Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ (Anti-Dasam Garanth)

ਕਿਸੇ ਵੀ ਗਲ ਦੀ ਨਿੰਦਾ ਕਰਨੀ ਅਤੇ ਵਿਰੋਧ ਕਰਨਾ ਸੌਖਾ ਹੁੰਦਾ ਹੈ ਜਦੋਂ ਜਜ਼ਬਾਤ, ਸ਼ਰਧਾ, ਅਗਿਆਨਤਾ, ਨਾਸਮਝੀ ਲਾਈਲੱਗ ਵਿਚਾਰਧਾਰਾ ਜੀਵ ਤੇ ਭਾਰੀ ਹੋ ਜਾਵੇ। ਦਸਮ ਬਾਣੀ ਦਾ ਵਿਰੋਧ ਹੀ ਨਹੀਂ ਬਲਕੇ ਨਾਨਕ ਪਾਤਿਸ਼ਾਹ ਤੋਂ ਹੀ, ਅਤੇ ਪੰਜਵੇਂ ਪਾਤਸ਼ਾਹ ਤੋਂ ਤਕਰੀਬਨ ਹਰ ਗੁਰੂ ਦਾ ਹੀ ਸਿੱਧਾ ਤੇ ਖੁੱਲ ਕੇ ਵਿਰੋਧ ਹੋਇਆ ਹੈ। ਗੁਰਮਤਿ ਗਿਆਨ ਵਿੱਚ ਹੁਕਮ ਦੀ ਵਿਚਾਰਧਾਰਾ ਸਿੱਧੀ ਚੋਟ ਸੀ ਕਰਮ ਤੇ ਟਿਕੀ ਮੱਤਾਂ ਲਈ। ਇਹਨਾਂ ਮੱਤਾਂ ਕਾਰਣ ਲੋਕ ਬ੍ਰਾਹਮਣ ਤੋਂ, ਸ਼ਤਰੀ ਤੋਂ, ਪਾਪ ਪੁੰਨ ਤੋ ਨਰਕ ਤੋਂ, ਹਾਨੀ ਤੋਂ, ਅਪਜਸ ਤੋਂ ਡਰਦਿਆਂ ਪੰਡਤ ਦੇ ਦੱਸੇ ਕਰਮਾਂ ਮਗਰ ਲੱਗਦੇ ਸੀ, ਤੀਰਥ ਕਰਦੇ ਸੀ ਤੇ ਕਈ ਤਰਹ ਦੇ ਜਤਨ ਕਰਦੇ ਸੀ, ਧੀ/ਪੁੱਤ/ਇਸਤ੍ਰੀ/ਰਾਜ/ਧਨ ਦਾਨ ਕਰਦੇ ਸੀ, ਜਤਿ ਧਾਰਦੇ ਸੀ, ਜੋਗ ਮਤਿ ਵੱਲ ਜਾਂਦੇ ਸੀ। ਅੱਖਾਂ ਬੰਦ ਕਰ ਕੇ ਤਪੱਸਿਆ ਕਰਦੇ ਸੀ। ਗੁਰਮਤਿ ਤਾਂ ਅੱਖਾਂ ਖੋਲਦੀ ਹੈ। ਵਿਰੋਧੀਆਂ ਦੁਆਰਾ ਕਦੇ ਪੁੱਤਰ ਬਾਘੀ ਕਰ ਦੇਣਾ ਲਾਲਚ ਦੇ ਕੇ, ਨਾਨਕ ਪਾਤਿਸ਼ਾਹ ਦੇ ਨਾਮ ਹੇਠ ਬਾਣੀ ਲਿਖ ਦੇਣਾ, ਕਦੇ ਗੁਰੂ ਤੇ ਗੋਲੀ ਚਲਾ ਦੇਣਾ, ਦੁਸ਼ਪ੍ਰਚਾਰ ਕਰਨਾ, ਮੁਗਲ ਹੁਕਮਰਾਨ ਦੇ ਕੰਨ ਭਰਨਾ, ਇਹ ਬਹੁਤ ਸਮੇ ਤੋਂ ਹੁੰਦਾ ਆਇਆ ਹੈ। ਕੁੱਝ ਸ਼ਰਾਰਤੀ ਲੋਗ ਭੁਲੇਖਾ ਪਾ ਰਹੇ ਨੇ ਹਮੇਸ਼ਾ ਤੋਂ, ਆਦਿ ਬਾਣੀ, ਦਸਮ ਬਾਣੀ ਵਿਰੋਧੀ ਰਹੇ ਨੇ ਬਾਕੀ ਜਿਹੜੇ ਬਾਣੀ ਪੜ੍ਹਦੇ ਵਿਚਾਰਦੇ ਨਹੀਂ ਭੇਡਾਂ ਵਾਂਗ ਲਾਈਲੱਗ ਹਨ। ਸੁਣੀ ਸੁਣਾਈ ਗਲ ਮੰਨ ਲੈਂਦੇ ਨੇ ਜਾਂ ਲੋਕ ਪਚਾਰੇ ਵਿੱਚ ਵੇਖਦੇ ਨੇ ਆਸ ਪਾਸ ਸਾਰੇ ਕੀ ਕਰ ਰਹੇ ਨੇ ਕਿੱਦਾਂ ਦੀ ਸੋਚ ਰੱਖਦੇ ਨੇ ਬਸ ਅੱਖਾਂ ਬੰਦ ਕਰ ਮਗਰ ਲੱਗ ਜਾਂਦੇ ਨੇ। ਤੇ ਉਹਨਾਂ ਵਾਂਗ ਹੀ ਸਿਰ ਪਟਕਣ ਜਾਂ ਰੱਟਣ ਲਾਉਣ ਲੱਗ ਜਾਂਦੇ ਨੇ। ਦਸਮ ਬਾਣੀ ਨੇ ਸਿੱਧਾ ਹੀ ਕਹਿ ਦਿੱਤਾ “ਨ ਨੈਨੰ ਮਿਚਾਊਂ॥ ਨ ਡਿੰਭੰ ਦਿਖਾਊਂ॥ ਨ ਕੁਕਰਮੰ ਕਮਾਊਂ॥ ਨ ਭੇਖੀ ਕਹਾਊਂ॥” – ਇਹ ਪੰਡਤ ਨੂੰ ਕਿੱਥੇ ਰਾਸ ਆਉਣਾ ਸੀ। ਸਿੱਖਾਂ ਨੂੰ ਤਾ ਬਾਣੀ ਨੇ ਆਖਿਆ “ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥” – ਭਾਵ ਬਿਨਾਂ ਪੜ੍ਹੇ ਕਿਸੇ ਰਚਨਾ ਨੂੰ ਝੂਠਾ ਨਾ ਕਹੋ, ਝੂਠਾ ਉਹ ਹੈ ਜਿਸਨੇ ਵਿਚਾਰ ਨਹੀਂ ਕੀਤੀ ਤੇ ਅੱਜ ਅਸੀਂ ਆਪ ਬਿਨਾਂ ਪੜ੍ਹੇ ਵਿਚਾਰੇ ਦਸਮ ਬਾਣੀ ਨੂੰ ਰੱਦ ਕਰ ਰਹੇ ਹਾਂ ਤੇ ਸਿੱਧ ਕਰ ਰਹੇ ਹਾਂ ਕੇ ਅਸੀਂ ਝੂਠੇ ਹਾਂ। ਬਹੁਤਿਆਂ ਨੇ ਤਾਂ ਆਦਿ ਬਾਣੀ ਵੀ ਨਹੀਂ ਵਿਚਾਰੀ ਤੇ ਕਿਰਦਾਰ ਵਿੱਚ ਕੋਈ ਬਦਲਾਵ ਨਹੀਂ ਆਇਆ। ਗੁਰੂ ਨੂੰ ਕੇਵਲ ਗਰੂ ਕਹਿਣਾ ਜਾਂ ਮੰਨਣਾ ਨਹੀਂ ਹੈ, ਗੁਰੂ ਦੀ ਕਹੀ ਹਲ ਮੰਨਣੀ ਵੀ ਹੈ। ਮੰਨਣ ਲਈ ਪੜ੍ਹ ਕੇ, ਸਮਝ ਕੇ, ਵਿਚਾਰ ਕੇ, ਲਾਗੂ ਵੀ ਕਰਨੀ ਪੈਣੀ ਹੈ।

ਅਜ ਦਾ ਵਿਸ਼ਾ ਦਸਮ ਬਾਣੀ ਦੇ ਵਿਰੋਧ ਦਾ ਹੈ। ਦਸਮ ਬਾਣੀ ਦੇ ਵਿਰੋਧੀ ਉਹੀ ਲੋਗ ਹਨ ਜੋ ਖਾਲਸੇ ਦੀ ਵਿਚਾਰਧਾਰਾ ਨੂੰ ਸਮਝਦੇ ਨਹੀਂ। ਦਸਮ ਵਿਰੋਧੀ ਇਹ ਦਲੀਲ ਦਿੰਦੇ ਹਨ ਕਿ “ਚਲੋ ਆਪਾਂ ਮੰਨ ਵੀ ਲਈਏ ਕਿ ਚਰਿੱਤਰੋ ਪਾਖਿਆਨ (ਤ੍ਰੀਯਾ ਚਰਿੱਤਰ) ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਪਰ ਇਹ ਦੱਸੋ ਕਿ ਇਹਦੇ ਵਿੱਚੋਂ ਉਪਦੇਸ਼ ਕੀ ਮਿਲਦਾ ਹੈ? ਸਿੱਖਿਆ ਕੀ ਪ੍ਰਾਪਤ ਹੁੰਦੀ ਹੈ? ਸਵਾਲ ਏਦਾਂ ਪੁੱਛਿਆ ਜਿਵੇਂ ਆਦਿ ਬਾਣੀ ਦਾ ਸਾਰਾ ਉਪਦੇਸ਼ ਸਮਝ ਆਗਿਆ ਹੋਵੇ। ਇਸ ਬਾਰੇ ਖੁਲ ਕੇ ਵਿਚਾਰ ਅੱਗੇ ਕਰਾਂਗੇ।

ਦੂਜੀ ਗੱਲ ਕਿ ਚਰਿੱਤਰਾਂ ਵਿੱਚ ਤਾਂ ਜੀ ਔਰਤ ਦੇ ਅਸ਼ਲੀਲ ਅੰਗਾਂ ਦਾ ਨਾਮ ਲਿਆ ਗਿਆ ਤੇ ਇਹਨਾਂ ਅੰਗਾਂ ਦੇ ਅਰਥ ਧੀਆਂ ਭੈਣਾਂ ਵਿੱਚ ਨਹੀਂ ਕੀਤੇ ਜਾ ਸਕਦੇ”

ਦੋਨੋ ਤਰਕਾਂ ਦੇ ਜਵਾਬ ਇਹ ਚਰਿੱਤਰੋ ਪਾਖਿਆਨ ਗੁਰਬਾਣੀ ਆਪ ਦਿੰਦੀ ਹੈ

ਪਹਿਲੀ ਤਰਕ: ਕੀ ਉਪਦੇਸ਼ ਜਾਂ ਸਿੱਖਿਆ ਮਿਲਦੀ ਹੈ ਇਸ ਵਿਚ?

ਉਹਦੇ ਲਈ ਹੇਠਾਂ ਲਿਖਿਆ ਸ਼ਬਦ ਪੜ੍ਹੋ। ਇਹ ਚਰਿੱਤਰਾਂ ਦਾ ਹੀ ਇਕ ਸ਼ਬਦ ਹੈ (ਉਦਾਂ ਹੋਰ ਵੀ ਐਸੇ ਬਿਅੰਤ ਸ਼ਬਦ ਹਨ)

ਛੰਦ

ਜਨਨਿ ਜਠਰ ਮਹਿ ਆਇ, ਪੁਰਖ ਬਹੁਤੋ ਦੁਖ ਪਾਵਹਿ॥

ਮਾਤਾ ਦੀ ਗਰਭ ਵਿੱਚ ਆਣ ਕੇ ਜਨਮ ਤੋਂ ਪਹਿਲਾਂ ਪੁਰਸ਼ ਬਹੁਤ ਦੁੱਖ ਪਾਂਉਦਾ ਹੈ

ਮੂਤ੍ਰ ਧਾਮ ਕੌ ਪਾਇ, ਕਹਤ ਹਮ ਭੋਗ ਕਮਾਵਹਿ॥

ਇਸਤਰੀ ਦੇ ਮੂਤਰ ਤਿਆਗਣ ਵਾਲੇ ਅੰਗ/ਯੋਨੀ ਨੂੰ ਪ੍ਰਾਪਤ ਕਰ ਕੇ ਬੜੇ ਉਲਾਸ ਨਾਲ ਕਹਿੰਦਾ ਹੈ ਕਿ ਮੈਂ ਭੋਗ ਰਸ ਕਮਾਇਆ ਹੈ।

ਖੂਕ ਤ੍ਰੀਯਾ ਕੌ ਚਾਟਿ ਕਹਤ ਅਧਰਾਮ੍ਰਿਤ ਪਾਯੋ

ਕਾਮ ਵਿੱਚ ਅੰਨ੍ਹਾ ਹੋਇਆ ਇਸਤਰੀ ਦੀ ਥੁੱਕ ਵੀ ਚੱਟਦਾ ਹੈ ਤੇ ਸਮਝਦਾ ਹੈ ਮੈਂ ਉਹਦੇ ਬੁੱਲਾਂ ਦਾ ਅੰਮ੍ਰਿਤ ਪਾ ਲਿਆ ਹੈ

ਬ੍ਰਿਥਾ ਜਗਤ ਮੈ ਜਨਮ, ਬਿਨਾ ਜਗਦੀਸ ਗਵਾਯੋ॥੪੯॥

ਜਗਦੀਸ਼ ਦੇ ਭਜਨ ਜਗਦੀਸ ਦੇ ਗਿਆਨ ਤੋਂ ਵਾਂਝਾ ਹੋ ਕੇ ਇਸ ਜਗਤ ਵਿਚ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾਉਂਦਾ ਹੈ

ਬਾਣੀ: ਚਰਿੱਤਰੋ ਪਾਖਿਆਨ ਤ੍ਰੀਆ। ਚਰਿੱਤਰ ਨੰ ਇਕਿਆਸੀ। ਗੁਰੂ ਗੋਬਿੰਦ ਸਿੰਘ ਜੀ ਸ੍ਰੀ ਦਸਮ ਗ੍ਰੰਥ ਸਾਹਿਬ, ੯੧੨

ਆਹ ਉਪਦੇਸ਼ ਤੇ ਸਿੱਖਿਆ ਇਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਆਪਣੇ ਪੁੱਤਰ ਖਾਲਸੇ ਨੂੰ ਹੋਰ ਕੌਣ ਦੇ ਸਕਦਾ ਜਾ ਦੱਸੋ ਕਿਸ ਹੋਰ ਨੇ ਦਿੱਤਾ? ਇਸਤੋਂ ਘੁਮਾ ਫਿਰਾ ਕੇ ਟੇਡੀ ਗਲ ਕਰਕੇ ਉਪਦੇਸ ਦੇਣਾ ਠੀਕ ਹੈ ਜਾਂ ਸਿੱਧਾ ਸਮਝਾ ਦੇਣਾ ਠੀਕ ਹੈ?

ਦੂਜੀ ਤਰਕਃ ਚਰਿੱਤਰਾਂ ਵਿੱਚ ਆਉਣ ਵਾਲੇ ਇਸਤਰੀ ਦੇ ਅੰਗਾਂ ਦੇ ਅਰਥ ਧੀਆਂ ਭੈਣਾਂ ਵਿੱਚ ਨਹੀਂ ਕੀਤੇ ਜਾ ਸਕਦੇ”

ਕਿਉਂ ਭਾਈ ਕਿਉਂ ਨਹੀਂ ਕੀਤੇ ਜਾ ਸਕਦੇ?

ਅਰਥ ਕਰਨ ਦਾ ਸਹੀ ਤਰੀਕਾ ਆਉਣਾ ਚਾਹੀਦਾ ਅਰਥ ਕਰਨ ਵਾਲੇ ਨੂੰ। ਜੇ ਕਿਸੇ ਨੂੰ *ਕੁੱਤਾ* ਕਹੋ ਤਾਂ ਗਾਲ੍ ਹੈ ਤੇ ਜੇ ਜਾਨਵਰ ਦਾ ਨਾਂ ਦੱਸਣ ਵੱਜੋਂ ਕਹੀਏ ਤਾਂ ਕੋਈ ਗਾਲ੍ ਨਹੀਂ। ਓਸੇ ਤਰ੍ਹਾਂ ਚਰਿੱਤਰਾਂ ਦੀ ਕਥਾ ਵਿੱਚ *ਭਗ* ਤੇ *ਭੋਗ* ਸ਼ਬਦ ਆਉਂਦਾ ਹੈ ਉਹ ਤਾਂ ਆਦਿ ਗ੍ਰੰਥ ਸਾਹਿਬ ਜੀ ਵਿੱਚ ਵੀ ਆਉਂਦਾ ਹੈ।

ਅਵਰ ਮਰਨ ਮਾਇਆ ਮਨੁ ਤੋਲੇ, ਤਉ “ਭਗ” ਮੁਖਿ ਜਨਮ ਵਿਗੋਇਆ ਹੋਰਾਂ ਦੀ ਮੌਤ ਨੂੰ ਵੇਖ ਵੇਖ ਪ੍ਰਾਣੀ ਆਪਣੇ ਮਨ ਵਿਚ ਆਪਣੀ ਜਮਾਂ ਕੀਤੀ ਸੰਪਤੀ ਨੂੰ ਮਰੇ ਹੋਏ ਮਨੁੱਖ ਦੇ ਧਨ ਨਾਲ ਤੋਲਦਾ ਹੈ। ਤੇ ਇਸਤਰੀ ਦੇ ਮੂਤਰ ਧਾਮ ਦੇ ਬਾਰੇ ਸੋਚ ਸੋਚ ਜਨਮ ਗਵਾ ਬੈਠਦਾ ਹੈ

ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ॥ (ਅਰਥ ਸਪਸ਼ਟ ਹਨ)

ਹੁਣ ਕੋਈ ਵੀ ਅਰਥ ਕਰ ਲਵੇ ਇਸ ਦੇ। ਤੇ ਜੇ ਅਰਥ ਕਰਨ ਵਾਲਾ ਬਸ ਭਗ ਭਗ ਹੀ ਕਹੀ ਜਾਵੇ ਜਾਂ ਭੋਗ ਭੋਗ ਹੀ ਕਹੀ ਜਾਵੇ ਤਾਂ ਜ਼ਾਹਿਰ ਹੈ ਧੀਆਂ ਭੈਣਾਂ ਜਿਨਾਂ ਦੀ ਉਹ ਗਿਆਨ ਤੇ ਸਹਿਜ ਅਵਸਥਾ ਨਹੀਂ, ਉਹਨਾਂ ਨੂੰ ਸ਼ਾਇਦ ਸ਼ਰਮ ਆਵੇ ਇਹ ਸ਼ਬਦ ਸੁਣ ਕੇ। ਪਰ ਜੇ ਕੋਈ ਸਿਆਣਾ ਕਥਾ ਵਾਚਕ ਜਿਨਾਂ ਇਹ ਚਰਿੱਤਰਾਂ ਉਤੇ ਕਥਾ ਕੀਤੇ ਹੈ ਉਹ ਇਹਨਾਂ ਸ਼ਬਦਾਂ ਦੇ ਅਰਥ ਸੰਗਤ ਨੂੰ ਇਕ ਸਮਾਜਿਕ ਲੋਕ ਬੋਲੀ ਵਿੱਚ ਕਰ ਕੇ ਸੁਣਾਵੇਗਾ ਯਾਨੀ *ਭਗ* ਨੂੰ ਯੋਨੀ ਮਾਰਗ ਯਾਂ ਜਨਮ ਮਾਰਗ ਅਤੇ *ਭੋਗ* ਸ਼ਬਦ ਨੂੰ ਇਸਤਰੀ ਪੁਰਸ਼ ਦਾ ਸੰਗਮ ਇਤਿਆਦੀ ਨਾਂਵਾ ਨਾਲ ਸੰਬੋਧਨ ਕਰ ਕੇ ਦੱਸੇਗਾ। ਭਗਵਾਨ ਸ਼ਬਦ ਆਮ ਵਰਤਿਆ ਜਾਂਦਾ, ਕੀ ਅਰਥ ਹੈ ਇਸਦਾ ਭਗ+ਵਾਨ ਭਾਵ ਪੈਦਾ ਕਰਨ ਵਾਲਾ।

ਗੱਲ ਸਾਰੀ ਤਰੀਕੇ ਦੀ ਹੈ। ਫਿਰ ਵੀ ਜੇ ਬਹੁਤੇ ਪ੍ਰਮਾਣਾਂ ਦੀ ਲੋੜ ਹੈ ਤਾਂ ਆਪਾਂ ਇਹਨਾਂ ਸ਼ਬਦਾਂ, ਭਗ ਤੇ ਭੋਗ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਪਣੇ ਵਿਚਾਰ ਸੁਣਾ ਦਿੰਦੇ ਹਾਂ ਸੱਚ ਕਈਆਂ ਨੂੰ ਚੁਭੇਗਾ ਪਰ ਸੱਚ ਨੂ ਕੋਈ ਝੁਠਲਾ ਨਹੀ ਸਕਦਾ। ਦਸਮ ਵਿਰੋਧੀ ਆਖਦੇ ਹਨ ਇਹ ਭਗ ਸ਼ਬਦ/ਅੰਗ ਬੜਾ ਅਸ਼ਲੀਲ ਹੈ ਜੀ.. ਗੰਦਾ ਹੈ ਜੀ, ਅਪਵਿੱਤਰ ਤੇ ਨਾਪਾਕ ਹੈ। ਆਓ ਚਰਿੱਤਰਾਂ ਚੋ ਹੀ ਜਾਣੀਏ ਇਹਦੇ ਬਾਰੇ

ਛੰਦ

ਰਿਖਿ ਯਾਹੀ ਤੇ ਭਏ, ਨ੍ਰਿਪਤਿ ਯਾਹੀ ਉਪਜਾਏ॥

ਇਸੀ ਤੋਂ ਰਿਸ਼ੀ ਅਤੇ ਰਾਜੇ ਪੈਦਾ ਹੋਇ ਹਨ

ਬਯਾਸਾਦਿਕ ਸਭ ਚਤੁਰ ਇਹੀ ਮਾਰਗ ਹੁਐ ਆਏ॥

ਬੇਦ ਬਿਆਸ ਆਦਿ ਚਤੁਰ ਸਿਆਣੇ ਪੁਰਖ ਇਸੇ ਮਾਰਗ ਤੋਂ ਆਏ ਹਨ

ਪਰਸੇ ਯਾ ਕੇ ਬਿਨਾ ਕਹੋ ਜਗ ਮੈ ਕੋ  ਆਯੋ॥ – ਇਸ ਨੂੰ(ਜਨਮ ਮਾਰਗ) ਛੋਹੇ ਤੋਂ ਬਿਨ੍ਹਾਂ, ਇਸ ਵਿੱਚੋਂ ਲੰਘੇ ਤੋਂ ਬਿਨ੍ਹਾਂ ਦੱਸੋ ਕੌਣ ਇਸ ਜਗਤ ਵਿੱਚ ਆਇਆ ਹੈ?

ਪ੍ਰਥਮ ਐਤ ਭਵ ਪਾਇ, ਬਹੁਰ ਪਰਮੇਸੁਅਰ ਪਾਯੋ॥੫੦॥ – ਪਹਿਲਾਂ ਇਸੇ ਰਸਤੇ ਤੋਂ ਜਨਮ ਪ੍ਰਾਪਤ ਕਰਨ ਤੋਂ ਉਪਰੰਤ, ਮਨੁੱਖ ਭਗਤੀ ਰਾਹੀਂ ਪਰਮੇਸ਼ਰ ਨੂੰ ਪਾਂਉਦਾ ਹੈ।

ਬਾਣੀ: ਚਰਿੱਤਰੋ ਪਾਖਿਆਨ ਤ੍ਰੀਆ ਚਰਿੱਤਰ ਨੰ ਇਕਿਆਸੀ, ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਦਸਮ ਗ੍ਰੰਥ ਸਾਹਿਬ, ੯੧੨

ਹੁਣ ਗੁਰੂ ਗੋਬਿੰਦ ਸਿੰਘ ਜੀ ਹੋਰ ਕਿਸ ਤਰ੍ਹਾਂ ਸਮਝਾਉਣ ??

ਗੁਰੂ ਸਾਹਿਬ ਤਾਂ ਕਹਿ ਰਹੇ ਨੇ ਕਿ ਇਕ ਗਿਆਨੀ ਵਿਦਵਾਨ ਰੱਬ ਦੀ ਭਗਤੀ ਵਿਚ ਰੱਤੇ ਹੋਏ ਲਈ ਤਾਂ ਇਹ ਅੰਗ *ਜਨਮ ਮਾਰਗ* ਹੈ ਉਹ ਜਾਣਦਾ ਹੈ ਜਨਮ ਮਿਲਿਆ ਤਾਂਹੀ ਮੁਕਤ ਵੀ ਹੋਵਾਂਗਾ।

ਤੇ ਇਕ ਵਿਕਾਰੀ ਪੁਰਸ਼ ਦੀ ਦੁਰਦਸ਼ਾ ਵੀ ਦੱਸ ਰਹੇ ਹਨ ਕਿ ਉਹ ਪੁਰਸ਼ ੯ ਮਹੀਨੇ ਮਾਤਾ ਦੇ ਉਦਰ ਦੀ ਭਿਅੰਕਰ ਗਰਮੀ ਨੂੰ ਝਲਦਾ ਹੋਇਆ ਜਿਸ ਮਾਰਗ ਰਾਂਹੀ ਓਸ ਅੱਗ ਵਿੱਚੋਂ ਨਿਕਲ ਕੇ ਏਸ ਸੰਸਾਰ ਵਿੱਚ ਆਇਆ, ਵੱਡਾ ਹੋ ਕੇ ਪਰਮੇਸ਼ਰ ਨੂੰ ਵਿਸਾਰ ਦਿੰਦਾ ਹੈ ਤੇ ਇਸਤਰੀ ਦੇ ਓਸੇ ਅੰਗ ਦੀ ਪ੍ਰਾਪਤੀ ਲਈ ਕੀ ਕੀ ਯਤਨ ਕਰਦਾ ਹੈ ਓਸ ਮੂਤਰ ਤਿਆਗਣ ਵਾਲੇ ਅੰਗ ਨੂੰ ਪਾ ਕੇ ਬੜਾ ਮਾਨ ਮਹਿਸੂਸ ਕਰਦਾ ਹੈ ਅੰਤ ਜਗਦੀਸ਼ ਦੀ ਭਗਤੀ ਤੋਂ ਬਿਨ੍ਹਾਂ ਆਪਣਾ ਜਨਮ ਗਵਾਂਉਦਾ ਹੈ। ਕਾਮ ਵਾਸਨਾ ਅੱਜ ਹੋਰ ਜਿਆਦਾ ਵੱਧ ਰਹੀ ਹੈ, ਇਸਤ੍ਰੀ ਨੂੰ ਭੋਗ ਦੀ ਵਸਤੂ ਵਾਂਗ ਸਮਝਦਾ ਹੈ। ਕਾਮ ਸਿਰ ਚੜ ਕੇ ਬੈਠਾ ਹੈ ਮਨੁਖ ਦੇ। ਇਹ ਤਾ ਹੀ ਹੈ ਕਿਉਂਕੇ ਗਿਆਨ ਘੱਟ ਹੈ, ਸੋਝੀ ਅਕਲ ਘੱਟ ਹੈ।

ਵੀਰੋ, ਅਸੀਂ ਗੁਰੂ ਕੇ ਸਿੱਖਾਂ ਦੀ ਮਾਨਸਿਕਤਾ ਐਨੀ ਨੀਵੀਂ ਹੋ ਗਈ ਹੈ ਕੇ ਆਪਾਂ ਨੂੰ ਇਕ ਭਗ ਸ਼ਬਦ ਗੁਰੂ ਦੀ ਬਾਣੀ ਤੇ ਸ਼ੰਕਾ ਕਰਾ ਦਿੰਦਾ ਹੈ। ਸਾਡੇ ਸਿੱਖਾਂ ਨਾਲੋ ਤਾਂ ਚੰਗੇ ਹਸਪਤਾਲਾਂ ਦੇ ਡਾਕਟਰ ਨੇ ਜਿਨਾਂ ਸ਼ਾਇਦ ਗੁਰੂ ਨਾਨਕ ਨੂੰ ਗੁਰੂ ਤਾਂ ਨਹੀ ਧਾਰਿਆ ਪਰ ਫਿਰ ਭੀ ਉਹਨਾਂ ਦੀ ਮਾਨਸਿਕਤਾ ਐਸੀ ਹੈ ਕੇ ਰੋਜ਼ ਹੀ ਕਿੰਨਿਆਂ ਬੱਚਿਆਂ ਦੇ ਜਨਮ ਕਰਾਉਂਦੇ ਆ ਸਭ ਕੁਝ ਵੇਖਦੇ ਛੂੰਹਦੇ ਆ ਪਰ ਬੰਦਾ ਹੋਵੇ ਜਾਂ ਜ਼ਨਾਨੀ ਦੋਹਾਂ ਦੇ ਸਰੀਰ ਨੂੰ ਇਕ ਬਿਮਾਰ ਸਰੀਰ ਕਰ ਕੇ ਹੀ ਜਾਣਦੇ ਹਨ ਜਾਂ ਮਾਸ ਦਾ ਟੁਕੜਾ, ਭੋਗ ਵਿਲਾਸ ਦੀ ਵਸਤੂ ਨਹੀਂ।

*ਨਿਚੋੜ::*

ਚਰਿੱਤਰਾਂ ਵਿੱਚ ਸਿੱਖਿਆ ਵੀ ਭਰਪੂਰ ਹੈ ਤੇ ਅਰਥ ਵੀ ਕੀਤੇ ਜਾ ਸਕਦੇ ਹਨ ਕਥਾ ਸੁਣਾਉਣ ਲਈ *ਵਕਤਾ* ਤੇ ਸੁਣਨ ਲਈ *ਸ੍ਰੋਤਾ* ਉੱਤਮ ਹੋਣਾ ਚਾਹੀਏ।

ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਜਿੰਨਾਂ ਨੂੰ ਅਸ਼ਲੀਲ ਲਗਦੀ ਉਹਨਾਂ ਨੂੰ ਆਦਿ ਬਾਣੀ ਦਾ ਕੌਡੀ ਜਿੰਨਾਂ ਵੀ ਗਿਆਨ ਨਹੀਂ ਹੋਇਆ। ਇਹ ਨਹੀਂ ਸਮਝ ਆਇਆ ਕੇ ਗੁਰਮਤਿ ਗਿਆਨ ਵਿੱਚ ਪੁਰਖ ਵਾਚਕ ਨਾਮ ਸਾਰੇ ਜਿਵੇਂ ਕਾਲ, ਹਰਿ, ਰਾਮ ਇਹ ਸਾਰੇ ਪ੍ਰਭ ਲਈ ਅਕਾਲ ਲਈ ਵਰਤੇ ਹਨ। ਅਤੇ ਇਸਤ੍ਰੀ ਵਾਚਕ ਨਾਮ ਮੀਰਾ, ਦੁਹਾਗਣ, ਸੁਹਾਗਣ, ਸੀਤਾ ਆਦੀ ਬੁੱਧ ਲਈ ਵਰਤੇ ਗਏ ਹਨ। ਜੋ ਬੁੱਧ ਅਕਾਲ, ਪ੍ਰਭ, ਹਰਿ ਦਾ ਗਿਆਨ ਰੱਖਦੀ ਹੈ ਵਿਕਾਰਾਂ ਤੋ ਮੁਕਤ ਹੈ ਉਹ ਸੁਹਾਗਣ ਹੈ, ਤੇ ਜੋ ਗੁਰਮਤਿ ਤੋਂ ਵਾਂਝੀ ਹੈ ਉਹ ਦੁਹਾਗਣ। ਹੁਣ ਇਹ ਗਲ ਸਮਝਾਉਣ ਲਈ ਆਦਿ ਬਾਣੀ ਦਸਮ ਬਾਣੀ ਨੇ ਹਜਾਰਾਂ ਪ੍ਰਮਾਣ ਦਿੱਤੇ ਹਨ। ਸਾਨੂੰ ਤੱਤ ਗਿਆਨ ਤੋਂ ਵਾਂਝਾ ਰੱਖਣ ਵਾਲੇ ਮਾਇਆ ਦੇ ਪੁਜਾਰੀ ਹਨ ਤੇ ਅਸੀਂ ਸ਼ਰਧਾ ਵੱਸ ਭੁਲੇਖਾ ਖਾ ਜਾਂਦੇ ਹਾਂ। ਦਸਮ ਬਾਣੀ ਕੇਵਲ ਖਾਲਸੇ ਲਈ ਹੈ। ਖਾਲਸਾ ਉਹ ਜੋ ਬਾਣੀ ਵਿਚਾਰ ਕੇ ਸਮਝ ਕੇ ਬੂਝ ਕੇ ਆਪਣੇ ਆਸਾਂ ਦੇ ਹੜ ਤੇ ਕਾਬੂ ਪਾ ਚੁੱਕਾ, ਜੋ ਆਪਣੇ ਵਿਕਾਰ ਗਿਆਨ ਨਾਲ ਖਤਮ ਕਰ ਚੁੱਕਾ ਹੈ। ਜੋ ਨਾਮ (ਗੁਰਮਤਿ ਗਿਆਨ ਦੀ ਸੋਝੀ/ਅੰਮ੍ਰਿਤ) ਵਿੱਚ ਭਿੱਜਾ ਹੋਇਆ ਪੂਰਨ ਬੈਰਾਗੀ ਹੈ। ਗੁਣਾਂ ਨੂੰ ਮੁਖ ਰੱਖਣ ਵਾਲਾ ਗੁਰਮੁਖ ਹੈ। ਦਸਮ ਬਾਣੀ ਖਾਲਸੇ ਨੂੰ ਇਹ ਚੇਤੇ ਰੱਖਣ ਲਈ ਗੁਰੂ ਦੀ ਭੇਂਟ ਹੈ ਕੇ ਮਾਇਆ ਅਤੇ ਵਿਕਾਰ ਕਿਨ ਕਿਨ ਰੂਪਾਂ ਵਿੱਚ ਮੋਹਣ ਦੀ ਚੇਸ਼ਟਾ ਕਰੂ। ਉਸ ਸਮੇ ਦੀਆਂ ਕਥਾ ਕਹਾਣੀਆਂ ਦੀ ਮਦਦ ਨਾਲ ਸਮਝਾਇਆ ਖਾਲਸੇ ਨੂੰ ਉਦਾਹਰਣ ਦੇ ਕੇ। ਜਿਵੇਂ ਡਾਕਟਰ ਰੋਜ ਹਜਾਰਾਂ ਜੀਵਾਂ ਦਾ ਸਰੀਰ ਦੇਖਦਾ ਗੁਪਤ ਅੰਗ ਵੀ ਵੇਖਦਾ ਪਰ ਉਤੇਜਿਤ ਨਹੀਂ ਹੁੰਦਾ। ਅੱਜ ਸਿੱਖ ਵੀ ਡਾਕਟਰ ਹਨ, ਧੀਆਂ ਭੈਣਾਂ, ਬੀਬੀਆਂ ਵੀ ਡਾਕਟਰ ਨਰਸਾਂ ਹਨ ਤੇ ਰੋਜ ਲੋਕਾਂ ਦਾ ਇਲਾਜ ਕਰਦੇ ਹਨ, ਅਪਰੇਸ਼ਨ ਕਰਦੇ ਹਨ। ਸਾਨੂੰ ਸੁਚੇਤ ਕੀਤਾ ਜਾ ਰਹਿਆ ਕੇ ਕਾਮ ਕਿਵੇਂ ਹਾਵੀ ਹੁੰਦਾ। ਜਿਸਨੂੰ ਗਿਆਨ ਨਾ ਹੋਵੇ ਉਹ ਜਾਨਵਰ ਨੂੰ ਵੇਖ ਕੇ ਵੀ, ਨਗਨਤਾ ਨੂੰ ਵੇਖ ਕੇ ਹੀ ਉਤੇਜਿਤ ਹੋ ਜਾਂਦਾ, ਬੱਚੀਆਂ ਨੂੰ ਵੇਖ ਕੇ ਉਤੇਜਿਤ ਹੋ ਜਾਂਦਾ, ਲਿਖੇ ਹੋਏ ਸ਼ਬਦਾਂ ਤੋਂ ਹੀ ਉਤੇਜਿਤ ਹੋ ਜਾਂਦਾ ਹੈ, ਪਰ ਜਿਸਨੂੰ ਗਿਆਨ ਹੋਵੇ ਉਸਦੀਆਂ ਇੰਦ੍ਰੀਆਂ ਵੱਸ ਵਿੱਚ ਹੋਣ ਉਸਨੂੰ ਫਰਕ ਨਹੀਂ ਪੈਂਦਾ ਕੇ ਸਾਹਮਣੇ ਕੀ ਹੈ ਕੌਣ ਹੈ। ਜਿਹਨਾਂ ਨੂੰ ਸ਼ਬਦਾਂ ਵਿੱਚ ਹੀ ਅਸ਼ਲੀਲਤਾ ਦਿਖ ਜਾਵੇ ਉਹਨਾਂ ਦੀ ਮਾਨਸਿਕ ਸਥਿਤੀ ਕੀ ਹੋਣੀ ਇਹ ਸੋਚਣ ਵਾਲੀ ਗਲ ਹੈ। ਹਜੇ ਤਾਂ ਕੁਝ ਸ਼ਬਦ ਆਮ ਵਰਤੋ ਵਿੱਚ ਨਹੀਂ ਹਨ ਤੇ ਟੀਕਿਆਂ ਨੇ ਸਹੀ ਅਰਥ ਲੁਕੋ ਦਿੱਤੇ ਨਹੀਂ ਤਾਂ ਸ਼ਬਦਾਂ ਵਿੱਚ ਅਸ਼ਲੀਲਤਾ ਲੱਬਣ ਵਾਲਿਆਂ ਨੇ ਆਦਿ ਬਾਣੀ ਪੜ੍ਹ ਕੇ ਹੀ ਭਟਕ ਜਾਣਾ ਸੀ। ਇਸ ਲਈ ਪੜ੍ਹ ਕੇ, ਵਿਚਾਰ ਕੇ, ਬੂਝ ਕੇ ਗਿਆਨ ਨੂੰ ਲਾਗੂ ਕਰਨਾ ਕਿਤਨਾ ਜ਼ਰੂਰੀ ਹੈ ਇਹ ਸੋਚ ਲੈਣਾ ਜਿੰਨੀ ਵਾਰ ਵੀ ਕੋਈ ਰੱਟਣ ਕਰਦਾ, ਪਖੰਡ ਕਰਦਾ, ਪੱਥਰ ਪੂਜਾ ਕਰਦਾ, ਜਾਂ ਸ਼ਬਦਾਂ ਵਿੱਚ ਅਸ਼ਲੀਲਤਾ ਲੱਬਣ ਵਾਲਾ ਦਿੱਖ ਜਾਵੇ।

ਜੇ ਅਜੇ ਵੀ ਗੁਰੂ ਦੀ ਕਹੀ ਗਲ ਸਮਝ ਨਾ ਆਈ ਫੇਰ ਤਾਂ ਗੁਰਬਾਣੀ ਦੀ ਇਹੀ ਤੁਕ ਲਾਗੂ ਹੁੰਦੀ ਕੇ “ਕਬੀਰ ਸਾਚਾ ਸਤਿਗੁਰੁ ਕਿਆ ਕਰੈ, ਜਉ ਸਿਖਾ ਮਹਿ ਚੂਕ॥

ਕਾਮ ਵਿਕਾਰ ਹੈ ਇਸ ਬਾਰੇ ਕਿਸੇ ਨੂੰ ਸ਼ੰਕਾ ਨਹੀਂ। ਜੇ ਕਾਮ ਦੇ ਵਿਸ਼ੇ ਤੇ ਵਿਚਾਰ ਹੋਵੇਗੀ ਤਾਂ ਕਾਮ ਨਾਲ ਸੰਬੰਧਿਤ ਸਾਰੇ ਲਫਜ਼ ਆਉਣਗੇ। ਆਮ ਦੁਨੀਆ ਨੂੰ ਚਾਹੇ ਉਹ ਅਸ਼ਲੀਲ ਲੱਗਣ। ਜੇ ਅਜਿਹੇ ਲਫਜ਼ ਵਰਤਨ ਤੋਂ ਗੁਰੁ ਡਰ ਗਿਆ ਤਾਂ ਗਿਆਨ ਕਿਵੇਂ ਦੇਵੇਗਾ? ਇਕ ਪਾਸੇ ਆਮ ਮੰਨਿਆ ਜਾਂਦਾ ਹੈ ਕੀ ਗੁਰ ਪਿਤਾ ਦੇ ਸਮਾਨ ਹੁੰਦਾ ਹੈ, ਜੇ ਪਿਤਾ ਹੈ ਤਾਂ ਸਭ ਪੱਖਾਂ ਤੋਂ ਸੁਚੇਤ ਕਰਨਾ ਉਸ ਦਾ ਧਰਮ ਹੈ। ਕਦੋਂ ਅੱਜ ਦੇ ਸਮੇਂ ਸੈਕਸ ੲਜੁਕੇਸ਼ਨ ਸਕੂਲਾਂ ਵਿੱਚ, ਘਰਾਂ ਵਿੱਚ ਮਾਂ ਬਾਪ ਬੱਚਿਆਂ ਨੂੰ ਸੁਚੇਤ ਕਰਨ ਲਈ ਦੇ ਰਹੇ ਨੇ ਤਾਂ ਗੁਰੂ ਨੇ ਇਹ ਪਹਲ ਖਾਲਸੇ ਲਈ ਪਹਿਲਾਂ ਬਖਸ਼ ਦਿੱਤੀ ਸੀ। ਸ੍ਰੀ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਮੀਣਿਆਂ ਦੀ ਸਮਝ ਅਨੁਸਾਰ ਤਾਂ ਸ੍ਰੀ ਆਦਿ ਗ੍ਰੰਥ ਵੀ ਅਸ਼ਲੀਲ ਹੈ। ਸ੍ਰੀ ਦਸਮ ਗ੍ਰੰਥ ਤੋਂ ਬਾਅਦ ਮੀਣਿਆਂ ਦਾ ਨਿਸ਼ਾਨਾ ਸ੍ਰੀ ਆਦਿ ਗ੍ਰੰਥ ਹੈ। ਇਹ ਔਣਗੇ ਤੇ ਖਾਲਸੇ ਨੂੰ ਚੈਲੇਂਜ ਕਰਨਗੇ ਤੇ ਆਦਿ ਬਾਣੀ ਤੇ ਵੀ ਹਮਲਾ ਕਰਨਗੇ। ਆਦਿ ਬਾਣੀ ਦੀਆਂ ਪੰਕਤੀਆਂ ਤੇ ਸਵਾਲ ਕਰਦੇ ਨੇ ਜਿਹਨਾਂ ਦਾ ਅਰਥ ਕੁਪੜ੍ਹੇ ਹੋਏ ਨੂੰ ਅਸਲੀਲ ਜਾਪ ਸਕਦਾ। ਮੰਮਾ, ਭਗ, ਥਣ ਆਦਿਕ ਅਸ਼ਲੀਲ ਸਮਝੇ ਜਾਣ ਵਾਲੇ ਲਫਜ਼ ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ ਵੀ ਆਏ ਹਨ।

ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਈਆ॥੧॥ ( ਰਾਗੁ ਪ੍ਰਭਾਤੀ ਮਹਲਾ ੧ ਦਖਣੀ, ੧੩੪੪)

ਤਗੁ ਨ ਇੰਦ੍ਰੀ ਤਗੁ ਨ ਨਾਰੀ॥ ( ਰਾਗੁ ਆਸਾ, ਮ ੧, ੪੭੧)

ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ॥ (ਰਾਗੁ ਮਲਾਰ, ਸਲੋਕ ਮ ੧, ੧੨੮੯)

ਬਿੰਦੁ ਰਾਖੀ ਜੋ ਤਰੀਐ ਭਾਈ॥ (ਰਾਗੁ ਗਉੜੀ, ਭਗਤ ਕਬੀਰ ਜੀ, ੩੨੪)

ਸਸੁੜੀ ਸੂਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ (ਸਲੋਕ ਵਾਰਾਂ ਤੇ ਵਧੀਕ, ਮ ਤ, ੧੪੧੦)

ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ॥(ਰਾਗੁ ਗਉੜੀ ਪੂਰਬੀ ਛੰਤ, ਮ ੧, ੨੪੨)

ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥ (ਰਾਗੁ ਸਿਰੀਰਾਗੁ, ਮ ੩, ੨੬)

ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥

ਗਰਬੰਤਿ ਨਾਰੀ ਮਦੋਨ ਮਤੰ॥ ਬਲਵੰਤ ਬਲਾਤ ਕਾਰਣਹ॥(ਮ ੫, ਸਲੋਕ ਸਹਸਕ੍ਰਿਤੀ, ੧੩੫੯)

ਕਰੀ ਹੋਰ ਪੰਕਤੀਆਂ ਵੀ ਹਨ। ਜੇ ਇਨ੍ਹਾਂ ਦੀ ਵਿਆਖਿਆ ਗਲਤ ਹੋਵੇ, ਟੀਕਿਆਂ ਨੇ ਇਹਨਾਂ ਦੀ ਵਿਆਖਿਆ ਗਲਤ ਕੀਤੀ ਹੋਈ ਹੈ, ਬਿਨਾਂ ਤੱਤ ਗਿਆਨ ਦੇ ਹੋਵੇ, ਨਿੱਕੀ ਕੁੜੀ ਯਾ ਮੁੰਡਾ ਪੁੱਛੇ, ਕੇ ਜੀ ਮੰਮਾ, ਭਗ, ਬਿੰਦ, ਥਣ ਕੀ ਹੁੰਦਾ ਤਾਂ ਕਿਂਵੇ ਸਮਝਾਉਂਗੇ ?

ਅੱਜ ਸਾਡੇ ਪ੍ਰਚਾਰਕਾਂ ਦੇ ਕਿਰਦਾਰ ਇਤਨੇ ਹੌਲੇ ਹੋ ਗਏ ਨੇ ਕੇ ਅਸੀਂ “ਟ” ਨੂੰ ਟੱਟਾ ਪੜਨ ਦੀ ਜਗਹ ਟੈਂਕਾ ਪੜਨ ਤੇ ਪੜਾਉਣ ਲਗ ਪਏ। ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ “ਟਟਾ ਬਿਕਟ ਘਾਟ ਘਟ ਮਾਹੀ॥ (ਰਾਗੁ ਗਉੜੀ, ਭਗਤ ਕਬੀਰ ਜੀ, ੩੪੧)”, ਸਾਡੇ ਗੁਰੂਆਂ ਨੇ ਬਾਣੀ ਦਰਜ ਕਰਨ ਲੱਗੇ ਉੰਝ ਹੀ ਲਿਖਿਆ ਜਿਵੇਂ ਭਗਤ ਜੀ ਨੇ ਫੁਰਮਾਇਆ।”ਕ” ਨੂੰ ਕੱਕਾ ਪੜਦੇ, “ਸ” ਨੂੰ ਸੱਸਾ ਪੜਕੇ “ਰ” ਨੂੰ ਰਰਾ, “ਪ” ਨੂੰ ਪੱਪਾ ਪੜਦੇ ਪੜਦੇ ਪਰ “ਟ” ਨੂੰ ਆਪਣੀ ਮਨਮਤਿ ਨਾਲ ਟੈਂਕਾ ਕਰ ਦਿੰਦੇ ਨੇ।

ਖੋਟ ਆਪਣੀ ਨਜਰ ਅਤੇ ਸੋਚ ਵਿੱਚ ਹੈ ਦੋਸ਼ ਬਾਣੀ ਨੂੰ ਦੇਈ ਜਾਂਦੇ। ਆਦਿ ਬਾਣੀ ਵਿਚਾਰੀ ਨਹੀਂ ਦਸਮ ਬਾਣੀ ਤੇ ਕਿੰਤੂ ਪਰੰਤੂ ਕਰਦੇ ਨੇ।

ਸੋ ਪਾਖੰਡੀ ਜਿ ਕਾਇਆ ਪਖਾਲੇ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ॥ ਸੁਪਨੈ ਬਿੰਦੁ ਨ ਦੇਈ ਝਰਣਾ॥ ਤਿਸੁ ਪਾਖੰਡੀ ਜਰਾ ਨ ਮਰਣਾ॥

ਬਾਣੀ ਲਿਖਣ ਦਾ ਕਾਰਣ ਕੀ ਸੀ? ਮਨ ਵਿਕਾਰਾਂ ਦਾ ਅਗਿਆਨਤਾ ਦਾ, ਜਨਮ ਜਨਮ ਦੀ ਮਲ ਦਾ ਨਾਮ ਹੈ ਜਿਸ ਵਿੱਚੋਂ ਵਿਕਾਰ ਪੈਦਾ ਹੁੰਦੇ। ਮਨ ਮਰਣ ਤੋਂ ਬਿਨਾਂ ਕਾਬੂ ਕੀਤੇ ਬਿਨਾਂ ਭਗਤੀ ਨਹੀਂ ਹੁੰਦੀ “ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥(ਗਉੜੀ ਕਬੀਰ ਜੀ, ੩੨੯)”। ਮਨ ਨੂੰ ਕਾਬੂ ਕਰਨ ਲਈ, ਮਨ ਨੂੰ ਜਿੱਤਣ ਲਈ, ਮਨ ਨਾ ਮੰਨੇ ਤਾਂ ਮਾਰਨ ਲਈ ਗਿਆਨ ਚਾਹੀਦਾ ਹੁੰਦਾ “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥”। ਫੇਰ ਪੂਰੀ ਬਾਣੀ ਦਾ ਵਿਸ਼ਾ ਹੀ ਅਗਿਆਨਤਾ ਨੂੰ ਧੋ ਕੇ ਗਿਆਨ ਦੇਣਾ ਹੈ। ਹਰ ਪੱਖ ਤੋਂ ਵਿਕਾਰਾਂ ਦਾ ਗਿਆਨ ਕਰਾ ਕੇ ਜੀਵ ਨੂੰ ਆਪਣੀ ਹੋਂਦ ਦਾ ਗਿਆਨ ਕਰਾਇਆ ਜਾ ਰਹਿਆ ਹੈ ਆਦਿ ਬਾਣੀ ਤੇ ਦਸਮ ਬਾਣੀ ਦੋਹਾਂ ਵਿੱਚ। ਕਿਸੇ ਨੂੰ ਗਲ ਸਿੱਧੀ ਸਮਝ ਆ ਜਾਂਦੀ ਹੈ ਕਿਸੇ ਨੂੰ ਕਥਾ ਕਹਾਣੀਆਂ ਜਾਂ ਉਦਾਹਰਣ ਨਾਲ। ਬਿਨਾਂ ਸਮਝੇ ਮਨੁਖ ਪਸੂ ਢੋਰ ਹੈ। ਇਸ ਲਈ ਵੀਰੋ ਬਾਰ ਬਾਰ ਇਹੀ ਆਖਦਾ ਹਾਂ ਕੇ ਬਾਣੀ ਦੀ ਵਿਚਾਰ ਕਰੋ। ਬਾਣੀ ਤੋਂ ਗਿਆਨ ਪ੍ਰਾਪਤ ਕਰੋ। ਬਾਹਰੀ (ਵਿਰੋਧੀਆਂ ਨਾਲ ਵੀ ਵਿਚਾਰਾਂ ਰਾਹੀਂ) ਅਤੇ ਅੰਦਰਲੀ (ਵਿਕਾਰਾਂ ਨਾਲ) ਜੰਗ ਨਾਲ ਮਨ ਜਿੱਤਿਆ ਜਾਣਾ। ਅੱਜ ਸਿੱਖਾਂ ਦੀ ਤਿਆਰੀ ਘਟ ਹੈ ਇਸ ਲਈ ਕੋਈ ਵੀ ਕੰਨ ਤੋਂ ਫੜ ਕੇ ਤੁਹਾਡੇ ਵਿਚਾਰ ਕਿਸੇ ਵੀ ਦਿਸ਼ਾ ਨੂੰ ਮੋੜ ਦਿੰਦੇ ਹਨ। ਜਿਵੇਂ ਸਰਬਲੋਹ ਦੀ ਖੜਗ ਬਾਹਰੀ ਜੰਗ ਲਈ ਹੈ ਖਾਲਸੇ ਨੂੰ ਗਿਆਨ ਖੜਗ ਵੀ ਬਖਸ਼ੀ ਹੈ ਵਿਕਾਰਾਂ ਨਾਲ ਜੰਗ ਲਈ “ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥”।

ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਖਾਸ ਉਹਨਾਂ ਨੂੰ ਜਿਹਨਾਂ ਨੂੰ ਬ੍ਰਹਮ ਗਿਆਨ, ਤੱਤ ਗਿਆਨ ਕੀ ਹੈ ਪਤਾ ਨਹੀਂ। ਜਦੋਂ ਨਾਨਕ ਪਾਤਿਸ਼ਾਹ ਨੇ ਭਗਤ ਕਬੀਰ ਜੀ ਨੇ ਗੁਰਮਤਿ ਦਾ ਉਪਦੇਸ਼ ਦਿੱਤਾ ਉਦੋਂ ਵੀ ਜਿਹਨਾਂ ਨੂੰ ਸਮਝ ਨਹੀਂ ਸੀ, ਕਿਸੇ ਨੇ ਭੂਤਨਾ ਕਹਿਆ ਕਿਸੇ ਨੇ ਬੇਤਾਲਾ ਕਹਿਆ, ਪੁਜਾਰੀ, ਪੰਡਤ, ਮੁਲਾਂ ਨੇ ਵੀ ਹਮਲੇ ਕੀਤੇ। ਕਬੀਰ ਜੀ ਦਾ ਸਿਰ ਹਾਥੀ ਦੇ ਪੈਰ ਥੱਲੇ ਸੀ ਉਦੋਂ ਵੀ ਉਹਨਾਂ ਬ੍ਰਹਮ ਗਿਆਨ ਨਹੀਂ ਛੱਡਿਆ। ਅੰਗ੍ਰੇਜੀ ਵਿੱਚ ਇੱਕ ਕਹਾਵਤ ਹੈ ਕੇ “Greatness is not achieved with consensus” ਭਾਵ “ਵਡਿਆਈ ਸਹਿਮਤ ਨਾਲ ਨਹੀਂ ਪ੍ਰਾਪਤ ਹੁੰਦੀ।” ਤੇ ਸਹਿਮਤੀ ਵਿਚਾਰ, ਗਿਆਨ ਅਤੇ ਸੋਝੀ ਤੋਂ ਬਿਨਾਂ ਨਹੀਂ ਬਣਦੀ। ਵਿਚਾਰ ਤੋਂ ਬਿਨਾਂ ਕੇਵਲ ਨਿੰਦੀਆ ਕਰਨ ਵਾਲਾ, ਇਲਜ਼ਾਮ ਲਾਉਣ ਵਾਲਾ ਤੰਜ ਕੱਸਣ ਵਾਲਾ ਗੁਰਮਤਿ ਦਾ ਵਿਰੋਧੀ ਹੈ ਉਸਨੂੰ ਗੁਰਬਾਣੀ, ਗੁਰਮਤਿ ਤੇ ਗੁਰਸਿੱਖੀ ਨਾਲ ਕੋਈ ਪ੍ਰੇਮ ਨਹੀਂ। ਕੋਈ ਆਖਦਾ ਹੈ ਮੈਂ ਵਿਰੋਧੀ ਹਾਂ ਤੇ ਉਸਨੂੰ ਮੂਲ ਉਪਦੇਸ਼ਾਂ ਵਿੱਚੋਂ ਇੱਕ ਕੇ “ਗੁਰਮੁਖਿ ਵੈਰ ਵਿਰੋਧ ਗਵਾਵੈ॥” ਸਮਝ ਨਹੀਂ ਲੱਗਿਆ। ਵਿਰੋਧ ਕਰਨ ਵਾਲਾ ਗੁਰਮੁਖ ਨਹੀਂ ਹੁੰਦਾ।

ਦਸਮ ਵਿਰੋਧੀਆਂ ਵੱਲੋਂ ਕੀਤੇ ਕੁੱਝ ਹੋਰ ਸਵਾਲਾਂ ਦੇ ਜਵਾਬ

ਸਵਾਲਃ ਦੱਸੋ ਦਸਮ ਗ੍ਰੰਥ ਕਿੱਥੇ ਤੇ ਕਿਸ ਨੇ ਲਿਖਿਆ ਤੇ ਉਸਦਾ ਪ੍ਰਮਾਣ ਕੀ ਹੈ?

ਜਵਾਬਃ ਦਸਮ ਪੲਤਿਸ਼ਾਹ ਦਾ ਜਨਮ ਅੰਗ੍ਰੇਜੀ ਕੈਲੈਂਡਰ ਦੇ ਮੁਤਾਬਿਕ ੨੨ ਦਿਸੰਬਰ ੧੬੬੬ ਵਿੱਚ ਪਟਨੇ ਸ਼ਹਿਰ ਵਿੱਚ ਹੋਇਆ। ਬਹੁਤ ਸਾਲ ਪਾਤਿਸਾਹ ਪਟਨਾ ਸ਼ਹਰ ਵਿੱਚ ਹੀ ਰਹੇ ਹਨ। ਦਸਮ ਬਾਣੀ ਵਿੱਚ ਉਹਨਾਂ ਆਪ ਕੁਝ ਪੰਕਤੀਆ ਦਰਜ ਕੀਤੀਆਂ

ਸਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥ ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ॥– ਪੰਨਾਂ ੩੭੦

ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰਿ॥ ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰਿ॥੯੮੩॥ – ਪੰਨਾ ੩੯੫

ਸਤ੍ਰਹ ਸੈ ਪੈਤਾਲਿ ਮਹਿ ਸਾਵਨ ਸੁਦਿ ਥਿਤਿ ਦੀਪ॥ ਨਗਰ ਪਾਵਟਾ ਸੁਭ ਕਰਨ ਜਮੁਨਾ ਬਹੈ ਸਮੀਪ॥੨੪੯੦॥ – ਪੰਨਾ ੫੫੫

ਸਤ੍ਰਹ ਸੈ ਪੈਤਾਲਿ ਭਾਵ ੧੭੪੫। ਇਹ ਤਰੀਕਾ ਵਿਕ੍ਰਮੀ ਕੈਲੇਂਡਰ ਦੇ ਹਿਸਾਬ ਨਾਲ ੧੭੪੫ ਬਣਦਾ ਹੈ। ਵਿਕ੍ਰਮੀ ਕੈਲੇਂਡਰ ੫੭ ਸਾਲ ਅੱਗੇ ਹੈ ਅੰਗ੍ਰੇਜੀ ਕੈਲੈਂਡਰ ਤੋਂ ਜਿਸ ਹਿਸਾਬ ਨਾਲ ਇਹ ਬਣਦਾ ਹੈ ੧੭੪੫ – ੫੭ = ੧੬੮੮। ੧੬੮੮ ਵਿੱਚ ਦਸਮ ਪਾਤਿਸਾਹ ਦੀ ਉਮਰ ਬਣੀ ੨੨ ਸਾਲ। ਦਸਮ ਬਾਣੀ ੧੬੮੮ ਵਿੱਚ ਲਿਖੀ ਜਾ ਚੁੱਕੀ ਸੀ। ਆਦਿ ਗ੍ਰੰਤ ਦਾ ਦੂਜਾ ਸਰੂਪ ੧੭ ਸਾਲ ਬਾਦ ੧੭੦੫-੧੭੦੬ ਵਿੱਚ ਦੁਬਾਰਾ ਲਿਖਵਾਇਆ ਦਸਮ ਪਾਤਿਸ਼ਾਹ ਨੇ ਆਪ ਤਲਵੰਡੀ ਸਾਬੋ ਵਿਖੇ। ਵਮਕੌਰ ਦੀ ਜੰਗ ਦਿਸੰਬਰ ੧੭੦੪ ਤੋਂ ਬਾਦ। ਦਸਮ ਵਿਰੋਧੀ ਕਿਸੇ ਟੀਵੀ ਦੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹਨ ਕੇ ਚੰਡੀ ਦੀ ਵਾਰ ਕਿਸੇ ਮਾਰਕੰਡੇ ਪੁਰਾਨ ਤੋਂ ਲਿਆ ਗਿਆ ਹੈ। ਅਸਲ ਵਿੱਚ ਉਹਨਾ ਨੇ ਮਾਰਕੰਡੇ ਪੁਰਾਨ ਵੀ ਆਪ ਨਹੀਂ ਪੜ੍ਹੀ। ਚੰਡੀ ਸਨਾਤਨ ਮਤਿ ਵਿੱਚ ਦੇਵੀ ਨੂੰ ਮੰਨਦੇ ਹਨ ਤੇ ਵਾਰ ਦਾ ਅਰਥ ਹੁੰਦਾ ਹੈ ਸਿਫ਼ਤ ਜਾਂ ਉਸਤਤਿ ਕਰਨਾ। ਜੇ ਸਨਾਤਨ ਮਤਿ ਨੇ ਆਪਣੀ ਦੇਵੀ ਔਰਤ ਦੀ ਉਸਤਤਿ ਕੀਤੀ ਹੋਵੇ ਆਪਣੇ ਵੱਲੋੰ ਵਾਰ ਲਿਖ ਕੇ, ਤੁਸੀਂ ਬਿਨਾਂ ਪੜ੍ਹੇ ਵਿਚਾਰੇ ਦਸਮ ਬਾਣੀ ਵਿੱਚ ਚੰਡੀ ਦੀ ਵਾਰ ਨੂੰ ਮਾਰਕੰਡੇ ਪੁਰਾਨ ਦਾ ਉਲਖਾ ਦੱਸੀ ਜਾਦੇ, ਦੋਹਾ ਵਿੱਚ ਲਿਖੀ ਬਾਣੀ ਪੜ੍ਹ ਤਾਂ ਲਵੋ ਕੇ ਲਿਖਿਆ ਕੀ ਹੈ। ਉਹ ਉਹਨਾਂ ਕਰਨਾ ਨਹੀਂ ਕਿਉਂਕੇ ਇਸ ਵਿੱਚ ਬੁੱਧ ਦੀ ਗਿਆਨ ਦੀ ਵਰਤੋ ਕਰਨੀ ਪੈਣੀ ਸਮਾਂ ਲੱਗਣਾ। ਉਸਤੋਂ ਕਿਤੇ ਸੌਖਾ ਉਹ ਸਮਝਦੇ ਹਨ ਗਾਲ ਕੱਡ ਦੇਣਾ, ਭੰਡ ਦੇਣਾ। ਜੇ ਕਿਸੇ ਨੇ ਵਿਚਾਰ ਕਰਨੀ ਹੋਵੇ ਤਾਂ ਵੇਖੋ “ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?”। ਹਸਤ ਲਿਖਿਤ ਸਰੂਪ ਜਿਹਨਾਂ ਵਿੱਚ ਪਾਤਿਸ਼ਾਹ ਦੇ ਦਸਤਖਤ ਹਨ ਰੱਦ ਕਰਕੇ ਦੂਜੇ ਇਤਿਹਾਸਿਕ ਪ੍ਰਮਾਣ ਮੰਗਦੇ ਹਨ, ਉਹਨਾਂ ਬੰਦਿਆਂ ਦੇ ਲਿਖਤ ਕਿਤਾਬਾਂ ਪਰਵਾਨ ਕਰ ਲੈਂਦੇ ਹਨ ਜਿਹਨਾਂ ਨਾਮ ਅੱਗੇ ਗਿਆਨੀ ਆਪ ਲਾ ਲਿਆ ਜਾਂ ਜਿਹਨਾਂ ਨੇ ਪੈਸੇ ਲੈਕੇ ਟੀਕੇ ਲਿਖੇ ਤੇ ਇਤਿਹਾਸ ਬਦਲੇ ਪਰ ਦਸਮ ਬਾਣੀ ਪੜ੍ਹ ਕੇ ਵਿਚਾਰਨ ਨੂੰ ਤਿਆਰ ਨਹੀਂ। ਨਾ ਹੀਂ ਵਿਚਾਰ ਕਰਨ ਲਈ।

ਸਵਾਲਃ ਸਾਡਾ ਪਿਉ ਇੱਕ ਹੈ ਗੁਰੂ ਗ੍ਰੰਥ ਸਾਹਿਬ ਜੀ। ਇੱਕ ਹੀ ਪਿਓ ਹੋਣਾ ਚਾਹੀਦਾ ਦੋ ਨਹੀਂ। ਜੇ ਦਸਮ ਬਾਣੀ ਨੂੰ ਮੰਨਦੇ ਹਾਂ ਤਾਂ ਦੋ ਪਿਉ ਹੁੰਦੇ ਹਨ।

ਜਵਾਬਃ ਇਹ ਤਰਕ ਬਿਲਕੁਲ ਉਂਝ ਹੀ ਹੈ ਜਿਵੇਂ ਸਨਾਤਨ ਮਤਿ ਵਾਲੇ ਝੂਠੀ ਸ਼ਰਧਾ ਵਿੱਚ ਗਾਂ ਨੂੰ ਮਾਤਾ ਮੰਨਦੇ ਹਨ ਪਰ ਕਦਰ ਕੋਈ ਨਹੀਂ। ਉੱਦਾ ਹੀ ਗਿਆਨ ਗੁਰੂ ਨੂੰ ਗੁਰੂ ਕਹਿਣ ਵਾਲੇ ਕਹਿ ਤਾਂ ਰਹੇ ਨੇ ਮੰਨਦੇ ਨਹੀਂ ਕਿਉਂਕੇ ਗੁਰਮਤਿ ਵਿਚਾਰ ਤੋਂ ਭੱਜਦੇ ਨੇ। ਸਾਡਾ ਗੁਰੂ ਗਿਆਨ ਗੁਰੂ ਹੈ, ਗ੍ਰੰਥ ਵਿੱਚਲਾ ਗਿਆਨ। ਤਰਕ ਇਹ ਵੀ ਹੋ ਸਕਦਾ ਹੈ ਕੇ ਜਦੋਂ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ “ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਯੋ ਪ੍ਰਗਟ ਗੁਰਾਂ ਕੀ ਦੇਹ।” ਪਰ ਇਹ ਕਲੀਅਰ ਨਹੀਂ ਕੀਤਾ ਕੇ ਕਿਹੜਾ ਗ੍ਰੰਥ। ਨਾਲੇ ਪ੍ਰਗਟ ਗੁਰੂ ਤਾਂ ਦਸਮ ਪਾਤਿਸ਼ਾਹ ਵੀ ਹੋਏ ਹਨ ਤੇ ਉਹਨਾਂ ਦੇ ਗ੍ਰੰਥ ਨੂੰ ਵੀ ਮੰਨਣਾ ਪੈਣਾ ਨਹੀਂ ਤਾਂ ਹੁਕਮ ਪੂਰੀ ਤਰਹ ਮੰਨਿਆ ਨਹੀਂ ਜਾਣਾ। ਪਰ ਇੰਝ ਦੇ ਤਰਕ ਦੇਣ ਨਾਲੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹੁਬ ਜੀ ਮਹਾਰਾਜ ਦਾ ਹੀ ਫੁਰਮਾਨ ਮੰਨਣਾ ਜੇ ਦੁਬਿਧਾ ਹੋਵੇ। ਆਦਿ ਗ੍ਰੰਥ ਵਿੱਚ ਪਿਤਾ ਨਾਨਕ ਪਾਤਿਸ਼ਾਹ ਨੇ “ਪਾਣੀ” ਨੂੰ ਕਹਿਆ ਹੈ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥” ਤੇ ਇਹ ਪਾਣੀ ਅਲੰਕਾਰ ਹੈ ਸੰਤੋਖ ਦਾ। ਮਾਤਾ ਗੁਰਮਤਿ ਧਾਰਣੀ ਬੁੱਧ ਹੈ। ਮਨ ਦੇ ਠਹਿਰਾਵ ਦਾ “ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ॥” ਤੇ ਗੁਣਾਂ ਨੂੰ ਮੁੱਖ ਰੱਖਿਆਂ ਇਹ ਸੰਤੋਖ/ਸਹਜ/ਪਾਣੀ ਪ੍ਰਾਪਤ ਹੁੰਦਾ ਹੈ “ਗੁਰਮੁਖਿ ਧਰਤੀ ਗੁਰਮੁਖਿ ਪਾਣੀ॥”। ਇਹ ਗਿਆਨ ਵਿਚਾਰ ਦੀ ਗਲ ਹੈ ਪਰ ਸਵਾਲ ਵਾਪਸ ਇਹ ਬਣਦਾ ਹੈ ਕੇ ਜਦੋਂ ਗਿਆਨ ਗੁਰੂ ਸਾਨੂੰ ਆਦੇਸ਼ ਦਿੰਦਾ ਹੈ ਕੇ ਸੰਤੋਖ/ਸਹਜ/ਪਾਣੀ ਨੂੰ ਪਿਤਾ ਮੰਨਣਾ ਹੈ ਤਾਂ ਉਲੰਘਣਾ ਤੁਸੀਂ ਕਿਵੇਂ ਕਰ ਸਕਦੇ ਹੋਂ। ਦਸਮ ਬਾਣੀ ਨਹੀਂ ਆਖਦੀ ਕੇ ਦਸਮ ਗ੍ਰੰਥ ਨੂੰ ਗੁਰੂ ਮੰਨਿਆ ਜਾਵੇ, ਦਸਮ ਬਾਣੀ ਸ਼ਬਦ ਹਜਾਰੇ ਵਿੱਚ ਸਾਫ਼ ਆਖਦੀ ਹੈ “ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ॥੧॥”, ਇਹੀ ਗਲ ਆਦਿ ਬਾਣੀ ਵਿੱਚ ਵੀ ਦਰਜ ਹੈ “ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ॥ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ॥੩॥(ਮ ੪, ਰਾਗੁ ਗਉੜੀ, ੧੭੨)” ਪਰ ਹਉਮੈ ਕਾਰਨ ਬਾਣੀ ਦੀ ਵਿਚਾਰ ਨਹੀਂ ਕੋਈ ਕਰਨਾ ਚਾਹੁੰਦਾ।

ਸਵਾਲਃ ਦਸਮ ਬਾਣੀ ਵਿੱਚ ‘ਨਾਨਕ’ ਨਾਮ ਹੇਠ ਇੱਕ ਵੀ ਸ਼ਬਦ ਨਹੀਂ ਲਿਖਿਆ, ਕਿਉਂ? ਗੁਰੂ ਸਾਹਿਬਾਨ ਨੇ ਜਿਥੇ ਬਾਣੀ ਵਿੱਚ ਸ਼ਬਦ ਦੇ ਅਖੀਰ ਵਿੱਚ ਸਿਰਫ *‘ਨਾਨਕ’* ਨਾਮ ਵਰਤਿਆ, ਉਥੇ ਇਹ ਸਪੱਸ਼ਟ ਕਰਨ ਲਈ ਕਿ ਕਿਹੜੀ ਬਾਣੀ ਕਿਸ ਗੁਰੂ ਜੀ ਨੇ ਲਿਖੀ ਹੈ ਫੇਰ ਦਸਮ ਪਾਤਿਸ਼ਾਹ ਨੇ ਕਿਉਂ ਨਹੀਂ ਨਾਨਕ ਨਾਮ ਵਰਤਿਆ?

ਜਵਾਬਃ ਇਹ ਲਿਖਾਰੀ ਦੀ ਆਪਣੀ ਮਰਜ਼ੀ ਹੈ ਕੇ ਉਹ ਕਿਸਦੀ ਮੁਹਰ ਲਾਉਂਦਾ।ਨਾਨਕ ਨਾਮ ਦੀ ਮੁਹਰ ਹੋਣ ਨਾ ਹੋਣ ਨਾਲ ਬਾਣੀ ਦੀ ਪ੍ਰਮਾਣਿਕਤਾ ਵਿੱਚ ਕੋੲੳਿ ਫ਼ਰਕ ਨਹੀਂ ਪੈਣਾ ਚਾਹੀਦਾ ਜੇ ਗਲ ਬ੍ਰਹਮ ਗਿਆਨ ਦੀ ਹੈ ਤਾਂ। ਆਦਿ ਬਾਣੀ ਵਿੱਚ ਵੀ ਸ਼ਬਦ ਦਰਜ ਹਨ ਜਿਹਨਾਂ ਵਿੱਚ ‘ਨਾਨਕ’ ਨਾਮ ਦੀ ਮੁਹਰ ਨਹੀਂ। ਗੁਰੂ ਘਰ ਦੇ ਵਿਰੋਧੀਆਂ ਨੇ ਨਾਨਕ ਨਾਮ ਦੀ ਦੁਰ ਵਰਤੋ ਕਰਦਿਆਂ ਨਾਨਕ ਨਾਮ ਦੇ ਹੇਠ ਕੱਚੀ ਬਾਣੀ ਲਿਖੀ। ਸੋ ਨਾਨਕ ਸ਼ਬਦ ਲਿਖਿਆ ਨਾ ਲਿਖਿਆ ਹੋਣਾ ਇਹ ਪ੍ਰਮਾਣ ਨਹੀਂ ਹੈ ਕੇ ਬਾਣੀ ਗੁ੍ਰੂ ਦੀ ਹੈ ਜਾ ਨਹੀਂ। ਸਿੱਖ ਅੱਜ ਵੀ ਗੁਰੂ ਘਰ ਦੇ ਵਿਰੋਧੀਆਂ ਦੀ ਬਾਣੀ ਭੁਲੇਖੇ ਵੱਸ ਪੜ੍ਹੀ ਜਾਂਦੇ ਨੇ। ਜਿਵੇਂ ਨੀਚੇ ਕੁਝ ਸ਼ਬਦ ਹਨ ਜੋ ਪ੍ਰੀਥੀਚੰਦ ਤੇ ਉਸਦੇ ਪੁੱਤਰ ਮਿਹਰਬਾਨ ਨੇ ਲਿਖੇ ਪਰ ਸਿੱਖ ਅੱਜ ਵੀ ਪੜ੍ਹਦੇ ਨੇਃ

“ਨਾਨਕ ਨੀਵਾਂ ਜੋ ਚਲੇ ਲਗੈ ਨ ਤਤੀ ਵਾਉ॥”
“ਨਾਮ ਖੁਮਾਰੀ ਨਾਨਕਾ ਚੜੀ ਰਹੈ ਦਿਨ ਰਾਤ॥”
“ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਇ॥ ਦੂਜਾ ਕਾਹੇ ਸਿਮਰੀਐ ਜੋ ਜੰਮੈ ਤੇ ਮਰ ਜਾਇ॥”
“ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ॥”

ਇਹਨਾਂ ਨੂੰ ਰੱਦ ਕਰਨ ਦਾ ਕਾਰਣ ਹੈ ਕੇ ਇਹ ਗੁਰਮਤਿ ਨਹੀਂ ਹੈ ਤੇ ਗੁਰਮਤਿ ਦੇ ਫਲਸਫ਼ੇ ਨਾਲ ਮੇਲ ਨਹੀਂ ਖਾਦੇ। ਰੱਦ ਕਰਨ ਪਿੱਛੇ ਨਿਜੀ ਮਤਿਭੇਦ ਕਾਰਣ ਨਹੀਂ ਹੈ। ਜੇ ਨਾਨਕ ਦਾ ਨਾਮ ਵਰਤਿਆ ਗਿਆ ਹੈ ਤਾਂ ਕੀ ਇਹ ਵੀ ਪਰਵਾਨ ਹਨ। ਸੋ ਭਾਈ ਗੁਰੂ ਦੀ ਮਰਜ਼ੀ ਉਹਨਾਂ ਨੇ ਨਾਨਕ ਦੇ ਨਾਮ ਦੀ ਵਰਤੋ ਨਹੀਂ ਕੀਤੀ ਉਸ ਸਮੇਂ ਜਦੋਂ ਪਤਾ ਸੀ ਕੇ ਨਾਨਕ ਦੇ ਨਾਮ ਦੀ ਦੁਰਵਰਤੋ ਮਿਹਰਬਾਨ ਵੱਲੋਂ ਹੋ ਰਹੀ ਹੈ। ਇਹੀ ਕਾਰਣ ਹੈ ਦਸਮ ਪਾਤਿਸ਼ਾਹ ਨੇ ਖੁੱਲ ਕੇ ਪਾਤਿਸ਼ਾਹੀ ਦਾਵਾ ਕੀਤਾ ਕੇ ਸਿੱਖਾਂ ਨੂੰ ਪਤਾ ਲੱਗੇ ਕੇ ਨਾਨਕ ਦੇ ਘਰ ਦੇ ਸੱਚੇ ਦਾਵੇਦਾਰ ਕੌਣ ਹਨ। ਇਹ ਉਹੀ ਸਮਾ ਵੀ ਸੀ ਜਦੋਂ ਪੋਥੀ ਪਿਰਥੀ ਚੰਦ ਦੇ ਕਬਜ਼ੇ ਵਿੱਚ ਸੀ, ਉਦੋਂ ਤੋਂ ਜਦੋਂ ਛੇਵੇ ਪਾਤਿਸ਼ਾਹ ਨੇ ਹਰਿਮੰਦਰ ਛੱਡਿਆ। ਛੇਵੇ ਪਾਤਿਸ਼ਾਹ, ਅਗਲੇ ਗੁਰੂ ਤੇ ਦਸਮ ਪਾਤਿਸ਼ਾਹ ਵੀ ਕਦੇ ਫੇਰ ਹਰਿਮੰਦਰ ਨਹੀਂ ਗਏ। ਨੌਵੇਂ ਪਾਤਿਸ਼ਾਹ ਜਦੋਂ ਪੋਥੀ ਲੈਣ ਗਏ ਤਾਂ ਉਹਨਾ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਉਹਨਾ ਉੱਤੇ ਗੋਲੀ ਵੀ ਚਲਾ ਦਿੱਤੀ ਪਿਰਥੀਚੰਦ ਨੇ, ਜੋ ਉਹਨਾ ਦੇ ਸਿਰ ਦੇ ਲਾਗਿਓ ਨਿਕਲ ਗਈ। ਦਸਮ ਪਾਤਿਸ਼ਾਹ ਨੇ ਜੋ ਬਾਣੀ ਲਿਖੀ ਉਹ ਵੱਖਰੀ ਪੋਥੀਆਂ ਵਿੱਚ ਸੀ। ਜਿਹਨਾਂ ਆਦਿ ਬਾਣੀ ਨਹੀਂ ਵਿਚਾਰੀ ਉਹਨਾਂ ਨੂੰ ਦਸਮ ਬਾਣੀ ਪੜ੍ਹਦਿਆਂ ਭੁਲੇਖੇ ਪੈਣੇ ਹੀ ਹਨ। ਜਿਹੜੇ ਸ਼ੰਕਾ ਕਰਦੇ ਨੇ ਉਹਨਾਂ ਤੋਂ ਪੁੱਛੋ ਜੇ ਕਿਸੇ ਨੇ ਦਸਮ ਬਾਣੀ ਆਦਿ ਤੋਂ ਉਲਟ ਲਿਖੀ ਹੁੰਦੀ ਸਿਖਾ ਨੂੰ ਭਟਕਾਉਣ ਲਈ, ਤਾਂ ਉਹ ਸੌਖੇ ਤਰੀਕੇ ਨਾਲ ਭੁਲੇਖਾ ਪਾਉਣ ਨੂੰ ਨਾਨਕ ਨਾਮ ਦੀ ਵਰਤੋ ਨਹੀਂ ਕਰ ਸਕਦੇ ਸੀ ਜਿਵੇਂ ਪਿਰਥੀਚੰਦ ਨੇ ਕੀਤੀ? ਆਦਿ ਬਾਣੀ ਦਾ ਉਪਦੇਸ਼ ਹੈ “ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥” – ਗੁਰੂ ਨੇ ਕੀ ਕੀਤਾ, ਕਿਉਂ ਕੀਤਾ ਇਹ ਸਬ ਵਿਅਰਥ ਗੱਲਾਂ ਹਨ। ਸੋ ਕਿੰਤੂ ਪਰੰਤੂ ਛੱਡੋ ਤੇ ਬਾਣੀ ਦਾ ਉਪਦੇਸ਼ ਪੜ੍ਹੋ, ਸਮਝੋ ਤੇ ਵਿਚਾਰੋ। ਆਪੇ ਪਤਾ ਲੱਗ ਜਾਣਾ ਕਿਹੜੀ ਬਾਣੀ ਕੱਚੀ ਹੈ ਤੇ ਕਿਹੜੀ ਪਾਤਿਸ਼ਾਹਾਂ ਦੀ।

ਸਵਾਲਃ ਜਿਨ੍ਹਾਂ 6 ਗੁਰੂ ਸਾਹਿਬਾਨ ਦੀ ਬਾਣੀ ਆਦਿ ਗ੍ਰੰਥ ਵਿੱਚ ਦਰਜ ਹੈ, ਉਨ੍ਹਾਂ ਨੇ ਆਪਣੇ ਆਪ ਨੂੰ *ਦਾਸ, ਨਿਮਾਣਾ, ਨੀਚ ਭਾਵ* ਆਪਣੇ ਲਈ ਨੀਵੇਂ ਤੋਂ ਨੀਵਾਂ ਸ਼ਬਦ ਵਰਤਿਆ, ਇਥੇ ਤੱਕ ਕਿ ਉਨ੍ਹਾਂ ਆਪਣੇ ਆਪ ਨੂੰ *‘ਗੁਰੂ’* ਵੀ ਨਹੀਂ ਕਿਹਾ, ਇਹ ਤਾਂ ਅਸੀਂ ਸਤਿਕਾਰ ਵਜੋਂ ਉਨ੍ਹਾਂ ਨੂੰ *ਗੁਰੂ, ਸਤਿਗੁਰੂ, ਪਾਤਸ਼ਾਹ, ਸ਼ਹਿਨਸ਼ਾਹ* ਆਦਿ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦੇ ਹਾਂ। ਫਿਰ ਉਹ ਕਿਹੜੇ ਕਾਰਨ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਗੁਰੂ ਸਾਹਿਬਾਨ ਵਲੋਂ ਬਣਾਏ ਨਿਯਮਾਂ ਨੂੰ ਤੋੜ ਕੇ ‘ਦਸਮ ਗ੍ਰੰਥ’ ਵਿੱਚ ਆਪਣੇ ਆਪ ਨੂੰ *‘ਸ੍ਰੀ ਮੁਖਵਾਕ ਪਾਤਸ਼ਾਹੀ 10’* ਲਿਖਿਆ ਹੈ?

ਜਵਾਬਃ ਸਵਾਲ ਪੁੱਛਣ ਵਾਲੇ ਨੂੰ ਇਹ ਨਹੀਂ ਪਤਾ ਕੇ ਪਾਤਿਸ਼ਾਹ ਹੁੰਦਾ ਕੌਣ ਹੈ। ਬਾਦਸ਼ਾਹ ਦਾ ਅਰਥ ਹੁੰਦਾ ਹੈ ਜਿਸਨੇ ਬਾਦ (ਵਾਦ/ਵਿਵਾਦ/ਝਗੜਾ) ਜਿੱਤਿਆ ਹੋਵੇ। ਲੜਾਈ ਜਾਂ ਜੰਗ ਵਿੱਚ ਜਿੱਤ ਹਾਸਿਲ ਕੀਤੀ ਹੋਵੇ। ਪਾਤਿ ਕਹਿੰਦੇ ਹਨ ਰਾਹ ਨੂੰ। ਪਾਤਿਸ਼ਾਹ ਉਹ ਹੁੰਦਾ ਹੈ ਜਿਸਨੂੰ ਪਰਮੇਸਰ ਤਕ ਪਹੁੰਚਣ ਦਾ ਰਾਹ ਪਤਾ ਹੋਵੇ। ਇਹ ਪਾਤਿਸ਼ਾਹੀ ਦਾਵਾ ਨਾਨਕ ਨੇ ਵੀ ਕੀਤਾ ਹੋਇਆ ਹੈ। ਸਵਾਲ ਪੁੱਛਣ ਵਾਲੇ ਨੇ ਖੋਜ ਵਿਚਾਰ ਨਹੀਂ ਕੀਤੀ ਇਸ ਗਲ ਦੀ। ਨੀਚੇ ਪ੍ਰਮਾਣ ਹਨਃ

ਨਾਨਕ ਪਾਤਿਸਾਹੀ ਪਾਤਿਸਾਹੁ॥ (ਮ ੧)”, “ਕਾਇਮੁ ਦਾਇਮੁ ਸਦਾ ਪਾਤਿਸਾਹੀ॥(ਭਗਤ ਰਹਿਦਾਸ ਜੀ)

ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥ – ਫੇਰ ਤੁਸੀਂ ਇਹ ਮੰਨਦੇ ਹੋ ਜਾ ਨਹੀਂ ਕੇ ਸਿਫਤ ਸਾਲਾਹ ਦਸਮ ਪਾਤਿਸ਼ਾਹ ਨੂੰ ਪ੍ਰਾਪਤ ਹੋਈ ਜਾ ਨਹੀਂ?

ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ॥”, ਅਤੇ “ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ॥” – ਫੇਰ ਸੋਚਣ ਵਾਲੀ ਗਲ ਹੈ ਕੇ ਦਸਮ ਪਾਤਿਸ਼ਾਹ ਨੂੰ ਇਹ ਪਦਵੀ ਪ੍ਰਾਪਤ ਸੀ ਕੇ ਨਹੀਂ। ਪਾਤਿਸ਼ਾਹੀ ੧੦ ਲਿਖ ਕੇ ਉਹਨਾਂ ਪਹਿਲੇ ੯ ਦੇ ਪਾਤਿਸ਼ਾਹ (ਰਾਹਾਂ ਦਾ, ਪਤਿ ਦਾ ਸ਼ਾਹ) ਹੋਣ ਦਾ ਪ੍ਰਮਾਣ ਦਿੱਤਾ ਹੈ। ਲੋਕਾ ਨੂੰ ਦੁਨਿਆਵੀ ਕਪਤਾਨ, ਕਰਨਲ, ਮੇਜਰ, ਡਾਕਰਟ, ਇੰਜੀਨੀਅਰ, ਸੀ ਏ ਦੀ ਪਦਵੀ ਮਿਲੇ ਸਾਰੀ ਉਮਰ ਨਹੀਂ ਛੱਡਦੇ, ਭਾਵੇਂ ਡਾਕਟਰ ਡੰਗਰਾਂ ਦਾ ਹੋਵੇ, ਆਪ ਆਪਣੇ ਨਾਮ ਮੁਹਰੇ ਲਗਾਉਂਦੇ ਹਨ ਤੇ ਲੋਕਾਂ ਨੂੰ ਵੀ ਲਾਉਣ ਅਤੇ ਸੰਬੋਧਰਨ ਲਈ ਆਖਦੇ ਹਨ, ਮਰਨ ਤੇ ਵੀ ਨਾਮ ਅੱਗੇ ਲਾ ਕੇ ਰੱਖਦੇ ਤੇ ਦਸਮ ਪਾਤਿਸ਼ਾਹ ਦਾ ਇਲਾਹੀ ਪਾਤਿਸ਼ਾਹੀ ਦਾਵੇ ਦਾ ਵਿਰੋਧ ਅਨਪੜ੍ਹ ਗਵਾਰ ਜਿਹਨਾਂ ਨੂੰ ਬਾਣੀ ਦਾ ਕੱਖ ਨਹੀਂ ਪਤਾ ਉਹ ਕਰ ਰਹੇ ਹਨ। ਅੰਦਰੋਂ ਹੰਕਾਰ ਹੈ, ਮੈਂ ਦੱਸਾਂਗਾ, ਮੈਂ ਪਾਤਿਸ਼ਾਹ ਕਹਾਂਗਾ ਜਾਂ ਗੁਰੂ ਕਹਾਂਗਾ, ਦਸਮ ਗੁਰੂ ਸਾਹਿਬ ਆਪ ਕਿਵੇਂ ਲਾ ਸਕਦੇ ਹਨ। ਸ਼ਾਹ ਹੋਵੇ ਪਾਤਿ ਦਾ, ਦਰਗਾਹ ਦੇ ਰਾਹਾਂ ਦਾ, ਸਰਬੰਸ ਵਾਰਿਆ ਹੋਵੇ ਉਹ ਕਹਿ ਰਹੇ ਨੇ ਉਸੇ ਦਸਮ ਬਾਣੀ ਵਿੱਚ “ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥ ਮੋ ਕੌ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥੩੨॥”।

ਸਵਾਲਃ ਇਤਿਹਾਸਕਾਰਾਂ ਵਲੋਂ ਇਹ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਆਰਾ ਸੰਪਾਦਨਾ ਕੀਤੀ, ਕੀ ਕੋਈ ਅਜਿਹਾ ਇਤਿਹਾਸਕ ਪ੍ਰਮਾਣ ਪੇਸ਼ ਕੀਤਾ ਜਾ ਸਕਦਾ ਹੈ ਕਿ ਗੁਰੂ ਜੀ ਨੇ ਆਪਣਾ *ਦਸਮ ਗ੍ਰੰਥ*’ ਕਦੋਂ ਤੇ ਕਿਥੇ ਲਿਖਿਆ?

ਜਵਾਬਃ ਗ੍ਰੰਥ ਕਿੱਥੇ ਲਿਖਿਆ ਕਦੋਂ ਲਿਖਿਆ ਇਹ ਸੋਚਣ ਦੀ ਥਾਂ ਧਿਆਨ ਇਸ ਤੇ ਦੇਣਾ ਸੀ ਕੇ ਗ੍ਰੰਥਾਂ ਵਿੱਚ ਉਪਦੇਸ਼ ਕੀ ਹੈ। ਜੇ ਪੜ੍ਹ ਕੇ ਸਮਝਿਆ ਹੁੰਦਾ ਤਾਂ ਆਪੇ ਪਤਾ ਲਗ ਜਾਣਾ ਸੀ ਸੱਚ ਦਾ। ਪਰ ਮਨਸ਼ਾ ਗੁਰਮਤਿ ਨੂੰ ਭੰਡਣ ਦੀ ਹੈ, ਸਮਝਣ ਸਾ ਤਾਂ ਨਿਸ਼ਚਾ ਹੈ ਹੀ ਨਹੀਂ। ਪਰ ਜੇ ਸਵਾਲ ਕੀਤਾ ਹੈ ਤਾਂ ਜਵਾਬ ਵੀ ਦੇਣਾ ਬਣਦਾ। ਦਸਮ ਬਾਣੀ ਵਿੱਚ ਹੀ ਇਸਦਾ ਜਵਾਬ ਦਸਮ ਪਾਤਿਸ਼ਾਹ ਆਪ ਦੇ ਰਹੇ ਨੇ ਤੇ ਨਾਲ ਲਿਖਣ ਦੀ ਥਾਂ ਵੀ ਦੱਸ ਰਹੇ ਨੇ “ਸਤ੍ਰਹ ਸੈ ਪੈਤਾਲਿ ਮਹਿ ਸਾਵਨ ਸੁਦਿ ਥਿਤਿ ਦੀਪ॥ ਨਗਰ ਪਾਵਟਾ ਸੁਭ ਕਰਨ ਜਮੁਨਾ ਬਹੈ ਸਮੀਪ॥”। ਅਸੀਂ ਪਹਿਲਾਂ ਹੀ ਇਸ ਲੇਖ ਵਿੱਚ ਇਸ ਬਾਰੇ ਗਲ ਕਰ ਚੁੱਕੇ ਹਾਂ।

ਸਵਾਲਃ ਤਕਰੀਬਨ ਸਾਰੇ ਇਤਿਹਾਸਕਾਰਾਂ ਵਲੋਂ ਇਹ ਮੰਨਿਆ ਗਿਆ ਹੈ,  ਕਿ ਗੁਰੂ ਗੋਬਿੰਦ ਸਿੰਘ ਜੀ ਨੇ *‘ਹਜੂਰ ਸਾਹਿਬ’* ਵਿਖੇ ਆਪਣੇ ਆਖਰੀ ਸਮੇਂ *‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ‘ਗੁਰਤਾ ਗੱਦੀ’* ਬਖਸ਼ੀ ਸੀ।  ਕੀ ਅਜਿਹਾ ਕੋਈ ਇਤਿਹਾਸਕ ਤੱਥ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਤੋਂ ਇਹ ਸਾਬਿਤ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਜਗ੍ਹਾ ਅਜਿਹਾ ਕਿਹਾ ਹੋਵੇ ਕਿ *‘ਸ੍ਰੀ ਗੁਰੂ ਗ੍ਰੰਥ ਸਾਹਿਬ’ ਤੋਂ ਇਲਾਵਾ ਮੇਰਾ ਇੱਕ ਵੱਖਰਾ ‘ਦਸਮ ਗ੍ਰੰਥ’ ਵੀ ਹੈ*?

ਜਵਾਬਃ ਗੁਰਤਾ ਗੱਦੀ ਗੁਰੂ ਤੋਂ ਚੇਲੇ ਨੂੰ ਮਿਲਦੀ ਹੈ। ਪੋਥੀ ਦਾ ਸਥਾਨ ਤਾਂ ਪਹਿਲਾਂ ਹੀ ਗੁਰੂਆਂ ਤੋ ਉਪਰ ਹੈ। ਜਦੋਂ ਤੋਂ ਪੋਥੀ ਦੀ ਸਥਾਪਨਾ ਹੋਈ ਉਦੋਂ ਤੋਂ ਉੱਪਰ ਰੱਖਿਆ। ਨਾਨਕ ਨੇ ਵੀ ਗਿਆਨ ਗੁਰੂ ਨੂੰ ਆਪਣੇ ਤੋਂ ਉੱਪਰ ਰੱਖਿਆ। ਗੁਰਤਾ ਗੱਦੀ ਦਾ ਇਤਿਹਾਸ ਗਲਤ ਦੱਸਿਆ ਜਾਂਦਾ ਹੈ। ਗੁਰਤਾ ਖਾਲਸੇ ਫੌਜ ਨੂੰ ਸੌਂਪੀ ਸੀ ਪਾਤਿਸ਼ਾਹ ਨੇ। ਜਦੋਂ ਬੰਦੇ ਬੈਰਾਗੀ ਨੇ ਆਪਣਾ ਤਖਤ ਆਪਣੀ ਫਤਿਹ ਬਣਾ ਲਈ, ਜਦੋਂ ਮਾਤਾ ਜੀ ਦਾ ਗੋਦ ਲਿੱਤਾ ਪੁੱਤ, ਦੂਜਾ ਅਜੀਤ ਸਿੰਘ ਗੁਰਤਾ ਗੱਦੀ ਦੇ ਦਾਅਵੇ ਕਰਨ ਲੱਗਾ ਉਦੋਂ ਗੁਰਤਾ ਗੱਦੀ ਖਾਲਸੇ ਨੇ ਗ੍ਰੰਥ ਨੂੰ ਸੌਂਪੀ, ਗਿਆਨ ਗੁਰੂ ਨੂੰ ਵਾਪਸ ਸੌਂਪ ਦਿੱਤੀ ਜਿਸ ਵਿੱਚ ਦਸਮ ਬਾਣੀ ਤੇ ਆਦਿ ਬਾਣੀ ਇੱਕੋ ਜਿਲਦ ਵਿੱਚ ਸੀ। ਜੇ ਸ਼ੰਕਾ ਹੋਵੇ ਤਾਂ ਆਦਿ ਬਾਣੀ ਵਿੱਚੋਂ ਹੀ ਦੇਖੋ ਨਾਨਕ ਦਾ ਗੁਰੂ ਕੌਣ ਸੀ। ਅੱਜ ਦੇ ਆਦਿ ਬਾਣੀ ਦੇ ਸਰੂਪ ਵਿੱਚ ਕਈ ਬਦਲਾਵ ਹਨ। ਇੱਕ ਉਦਾਹਰਣ ਲਟਕਾਨ ਮਾਤਰਾ ਦਾ ਹੈ। ੫੦੦੦ ਤੋਂ ਜਿਆਦਾ ਛਾਪੇ ਦੀ ਗਲਤੀਆਂ ਹਨ। ਜਿਹਨਾਂ ਨੂੰ ਕਮੇਟੀ ਹਜੇ ਤਕ ਸੁਧਾਰ ਨਹੀਂ ਸਕੀ।

ਸਵਾਲਃ ਕਈ ‘ਦਸਮ ਗ੍ਰੰਥ’ ਦੇ ਹਮਾਇਤੀਆਂ ਨੂੰ ਜਦੋਂ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਜੇ ਕਹਿੰਦੇ ਹੋ ਕਿ ਸਾਰਾ ‘ਦਸਮ ਗ੍ਰੰਥ’ ਗੁਰੂ ਜੀ ਦੀ ਰਚਨਾ ਹੈ ਤਾਂ ਫਿਰ ਤੁਸੀਂ ਸੰਗਤ ਵਿੱਚ *‘ਤ੍ਰਿਯਾ ਚਰਿਤਰ’* ਦੀ ਕਥਾ ਕਰੋ ਤਾਂ ਉਹ ਕਹਿੰਦੇ ਹਨ ਕਿ ਇਸਦੀ ਕਥਾ ਸੰਗਤ ਵਿੱਚ ਨਹੀਂ ਹੋ ਸਕਦੀ। ਕੀ ਕੋਈ ਅਜਿਹਾ ਇਤਿਹਾਸਕ ਪ੍ਰਮਾਣ ਪੇਸ਼ ਕੀਤਾ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਤੇ ਕਿਹਾ ਹੋਵੇ ਕਿ ‘ਦਸਮ ਗ੍ਰੰਥ’ ਦੇ ‘ਤ੍ਰਿਯਾ ਚਰਿਤਰ’ ਵਾਲਾ ਭਾਗ ਸਿੱਖ ਬਾਕੀ ਪਰਿਵਾਰ ਤੋਂ ਚੋਰੀਂ ਪੜ੍ਹਿਆ ਕਰਨ?

ਜਵਾਬਃ ਗੁਰਬਾਣੀ ਦਾ ਵਿਸ਼ਾ ਹੈ ਬ੍ਰਹਮ ਗਿਆਨ। ਤਰਕ ਕਰਨ ਵਾਲਿਆਂ ਨੂੰ ਪੁੱਛੋ ਤੇ ਉਹਨਾਂ ਨੂੰ ਪਤਾ ਹੀ ਨਹੀਂ ਕੇ ਬ੍ਰਹਮ ਹੈ ਕੀ, ਬ੍ਰਹਮ ਅਤੇ ਪੂਰਨਬ੍ਰਹਮ ਵਿੱਚ ਫਰਕ ਕੀ ਹੈ ਤੇ ਪਾਰਬ੍ਰਹਮ ਕੀ ਹੈ। ਕੋਈ ਆਦਿ ਬਾਣੀ ਹੀ ਨਹੀਂ ਵਿਚਾਰਦਾ। ਪੜ੍ਹ ਰਹੇ ਨੇ ਬਸ ਮੰਤਰਾਂ ਵਾਂਗ। ਤੱਤ ਗਿਆਨ ਕੌਡੀ ਬਰਾਬਰ ਵੀ ਨਹੀਂ ਲਿਆ। ਹੁਣ ਜਿਸਨੇ ਗਿਆਨ ਲੈਣਾ ਉਹ ਤਾਂ ਸਾਰੀ ਬਾਣੀ ਨੂੰ ਪੜ੍ਹ ਲਵੇਗਾ। ਉਸਨੂੰ ਇਹ ਵੀ ਪਤਾ ਹੋਣਾ ਕੇ ਆਦਿ ਬਾਣੀ ਦਾ ਗਿਆਨ ਕਿਸ ਬਾਰੇ ਹੈ ਤੇ ਦਸਮ ਬਾਣੀ ਦਾ ਗਿਆਨ ਕਿਸ ਬਾਰੇ। ਸਾਡੇ ਅੰਦਰ ਹਜਾਰਾਂ ਵਿਕਾਰ ਹਨ। ਇਹਨਾਂ ਦੀ ਮਾਂ ਹੈ ਬੁੱਧ। ਜਦੋਂ ਆਦਿ ਬਾਣੀ ਰਾਹੀਂ ਬੁੱਧ ਵਿਕਾਰਾਂ ਬਾਰੇ ਜਾਣ ਲੈਂਦੀ ਹੈ ਉਸਨੂੰ ਵਿਕਾਰ ਕਾਬੂ ਕਰਨੇ ਆ ਜਾਂਦੇ ਹਨ। ਤ੍ਰੀਆ ਚਰਿਤਰ ਇਸਤ੍ਰੀ ਦੇ ਨਹੀਂ ਬੁੱਧ ਦੇ ਚਰਿਤਰਤ ਹਨ। ਬੁੱਧ ਕਿਵੇਂ ਕੰਮ ਕਰਦੀ, ਵਿਕਾਰ ਕਿਵੇਂ ਹਾਵੀ ਹੁੰਦੇ, ਕਾਮ ਤੇ ਕਾਮਨਾ ਕਿਵੇਂ ਹਾਵੀ ਹੁੰਦੀ ਇਹ ਸਬ ਤ੍ਰੀਯਾ ਚਰਿਤਰ ਵਿੱਚ ਉਸ ਸਮੇਂ ਦੀਆਂ ਪ੍ਰਚਲਿਤ ਕਹਾਣੀਆਂ ਤੋਂ ਉਦਾਹਰਣ ਲੈਕੇ ਸਮਝਾਇਆ ਗਿਆ ਹੈ। ਤੇ ਹਾਂ ਇਹ ਬਿਲਕੁਲ ਬੱਚਿਆਂ ਤੇ ਬੀਬੀਆਂ ਵਿੱਚ ਵਿਚਾਰਿਆ ਜਾ ਸਕਦਾ ਹੈ। ਸਮਝ ਉਦੋਂ ਲੱਗਣਾ ਜਦੋਂ ਆਦਿ ਬਾਣੀ, ਤੱਤ ਗਿਆਨ ਸਮਝ ਆ ਚੁੱਕਾ ਹੋਵੇ। ਐਵੇਂ ਤਾਂ ਆਦਿ ਬਾਣੀ ਦੀ ਕੀਤੀ ਕਥਾ ਬੱਚਿਆਂ ਨੂੰ ਛੱਡੋ ਵੱਡਿਆਂ ਨੂੰ ਸਮਝ ਨਹੀਂ ਲਗਦੀ। ਅੱਜ ਕਲ ਤਾਂ ਬੱਚਿਆਂ ਨੂੰ ਸਕੂਲ ਵਿੱਚ ਵੀ ਲਾਜ਼ਮੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਗ੍ਰੰਥ ਖਾਲਸੇ ਦੇ ਪੜ੍ਹਨ ਲਈ ਹੈ ਤਾਂ ਕੇ ਸਮਝ ਆ ਸਕੇ ਕਾਮ ਕਿਵੇਂ ਹਾਵੀ ਹੁੰਦਾ। ਕਾਮ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਤਬਾਹ ਕਰ ਦਿੱਤੇ। ਜਿਆਦਾ ਦੂਰ ਜਾਣ ਦੀ ਲੋੜ ਨਹੀਂ ਰੰਜੀਤ ਸਿੰਘ ਦੇ ਰਾਜ ਤੇ ਉਸਦੇ ਕਾਮ ਵਾਸ਼ਨਾ ਦੇ ਇਤਿਹਾਸ ਨੂੰ ਪੜ੍ਹ ਲੈਣਾ। ਜੇ ਉਸਨੇ ਦਸਮ ਗ੍ਰੰਥ ਪੜ੍ਹਿਆ ਹੁੰਦਾ ਤ੍ਰੀਆ ਚਰਿੱਤਰ ਵਿੱਚ ਨਾ ਫਸਦਾ ਤੇ ਰਾਜ ਨਾ ਗਵਾਉਂਦਾ।

ਸਵਾਲਃ ਕਈ ਵਿਅਕਤੀ ਇਹ ਵੀ ਕਹਿੰਦੇ ਹਨ ਕਿ ‘ਦਸਮ ਗ੍ਰੰਥ’ ਦੀਆਂ ਬਹੁਤ ਸਾਰੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਦੇ ਗ੍ਰੰਥਾਂ ਤੋਂ ਪੰਜਾਬੀ ਵਿੱਚ ਉਲੱਥਾ ਕਰਵਾਈਆਂ ਸਨ, ਤਾਂ ਕਿ ਸਿੱਖਾਂ ਨੂੰ ਹਿੰਦੂ ਮਿਥਿਹਾਸ ਬਾਰੇ ਜਾਣਕਾਰੀ ਮਿਲ ਸਕੇ। ਜੇ ਉਨ੍ਹਾਂ ਦਾ ਕਿਹਾ ਸਹੀ ਹੈ ਤਾਂ ਕੀ ਕਿਸੇ ਲੇਖਕ ਦੀ ਰਚਨਾ ਦਾ ਉਲੱਥਾ ਕਰਨ ਵਾਲਾ ਉਸਦਾ ਮੌਲਿਕ ਲੇਖਕ ਬਣ ਜਾਂਦਾ ਹੈ? ਕੀ ਕਿਸੇ ਦੀ ਰਚਨਾ ਦਾ ਉਲੱਥਾ ਕਰਕੇ ਅਸਲ ਲਿਖਾਰੀ ਤੇ ਅਸਲ ਗ੍ਰੰਥ ਦਾ ਨਾਮ ਨਾ ਲਿਖ ਕੇ ਆਪਣਾ ਨਾਮ ਲਿਖ ਲੈਣਾ ਇਖਲਾਕੀ ਤੇ ਕਨੂੰਨੀ ਬੇਈਮਾਨੀ ਨਹੀਂ?

ਜਵਾਬਃ ਇਹ ਬੜਾ ਹੀ ਸਹੀ ਸਵਾਲ ਹੈ। ਕਾਪਰਾਈਟ ਸਿਸਟਮ ਤੇ ਕਾਨੂਨ ਜਿਹਨਾਂ ਨੇ ਪੜ੍ਹਿਆ ਉਹਨਾਂ ਦਾ ਇਹ ਸਵਾਲ ਵਾਜਿਬ ਹੈ। ੳਲਖੇ ਬਾਰੇ ਗਲ ਕ੍ਰਰਾਂਗੇ ਪਰ ਪਹਿਲਾਂ ਸਮਝਣ ਵਾਲੀ ਗੱਲ ਹੈ ਕੇ ਰਾਮ ਕਥਾ ਵੀ ੨੦੦ ਤਰੀਕੇ ਨਾਲ ਲਿਖੀ ਗਈ ਹੈ। ਹਜਾਰਾਂ ਤਰੀਕੇ ਨਾਲ ਦੂਜੇ ਧਰਮਾ ਵਿੱਚ ਵੀ ਵਾਰਾਂ ਮਿਲਦੀਆਂ ਹਨ। ਇੱਕ ਵਿੱਚ ਤਾਂ ਸੀਤਾ ਰਾਮ ਦੀ ਧੀ ਵੀ ਦੱਸੀ ਜਾਂਦੀ ਹੈ। ਜਦੋਂ ਸਿੱਖ ਵੀ ਆਦਿ ਬਾਣੀ ਵਿੱਚ ਆਏ ਰਾਮ ਤੇ ਹਰਿ ਨੂੰ ਪੜਦੇ ਹਨ ਤਾਂ ਭੁਲੇਖਾ ਲਗਦਾ ਹੈ ਕੇ ਸਨਾਤਨ ਮਤਿ ਵਾਲੇ ਰਾਮ ਤੇ ਕ੍ਰਿਸ਼ਨ ਦੀ ਗਲ ਹੁੰਦੀ ਹੈ। ਗੁਰਮਤਿ ਵਾਲਾ ਰਾਮ ਤੇ ਹਰਿ ਜੇ ਸਮਝਣਾ ਹੋਵੇ ਤਾ ਇਹ ਲੇਖ ਪਹਿਲਾਂ ਪੜ੍ਹੋ

ਗੁਰਮਤਿ ਵਿੱਚ ਰਾਮ”, “ਹਰਿ”, “ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?

ਜਦੋਂ ਨੌਵੇਂ ਪਾਤਿਸ਼ਾਹ ਦੀ ਸ਼ਹੀਦੀ ਹੋਈ ਤਾਂ ਕਸ਼ਮੀਰੀ ਪੰਡਤਾਂ ਦਾ ਜੱਥੇਦਾਰ ਤੇ ਉਹਨਾ ਦਾ ਬੇਟਾ ਦਸਮ ਪਾਤਿਸ਼ਾਹ ਨਾਲ ਉਹਨਾਂ ਦੀ ਸੇਵਾ ਲਈ ਰੁੱਕ ਗਏ ਅਤੇ ਚਮਕੌਰ ਦੀ ਗੜ੍ਹੀ ਵਿਛ ਸ਼ਹੀਦੀ ਦੇਣ ਵਾਲੇ ੪੦ ਸਿੰਘਾਂ ਵਿੱਚੋੰ ਹੀ ਉਹ ਵੀ ਸਨ। ਉਹਨਾਂ ਨੇ ਇਹ ਸਵਾਲ ਦਸਮ ਪਾਤਿਸ਼ਾਹ ਨੂੰ ਕੀਤੇ ਸੀ ਤੇ ਕਹਿਆ ਸੀ ਕੇ ਆਦਿ ਬਾਣੀ ਤੋਂ ਰਾਮ ਅਤੇ ਕ੍ਰਿਸ਼ਨ ਦੇ ਭੁਲੇਖੇ ਲਗਦੇ ਹਨ। ਮਹਾਰਾਜ ਨੇ ਦਸਮ ਬਾਣੀ ਵਿੱਚ ਰਾਮ ਕਥਾ, ਰਾਮਾ ਅਵਤਾਰ, ਹਨੇਮਾਨ ਕਥਾ, ਕ੍ਰੀਸਨਾਵਤਾਰ ਗੁਰਮਤਿ ਦੀ ਦ੍ਰਿਸ਼ਟੀ ਨਾਲ ਸਮਝਾਏ ਹਨ। ਇਹਨਾਂ ਨੂੰ ਧਿਆਨ ਨਾਲ ਪੜ੍ਹ ਕੇ ਵਿਚਾਰੋ ਤੇ ਪਤਾ ਲੱਗੂ ਇਹ ਹੂਬਹੂ ਆਦਿ ਬਾਣੀ ਨਾਲ ਮੇਲ ਖਾਂਦੇ ਹਨ। ਸਾਡੇ ਸਿੱਖਾਂ ਅੱਜ ਇਹ ਨਹੀਂ ਪਤਾ ਲਗਦਾ ਕੇ ਆਦਿ ਬਾਣੀ ਵਿੱਚ ਕਿੱਥੇ ਸਵਾਲ ਹਨ ਕਿੱਥੇ ਜਵਾਬ, ਉਹਨਾਂ ਨੂੰ ਸਮਝਣ ਲਈ ਤੱਤ ਗਿਆਨ ਦੀ ਲੋੜ ਹੈ। ਕਾਨੂਨੀ ਬੇਈਮਾਨੀ ਉਦੋਂ ਹੁੰਦੀ ਹੈ ਜਦੋ ਕੋਈ ਕਨੂਨ ਤੋੜਿਆ ਗਿਆ ਹੋਵੇ, ਜੇ ਇਸ ਲਿਹਾਜ਼ ਨਾਲ ਵੇਖੀਏ ਤਾਂ ਸਾਰੇ ਹੀ ਭਗਤਾਂ ਨੇ ਗੁਰੂਆਂ ਨੇ ਕਨੂਨ ਤੋੜਿਆ ਹੈ। ਜੇ ਦਸਮ ਪਾਤਿਸ਼ਾਹ ਨੇ ਕੋਈ ਰੈਫਰੈਂਸ ਕਿਸੇ ਦੂਜੇ ਗ੍ਰੰਥ ਜਾਂ ਰਚਨਾ ਦਾ ਲਿਆ ਵੀ ਹੈ ਤਾਂ ਇਸ ਲਿਹਾਜ਼ ਕਲ ਨੂੰ ਕਬੀਰ ਪੰਥੀ ਆ ਕੇ ਪੁੱਛਣਗੇ ਦੱਸੋ ਤੁਹਾਡੇ ਗੁਰੂ ਨੇ ਕਬੀਰ ਜੀ ਦੀ ਬਾਣੀ ਲਿਖਣ ਲਈ ਕਿਸ ਤੋਂ ਇਜਾਜ਼ਤ ਲਈ ਸੀ। ਜਿਹੜੇ ਆਖਦੇ ਹਨ ਕੇ ਦਸਮ ਬਾਣੀ ਵਿੱਚ ਹੂ ਬ ਹੂ ਉਤਾਰਾ ਹੈ ਕਿਸੇ ਦੂਜੇ ਗ੍ਰੰਥ ਦਾ ਤਾਂ ਪਹਿਲਾਂ ਸਿੱਧ ਕਰਨ ਕੇ ਉਹ ਅਸਲ ਤੇ ਪਹਿਲੀ ਰਚਨਾ ਹੈ ਜਿਸ ਤੋਂ ਉਤਾਰਾ ਹੋਇਆ। ਸਾਨੂੰ ਕਿਵੇਂ ਪਤਾ ਕੇ ਉਹਨਾਂ ਆਪਣੀ ਰਚਨਾ ਵਿੱਚ ਗ੍ਰੰਥ ਹੂ ਬ ਹੂ ਦਸਮ ਦੀ ਨਕਲ ਕਰਕੇ ਕਿਸੇ ਹੋਰ ਨੇ ਬਾਦ ਵਿੱਚ ਨਹੀਂ ਲਿਖਿਆ? ਕੇਵਲ ਦਸਮ ਨੂੰ ਭੰਡਣ ਲਈ ਕਿਸੇ ਦੂਜੇ ਦੀ ਰਚਨਾ ਨੂੰ ਸੱਚ ਮੰਨ ਲਿਆ ਤੇ ਦਸਮ ਪਿਤਾ ਦੀ ਬਾਣੀ ਤੇ ਇਲਜ਼ਾਮ ਬਿਨਾਂ ਸੋਚੇ ਸਮਝੇ ਵਿਚਾਰਨ ਤੋਂ ਬਿਨਾਂ ਲਾਈ ਜਾਂਦੇ।

ਸਵਾਲਃ ਜੇ ‘ਦਸਮ ਗ੍ਰੰਥ’ ਦੀਆਂ ਸਾਰੀਆਂ ਰਚਨਾਵਾਂ ਗੁਰੂ ਜੀ ਦੀਆਂ ਹਨ ਤਾਂ ਫਿਰ ਉਹ ਕਿਹੜੇ ਕਾਰਨ ਸਨ ਕਿ *ਗੁਰੂ ਜੀ ਨੇ ਮਿਥਿਹਾਸਕ ਦੇਵੀ-ਦੇਵਤਿਆਂ, ਅਵਤਾਰਾਂ, ਦੈਤਾਂ, ਦੁਸ਼ਟਾਂ, ਵਿਭਚਾਰੀ ਔਰਤਾਂ ਆਦਿ ਦੇ ਜੀਵਨ ਬਿਰਤਾਂਤ ਤਾਂ ਸੈਂਕੜੇ ਸਫਿਆਂ ਤੇ ਲਿਖ ਦਿੱਤੇ*, ਪਰ ਆਪਣੇ ਜਾਨ ਤੋਂ ਪਿਆਰੇ ਸਿੰਘਾਂ (ਜੋ ਕਿ ਗੁਰੂ ਦੇ ਇੱਕ ਹੁਕਮ ਤੋਂ ਜਾਨ ਵਾਰਨ ਲਈ ਤਿਆਰ ਸਨ) `ਚੋਂ ਕਿਸੇ ਇੱਕ ਬਾਰੇ ਵੀ ਇੱਕ ਸਤਰ ਤੱਕ ਨਹੀਂ ਲਿਖੀ।

ਜਵਾਬਃ ਸਵਾਲ ਵਾਜ਼ਿਬ ਹੈ ਪਰ ਕਰਨ ਦੀ ਮਨਸ਼ਾ ਗਲਤ ਹੈ। ਨਾਸਮਝੀ ਵਿੱਚ ਇਹ ਸਵਾਲ ਬਿਨਾਂ ਵਿਚਾਰੇ, ਬਿਨਾ ਗੁਰਮਤਿ ਸਮਝੇ, ਆਦਿ ਬਾਣੀ ਤੇ ਬਿਨਾਂ ਦਸਮ ਬਾਣੀ ਪੜ੍ਹੇ ਕੀਤੇ ਜਾ ਰਹੇ ਨੇ। ਦਸਮ ਬਾਣੀ ਵਿੱਚ ਪੰਕਤੀਆਂ ਹਨ “ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥੧੫॥ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥ ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥੧੬॥” ਸੋ ਦਸਮ ਬਾਣੀ ਵਿੱਚ ਸ਼ਹਾਦਤ ਦਾ ਵਰਣਨ ਤਾਂ ਹੋਇਆ ਹੈ। ਦਸਮ ਪਾਤਿਸ਼ਾਹ ਨੂੰ ਆਪਣੇ ਹਰੇਕ ਸਿੱਖ ਦੀ ਸ਼ਹਾਦਤ ਦਾ ਮਾਣ ਸੀ। ਗੁਰਮਤਿ ਆਦਿ ਗ੍ਰੰਥ ਵਿੱਚ ਸਰੀਰਕ ਮਰਨ ਨੂੰ ਮਰਨ ਨਹੀਂ ਮੰਨਦੀ, ਵੇਖੋ “ਸ਼ਹੀਦੀ ਦਿਹਾੜੇ” ਅਤੇ “Death ਮਰਨਾ ਕੀ ਹੈ”। ਦਸਮ ਬਾਣੀ ਦਾ ਮੂਲ ਉਪਦੇਸ਼ ਸਮਝ ਆ ਜਾਵੇ ਤਾਂ ਇਹ ਸਮਝ ਲਗ ਜਾਂਦੀ ਹੈ ਕੇ ਬ੍ਰਹਮ ਗਿਆਨ ਦਾ ਮੂਲ ਉਪਦੇਸ਼ ਕੀ ਹੈ। ਸਾਰੇ ਹੀ ਜੀਵ ਅਕਾਲ ਵਿੱਚੋਂ ਉਪਜ ਕੇ ਸਮਾਂ ਪੂਰਾ ਕਰਕੇ ਅਕਾਲ ਵਿੱਚ ਹੀ ਸਮਾ ਜਾਂਦੇ ਹਨ ਇਹ ਗਲ ਦਸਮ ਬਾਣੀ ਅਤੇ ਆਦਿ ਬਾਣੀ ਦੋਹਾਂ ਵਿੱਚ ਸਮਾਨ ਲਿਖੀ ਹੈ। ਪ੍ਰਮਾਣ

ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈਂ ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿਂਗੇ॥ ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੁਇ ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿਂਗੇ॥

ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ॥ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ॥੬੦॥

ਹਰਿ ਕਾ ਸੇਵਕੁ ਸੋ ਹਰਿ ਜੇਹਾ॥ ਭੇਦੁ ਨ ਜਾਣਹੁ ਮਾਣਸ ਦੇਹਾ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ॥੮॥(ਮ ੫, ਰਾਗੁ ਮਾਰੂ, ੧੦੭੬) – ਬਹੁ ਭਾਤੀ ਉਠਣ ਵਾਲੀ ਤਰੰਗ ਜੀਵ ਦਾ ਅਲੰਕਾਰ ਹੈ ਤੇ ਜਲ ਪਰਮੇਸਰ ਦਾ।

ਜਿਹੜੇ ਆਖਦੇ ਹਨ ਕੇ ਸ਼ਹੀਦੀਆਂ ਦਾ ਜ਼ਿਕਰ ਨਹੀਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕੇ ਇਹ ਗੁਰਮਤਿ ਦਾ ਮੁੱਦਾ ਤੇ ਬ੍ਰਹਮ ਗਿਆਨ ਦਾ ਮੁੱਦਾ ਨਹੀਂ ਹੈ। ਸ਼ਹੀਦੀ ਦਾ ਜ਼ਿਕਰ ਤਾਂ ਆਦਿ ਬਾਣੀ ਵਿੱਚ ਵੀ ਨਹੀਂ ਹੈ, ਜੋ ਸਿੰਘਾਂ ਨੇ ਛੇਵੇਂ ਪਾਤਿਸ਼ਾਹ ਨਾਲ ਖੜ੍ਹ ਕੇ ਲੜੀਆਂ, ਜਿਹਨਾਂ ਵਿੱਚ ਨੌਵੇਂ ਪਾਤਿਸ਼ਾਹ ਵੀ ਸ਼ਾਮਿਲ ਸਨ ਤੇ ਨਾਮ ਤੇਗ ਬਹਾਦਰ ਪਿਆ, ਜੰਗਾਂ ਦੇ ਵਿੱਚ ਜਿਹਨਾਂ ਦੀ ਸ਼ਹੀਦੀ ਹੋਈ ਉਹਨਾਂ ਦੇ ਨਾਮ ਆਦਿ ਬਾਣੀ ਵਿੱਚ ਦਰਜ ਨਹੀਂ ਕੀਤੇ ਗਏ ਫੇਰ ਵੀ ਸਿੰਘ ਦਸਮ ਪਾਤਿਸ਼ਾਹ ਲਈ ਸਿਰ ਵਾਰਦੇ ਰਹੇ, ਸਿੱਖੀ ਲਈ ਸ਼ਹਾਦਤਾਂ ਦਿੰਦੇ ਰਹੇ। ਸਿੱਖੀ ਵਿੱਚ ਸ਼ਹੀਦੀ ਦੀ ਕਦਰ ਜਾਂ ਨਾਮ ਲਈ ਜਾਂ ਧਨ, ਦੌਲਤ ਲਈ ਸਰਬੰਸ ਨਹੀਂ ਵਾਰੇ ਜਾਂਦੇ। ਤੱਤ ਗਿਆਨ, ਬ੍ਰਹਮ ਗਿਆਨ ਤੇ ਗੁਰਮਤਿ ਵਿਚਾਰਧਾਰਾ ਦੀ ਰਾਖੀ ਲਈ ਵਾਰੇ ਜਾਂਦੇ ਹਨ। ਇਹ ਸਵਾਲ ਤਾਂ ਅਸੀਂ ਵੀ ਪੁੱਛ ਸਕਦੇ ਹਾਂ ਕੇ ਜਿਹਨਾਂ ਨੇ ਸਰਬੰਸ ਵਾਰਿਆ ਅੱਜ ਤੁਸੀਂ ਉਹਨਾਂ ਦੀ ਲਿਖਤ ਨੂੰ ਬਿਨਾਂ ਵਿਚਾਰੇ ਰੱਦ ਕਰ ਰਹੇ ਹੋਂ ਇਹ ਬੇਈਮਾਨੀ ਨਹੀਂ? ਕਿਸ ਨੇ ਹੱਕ ਦਿੱਤਾ ਤੁਹਾਨੂੰ ਕੇ ਬਿਨਾਂ ਵਿਚਾਰ ਦੇ ਇਲਜ਼ਾਮ ਲਾਈ ਜਾਂਦੇ? ਕੀ ਤੁਸੀਂ ਆਦਿ ਬਾਣੀ ਦੀ ਵਿਚਾਰ ਪੂਰੀ ਕਰ ਲਈ, ਦਸਮ ਬਾਣੀ ਨਾਲ ਤੁਲਨਾ ਕਰਨ ਲਈ ਪਹਿਲਾਂ ਆਦਿ ਬਾਣੀ ਦਾ ਸਾਰਾ ਉਪਦੇਸ਼ ਸਮਝ ਲਿਆ?

ਸਵਾਲਃ ਦਸਮ ਗ੍ਰੰਥ’ ਵਿੱਚ ਹਿੰਦੂ ਮਿਥਿਹਾਸ ਨਾਲ ਸਬੰਧਤ ਹਜ਼ਾਰਾਂ ਕਥਾ ਕਹਾਣੀਆਂ ਦਾ ਜ਼ਿਕਰ ਮਿਲਦਾ ਹੈ, ਫਿਰ ਅਜਿਹੇ ਕਿਹੜੇ ਕਾਰਨ ਸਨ ਕਿ *ਗੁਰੂ ਜੀ ਨੇ ਆਪਣੇ ਜੀਵਨ ਦੀ ਹੀ ਨਹੀਂ, ਸਾਰੇ ਗੁਰ ਇਤਿਹਾਸ ਦੀ ਉਸ ਮਹਾਨ ਘਟਨਾ ਦਾ ਕਿਤੇ ਨਾ ਵੀ ਨਹੀਂ ਲਿਆ, ਜਦੋਂ ਉਨ੍ਹਾਂ ਨੇ ਆਪਣੇ ਖਾਸ ਰੂਪ ਖਾਲਸੇ ਦੀ 1699 ਵਿੱਚ ਸਾਜਨਾ ਕੀਤੀ ਸੀ? ਦਸਮ ਗ੍ਰੰਥ’ ਦੇ ਹਮਾਇਤੀ ਅਕਸਰ ਅਜਿਹਾ ਪ੍ਰਚਾਰ ਕਰਦੇ ਹਨ ਕਿ ਜੇ ‘ਦਸਮ ਗ੍ਰੰਥ’ ਰੱਦ ਹੋ ਗਿਆ ਤਾਂ *‘ਅੰਮ੍ਰਿਤ ਸੰਸਕਾਰ’* ਦਾ ਕੀ ਬਣੇਗਾ?ਪਰ ਉਹ ਇਹ ਨਹੀਂ ਦੱਸਦੇ ਕਿ ‘ਦਸਮ ਗ੍ਰੰਥ’ ਦਾ ਉਹ ਕਿਹੜਾ ਪੰਨਾ ਹੈ, *ਜਿਸ ਉਪਰ ਅੰਮ੍ਰਿਤ (ਖੰਡੇ ਦੀ ਪਾਹੁਲ) ਛਕਾਉਣ ਦੀ ਮਰਿਯਾਦਾ ਲਿਖੀ ਹੋਈ ਹੈ, ਜੋ ‘ਦਸਮ ਗ੍ਰੰਥ’ ਦੀ ਖੰਡਨਾ ਨਾਲ ਭੰਗ ਹੋ ਜਾਵੇਗੀ? ਅੱਜ ਦੀ ਪ੍ਰਚਲਤ ਮਰਿਯਾਦਾ ਅਨੁਸਾਰ *‘ਖੰਡੇ ਦੀ ਪਾਹੁਲ’* ਛਕਣ ਨਾਲ ਵਿਅਕਤੀ ਸਿੱਖ ਧਰਮ ਵਿੱਚ ਪ੍ਰਵੇਸ਼ ਕਰਦਾ ਹੈ, ਫਿਰ ਕੀ ਕਾਰਨ ਸੀ ਕਿ ਜਿਸ ਮਰਿਯਾਦਾ ਨਾਲ ਕਿਸੇ ਵਿਅਕਤੀ ਨੂੰ ਸਿੱਖ ਬਣਾਇਆ ਜਾਣਾ ਸੀ, *ਉਸ ਬਾਰੇ ਤਾਂ ‘ਦਸਮ ਗ੍ਰੰਥ’ ਵਿੱਚ ਇੱਕ ਅੱਖਰ ਵੀ ਲਿਖਿਆ ਨਹੀਂ ਮਿਲਦਾ ਪਰ ਵਿਭਚਾਰੀ ਔਰਤਾਂ ਦੇ ਕੁਕਰਮਾਂ ਦੇ ਕਿੱਸਿਆਂ ਨਾਲ 500 ਤੋਂ ਵੱਧ ਸਫੇ ਭਰੇ ਪਏ ਹਨ?

ਜਵਾਬਃ ਇਹ ਸਵਾਲ ਉਹੀ ਪੁੱਛ ਸਕਦਾ ਜਿਸਨੇ ਆਦਿ ਬਾਣੀ ਵੀ ਕਦੇ ਨਹੀਂ ਵਿਚਾਰੀ। ਜਿਸ ਨੂੰ ਅੰਮ੍ਰਿਤ ਅਤੇ ਖੰਡੇ ਦੀ ਪਹੁਲ ਦਾ ਫਰਕ ਹੀ ਨਹੀਂ ਪਤਾ। ਵੇਖੋ “ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)”। ਗੁਰਮਤਿ ਦਾ ਮੁੱਦਾ ਇਤਿਹਾਸ ਨਹੀਂ ਹੈ। “ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥ਨਾਨਕ ਗੁਰਮਤਿ ਸਾਚਿ ਸਮਾਵਹੁ॥”। ਗੁਰਮਤਿ ਬ੍ਰਹਮ ਦਾ ਗਿਆਨ ਹੈ ਜਿਸਨੂੰ ਆਦਿ ਬਾਣੀ ਅਤੇ ਦਸਮ ਬਾਣੀ ਨੇ ਸਮਝਾਇਆ ਹੈ। ਜਿਤਨਾਂ ਇਤਿਹਾਸ ਚਾਹੀਦਾ ਸੀ ਉਤਨਾ ਹੀ ਦੋਹਾਂ ਗ੍ਰੰਥਾਂ ਵਿੱਚ ਹੈ। ਆਦਿ ਗ੍ਰੰਥ ਵਿੱਚ ਵੀ ਭਗਤਾਂ, ਗੁਰੂਆਂ ਅਤੇ ਛੇਵੇਂ ਪਾਤਿਸ਼ਾਹ ਦੀਆਂ ਜੰਗਾਂ ਦਾ ਵਰਣਨ ਨਹੀਂ ਮਿਲਦਾ, ਨਾ ਹੀ ਛੇਵੇਂ ਪਾਤਿਸ਼ਾਹ, ਸੱਤਵੇਂ ਤੇ ਅੱਠਵੇਂ ਪਾਤਿਸ਼ਾਹ ਦਾ ਤੇ ਸਿੰਘਾਂ ਦਾ ਇਤਿਹਾਸ ਮਿਲਦਾ। ਮਰਿਯਾਦਾ ਲਫਜ਼ ਤਾਂ ਆਦਿ ਬਾਣੀ ਵਿੱਚ ਵੀ ਨਹੀਂ ਆਉਂਦਾ ਤੇ ਮਰਿਆਦਾ ਫੌਜ ਦੀ ਹੁੰਦੀ ਹੈ ਖਾਲਸੇ ਦੀ ਰਹਿਤ ਦੀ ਹੁੰਦੀ ਹੈ। ਜੇ ਆਦਿ ਬਾਣੀ ਅਤੇ ਦਸਮ ਬਾਣੀ ਵਿਚਾਰੀਏ ਤਾਂ ਪਤਾ ਲਗਦਾ ਹੈ ਕੇ ਸਿੱਖ, ਗੁਰਸਿੱਖ, ਗੁਰਮੁੱਖ, ਦਾਸ, ਭਗਤ, ਗੁਰ, ਗੁਰੁ, ਗੁਰੂ, ਬ੍ਰਹਮ, ਪੂਰਨਬ੍ਰਹਮ, ਪਾਰਬ੍ਰਹਮ, ਹੁਕਮ, ਰਹਿਤ, ਭਾਣਾ, ਕਾਲ ਅਤੇ ਅਕਾਲ ਦਾ ਕੀ ਅਰਥ ਹੁੰਦਾ ਅਤੇ ਕੀ ਫਰਕ ਹਨ। ਜਦੋਂ ਇਹ ਹੀ ਨਾ ਪਤਾ ਹੋਵੇ ਕੇ ਖਾਲਸਾ ਕੌਣ ਹੈ ਤੇ ਖਾਲਸਾ ਫੌਜ ਕੌਣ, ਦੋਹਾਂ ਵਿੱਚ ਕੀ ਭੇਦ ਹੈ ਤਾ ਬਿਨਾਂ ਗਿਆਨ ਦੇ ਇਹੋ ਜਿਹੇ ਸਵਾਲ ਅਗਿਆਨੀਆਂ ਨੇ ਹੀ ਕਰਨੇ ਹਨ। ਸਿੱਖ ਜਾਂ ਖਾਲਸਾ ਬਣਨ ਲਈ ਖੰਡੇ ਦੀ ਪਹੁਲ ਨਹੀਂ ਹੈ। ਇਹ ਗੋਰਿਆਂ ਦਾ ਬੈਪਟਿਸਮ ਵਰਗਾ ਤਰੀਕਾ ਗੋਰਿਆਂ ਦਾ ਲਿਆਂਦਾ ਹੋਇਆ ਹੈ ਮੀਣਿਆਂ ਤੇ ਮਹੰਤਾਂ ਨਾਲ ਰਲ ਕੇ। ਖਾਲਸਾ ਨਾ ਸਾਜਿਆ ਜਾਂਦਾ ਨਾ ਬਣਾਇਆ ਜਾਂਦਾ। ਖਾਲਸ ਅਵਸਥਾ ਗਿਆਨ ਨਾਲ ਪਰਗਟ ਹੁੰਦੀ ਹੈ। ਖਾਲਸਾ ਬਣਨ ਦਾ ਤਰੀਕਾ ਤਾ ਭਗਤ ਕਬੀਰ ਜੀ ਨੇ ਹੀ ਪਹਿਲਾਂ ਦੱਸਿਆ “ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥(ਭਗਤ ਕਬੀਰ ਪਾਤਿਸ਼ਾਹ ਜੀ ਮਹਾਰਾਜ, ਰਾਗੁ ਸੋਰਠਿ, ੬੫੫)” ਤੇ ਇਹ ਗਲ ਹੋਰ ਵਿਸਥਾਰ ਨਾਲ ਦਸਮ ਬਾਣੀ ਵਿੱਚ ਹੀ ਸਮਝਾਈ ਹੈ “ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੈ॥ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਰਹੀ ਮਠ ਭੂਲ ਨ ਮਾਨੈ॥ ਤੀਰਥ ਦਾਨ ਦਇਆ ਤਪ ਸੰਜਮ ਏਕੁ ਬਿਨਾ ਨਹਿ ਏਕ ਪਛਾਨੈ॥ ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ॥੧॥” – ਜਦੋਂ ਗਿਆਨ ਦੁਆਰਾ ਜਾਗਤ ਜੋਤ ਜਪੈ (ਪਛਾਣੀ ਜਾਵੇ), ਪੂਰਨ ਜੋਤ ਗਿਆਨ ਦੀ ਘਟ (ਹਿਰਦੇ) ਵਿੱਚ ਜਗ ਜਾਵੇ ਤਾਂ ਖਾਲਸਾ ਸਜਦਾ। ਜੋ ਖੰਡੇ ਦੀ ਪਾਹੁਲ ਹੈ ਇਹ ਕੇਵਲ ਗਿਆਨ ਗੁਰੂ, ਆਦਿ ਦੀ ਪੋਥੀ, ਦਸਮ ਗ੍ਰੰਥ ਦੀ ਰਾਖੀ ਦਾ ਗੁਰਮਤਿ ਵਿਚਾਰਧਾਰਾ ਦੀ ਰਾਖੀ ਦਾ ਪ੍ਰਣ ਹੈ। ਜਿਵੇਂ ਕਿਸੇ ਦੇਸ਼ ਦੀ ਫੌਜ ਦੀ ਭਰਤੀ ਹੁੰਦੀ ਹੈ ਬਸ ਉੱਦਾਂ ਹੀ। ਇਸ ਤੋਂ ਅੱਗੇ ਤਾਂ ਗਿਆਨ ਲੈਣ ਦਾ ਸਫਰ ਸ਼ੁਰੂ ਹੁੰਦਾ। ਤੇ ਜਦੋਂ ਗਿਆਨ ਹੋਣ ਲਗਦਾ ਹੈ ਤਾਂ ਸਮਝ ਆਉਂਦਾ ਹੈ ਕੇ ਸੁਚੱਜੀ, ਕੁਚੱਜੀ, ਗੁਣਵੰਤੀ ਜੋ ਆਦਿ ਬਾਣੀ ਵਿੱਚ ਦੱਸੀਆਂ ਹਨ ਇਹ ਮਨੁੱਖ ਦੀ ਬੁੱਧ ਦਾ ਵਰਣਨ ਹੈ। ਸਾਡੀ ਬੁੱਧ ਕਾਮ, ਕਾਮਨਾ ਵਿੱਚ ਇਤਨੀ ਡੂੰਗੀ ਫਸੀ ਹੁੰਦੀ ਹੈ ਕੇ ਬ੍ਰਹਮ ਗਿਆਨ ਦੇ ਮਾਰਗ ਤੋਂ ਵੱਡੇ ਵੱਡੇ ਮੁਨਿ ਦੇਵਤੇ ਡੋਲ ਗਏ। ਇਸ ਲਈ ਤ੍ਰੀਆ ਚਰਿੱਤਰ ਰਾਹੀਂ ਬੁੱਧ ਦੀ ਕਾਮ ਅਵਸਥਾ ਤੇ ਬਚਾਵ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਿਨਾਂ ਆਦਿ ਬਾਣੀ ਦੇ ਗਿਆਨ ਤੋਂ ਦਸਮ ਬਾਣੀ ਪੜ੍ਹਨ ਵਾਲੇ ਨੂੰ ਇਹ ਇਸਤ੍ਰੀ ਦੇ ਚਰਿਤ੍ਰ ਨਜ਼ਰ ਆਉਂਦੇ ਹਨ। ਇਹ ਬਾਣੀ ਖਾਲਸੇ ਫੌਜ ਲਈ ਹੈ।

ਸਵਾਲਃ ’ਦਸਮ ਗ੍ਰੰਥ’ ਦੇ ਹਮਾਇਤੀ ਇਹ ਵੀ ਪ੍ਰਚਾਰ ਕਰਦੇ ਹਨ ਕਿ ਗੁਰੂ ਜੀ ਨੇ ਸਿੱਖ ਨੂੰ *ਸੰਤ-ਸਿਪਾਹੀ* ਬਣਾਇਆ ਸੀ, ਇਸ ਲਈ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ‘ਸੰਤ’ ਬਣਾਉਂਦਾ ਹੈ ਤੇ ‘ਦਸਮ ਗ੍ਰੰਥ’ ਮਨੁੱਖ ਨੂੰ ‘ਸਿਪਾਹੀ’ ਬਣਾਉਂਦਾ ਹੈ। ਜਿਹੜੇ ਯੋਧੇ ਦੳਮ ਪਾਤਿਸ਼ਾਹ ਤੋਂ ਪਹਿਲਾਂ ਸਿੱਖਾਂ ਵਿੱਚ ਹੋਏ ਨੇ ਕਿਹੜੇ ‘ਦਸਮ ਗ੍ਰੰਥ’ ਨੂੰ ਪੜ੍ਹ ਕੇ ਸਿਪਾਹੀ ਬਣੇ ਸਨ?

ਜਵਾਬਃ ਬਹੁਤ ਹੀ ਵਾਜਿਬ ਸਵਾਲ ਹੈ ਇਹ ਤੇ ਜਿਸਨੇ ਵੀ ਇਹ ਕਹਿਆ ਹੈ ਕੇ “ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ‘ਸੰਤ’ ਬਣਾਉਂਦਾ ਹੈ ਤੇ ‘ਦਸਮ ਗ੍ਰੰਥ’ ਮਨੁੱਖ ਨੂੰ ‘ਸਿਪਾਹੀ’ ਬਣਾਉਂਦਾ ਹੈ, ਬਿਲਕੁਲ ਗਲਤ ਕਹਿਆ ਹੈ। ਅਗਿਆਨਤਾ ਵੱਸ ਕਹਿਆ ਹੈ। ਜਦੋਂ ਤੋਂ ਸ੍ਰਿਸਟੀ ਦੀ ਰਚਨਾ ਹੋਈ ਹੈ ਉਦੋਂ ਤੋਂ ਹੀ ਸੂਰ ਬੀਰ ਬਹਾਦਰ ਯੋਧੇ ਸ੍ਰਿਸਟੀ ਵਿੱਚ ਹੋਏ ਹਨ, ਉਹ ਨਹੀਂ ਜਿਹਨਾਂ ਜੰਗ ਰਾਜ, ਜ਼ਮੀਨ, ਧਨ, ਇਸਤ੍ਰੀ ਲਈ ਲੜ੍ਹੇ। ਉਹ ਸੂਰਬੀਰ ਬਹਾਦਰ ਯੋਧੇ ਜਿਹਨਾਂ ਸੱਚ ਲਈ ਜੰਗ ਕੀਤੀ, ਦੁਰਾਚਾਰਦੇ ਵਿਰੋਧ ਵਿੱਚ ਜੰਗ ਕੀਤੀ ਪ੍ਰਮਾਣ “ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥”। ਅਸੀਂ ਇੱਕ ਪ੍ਰਹਲਾਦ ਦੀ ਗਲ ਕਰਦੇ ਹਾਂ ਜਿਸਨੇ ਦੁਰਾਚਾਰ ਨਾ ਜੰਗ ਕੀਤੀ ਗੁਰਬਾਣੀ ਅਨੇਕਾਂ ਦੀ ਗਲ ਕਰਦੀ “ਪ੍ਰਹਲਾਦ ਉਧਾਰੇ ਅਨਿਕ ਬਾਰ॥”। ਝੂਟੀ ਸਾਖੀ ਖੰਬੇ ਚੋਂ ਹਰਣਾਖਸ ਦੇ ਪ੍ਰਗਟ ਹੋਣ ਦੀ ਗਲ ਕਰਦੀ ਪਰ ਗੁਰਮਤਿ ਤਾਂ ਹਰਣਾਖਸ ਦੁਰਮਤਿ ਨੂੰ ਮੰਨਦੀ ਹੈ “ਦੁਰਮਤਿ ਹਰਣਾਖਸੁ ਦੁਰਾਚਾਰੀ॥ ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ॥ ਪ੍ਰਹਲਾਦ ਉਧਾਰੇ ਕਿਰਪਾ ਧਾਰੀ॥(ਮ ੧, ਰਾਗੁ ਗਉੜੀ, ੨੨੪)”। ਮਨੁੱਖ ਦੀ ਪਹਿਲੀ ਜੰਗ ਅੰਦਰਲੀ ਹੈ, ਮਨ ਤੇ ਜਿੱਤ ਹਾਸਲ ਕਰਨ ਲਈ “ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥”, ਮਨ ਨੂੰ ਮਾਰਨਾ ਕਿਉਂ ਹੈ “ਮਨ ਮਾਰੇ ਬਿਨੁ ਭਗਤਿ ਨ ਹੋਈ॥” ਜਦੋਂ ਤਕ ਮਨ ਹੈ ਵਿਕਾਰ ਪੈਦਾ ਹੁੰਦੇ ਰਹਿਣਗੇ। ਮਨ ਅਗਿਆਨਤਾ, ਦਲਿੱਦਰ ਤੇ ਵਿਕਾਰਾਂ ਦਾ ਨਾਮ ਹੈ। ਮਨ ਮਾਰਨ ਦੀ ਵਿਧੀ ਵੇਦ, ਕਤੇਬ, ਪੁਰਾਨ, ਸਿਮਰਿਤ ਸਾਸਤਰ ਆਦੀ ਨਹੀਂ ਦੱਸ ਸਕੇ। ਉਹਨਾਂ ਕਹਿਆ ਵਿਕਾਰ ਘੱਟ ਹੋ ਸਕਦੇ ਹਨ ਪਰ ਖਤਮ ਨਹੀਂ ਹੋ ਸਲਦੇ। ਨਾਨਕ ਨੇ ਆਖਿਆ ਜੇ ਵਿਕਾਰ (ਦੈਤ) ਖਤਮ ਕਰਨੇ ਹਨ ਤਾਂ ਇਹਨਾਂ ਦੀ ਮਾਂ ਬੁੱਧ ਨੂੰ ਫੜੋ। ਪੂਰੀ ਗੁਰਮਤਿ ਬੁੱਧ ਨੂੰ ਹੀ ਉਪਦੇਸ਼ ਹੈ ਮਨ ਮਾਰਨ ਲਈ। ਆਦਿ ਬਾਣੀ ਵਿੱਚ ਤੇ ਦਸਮ ਬਾਣੀ ਦੋਹਾਂ ਵਿੱਚ ਵਿਕਾਰ ਮਾਰਨ ਦੀ ਹੀ ਗਲ ਹੁੰਦੀ ਹੈ। ਵਿਕਾਰ ਬੁੱਧ ਤੇ ਕਿਵੇਂ ਹਾਵੀ ਹੁੰਦੇ ਇਹ ਸਮਝਾਇਆ ਹੈ ਤੇ ਉਹਨਾਂ ਨੂੰ ਕਾਬੂ ਕਿਵੇਂ ਕੀਤਾ ਜਾਂਦਾ ਹੈ ਅਲ਼ੰਕਾਰ ਦੀ ਭਾਸ਼ਾ, ਕਥਾ ਕਹਾਣੀਆਂ ਦੇ ਰੂਪ ਵਿੱਚ ਸਮਝਾਇਆ ਹੈ। ਦੋਹਾਂ ਗ੍ਰੰਥਾਂ ਵਿੱਚੋਂ ਦੋਵੇਂ ਗੁਣ ਸੰਤ ਦੇ ਤੇ ਸਿਪਾਹੀ ਦੇ ਮਿਲਦੇ ਹਨ ਪਰ ਉਸ ਸਿਪਾਹੀ ਦੇ ਜੋ ਅਵਗੁਣਾਂ ਨਾਲ ਲੜਦਾ ਹੈ। ਲਿਖਤੀ ਰੂਪ ਵਿੱਚ ਕਿਸੇ ਵੀ ਤਰੀਕੇ ਦੀ ਸਰੀਰਕ ਤੇ ਦੁਨਿਆਵੀ ਯੁੱਧ ਕਲਾ ਨਹੀਂ ਸਿਖਾਈ ਜਾ ਸਕਦੀ। ਨਾ ਹੀ ਕੋਈ ਤੀਰ ਤਲਵਾਰ ਆਦੀ ਲਿਖਤ ਗਿਆਨ ਪੜ੍ਹ ਕੇ ਸਿੱਖ ਸਕਦਾ। ਹਾਂ ਅਗਿਆਨਤਾ ਨੂੰ ਗਿਆਨ ਨਾਲ ਕੱਟਿਆ ਜਾ ਸਕਦਾ ਹੈ। ਦੋਹਾਂ ਰਚਨਾਵਾਂ ਵਿੱਚ ਬ੍ਰਹਮ ਦਾ ਹੀ ਗਿਆਨ ਹੈ। ਤੱਤ ਖਾਲਸੇ ਫੌਜ ਦਾ ਨੀਅਮ ਸੀ ਜਣੇ ਖਣੇ ਨੂੰ ਖੰਡੇ ਦੀ ਪਾਹੁਲ ਨਹੀਂ ਛਕਾਉਂਦੇ ਸੀ। ਜੋ ਸਿਰ ਦੇਣ (ਮੈਂ ਮਾਰਨ) ਨੂੰ ਤਿਆਰ ਹੁੰਦਾ ਸੀ ਆਦਿ ਬਾਣੀ, ਦਸਮ ਬਾਣੀ ਦੇ ਗਿਆਨ ਦੀ ਪਰੀਖਿਆ, ਅਤੇ ਸ਼ਸਤਰ ਵਿੱਦਿਆ ਦਾ ਪ੍ਰਮਾਣ ਦੇ ਕੇ ਫੇਰ ਖੰਡੇ ਦੀ ਪਾਹੁਲ ਮਿਲਦੀ ਸੀ ਕਿਤੇ। ਫੌਜ ਵਿੱਚ ਵਰਦੀ ਤਾਂ ਪਹਿਲੇ ਦਿਨ ਤੋਂ ਮਿਲ ਜਾਂਦੀ ਹੈ ਖਾਲਸਾ (ਜਰਨੈਲ) ਦੀ ਪਦਵੀ, ਉਸਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਨੇ ਪੂਰਨ ਜੋਤ, ਪੂਰਨ ਗਿਆਨ ਲੈ ਲਿਆ। ਅੱਜ ਦਾ ਸਿੱਖ ਆਦਿ ਬਾਣੀ ਮੰਤਰਾਂ ਵਾਂਗ ਪੜ੍ਹਦਾ ਹੈ ਸਮਝਦਾ ਨਹੀਂ ਵਿਚਾਰਦਾ ਨਹੀਂ ਤੇ ਦਸਮ ਬਾਣੀ ਪੜ੍ਹਨਾ ਵਿਚਾਰਨਾ ਤਾਂ ਉਸ ਲਈ ਹੋਰ ਵੀ ਦੂਰ ਦੀ ਗਲ ਹੈ। ਜਿਹੜੇ ਪੜ੍ਹ ਵੀ ਰਹੇ ਨੇ ਹਵਨ ਤੇ ਹੋਰ ਦੇਵੀ ਪੂਜਾ ਸਮਝ ਕੇ ਫੋਕਟ ਕਰਮ ਹੀ ਕਰ ਰਹੇ ਨੇ।

ਸਵਾਲਃ ’ਦਸਮ ਗ੍ਰੰਥ’ ਦੇ ਹਮਾਇਤੀ ਅਜਿਹਾ ਪ੍ਰਚਾਰ ਵੀ ਕਰਦੇ ਹਨ ਕਿ ਸਿਰਫ ਪਿਛਲੇ ਕੁੱਝ ਸਾਲਾਂ ਤੋਂ ਹੀ ‘ਦਸਮ ਗ੍ਰੰਥ’ ਦਾ ਵਿਰੋਧ ਸ਼ੁਰੂ ਹੋਇਆ ਹੈ, ਜਦ ਕਿ ਇਸ ਵਿੱਚ ਕੋਈ ਸਚਾਈ ਨਹੀਂ ਹੈ। ਗਿਆਨੀ ਭਾਗ ਸਿੰਘ ਵਲੋਂ 1976 ਵਿੱਚ ‘ਦਸਮ ਗ੍ਰੰਥ ਨਿਰਣੈ’ ਨਾਮ ਦੀ ਕਿਤਾਬ ਲਿਖਣ ਕਰਕੇ ਉਸਨੂੰ ਪੰਥ ਵਿਚੋਂ ਛੇਕਿਆ ਗਿਆ ਸੀ। ਜੇ ‘ਦਸਮ ਗ੍ਰੰਥ’ ਦਾ ਪਹਿਲਾਂ ਕੋਈ ਮਸਲਾ ਨਹੀਂ ਸੀ ਤੇ ਫਿਰ ਉਨ੍ਹਾਂ 1976 ਵਿੱਚ ਇਸਦੇ ਵਿਵਾਦ ਬਾਰੇ ਕਿਤਾਬ ਕਿਵੇਂ ਲਿਖੀ, ਜਦਕਿ ਉਹ ਖੁਦ ਸਿੱਖ ਵਿਦਵਾਨ ਤੇ ਪ੍ਰਚਾਰਕ ਸਨ। ਜੇ ਕੋਈ ਮਸਲਾ ਨਹੀਂ ਸੀ ਤੇ ਫਿਰ ਉਸਨੂੰ ਪੰਥ ਵਿਚੋਂ ਝੱਟਪਟ ਛੇਕਣ ਦੀ ਕੀ ਲੋੜ ਪੈ ਗਈ ਸੀ? 

ਜਵਾਬਃ ਆਦਿ ਬਾਣੀ ਦਾ ਵੀ ਵਿਰੋਧ ਕਬੀਰ ਜੀ ਦੇ ਸਮੇ ਤੋ ਹੋ ਰਹਿਆ ਹੈ ਤਾ ਹੀੰ ਉਹਨਾਂ ਦਾ ਸਿਰ ਹਾਥੀ ਦੇ ਪੈਰ ਥੱਲੇ ਦਿੱਤਾ। ਨਾਨਕ ਪਾਤਿਸ਼ਾਹ ਨੂੰ ਭੂਤਨਾ ਬੇਤਾਲਾ ਆਖਦੇ ਸੀ “ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ॥੧॥ ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ॥ ਹਉ ਹਰਿ ਬਿਨੁ ਅਵਰੁ ਨ ਜਾਨਾ॥੧॥(ਮ ੧, ਰਾਗੁ ਮਾਰੂ, ੯੯੧)”। ਪੁੱਤਰ ਬਾਘੀ ਕਰ ਦਿਤੇ “ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ॥(ਸਤਾ ਤੇ ਬਲਵੰਡਿ, ਰਾਗੁ ਰਾਮਕਲੀ, ੯੬੭)”। ਜਦੋਂ ਦਸਮ ਬਾਣੀ ਨੇ ਖੁੱਲ ਕੇ ਕਲੀਅਰ ਕਰਤਾ ਕੇ ਗੁਰਮਤਿ ਵਾਲਾ ਰਾਮ ਹਰਿ ਸਨਾਤਨ ਮਤਿ ਵਾਲਾ ਰਾਮ ਤੇ ਹਰਿ ਨਹੀਂ ਹਨ ਵਿਵਾਦ ਉਸੇ ਦਿਨ ਸ਼ੁਰੂ ਹੋ ਗਿਆ ਸੀ। ਸਨਾਤਨ ਮਤਿ ਦੇ ਦੇਵੀ ਦੇਵਤਿਆਂ ਨੂੰ ਕਿਵੇਂ ਰੱਦ ਕੀਤਾ ਸਮਝਣ ਲਈ ਵੇਖੋ “ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?”। ਰਾਮ ਬਾਰੇ ਜਦੋਂ ਦਸਮ ਵਿੱਚ ਲਿਖਿਆ ਇਹ ਪੜ੍ਹਿਆ ਕੇ ““ਕੋਟਿ ਬਿਸਨ ਕੀਨੇ ਅਵਤਾਰ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥ ਕੋਟਿ ਮਹੇਸ ਉਪਾਇ ਸਮਾਏ॥ ਕੋਟਿ ਬ੍ਰਹਮੇ ਜਗੁ ਸਾਜਣ ਲਾਏ॥੧॥”, ““ਮੈ ਨ ਗਨੇਸਹਿ ਪ੍ਰਿਥਮ ਮਨਾਊ॥ਕਿਸਨ ਬਿਸਨ ਕਬਹੂੰ ਨ ਧਿਆਊ॥ ਕਾਨਿ ਸੁਨੇ ਪਹਿਚਾਨ ਨਾ ਤਿਨ ਸੋ॥ ਲਿਵ ਲਾਗੀ ਮੋਰੀ ਪਗ ਇਨ ਸੋ॥”, “ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈ॥” ਇਸ ਤੋਂ ਬਾਦ ਸਾਰੇ ਪਹਾੜੀ ਰਾਜੇ ਬਾਘੀ ਹੋਏ। ਬਹੁਤ ਲੋਗ ਸਾਥ ਛੱਡ ਕੇ ਗਏ ਪਰ ਪਤਿਸ਼ਾਹ ਨੇ ਨਾ ਬਾਣੀ ਬਦਲੀ ਨਾ ਕਿਸੇ ਰੁੱਸੇ ਨੂੰ ਮਨਾਇਆ ਦਸਮ ਬਾਣੀ ਵਿੱਚ ਦਰਜ ਬ੍ਰਹਮ ਗਿਆਨ ਤੇ ਟਿਕੇ ਰਹੇ। ਨਿਹੰਗ ਸਿੰਘਾਂ ਕੋਲ ਅੱਜ ਵੀ ਹਸਤ ਲਿਖਤ ਸਰੂਪ ਦਸਮ ਦੇ ਆਦਿ ਬਾਣੀ ਦੇ ਮੌਜੂਦ ਹਨ। ਕਮੇਟੀਆਂ ਵਾਂਗ ਬਿਰਦ ਕਹਿ ਕੇ ਸਾਣ ਨਹੀਂ ਦਿੱਤੇ ਤਾਂ ਕੇ ਇਹਨਾਂ ਸਰੂਪਾਂ ਤੋਂ ਪੁਰਾਤਨ ਰੂਪ ਦੇ ਉਤਾਰੇ ਕੀਤੇ ਜਾ ਸਕਣ। ਦਸਮ ਬਾਣੀ ਦਾ ਵਿਰੋਧ ਕੋਈ ਨਵੀਂ ਗਲ ਨਹੀਂ ਹੈ। ਇਤਿਹਾਸ ਭਰਿਆ ਪਿਆ ਗੁਰਮਤਿ ਗਿਆਨ ਦੇ ਵਿਰੋਧ ਨਾਲ ਭਾਵੇਂ ਆਦਿ ਬਾਣੀ ਹੋਵੇ ਜਾਂ ਦਸਮ ਬਾਣੀ। ਪਹਿਲਾਂ ਚੈਕ ਕਰੋ ਕੇ ਧੀਰਮਲ ਦਾ ਪਰਿਵਾਰ ਅੱਜ ਕਿੱਥੇ ਹੈ? ਰਾਮਰਾਈਏ ਕੌਣ ਹਨ ਕਿੱਥੇ ਹਨ ਉਹਨਾਂ ਦੇ ਪਰਿਵਾਰ। ਜਿਹੜੇ ਮੀਣੇ ਬਚ ਗਏ ਉਹ ਅੱਜ ਕਿੱਥੇ ਹਨ? ਆਪੇ ਪਤਾ ਲੱਗ ਜਾਣਾ ਕੇ ਵਿਰੋਧ ਕੌਣ ਤੇ ਕਿਉਂ ਕਰ ਰਹਿਆ। ਜਦੋਂ ਮੀਣੇ ਹਰਿਮੰਦਰ ਤੋਂ ਕੱਡੇ, ਹਰਿਮੰਦਰ ਵਿੱਚੋਂ ਰਣਜੀਤ ਸਿੱਘ ਦੇ ਸਮੇਂ ਤੇ ਲੱਗੀਆਂ ਮੂਰਤੀਆਂ ਹਟਾਈਆਂ ਗਈਆਂ ਉਸਤੋਂ ਬਾਦ ਸਾਰੇ ਤਖਤਾਂ ਉੱਤੇ ਦਸਮ ਬਾਣੀ ਦਾ ਅਤੇ ਆਦਿ ਬਾਣੀ ਦਾ ਪ੍ਰਕਾਸ਼ ਕੱਠਾ ਹੁੰਦਾ ਰਹਿਆ। ਗੋਰਿਆਂ ਨੇ ਕਮੇਟੀ ਬਣਾ ਕੇ ਵਾਪਸ ਜਿਹਨਾਂ ਨੂੰ ਸਥਾਪਿਤ ਕੀਤਾ ਉਹ ਦਸਮ ਵਿਰੋਧੀ ਧਿੜਾ ਸੀ ਤੇ ਉਹਨਾਂ ਦਸਮ ਬਾਣੀ ਦਾ ਸਰਕਾਰੀ ਓਟ ਆਸਰੇ ਹੇਠ ਵਿਰੋਧ ਕੀਤਾ।

ਸਵਾਲਃ ’ਦਸਮ ਗ੍ਰੰਥ’ ਦੇ ਵਿਦਵਾਨ ਅਜਿਹੇ ਨਿਰਮੂਲ ਦਾਅਵੇ ਵੀ ਕਰਦੇ ਹਨ ਕਿ ਗੁਰੂ ਸਾਹਿਬ ਨੇ ਬਹੁਤ ਸਾਰੇ ਹਿੰਦੂ ਗ੍ਰੰਥਾਂ ਦੇ ਉਲੱਥੇ ਕੀਤੇ ਸਨ ਤਾਂ ਕਿ ਸਿੱਖਾਂ ਨੂੰ ਉਨ੍ਹਾਂ ਗ੍ਰੰਥਾਂ ਬਾਰੇ ਜਾਣਕਾਰੀ ਹੋ ਸਕੇ। ਅਜਿਹਾ ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ *ਗੁਰੂ ਸਾਹਿਬ ਨੇ ਪੰਜ ਸਿੱਖਾਂ ਨੂੰ ਕਾਂਸ਼ੀ ਹਿੰਦੂ ਗ੍ਰੰਥ ਪੜ੍ਹਨ ਲਈ ਭੇਜਿਆ ਸੀ, ਜੋ ਕਿ ਬਾਅਦ ਵਿੱਚ ਨਿਰਮਲਿਆਂ ਦੇ ਰੂਪ ਵਿੱਚ ਵਾਪਿਸ ਆਏ ਸਨ*। 

ਜਵਾਬਃ ਆਦਿ ਬਾਣੀ ਅਤੇ ਦਸਮ ਬਾਣੀ ਦੋਵੇਂ ਅਕਾਲ, ਕਾਲ ਅਤੇ ਹੁਕਮ ਦੀ ਵਿਚਾਰਧਾਰਾ ਤੇ ਖੜੇ ਹਨ। ਸਨਾਤਨ ਮਤਿ ਕਰਮ ਪ੍ਰਧਾਨ ਹੈ। ਦਸਮ ਪਾਤਿਸ਼ਾਹ ਦਾ ਨਾਮ ਲਾ ਕੇ ਕਹਿਆ ਜਾਂਦਾ ਹੈ ਕੇ ਉਹਨਾਂ ਸਿੱਖ ਕਾਸ਼ੀ ਭੇਜੇ। ਇਹ ਸਰਾਸਰ ਝੂਠ ਹੈ। ਕਾਸ਼ੀ ਦਾ ਹਮੇਸ਼ਾ ਗੁਰਮਤਿ ਨਾਲ ਵਿਰੋਧ ਰਹਿਆ ਹੈ। ਰਣਜੀਤ ਸਿੰਘ ਦੇ ਸਮੇਂ ਚੱਲੀ ਸਰਵਧਰਮ ਏਕਦਾ ਦਾ ਨਾਮ ਹੇਠ ਹਰਿਮੰਨਦਰ ਦੇ ਅੰਦਰ ਮੂਰਤੀਆਂ ਲੱਗੀਆਂ। ਨੀਲਾ ਨਿਸ਼ਾਨ ਹਟਾ ਕੇ ਕੇਸਰੀ ਝੁਲਾਇਆ। ਪੰਡਿਤਾਂ ਤੋਂ ਪੈਸੇ ਦੇ ਕੇ ਟੀਕੇ ਲਿਖਾਏ ਗਏ ਤਾਂ ਕੇ ਸਨਾਤਨ ਮਤ ਅਤੇ ਗੁਰਮਤਿ ਵਿੱਚ ਫਰਕ ਨਾ ਦਿਸੇ। ਰਣਜੀਤ ਸਿੰਘ ਦੇ ਸਮੇਂ ਤੇ ਹੀ ਤੱਤ ਖਾਲਸਾ ਨਿਹੰਗ ਫੌਜਾਂ ਦੇ ਵਿਰੋਧ ਵਿੱਚ ਜੰਗ ਰਣਜੀਤ ਸਿੰਘ ਦੀ ਫੌਜ ਦੀ ਨਿਹੰਗਾਂ ਨਾਲ ਜੰਗ ਹੋਈ। ਨਕਲੀ ਅਕਾਲੀ ਤੇ ਨਕਲੀ ਨਿਹੰਗ ਖੜੇ ਕੀਤੇ। ਨਕਲੀ ਟਕਸਾਲਾਂ ਤੇ ਪ੍ਰਚਾਰ ਕੀਤਾ ਗਿਆ ਕੇ ਦਸਮ ਪਾਤਿਸ਼ਾਹ ਨੇ ਸਿੰਘ ਕਾਂਸ਼ੀ ਭੇਜੇ। ਸੋ ਇਹ ਦਾਵਾ ਗਲਤ ਹੈ। ਇਸ ਨਾਲ ਦਸਮ ਦਾ ਕੋਈ ਰਿਸ਼ਤਾ ਨਹੀਂ। ਜਿੱਥੇ ਆਦਿ ਬਾਣੀ ਸਨਾਤਨ ਮਤਿ ਬਾਰੇ ਆਖਦੀ ਹੈ ਕੇ “ਨਾਨਕ ਨਾਵੈ ਬਾਝੁ ਸਨਾਤਿ ॥” ਭਾਵ ਸਨਾਤ ਮਤਿ ਸਨਾਤਨ ਮਤਿ ਕੋਲ ਨਾਵ (ਨਾਮ/ਸੋਝੀ) ਨਹੀਂ ਹੇ ਇਹੀ ਗਲ ਦਸਮ ਬਾਣੀ ਵਿਛ ਲਿਖਦਿਆਂ ਪਾਤਿਸ਼ਾਹ ਆਖਦੇ ਹਨ “ਕਰਤਾ ਸਦੀਵ ਹਰਤਾ ਸਨਾਤ॥”। ਕਾੜਿ ਮਤਿ ਦਾ ਸਿੱਧਾ ਵਿਰੋਧ ਹੈ ਦਸਮ ਬਾਣੀ ਵਿੱਚ “ਪ੍ਰੇਮ ਕੀਓ ਨ ਕੀਓ ਬਹੁਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੋ॥ ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ॥ ਦਾਨ ਦੀਏ ਬਸਿ ਹ੍ਵੈ ਗਯੋ ਸ੍ਯਾਮ ਸਭੈ ਅਪਨੋ ਤਿਨ ਦਰਬ ਗਵਾਯੋ॥ ਅੰਤ੍ਰਿ ਕੀ ਰੁਚਿ ਕੈ ਹਰਿ ਸਿਉ ਜਿਹ ਹੇਤ ਕੀਓ ਤਿਨ ਹੂ ਹਰਿ ਪਾਯੋ॥੨੪੮੫॥” – ਕਾਂਸੀ ਜਾ ਕੇ ਪੜ੍ਹੇ ਹੋਏ ਵੀ ਜਿਹਨਾਂ ਨੇ ਬਹੁਤ ਬੇਦਨ ਕੀਤੇ ਉਹ ਵੀ ਸਾਰ ਨਹੀਂ ਪਾ ਸਕੇ। ਹੁਣ ਦੱਸੋ ਜਦੋਂ ਇਹ ਗਲ ਲਿਖ ਰਹੇ ਨੇ ਪਾਤਿਸ਼ਾਹ ਤਾਂ ਕੀ ਉਹ ਸਿੱਖ ਕਾਸ਼ੀ ਭੇਜਣਗੇ? ਹੋਰ ਵੀ ਪ੍ਰਮਾਣ ਹਨ “ਕਾਸੀ ਬਿਖੈ ਕਰਵਤਹਿ ਲੈਹੋ॥ ਪਿਯ ਕਾਰਨ ਅਪਨੋ ਜਿਯ ਦੈਹੋ॥ ਮਨ ਭਾਵਤ ਪ੍ਰੀਤਮ ਜੌ ਪਾਊ॥ ਬਾਰ ਅਨੇਕ ਬਜਾਰ ਬਿਕਾਊ॥”, “ਕਾਸੀ ਕੇ ਬੀਚ ਪੜੈ ਬਹੁ ਕਾਲ ਭੁਟੰਤ ਮੈ ਅੰਤ ਮਰੈ ਪੁਨਿ ਜਾਈ॥ ਤਾਤ ਰਹਾ ਅਰੁ ਮਾਤ ਕਹੂੰ ਬਨਿਤਾ ਸੁਤ ਪੁਤ੍ਰ ਕਲਤ੍ਰਨ ਭਾਈ॥ ਦੇਸ ਬਿਦੇਸ ਫਿਰੈ ਤਜਿ ਕੈ ਘਰ ਥੋਰੀ ਸੀ ਸੀਖਿ ਕੈ ਚਾਤੁਰਤਾਈ॥ ਲੋਭ ਕੀ ਲੀਕ ਨ ਲਾਘੀ ਕਿਸੂ ਨਰ ਲੋਭ ਰਹਾ ਸਭ ਲੋਗ ਲੁਭਾਈ॥੫੨॥”। ਦੋਸ਼ ਮੜ੍ਹਨਾ ਸੌਖਾ, ਪੜ੍ਹ ਕੇ ਸਮਝ ਕੇ ਵਿਚਾਰ ਕਰਨਾ ਔਖਾ।

ਸਵਾਲਃ ਪਹਿਲੇ 9 ਗੁਰੂ ਸਾਹਿਬਾਨ ਦਾ ਜੀਵਨ ਇਸ ਗੱਲ ਦਾ ਗਵਾਹ ਹੈ ਕਿ ਉਨ੍ਹਾਂ ਆਪਣੀ ਬਾਣੀ ਜਾਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਰਾਹੀਂ ਹੀ ਸਿੱਖੀ ਦਾ ਪ੍ਰਚਾਰ ਕੀਤਾ, ਪਰ ਆਪਣੇ ਨਿੱਜੀ ਜੀਵਨ ਨੂੰ ਕੋਈ ਤਰਜ਼ੀਹ ਨਹੀਂ ਦਿੱਤੀ। ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹੀ ਕਿਹੜੀ ਲੋੜ ਸੀ ਕਿ ਉਨ੍ਹਾਂ ਨੂੰ ਆਪਣੀ ਜੀਵਨ ਕਥਾ ਲਿਖਣੀ ਪਈ? ਫਿਰ ਜੀਵਨ ਕਥਾ ਵੀ ਇਸ ਜਨਮ ਦੀ ਨਹੀਂ, ਜਿਸ ਜਨਮ ਵਿੱਚ ਉਹ ਗੁਰੂ ਸਨ, ਸਗੋਂ ਉਸ ਪਿਛਲੇ ਜਨਮ ਦੀ, ਜਿਸ ਜਨਮ ਵਿੱਚ ਉਹ ਬ੍ਰਾਹਮਣ ਸਨ*? ਫਿਰ ਆਪਣੀ ਕਥਾ (ਬਚਿੱਤਰ ਨਾਟਕ) ਵਿੱਚ ਕਹਿੰਦੇ ਹਨ ਕਿ ਮੈਂ ਹੇਮਕੁੰਟ ਪਰਬਤ ਤੇ ਤਪ ਕਰਦਾ ਸੀ ਤੇ ਮੈਨੂੰ ਰੱਬ ਜੀ ਨੇ ਆਪ ਬੁਲਾ ਕੇ ਮਾਤਲੋਕ ਵਿੱਚ ਜਾਣ ਲਈ ਹੁਕਮ ਕੀਤਾ, ਜਦਕਿ ਸਭ ਨੂੰ ਪਤਾ ਹੈ ਕਿ ਅੱਜ ਵਾਲਾ ‘ਹੇਮਕੁੰਟ’ ਤਾਂ ਆਨੰਦਪੁਰ ਸਾਹਿਬ ਤੋਂ ਕੁੱਝ ਦੂਰੀ ਤੇ ਹੀ ਹੈ ਤੇ ਦੋਨੋ ਸਥਾਨ ਮਾਤਲੋਕ (ਇਸੇ ਧਰਤੀ ਤੇ ਹਨ)? ਕਹਾਣੀ ਮੁਤਾਬਿਕ ਤਾਂ ਹੇਮਕੁੰਟ ਕਿਸੇ ਹੋਰ ਦੁਨੀਆਂ ਵਿੱਚ ਹੋਣਾ ਸੀ, ਜਿਥੋਂ ਰੱਬ ਜੀ ਨੇ ਦੁਸ਼ਮ ਦਮਨ ਬ੍ਰਾਹਮਣ (ਗੁਰੂ ਗੋਬਿੰਦ ਸਿੰਘ ਜੀ) ਨੂੰ ਮਾਤਲੋਕ (ਇਸ ਧਰਤੀ) ਤੇ ਭੇਜਿਆ ਸੀ? ਇਸ ਤੋਂ ਇਹ ਵੀ ਸਪੱਸ਼ਟ ਹੈ ਕਿ ਇਨ੍ਹਾਂ ਵਲੋਂ ਬਣਾਇਆ ‘ਹੇਮਕੁੰਟ’ ਬਚਿਤਰ ਨਾਟਕ ਅਨੁਸਾਰ ਹੀ ਨਕਲੀ ਸਥਾਨ ਹੈ?

ਜਵਾਬਃ ਪਹਿਲੀ ਗਲ ਕੇ ਆਪਣੀ ਕਥਾ ਤਾਂ ਭਗਤਾਂ ਨੇ ਵੀ ਲਿਖੀ ਹੈ ਤੇ ਨਾਨਕ ਪਾਤਿਸ਼ਾਹ ਨੇ ਵੀ ਲਿਖੀ ਹੈ। ਲਿਖਣ ਦਾ ਕਾਰਣ ਸਮਝਣਾ ਪੈਂਦਾ। ਕਿਉਂਕੇ ਦਸਮ ਬਾਣੀ ਦੀ ਵਿਆਖਿਆ ਕਰਨ ਵਾਲੇ ਨੇ ਵੀ ਨਹੀਂ ਵਿਚਾਰੀ ਤੇ ਸਵਾਲ ਪੁੱਛਣ ਵਾਲੇ ਨੇ ਵੀ ਨਹੀਂ। ਅਰਥ ਲੈ ਰਹੇ ਹਨ ਟੀਕਿਆਂ ਤੋਂ ਇਸ ਕਰਕੇ ਭੁਲੇਖਾ ਪੈਂਦਾ ਹੈ। ਹੇਮਕੁੰਟ ਅਸਲ ਵਿੱਚ ਬੁੱਧ ਹੈ ਜਿਸਨੂੰ ਗੁਰਮਤਿ ਗਿਆਨ ਨਾਲ ਠੰਡ ਪੈ ਚੁੱਕੀ ਹੈ। ਵਿਕਾਰਾਂ ਦੀ ਅੱਗ ਖਤਮ ਹੋ ਚੁੱਕੀ ਹੈ “ਬ੍ਰਹਮ ਅਗਨਿ ਸਹਜੇ ਪਰਜਾਲੀ” ਵਾਲੀ ਅਵਸਥਾ ਬਣ ਚੁੱਕੀ ਹੈ। ਹੇਮ ਦਾ ਅਰਥ ਹੁੰਦਾ ਹੈ ਬਰਫ਼, ਤੇ ਕੁੰਡ ਦਾ ਅਰਥ ਹੁੰਦਾ ਹੈ ਭਾਂਡਾ। ਕਿਉਂਕੇ ਪੰਡਤ ਨੇ ਲੋਕਾਂ ਨੂੰ ਗਰਾਹ ਕਰਨਤ ਸੀ ਹੇਮਕੁੰਟ ਬਾਹਰ ਬਣਾ ਦਿੱਤਾ ਉੱਦਾਂ ਹੀ ਜਿੱਦਾਂ ਹਰਿਮੰਦਰ ਬਾਹਰ ਬਣਾ ਦਿੱਤਾ “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥” ਇਹਨਾਂ ਪੰਕਤੀਆਂ ਦੇ ਵਿਰੋਧ ਵਿੱਚ। ਅੰਮ੍ਰਿਤ ਬਾਹਰ ਬਣਾ ਦਿੱਤਾ “ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨੑੀ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ॥” ਪੰਕਤੀਆਂ ਤੋਂ ਧਿਆਨ ਹਟਾਉਣ ਲਈ। ਜਿਹਨਾਂ ਸਿੱਖਾਂ ਨੂੰ ਨਾ ਪਤਾ, ਨਾ ਦੱਸਿਆ ਕੇ ਗੁਰਮਤਿ ਅਲੰਕਾਰ ਦੀ ਭਾਸ਼ਾ ਹੈ ਟੀਕਿਆਂ ਨੇ ਸ਼ਬਦੀ ਅਰਥ ਕਰ ਛੱਡੇ। ਹੇਮਕੁੰਟ ਵਾਲਾ ਧੋਖਾ ਕੀਤਾ ਗਿਆ ਹੈ ਪੰਥ ਦੇ ਨਾਲ। ਇਹ ਤੁਹਾਡੇ ਵਰਗੇ ਕਿਸੇ ਝੂਠੇ ਸਾਧ ਨੇ ਬਾਹਰ ਬਣਾ ਦਿੱਤਾ

ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ॥ ਹੇਮ ਕੁੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ॥੧॥ ਸਪਤ ਸ੍ਰਿੰਗ ਤਿਹ ਨਾਮੁ ਕਹਾਵਾ॥ ਪੰਡੁ ਰਾਜ ਜਹ ਜੋਗੁ ਕਮਾਵਾ॥ ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਕਾਲ ਕਾਲਿਕਾ ਅਰਾਧੀ॥੨॥

ਹੇਮ ਕੁੰਟ – ਹਿਰਦਾ (ਗਿਆਨ/ਸੋਝੀ/ਅਮ੍ਰਿਤ ਦੀ ਠੰਡ ਦਾ ਕੁੰਡ)
ਸਪਤ ਸਿਰੰਗ – ਸੱਤ ਛੇਕ ਦੋ ਅੱਖਾ ਦੋ ਕੰਨ ਦੋ ਨੰਕ ਦੇ ਤੇ ਇਕ ਮੂੰਹ ਦਾ।
ਹੇਮ ਕੁੰਟ ਬਾਹਰ ਨਹੀ ਹੁੰਦਾ। ਇਹ ਦਸਮ ਗਰੰਥ ਦੀ ਬਾਣੀ ਹੈ ਨਿਰੋਲ ਬ੍ਰਹਮ ਗਿਆਨ ਹੈ ਜਿਸ ਵਿੱਚ ਕਾਲਿਕਾ – ਕਾਲ ਦੇ ਹੁਕਮ ਦਾ ਗਿਆਨ/ਸੋਝੀ/ਬੁੱਧ।

ਆਦਿ ਬਾਣੀ ਨਾ ਵਿਚਾਰੀ ਹੋਵੇ ਤਾਂ ਗ੍ਰੰਥਾ ਵਿੱਚ ਦੇਵੀ ਦੇਵਤਿਆਂ ਦੇ ਵਰਣਨ ਦਿਸਣ ਲਗ ਪੈਂਦੇ ਨਾਸਮਝ ਨੂੰ। ਜਿਹੜਾ ਹੇਮ ਕੁੰਡ ਵਾਲਾ ਇਲਜ਼ਾਮ ਦਸਮ ਬਾਣੀ ਤੇ ਲਾਇਆ ਜਾ ਰਹਿਆ ਹੈ ਉੱਦਾਂ ਦੀ ਹੀ ਗਲ ਹਰਿਮੰਦਰ ਸਾਹਿਬ ਲਈ ਵੀ ਲਾਗੂ ਹੁੰਦੀ ਹੈ। ਆਦਿ ਬਾਣੀ ਤਾਂ ਹਰਿ ਮੰਦਰ ਸਰੀਰ ਨੂੰ ਆਖਦੀ ਹੈ ਜਿੱਥੇ ਬੁੱਧ ਨੇ ਮਨ ਨੇ ਗਿਆਨ ਲੈਕੇ ਹਰਿਆ ਹੋਣਾ ਪਰ ਪੰਡਤ ਨੇ “ਗੁਰੂ ਕਾ ਚੱਕ” ਨੂੰ ਹਰਿਮੰਨਦਿਰ ਨਾਮ ਦੇ ਕੇ ਧਿਆਨ ਬਾਹਰ ਨੂੰ ਕੀਤਾ। ਗੁਰਬਾਣੀ ਸਰੀਰ ਨੂੰ ਹਰਿ ਦਾ ਮੰਦਰ ਆਖ ਰਹੀ ਹੈ “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥੨॥ ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ॥ ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ॥੩॥”। ਵਿਸਥਾਰ ਵਿੱਚ ਸਮਝਣ ਲਈ ਵੇਖੋ “ਹਰਿ”। ਇੱਦਾਂ ਹੀ ਖੰਡੇ ਦੀ ਪਾਹੁਲ ਦਾ ਨਾਮ ਅੰਮ੍ਰਿਤ ਰੱਖ ਦਿਤਾ। ਵੇਖੋ “ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)”। ਪੰਡਤ ਭੁਲੇਖਾ ਪਾ ਰਹਿਆ ਹੈ ਤੇ ਲੜ ਸਿੱਖ ਰਹੇ ਨੇ ਦਸਮ ਦੇ ਵਿਰੋਧ ਅਤੇ ਸਮਰਥਨ ਵਿੱਚ।

ਸਵਾਲਃ ਦਸਮ ਪਾਤਿਸ਼ਾਹ ਨੇ ਤੱਪ ਕੀਤਾ ਹੇਮਕੁੰਟ ਪਰਬਤ ਤੇ ਪਿਛਲੇ ਜਨਮ ਵਿੱਚ ਇਹ ਗੁਰਮਤਿ ਤੋਂ ਉਲਟ ਹੈ।

ਜਵਾਬਃ ਆਦਿ ਬਾਣੀ ਵਿੱਚੋਂ ਜਨਮ ਮਰਨ, ਪੁਨਰ ਜਨਮ ਸਮਝ ਲਿਆ? ਜੁਗ ਸਮਝ ਲਿਆ? ਤੱਪ ਸਮਝ ਲਿਆ? ਸਮਝ ਲਿਆ ਕੇ ਆਦਿ ਬਾਣੀ ਵਿੱਚ ਦੱਸਿਆ ਤੱਪ ਕੀ ਹੈ? ਕੀ ਭਾਵ ਹੈ “ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ॥” ਦਾ? ਝਗੜਾ ਕਰਨ ਵਾਲੇ ਵਿਰੋਧੀ ਅਤੇ ਦਸਮ ਦੇ ਸਮਰਥਕ ਦੋਵੇਂ ਤੱਤ ਗਿਆਨ ਤੋਂ ਵਾਂਝੇ ਹਨ। ਇਕ ਨੇ ਬਿਨਾਂ ਦਸਮ ਬਾਣੀ ਆਦਿ ਬਾਣੀ ਪੜ੍ਹੇ ਤੇ ਵਿਚਾਰੇ ਸਵਾਲ ਖੜੇ ਕਰ ਦਿੱਤੇ। ਦੂਜੇ ਸ਼ਰਧਾ ਵਿੱਚ ਲੜਾਈ ਝਗੜੇ ਕਰਨ ਲਗ ਪਏ। ਆਦਿ ਬਾਣੀ ਆਖਦੀ “ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ॥ ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ॥“। ਦੋਵੇਂ ਇੱਕ ਦੂਜੇ ਨੂੰ ਮੰਦਾ ਬੋਲ ਰਹੇ ਨੇ। ਬਿਨਾਂ ਵਿਚਾਰ ਕੀਤਿਆਂ ਕਿਤੇ ਪਹੁੰਚਿਆ ਨਹੀਂ ਜਾ ਸਕਦਾ। ਦਸਮ ਪਾਤਿਸ਼ਾਹ ਦਸਮ ਬਾਣੀ ਵਿੱਚ ਲਿਖ ਰਹੇ ਨੇ “ਨ ਨੈਨੰ ਮਿਚਾਊਂ॥ ਨ ਡਿੰਭੰ ਦਿਖਾਊਂ॥ ਨ ਕੁਕਰਮੰ ਕਮਾਊਂ॥ ਨ ਭੇਖੀ ਕਹਾਊਂ॥੫੨॥” ਅਤੇ “ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥ ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥ ਬਾਸ ਕੀਓ ਬਿਖਿਆਨ ਸੋਂ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ॥ ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥” ਇਹ ਪੜ੍ਹ ਕੇ ਤੁਹਾਨੂੰ ਲਗਦਾ ਕੇ ਪਾਤਿਸ਼ਾਹ ਅੱਖਾਂ ਬੰਦ ਕਰਕੇ ਤਪੱਸਿਆ ਕਰਨਗੇ? ਸਾਡੀ ਸਮਝ ਵਿੱਚ ਵਿਚਾਰਨ ਵਿੱਚ ਕਮੀਂ ਹੈ ਜੋ ਸਾਨੂੰ ਲਗਦਾ ਕੇ ਹੇਮਕੁੰਟ ਕੋਈ ਬਾਹਰ ਦੀ ਥਾਂ ਹੋਣੀ। ਆਦਿ ਬਾਣੀ ਜਿਸਨੂੰ ਸਾਰੇ ਹੀ ਧਿੜੇ ਮੰਨਦੇ ਹਨ ਉਹ ਵਿਚਾਰ ਕਰਨ ਨੂੰ ਆਖਦੀ ਹੈ ਕਿਉਂਕੇ ਸਾਰੇ ਹਲ ਵਿਚਾਰ ਵਿੱਚੋੰ ਹੀ ਨਿਕਲਦੇ ਹਨ। ਜਿਹੜਾ ਵਿਚਾਰ ਨਹੀਂ ਕਰਦਾ ਆਦਿ ਬਾਣੀ ਉਸਨੂੰ ਝੂਠਾ ਆਖਦੀ ਹੈ। ਗਲਤ ਸਿੱਧ ਕਰਨਾ ਸੀ ਉਹਨਾ ਨੂੰ ਜੋ ਬਾਣੀ ਦੇ ਅਨਰਥ ਕਰਦੇ ਹਨ, ਧਿਆਨ ਨੂੰ ਮਾਇਆ ਵਲ ਲੈਕੇ ਜਾਦੇ ਹਨ ਤੇ ਅਸੀਂ ਇੱਕ ਦੂਜੇ ਨੂੰ ਭੰਡਣ ਲੱਗ ਪਏ। ਜੇ ਬਾਣੀ ਨਾ ਵਿਚਾਰੀ ਜਵੇ ਤਾ ਆਦਿ ਬਾਣੀ ਦੀਆਂ ਇਹ ਪੰਕਤੀਆਂ ਪੜਭ ਕੇ “ਜਿਸੁ ਨੀਚ ਕਉ ਕੋਈ ਨ ਜਾਨੈ॥ ਨਾਮੁ ਜਪਤ ਉਹੁ ਚਹੁ ਕੁੰਟ ਮਾਨੈ॥੧॥” ਲੋਕਾਂ ਹੇਮ ਕੁੰਟ ਛੱਡੋ ਚਾਰ ਕੁੰਟ ਬਾਹਰ ਲੱਬਣੇ ਸ਼ੁਰੂ ਕਰ ਦੇਣੇ। ਤੇ ਇਸੇ ਲੲੳੀ ਦਸਮ ਪਾਤਿਸ਼ਾਹ ਆਖਦੇ ਹਨ “ਡੂਬੇ ਨਰਕ ਧਾਰ ਮੂੜ੍ਹ ਗਿਆਨ ਕੇ ਬਿਨਾ ਬਿਚਾਰ ਭਾਵਨਾ ਬਿਹੀਨ ਕੈਸੇ ਗਿਆਨ ਕੋ ਬਿਚਾਰ ਹੀਂ॥”।

ਸਵਾਲਃ ’ਬਚਿੱਤਰ ਨਾਟਕ’ ਅਨੁਸਾਰ ਗੁਰੂ ਨਾਨਕ ਸਾਹਿਬ ਦੇ ‘ਬੇਦੀ’ ਖਾਨਦਾਨ ਤੇ ਗੁਰੂ ਰਾਮਦਾਸ ਜੀ ਦੇ ਪਰਿਵਾਰ ਨਾਲ ਸਬੰਧਤ ਸਾਰੇ 7 ਗੁਰੂ ‘ਸੋਢੀ’ ਖਾਨਦਾਨ ਨਾਲ ਸਬੰਧਤ ਹੋਣ ਕਰਕੇ ਇਨ੍ਹਾਂ ਦਾ ਪਿਛੋਕੜ ਹਿੰਦੂ ਭਗਵਾਨ ਰਾਮ ਚੰਦਰ ਜੀ ਦੇ ਪੁੱਤਰਾਂ ‘ਲਵ’ ਤੇ ‘ਕੁਸ਼’ ਨਾਲ ਜੁੜਦਾ ਹੈ? ਇਸੇ ਆਧਾਰ ਤੇ *ਜਦੋਂ ਆਰ. ਐਸ. ਐਸ. ਨੇ ਆਪਣੇ ਪਿਆਦੇ ਗਿਆਨੀ ਪੂਰਨ ਸਿੰਘ ਰਾਹੀਂ ਇਹ ਬਿਆਨ ਦਿਵਾਇਆ ਸੀ ਕਿ ‘ਸਿੱਖ ਲਵ ਕੁਸ਼ ਦੀ ਔਲਾਦ’ ਹਨ ਤਾਂ ਫਿਰ ਸਿੱਖ ਕਿਸ ਅਧਾਰ ਤੇ ਰੌਲਾ ਪਾਉਂਦੇ ਸਨ ਕਿ ਸਿੱਖ ਹਿੰਦੂ ਨਹੀਂ ਹਨ ਤੇ ਆਰ. ਐਸ. ਐਸ. ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰ ਰਹੀ ਹੈ*? ਜਿਸ ਰਾਮ ਚੰਦਰ ਨੂੰ ਹਿੰਦੂ ਇਤਿਹਾਸਕਾਰ ਵੀ ‘ਇਤਿਹਾਸਕ’ ਨਹੀਂ, ‘ਮਿਥਿਹਿਾਸਕ’ ਪਾਤਰ ਮੰਨਦੇ ਹਨ, *ਫਿਰ ਕਿਸ ਅਧਾਰ ਤੇ ‘ਦਸਮ ਗ੍ਰੰਥ’ ਦਾ ਕਰਤਾ ਗੁਰੂ ਨਾਨਕ ਸਾਹਿਬ ਤੇ ਬਾਕੀ ਗੁਰੂ ਸਾਹਿਬਾਨ ਨੂੰ ਲਵ-ਕੁਸ਼ ਦੀ ਅੰਸ਼ ਵਿਚੋਂ ਦੱਸਦਾ ਹੈ?

ਜਵਾਬਃ ਇਹ ਵੀ ਧੋਖਾ ਹੈ ਪੰਥ ਨਾਲ। ਗੁਰਮਤਿ ਵਾਲਾ ਰਾਮ ਵੱਖਰਾ ਹੈ ਸਨਾਤਨ ਮਤਿ ਵਾਲੇ ਰਾਮ ਤੋਂ। ਰਾਮ ਦਾ ਅਰਥ ਹੁੰਦਾ ਹੈ ਗੁਣਾਂ ਵਿੱਚ ਰਮਿਆ ਹੋਇਆ। ਵਿਸਥਾਰ ਨਾਲ ਵਿਚਾਰ ਕੀਤੇ ਹਨ ਵੇਖੋ “ਗੁਰਮਤਿ ਵਿੱਚ ਰਾਮ”।ਦਸਮ ਪਾਤਿਸ਼ਾਹ ਹੀ ਨਹੀਂ, ਸਾਰੇ ਭਗਤ, ਸਾਰੇ ਗੁਰੂ ਸਾਹਿਬ ਵੀ, ਪੂਰੀ ਮਨੁੱਖ ਜਾਤੀ ਇਸ ਗੁਰਮਤਿ ਵਾਲੇ ਰਾਮ ਦੇ ਵੰਸ਼ ਦੇ ਹਨ। ਉੱਦਾਂ ਹੀ ਜਿੱਦਾਂ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥” – ਭਾਵ ਸਬ ਕੁੱਛ ਪਰਮੇਸਰ ਬਿੰਦ ਹੈ। ਬੇਦੀ ਕੌਣ “ਜਿਨੈ ਬੇਦ ਪਠਿਓ ਸੁ ਬੇਦੀ ਕਹਾਏ ॥” ਭਾਵ ਜਿਹਨਾਂ ਨੇ ਬੇਦ ਪੜ੍ਹੇ ਉਹ ਬੇਦੂ ਹਨ। “ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥” – ਬੇਦ ਉਹ ਨਹੀਂ ਜੋ ਸਨਾਤਨ ਮਤਿ ਦੇ ਬੇਦ ਹਨ। ਬੇਦ ਦਾ ਅਰਥ ਗ੍ਰੰਥ, ਪੁਸਤਕ, ਕਿਤਾਬ/ਗਿਆਨ/ਗ੍ਰੰਥ/ਪੋਥੀ ਹੁੰਦਾ ਹੈ। ਜੋ ਗਿਆਨ ਲੈਣ ਲਈ ਵਿਚਾਰ ਕਰੇ ਉਹ ਬੇਦੀ ਹੈ। ਸਨਾਤਨੀ ਲਵ ਕੁੱਸ਼ ਦੀ ਕਹਾਣੀ ਸਿੱਖਾਂ ਵਿੱਚ ਦ੍ਵੇਸ਼ ਪਾਣ ਲਈ ਛੱਡਤੀ, ਹੁਣ ਆਪਸ ਵਿੱਚ ਲੜਦੇ ਰਹੋ, ਅੱਧੇ ਦਸਮ ਨੂੰ ਭੰਡਣ ਲਾਤੇ ਅੱਧੇ ਰਾਖੀ ਨੂੰ। ਵਿਚਾਰ ਕੋਈ ਵੀ ਨਹੀਂ ਕਰਦਾ। ਗੁਰਮਤਿ ਨੇ ਜਨਮ ਮਰਨ, ਪਾਪ ਪੁੰਨ, ਸਨਾਤਨੀ ਜੁਗ, ਪੁਨਰਜਨਮ ਸਬ ਰੱਦ ਕੀਤੇ ਹੋਏ ਹਨ। ਇਸ ਸਾਈਟ ਤੇ ਸਰਚ ਕਰੋ ਲੇਖ ਮਿਲ ਜਾਣਗੇ ਉਹਨਾਂ ਤੇ। ਆਦਿ ਬਾਣੀ ਦਾ ਫੁਰਮਾਨ ਹੈ “ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥” – ਆਦਿ ਬਾਣੀ ਤਾਂ ਆਪ ਇਸ ਵੇਦ (ਗਿਆਨ),ਧਰਮ ਨੂੰ ਦ੍ਰਿੜ ਕਰਨ ਦੀ ਗਲ ਕਰਦੀ ਹੈ। ਨਾਨਕ ਪਾਤਿਸ਼ਾਹ ਨੇ ਕੀਤਾ ਵੀ ਹੈ। ਕੁਲ ਦਾ ਸ਼ਬਦੀ ਅਰਥ ਹੁੰਦਾ ਹੈ ਪਰਿਵਾਰ। ਜਿਤਨੇ ਭਗਤ ਹੋਏ ਹਨ ਉਹ ਸਾਰੇ ਹੀ ਇਸ ਵੇਦ ਕੁਲ/ਪਰਿਵਾਰ ਦੇ ਹੋਏ ਨੇ। ਗਿਆਨ/ਗਿਆਨੀ ਕੁਲ/ਪਰਿਵਾਰ ਦੇ। ਹਰੇਕ ਸਿੱਖਿਆਰਥੀ ਇਸੀ ਵੇਦ ਕੁਲ ਤੋਂ ਹੀ ਹੈ। ਜਿਸਨੇ ਗੁਰਮਤਿ ਤੋਂ ਗੁਣ ਲੈ ਲਏ ਉਸਨੂੰ ਕੁਲਵੰਤ ਆਖਿਆ ਹੈ ਬਾਣੀ ਨੇ “ਜੋ ਜਾਨੈ ਤਿਸੁ ਸਦਾ ਸੁਖੁ ਹੋਇ॥ ਆਪਿ ਮਿਲਾਇ ਲਏ ਪ੍ਰਭੁ ਸੋਇ॥ ਓਹੁ ਧਨਵੰਤੁ ਕੁਲਵੰਤੁ ਪਤਿਵੰਤੁ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ॥ ਧੰਨੁ ਧੰਨੁ ਧੰਨੁ ਜਨੁ ਆਇਆ॥”।

ਸਵਾਲਃ ਜਿਸ ਤਰ੍ਹਾਂ ਦਸ ਗੁਰੂ ਸਾਹਿਬਾਨ ਵਿਚੋਂ ਪਹਿਲੇ 4 ਗੁਰੂ ਸਾਹਿਬਾਨ ਨੇ ਆਪਣੀ ਬਾਣੀ ਲਿਖੀ ਤਾਂ ਉਸਨੂੰ ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਸਮੇਤ ‘ਆਦਿ ਬੀੜ’ ਵਿੱਚ ਦਰਜ ਕਰ ਦਿੱਤਾ। ਬਾਅਦ ਵਿੱਚ ਛੇਵੇਂ, ਸੱਤਵੇਂ, ਅੱਠਵੇਂ ਗੁਰੂ ਸਾਹਿਬਾਨ ਨੇ ਬਾਣੀ ਨਹੀਂ ਲਿਖੀ, ਪਰ ਜਦੋਂ *ਨੌਵੇਂ ਗੁਰੂ ਸਾਹਿਬ ਨੇ ਬਾਣੀ ਲਿਖੀ ਤਾਂ ਉਸ ਬਾਣੀ ਨੂੰ ‘ਆਦਿ ਬੀੜ’ ਵਿੱਚ ਸ਼ਾਮਿਲ ਕਰ ਦਿੱਤਾ ਗਿਆ*। ਇਸੇ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੋਈ ਬਾਣੀ ਲਿਖੀ ਹੁੰਦੀ ਤਾਂ ਜਰੂਰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰ ਦਿੰਦੇ ਜਾਂ ਘੱਟੋ-ਘੱਟ ਉਹ ਬਾਣੀਆਂ ਤਾਂ ਜਰੂਰ ਸ਼ਾਮਿਲ ਕਰ ਦਿੰਦੇ, ਜਿਸਦਾ ਸਿੱਖਾਂ ਨੇ ਰੋਜ਼ਾਨਾ ਨਿਤਨੇਮ ਕਰਨਾ ਸੀ ਜਾਂ ਖੰਡੇ ਦੀ ਪਾਹੁਲ ਤਿਆਰ ਕਰਨ ਲਈ ਲੋੜ ਪੈਣੀ ਸੀ? ਕੀ ‘ਦਸਮ ਗ੍ਰੰਥੀ’ ਵਿਦਵਾਨਾਂ ਕੋਲ ਇਸ ਜਵਾਬ (ਗੁਰੂ ਦੀਆਂ ਗੁਰੂ ਜਾਣੇ) ਤੋਂ ਇਲਾਵਾ ਕੋਈ ਹੋਰ ਜਵਾਬ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਉਂ ਨਹੀਂ ਕੀਤੀ ਸੀ?

ਜਵਾਬਃ ਇਸ ਸਵਾਲ ਵਿੱਚ ਅਹੰਕਾਰ ਭਰਿਆ ਪਿਆ। ਅਸੀਂ ਅੰਦਾਜੇ ਲਾਵਾਂਗੇ, ਅਸੀਨ ਦੱਸਾਂਗੇ ਕੇ ਬਾਣੀ ਕਿੱਥੇ ਲਿਖੀ ਜਾਣੀ ਚਾਹੀਦੀ। ੧੪੩੦ ਪੰਨੇ ਹਸਤ ਲਿਖਤ ਕਿਤਨੀ ਵੱਡੀ ਰਚਨਾ ਹੈ। ਜਦੋਂ ਆਦਿ ਗ੍ਰੰਥ ਦਾ ਪਹਿਲਾ ਸਰੂਪ ਦਸਮ ਪਾਤਿਸ਼ਾਹ ਕੋਲ ਨਹੀਂ ਸੀ ਧੀਰਮਲੀਆਂ ਕੋਲ ਸੀ ਤਾਂ ਉਹਨਾਂ ਆਪਣਾ ਗ੍ਰੰਥ ਲਿਖ ਦਿੱਤਾ। ਇਸ ਵਿੱਚ ਦੁਬਿਧਾ ਕਿਉਂ? ਵੈਸੇ ਨਿਹੰਗ ਸਿੰਘਾਂ ਕੋਲ ਹਸਤ ਲਿਖਿਤ ਪੁਰਾਤਨ ਸਰੂਪ ਹਨ ਜਿਸ ਵਿੱਚ ਆਦਿ ਬਾਣੀ ਤੇ ਦਸਮ ਬਾਣੀ ਇੱਕੋ ਜਿਲਦ ਵਿੱਚ ਹਨ ਪਰ ਕੋਈ ਉਹਨਾਂ ਕੋਲ ਜਾ ਕੇ ਵਿਚਾਰ ਕਰਨ ਨੂੰ ਤਿਆਰ ਨਹੀਂ। ਸਵਾਲ ਪੁੱਛਣ ਵਾਲੇ ਨੂੰ ਇਹ ਨਹੀ ਪਤਾ ਕੇ ਨਾਨਕ ਪਾਤਿਸ਼ਾਹ ਦੀ ਬਾਣੀ ਕਿਸ ਨੇ ਇਕੱਤਰ ਕੀਤੀ, ਚੌਥੇ ਪਾਤਿਸ਼ਾਹ ਦੇ ਪਰਿਵਾਰ ਨੇ ਉਹਨਾਂ ਦੀ ਬਾਣੀ ਖੁਸ਼ੀ ਨਾਲ ਪੰਜਵੇਂ ਪਾਤਿਸ਼ਾਹ ਨੂੰ ਦਿੱਤੀ ਕੇ ਨਹੀਂ? ਦਾਤੂ ਦਾਸੂ ਕੌਣ ਸਨ? ਕਿਸਨੇ ਗੁਰੂ ਸਾਹਿਬ ਨੂੰ ਲੱਤ ਮਾਰ ਕੇ ਥੱਲੇ ਸੁੱਟਿਆ ਸੀ? ਕਿਸ ਨੇ ਨੌਵੇਂ ਪਾਤਿਸ਼ਾਹ ਤੇ ਗੋਲੀ ਚਲਾਈ? ਦਸਮ ਪਾਤਿਸ਼ਾਹ ਕੋਲ ਆਦਿ ਬਾਣੀ ਦਾ ਸਰੂਪ ਕਿਵੇਂ ਪਹੁੰਚਿਆ। ਨਾ ਸਵਾਲ ਕਰਤਾ ਨੇ ਇਤਿਹਾਸ ਖੋਜਿਆ, ਸਮਾਝਿਆ ਨਾ ਆਦਿ ਬਾਣੀ ਪੜੀ ਵਿਚਾਰੀ ਤੇ ਸ਼ੰਕੇ ਦੇ ਪਹਾੜ ਖੜੇ ਕਰਤੇ। ਗਿਆਨੀ ਨਾਮ ਅੱਗੇ ਆਪ ਲਾ ਕੇ ਕਿਸੇ ਨੇ ਕਿਤਾਬ ਲਿਖਤੀ ਉਹ ਮੰਨ ਲਈ। ਭਾਈ ਆਦਿ ਬਾਣੀ ਤੋਂ ਹੀ ਪੁੱਛ ਲਵੋ ਗਿਆਨੀ ਕੌਣ ਹੁੰਦਾ। ਨਿਤਨੇਮ ਸਿੱਖਾਂ ਨੂੰ ਬਖਸ਼ਿਆ ਗਿਆ ਸੀ ਕੇ ਕੁੱਝ ਮੂਲ ਉਪਦੇਸ਼ ਵੇਤੇ ਰਹਿਣ ਰੋਜ ਪੜ੍ਹਦਿਆਂ, ਅੱਜ ਮੰਤਰ ਉੱਚਾਰਨ ਬਣ ਕੇ ਰਹਿ ਗਿਆ ਹੈ। ਨਹੀਂ ਤਾਂ ਜਿਤਨਾਂ ਗਿਆਨ ਪੰਜ ਬਾਣੀਆਂ ਵਿੱਚ ਹੈ ਉਹ ਸੰਖੇਪ ਵਿੱਚ ਗਲ ਸਮਝਾਉਣ ਤੇ ਚੇਤੇ ਰੱਖਣ ਲਈ ਕਾਰਗਰ ਹੈ। ਕਿਉਂ ਤੁਹਾਨੂੰ ਇਹ ਪਤਾ ਕਰਨਾ ਕੇ ਦੋ ਵੱਖ ਗ੍ਰੰਥ ਲਿਖੇ। ਤੁਸੀਂ ਕਿਸੇ ਦੁਨਿਆਵੀ ਲੇਖਕ ਨੂੰ ਪੱਛਿਆ ਕੇ ਭਾਈ ਆਪਣੇ ਜੀਵਨ ਵਿੱਚ ਤੁੰ ੪-੫ ਕਿਤਾਬਾਂ ਕਿਉਂ ਲਿਖੀਆਂ ਇੱਕੋ ਕਿਤਾਬ ਕਿਉੰ ਨਹੀਂ ਲਿਖੀ। ਮੌਜ ਲਿਖਾਰੀ ਦੀ ਉਸਨੇ ਦੋ ਜਿਲਦਾਂ ਕਰ ਦਿੱਤੀਆਂ। ਜਾਂ ਫੇਰ ਪੜ੍ਹ ਕੇ ਸਮਝ ਲਵੋ ਦੋ ਵੱਖ ਗ੍ਰੰਥ ਕਿਉਂ ਹਨ। ਉਹ ਕਿਸੇ ਨੇ ਕਰਨਾ ਨਹੀਂ।

ਸਵਾਲਃ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੁਨਰ ਸੰਪਾਦਨਾ ਕਰਨ ਤੋਂ ਬਾਅਦ ਹਜੂਰ ਸਾਹਿਬ ਵਿੱਚ ਉਸੇ ਗ੍ਰੰਥ ਨੂੰ ਗੁਰੂ ਦਾ ਦਰਜਾ ਦੇ ਕੇ ਸਿੱਖਾਂ ਦਾ ਸਦੀਵੀ ਗੁਰੂ ਥਾਪ ਦਿੱਤਾ ਸੀ, ਜਿਸਨੂੰ ਕਈ ਸਿੱਖ ਗੁਰੂ ਅਰਜਨ ਸਾਹਿਬ ਵਲੋਂ ਸੰਪਾਦਿਤ ‘ਆਦਿ ਬੀੜ’ ਤੋਂ ਵੱਖਰਾ ਦੱਸਣ ਲਈ ‘ਦਸਵੇਂ ਪਾਤਸ਼ਾਹ ਕਾ ਗ੍ਰੰਥ’ ਕਹਿੰਦੇ ਸਨ। ਕੀ ਹੁਣ ‘ਦਸਮ ਗ੍ਰੰਥ’ ਨੂੰ ਮਾਨਤਾ ਦੇ ਕੇ ਇਹ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ: ‘ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’ ਦੀ ਉਲੰਘਣਾ ਨਹੀਂ ਕਰ ਰਹੇ?

ਜਵਾਬਃ ਇਸ ਗਲ ਦਾ ਕੋਈ ਪ੍ਰਮਾਣ ਨਹੀਂ ਕੇ “ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’” ਦਸਮ ਪਾਤਿਸ਼ਾਹ ਨੇ ਕਹਿਆ। ਜੇ ਤੁਸੀ। ਦਸਮ ਬਾਣੀ ਤੇ ਸ਼ੰਕਾ ਕਰਦੇ ਹੋੰ ਤਾਂ ਇਸ ਗਲ ਦਾ ਠੋਸ ਪ੍ਰਮਾਣ ਲੱਭੋ। ਤੁਹਾਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕੇ ਨਾਨਕ ਦਾ ਗੁਰੂ ਕੌਣ ਹੈ? ਆਦਿ ਬਾਣੀ ਵਿੱਚ ਨਾਨਕ ਪਾਤਿਸ਼ਾਹ ਆਪ ਸਵਾਲ ਦਾ ਜਵਾਬ ਦੇ ਰਹੇ ਨੇ । ਸਿੱਧਾਂ ਸਾ ਸਵਾਲ “ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥” ਜਵਾਬ ਦਿੱਤਾ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥”। ਜਦੋਂ ਜਪ ਬਾਣੀ ਵਿੱਚ ਕਹਿਆ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” ਤਾਂ ਪਹਿਲਾਂ ਇਹ ਤਾਂ ਪਤਾ ਕਰ ਲੈਂਦੇ ਕੇ ਪਵਣ ਦਾ ਭਾਵ ਕੀ ਹੈ, ਧਰਤ ਦਾ ਭਾਵ ਕੀ ਹੈ, ਮਾਤਾ ਦਾ ਭਾਵ ਕੀ ਹੈ। ਜੇ ਇਹੀ ਨਹੀਂ ਵਿਚਾਰਿਆ ਤਾਂ ਭੁਲੇਖੇ ਪੈਣੇ ਲਾਜ਼ਮੀ ਹਨ। ਹੋਰ ਬਹੁਤ ਕੁੱਝ ਗੁਰਮਤਿ ਤੋਂ ਖੋਜਣ ਵਾਲਾ ਹੈ ਉਸ ਵਲ ਧਿਆਨ ਦੇਵੋ। ਜੇ ਲਗਦਾ ਦਸਮ ਬਾਣੀ ਗੁਰੂ ਦੀ ਬਾਣੀ ਨਹੀਂ ਹੈ, ਛੱਡ ਦੇਵੋ, ਆਦਿ ਬਾਣੀ ਵਿਚਾਰ ਲਵੋ। ਜੇ ਲੋੜ ਪਰੇਗੀ ਤਾਂ ਦਸਮ ਬਾਣੀ ਵਿਚਾਰ ਲੈਣਾ।

ਸਵਾਲਃ ਜਦੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬੋਲ ਕੇ ਅਤੇ ਭਾਈ ਮਨੀ ਸਿੰਘ ਕੋਲੋਂ ਲਿਖਵਾ ਕੇ, ਦੂਸਰੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਵਾਇਆ ਸੀ ਤਾਂ ਉਹ ਚੰਗੀ ਤਰ੍ਹਾਂ ਸਮਝਦੇ ਸਨ ਕਿ ਗੁਰਬਾਣੀ ਨੂੰ ਲਿਖਣ ਦਾ ਕੀ ਢੰਗ ਤਰੀਕਾ ਹੈ।

ਜਵਾਬਃ ਜਦੋਂ ਦੂਜੀ ਵਾਰ ਸੰਪਾਦਨ ਹੋਇਆ ਤਾਂ ਕੀ ਉਹ ਹੂਬਹੂ ਪਹਿਲੀ ਵਾਰ ਵਾਲੇ ਗ੍ਰੰਥ ਦਾ ਉਤਾਰਾ ਸੀ? ਇਹ ਖੋਜ ਦਾ ਵਿਸ਼ਾ ਹੈ। ਜਦੋਂ ਗ੍ਰੰਥ ਦੁਬਾਰਾ ਲਿਖਿਆ ਤਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ ਰਾਗੁ ਗਉੜੀ ਵਿੱਚ ਪਹਿਲੀ ਵਾਰ ਪੰਨੇ ੨੧੯, ਦੂਜੀ ਵਾਰ ਰਾਗੁ ਆਸਾ ਵਿੱਚ ਪੰਨਾ ੪੧੧ ਤੇ ਦਰਜ ਹੈ। ਕੀ ਕਾਰਣ ਸੀ ਕੇ ਨੌਵੇਂ ਪਾਤਿਸ਼ਾਹ ਦੀ ਬਾਣੀ ਬਾਕੀ ਗੁਰੂ ਸਾਹਿਬਾਂ ਤੋਂ ਪਹਿਲਾਂ ਦਰਜ ਹੋਈ? ਕੀ ਕੜ੍ਹੀ ਚਲ ਰਹੀ ਸੀ ਵਿਚਾਰ ਦੀ? ਇਹ ਕਦੇ ਸਿੱਖਾਂ ਨੇ ਵਿਚਾਰਿਆ ਹੀ ਨਹੀਂ ਹੈ? ਇੱਦਾਂ ਹੀ ਨਾਨਕ ਪਾਤਿਸ਼ਾਹ ਦੀ ਬਾਣੀ ੧੩੪੨ ਪੰਨੇ ਤੇ ਅਖੀਰਲੀ ਵਾਰ ਦਰਜ ਹੈ। ਗੁਰੂਆਂ ਦੀ ਬਾਣੀ ਵਿੱਚ ਸੰਦੇਸ਼ ਦਾ ਪ੍ਰਵਾਹ ਜਿਵੇਂ ਜਿਵੇਂ ਚੱਲਿਆ ਉੱਦਾਂ ਹੀ ਉਹਨਾਂ ਦੀ ਉਚਾਰੀ ਬਾਣੀ, ਉਹਨਾਂ ਦਾ ਉਪਦੇਸ਼ ਦਰਜ ਹੁੰਦਾ ਗਿਆ। ਇਹ ਸੰਦੇਸ਼ ਕੀ ਹੈ ਬਹੁਤ ਘਟ ਲੋਗ ਵਿਚਾਰਦੇ ਤੇ ਜਾਣਦੇ ਹਨ। ਹਰੇਕ ਰਾਗੁ ਦਾ ਆਪਣਾ ਮਹੱਤ ਹੈ, ਇਹ ਵੀ ਇੱਕ ਲੜੀ ਵਿੱਚ ਨਹੀਂ ਹਨ। ਬਾਣੀ ਵਿੱਚ ਇੱਦਾਂ ਨਹੀਂ ਕੇ ਪਹਿਲਾਂ ਸਾਰੀ ਬਾਣੀ ਮ ੧ ਫੇਰ ਮ ੨… ਇੱਦਾਂ ਲਿਖੀ ਹੋਵੇ ਤੇ ਨਾ ਹੀਂ ਪਹਿਲਾਂ ਸਾਰਾ ਰਾਗੁ ਆਸਾ ਫੇਰ ਸਾਰਾ ਰਾਗੁ ਮਾਰੂ ਹੋਵੇ। ਸੋ ਦਰਜ ਲੜੀ ਨੂੰ ਸਮਝਣਾ ਪਏਗਾ। ਫੇਰ ਇੱਦਾਂ ਹੀ ਦਸਮ ਬਾਣੀ ਦੇ ਉਪਦੇਸ਼ ਵੇਖਣੇਬਪੈਣੇ ਕੀ ਲੜੀ ਚਲਦੀ ਹੈ ਤਾਂ ਪਤਾ ਲੱਗਣਾ ਕੇ ਦੋਵੇਂ ਗ੍ਰੰਥਾਂ ਨੂੰ ਵੱਖ ਰੱਖਣ ਦਾ ਕਾਰਣ ਕੀ ਹੋ ਸਕਦਾ। ਪਰ ਸਾਡੇ ਦਸਮ ਵਿਰੋਧੀ ਵੀਰ ਉੱਥੇ ਤਕ ਜਾਣਾ ਹੀ ਨਹੀਂ ਚਾਹੁੰਦੇ ਬਸ ਨਿੰਦਿਆ, ਦ੍ਵੇਸ਼, ਹਉਮੈ ਵਿੱਚ ਫਸੇ ਬਿਨਾਂ ਵਿਚਾਰ ਕੀਤੇ ਬਾਣੀ ਨੂੰ ਭੰਡ ਰਹੇ ਨੇ।

ਸਵਾਲਃ ਦਸਮ ਬਾਣੀ ਨਮਸਤੰ ਦੀ ਬਾਰ ਬਾਰ ਵਰਤੋ ਕਰਦੀ ਹੈ। ਕੀ ਇਹ ਗੁਰਮਤਿ ਹੈ? ਨਮਨ ਕਰਨ ਨਾਲ ਕੀ ਸਾਨੂੰ ਰੱਬ ਮਿਲਜੂ। ਸੂਰਜ ਚੰਦ੍ਰਮਾ ਨੂੰ ਵੀ ਨਮਨ ਕਰ ਦਿੱਤਾ।

ਜਵਾਬ
ਨਮਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਕੀਤਾ ਹੈ। ਪ੍ਰਮਾਣ

ਹਰਿ ਸੰਤਨ ਕਰਿ ਨਮੋ ਨਮੋ॥ ਨਉ ਨਿਧਿ ਪਾਵਹਿ ਅਤੁਲੁ ਸੁਖੋ॥੪॥ ਨੈਨ ਅਲੋਵਉ ਸਾਧ ਜਨੋ॥ ਹਿਰਦੈ ਗਾਵਹੁ ਨਾਮ ਨਿਧੋ॥੫॥( ਮ ੫, ਰਾਗੁ ਗਉੜੀ, ੨੪੧)

ਓੁਂ ਨਮੋ ਭਗਵੰਤ ਗੁਸਾਈ॥ ਖਾਲਕੁ ਰਵਿ ਰਹਿਆ ਸਰਬ ਠਾਈ॥੧॥ (ਮ ੫, ਰਾਗੁ ਰਾਮਕਲੀ, ੮੯੭)

ਗਰਬੰਤਿ ਨਾਰੀ ਮਦੋਨ ਮਤੰ॥ ਬਲਵੰਤ ਬਲਾਤ ਕਾਰਣਹ॥ ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ॥ ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ॥ ਨਾਨਕ ਅਨਿਕ ਬਾਰ ਨਮੋ ਨਮਹ॥੬੩॥ (ਮ ੫, ਸਲੋਕ ਸਹਸਕ੍ਰਿਤੀ, ੧੩੫੯)

ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ॥ ਸਤਿਗੁਰਏ ਨਮਹ॥ ਸ੍ਰੀ ਗੁਰਦੇਵਏ ਨਮਹ॥੧॥(ਰਾਗੁ ਗਉੜੀ ਸੁਖਮਨੀ ਮ ੫, ੨੬੨)

ਹਰਏ ਨਮਸਤੇ ਹਰਏ ਨਮਹ॥ ਹਰਿ ਹਰਿ ਕਰਤ ਨਹੀ ਦੁਖੁ ਜਮਹ॥੧॥(ਭਗਤ ਨਾਮਦੇਵ ਜੀ, ਰਾਗੁ ਗੋਂਡ, ੯੭੪)

ਮਿਰਤ ਮੋਹੰ ਅਲਪ ਬੁਧੵੰ ਰਚੰਤਿ ਬਨਿਤਾ ਬਿਨੋਦ ਸਾਹੰ॥ ਜੌਬਨ ਬਹਿਕ੍ਰਮ ਕਨਿਕ ਕੁੰਡਲਹ॥ ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤੵੰਤ ਮਾਇਆ ਬੵਾਪਿਤੰ॥ ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ॥੧੧॥(ਮ ੫, ਸਲੋਕ ਸਹਸਕ੍ਰਿਤੀ, ੧੩੫੩)

ਇਹ ਟੀਕਿਆਂ ਤੋ ਵੇਖੋ ਇੱਥੇ ਲਿਸ ਕਿਸ ਨੂੰ ਨਮਨ ਹੋ ਰਹਿਆ ਹੇ। ਪੂਰੇ ਪੂਰੈ ਸ਼ਬਦ ਵਿਚਤਰ ਲਵੋ ਜਿਹੜੇ ਪੰਨਿਆਂ ਤੇ ਇਹ ਨਮਨ ਹੋਇਆ ਹੈ। ਜੇ ਤੱਤ ਗਿਆਨ ਨਾ ਹੋਵੇ ਤਾਂ ਟੀਕਿਆਂ ਨੇ, ਦੁਨਿਆਵੀ ਸ਼ਬਦਾਰਥਾਂ ਨਾਲ ਅਰਥ ਗਲਤ ਹੀ ਨਿਕਲਣੇ।

ਚੰਦ ਸੂਰਜ ਦੀ ਸਿਫ਼ਤ
ਸਿਮਰੈ ਧਰਤੀ ਅਰੁ ਆਕਾਸਾ॥ ਸਿਮਰਹਿ ਚੰਦ ਸੂਰਜ ਗੁਣਤਾਸਾ॥ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ॥੧॥(ਰਾਗੁ ਮਾਰੂ ਸੋਲਹੇ ਮ ੫, ੧੦੭੮)

ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ॥ ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ॥੧੭੯॥ (ਸਲੋਕੁ ਭਗਤ ਕਬੀਰ ਜੀਉ ਕੇ, ੧੩੭੪)

ਚੰਦ ਸੂਰਜ ਦੇ ਗੁਰਮਤਿ ਅਰਥ ਵੀ ਵੇਖ ਲੈਂਦੇ ਹਾਂ
ਗੁਰਮਤਿ ਨੇ ਚੰਦ ਸੂਰਜ ਬਾਹਰ ਨਹੀਂ ਮੰਨੇ। ਇਹ ਤੱਤ ਗਿਆਨ ਹੈ ਕੇ ਸੂਰਜ ਔਰ ਚੰਦ ਦੋਵੇਂ ਘਟ ਭੀਤਰ ਹਨ। ਪ੍ਰਮਾਣ

ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ॥ ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ॥੨॥ ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ॥ ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ॥੩॥( ਮ ੧, ਰਾਗੁ ਬਸੰਤ, ੧੧੭੧)

ਸੂਰਜ ਹਿਰਦੇ/ਘਟ ਅੰਦਰ ਗਿਆਨ ਦੇ ਪ੍ਰਕਾਸ਼ ਦਾ ਨਾਮ ਹੈ, ਚੰਦ ਮਨ ਦਾ ਸੂਚਕ ਹੈ। ਮਾਈ – ਮਤਿ/ਬੁੱਧ ਦਾ ਅਲੰਕਾਰ ਹੈ।

ਇਹੀ ਗਿਆਨ ਦੇ ਸੂਰਜ ਦੇ ਚੜ੍ਹਨ ਦੀ ਆਸ ਰੱਖੀ ਹੈ ਭਗਤਾਂ ਨੇ

ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ॥ (ਮ ੧, ਰਾਗੁ ਸਾਰੰਗ, ੧੨੪੪”

ਬੇਨਤੀ ਹੈ ਕੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੰਗੀ ਤਰਹ ਵਿਚਾਰੀ ਜਾਵੇ ਤਾ ਕੇ ਸ਼ਬਦਾਂ ਦੇ ਗੁਰਮਤਿ ਅਰਥ ਪਤਾ ਹੋਣ। ਗੁਰਬਾਣੀ ਦਾ ਹੁਕਮ ਹੈ “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥”, “ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥

ਸਵਾਲਃ ਜੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਮਨਾਦਾਰੀ ਨਾਲ ਲੱਭੇ ਜਾਣ ਤਾਂ ਕੋਈ ਕਾਰਨ ਨਹੀਂ ਕਿ ‘ਦਸਮ ਗ੍ਰੰਥ’ ਦਾ ਮਸਲਾ ਹੱਲ ਨਾ ਹੋਵੇ

ਜਵਾਬਃ ਇਮਾਨਦਾਰੀ ਦੋ ਤਰਫ਼ਾ ਹੁੰਦੀ ਹੈ। ਹੁਣ ਤਕ ਦਸਮ ਬਾਣੀ ਦੇ ਵਿਰੋਧੀ, ਗਾਲਾਂ ਕੱਡਦੇ ਵੇਖੇ ਨੇ, ਉਹਨਾ ਪਹਿਲਾਂ ਹੀ ਸੋਚ ਲਿਆ ਅਖੌਤੀ ਗ੍ਰੰਥ ਹੈ। ਜਿਹੜੇ ਸੱਦੇ ਦੇ ਰਹੇ ਨੇ ਨਿਹੰਗ ਬਾਪੂ ਧਰਮ ਸਿੰਘ ਵਰਗੇ ਕੇ ਆਓ ਬਹਿ ਕੇ ਵਿਚਾਰ ਕਰੀਏ ਸੂਝ ਬੂਝ ਨਾਲ, ਉਹਨਾਂ ਕੋਲ ਤਾਂ ਜਾਦੇ ਨਹੀਂ। ਮਨਸ਼ਾ ਲਗਦੀ ਹੈ ਲੋਕਾਂ ਨੂੰ ਦਸਮ ਬਾਣੀ ਤੋਂ ਤੋੜਨ ਦੀ। ਜਿਹੜਾ ਸਿੱਖ ਆਦਿ ਬਾਣੀ ਨਹੀਂ ਵਿਚਾਰ ਰਹਿਆ ਉਸਨੂੰ ਵੀ ਭੁਲੇਖੇ ਵਿੱਚ ਪਾ ਰਹੇ ਨੇ। ਨਾ ਆਪ ਵਿਚਾਰ ਕਰਦੇ ਨਾ ਦੂਜੇ ਨੂੰ ਵਿਚਾਰ ਕਰਨ ਦਿੰਦੇ। ਜਿਹਨਾਂ ਨੇ ਪੜੀ ਵਿਚਾਰੀ ਹੋਈ ਹੈ ਉਹਨਾਂ ਨਾਲ ਵਿਚਾਰ ਨਹੀਂ ਕਰਦੇ। ਮਸਲਾ ਆਪ ਖੜਾ ਕੀਤਾ ਹੈ ਤੇ ਦੋਸ਼ ਵੀ ਦਸਮ ਪਾਤਿਸ਼ਾਹ ਤੇ ਵੀ ਲਾ ਰਹੇ ਨੇ। ਲਿਖਾਰੀ ਨੂੰ ਸਵਾਲ ਕਰ ਰਹੇ ਨੇ ਕੇ ਜਿਲਦ ਵੱਖਰੀ ਕਿਉਂ ਰੱਖੀ। ਕਈਆਂ ਵਿੱਚ ਗੁੱਸਾ ਭਰਿਆ ਪਿਆ ਤੇ ਇਹ ਲਗਦਾ ਨਹੀਂ ਕੇ ਆਦਿ ਬਾਣੀ ਦਾ ਕੋਈ ਵੀ ਅਸਰ ਹੋਇਆ ਹੈ। ਨਾਨਕ ਪਾਤਸ਼ਾਹ ਦੀ ਵਿਚਾਰ ਧਾਰਾ ਤਾਂ ਇਹ ਹੈ “ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ॥ ਕਸਿ ਕਸਵਟੀ ਸਹੈ ਸੁ ਤਾਉ॥ ਨਦਰਿ ਸਰਾਫ ਵੰਨੀ ਸਚੜਾਉ॥ ਜਗਤੁ ਪਸੂ ਅਹੰ ਕਾਲੁ ਕਸਾਈ॥ ਕਰਿ ਕਰਤੈ ਕਰਣੀ ਕਰਿ ਪਾਈ॥ ਜਿਨਿ ਕੀਤੀ ਤਿਨਿ ਕੀਮਤਿ ਪਾਈ॥ ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ॥੧੮॥

ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸਮਝੋ। ਕਿਸੀ ਨੇ ਆਖਿਆ ਹੈ ਕੇ ਲਾਈਲਗ ਮੋਮਨ ਨਾਲੋਂ ਖੋਜੀ ਕਾਫ਼ਰ ਚੰਗਾ ਹੁੰਦਾ ਹੈ। ਲਾਈਲੱਗ ਬੰਦਾ ਕੁਝ ਪ੍ਰਾਪਤੀ ਨਹੀਂ ਕਰ ਸਕਦਾ ਪਰ ਖੋਜੀ ਬੰਦੇ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਿੱਖ ਤਾਂ ਸਿੱਖਣ ਵਾਲੇ ਦਾ ਧਰਮ ਹੈ। “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇਸਿਆਨੇ ॥“।

Resize text