Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮੂਰਖ ਸਿਆਣਾ

ਮੂਰਖ ਕੌਣ ਹੈ ਤੇ ਕੌਣ ਸਿਆਣਾ? ਅਕਸਰ ਕਿਸੇ ਨਾਲ ਅਸਹਮਤੀ ਹੋਵੇ ਉਸਨੂੰ ਮੂਰਖ ਆਖ ਦਿੱਤਾ ਜਾਂਦਾ ਹੈ। ਜਿੱਥੇ ਤਰਕ ਨਾ ਕਰਨਾ ਹੋਵੇ ਜਾਂ ਵਿਚਾਰ ਨਾ ਮਿਲਦੇ ਹੋਣ ਇੱਕ ਦੂਜੇ ਦੀ ਗਲ ਨੂੰ ਕੱਟਣ ਲਈ ਮੂਰਖ ਆਖ ਦਿੰਦੇ ਹਨ। ਜਿਵੇਂ ਮਾਸ ਬਾਰੇ ਗੁਰਮਤਿ ਤੋਂ ਵਿਚਾਰ ਕਰਨ ਦੀ ਥਾਂ ਆਪਣੀ ਗਲ ਮਨਵਾਣੀ ਹੋਵੇ ਧੱਕੇ ਨਾਲ ਤਾਂ ਇਹ ਪੰਕਤੀ ਦਾ ਹਵਾਲਾ ਦੇ ਕੇ ਗਲ ਵੀ ਨਹੀਂ ਕਰਦੇ “ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥” ਭਾਵੇਂ ਗਿਆਨ ਦਾ ਧਿਆਨ ਆਪ ਵੀ ਨਾ ਕਰਦੇ ਹੋਣ। ਅੱਜ ਦਾ ਮੁੱਦਾ ਗੁਰਮਤਿ ਆਧਾਰ ਤੇ ਇਹ ਪਤਾ ਕਰਨ ਦਾ ਹੈ ਕੌਣ ਮੂਰਖ ਹੈ ਅਤੇ ਕੌਣ ਸਿਆਣਾ ਹੈ।ਅੱਜ ਦਾ ਮੁੱਦਾ ਮਾਸ ਨਹੀਂ ਹੈ ਪਰ ਜੇ ਕਿਸੇ ਨੇ ਮਾਸ ਬਾਰੇ ਗੁਰਮਤਿ ਕੀ ਆਖਦੀ ਹੈ ਪੜ੍ਹਨਾ ਹੋਵੇ ਤਾਂ ਵੇਖ ਸਕਦਾ ਹੈ “ਮਾਸ ਖਾਣਾ (Eating Meat) ਅਤੇ ਝਟਕਾ (Jhatka)”। ਮੂਰਖ ਬਾਰੇ ਗੁਰਬਾਣੀ ਆਖਦੀ

ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ॥ ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ॥

ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ॥

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ॥ ਮੋਖ ਮੁਕਤਿ ਕੀ ਸਾਰ ਨ ਜਾਣਾ॥

ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ॥

ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ॥

ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ॥ ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ॥

ਸੋ ਮਿਲਿਆ ਜਿ ਹਰਿ ਮਨਿ ਭਾਇਆ॥ ਸੋ ਭੂਲਾ ਜਿ ਪ੍ਰਭੂ ਭੁਲਾਇਆ॥ ਨਹ ਆਪਹੁ ਮੂਰਖੁ ਗਿਆਨੀ॥ ਜਿ ਕਰਾਵੈ ਸੁ ਨਾਮੁ ਵਖਾਨੀ॥ ਤੇਰਾ ਅੰਤੁ ਨ ਪਾਰਾਵਾਰਾ॥ ਜਨ ਨਾਨਕ ਸਦ ਬਲਿਹਾਰਾ॥

ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ॥ ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ॥੪॥” – ਸਾਰਿਆਂ ਵਿੱਚ ਏਕ ਪਰਮੇਸਰ ਦੀ ਜੋਤ ਹੈ। ਮੰਦਾ ਤਾਂ ਕਿਸੇ ਨੂੰ ਆਖੀਏ ਜੇ ਕੋਈ ਦੂਜਾ ਹੋਵੇ।

ਮਨ ਦੀ ਮਤਿ (ਅਗਿਆਨਤਾ) ਵਿੱਚ ਆਪਣੇ ਵਿਕਾਰਾਂ ਮਗਰ ਆਪਣੀ ਸੋਚ ਨੂੰ ਰੱਖਣ ਵਾਲਾ ਮੂਰਖ ਹੈ। ਜੇ ਆਤਮ ਗਿਆਨ ਨਾ ਲਵੇ, ਅਧਿਆਤਮਿਕ ਸੋਝੀ ਨਾ ਹੋਵੇ ਤਾਂ ਮਨ ਮੂਰਖ ਹੈ। ਹੁਣ ਸੋਚਣ ਵਾਲੀ ਗਲ ਹੈ ਕੇ ਇਸ ਕਸਵੱਟੀ ਤੇ ਕੌਣ ਖਰਾ ਉਤਰਦਾ ਹੈ। ਜੇ ਗਿਆਨ ਨਾ ਲਵੇ, ਲੋਭ ਲਾਲਚ ਵਿੱਚ ਫਸਿਆ ਹੈ, ਭਾਵੇਂ ਦੁਨਿਆਵੀ ਪੜ੍ਹਾਈ ਕਿੰਨੀ ਵੀ ਕੀਤੀ ਹੋਵੇ ਗੁਰਮਤਿ ਆਧਾਰ ਤੇ ਮੂਰਖ ਹੀ ਰਹੂ। ਇੱਕ ਦੂਜੇ ਨੂੰ ਮੂਰਖ ਆਖਣ ਦੀ ਥਾਂ ਜੇ ਗੁਰਮਤਿ ਗਿਆਨ ਲਵੇ ਤਾਂ ਕਿਤੇ ਸਿਆਣਪ ਹੋਵੇ ਨਾਮ ਪ੍ਰਾਪਤ ਕੀਤਿਆਂ। ਬਾਕੀ ਜੇ ਸੰਸਾਰੀ ਪੱਧਰ ਤੇ ਆਖਦੇ “ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥”।

ਮੈਂ ਮੇਰੀ ਤੇਰੀ ਦੀ ਸੋਚ ਵਾਲਾ ਮੂਰਖ ਹੈ। ਵੇਖੋ ਮੈਂ, ਮੇਰਾ, ਤੇਰਾ, ਵਯਕਤੀਗਤ, ਵਿਆਪਕ ਕੀ ਹੈ?”। ਜੇ ਕਰਤਾਰ, ਕਰਨੇਹਾਰ ਨੂੰ ਵਿਸਾਰ ਦਿੱਤਾ ਤਾਂ ਮੂਰਖ ਹੈ ਗਵਾਰ ਹੈ “ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ॥ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ॥ ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ॥ ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ॥੩॥” – ਆਪਣੇ ਆਪ ਨੂੰ ਕਰਤਾ ਮੰਨੀ ਬੈਠਾ। ਮੈਂ ਜੀ ਉਹ ਕਰਨਾ, ਮੈਂ ਜੀ ਐਦਾਂ ਕਰਾਂਗਾ ਤਾਂ ਮੋਖ ਦੁਆਰਾ ਮਿਲ ਜਾਣਾ। ਅਨਿਕ ਜਤਨ ਕਰਦਾ ਮਨੁੱਖ ਮੂਰਖਤਾ ਵਿੱਚ ਪਰ ਗਿਆਨ ਵਿਚਾਰ ਤੋਂ ਭੱਜਦਾ।

ਕੋਈ ਅਖੰਡ ਪਾਠ, ਕੋਈ ਅਖੰਡ ਕੀਰਤਨ, ਕੋਈ ਮਾਤਰਾ, ਕੋਈ ਉਚਾਰਣ ਵਿੱਚ ਫਸਿਆ। ਬਾਣੀ ਸਮਝਣ ਤੇ ਵਿਚਾਰਨ ਵਲ ਧਿਆਨ ਨਹੀਂ ਹੈ। ”ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ॥ ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ॥ ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ॥ ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ॥੧॥” – ਪੰਡਤ ਵੇਦ ਪਾਠ ਉੱਚੀ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਪਰ ਅੰਦਰੋਂ ਮਾਇਆ ਇਕੱਠੀ ਕਰਨ ਦਾ ਸੋਚਦਾ ਹੈ। “ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥ ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥੩॥”। ਅੱਜ ਦਾ ਪ੍ਰਚਾਰਕ ਵੀ ਇਹੀ ਕਰਦਾ। ਜੀਵ ਘਟ ਅੰਦਰ ਜਿਹੜਾ ਬ੍ਰਹਮ ਬੈਠਾ ਨਾ ਉਸਦੀ ਖੋਜ ਕਰਦਾ, ਨਾ ਵਿਚਾਰ ਕਰਦਾ, ਸੋਝੀ ਨਾ ਆਪ ਲੈਂਦਾ ਨਾ ਦੂਜਿਆਂ ਨੂੰ ਗਿਆਨ ਲੈਣ ਲਈ ਪ੍ਰੇਰਿਤ ਕਰਦਾ ਉਸਨੂੰ ਗੁਰਮਤਿ ਮੂਰਖ ਮੰਨਦੀ ਤੇ ਆਖਦੀ ਉਹ ਆਪਣਾ ਜੀਵਨ ਵਿਅਰਥ ਗਵਾ ਰਹਿਆ ਹੈ।

ਜੇ ਕੋਈ ਤੁਹਾਡੇ ਪ੍ਰਚਾਰ ਦੇ ਤਰੀਕੇ ਨਾਲ ਸਹਮਤ ਨਾ ਹੋਵੇ। ਰੱਟਣ ਨਾ ਕਰੇ, ਉੱਚੀ ਉੱਚੀ ਵਾਜੇ ਵਜਾ ਕੇ ਸ਼ਬਦ ਗਾਇਨ ਨਾ ਕਰੇ ਉਸਨੂੰ ਮੂਰਖ ਸਮਝਦੇ ਹਨ। ਜੇ ਕੋਈ ਗਿਆਨ ਦੀ ਵਿਚਾਰ ਕਰ ਰਹਿਆ ਹੈ ਤੇ ਉਹ ਰੱਟਣ ਕਰਨ ਵਾਲੇ ਨੂੰ ਮੂਰਖ ਸਮਝੇ, ਗਾਇਨ ਕਰਨ ਵਾਲੇ ਨੂੰ ਮੂਰਖ ਸਮਝੇ ਇਹ ਵੀ ਗਲਤ ਹੇ। ਜੋ ਦੁਮਾਲਾ ਬਨਦਾ ਪੱਗ ਬਨਣ ਵਾਲੇ ਨੂੰ ਮੂਰਖ ਆਖਦਾ। ਜੋ ਪੱਗ ਬਨਦਾ ਉਹ ਦਾੜ੍ਹਾ ਬਨਣ ਵਾਲੇ ਨੂੰ ਮੂਰਖ ਮੰਨਦਾ। ਜੋ ਦਾੜ੍ਹੀ ਬਨਦਾ ਉਹ ਦਾੜ੍ਹੀ ਕੱਟਣ ਵਾਲੇ ਨੂੰ ਮੂਰਖ ਸਮਝਦਾ। ਗਿਆਨ ਕਿਤਨਾ ਹੈ, ਗੁਰਮਤਿ ਦੀ ਵਿਚਾਰ ਕਿਤਨੀ ਹੋ ਰਹੀ ਹੈ ਸੋਚਣ ਦੀ ਥਾਂ ਬਸ ਬਾਹਰੀ ਭੇਖ ਵਲ ਧਿਆਨ ਹੈ ਜਿਸਦੇ ਆਧਾਰ ਤੇ ਮੂਰਖ ਸਿਆਣੇ ਦੀ ਤੁਲਨਾ ਸਾਰੇ ਹੀ ਕਰੀ ਜਾਂਦੇ। ਜੇ ਅੱਜ ਦੇ ਸਮੇ ਵਿੱਚ ਨਾਨਕ ਪਾਤਿਸ਼ਾਹ ਆਪ ਆ ਕੇ ਪ੍ਰਚਾਰ ਕਰਨ ਤਾਂ ਲੋਕਾਂ ਨੇ ਫੇਰ ਸੇਲੀ ਟੋਪੀ ਵੇਖਣੀ ਤੇ ਗਿਆਨ ਨਹੀਂ ਸੁਣਨਾ। ਗੁਰਬਾਣੀ ਆਖਦੀ “ਨਾ ਕੋ ਮੂਰਖੁ ਨਾ ਕੋ ਸਿਆਣਾ॥ ਵਰਤੈ ਸਭ ਕਿਛੁ ਤੇਰਾ ਭਾਣਾ॥ ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ॥੩॥”। ਇਹ ਖੇਡ ਪ੍ਰਭ ਦੀ ਰਚੀ ਹੋਈ ਹੈ ਕਿਸੇ ਨੂੰ ਕਿਸੇ ਧੰਦੇ ਲਾਇਆ ਕਿਸੇ ਨੂੰ ਕਿਸੇ ਹੋਰ ਪਾਸੇ। ਜੇ ਕੋਈ ਅਗਿਆਨਤਾ ਵਿੱਚ ਭਟਕਿਆ ਉਹ ਵੀ ਭਾਣਾ ਤੇ ਜੇ ਕੋਈ ਗਿਆਨ ਵਿਚਾਰ ਕਰਦਾ ਉਹ ਵੀ ਭਾਣਾ “ਅਪਨੈ ਰੰਗਿ ਕਰਤਾ ਕੇਲ॥ ਆਪਿ ਬਿਛੋਰੈ ਆਪੇ ਮੇਲ॥ ਇਕਿ ਭਰਮੇ ਇਕਿ ਭਗਤੀ ਲਾਏ॥ ਅਪਣਾ ਕੀਆ ਆਪਿ ਜਣਾਏ॥੩॥” ਤੇ ਕਿਤੇ ਰੱਟਣ ਨੂੰ, ਸਬਦ ਗਾਇਨ ਨੂੰ ਭਗਤੀ ਨਾ ਮੰਨ ਲਿਉ। ਗੁਰਮਤਿ ਪਰਿਭਾਸ਼ਾ ਭਗਤੀ ਦੀ ਗੁਰਮਤਿ। ਵਿੱਚੋਂ ਖੋਜ ਲਿਓ। “ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥” ਤੇ ਮਨ ਮਾਰਨਾ ਅਰਥ ਜਦੋਂ ਮਨ ਵਿੱਚ ਵਿਕਾਰ ਉਠਣੇ ਬੰਦ ਹੋ ਜਾਣ। ਤੇ ਰੱਟਣਾ ਨਾਮ ਪ੍ਰਾਪਤੀ ਨਹੀਂ ਹੈ ਨਾਮ (ਸੋਝੀ) ਦੀ ਪ੍ਰਾਪਤੀ ਹੁੰਦੀ ਹੈ ਗਿਆਨ ਨਾਲ “ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ॥ ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ॥ ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ॥ ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ॥ ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ॥”। ਨਾਮ (ਸੋਝੀ) ਬੂਝਣ ਦੀ ਵਸਤੂ ਹੈ “ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ॥” ਇਸਨੂੰ ਪਦਾਰਥ ਵੀ ਕਹਿਆ ਗੁਰਬਾਣੀ ਵਿੱਚ। ਨਾਮ ਬਾਰੇ ਹੋਰ ਜਾਨਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?” ਅਤੇ ਕੀਰਤਨ ਕੀ ਹੈ “ਕੀਰਤਨੁ ਅਤੇ ਗੁਣ ਕਿਵੇ ਗਉਣੇ ਹਨ”। ਪਾਤਿਸ਼ਾਹ ਤਾਂ ਆਪ ਫੁਰਮਾਉਂਦੇ ਹਨ ਕੇ “ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ॥ ਪ੍ਰਣਵਤਿ ਨਾਨਕ ਤਿਨੑ ਕੀ ਸਰਣਾ ਜਿਨੑ ਤੂੰ ਨਾਹੀ ਵੀਸਰਿਆ॥” ਕਈ ਹੋਰ ਉਦਾਹਰਣ ਦਿੰਦੇ ਹਨ ਤੇ ਕਰਤਾਰ ਤੋਂ ਆਸ ਕਰਦੇ ਹਨ ਗਿਆਨ ਦੀ ਜਿਵੇਂ।

ਪੰਡਿਤੁ ਸਾਸਤ ਸਿਮ੍ਰਿਤਿ ਪੜਿਆ॥ ਜੋਗੀ ਗੋਰਖੁ ਗੋਰਖੁ ਕਰਿਆ॥ ਮੈ ਮੂਰਖ ਹਰਿ ਹਰਿ ਜਪੁ ਪੜਿਆ॥੧॥” – ਆਖਦੇ ਪੰਡਿਤ ਨੇ ਸਾਸਤ ਸਿਮ੍ਰਿਤ ਬੇਦ ਪੜ੍ਹੇ (ਪਰ ਸਮਝੇ ਨਹੀਂ), ਜੋਗੀ ਜੋਗ ਮਤਿ ਵਾਲੇ ਗੋਰਖ ਗੋਰਖ ਕਰਦੇ ਰਹੇ ਜਿਵੇਂ, ਸਨਾਤਨੀ ਰਾਮ ਰਾਮ ਰੱਟਦੇ ਸੀ, ਸੂਫੀ ਅੱਲਾਹ ਅੱਲਾਹ ਕਰਦੇ ਸੀ ਤੇ ਆਖਦੇ ਮੈਂ ਮੂਰਖ ਹਾਂ ਜਿਸਨੇ ਹਰਿ ਹਰਿ ਜਪ (ਪਛਾਨਣ) ਦੀ ਪੜ੍ਹਾਈ ਕੀਤੀ। ਜਪਣਾ ਕੀ ਹੈ ਸਮਝਣ ਲਈ ਵੇਖੋ “ਜਪਣਾ ਤੇ ਸਿਮਰਨ ਕਰਨਾ ? ਨਾਮ ਜਾਪਣ ਦੀ ਗੁਰਮਤਿ ਵਿਧੀ ਕੀ ਹੈ ?”। ਇੱਦਾਂ ਹੀ ਫੇਰ ਆਖਦੇ “ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ॥ ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ॥ ਮੈ ਮੂਰਖ ਹਰਿ ਆਸ ਤੁਮਾਰੀ॥੨॥ ਖਤ੍ਰੀ ਕਰਮ ਕਰੇ ਸੂਰਤਣੁ ਪਾਵੈ॥ ਸੂਦੁ ਵੈਸੁ ਪਰ ਕਿਰਤਿ ਕਮਾਵੈ॥ ਮੈ ਮੂਰਖ ਹਰਿ ਨਾਮੁ ਛਡਾਵੈ॥”।

ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ॥ ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ॥ ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ॥ ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ॥ ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ॥ ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ॥੩॥” – ਆਖਦੇ ਰਾਮ ਨਾਮ (ਰਾਮ ਦੇ ਗਿਆਨ ਦੀ ਸੋਝੀ) ਤੋਂ ਬਿਨਾਂ ਕੋਈ ਥਿਰ ਨਹੀਂ ਹੈ। ਦ੍ਰਿੜ ਭਗਤੀ ਹੈ ਮਨ ਵੇਚ ਕੇ ਰਾਮ ਦੇ ਨਾਮ (ਸੋਝੀ) ਨੂੰ ਪ੍ਰਾਪਤ ਕਰਨਾ। ਇਹੀ ਸੱਚੀ ਭਗਤ ਹੈ ਆਪ ਗਵਾਉਣਾ ਤੇ ਸੋਝੀ ਲੈਣਾ। ਰਾਮ ਨਾਮ ਬਾਰ ਬਾਰ ਰਾਮ ਰਾਮ ਰੱਟਣਾ ਨਹੀਂ ਹੈ । ਇਸ ਬਾਰੇ ਗੁਰਮਤਿ ਦਾ ਸਪਸ਼ਟ ਫੁਰਮਾਨ ਹੈ “ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥”, ਜਿਵੇਂ ਅੱਖਾ ਬੰਦ ਕਰਕੇ ਰੋਟੀ ਰੋਟੀ ਪੁਕਾਰਨ ਨਾਲ ਰੋਟੀ ਪ੍ਰਕਟ ਨਹੀਂ ਹੋ ਜਾਣੀ, ਰਾਮ ਰਾਮ ਰਟਣ ਨਾਲ ਰਾਮ ਦੀ ਸੋਝੀ ਨਹੀਂ ਹੁੰਦੀ। ਰਾਮ ਬਾਰੇ ਜਾਨਣ ਲਈ ਵੇਖੋ “ਗੁਰਮਤਿ ਵਿੱਚ ਰਾਮ”।

ਮੂਰਖ ਉਹ ਵੀ ਹੈ ਜਿਸ ਵਿੱਚ ਅਭਿਮਾਨ ਹੋਵੇ। ਅਭਿਮਾਨ ਰਾਜ, ਧਨ, ਜੋਬਨ, ਸੁੰਦਰਤਾ ਦਾ ਵੀ ਹੋ ਸਕਦਾ ਹੈ ਤੇ ਗਿਆਨੀ, ਪੜ੍ਹਿਆ ਲਿਖਿਆ, ਗ੍ਰੰਥ ਰੱਟੇ ਹੋਣ ਦਾ ਵੀ ਹੋ ਸਕਦਾ ਹੈ। “ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥ ਜੋ ਜਾਨੈ ਮੈ ਜੋਬਨਵੰਤੁ॥ ਸੋ ਹੋਵਤ ਬਿਸਟਾ ਕਾ ਜੰਤੁ॥ ਆਪਸ ਕਉ ਕਰਮਵੰਤੁ ਕਹਾਵੈ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ॥ ਧਨ ਭੂਮਿ ਕਾ ਜੋ ਕਰੈ ਗੁਮਾਨੁ॥ ਸੋ ਮੂਰਖੁ ਅੰਧਾ ਅਗਿਆਨੁ॥ ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥੧॥

ਮੂਰਖ ਮੁਗਧ ਅਗਿਆਨ ਅਵੀਚਾਰੀ॥ ਨਾਮ ਤੇਰੇ ਕੀ ਆਸ ਮਨਿ ਧਾਰੀ॥੨॥ ਜਪੁ ਤਪੁ ਸੰਜਮੁ ਕਰਮ ਨ ਸਾਧਾ॥ ਨਾਮੁ ਪ੍ਰਭੂ ਕਾ ਮਨਹਿ ਅਰਾਧਾ॥੩॥ ਕਿਛੂ ਨ ਜਾਨਾ ਮਤਿ ਮੇਰੀ ਥੋਰੀ॥ ਬਿਨਵਤਿ ਨਾਨਕ ਓਟ ਪ੍ਰਭ ਤੋਰੀ॥

ਤੀਨਿ ਭਵਨ ਮਹਿ ਏਕਾ ਮਾਇਆ॥ ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ॥ ਬਹੁ ਕਰਮ ਕਮਾਵੈ ਦੁਖੁ ਸਬਾਇਆ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ॥” – ਮਨੁਖ ਦੇ ਮਨ ਵਿੱਚ ਕਈ ਮੱਤਾਂ ਦੀ ਖਿਚੜੀ ਪੱਕੀ ਹੋਈ ਹੈ। ਕਿਸੇ ਧਰਮ ਵਿੱਚ ਮੰਨਦੇ ਹਨ ਕੇ ਜਿਹੋ ਜਿਹਾ ਅਸੀ ਭੋਜਨ ਖਾਂਦੇ ਹਾਂ ਸਾਡਾ ਕਿਰਦਾਰ ਵੈਸਾ ਹੋ ਜਾਂਦਾ ਹੈ। ਗੁਰਮਤਿ ਇਸ ਗਲ ਨੂੰ ਰੱਦ ਕਰਦੀ ਹੈ। ਸਰੀਰ ਦੇ ਭੋਜਨ ਦਾ ਮਨ ਦੇ ਭੋਜਨ (ਗਿਆਨ) ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੋਗੀ ਇੱਕ ਸ਼ਬਦ ਰੱਟਦੇ ਸੀ, ਸਾਡੇ ਵੀ ਰੱਟਣ ਲਗ ਪਏ। ਕਈ ਅੱਖਾ ਬੰਦ ਕਰ ਦੇ ਤਪੱਸਿਆ ਕਰਦੇ ਸੀ, ਗੁਰਬਾਣੀ ਇਸ ਨੂੰ ਕੱਟਦੀ ਹੈ “ਕਲ ਮਹਿ ਰਾਮ ਨਾਮੁ ਸਾਰੁ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥”। ਇਹਨਾਂ ਵਿੱਚੋਂ ਕਿਸੇ ਨਾਲ ਸੁੱਖ ਨਹੀਂ ਪ੍ਰਾਪਤ ਹੁੰਦਾ, ਕੇਵਲ ਸਤਿਗੁਰ ਦੀ ਸੇਵਾ ਨਾਲ ਹੁੰਦਾ ਹੈ। ਤੇ ਸਤਿਗੁਰ ਦੀ ਸੇਵਾ ਗੁਰਬਾਣੀ ਨੇ ਦੱਸੀ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥” -ਗੁਣਾਂ ਦੀ ਵਿਚਾਰ, ਸਬਦੁ (ਹੁਕਮ) ਦੀ ਵਿਚਾਰ। ਪਰ ਇਹ ਔਖਾ ਕੰਮ ਹੈ ਇਸ ਲਈ ਇਸਨੂੰ ਵਿਰਲਾ ਹੀ ਕੋਈ ਕਰਦਾ ਬਾਕੀ ਤਾਂ ਸਾਰੇ ਭੱਜਦੇ ਹਨ ਸੌਖਾ ਰਸਤਾ ਲੱਭਣ ਲਈ। ਕੌਣ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਸਮਝੂ, ਰੱਬ ਦੇ ਏਜੰਟ ਪਹਿਲਾਂ ਆਪ ਥਾਪ ਦਿੱਤੇ ਫੇਰ ਉਹਨਾਂ ਤੋਂ ਅਰਦਾਸਾ ਕਰਾ ਲਈਆਂ ਤੇ ਆਪ ਬਸ ਮੱਥਾ ਟੇਕ ਕੇ ਘਰੇ ਤੁਰ ਪਏ।

ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ॥ ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ॥ ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ॥ ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ॥੩॥”

ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ॥ ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ॥ ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ॥ ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ॥ ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ॥ ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ॥ ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ॥” । ਸਬਦ ਵਿਚਾਰ ਹੀ ਗੁਰ ਦੀ ਸੇਵਾ ਹੈ ਤੇ ਨਾਮ (ਸੋਝੀ ਸਿਆਣਪ) ਪ੍ਰਦਾਨ ਕਰਦੀ ਹੈ “ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ॥ ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ॥ ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨੑ ਜੋਤੀ ਜੋਤਿ ਮਿਲਾਈ॥ ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ॥ ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ॥ ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ॥

ਮੂਰਖ ਸਿਆਣੇ ਵਾਲੀ ਸੋਚ ਹਉਮੈ ਵਿੱਚੋਂ ਪੈਦਾ ਹੁੰਦੀ ਹੈ। ਹਉਮੇ ਵਿੱਚ ਹੀ ਕੋਈ ਆਪਣੇ ਆਪ ਨੂੰ ਸਿਆਣਾ ਤੇ ਦੂਜੇ ਨੂੰ ਮੂਰਖ ਸਮਝਦਾ ਹੈ। “ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ॥ ਹਉ ਵਿਚਿ ਦਿਤਾ ਹਉ ਵਿਚਿ ਲਇਆ॥ ਹਉ ਵਿਚਿ ਖਟਿਆ ਹਉ ਵਿਚਿ ਗਇਆ॥ ਹਉ ਵਿਚਿ ਸਚਿਆਰੁ ਕੂੜਿਆਰੁ॥ ਹਉ ਵਿਚਿ ਪਾਪ ਪੁੰਨ ਵੀਚਾਰੁ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ॥ ਹਉ ਵਿਚਿ ਹਸੈ ਹਉ ਵਿਚਿ ਰੋਵੈ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ॥ ਹਉ ਵਿਚਿ ਜਾਤੀ ਜਿਨਸੀ ਖੋਵੈ॥ ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ॥ ਮੋਖ ਮੁਕਤਿ ਕੀ ਸਾਰ ਨ ਜਾਣਾ॥ ਹਉ ਵਿਚਿ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥ ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ॥ ਨਾਨਕ ਹੁਕਮੀ ਲਿਖੀਐ ਲੇਖੁ॥ ਜੇਹਾ ਵੇਖਹਿ ਤੇਹਾ ਵੇਖੁ॥੧॥”

ਸੰਸਾਰੀ ਵਸਤੂਆਂ ਨੂੰ ਸੱਚ ਮੰਨਦਾ। ਗਲ ਬਾਤ ਵਿੱਚ ਸੱਚ ਤੇ ਝੂਠ ਲੱਬਦਾ। ਪਤਾ ਹੀ ਨਹੀਂ ਕੇ ਗੁਰਮਤਿ ਕਿਸ ਨੂੰ ਸੱਚ ਤੇ ਕਿਸ ਨੂੰ ਝੂਠ ਆਖਦੀ ਹੈ। ਇਸਨੂੰ ਮੂਰਖਤਾ ਮੰਨਿਆ ਹੈ ਗੁਰਬਾਣੀ ਨੇ “ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ॥ ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੑੀ ਸਚੁ ਕਮਾਇਆ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨੑ ਕੈ ਹਿਰਦੈ ਸਚੁ ਵਸਾਇਆ॥ ਮੂਰਖ ਸਚੁ ਨ ਜਾਣਨੑੀ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ॥੮॥”। ਹਰ ਸੰਸਾਰੀ ਵਸਤੂ ਬਿਨਸ ਜਾਂਦੀ ਇਸ ਲਈ ਗੁਰਮਤਿ ਨੇ ਝੂਠ ਮੰਨਿਆ ਹੈ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥” ਤੇ ਸਚ ਹੈ ਅਕਾਲ, ਹੁਕਮ ਤੇ ਜੋਤ ਜੋ ਸਦੀਵ ਰਹਿੰਦੀ ਹੈ। ਜੋ ਆਪਣੀ ਹੋਂਦ ਦੀ ਪਛਾਣ ਨਾ ਕਰੇ, ਆਪਣੇ ਘਟ ਅੰਦਰ ਵਸਦੀ ਜੋਤ ਨੂੰ ਨਾ ਪਛਾਣੇ ਉਸਨੂੰ ਮੂਰਖ ਆਖਿਆ ਹੈ। ਮਨ ਮੂਰਖ ਹੈ ਕਿਉਂਕੇ ਭੁੱਲਾ ਬੈਠਾ ਹੈ ਕੇ ਆਪ ਜੋਤ ਸਰੂਪ ਹੈ “ਸੁਣਿ ਸਾਸਤ੍ਰ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ॥ ਸੋ ਮੂਰਖੁ ਜੋ ਆਪੁ ਨ ਪਛਾਣਈ ਸਚਿ ਨ ਧਰੇ ਪਿਆਰੁ॥੪॥ ਸਚੈ ਜਗਤੁ ਡਹਕਾਇਆ ਕਹਣਾ ਕਛੂ ਨ ਜਾਇ॥ ਨਾਨਕ ਜੋ ਤਿਸੁ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਇ॥”। “ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ॥ ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ॥”, ਅਤੇ “ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ॥ ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ॥ ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ॥”। ਗੁਣ ਗਾਇਨ ਦੀ ਵਿਧੀ ਦੱਸੀ ਹੈ ਗੁਰਮਤਿ ਨੇ। ਸਾਰੀ ਸ੍ਰਿਸਟੀ ਹੁਕਮ ਮੰਨ ਕੇ ਕਰਤੇ ਦੇ ਗੁਣ ਗਾ ਰਹੀ ਹੈ। ਜਿੰਨਾਂ ਨੂੰ ਹੁਕਮ ਦਾ ਗਿਆਨ ਹੋ ਗਿਆ ਜਿਹਨਾਂ ਨੂੰ ਇਹ ਸੋਝੀ (ਨਾਮ) ਪ੍ਰਾਪਤ ਹੋ ਗਿਆ ਉਹੀ ਸੁਖੀ ਰਹਿੰਦੇ ਹਨ “ਨਾਨਕ ਨਾਮਿ ਰਤੇ ਤਿਨ ਸਦਾ ਸੁਖੁ ਪਾਇਆ ਹੋਰਿ ਮੂਰਖ ਕੂਕਿ ਮੁਏ ਗਾਵਾਰਾ॥੩॥ ”।

ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ॥੩॥

ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ॥ ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ॥੨॥

ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ॥੧॥

ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ॥ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ॥੧॥” – ਪੰਚਮ ਪਾਤਿਸ਼ਾਹ ਕਿਸਨੂੰ ਚਤੁਰ ਸਿਆਣਾ ਆਖ ਰਹੇ ਨੇ, ਕੌਣ ਕਰਤਾ ਹੈ? ਕਿਸਨੂੰ ਊਜਲ ਕਰਤਾ ਆਖ ਰਹੇ ਨੇ? ਕਦੇ ਗੁਰਮਤਿ ਦੀ ਖੋਜ ਤਾਂ ਕਰੀਏ।

ਕਈ ਪਖੰਡ ਕਰਦੇ ਹਨ। ਭਗਤਾਂ ਬਰਾਬਰ ਆਪਣੇ ਆਪ ਨੂੰ ਸਮਝਦੇ ਹਨ। ਡੇਰੇ ਬਣਾ ਲਏ, ਗੁਰਦੁਆਰੇ ਬਣਾ ਕੇ ਪ੍ਰਚਾਰ ਗੁਰੂ ਦੇ ਨਾਮ ਦਾ ਕਰਨ ਦਾ ਦਾਅਵਾ ਕਰਦੇ ਹਨ ਪਰ ਲੋਕਾਂ ਨੂੰ ਮਗਰ ਲਾ ਕੇ ਗਿਆਨ ਤੋਂ ਵਾਂਝਾ ਰੱਖਦੇ ਹਨ। ਗੁਰਮਤਿ ਦਾ ਫੁਰਮਾਨ ਹੈ “ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ॥ ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ॥੨॥ਸੇ ਭਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ॥ ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ॥੩॥”। ਗੁਰਮੁਖ ਗੁਣਾਂ ਨੂੰ ਮੁਖ ਰੱਖਦਾ ਹੈ ਤੇ ਇਹੋ ਜਹੇ ਠੱਗਾਂ ਦੇ ਮਗਰ ਨਹੀਂ ਲਗਦਾ “ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ॥ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ॥ ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ॥ ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ॥ ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ॥ ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ॥ ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ॥ ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ॥੧॥

ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ॥ ਮਾਇਆ ਮੋਹੁ ਪਸਰਿਆ ਪਾਸਾਰਾ॥ ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ॥੧੫॥ ਆਪੇ ਕਰਤਾ ਕਰੇ ਕਰਾਏ॥ ਸਚੀ ਬਾਣੀ ਸਚੁ ਦ੍ਰਿੜਾਏ॥ ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ॥

ਸੋ ਕਿਸੇ ਨੂੰ ਵੀ ਮੂਰਖ ਨਹੀਂ ਮੰਨਣਾ, ਜੇ ਕਿਸੇ ਕੋਲ ਹਜੇ ਗਿਆਨ ਨਹੀਂ ਹੈ ਤਾਂ ਇਹ ਅਰਥ ਹੈ ਕੇ ਹਜੇ ਹੁਕਮ ਨਹੀਂ ਹੋਇਆ ਉਸਨੂੰ ਗਿਆਨ ਪ੍ਰਾਪਤੀ ਦਾ। ਕਿਸੇ ਨੂੰ ਵੀ ਚਾਰ ਗੱਲਾਂ ਜਾਂ ਸੰਸਾਰੀ ਨੈਤਿਕਤਾ ਕਾਰਣ ਸਿਆਣਾ ਨਹੀਂ ਮੰਨ ਲੈਣਾ। ਅਧਿਆਤਮਿਕ ਗਿਆਨ ਗੁਰਮਤਿ ਦੀ ਸੋਝੀ ਪ੍ਰਾਪਤ ਹੋਣ ਤੇ ਕੋਈ ਮੂਰਖ ਜਾਂ ਸਿਆਣਾ ਨਹੀਂ ਦਿਸਣਾ। ਅਸੀਂ ਸਾਰੇ ਹੀ ਜੀਵਨ ਭਰ ਸਿੱਖਦੇ ਹਾਂ। ਸਿੱਖਦੇ ਉਹ ਹਾਂ ਜੋ ਪ੍ਰਭ ਦੀ ਆਗਿਆ ਹੋਵੇ। ਹਾਂ ਕਿਸੇ ਦੇ ਮਗਰ ਲੱਗ ਕੇ ਪਖੰਡ ਨਾ ਕਰਨਾ ਤੇ ਗੁਰਬਾਣੀ ਨੂੰ ਬ੍ਰਹਮ ਦਾ ਗਿਆਨ ਸਮਝ ਕੇ ਪੜ੍ਹਨਾ ਹੈ। ਗੁਰੂ, ਉਸਦੇ ਗਿਆਨ ਤੇ ਆਪਣੇ ਵਿੱਚ ਦਾ ਫ਼ਾਸਲਾ ਸਾਨੂੰ ਖਤਮ ਕਰਨਾ ਹੈ। ਮਾਨੁਖ ਕੀ ਟੇਕ ਨਹੀਂ ਕਰਨੀ। ਜੋ ਅਗਲੇ ਨੂੰ ਸਮਝ ਆਇਆ, ਜਾ ਨਹੀਂ ਸਮਝ ਆਇਆ, ਅਗਲਾ ਉਹੀ ਦਸ ਸਕਦਾ ਹੈ। ਗੁਰੂ ਤੇ ਭਰੋਸਾ ਰੱਖਣ ਵਾਲਾ ਗੁਣਾਂ ਦੀ, ਸਬਦੁ ਦੀ ਵਿਚਾਰ ਆਪ ਕਰਦਾ। ਗੁਰਬਾਣੀ ਤੋਂ ਹੀ ਗੁਰਬਾਣੀ ਦੇ ਅਰਥ ਖੋਜਦਾ। ਆਪਣੇ ਆਪ ਵਿੱਚ ਗੁਰਬਾਣੀ ਸਮਰੱਥ ਹੈ ਗਿਆਨ ਦਾ ਘਟ ਵਿੱਚ ਉਜਿਆਰਾ ਕਰਨ ਲਈ। ਬਾਣੀ ਆਪ ਪੜ੍ਹੋ, ਸਮਝੋ ਤੇ ਵਿਚਾਰੋ। ਇਹੀ ਗੁਰ ਕੀ ਸੇਵਾ ਹੈ ਇਹੀ ਸਿਆਣਪ ਹੈ। ਗੁਰਬਾਣੀ ਦਾ ਆਦੇਸ਼ ਹੈ “ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ॥ ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ॥ ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ॥੧॥

ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ॥ ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ॥੧॥

ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ॥ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ॥੧॥

ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ॥ ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ॥੩॥

ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ॥ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ॥੧॥

ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ॥ ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ॥ ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ॥ ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ॥

ਦਾਤਿ ਜੋਤਿ ਸਭ ਸੂਰਤਿ ਤੇਰੀ॥ ਬਹੁਤੁ ਸਿਆਣਪ ਹਉਮੈ ਮੇਰੀ॥ ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ॥ ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ॥

ਅਵਰ ਸਿਆਣਪ ਸਗਲੀ ਪਾਜੁ॥ ਜੈ ਬਖਸੇ ਤੈ ਪੂਰਾ ਕਾਜੁ॥

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥” – ਲੱਖ ਸਿਆਣਪਾ ਕਰਲੈ ਇੱਕ ਨਹੀਂ ਚੱਲਣੀ। ਤੇ ਫੇਰ ਸਚਿਆਰਾ ਕਿਵੇਂ ਹੋਣਾ? ਹੁਕਮ ਰਜਾ ਵਿੱਚ ਚਲਣਾ ਜੋ ਧੁਰੋਂ ਲਿਖਿਆ ਹੈ ਮੰਨ ਲੈਣ ਨਾਲ ਸਚਿਆਰਾ ਹੋਣਾ।