ਵੇਦ, ਕਤੇਬ, ਗ੍ਰੰਥ, ਪੋਥੀ ਅਤੇ ਰਚਨਾ
ਜਦੋਂ ਗੁਰਮਤਿ ਦੀ ਗੱਲ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆਉਂਦੀ ਹੈ ਤਾਂ ਸਿੱਖ ਬਹੁਤ ਹੀ ਭਾਵੁਕ ਹੈ। ਸਿੱਖ ਦਾ ਪ੍ਰੇਮ ਗੁਰੂ ਗ੍ਰੰਥ ਸਾਹਿਬ ਜੀ ਨਾਲ ਉੱਦਾਂ ਹੀ ਹੈ ਜਿਵੇਂ ਇੱਕ ਬੱਚੇ ਦਾ ਆਪਣੇ ਮਾਂ ਪਿਉ ਨਾਲ ਹੁੰਦਾ ਹੈ। ਇਹ ਬਹੁਤ ਚੰਗੀ ਗੱਲ ਹੈ। ਸਾਨੂੰ ਆਪਣੇ ਗੁਰੂ ਨਾਲ ਪ੍ਰੇਮ ਹੋਣਾ ਗੁਰੂ ਤੇ ਮਾਣ ਹੋਣਾ ਜ਼ਰੂਰੀ ਹੈ ਕਿਉਂ ਕੇ ਇਹ ਸਾਨੂੰ ਨਾ ਕੇਵਲ ਗਿਆਨ ਤੇ ਸੋਝੀ ਬਖ਼ਸ਼ਦੇ ਹਨ ਬਲ ਕੇ ਸਾਨੂੰ ਭਗਤਾਂ, ਗੁਰੂ ਸਾਹਿਬਾਨ, ਭੱਟ ਸਾਹਿਬਾਨ ਦੀ ਮੌਜੂਦਗੀ ਦਾ ਅਹਿਸਾਸ ਵੀ ਕਰਾਉਂਦੇ ਹਨ। ਸਿੱਖ ਨੂੰ ਆਪਣੀ ਅਧਿਆਤਮਿਕ ਸਿੱਖਿਆ, ਨਾਮ (ਸੋਝੀ) ਤੇ ਧਰਮ ਦੀ ਸਿੱਖਿਆ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਸਿੱਖ ਆਪਣੇ ਗੁਰੂ ਨੂੰ ਲੈਕੇ ਕਈ ਵਾਰ ਭਾਵੁਕ ਵੀ ਹੋ ਜਾਂਦਾ ਹੈ ਜੋ ਉਸਦੀ ਆਸਥਾ ਦਾ ਪ੍ਰਤੀਕ ਵੀ ਹੈ। ਕਈ ਵਾਰ ਇਸੀ ਆਸਥਾ ਵਿੱਚ ਅਸੀਂ ਗੁਰੂ ਦਾ ਉਪਦੇਸ਼ ਭੁੱਲ ਵੀ ਜਾਂਦੇ ਹਾਂ। ਸਾਨੂੰ ਇਹ ਅਹਿਸਾਸ ਹੋਣਾ ਕੇ ਸਿੱਖਿਆ ਗੁਰੂ ਤੋਂ ਲੈਣੀ ਹੈ ਠੀਕ ਹੈ ਪਰ ਇਸੇ ਆਸਥਾ ਵਿੱਚ ਇਹ ਨਹੀਂ ਭੁੱਲਣਾ ਕੇ ਗੁਰੂ ਵੇਦ (ਬੇਦ), ਕਤੇਬ, ਦੂਜੇ ਗ੍ਰੰਥਾਂ, ਤੇ ਧਾਰਮਿਕ ਰਚਨਾਵਾਂ ਬਾਰੇ ਕੀ ਸਮਝਾਉਂਦੇ ਹਨ। ਇਸ ਲੇਖ ਵਿੱਚ ਅਸੀਂ ਇਹੀ ਵਿਚਾਰ ਕਰਾਂਗੇ ਕੇ ਸਾਨੂੰ ਗੁਰੂ ਦੀ ਸਿੱਖਿਆ ਲੈਂਦੇ ਹੋਏ ਦੂਜੇ ਧਰਮ ਗ੍ਰੰਥਾਂ ਨੂੰ ਕਿਵੇ ਵੇਖਣਾ ਹੈ।
ਗੁਰਬਾਣੀ ਦਾ ਫੁਰਮਾਨ ਹੈ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ ਸਗਲ ਕ੍ਰਿਆ ਮਹਿ ਊਤਮ ਕਿਰਿਆ॥ ਸਾਧਸੰਗਿ ਦੁਰਮਤਿ ਮਲੁ ਹਿਰਿਆ॥(ਰਾਗੁ ਗਉੜੀ, ਮ ੫, ੨੬੬)” – ਇਸ ਤੋਂ ਭਾਵ ਹੈ ਕੇ ਹਰਿ ਦਾ ਨਾਮ (ਸੋਝੀ) ਪ੍ਰਾਪਤ ਕਰਨਾ ਹੀ ਜੀਵ ਦਾ ਧਰਮ ਹੈ। ਨਾਮ ਬਾਰੇ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”। ਗਿਆਨ ਲੈਣਾ ਹੀ ਸਬ ਤੋਂ ਵੱਡਾ ਧਰਮ ਹੈ। ਧਰਮ ਬਾਰੇ ਵਿਸਥਾਰ ਵਿੱਚ ਜਾਨਣ ਲਈ ਵੇਖੋ “ਧਰਮ”। ਗੁਰਬਾਣੀ ਦਾ ਉਪਦੇਸ਼ ਹੈ “ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥ ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ॥(ਰਾਗੁ ਰਾਮਕਲੀ, ਮ ੩, ੯੧੯)” – ਹੁਣ ਇਸਦਾ ਸਿੱਧਾ ਅਰਥ ਹੈ ਕੇ ਉੱਤਮ ਨਾਮ (ਸੋਝੀ) ਵੇਦਾਂ ਵਿੱਚ ਵੀ ਹੈ ਪਰ ਅਸੀਂ ਨਾ ਸੁਣ ਕੇ ਬੇਤਾਲੇ ਫਿਰਦੇ ਹਾਂ। “ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥”। ਜਿਸਨੇ ਸੱਚ ਨੂੰ ਤੱਜ (ਛੱਡ) ਦਿੱਤਾ ਉਹ ਕੂੜ ਭਾਵ ਵਿਕਾਰਾਂ ਮਗਰ ਲੱਗ ਕੇ ਜਨਮ ਦਾ ਜੂਆ ਹਾਰ ਗਏ। ਆਪਣੀ ਆਸਥਾ ਵਿੱਚ ਅਸੀਂ ਦੂਜੇ ਨੂੰ ਮਾੜਾ ਨਹੀਂ ਆਖਣਾ। ਨਾਨਕ ਪਾਤਿਸ਼ਾਹ ਜੀ ਆਖਦੇ ਹਨ “ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥” – ਅਨੇਕਾਂ ਸ਼੍ਰੇਣੀਆਂ ਹਨ ਜੀਵਾਂ ਦੀਆਂ, ਅਨੇਕਾਂ ਬਾਣੀਆਂ (ਭਾਸ਼ਾਵਾਂ) ਹਨ ਤੇ ਨਰਿੰਦ (ਅਕਾਲ/ਮੂਲ/ਪ੍ਰਭ/ਪਰਮੇਸਰ/ਰੱਬ) ਤਕ ਪਹੁੰਚਣ ਦੇ ਅਨੇਕ ਰਾਹ ਹਨ। ਸੋ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਅਸੀਂ ਨੀਚਾ ਨਹੀਂ ਸਮਝ ਸਕਦੇ। ਗਿਆਨ ਤਾਂ ਪੂਰੀ ਸ੍ਰਿਸਟੀ ਵਿੱਚ ਪਿਆ ਹੈ, ਇਸ ਗੱਲ ਨੂੰ ਹੀ ਗੁਰੂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕੇ ਜਿੱਥੋਂ ਵੀ ਗਿਆਨ ਮਿਲੇ ਲੈ ਲਵੋ। ਗੁਣਾਂ ਦੀ ਵਿਚਾਰ ਤਾਂ ਸਾਰੇ ਧਰਮਾਂ ਨੇ ਕੀਤੀ ਹੈ। ਭਰੇ ਪਏ ਨੇ ਅਨੇਕਾਂ ਗ੍ਰੰਥ, ਪੋਥੀਆਂ, ਵੇਦ, ਕਤੇਬ ਗੁਣਾਂ ਦੀ ਵਿਚਾਰ ਨਾਲ। ਜਿਸਦੀ ਜਿਤਨੀ ਸਮਝ ਸੀ, ਲੋੜ ਸੀ ਉਸਨੇ ਆਪਣੇ ਵੱਲੋਂ ਗੁਣਾਂ ਦੀ ਵਿਚਾਰ ਕੀਤੀ ਹੈ। ਫੇਰ ਮਾੜਾ ਕਿਸੇ ਨੂੰ ਕਿਉਂ ਆਖਣਾ? ਊਚ ਨੀਚ ਦੀ ਚਿੰਤਾ ਛੱਡੋ। ਜੇ ਕਿਸੇ ਵਿਦਿਆਰਥੀ ਦਾ ਵਿਸ਼ਾ ਡਾਕਟਰੀ ਹੋਵੇ ਤਾਂ ਉਹ ਇਹ ਨਹੀਂ ਆਖਦਾ ਕੇ ਮੈਂ ਗਣਿਤ ਨਹੀਂ ਪੜ੍ਹਨਾ। ਜੇ ਕਿਸੇ ਨੂੰ ਇਹ ਲਗਦਾ ਹੈ ਕੇ ਦੂਜੇ ਧਰਮ ਗ੍ਰੰਥ ਪੜ੍ਹ ਲਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ ਘਟਦਾ ਹੈ ਤਾਂ ਉਸਦਾ ਵਿਸ਼ਵਾਸ ਗੁਰੂ ਤੇ ਕੱਚਾ ਹੈ। ਨਿੰਦਿਆ ਬਾਰੇ ਗੁਰੂ ਦਾ ਉਪਦੇਸ਼ ਹੈ ਕੇ ਸਿੱਖ ਨੇ ਕਿਸੇ ਦੀ ਨਿੰਦਿਆ ਨਹੀਂ ਕਰਨੀ। ਕਿਸੇ ਦੇ ਵਿਸ਼ਵਾਸ ਦਾ ਮਜ਼ਾਕ ਨਹੀਂ ਬਣਾਉਣਾ।
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥
ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥
ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥
ਪਰ ਨਿੰਦਾ ਬਹੁ ਕੂੜੁ ਕਮਾਵੈ ॥
ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥
ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨੑ ਗੁਰ ਕੀ ਦਾਤਿ ਨ ਭਾਈ ॥੪॥
ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥
ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਸਾਰਿਓ ॥
ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥
ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥
ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥
ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੑੀ ਬਿਪਰੀਤਿ ॥੧॥
ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤਿ ਨ ਲਾਗੈ ॥
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥
ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ ॥
ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ ॥੧॥
ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥
ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਦਾਰਨਾ ॥੩॥
ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ॥ ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ॥
ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ ॥
ਛੋਡਿਹੁ ਨਿੰਦਾ ਤਾਤਿ ਪਰਾਈ॥ ਪੜਿ ਪੜਿ ਦਝਹਿ ਸਾਤਿ ਨ ਆਈ॥ ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ॥
ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥
ਗੁਰਬਾਣੀ ਦਾ ਫੁਰਮਾਨ ਹੈ “ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ॥ ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ॥੫॥ ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥ ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ॥੬॥ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥੭॥ ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ॥ ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ॥” – ਜਦੋ ਆਖਿਆ ਵੇਦ ਬ੍ਰਹਮੇ ਕੋ ਦੀਏ ਤਾਂ ਸਾਡੇ ਵਿਦਵਾਨਾਂ ਨੂੰ ਲਗਦਾ ਕੇ ਬ੍ਰਹਮਾ ਕਿਸੇ ਦੁਜੇ ਧਰਮ ਦਾ ਦੇਵਤਾ ਹੈ। ਗੁਰਬਾਣੀ ਤੋਂ ਬ੍ਰਹਮ ਕੀ ਹੈ ਸਮਝਿਆ ਨਹੀਂ, ਗੁਰਬਾਣੀ ਨੇ ਬ੍ਰਹਮ ਜੀਵ ਦੇ ਘਟ (ਹਿਰਦੇ) ਵਿੱਚ ਹੀ ਵਸਦਾ ਦੱਸਿਆ ਹੈ “ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥”, ਤਾਂ ਇਹ ਸਮਝ ਲਗਦੀ ਹੈ ਕੇ ਵੇਦ ਵੀ ਜੀਵ ਨੂੰ ਨਾਮ ਪ੍ਰਾਪਤੀ ਲਈ ਹੀ ਦਿੱਤੇ ਸੀ। ਬ੍ਰਹਮ ਸਮਝਣ ਲਈ ਵੇਖੋ “ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ”।
ਵੇਦ ਦਾ ਸ਼ਬਦੀ ਅਰਥ ਹੀ ਗਿਆਨ ਹੈ। ਗੁਰਬਾਣੀ ਤਾਂ ਵੇਦ ਧਰਮ (ਗਿਆਨ ਧਰਮ) ਹੀ ਦ੍ਰਿੜ ਕਰਾ ਰਹੀ ਹੈ। ਜੇ ਕਿਸੇ ਸਿੱਖ ਦਾ ਸਿੱਖ ਮਰਿਆਦਾ ਵਿੱਚ ਵਿਆਹ ਹੋਇਆ ਹੈ ਤਾਂ ਉਸਨੇ ਲਾਵਾਂ ਜੇ ਪੜ੍ਹੀਆਂ, ਵਿਚਾਰੀਆਂ, ਸਮਝੀਆਂ ਨਹੀਂ ਤਾਂ ਸੁਣੀਆਂ ਜ਼ਰੂਰ ਹੋਣੀਆਂ “ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ॥” – ਇਸ ਵਿੱਚ ਵੇਦ ਧਰਮ (ਗਿਆਨ ਧਰਮ) ਦ੍ਰਿੜ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਨਾਨਕ ਪਾਤਿਸ਼ਾਹ ਜੀ ਨੇ ਜਪ ਬਾਣੀ ਵਿੱਚ ਵੀ ਸਮਝਾਇਆ ਹੈ “ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥” – ਗੁਣਾਂ ਨੂੰ ਮੁੱਖ ਰੱਖਣ ਵਾਲਾ ਵੇਦ (ਗਿਆਨ) ਵਿੱਚ ਰਮਿਆ ਹੁੰਦਾ। “ਸੁਣਿਐ ਸਾਸਤ ਸਿਮ੍ਰਿਤਿ ਵੇਦ॥ ਨਾਨਕ ਭਗਤਾ ਸਦਾ ਵਿਗਾਸੁ॥” – ਵਿਗਾਸ ਕਿਵੇਂ ਹੋਣਾ ਇਹ ਦੱਸ ਰਹੇ ਹਨ।
”ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ॥ ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ॥ ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ॥”
”ਸਿੰਮ੍ਰਿਤਿ ਸਾਸਤ ਬੇਦ ਬਖਾਨੇ॥ ਜੋਗ ਗਿਆਨ ਸਿਧ ਸੁਖ ਜਾਨੇ॥ ਨਾਮੁ ਜਪਤ ਪ੍ਰਭ ਸਿਉ ਮਨ ਮਾਨੇ॥੩॥”
“ਗੁਰਮੁਖਿ ਗਾਵੈ ਗੁਰਮੁਖਿ ਬੋਲੈ॥ ਗੁਰਮੁਖਿ ਤੋਲਿ ਤੁੋਲਾਵੈ ਤੋਲੈ॥ ਗੁਰਮੁਖਿ ਆਵੈ ਜਾਇ ਨਿਸੰਗੁ॥ ਪਰਹਰਿ ਮੈਲੁ ਜਲਾਇ ਕਲੰਕੁ॥ ਗੁਰਮੁਖਿ ਨਾਦ ਬੇਦ ਬੀਚਾਰੁ॥ ਗੁਰਮੁਖਿ ਮਜਨੁ ਚਜੁ ਅਚਾਰੁ॥ ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ॥ ਨਾਨਕ ਗੁਰਮੁਖਿ ਪਾਵੈ ਪਾਰੁ॥”
“ਕੋਈ ਨਾਵੈ ਤੀਰਥਿ ਕੋਈ ਹਜ ਜਾਇ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥੨॥ ਕੋਈ ਪੜੈ ਬੇਦ ਕੋਈ ਕਤੇਬ॥ ਕੋਈ ਓਢੈ ਨੀਲ ਕੋਈ ਸੁਪੇਦ॥੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥“
“ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥ ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ॥੩੮॥” – ਜਤੁ = ਨਾਮੁ (ਸੋਝੀ “ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ॥”, ਜਿਵੇਂ ਸੁਨਿਆਰ ਧੀਰਜ ਰੱਖਦਿਆਂ ਸੱਟ ਮਾਰ ਕੇ ਸੋਨਾ ਢਾਲਦਾ ਹੈ, ਮਤ ਅਹਰਣਿ = ਜਿਸ ਉੱਪਰ ਸੱਟ ਮਾਰੀ ਜਾਂਦੀ ਉਸੇ ਤਰਾਂ ਵੇਦ (ਗਿਆਨ) ਦੀ ਸੱਟ ਮਾਰਨੀ। ਸੁਨਿਆਰ ਖੱਲ ਦੇ ਬਣੇ ਯੰਤਰ ਨਾਲ ਹਵਾ ਕਰਦਾ ਅੱਗ ਭਭਕਦੀ ਰਵੇ ਉਵੇਂ ਭਉ ਦੀ ਖੱਲ ਬਣਾ ਅੱਗ ਬਲਦੀ ਰੱਖਣੀ ਮਨ ਵਿੱਚ। ਫੇਰ ਭਾਓ ਦਾ ਭਾਂਡਾ ਗਿਆਨ ਨਾਲ ਢਾਲਣਾ ਹੈ। ਗੁਰਮਤਿ ਗਿਆਨ ਸਬਦ ਨਾਲ ਸੱਚੀ ਟਕਸਾਲ ਘਟ ਅੰਦਰ ਬਣਾਉਣੀ ਹੈ। ਪਰਮੇਸਰ ਦੀ ਨਦਰ ਜਿਸ ਤੇ ਹੋਵੇ ਭਾਵ ਜਿਸ ਤੇ ਕਰਮ ਹੋਣ ਉਸਨੂੰ ਗਿਆਨ ਪ੍ਰਾਪਤ ਹੋਣਾ। ਵੇਦ ਲਿਖਣ ਵਾਲੇ ਵਿੱਚ ਵੀ ਉਹ ਅਕਾਲ ਪੁਰਖ ਦੀ ਜੋਤ ਹੀ ਵੱਸ ਰਹੀ ਹੈ, ਵਿਚਾਰਨ ਵਾਲੇ ਵਿੱਚ ਵੀ ਹੈ “ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ॥ ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ॥”, ਹਰੇਕ ਜੀਵ ਹਰੇਕ ਮੁਲਕ ਦੇ ਵਸਨੀਕ, ਹਰੇਕ ਜੁਗ ਵਿੱਚ, ਪੰਡਿਤੁ ਵਿੱਚ ਵੀ , ਹਰੇਕ ਸ਼੍ਰੇਣੀ ਵਿੱਚ ਪਰਮੇਸ਼ਰ ਦੀ ਜੋਤ ਘਟ ਵਿੱਚ ਵਸਦੀ ਹੈ। ਖੋਜਣਾ ਉਸਨੇ ਹੈ ਜਿਸਦੇ ਮਸਤਕ ਭਾਗ ਹੋਣ।
“ਵਿਸਮਾਦੁ ਨਾਦ ਵਿਸਮਾਦੁ ਵੇਦ॥ ਵਿਸਮਾਦੁ ਜੀਅ ਵਿਸਮਾਦੁ ਭੇਦ॥ ਵਿਸਮਾਦੁ ਰੂਪ ਵਿਸਮਾਦੁ ਰੰਗ॥ ਵਿਸਮਾਦੁ ਨਾਗੇ ਫਿਰਹਿ ਜੰਤ॥ ਵਿਸਮਾਦੁ ਪਉਣੁ ਵਿਸਮਾਦੁ ਪਾਣੀ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ॥ ਵਿਸਮਾਦੁ ਧਰਤੀ ਵਿਸਮਾਦੁ ਖਾਣੀ॥ ਵਿਸਮਾਦੁ ਸਾਦਿ ਲਗਹਿ ਪਰਾਣੀ॥ ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ॥ ਵਿਸਮਾਦੁ ਭੁਖ ਵਿਸਮਾਦੁ ਭੋਗੁ॥ ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥ ਵਿਸਮਾਦੁ ਉਝੜ ਵਿਸਮਾਦੁ ਰਾਹ॥ ਵਿਸਮਾਦੁ ਨੇੜੈ ਵਿਸਮਾਦੁ ਦੂਰਿ॥ ਵਿਸਮਾਦੁ ਦੇਖੈ ਹਾਜਰਾ ਹਜੂਰਿ॥ ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ॥“
”ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ॥ ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ॥ ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ॥ ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ॥ ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ॥”
”ਕਈ ਕੋਟਿ ਹੋਏ ਪੂਜਾਰੀ॥ ਕਈ ਕੋਟਿ ਆਚਾਰ ਬਿਉਹਾਰੀ॥ ਕਈ ਕੋਟਿ ਭਏ ਤੀਰਥ ਵਾਸੀ॥ ਕਈ ਕੋਟਿ ਬਨ ਭ੍ਰਮਹਿ ਉਦਾਸੀ॥ ਕਈ ਕੋਟਿ ਬੇਦ ਕੇ ਸ੍ਰੋਤੇ॥ ਕਈ ਕੋਟਿ ਤਪੀਸੁਰ ਹੋਤੇ॥ ਕਈ ਕੋਟਿ ਆਤਮ ਧਿਆਨੁ ਧਾਰਹਿ॥ ਕਈ ਕੋਟਿ ਕਬਿ ਕਾਬਿ ਬੀਚਾਰਹਿ॥ ਕਈ ਕੋਟਿ ਨਵਤਨ ਨਾਮ ਧਿਆਵਹਿ॥ ਨਾਨਕ ਕਰਤੇ ਕਾ ਅੰਤੁ ਨ ਪਾਵਹਿ॥੧॥”
“ਮਿਹਰਵਾਨ ਮਉਲਾ ਤੂਹੀ ਏਕ॥ ਪੀਰ ਪੈਕਾਂਬਰ ਸੇਖ॥ ਦਿਲਾ ਕਾ ਮਾਲਕੁ ਕਰੇ ਹਾਕੁ॥ ਕੁਰਾਨ ਕਤੇਬ ਤੇ ਪਾਕੁ॥੩॥ ਨਾਰਾਇਣ ਨਰਹਰ ਦਇਆਲ॥ ਰਮਤ ਰਾਮ ਘਟ ਘਟ ਆਧਾਰ॥ ਬਾਸੁਦੇਵ ਬਸਤ ਸਭ ਠਾਇ॥ ਲੀਲਾ ਕਿਛੁ ਲਖੀ ਨ ਜਾਇ॥“
“ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ॥ ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ॥ ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ॥“
ਵੇਦਾਂ ਬਾਰੇ ਕਈ ਪੰਕਤੀਆਂ ਨੂੰ ਤੋੜ ਮਰੋੜ ਕੇ ਵੀ ਪੇਸ਼ ਕੀਤਾ ਜਾਂਦਾ ਹੈ। ਪਰ ਜੇ ਸਹਿਜ ਨਾਲ ਵਿਚਾਰ ਕੀਤੀ ਜਾਵੇ ਤਾਂ ਸਮਝ ਲਗਦਾ ਹੈ ਕੇ “ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥ ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ॥” – ਕਹਿਆ ਜਾ ਰਹਿਆ ਹੈ ਕੇ ਵੇਦ ਪੜ੍ਹ ਕੇ ਵੀ ਮਨੁੱਖ ਹੁਕਮ ਨੂੰ ਸਮਝਦਾ ਨਹੀਂ ਤੇ ਨਰਕ ਸੁਰਗ ਦੀ ਸੋਚ ਵਿੱਚ ਫਸ ਜਾਂਦਾ ਹੈ। ਇਸ ਨੂੰ ਗੁਰਬਾਣੀ ਨੇ ਸਪਸ਼ਟ ਕੀਤਾ ਹੈ। ਨਰਕ ਸੁਰਗ ਬਾਰੇ ਗੁਰਬਾਣੀ ਜੋ ਸਮਝਾ ਰਹੀ ਹੈ ਵੇਖੋ “ਸੁਰਗ ਤੇ ਨਰਕ (Swarg te Narak), ਦੋਜਕ”। ਇੱਕ ਹੋਰ ਪੰਕਤੀ ਹੈ ਜਿਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਕੇ ਜੀ ਵੇਦ ਪੜ੍ਹ ਕੇ ਵੀ ਹਰ ਰਸ ਨਹੀਂ ਆਇਆ – “ਵੇਦੁ ਪੜਹਿ ਹਰਿ ਰਸੁ ਨਹੀ ਆਇਆ॥ਵਾਦੁ ਵਖਾਣਹਿ ਮੋਹੇ ਮਾਇਆ॥ ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ॥” – ਅਸਲ ਵਿੱਚ ਇਸ ਪੰਕਤੀ ਦਾ ਭਾਵ ਹੈ ਕੇ ਜੇ ਵੇਦ ਪੜ੍ਹ ਕੇ ਵੀ ਹਰ ਰਸ ਨਹੀਂ ਆਇਆ ਤੇ ਜੇ ਵਾਦ ਵਿਵਾਦ ਵਿੱਚ ਫਸ ਗਿਆ ਤਾਂ ਅਗਿਆਨ ਵਾਲੀ ਮਤੀ ਵਿੱਚ ਅੰਧਿਆਰਾ (ਹਨੇਰਾ) ਹੀ ਰਹਿਣਾ ਪਰ ਗੁਣਾਂ ਨੂੰ ਮੁੱਖ ਰੱਖਣ ਵਾਲੇ ਨੇ ਹਰਿ ਦੇ ਗਿਣ ਗਾਉਣੇ ਹਨ। ਇਹੀ ਆਦੇਸ਼ ਤਾਂ ਗੁਰਬਾਣੀ ਪੜ੍ਹਨ ਵਾਲੇ ਸਿੰਖਾਂ ਨੂੰ ਵੀ ਦਿੱਤਾ ਹੈ ਕੇ “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ॥”। ਅੱਜ ਸਿੱਖਾਂ ਤੇ ਵੀ ਇਹ ਲਾਗੂ ਹੈ, ਗੁਰਬਾਣੀ ਪੜ੍ਹ ਕੇ ਵੀ ਹਰਿ ਰਸ ਬਾਰੇ ਨਹੀਂ ਪਤਾ, ਹਰਿ ਕੌਣ ਹੈ, ਕਿੱਥੇ ਵਸਦਾ, ਹਰਿ ਰਸ ਹੈ ਕੀ ਇਹ ਅੱਜ ਦਾ ਸਿੱਖ ਕੋਈ ਵਿਰਲਾ ਹੀ ਜਾਣਦਾ ਹੈ। ਹਰਿ ਬਾਰੇ ਗੁਰਮਤਿ ਵਿਚਾਰ ਲਈ ਵੇਖੋ “ਹਰਿ”। ਅਸੀਂ ਗੁਰਬਾਣੀ ਨੂੰ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਗਾ ਰਹੇ ਹਾਂ ਪਰ ਕੀ ਸਾਨੂੰ ਸਮਝ ਲੱਗ ਰਹੀ ਹੈ ਕੇ ਗੁਰਬਾਣੀ ਸਮਝਾ ਕੀ ਰਹੀ ਹੈ? ਜਿਵੇਂ ਬੇਦ ਪੜ੍ਹਨ ਵਾਲੇ ਜੇ ਨਾਂ ਵਿਚਾਰਨ ਉਹਨਾਂ ਨੂੰ ਕਹਿਆ “ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ॥ ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ॥੩॥“, ਕਿਤੇ ਗੁਰਬਾਣੀ ਪੜ੍ਹਨ ਵਾਲੇ ਵੀ “ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥” ਤਾਂ ਨਹੀਂ ਬਣ ਰਹੇ, “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥” ਸਾਡੇ ਤੇ ਲਾਗੂ ਤਾਂ ਨਹੀਂ ਹੋ ਰਹਿਆ? ਵੇਦ ਵੀ ਇੱਦਾਂ ਹੀ ਕਿਸੇ ਲਈ ਸਾਂਕਲ ਜੇਵਰੀ ਤਾਂ ਨਹੀਂ ਬਣ ਗਏ ਸੀ? “ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥੧॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥” – ਇਹਨਾਂ ਪੰਕਤੀਆਂ ਨੂੰ ਸਮਝਣ ਦੀ ਲੋੜ ਹੈ। ਸਿੰਮ੍ਰਿਤੀਆਂ ਵੇਦਾਂ ਵਿੱਚੋਂ ਨਿਕਲੀਆਂ, ਵੇਦਾਂ ਨੂੰ ਰਟਣ ਦਾ ਕੰਮ ਪਹਿਲਾਂ ਵੀ ਹੋਇਆ ਹੈ। ਕੁੱਝ ਧਾਰਮਿਕ ਲੋਕਾਂ ਨੂੰ ਇਹ ਲੱਗਿਆ ਕੇ ਲੋਕਾਂ ਨੂੰ ਵੇਦ ਸਮਝਣੇ ਔਖੇ ਹਨ, ਜਿਵੇਂ ਟੀਕੇ ਲਿਖੇ ਗਏ ਠੀਕ ਵੈਸੇ ਹੀ ਸਿਮ੍ਰਿਤੀਆਂ ਲਿਖਿਆਂ ਗਈਆਂ। ਵਿਚਾਰ ਕੇ ਗਿਆਨ ਲੈਣ ਦੀ ਥਾਂ ਰਟਣਾ ਸ਼ੁਰੂ ਕਰ ਦਿੱਤਾ ਗਿਆ, ਮੰਤ੍ਰ ਉਚਾਰਨ ਮਾਤਰ ਰਹਿ ਗਿਆ। ਫੇਰ ਇੱਕ ਸਮਾਂ ਆਇਆ ਜਦੋਂ ਵੇਦ ਲੱਭਣੇ ਆਮ ਮਨੁੱਖ ਲਈ ਮੁਸ਼ਕਲ ਹੋ ਗਏ। ਕੇਵਲ ਧਾਰਮਿਕ ਆਗੂ ਹੀ ਜੋ ਆਪਣੀ ਮਰਜ਼ੀ ਅਤੇ ਸਮਝ ਨਾਲ ਸਮਝਾਉਣ ਲੱਗ ਪਏ ਉਹੀ ਲੋਕ ਮੰਨਣ ਲੱਗ ਪਏ। ਇਹ ਸੋਚਣ ਵਾਲੀ ਗੱਲ ਹੈ ਕੇ ਕਿਤੇ ਇਹੀ ਸਾਕਲ ਜੇਵਰੀ ਅੱਜ ਸਿੱਖ ਤਾਂ ਨਹੀਂ ਪਾਉਣ ਲੱਗ ਪਏ ਜਿਵੇਂ “ਬੰਧਨ ਬੇਦੁ ਬਾਦੁ ਅਹੰਕਾਰ॥ ਬੰਧਨਿ ਬਿਨਸੈ ਮੋਹ ਵਿਕਾਰ॥” – ਜਦੋਂ ਗਿਆਨ ਬੰਧਨ ਬਣ ਜਾਵੇ, ਅਹੰਕਾਰ ਵੱਲ ਲੈ ਜਾਵੇ ਉਦੋਂ ਸੋਚਣ ਦੀ ਵਿਚਾਰਨ ਦੀ ਲੋੜ ਹੈ। ਬਾਣੀ ਆਪ ਪੜ੍ਹ ਕੇ ਵਿਚਾਰਨ, ਸਮਝਣ ਦੀ ਥਾਂ ਕਿਤੇ ਇੱਕ ਕ੍ਰਿਆ ਬਣ ਕੇ ਤਾਂ ਨਹੀਂ ਰਹਿ ਗਿਆ ਬਾਣੀ ਪੜ੍ਹਨਾ? ਕਈ ਵਾਰ ਲੋਕਾਂ ਨੂੰ ਭਰਮ ਹੋਇਆ ਤੇ ਭਗਤਾਂ ਨਾਲ ਵਾਦ ਵਿਵਾਦ ਵੀ ਕੀਤਾ ਉਹਨਾਂ ਨੂੰ ਜਵਾਬ ਦਿੱਤਾ ਗਿਆ “ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ॥ ਤੁਮੑ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ॥”।
ਪਰਮੇਸਰ ਤਾਂ ਸਾਰਿਆਂ ਵਿੱਚ ਵੱਸਦਾ ਭਾਵੇਂ ਕਿਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਗਿਸਾਈਂ ਸੇਵੈ ਜਾਂ ਕੋਈ ਅਲਾਹ ਨੂੰ ਮੰਨੇ “ਕਈ ਕੋਟਿ ਰਾਜਸ ਤਾਮਸ ਸਾਤਕ॥ ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ॥ ਕਈ ਕੋਟਿ ਕੀਏ ਰਤਨ ਸਮੁਦ॥ ਕਈ ਕੋਟਿ ਨਾਨਾ ਪ੍ਰਕਾਰ ਜੰਤ॥ ਕਈ ਕੋਟਿ ਕੀਏ ਚਿਰ ਜੀਵੇ॥ ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ॥ ਕਈ ਕੋਟਿ ਜਖੵ ਕਿੰਨਰ ਪਿਸਾਚ॥ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ॥ ਸਭ ਤੇ ਨੇਰੈ ਸਭਹੂ ਤੇ ਦੂਰਿ॥ ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ॥੪॥”। ਸਾਰੇ ਹੀ ਜੰਤ ਸਾਰੇ ਹੀ ਗ੍ਰੰਥ, ਸਾਰੀ ਰਚਨਾ ਉਸ ਇੱਕੋ ਅਕਾਲ ਨੇ ਬਣਾਈ ਜਿਸਦੇ ਨਾਮ ਸਾਰੀ ਦੁਨੀਆਂ ਦੇ ਲੋਕ ਲੈ ਰਹੇ ਨੇ। ਜੇ ਕੋਈ ਇੱਕ ਪਰੀਵਾਰ ਦਾ ਬੱਚੇ ਕਹਿਣ ਪਾਪਾ ਕਹਿਣਾ ਵਧੀਆ ਹੈ, ਦੂਜਾ ਕਹੇ ਡੈਡੀ ਕਹਿਣਾ ਠੀਕ ਹੈ, ਕੋਈ ਕਹੇ ਜੀ ਜੇ ਅੱਬਾ ਨਾ ਕਹਿਆ ਤਾਂ ਕਾਫ਼ਿਰ ਹੈ, ਕੋਈ ਕਹੇ ਪਿਤਾ ਕਹਿਣਾ ਸਬ ਤੋਂ ਸ੍ਰੇਸ਼ਟ ਹੈ, ਅੱਜ ਇਨਸਾਨ ਵੀ ਇਹੀ ਝਗੜਾ ਕਰ ਰਹੇ ਨੇ ਅਗਿਆਨਤਾ ਵਿੱਚ। ਨਾਮ (ਸੋਝੀ/ਸੁਰਤ) ਨੇ ਹੀ ਸਾਰੀ ਰਚਨਾ ਬਣਾਈ ਹੈ – “ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥ ਨਾਮ ਕੇ ਧਾਰੇ ਆਗਾਸ ਪਾਤਾਲ॥ ਨਾਮ ਕੇ ਧਾਰੇ ਸਗਲ ਆਕਾਰ॥ ਨਾਮ ਕੇ ਧਾਰੇ ਪੁਰੀਆ ਸਭ ਭਵਨ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ॥ ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ॥੫॥”
ਗੁਰਮਤਿ ਨੇ ਗੁਣਾਂ ਦੀ ਮਤਿ ਫੇਰ ਉਜਾਗਰ ਕੀਤੀ। ਭਗਤ ਬਾਣੀ, ਗੁਰੂ ਸਾਹਿਬਾਨ ਦੇ ਬਚਨ, ਭੱਟ ਬਾਣੀ, ਦਸਮ ਬਾਣੀ ਸਾਨੂੰ ਮੁੜ ਪਰਮੇਸਰ ਤਕ ਪਹੁੰਚਣ ਦਾ ਮਾਰਗ ਦੱਸ ਰਹੇ ਹਨ। ਗਿਆਨ ਵਿਚਾਰ ਨਿਰੰਤਰ ਚਲ ਰਹੀ ਹੈ। ਜਦੋਂ ਤੋਂ ਮਨੁੱਖ ਦਾ ਧਰਤੀ ਤੇ ਆਗਮਨ ਹੋਇਆ ਹੈ ਮਨੁੱਖ ਦੇ ਜੀਵਨ ਵਿੱਚ ਸਰੀਰ ਲਈ ਜਿਵੇਂ ਭੋਜਨ ਚਾਹੀਦਾ, ਮਨ ਦਾ ਭੋਜਨ ਗਿਆਨ ਪਰਮੇਸਰ ਤੋਂ ਆਪ ਮਿਲਦਾ ਰਹਿਆ ਹੈ। ਇਸ ਗਿਆਨ ਵਿੱਚ ਹਮੇਸ਼ਾ ਵਾਧਾ ਹੁੰਦਾ ਰਹਿਆ ਹੈ। ਜੇ ਵੇਦਾਂ ਵਿੱਚ ਕੋਈ ਵਿਸ਼ਾ ਰਹਿ ਵੀ ਗਿਆ ਸੀ ਤਾਂ ਗੁਰੂਆਂ ਨੇ ਭਗਤਾਂ ਨੇ ਉਸ ਵਿੱਚ ਸੁਧਾਰ ਹੀ ਕੀਤਾ ਹੈ, ਇਸ ਸੁਧਾਰ ਨਾਲ ਵੇਦ ਜਾਂ ਕਤੇਬ ਛੋਟੇ ਜਾਂ ਘੱਟ ਨਹੀਂ ਹੋ ਜਾਂਦੇ। ਕਈ ਵਾਰ ਸਾਨੂੰ ਵੀ ਇਹ ਅਹੰਕਾਰ ਹੋ ਜਾਂਦਾ ਹੈ ਕੇ ਸਾਨੂੰ ਗੁਰੂ ਸਾਹਿਬ ਨੇ ਕਿਤਨਾ ਬੜਾ ਗਿਆਨ ਦਾ ਖਜਾਨਾ ਬਖਸ਼ਿਆ ਹੈ, ਪਰ ਇਸ ਅਹੰਕਾਰ ਨੂੰ ਰੋਕਣ ਲਈ ਨਾਲ ਇਹ ਵੀ ਕਹਿ ਦਿੱਤਾ ਕੇ “ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥”, ਵੇਦਾਂ ਨੂੰ ਘੱਟ ਕਾਂ ਛੋਟਾ ਨਹੀਂ ਕਹਿਣਾ, ਝੂਠਾ ਉਹ ਹੈ ਜੋ ਵਿਚਾਰ ਨਹੀਂ ਕਰਦਾ, ਜਿਸਦਾ ਹਿਰਦਾ ਸ਼ੁੱਧ ਨਹੀਂ ਹੈ, ਜੋ ਅਹੰਕਾਰ ਵਿੱਚ ਫਸਿਆ ਹੈ। ਗੁਰਮੁਖ ਤਾਂ ਹਰੇਕ ਗਿਆਨ ਦੇ ਗ੍ਰੰਥ ਨੂੰ, ਕਤੇਬ ਨੂੰ, ਪੋਥੀ ਨੂੰ, ਰਚਨਾ ਨੂੰ ਪ੍ਰੇਮ ਨਾਲ ਮੱਥੇ ਤੇ ਲਾਉਂਦਾ ਹੈ, ਗਿਆਨ ਦੇਣ ਵਾਲੀ ਹਰੇਕ ਲਿਖਤ ਨੂੰ ਚੁੰਮਦਾ ਹੈ, ਪੜ੍ਹ ਕੇ ਹਿਰਦੇ ਵਿੱਚ ਵਸਾਉਂਦਾ ਹੈ। ਪ੍ਰੇਮ ਹੀ ਵਧਾਉਂਦਾ ਹੈ। “ਵਾਚੈ ਵਾਦੁ ਨ ਬੇਦੁ ਬੀਚਾਰੈ॥ ਆਪਿ ਡੁਬੈ ਕਿਉ ਪਿਤਰਾ ਤਾਰੈ॥ ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ॥ ਸਤਿਗੁਰੁ ਮਿਲੈ ਤ ਸੋਝੀ ਹੋਇ॥”।
”ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ॥ ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ॥” – ਮਹਾਰਾਜ ਆਖਦੇ ਕਈ ਜਨ ਹਨ ਜੋ ਬੇਦ ਸਾਸਤ੍ਰ ਤੇ ਅੱਜ ਸਿੱਖਾਂ ਤੇ ਵੀ ਲਾਗੂ ਹੈ ਜੋ ਗ੍ਰੰਥ ਪੜ੍ਹ ਰਹੇ ਹਨ, ਕਿਸ ਲਈ? ਤਰਨ ਲਈ, ਅਨੇਕ ਤਰੀਕੇ ਦੇ ਕਰਮ ਧਰਮ ਕਰ ਰਹੇ ਹਨ ਪਰ ਅਹੰਕਾਰ ਛੱਡੇ ਬਿਨਾਂ। ਨਾਮ (ਸੋਝੀ) ਵਾਲੇ ਆਚਰਣ ਸੱਬ ਤੋਂ ਉਪਰ ਹੈ।
ਜਦੋਂ ਅਰਦਾਸ ਵਿੱਚ ਪੜ੍ਹਦੇ ਹਾਂ ਕੇ “ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨ੍ਯੋ॥ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨ੍ਯੋ॥ ਸਿੰਮ੍ਰਿਤ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈਂ ਹਮ ਏਕ ਨ ਜਾਨ੍ਯੋ॥ ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹ੍ਯੋ ਸਭ ਤੋਹਿ ਬਖਾਨ੍ਯੋ॥” ਤਾਂ ਵੀ ਇਹੀ ਸਮਝਾਇਆ ਜਾ ਰਹਿਆ ਹੈ ਕੇ ਇਹ ਸਾਰੇ ਵੀ ਤੁਹਾਡੀ ਕਿਰਪਾ ਤੁਹਾਡੇ ਬਖਾਨ ਨਾਲ ਰਚੇ ਗਏ ਨੇ। ਅੱਗੇ ਜਾ ਕੇ ਦਸਮ ਪਾਤਿਸ਼ਾਹ ਕਲੀਅਰ ਕਰਦੇ ਹਨ “ਬੇਦ ਕਤੇਬ ਨ ਭੇਦ ਲਹਯੋ ਤਿਹਿ ਸਿਧ ਸਮਾਧਿ ਸਬੈ ਕਰਿ ਹਾਰੇ॥ ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭਾਤਿ ਪੁਰਾਨ ਬੀਚਾਰ ਬੀਚਾਰੇ॥ ਆਦਿ ਅਨਾਦਿ ਅਗਾਧਿ ਕਥਾ ਧ੍ਰੂਅ ਸੇ ਪ੍ਰਹਿਲਾਦਿ ਅਜਾਮਲ ਤਾਰੇ॥ ਨਾਮੁ ਉਚਾਰ ਤਰੀ ਗਨਿਕਾ ਸੋਈ ਨਾਮੁ ਅਧਾਰ ਬੀਚਾਰ ਹਮਾਰੇ॥” – ਬੇਦ ਕਤੇਬ ਦਾ ਭੇਦ ਨਹੀਂ ਲਹਿਆ, ਸਿਧ ਸਮਾਧ ਸਾਰੇ ਕਰ ਕੇ ਹਾਰ ਗਏ। ਸਿੰਮ੍ਰਿਤ ਸਾਸਤਰ ਬੇਦ ਬੀਚਾਰ ਕਰ ਲਈ, ਅਨਾਦਿ ਅਗਾਧਿ ਕਥਾ ਹੈ ਤੇਰੀ ਜਿਹੜਾ ਤੂੰ ਧ੍ਰੂਅ ਵਰਗੇ ਪ੍ਰਹਿਲਾਦ ਤੇ ਅਜਾਮਲ ਤਾਰ ਦਿੱਤੇ। ਨਾਮ ਨੂੰ ਉਚਾਰ ਕੇ ਜਿਵੇਂ ਗਨਿਕਾ ਤਰੀ ਉਹੀ ਨਾਮ (ਸੋਝੀ) ਮੇਰਾ ਆਧਾਰ ਤੇ ਬੀਚਾਰ ਹਨ। ਵੇਦਾਂ ਨੂੰ ਮਾੜਾ ਕਿਸੇ ਗੁਰੂ ਨੇ ਨਹੀਂ ਕਹਿਆ ਹੈ।
”ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ॥ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ॥ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥ ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ॥ ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ॥ ਮੰਨੇ ਨਾਉ ਬਿਸੰਖ ਦਰਗਹ ਪਾਵਣਾ॥ ਖਾਲਕ ਕਉ ਆਦੇਸੁ ਢਾਢੀ ਗਾਵਣਾ॥ ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ॥”, “ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ ॥” – ਆਖਦੇ ਵੇਦ ਵਖਿਆਣ ਕਰਦੇ ਹਨ ਪਰ ਕੇਵਲ ਪੜ੍ਹਨ ਨਾਲ ਗੱਲ ਨਹੀਂ ਬਣਦੀ ਜੋ ਲਿਖਿਆ ਇਹ ਬੂਝਣਾ ਪੈਣਾ, ਵਿਚਾਰਨਾ ਪੈਣਾ। ਇਹ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਅਤੇ ਹੋਰ ਧਾਰਮਿਕ ਗ੍ਰੰਥਾਂ ਤੇ ਵੀ ਲਾਗੂ ਹੁੰਦਾ ਹੈ। “ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥” – ਕੇਵਲ ਉਚਾਰਨ ਨਾਲ ਨਹੀਂ ਅੰਤ ਪਾਇਆ ਜਾਣਾ, ਸਮਝਣਾ, ਬੂਝਨਾ ਤੇ ਵਿਚਾਰਨਾ ਪੈਣਾ। ਜੇ ਇਹ ਗੱਲ ਕੇ “ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨੑ ਪੜਿਆ ਮੁਕਤਿ ਨ ਹੋਈ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ॥੩॥” ਤਾਂ ਗੁਰਮੁੱਖ (ਗੁਣਾਂ ਨੂੰ ਮੁੱਖ) ਰੱਖਣ ਵਾਲੇ ਨੂੰ ਵੀ ਗਿਆਨ ਵੀਚਾਰ ਕਰੇ ਬਿਨਾਂ ਨਾਮ (ਸੋਝੀ) ਦੀ ਪ੍ਰਾਪਤੀ ਨਹੀਂ ਹੋਣੀ। ਗਿਆਨ ਦਾ ਦੀਵਾ ਘਟ ਵਿੱਚ ਬਾਲਣਾ ਪੈਣਾ “ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ॥ ਉਗਵੈ ਸੂਰੁ ਨ ਜਾਪੈ ਚੰਦੁ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥ ਬੇਦ ਪਾਠ ਸੰਸਾਰ ਕੀ ਕਾਰ॥ ਪੜਿੑ ਪੜਿੑ ਪੰਡਿਤ ਕਰਹਿ ਬੀਚਾਰ॥ ਬਿਨੁ ਬੂਝੇ ਸਭ ਹੋਇ ਖੁਆਰ॥ ਨਾਨਕ ਗੁਰਮੁਖਿ ਉਤਰਸਿ ਪਾਰਿ॥੧॥”। ਭਾਵੇਂ ਕੋਈ ਬੇਦ ਪੜ੍ਹੇ, ਕੋਈ ਕਤੇਬ ਪੜ੍ਹੇ, ਗੁਰਬਾਣੀ ਪੜ੍ਹੇ ਜਾਂ ਕੋਈ ਵੀ ਹੋਰ ਗ੍ਰੰਥ, ਗੁਣਾਂ ਦੀ ਵਿਚਾਰ ਤੇ ਗਿਆਨ ਨੂੰ ਬੁੱਧ ਵਿੱਚ ਦਾਖਲ ਕੀਤੇ ਬਿਨਾਂ ਕੋਈ ਲਾਭ ਨਹੀਂ। “ਸਭਿ ਨਾਦ ਬੇਦ ਗੁਰਬਾਣੀ॥ ਮਨੁ ਰਾਤਾ ਸਾਰਿਗਪਾਣੀ॥ ਤਹ ਤੀਰਥ ਵਰਤ ਤਪ ਸਾਰੇ॥ ਗੁਰ ਮਿਲਿਆ ਹਰਿ ਨਿਸਤਾਰੇ॥੩॥ ਜਹ ਆਪੁ ਗਇਆ ਭਉ ਭਾਗਾ॥ ਗੁਰ ਚਰਣੀ ਸੇਵਕੁ ਲਾਗਾ॥ ਗੁਰਿ ਸਤਿਗੁਰਿ ਭਰਮੁ ਚੁਕਾਇਆ॥ ਕਹੁ ਨਾਨਕ ਸਬਦਿ ਮਿਲਾਇਆ॥”
ਜਦੋਂ ਵੇਦ ਕਤੇਬ ਸਾਰੇ ਹੀ ਰੱਬ ਦੀ ਸਿਫ਼ਤ ਕਰ ਰਹੇ ਨੇ ਆਪਣੇ ਢੰਗ ਨਾਲ “ਹਉ ਅਨਦਿਨੁ ਨਾਮੁ ਲਈ ਕਰਤਾਰੇ॥ ਜਿਨਿ ਸੇਵਕ ਭਗਤ ਸਭੇ ਨਿਸਤਾਰੇ॥ ਦਸ ਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ॥” ਤੇ ਗੁਰਮਤਿ ਦਾ ਫੁਰਮਾਨ ਹੈ “ਹਿੰਦੂ ਤੁਰਕ ਕਾ ਸਾਹਿਬੁ ਏਕ॥ ਕਹ ਕਰੈ ਮੁਲਾਂ ਕਹ ਕਰੈ ਸੇਖ॥” ਤਾਂ ਫੇਰ ਸਪਸ਼ਟ ਹੈ ਕੇ ਅਸੀਂ ਅਹੰਕਾਰ ਵਿੱਚ ਆਪਣੇ ਆਪ ਨੂੰ ਵੱਡਾ ਤੇ ਕ੍ਰੋਧ ਵਿੱਚ ਦੂਜੇ ਨੂੰ ਘੱਟ ਸਮਝ ਰਹੇ ਹਾਂ। ਅਗਿਆਨਤਾ ਵੱਸ ਝਗੜਾ ਪਾ ਕੇ ਅਸੀਂ ਬੈਠੇ ਹਾਂ ਜੇ ਅਸੀਂ ਗੁਰਮਤਿ ਸਮਝੀ ਹੋਵੇ, ਅਗਲਿਆਂ ਨੇ ਆਪਣੇ ਗ੍ਰੰਥ, ਵੇਦ ਕਤੇਬ ਪੜ੍ਹੇ ਹੋਣ ਰਲ ਕੇ ਪ੍ਰੇਮ ਨਾਲ ਵਿਚਾਰ ਹੋਵੇ ਤਾਂ ਝਗੜੇ ਮੁੱਕ ਜਾਣ। ਜਿਹੜਾ ਬਿਨਾ ਪੜ੍ਹੇ ਬਿਨਾਂ ਵਾਚੇ ਝਗੜਾ ਕਰਦਾ ਹੈ ਉਸਦੇ ਬਾਰੇ ਵੀ ਦੱਸਿਆ ਹੈ “ਵੇਦੁ ਪੜੈ ਅਨਦਿਨੁ ਵਾਦ ਸਮਾਲੇ॥ ਨਾਮੁ ਨ ਚੇਤੈ ਬਧਾ ਜਮਕਾਲੇ॥ ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ ਭੁਲਾਇਦਾ॥”, ਸਮਝਣ ਦੀ ਲੋੜ ਹੈ ਕੇ ਇਹ ਅੱਜ ਸਾਡੇ ਤੇ ਵੀ ਲਾਗੂ ਹੈ। “ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ॥ ਸਹਜੇ ਹੀ ਹਰਿ ਨਾਮਿ ਸਮਾਇਆ॥ ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ॥”
ਕਈ ਵਾਰ ਵੇਦ, ਕਤੇਬ, ਗ੍ਰੰਥ, ਪੋਥੀ ਪੜ੍ਹ ਕੇ ਗਿਆਨ ਦਾ ਅਹੰਕਾਰ ਵੀ ਹੋ ਜਾਂਦਾ ਹੈ। ਤ੍ਰੈ ਗੁਣ ਮਾਇਆ ਵਿੱਚ ਵੀ ਮਨੁੱਖ ਫੱਸ ਜਾਂਦਾ ਹੈ “ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ॥ ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ॥੩॥“, “ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ॥ ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ॥ ਗੁਰਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ॥” – ਤ੍ਰੈ ਗੁਣ ਮਾਇਆ ਬਾਰੇ ਸਮਝਣ ਲਈ ਵੇਖੋ “ਤ੍ਰੈ ਗੁਣ ਮਾਇਆ, ਭਰਮ ਅਤੇ ਵਿਕਾਰ”। ਗਿਆਨ ਲੈਂਦਿਆਂ ਵਿਕਾਰਾਂ ਤੋਂ ਹੀ ਬਚਣਾ ਹੇ, ਗੁਣਾਂ ਨੂੰ ਹੀ ਚੇਤੇ ਰੱਖਣਾ ਹੈ। ਤੱਤ ਗਿਆਨ ਤੱਕ ਪਹੁੰਚਣ ਲਈ ਆਪਣੀ ਬੁੱਧ ਤਿਆਗਣੀ ਹੈ ਤੇ ਨਾਮ (ਸੋਝੀ) ਗੁਣਾਂ ਦੀ ਮਤਿ ਚੇਤੇ ਰੱਖਣੀ ਹੈ “ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ॥ ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ॥੩॥ ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ॥ ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ॥ ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ॥ ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ॥”, ਗੁਰਬਾਣੀ ਵਾਲਾ ਪੰਡਤ ਉਹ ਹੈ ਜਿਸਨੇ ਤੱਤ ਪਛਾਣ ਲਿਆ “ਤਤੁ ਪਛਾਣੈ ਸੋ ਪੰਡਿਤੁ ਹੋਈ॥”, “ਸੋ ਪੰਡਿਤੁ ਜੋ ਮਨੁ ਪਰਬੋਧੈ॥ ਰਾਮ ਨਾਮੁ ਆਤਮ ਮਹਿ ਸੋਧੈ॥ ਰਾਮ ਨਾਮ ਸਾਰੁ ਰਸੁ ਪੀਵੈ॥ ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ॥ ਹਰਿ ਕੀ ਕਥਾ ਹਿਰਦੈ ਬਸਾਵੈ॥ ਸੋ ਪੰਡਿਤੁ ਫਿਰਿ ਜੋਨਿ ਨ ਆਵੈ॥ ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ॥ ਸੂਖਮ ਮਹਿ ਜਾਨੈ ਅਸਥੂਲੁ॥ ਚਹੁ ਵਰਨਾ ਕਉ ਦੇ ਉਪਦੇਸੁ॥ ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ॥”
ਗੁਰੂਆਂ ਨੇ ਵੇਦਾਂ ਬਾਰੇ ਲਿਖਿਆ ਹੈ ਕੇ ਇਹ ਸਾਰੇ ਵੀ ਇੱਕੋ ਗਲ ਕਰਦੇ ਹਨ, ਗਿਆਨ ਦੀ, ਗੁਣਾਂ ਦੀ, ਚੰਗਾ ਸਮਾਜ ਸਿਰਜਣ ਦੀ ਤੇ ਪੁਕਾਰ ਕੇ ਲੋਕਾਂ ਨੂੰ ਏਕਾ ਕਰਨ ਨੂੰ ਆਖਦੇ ਹਨ ਇਹ ਤੁਸੀਂ ਵੀ ਵਿਚਾਰ ਕੇ ਵੇਖ ਲਵੋ “ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ॥੨॥”।
ਬੇਦ, ਕਤੇਬ, ਗ੍ਰੰਥ, ਪੋਥੀਆਂ ਸਾਰਿਆਂ ਵਿੱਚੋਂ ਪਰਮੇਸਰ ਦੇ ਗੁਣਾਂ ਦਾ ਗਿਆਨ ਦਰਜ ਹੈ। ਉਹਨਾਂ ਮਹਾਂਪੁਰਖਾਂ ਦੀ ਬਾਣੀ ਦਰਜ ਹੈ ਜਿਹਨਾਂ ਲੋਕਾਂ ਨਾਲ ਗਿਆਨ ਵਿਚਾਰ ਸਾਂਝੀ ਕੀਤੀ ਹੈ। ਗੁਰਮਤਿ ਦਾ ਫੁਰਮਾਨ ਹੈ ਕੇ ਗਿਆਨ ਹੀ ਗੁਰੂ ਹੈ ਤੇ ਇਹ ਗਿਆਨ ਗੁਰੂ ਪੂਰੀ ਸ੍ਰਿਸਟੀ ਨੂੰ ਪ੍ਰਕਾਸ਼ਮਾਨ ਕਰਦਾ ਹੈ। “ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥੧॥” – ਸਾਧ ਉਹ ਜਿਸਨੇ ਮਨ ਸਾਧ ਲਿਆ, ਜਿਸਦੇ ਘਟ ਵਿੱਚ ਵਿਕਾਰ ਲਗਾਮ ਤੇ ਹਨ। ਮਨ ਸਾਧਣ ਨਾਲ ਹੀ ਬ੍ਰਹਨ ਗਿਆਨ ਦੀ ਪ੍ਰਾਪਤੀ ਹੋਣੀ ਤੇ ਗ੍ਰੰਥਾਂ ਵਿੱਚ ਇਹ ਗਿਆਨ ਮਾਰਗ ਸਮਝਾਇਆ ਹੋਇਆ ਹੈ। ਝਗੜੇ, ਵਿਕਾਰ ਖਤਮ ਕਰ ਕੇ ਰਾਹ ਸਮਝ ਲਗਣੀ ਉਸ ਨਿਰਾਕਾਰ ਪਰਮੇਸਰ ਤਕ ਪਹੁੰਚਣ ਦੀ ਜੋ ਘਟ ਵਿੱਚ ਹੀ ਵਸਦਾ ਹੈ।
ਜਦੋਂ ਤੱਕ ਅਸੀਂ ਪੜ੍ਹਨ, ਸੁਣਨ, ਗਾਇਨ ਤੱਕ ਸੀਮਿਤ ਹਾਂ, ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ, ਵਿਚਾਰ ਕੇ ਹਿਰਦੇ ਵਿੱਚ ਨਹੀਂ ਵਸਾਉਂਦੇ ਉਦੋਂ ਤੱਕ ਆਪਣੇ ਪਰਾਏ ਦਾ ਫ਼ਰਕ ਦਿਸਦਾ ਰਹਿਣਾ। ਗੁਰਬਾਣੀ ਏਕੇ ਦੀ ਮਤਿ ਹੈ। ਆਪ ਸਮਝਣਾ ਹੈ, ਦੂਜਿਆਂ ਨੂੰ ਵੀ ਸਮਝਾਉਣਾ ਹੈ। ਸੁਹਿਰਦ ਸਮਾਜ ਵਿੱਚ ਹੋਵੇ ਤਾਂ ਵਿਕਾਰਾਂ ਦੀ ਥਾਂ ਪ੍ਰੇਮ ਭਾਵਨਾ ਵਧੇ। ਜਦੋਂ ਸਾਰਿਆਂ ਵਿੱਚ ਰਾਮ ਕੀ ਅੰਸ਼, ਅਕਾਲ ਦੀ ਜੋਤ, ਰਾਮ, ਹਰਿ ਦੀ ਮੌਜੂਦਗੀ, ਅੱਲਾਹ ਦਾ ਨੂਰ ਦਿਸੂ ਤਾਂ ਝਗੜੇ ਮੁੱਕਣੇ। ਜਦੋਂ ਤੱਕ ਅੱਲਾਹ ਅਰਸ਼ ਤੇ, ਸ਼ਿਵ ਹਿਮਾਲਿਆ ਤੇ, ਰਾਮ ਅਯੋਧਿਆ ਵਿੱਚ ਤੇ ਅਕਾਲ ਕਿਤੇ ਬਾਹਰ ਦਿਸੂ ਉਦੋਂ ਤੱਕ ਭੇਦ ਭਾਵ ਰਹਿਣਾ। ਅੱਲਾਹ ਹਰੇਕ ਜੀਵ ਦੇ ਘਟ ਵਿੱਚ ਹੀ ਬੁੱਧ ਦੇ ਸਬ ਤੋਂ ਉੱਤੇ ੳਸਥਾਨ (ਅਰਸ਼) ਤੇ, ਹਿਮਾਲਿਆ ਘਟ ਵਿੱਚ ਹੀ ਬੁੱਧ ਵਿੱਚ ਹੇਮ (ਠੰਡਕ) ਦੇ ਕੁੰਟ ਭਾਵ ਜਿੱਥੇ ਵਿਕਾਰਾਂ ਦੀ ਅੱਗ ਨਾ ਹੋਵੇ, ਅੰਦਰ ਹੀ ਘਟ ਵਿੱਚ ਰਮਿਆ ਹੋਇਆ ਦਿਸੂ, ਅਕਾਲ ਮੂਰਤ ਮਨ ਜੋਤ ਸਰੂਪ ਦਿਸੂ ਤਾਂ ਫੇਰ ਕੋਈ ਝਗੜਾ ਬਚਣਾ ਹੀ ਨਹੀਂ। ਗੁਰਮਤਿ ਇਹੀ ਤਾਂ ਸਾਨੂੰ ਉਪਦੇਸ਼ ਦੇ ਰਹੀ ਹੈ ਪਰ ਅਸੀਂ ਮੰਨਣ ਨੂੰ ਤਿਆਰ ਨਹੀਂ। ਮੰਨਣ ਵਾਲੇ ਦੀ ਗਤਿ ਕਹੀ ਨਹੀਂ ਜਾ ਸਕਦੀ ਇਹੀ ਤਾਂ ਗੁਰਬਾਣੀ ਆਖਦੀ ਹੈ। ਸੋ ਸਾਰਿਆਂ ਵਿੱਚ ਏਕਾ ਹੀ “oneness” ਹੀ ਰੱਬ ਹੈ। ਇਹੀ ਬੇਨਤੀ ਹੈ ਜੀ ਕੇ ਗੁਰਬਾਣੀ, ਬੇਦ, ਕਤੇਬ (ਕੁਰਾਨ) ਸਾਰਿਆਂ ਵਿੱਚ ਇੱਕੋ ਰਚਨਹਾਰ ਦੀ ਗੱਲ ਹੋ ਰਹੀ ਹੈ ਸਮਝ ਕੇ ਆਪਸੀ ਭੇਦ ਭਾਵ ਖਤਮ ਕਰੀਏ। ਅਗਿਆਨਤਾ ਵਿੱਚ ਹਰੇਕ ਇਹੀ ਮੰਨਦਾ ਹੈ ਕੇ ਮੇਰਾ ਧਰਮ ਦੂਜੇ ਦੇ ਧਰਮ ਨਾਲੋਂ ਵੱਡਾ ਹੈ ਪਵਿੱਤਰ ਹੈ ਜਿਸ ਕਾਰਣ ਦੂਜੇ ਧਰਮ ਦੇ ਲੋਕਾਂ ਨੂੰ ਤਸੀਹੇ ਦਿੰਦਾ ਹੈ। ਦੂਜੇ ਨੂੰ ਮੌਕਾ ਮਿਲਦਾ ਹੈ ਉਹ ਤਸੀਹੇ ਦੇਣ ਲੱਗ ਜਾਂਦਾ ਹੈ। ਸਾਰੇ ਇਹੀ ਆਖਦੇ ਨੇ ਕੇ ਜਦੋਂ ਸਾਡਾ ਰਾਜ ਆਉਣਾ ਅਸੀਂ ਮਾੜਾ ਨਹੀਂ ਕਰਨਾ ਪਰ ਤਕਰੀਬਨ ਹਰੇਕ ਸੰਸਾਰੀ ਧਰਮ ਨੂੰ ਮੰਨਣ ਵਾਲੇ ਮੌਕਾ ਆਣ ਤੇ ਤਸ਼ੱਦਦ ਕਰਦੇ ਹਨ। ਗਿਆਨ ਲਏ ਬਿਨਾਂ ਹੀ ਆਪਣੇ ਆਪ ਨੂੰ ਉੱਚਾ ਤੇ ਸੁੱਚਾ ਮੰਨਦੇ ਹਨ। ਗਿਆਨੀ ਮਨੁੱਖ ਪਰਮੇਸਰ ਭੈ ਵਿੱਚ ਹੁੰਦਾ ਹੈ, ਏਕੇ ਦੀ ਗੱਲ ਕਰਦਾ ਹੈ। ਸੁਹਿਰਦ ਦੀ ਗੱਲ ਕਰਦਾ ਹੈ। ਜਿਸ ਉੱਤੇ ਤਸ਼ੱਦਦ ਹੋਈ ਹੁੰਦੀ ਹੈ ਉਸ ਲਈ ਮਾਫ਼ ਕਰਨਾ ਔਖਾ ਹੈ ਪਰ ਮਾਫ਼ ਕਰਨ ਵਾਲਾ ਹੀ ਏਕੇ ਵੱਲ ਵੱਧ ਸਕਦਾ ਹੈ। ਇੱਕ ਦੂਜੇ ਤੇ ਤਸ਼ੱਦਦ ਦਾ ਸਿਲਸਿਲਾ ਖਤਮ ਕਰ ਕੇ ਗਿਆਨ ਧਰਮ ਦੇ ਚਾਨਣੇ ਨਾਲ ਅਗਿਆਨਤਾ ਦੇ ਹਨੇਰੇ ਨੂੰ ਸੁਹਿਰਦ ਦੇ ਚਾਨਣੇ ਵਿਛ ਬਦਲਿਆ ਜਾ ਸਕਦਾ ਹੈ। ਸੁਹਿਰਦ ਮਨੁੱਖ ਦਾ ਮੂਲ ਗੁਣ ਹੈ। ਇਸ ਲਈ ਗਿਆਨ ਵਿਚਾਰ ਕਰਨੀ ਹੀ ਪੈਣੀ। ਮੂਲ, ਧਨ, ਜਾਨ ਮਾਲ ਦਾ ਨੁਕਸਾਨ ਕੀਤੇ ਬਿਨਾਂ ਕਰ ਲਈਏ ਜਾਂ ਸਬ ਗਵਾਉਣ ਤੋਂ ਬਾਦ ਕਰੀਏ ਇਹ ਸੋਚ ਵਿਚਾਰ ਕਰਨੀ ਪੈਣੀ।
