਵਾਰ ਹੀ ਅਮੀਰ ਦੀ ਆਉ ਭਗਤ ਕਰਨ ਵਿੱਚ ਹਾਜਰ ਹੁੰਦਾ ਹੈ।

ਨਿਰਧਨੁ ਸਰਧਨੁ ਦੋਨਉ ਭਾਈ॥

ਪ੍ਰਭ ਕੀ ਕਲਾ ਨ ਮੇਟੀ ਜਾਈ॥੩॥

ਅੱਗੇ ਕਹਿੰਦੇ ਪਰਮੇਸ਼ਰ ਦੀ ਦ੍ਰਿਸਟੀ ਵਿੱਚ ਅਮੀਰ ਅਤੇ ਗਰੀਬ , ਮਨੁੱਖ ਹੋਣ ਦੇ ਨਾਤੇ ਹੈ ਤਾਂ ਭਾਈ ਭਾਈ ਹਨ। ਹਾਂ ਕੋਈ ਸੰਸਾਰ ਵਿੱਚ ਅਮੀਰ ਹੋ ਗਿਆ ਕੋਈ ਗਰੀਬ ਰਹਿ ਗਿਆ। ਇਸ ਪਿੱਛੇ ਤਾ ਪ੍ਰਭ ਦੀ ਕਲਾ ਭਾਵ ਕੀ ਰਜਾ ਹੁਕਮ ਵਰਤਿਆ ਇਸ ਨੂੰ ਤਾ ਕੋਈ ਮਿਟਾ ਨਹੀ ਸਕਦਾ। ਇਹ ਤਾਂ ਪ੍ਰਭੂ ਹੀ ਜਾਣਦਾ ਹੈ। ਪਰ ਮਨੁੱਖ ਹੋਣ ਦੇ ਨਾਤੇ ਅਮੀਰ ਬੰਦੇ ਨੂੰ ਆਪਣੀ ਅਮੀਰੀ ਦਾ ਹੰਕਾਰ ਨਹੀ ਕਰਨਾ ਚਾਹੀਦਾ।

ਕਹਿ ਕਬੀਰ ਨਿਰਧਨੁ ਹੈ ਸੋਈ॥

ਜਾ ਕੇ ਹਿਰਦੇ ਨਾਮੁ ਨ ਹੋਈ॥੪॥੮॥

ਭਗਤ ਕਬੀਰ ਜੀ ਅੰਤਮ ਪੰਗਤੀਆ ਵਿੱਚ ਫ਼ੁਰਮਾਣ ਕਰਦੇ ਹਨ ਕਿ ਭਾਈ, ਪਰਮੇਸਰ ਦੀ ਦਰਗਾਹ ਵਿੱਚ ਕੰਗਾਲ ਆਦਮੀ ਉਸ ਨੂੰ ਮੰਨਿਆ ਜਾਂਦਾ ਹੈ। ਜਿਸ ਦੇ ਹਿਰਦੇ ਵਿੱਚ ਨਾਮ ਭਾਵ ਆਤਮ ਤੱਤ ਗਿਆਨ, ਬਿਬੇਕ ਨਹੀ ਹੁੰਦਾ। ਅਮੀਰ ਉਸ ਨੂੰ ਮੰਨਿਆ ਜਾਂਦਾ ਹੈ ਜਿਸ ਦੇ ਹਿਰਦੇ ਵਿੱਚ ਨਾਮ ਭਾਵ ਆਤਮ ਤੱਤ ਗਿਆਨ, ਬਿਬੇਕ ਹੁੰਦਾ ਹੈ।

ਕਿਉਕੇ ਨਾਮ ਤੱਤ ਗਿਆਨ ਨੇ ਹੀ ਮਨ ਵਿੱਚ ਨਿਮ੍ਰਤਾ ਸੰਤੋਖ, ਪ੍ਰੇਮ, ਸਹਿਣਸੀਲਤਾ, ਤਿਆਗ, ਖਿਮਾ ਆਦਿ ਭਾਵ ਸਾਰੇ ਗੁਣ ਪੈਦਾ ਕਰਨੇ ਹਨ। ਇਹਨਾ ਗੁਣਾ ਦੇ ਕਾਰਣ ਸੰਸਾਰ ਵਿੱਚ ਆਪਸੀ ਪ੍ਰੇਮ, ਆਪਸੀ ਭਾਈਚਾਰਕ ਸਾਂਝ, ਸਾਂਤੀ ਕਾਇਮ ਰਹਿ ਸਕਦੀ ਹੈ। ਤਾ ਹੀ ਸਤਿਗੁਰ ਜੀ ਗੁਰਬਾਣੀ ਅੰਦਰ ਫ਼ੁਰਮਾਣ ਕਰਦੇ ਹਨ।

ਧੰਨ ਭੂਮਿ ਕਾ ਜੋ ਕਰੈ ਗੁਮਾਨੁ॥ ਸੋ ਮੂਰਖੁ ਅੰਧਾ ਅਗਿਆਨੁ॥

ਕਰਿ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੈ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥