Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਨਸ਼ਾ, ਦਾਰੂ, ਮਦ, ਅਮਲ ਬਾਰੇ ਵਿਚਾਰ

ਬਹੁਤ ਸਾਰੇ ਵੀਰ ਭੈਣਾਂ ਨਸ਼ੇ ਬਾਰੇ ਸਵਾਲ ਕਰਦੇ ਹਨ। ਨਸ਼ਾ ਕੀ ਹੈ ਤੇ ਮਾੜਾ ਕਿਉਂ ਹੈ? ਗੁਰਮਤਿ ਇਸ ਬਾਰੇ ਕੀ ਆਖਦੀ ਹੈ? ਨਸ਼ਾ ਕਰਨਾ ਠੀਕ ਹੈ ਜਾਂ ਨਹੀਂ? ਨਿਹੰਗ ਸਿੰਘ ਸੁੱਖਾ ਛਕਦੇ ਹਨ ਕੀ ਇਹ ਮਾੜੀ ਗਲ ਹੈ?

ਨਸ਼ਾ ਮਨ ਦੀ ਉਹ ਸਥਿਤੀ ਹੈ ਜਿਸ ਵਿੱਚ ਮਨੁੱਖ ਨੂੰ ਸੋਝੀ ਨਾ ਰਹੇ। ਗੁਰਮਤਿ ਨਸ਼ੇ ਅਰਥ ਮਦ ਬਾਰੇ ਆਖਦੀ ਹੈ “ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ॥੨॥” – ਵਿਕਾਰ ਜਿਵੇਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਮਦਿ ਆਖਿਆ ਹੈ ਗੁਰਮਤਿ ਨੇ, ਜਿਸਦੇ ਨਸ਼ੇ ਵਿੱਚ ਗੋਬਿੰਦ ਦਾ ਗਿਆਨ ਆਪਣੇ ਮੂਲ ਦਾ ਗਿਆਨ ਬਿਸਰ ਜਾਂਦਾ ਹੈ, ਸੋਝੀ ਨਹੀਂ ਰਹਿੰਦੀ ਮਨੁੱਖ ਨੂੰ। “ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ॥ ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ॥ ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ॥ ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ॥੧॥” – ਭਗਤ ਬੇਣੀ ਜੀ ਆਖਦੇ ਹੇ ਨਰ ਤੂੰ ਉਰਧ ਤਪ ਯਾਨੀ ਉਲਟੇ ਤੱਪ ਵਿੱਚ (ਮਾਇਆ ਵਿੱਚ) ਧਿਆਨ ਧਰਕੇ, ਆਪ ਗਰਬ ਵਾਸ ਰਾਹੀਂ ਮਿਰਤਕ ਲੋਕ ਵਿੱਚ ਆਇਆਂ ਹੈ ਅਗਿਆਨਤਾ ਦੇ ਮਦ (ਨਸ਼ੇ) ਕਾਰਣ। ਇੱਥੇ ਹੁਣ ਕਸਟ ਭੋਗਦਾ ਹੈ ਨਰਹਰਿ ਪ੍ਰਭ ਨੂੰ ਬਿਸਾਰ ਕੇ। ਇੱਥੇ ਮਾਇਆ ਦਾ ਮੋਹ, ਵਿਕਾਰਾਂ ਦਾ ਨਸ਼ਾ ਹੋਇਆ ਪਿਆ ਹੈ ਇਸਨੂੰ “ਬਿਆਪਤ ਅਹੰਬੁਧਿ ਕਾ ਮਾਤਾ॥ ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ॥ ਬਿਆਪਤ ਹਸਤਿ ਘੋੜੇ ਅਰੁ ਬਸਤਾ॥ ਬਿਆਪਤ ਰੂਪ ਜੋਬਨ ਮਦ ਮਸਤਾ॥੨॥ ਬਿਆਪਤ ਭੂਮਿ ਰੰਕ ਅਰੁ ਰੰਗਾ॥ ਬਿਆਪਤ ਗੀਤ ਨਾਦ ਸੁਣਿ ਸੰਗਾ॥ ਬਿਆਪਤ ਸੇਜ ਮਹਲ ਸੀਗਾਰ॥ ਪੰਚ ਦੂਤ ਬਿਆਪਤ ਅੰਧਿਆਰ॥੩॥ ਬਿਆਪਤ ਕਰਮ ਕਰੈ ਹਉ ਫਾਸਾ॥ ਬਿਆਪਤਿ ਗਿਰਸਤ ਬਿਆਪਤ ਉਦਾਸਾ॥ ਆਚਾਰ ਬਿਉਹਾਰ ਬਿਆਪਤ ਇਹ ਜਾਤਿ॥ ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ॥੪॥”। ਬਿਆਪਕ/ਵਿਆਪਕ ਦਾ ਅਰਥ ਹੁੰਦਾ ਹੈ ਫੈਲਿਆ ਹੋਇਆ ਜਾਂ ਪਸਰਿਆ ਹੋਇਆ। ਮਾਇਆ ਦੇ ਨਸ਼ੇ ਦੇ ਉਤਰਨ ਦਾ ਇੱਕੋ ਮਾਰਗ ਹੈ, ਉਹ ਹੈ ਮਨ ਸਾਧ ਕੇ “ਕਾਮ ਕ੍ਰੋਧ ਲੋਭ ਮਦ ਖੋਏ॥ ਸਾਧ ਕੈ ਸੰਗਿ ਕਿਲਬਿਖ ਸਭ ਧੋਏ॥੩॥” ਸਾਧ ਕੋਈ ਬਾਹਰ ਦੁਨੀਆਂ ਵਿੱਚ ਨਹੀਂ ਮਿਲਣੇ ਜਿਵੇਂ ਕੋਈ ਸੰਸਾਰੀ ਬੰਦਾ ਆਪਣੇ ਨਾਮ ਦੇ ਅੱਗੇ ਸਾਧ ਲਗਾਉਣ ਲਗ ਪਏ ਜਾਂ ਚੇਲਿਆਂ ਦੇ ਪ੍ਰਚਾਰ ਕਾਰਨ ਲੋਗ ਕਿਸੇ ਨੂੰ ਸਾਧ ਆਖਣਾ ਸ਼ੁਰੂ ਕਰ ਦੇਣ ਉਹ ਸਾਧ ਨਹੀਂ ਹੁੰਦਾ। ਇਹ ਮਨ ਨੂੰ ਸਾਧ ਕੇ ਕਾਬੂ ਕਰਕੇ ਮਿਲਣਾ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥

ਜਗ ਰਚਨਾ ਨੂੰ ਝੂਠ ਕਹਿਆ ਗੁਰਮਤਿ ਵਿੱਚ ਤੇ ਸਤਿ/ਸੱਚ ਕੇਵਲ ਜੋਤ ਹੈ, ਅਕਾਲ ਹੈ ਉਸਦਾ ਹੁਕਮ ਹੈ ਜੋ ਖਰਦਾ ਨਹੀਂ ਸਦੀਵ ਰਹਿੰਦਾ ਹੈ ਬਦਲਦਾ ਨਹੀਂ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥“, ਜਿਹੜੇ ਵਿਕਾਰਾਂ ਦੀ ਸੇਵਾ ਕਰਦੇ ਹਨ ਮਨ ਦੀ ਮਤਿ ਤੇ ਚਲਦੇ ਹਨ ਉਹ ਮਾਇਆ ਦੇ ਨਸ਼ੇ ਵਿੱਚ ਚੂਰ ਗੁਰਮਤਿ ਤੋਂ ਸਦੀਵ ਦੂਰ ਰਹਿੰਦੇ ਹਨ। ਇੱਕ ਪਾਸੇ ਉਹ ਹਨ ਜੋ ਸਚ ਦੀ ਖੋਜ ਕਰਦੇ ਹਨ ਗੁਰਮਤਿ ਦੇ ਗਿਆਨ ਦੀ ਇੱਛਾ ਰੱਖਦੇ ਹਨ ਤੇ ਦੂਜੇ ਪਾਸੇ ਉਹ ਹਨ ਜੋ ਆਪਣੀ ਮਤਿ ਜਾਂ ਮਨਮਤਿ ਦੇ ਨਸ਼ੇ ਵਿੱਚ ਚੂਰ ਰਹਿੰਦੇ ਹਨ “ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ॥ ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ॥ ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ॥ ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ॥ ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ॥੧੯॥”। ਗੁਰਮਤਿ ਦਾ ਫ਼ੁਰਮਾਨ ਹੈ ਕੇ ਵਿਕਾਰਾਂ ਦੇ, ਮਾਇਆ ਦੇ, ਮਨਮਤਿ ਦੇ ਨਸ਼ੇ ਵਿੱਚ ਚੂਰ ਮਨੁੱਖ ਅਗਿਆਨਤਾ ਦੀ ਨੀਂਦ ਸੁੱਤਾ ਹੁੰਦਾ ਹੈ “ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ॥ ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ॥ ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ॥ ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ॥ ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ॥੧੨,॥”, “ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ॥ ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ॥੪॥

ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ॥ ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ॥੧॥

ਦੁਰਮਤਿ ਦੇ ਨਸ਼ੇ ਵਿੱਚ ਤਾਂ ਹਰ ਪ੍ਰਾਣੀ ਹੈ ਪਰ ਜੋ ਰਾਮ ਦੇ ਨਾਮ (ਸੋਝੀ) ਵਿੱਚ ਰੱਤੇ ਨੇ, ਭਿੱਜੇ ਨੇ ਉਹਨਾਂ ਨੂੰ ਸੱਚਾ ਅਮਲੀ ਆਖਿਆ ਹੈ ਗੁਰਮਤਿ ਨੇ “ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥ ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥

ਗੁਰਮਤਿ ਨੇ ਜਿਸਨੂੰ ਮਦ/ਨਸ਼ਾ ਮੰਨਿਆ ਹੈ, ਨਿਚਲੀਆਂ ਪੰਕਤੀਆਂ ਪੜ੍ਹ ਕੇ ਦੱਸਿਓ ਨਸ਼ੇ ਵਿੱਚ ਕੌਣ ਕੌਣ ਨਹੀਂ ਹੈ?

”ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ॥ ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ॥੧॥”

”ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ॥ ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ॥੧॥”

”ਸੁਆਦ ਬਾਦ ਈਰਖ ਮਦ ਮਾਇਆ॥ ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ॥੩॥”

”ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ॥ ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ॥੨॥”

”ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ॥੧॥”

”ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ॥ ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ॥” – ਲਾਲਚ ਝੂਠ ਬਿਕਾਰ/ਵਿਕਾਰ ਨੂੰ ਮਹਾ ਮਦ ਆਖਿਆ ਹੈ ਕਬੀਰ ਜੀ ਨੇ।

”ਸਭ ਮਦ ਮਾਤੇ ਕੋਊ ਨ ਜਾਗ॥ ਸੰਗ ਹੀ ਚੋਰ ਘਰੁ ਮੁਸਨ ਲਾਗ॥੧॥”

”ਤਾ ਤੇ ਕਰਣ ਪਲਾਹ ਕਰੇ॥ ਮਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ॥੧॥”

”ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ॥”

”ਮਿਥਿਆ ਵਸਤੁ ਸਤਿ ਕਰਿ ਮਾਨੀ॥ ਹਿਤੁ ਲਾਇਓ ਸਠ ਮੂੜ ਅਗਿਆਨੀ॥ ਕਾਮ ਕ੍ਰੋਧ ਲੋਭ ਮਦ ਮਾਤਾ॥ ਕਉਡੀ ਬਦਲੈ ਜਨਮੁ ਗਵਾਤਾ॥ ਅਪਨਾ ਛੋਡਿ ਪਰਾਇਐ ਰਾਤਾ॥ ਮਾਇਆ ਮਦ ਮਨ ਤਨ ਸੰਗਿ ਜਾਤਾ॥ ਤ੍ਰਿਸਨ ਨ ਬੂਝੈ ਕਰਤ ਕਲੋਲਾ॥”

”ਊਨੇ ਕਾਜ ਨ ਹੋਵਤ ਪੂਰੇ॥ ਕਾਮਿ ਕ੍ਰੋਧਿ ਮਦਿ ਸਦ ਹੀ ਝੂਰੇ॥ ਕਰੈ ਬਿਕਾਰ ਜੀਅਰੇ ਕੈ ਤਾਈ॥ ਗਾਫਲ ਸੰਗਿ ਨ ਤਸੂਆ ਜਾਈ॥੨॥ ”

”ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥੧॥”

”ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ॥੨॥”

ਗੁਰਮਤਿ ਨੇ ਸੱਚਾ ਮਦ/ਨਸ਼ਾ ਦੱਸਿਆ ਹੈ ਨਾਮ (ਸੋਝੀ) ਨੂੰ ਗਿਆਨ ਨੂੰ “ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ॥੧॥

”ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ॥ ਆਨੰਦ ਮਗਨ ਰਸਿ ਰਾਮ ਰੰਗਿ ਨਾਨਕ ਸਰਨਾਗੈ॥”

”ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ॥ ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ॥”

”ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ॥ ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ॥”

ਅਗਿਆਨਤਾ ਦੇ ਮਦ/ਨਸ਼ੇ ਕਾਰਣ ਇਸਨੂੰ ਚੇਤਾ ਹੀ ਨਹੀਂ ਕੇ ਇਹ ਆਪ ਜੋਤ ਸਰੂਪ ਹੈ “ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ॥ ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ॥੨॥”

”ਸਾਧੋ ਇਹੁ ਜਗੁ ਭਰਮ ਭੁਲਾਨਾ॥ ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ॥੧॥ ਰਹਾਉ॥ ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ॥ ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ॥੧॥”

”ਅਨਦ ਬਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ॥ ਆਪਨੜੈ ਪ੍ਰਭਿ ਆਪਿ ਸੀਗਾਰੀ ਸੋਭਾਵੰਤੀ ਨਾਰੇ ਰਾਮ॥ ਸਹਜ ਸੁਭਾਇ ਭਏ ਕਿਰਪਾਲਾ ਗੁਣ ਅਵਗਣ ਨ ਬੀਚਾਰਿਆ॥ ਕੰਠਿ ਲਗਾਇ ਲੀਏ ਜਨ ਅਪੁਨੇ ਰਾਮ ਨਾਮ ਉਰਿ ਧਾਰਿਆ॥ ਮਾਨ ਮੋਹ ਮਦ ਸਗਲ ਬਿਆਪੀ ਕਰਿ ਕਿਰਪਾ ਆਪਿ ਨਿਵਾਰੇ॥ਕਹੁ ਨਾਨਕ ਭੈ ਸਾਗਰੁ ਤਰਿਆ ਪੂਰਨ ਕਾਜ ਹਮਾਰੇ॥੩॥”

”ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ॥ ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ॥੧॥”

”ਮਨ ਕਾ ਕਹਿਆ ਮਨਸਾ ਕਰੈ॥ ਇਹੁ ਮਨੁ ਪੁੰਨੁ ਪਾਪੁ ਉਚਰੈ॥ ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ॥ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ॥੧॥ ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ॥ ਬਿਨੁ ਨਾਵੈ ਕਿਛੁ ਸੰਗਿ ਨ ਜਾਨਾ॥੧॥”

”ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ॥ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ॥੧॥”

”ਮਾਈ ਮੈ ਮਨ ਕੋ ਮਾਨੁ ਨ ਤਿਆਗਿਓ॥ ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ॥੧॥ ਰਹਾਉ॥ ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ॥ ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ॥੧॥”

”ਝੂਠੋ ਮਾਇਆ ਕੋ ਮਦ ਮਾਨੁ॥ ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ॥੧॥ ”

ਹੁਣ ਪੜ੍ਹਨ ਵਾਲੇ ਇਹ ਸੋਚਣ ਕੇ ਉਹ ਨਸ਼ੇ ਵਿੱਚ ਹਨ ਕੇ ਨਹੀਂ? ਜਿਹੜਾ ਸ਼ਰਾਬ/ਅਫ਼ੀਮ/ਗਾਂਜੇ ਦਾ ਨਸ਼ਾ ਹੈ ਉਹ ਤਾਂ ੧੦-੧੨ ਘੰਟਿਆਂ ਵਿੱਚ ਭਾਵੇਂ ਉੱਤਰ ਵੀ ਜਾਵੇ ਪਰ ਵਿਕਾਰਾਂ ਦਾ ਨਸ਼ਾ, ਹਉਮੈ ਦਾ ਨਸ਼ਾ ਤਾ ਸਾਰਾ ਜੀਵਨ ਨਹੀਂ ਉਤਰਦਾ। ਹੁਣ ਇੱਥੇ ਇਹ ਨਹੀਂ ਕਹਿਆ ਜਾ ਰਹਿਆ ਕੇ ਸ਼ਰਾਬ/ਅਫ਼ੀਮ/ਗਾਂਜੇ ਦਾ ਨਸ਼ਾ ਕਰਨਾ ਸਹੀ ਹੈ।

ਦਾਰੂ ਦਾ ਅਰਥ ਗੁਰਮਤਿ ਵਿੱਚ ਦਵਾ ਦੇ ਰੂਪ ਵਿੱਚ ਹੀ ਹੋਇਆ ਹੈ ਜਿਵੇਂ

”ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥”,

”ਹਰਿ ਹਰਿ ਨਾਮੁ ਦੀਓ ਦਾਰੂ ॥”

”ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥”

ਨਿਹੰਗ ਨਸ਼ਾ ਕਿਉਂ ਕਰਦੇ?

ਬੱਚਾ ਪੈਦਾ ਕਰਨ ਵੇਲੇ ਜੇ ਵੱਡਾ ਆਪਰੇਸ਼ਨ ਕਰਨਾ ਹੋਵੇ, ਨਸ਼ਾ ਦੇ ਕੇ ਜੇ ਬੀਬੀ ਨੂੰ ਨਾ ਆਪਰੇਸ਼ਨ ਕੀਤਾ ਜਾਵੇ ਮੌਤ ਹੋ ਸਕਦੀ ਹੈ। ਆਪਰੇਸ਼ਨ ਕਰਨ ਲੱਗੇ ਵੀ ਬੇਸੁਧ ਕਰਨਾ ਪੈਂਦਾ। ਇਹ ਇਲਾਜ ਕਰਨ ਲਾੀ ਜ਼ਰੂਰੀ ਹੈ। ਜੰਗਾ ਜੁੱਧਾਂ ਵਿੱਚ ਸੱਟ ਲਗਦੀ, ਫੱਟ ਪੈਂਦੇ, ਨੀਲ ਪੈਂਦੇ, ਘੁੜਸਵਾਰੀ ਕਰਦੇ ਅਨੇਕਾਂ ਸੱਟਾਂ ਵੱਜਦੀਆਂ। ਜਦੋਂ ਮਕਸਦ ਵੱਡਾ ਹੋਵੇ ਸੱਚ ਲਈ ਲੜਨਾ ਹੋਵੇ ਤਾਂ ਦਵਾ ਦਾਰੂ ਕਰਨੀ ਪੈਂਡਮਦੀ ਹੈ। ਜਾ ਕੇ ਵੇਖੋ ਕਦੇ ਨਿਹੰਗਾਂ ਦੀ ਛੌਣੀਆਂ ਵਿੱਚ ਨਿਹੰਗ ਸਿੰਘਾਂ ਨੂੰ ਵਿਚਰਦੇ ਵੇਖੋ ਪਤਾ ਲੱਗੀ ਕੇ ਫੌਜੀ ਜੀਵਨ ਵਿੱਚ ਕੀ ਕੀ ਹੁੰਦਾ। ਜਿਹਨਾਂ ਦੇ ਢਿੱਡ ਭਰੇ ਘਰੇ ਬੈਠੇ ਗੱਲਾਂ ਕਰਨਾ ਬਹੁਤ ਸੌਖਾ। ਨਿਹੰਗ ਹੀ ਕੇਵਲ ਇੱਕ ਤਬਕਾ ਹੈ ਸਿੱਖਾਂ ਵਿੱਚ ਜਿਹਨਾਂ ਜੰਗੀ ਜੀਵਨ ਅੱਜ ਵੀ ਰੱਖਿਆ। ਜਿਸਨੂੰ ਨਸ਼ਾ ਆਖਦੇ ਅੰਗ੍ਰੇਜਾਂ ਦੇ ਆਉਣ ਤੋਂ ਪਹਿਲਾਂ ਤਕਰੀਬਨ ਹਰ ਘਰ ਵਿੱਚ ਸੁਖੇ ਦੀ ਵਰਤੋ ਹੁੰਦੀ ਸੀ। ਕਿਸਾਨ ਥੱਕ ਕੇ ਇਸਦੀ ਵਰਤੋ ਕਰਦੇ ਸੀ ਥਕਾਨ ਦੂਰ ਕਰਨ ਲਈ। ਪਸੂਆਂ ਨੂੰ ਚਾਰੇ ਵਿੱਚ ਪਾ ਕੇ ਦਿੰਦੇ ਸੀ ਉਹਨਾਂ ਨੂੰ ਬਿਮਾਰੀ ਤੋ ਬਚਾਉਣ ਲਈ। ਇਹ ਪਿੰਡਾਂ ਵਿੱਚ ਘਰਾਂ ਵਿੱਚ ਆਮ ਹੀ ਉਗ ਜਾਦੀ ਸੀ। ਅੱਜ ਰਿਸਰਚ ਤੋੰ ਸਾਬਿਤ ਹੋ ਗਿਆ ਹੈ ਕੇ ਇਸ ਨਾਲ ਕੈਂਸਰ, ਡਿਪਟੈਸ਼ਨ, ਮਾਈਗ੍ਰੇਨ ਤੇ ਹੋਰ ਅਨੇਕਾਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਸੁੱਖੇ ਦੀ ਵਰਤੋ, ਗਾਂਜਾ, ਅਫ਼ੀਮ ਦੀ ਵਰਤੋ ਦਵਾ ਦਾਰੂ ਲਈ ਆਮ ਹੁੰਦੀ ਸੀ। ਅੱਜ ਇਹ ਛੱਡ ਕੇ ਲੱਖਾਂ ਦੀਆਂ ਦਵਾਈਆਂ ਖਾਣ ਨੂੰ ਆਪਰੇਸ਼ਨ ਤਕ ਨੂੰ ਲੋਗ ਤਿਆਰ ਹਨ ਪਰ ਪਰਮੇਸਰ ਨੇ ਸ੍ਰਿਸਟੀ ਵਿੱਚ ਮੁਫ਼ਤ ਜੋ ਇਲਾਜ ਦਿੱਤਾ ਹੈ ਉਸਨੂੰ ਨਹੀਂ ਵਰਤਣਾ। ਹਰ ਵਸਤੂ ਦੀ ਦੁਰ ਵਰਤੋ ਹੁੰਦੀ ਹੈ। ਸਹੀ ਮਾਤ੍ਰਾ ਵਿੱਚ ਲਏ ਦਵਾਈ ਦਾ ਕੰਮ ਕਰਦੀ ਹੇ ਜੇ ਲੋੜ ਤੋਂ ਜਿਆਦਾ ਸੇਵਨ ਹੋਵੇ ਜਰੇਕ ਖਾੜ ਪੀਣ ਦੀ ਵਸਤੂ ਨੁਕਸਾਨ ਕਰਦੀ ਹੈ। ਚੀਨੀ ਘਿਉ ਜਿਆਦਾ ਖਾ ਕੇ ਲੋਗ ਸ਼ੂਗਰ ਮੋਟਾਪਾ ਕੈਂਸਰ ਤੱਕ ਕਰਾ ਲੈਂਦੇ ਹਨ, ਸੁੱਖਾ ਵੀ ਜੇ ਸਹਜ ਨਾਲ ਵਰਤਿਆ ਜਾਵੇ ਤਾਂ ਦੇਸੀ ਦਵਾਈਆਂ ਵਿੱਚ ਇਸਦੀ ਵਰਤੋ ਪਰਵਾਨ ਹੈ। ਦਸਮ ਪਾਤਿਸ਼ਾਹ ਨੇ ਸੁੱਖੇ ਦੀ ਵਰਤੋ ਦੀ ਮਨਾਹੀ ਨਹੀਂ ਕੀਤੀ ਹੈ। ਪੁਰਾਤਨ ਗ੍ਰੰਥਾਂ ਵਿੱਚ ਇਸਦੀ ਵਰਤੋ ਦੇ ਪ੍ਰਮਾਣ ਵੀ ਮਿਲਦੇ ਹਨ। ਆਯੁਰਵੇਦ, ਯੂਨਾਨੀ ਤੇ ਹੋਰ ਕਈ ਦੇਸੀ ਦਵਾਈਆਂ ਵਿੱਚ ਸੁੱਖਾ ਬੇਸ ਹੁੰਦਾ ਸੀ ਜਿਵੇਂ ਕਈ ਐਲੋਪੈਥੀ ਦੀਆਂ ਦਵਾਈਆਂ ਵਿੱਚ ਐਲਕੋਹੋਲ ਬੇਸ ਹੈ। ਸੁੱਖੇ ਦੀ ਵਰਤੋ ਬ੍ਰਹਮ ਗਿਆਨ ਨਹੀਂ ਹੈ ਇਸ ਲਈ ਇਸਦਾ ਵਰਣਨ ਆਦਿ ਬਾਣੀ ਜਾ ਦਸਮ ਬਾਣੀ ਵਿੱਚ ਬ੍ਰਹਮ ਗਿਆਨ ਦੇਣ ਲਈ ਨਹੀਂ ਹੋਇਆ। ਅਮਲ ਤਾਂ ਮਨੁੱਖ ਕਈ ਸੰਸਾਰੀ ਵਸਤੂਆਂ ਦਾ ਕਰੀ ਬੈਠਾ ਹੈ। ਮਾਇਆ ਦੇ ਤੇ ਵਿਕਾਰਾਂ ਦੇ ਨਸ਼ੇ ਵਿੱਚ ਚੂਰ ਬੈਠਾ ਹੈ। ਜੇ ਨਸ਼ਾ ਛੱਡ ਕੇ ਧਰਮੀ ਬਣਨਾ ਹੈ ਤਾਂ ਪਹਿਲਾਂ ਮਾਇਆ ਦਾ, ਲੋਭ ਦਾ, ਚੁਗਲੀ ਦਾ, ਝੂਠ ਦਾ, ਕਾਮ, ਕ੍ਰੋਧ ਅਹੰਕਾਰ ਦਾ ਨਸ਼ਾ ਵੀ ਛੱਡੋ ਜਿਹਨਾਂ ਨੂੰ ਗੁਰਮਤਿ ਮਹਾ ਮਦ ਆਖ ਰਹੀ ਹੈ।

ਚੇਤੇ ਰਹੇ “ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥ ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥”, ਇਸ ਲਈ ਗੁਰਮਤਿ ਨੂੰ ਪੜ੍ਹ ਕੇ, ਸਮਝ ਕੇ, ਖੋਜ ਕੇ, ਸਹਜ ਨਾਲ ਪ੍ਰੇਮ ਨਾਲ ਵਿਚਾਰ ਕਰੋ। ਬਾਣੀ ਨੂੰ ਮੰਤ੍ਰਾਂ ਵਾਂਗ ਰੱਟ ਕੇ ਨਹੀਂ ਬ੍ਰਹਮ ਵਿਦਿਆ ਸਮਝ ਕੇ ਇਸ ਤੋਂ ਨਾਮ (ਸੋਝੀ) ਲੈਣੀ ਹੈ ਤਾਂ ਕੇ ਦੁਰਮਤਿ ਮਦ ਅਰਥ ਵਿਕਾਰਾਂ ਦਾ ਨਸ਼ਾ ਉਤਰ ਸਕੇ।