ਜੋਤ ਕੀ ਹੈ? ਜਾਗਤ ਜੋਤ?
“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥“
ਜਿਥੋਂ ਕੋਈ ਚੀਜ ਪੈਦਾ ਹੁੰਦੀ ਹੈ, ਉਹ ਉਸ ਚੀਜ ਦਾ ‘ਮੂਲ’ ਹੁੰਦਾ ਹੈ, ਜਿਵੇਂ ਕਿ (ਉਦਾਹਰਨ ਦੇ ਤੌਰ ‘ਤੇ) ਧੁੱਪ ‘ਸੂਰਜ’ ਤੋਂ ਪੈਦਾ ਹੁੰਦੀ ਹੈ, ਇਸ ਕਰਕੇ ਧੁੱਪ ਦਾ ਮੂਲ ‘ਸੂਰਜ’ ਹੈ। ਪੂਰੀ ਗੁਰਬਾਣੀ ਮਨ ਨੂੰ ਹੀ ਸਮਝਾ ਰਹੀ ਹੈ ਕੇ ਤੂੰ ਜੋਤ ਸਰੂਪ ਹੈਂ ਗੁਣ ਧਾਰਣ ਕਰ ਆਪਣੇ ਮੂਲ ਨੂੰ ਪਛਾਣ। ਮੂਲ ਦੇ ਗੁਣ ਮੁੱਖ ਰੱਖ ਤੇ ਮੂਲ ਵਰਗਾ ਹੀ ਦਿਸ। ਮਨ ਅਗਿਆਨਤਾ ਦਾ ਨਾਮ ਹੈ, ਦਲਿੱਦਰ ਦਾ ਨਾਮ ਹੈ, ਜਦੋਂ ਦੋਸ਼ ਆਪਣੇ ਤੇ ਨਾ ਲੈਣਾ ਹੋਵੇ ਮਨੁੱਖ/ਜੀਵ ਮਨ ਨੂੰ ਅੱਗੇ ਕਰ ਦਿੰਦਾ ਹੈ। ਅਸਲ ਵਿੱਚ ਜੀਵ ਆਪ ਹੀ ਮਨ ਹੈ। ਅਗਿਆਨਤਾ ਕਾਰਣ ਵਿਕਾਰਾਂ ਵਿੱਚ ਫਸਿਆ ਹੈ। ਜੀਵ ਨੇ ਗੁਣ ਲੈਣੇ ਹਨ ਤੇ ਮਨ ਨੂੰ ਸਾਧਣਾ ਹੈ। ਆਗਿਆਨਤਾ ਦੀ ਨੀਂਦ ਤੋਂ ਗੁਣ ਲੈਕੇ ਜਾਗਣਾ ਹੈ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ॥੩੨॥ ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥”, ਇਹੀ ਜਾਗਤ ਜੋਤ ਆਪ ਹੈ ਜਦੋਂ ਗੁਣਾਂ ਨੂੰ ਜਾਣ ਲੈਂਦਾ ਹੈ। ਗੁਣਾਂ ਨਾਲ, ਸੋਝੀ, ਪ੍ਰੇਮ, ਹੁਕਮ ਗਿਆਨ ਦੇ ਪਦਾਰਥ ਭਾਵ ਨਾਮ ਨੂੰ ਲੈਕੇ ਏਕਾ ਕਰ ਲੈਂਦਾ ਹੈ। ਜੇ ਮੂਲ ਅਕਾਲ ਹੈ ਤਾਂ ਮਨ ਅਕਾਲ ਮੂਰਤ ਹੈ। ਪੂਰੀ ਗੁਰਬਾਣੀ ਇਹੀ ਸਮਝਾ ਰਹੀ ਹੈ।
“ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ॥“
ਜਿੰਨਾ ਚਿਰ ਇਹ ਅਗਿਆਨੀ ਹੈ ਉਨਾ ਚਿਰ ਇਹ ‘ਮਨ’ ਹੈ, ਪਰ ਜਦੋਂ ਇਹ ਆਪਣੇ ਮੂਲ ‘ਬ੍ਰਹਮ’ ਨੂੰ ਜਾਨ ਲੈਂਦਾ ਹੈ ਤਾਂ ਉਦੋਂ ਇਹ ਬ੍ਰਹਮਾ ਬਣ ਜਾਂਦਾ ਹੈ, “ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ॥ ਬੈਸਨੋ ਤੇ ਗੁਰਮੁਖਿ ਸੁਚ ਧਰਮਾ॥”
ਕਿਉਂਕਿ “ਜਿਨਿ ਜਾਤਾ ਸੋ ਤਿਸ ਹੀ ਜੇਹਾ॥ ਅਤਿ ਨਿਰਮਾਇਲੁ ਸੀਝਸਿ ਦੇਹਾ॥“, ‘ਮਨ’ ਬ੍ਰਹਮਾ(ਭਾਵ ਕਿ ਆਤਮ-ਗਿਆਨੀ) ਬਣ ਕੇ ਹੀ ‘ਬ੍ਰਹਮ’ ਵਿੱਚ ਸਮਾਅ ਸਕਦਾ ਹੈ । “ਹਰਿ ਨਾਮਾ ਜਸੁ ਜਾਚਉ ਨਾਉ ॥ ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥”
“ਉਪਜਿਆ ਤਤੁ ਗਿਆਨੁ, ਸਾਹੁਰੈ ਪੇਈਐ ਇਕੁ ਹਰਿ, ਬਲਿ ਰਾਮ ਜੀਉ ॥ ਬ੍ਰਹਮੈ ਬ੍ਰਹਮੁ ਮਿਲਿਆ, ਕੋਇ ਨ ਸਾਕੈ ਭਿੰਨ ਕਰਿ, ਬਲਿ ਰਾਮ ਜੀਉ ॥”
‘ਕੋਇ ਨ ਸਾਕੈ ਭਿੰਨ ਕਰਿ’ ਬੜੀ ਮਹੱਤਵਪੂਰਨ ਗੱਲ ਹੈ, ‘ਕੋਇ’ ਭਾਵ ਕਿ ਹੋਰ ਕੋਈ ਭਿੰਨ ਜਾਂ ਭੰਗ ਨਹੀਂ ਕਰ ਸਕਦਾ ਇਹਨਾਂ ਨੂੰ, ਇਸ ਕਰਕੇ ਮੂਲ-ਮੰਤਰ ਵਿੱਚ ‘੧’ ਦੇ ਨਾਲ ‘ਸ੍ਵੈ ਭੰ’ ਸ਼ਬਦ ਆਇਆ ਹੋਇਆ ਹੈ । ਭਾਵ ਕਿ ਜੋ “ਸਾਹੁਰੈ ਪੇਈਐ ਇਕੁ ਹਰਿ” ਹੈ ਉਹ ਆਪਣੇ-ਆਪ(ਸ੍ਵੈ) ਭੰਗ/ਭਿੰਨ/ਵਖਰਾ ਤਾਂ ਹੋ ਸਕਦਾ ਹੈ ਪਰ ਹੋਰ ਕੋਈ ਇਸਨੂੰ ਭੰਗ/ਭਿੰਨ/ਵਖਰਾ ਜਾਂ ਦੋ ਥਾਂ ਨਹੀਂ ਕਰ ਸਕਦਾ ।}
ਹੁਣ ਇਹ ਕਿਵੇਂ ਪਤਾ ਲੱਗੇ ਕਿ ਬ੍ਰਹਮ ਹੀ ਸਾਡਾ ਮੂਲ ਹੈ ?
“ੜਾੜੈ ਗਾਰੁੜੁ ਤੁਮ ਸੁਣਹੁ ਹਰਿ ਵਸੈ ਮਨ ਮਾਹਿ ॥ ਗੁਰ ਪਰਸਾਦੀ। ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ ॥“, ਜਾਂ “ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥”
ਇਸ ਤੋਂ ਭਾਵ ਇਹ ਹੋਇਆ ਕਿ ‘ਹਰਿ’ ਜਾਂ ‘ਬ੍ਰਹਮ’, ਇੱਕ ਹੀ ਵਸਤੂ ਦੇ ਅਲੱਗ-ਅਲੱਗ ਨਾਮ ਹਨ, ਜਿਸਦਾ ਵਾਸਾ ‘ਮਨ ਮਾਹਿ’ ਹੈ ।
ਹੁਣ ਇਹ ‘ਮਨ’ ਕਿਸ ਸ਼ੈਅ ਦਾ ਨਾਮ ਹੈ ?
“ਘਟ ਘਟ ਮੈ ਹਰਿ ਜੂ, ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥“, ਜਾਂ “ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥
ਉੱਪਰ ਅਸੀਂ ਵੇਖਿਆ ਸੀ ਕਿ ‘ਹਰਿ’ ਜਾਂ ‘ਬ੍ਰਹਮ’ ਦਾ ਵਾਸਾ ‘ਮਨ ਮਾਹਿ’ ਹੈ, ਪਰ ਇਹਨਾਂ ਪੰਗਤੀਆਂ ਵਿੱਚ ਦੱਸਿਆ ਜਾ ਰਿਹਾ ਹੈ ਕਿ ‘ਹਰਿ’ ਜਾਂ ‘ਬ੍ਰਹਮ’ ਦਾ ਵਾਸਾ ‘ਘਟ’ ਵਿੱਚ ਹੈ, ਇਸ ਤੋਂ ਭਾਵ ਇਹ ਹੋਇਆ ਕਿ ‘ਮਨ’ ਜਾਂ ‘ਘਟ’ ਵੀ ਇੱਕ ਹੀ ਵਸਤੂ ਦੇ ਅਲੱਗ-ਅਲੱਗ ਨਾਮ ਹਨ। ਜੋਤ ਹਰੇਕ ਘਟ ਵਿੱਚ ਹੈ, ਹਰੇਕ ਜੀਵ ਦੇ ਵਿੱਚ ਭਾਵੇਂ ਉਹ ਕਿਸੇ ਵੀ ਸ਼੍ਰੇਣੀ ਦੲ ਜੀਵ ਹੋਵੇ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥”, “ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥”, “ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥”, ਅਤੇ ਜੋਤ ਸਾਰੇ ਜੀਵਾਂ ਵਿਛ ਬਰਾਬਰ ਹੈ ਭਾਵੇਂ ਹਾਥੀ ਦੀ ਜੋਤ ਹੋਵੇ ਜਾਂ ਕੀੜੀ ਦੀ “ਕੀਟ ਹਸਤਿ ਮਹਿ ਪੂਰ ਸਮਾਨੇ॥ ਪ੍ਰਗਟ ਪੁਰਖ ਸਭ ਠਾਊ ਜਾਨੇ॥ ਜਾ ਕਉ ਦੀਨੋ ਹਰਿ ਰਸੁ ਅਪਨਾ॥ ਨਾਨਕ ਗੁਰਮੁਖਿ ਹਰਿ ਹਰਿ ਤਿਹ ਜਪਨਾ॥”। ਜਦੋਂ ਇਹ ਜੋਤ ਗੁਣਾਂ ਕਾਰਣ ਪ੍ਰਗਟ ਹੈ ਤਾਂ ਜਾਗਦੀ ਹੈ ਤੇ ਜੇ ਅਵਗੁਣਾਂ, ਵਿਕਾਰਾਂ ਦੇ ਪਿੱਛੇ ਲੁਕੀ ਹੋਈ ਹੈ ਤਾਂ ਸੁੱਤੀ। ਜੇ ਜਾਗਦੀ ਹੈ ਤਾਂ ਹਰਿ ਹੈ ਰਾਮ ਹੈ। ਸਮਝਣ ਲਈ ਵੇਖੋ “ਹਰਿ” ਅਤੇ “ਗੁਰਮਤਿ ਵਿੱਚ ਰਾਮ”। ਗੁਰਬਾਣੀ ਹਰੇਕ ਜੀਵ ਨੁੰ ਗੁਣਾਂ ਦਾ ਗਿਆਨ ਦੇ ਕੇ ਗਿਆਨ ਦੀ ਜੋਤ ਦਾ ਦੀਵਾ ਬਾਲਦੀ ਹੈ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ॥ ਜੋ ਤਿਸੁ ਭਾਵੈ ਸੁ ਆਰਤੀ ਹੋਇ॥”
‘ਮਨ’ ਜਾਂ ‘ਘਟ’ ਨੂੰ ਗੁਰਬਾਣੀ ਵਿੱਚ ‘ਹਰਿ ਮੰਦਰ’ ਵੀ ਕਿਹਾ ਹੋਇਆ ਹੈ, ਜਿਵੇਂ ਕਿ :
“ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥ ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥“
ਉਹੀ ‘ਹਰਿ’ ਜਿਹੜਾ ਕਿ ‘ਮਨ’ ਜਾਂ ‘ਘਟ’ ਵਿੱਚ ਵਸਦਾ ਹੈ, ਉਸੇ ਨੂੰ ਕਿਹਾ ਗਿਆ ਹੈ ਕਿ ਉਹ ‘ਹਰਿ ਮੰਦਰ’ ਵਿੱਚ ਵਸਦਾ ਹੈ, ਭਾਵ ਕਿ ‘ਹਰਿ ਮੰਦਰ’, ‘ਮਨ’ ਜਾਂ ‘ਘਟ’ ਇੱਕ ਹੀ ਚੀਜ਼ ਹਨ । ਇਹ ‘ਹਰਿ ਮੰਦਰ’, ‘ਮਨ’ ਜਾਂ ‘ਘਟ’ ਬਣਾਇਆ/ਸਾਜਿਆ ਕਿਸਨੇ ਹੈ ?
“ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ॥ ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ॥“
‘ਹਰਿ ਮੰਦਰ’, ‘ਮਨ’ ਜਾਂ ‘ਘਟ’ ਨੂੰ ‘ਹਰਿ ਜੀਉ’ ਨੇ ਸਾਜਿਆ ਹੈ ਅਤੇ ‘ਹਰਿ’ ਉਸ ਦੇ (ਭਾਵ ਕਿ ‘ਹਰਿ ਮੰਦਰ’, ‘ਮਨ’ ਜਾਂ ‘ਘਟ’ ਦੇ ਵਿੱਚ ਹੀ ਸਮਾਇਆ ਹੋਇਆ ਹੈ । “ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ॥ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ॥ ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ॥ ਸਭ ਮਹਿ ਇਕੁ ਵਰਤਦਾ ਗੁਰਸਬਦੀ ਪਾਇਆ ਜਾਈ॥”
ਜਾਗਤ ਜੋਤ ਕੀ ਹੈ?
ਗੁਰਬਾਣੀ ਤੋਂ ਇਹ ਤਾਂ ਸਮਝ ਗਲਦਾ ਹੈ ਕੇ ਜੋਤ ਹਰੇਕ ਜੀਵ ਦੇ ਵਿੱਚ ਸਮਾਨ ਹੈ। ਬਰਾਬਰ ਸਮਾਈ ਹੋਈ ਹੈ ਪਰ ਜਿਹੜੇ ਜੀਵ ਦੀ ਬੁੱਧ ਗੁਣਾਂ ਤੋਂ ਹਟ ਕੇ ਵਿਕਾਰਾਂ ਵੱਲ ਹੈ ਉਸਨੂੰ ਗੁਰਮਤਿ ਸੁੱਤਾ ਮੰਨਦੀ ਹੈ। ਫੁਰਮਾਨ ਹੈ “ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ॥” ਭਾਵ ਤਿਹੀ ਗੁਣੀ (ਤ੍ਰੈ ਗੁਣਾਂ ਵਿੱਚ) ਫਸਿਆ ਜਗ ਸੁਤਾ ਪਿਆ ਹੈ। ਗੁਰ ਕਿਰਪਾ ਭਾਵ ਗੁਣਾਂ ਦੀ ਕਿਰਪਾ ਨਾਲ ਜਿਹੜੇ ਜਨ ਜਾਗ ਗਏ ਉਹਨਾਂ ਦੇ ਮਨ ਵਿੱਚ ਹਰਿ ਵੱਸਦਾ ਹੈ। ਵਿਸਥਾਰ ਵਿੱਚ ਸਮਝਾਉਂਦੇ ਹਨ ਕੇ “ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ॥ ਸ੍ਰਵਣ ਸੋਏ ਸੁਣਿ ਨਿੰਦ ਵੀਚਾਰ॥ ਰਸਨਾ ਸੋਈ ਲੋਭਿ ਮੀਠੈ ਸਾਦਿ॥ ਮਨੁ ਸੋਇਆ ਮਾਇਆ ਬਿਸਮਾਦਿ॥੧॥ ”, “ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥ ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥”
ਗੁਰਮਤਿ ਸਿੱਖ ਨੂੰ ਪੁਕਾਰ ਕੇ ਆਖਦੇ ਹੈ ਕੇ ਗਿਆਨ ਲੈ ਕੇ ਜਾਗ ਜਾ, ਗੁਣਾਂ ਨਾਲ ਏਕਾਂ ਕਰ “ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥”
”ਮਨੁ ਤਨੁ ਅਰਪਿ ਧਰੀ ਹਰਿ ਆਗੈ॥ ਜਨਮ ਜਨਮ ਕਾ ਸੋਇਆ ਜਾਗੈ॥ ਜਿਸ ਕਾ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ॥”
”ਗੁਰਮੁਖਿ ਜਪਿਓ ਹਰਿ ਕਾ ਨਾਉ॥ ਬਿਸਰੀ ਚਿੰਤ ਨਾਮਿ ਰੰਗੁ ਲਾਗਾ॥ ਜਨਮ ਜਨਮ ਕਾ ਸੋਇਆ ਜਾਗਾ॥”
ਗੁਰਮੁੱਖ ਭਾਵ ਗੁਣਾਂ ਨੂੰ ਮੁੱਖ ਰੱਖਣ ਵਾਲੇ ਨੇ ਜਾਗਣਾ। ਭਗਤ
ਜਾਗਦਾ ਕੌਣ ਹੈ? ਕਿਸਦੀ ਜੋਤ ਜਾਗਦੀ ਹੈ?
ਭਗਤ ਜਾਗਤ ਜੋਤ ਵਾਲੀ ਅਵਸਥਾ ਵਿੱਚ ਹੁੰਦੇ ਹਨ। ਗੁਰਬਾਣੀ ਦਾ ਫੁਰਮਾਨ ਹੈ “ਸੋਇ ਰਹੇ ਮਾਇਆ ਮਦ ਮਾਤੇ॥ ਜਾਗਤ ਭਗਤ ਸਿਮਰਤ ਹਰਿ ਰਾਤੇ॥”
”ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ॥ ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ॥”
”ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ॥ ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ॥”
ਭਗਤਾਂ ਨੂੰ ਜਾਗਤ ਜੋਤ ਦਾ ਸੁਭਾਗ ਪ੍ਰਾਪਤ ਹੁੰਦਾ ਹੈ “ਗੁਰੁ ਤੁਠਾ ਬਖਸੇ ਭਗਤਿ ਭਾਉ॥ ਗੁਰਿ ਤੁਠੈ ਪਾਈਐ ਹਰਿ ਮਹਲਿ ਠਾਉ॥ ਪਰਹਰਿ ਨਿੰਦਾ ਹਰਿ ਭਗਤਿ ਜਾਗੁ॥ ਹਰਿ ਭਗਤਿ ਸੁਹਾਵੀ ਕਰਮਿ ਭਾਗੁ॥”
ਸੱਚੇ ਦੇ ਗੁਣਾਂ ਦੀ ਸੇਵਾ ਕੀਤਿਆਂ ਗਤ ਜਾਗਦਾ ਹੈ “ਜੀਵਤ ਮੁਕਤ ਗੁਰਮਤੀ ਲਾਗੇ॥ ਹਰਿ ਕੀ ਭਗਤਿ ਅਨਦਿਨੁ ਸਦ ਜਾਗੇ॥ ਸਤਿਗੁਰੁ ਸੇਵਹਿ ਆਪੁ ਗਵਾਇ॥ ਹਉ ਤਿਨ ਜਨ ਕੇ ਸਦ ਲਾਗਉ ਪਾਇ॥”
ਦਾਮ ਪਾਤਿਸ਼ਾਹ ਸਪਸ਼ਟ ਕਰਦੇ ਹਨ
”ਰੂਪੰ ਨ ਰੇਖੰ ਨ ਰੰਗੰ ਨ ਰਾਗੰ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ॥ ਨ ਦ੍ਵੈਖੰ ਨ ਭੇਖੰ ਨਿਰੰਕਾਰ ਨਿਤ੍ਯੰ॥ ਮਹਾ ਜੋਗ ਜੋਗੰ ਸੁ ਪਰਮੰ ਪਵਿਤ੍ਯੰ॥”
”ਜਾਗਤ ਜਾ ਕੀ ਜੋਤਿ ਜਗਿ ਜਲਿ ਥਲਿ ਰਹੀ ਸਮਾਇ॥ ਬ੍ਰਹਮ ਬਿਸਨੁ ਹਰ ਰੂਪ ਮੈ ਤ੍ਰਿਗੁਨਿ ਰਹੀ ਠਹਰਾਇ॥”
”ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੈ॥ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਰਹੀ ਮਠ ਭੂਲ ਨ ਮਾਨੈ॥ ਤੀਰਥ ਦਾਨ ਦਇਆ ਤਪ ਸੰਜਮ ਏਕੁ ਬਿਨਾ ਨਹਿ ਏਕ ਪਛਾਨੈ॥ ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ॥”
ਜਦੋਂ ਜਾਗਤ ਜੋਤ ਨੂੰ ਜੱਪ ਭਾਵ ਪਛਾਣ ਲੈਂਦਾ ਹੈ, ਏਕ ਬਿਨਾਂ ਹੋਰ ਕੁੱਝ ਦਿਸਦਾ ਨਹੀਂ। ਪੂਟਨ ਪ੍ਰੇਮ ਸਜ ਜਾਂਦਾ ਹੈ, ਕਿਤੇ ਭਟਕਣ ਦੀ ਲੋੜ ਨਹੀਂ ਰਹਿੰਦੀ। ਤੀਰਥ, ਦਾਨ, ਦਇਆ, ਤਪ, ਸੰਜਮ ਸਾਰੇ ਹੀ ਨਾਮ (ਸੋਝੀ) ਦਿਸਣ ਲੱਗ ਪੈਂਦੇ ਹਨ, ਏਕ ਦੀ ਪਛਾਣ ਹੋ ਜਾਵੇ, ਘਟ ਵਿੱਚ ਗੁਣਾਂ ਦੀ ਪੂਰਨ ਜੋਤ ਜੱਗ ਜਾਂਦੀ ਹੈ ਤਾਂ ਖਾਲਸਾ ਘਟ ਵਿੱਚ ਬਣਦਾ। ਜਿਤਨੇ ਭਗਤ ਜਨ ਆਦਿ ਤੋਂ ਅੰਤ ਤੱਕ ਗੁਣ ਧਾਰਦੇ ਰਹੇ ਹਨ ਉਹ ਸਾਰੇ ਹੀ ਜਾਗਤ ਜੋਤ ਹਨ।
ਗੁਰਬਾਣੀ ਕਲਜੁੱਗ ਵਿੱਚ ਚਾਨਣ ਹੈ, ਹਨੇਰੇ ਵਿੱਚ (ਵਿਕਾਰਾਂ ਦੇ ਘੇਰੇ ਵਿੱਚ) ਚਾਨਣ ਹੈ। ਦੀਵਾ ਹੈ “ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥”।
ਜਦੋਂ ਗੁਰਬਾਣੀ ਦੇ ਦੀਵੇ ਨਾਲ ਜੀਵ ਦੇ ਘਟ ਵਿੱਚ ਗਿਆਨ ਦਾ ਦੀਵਾ ਬਲਦਾ ਹੈ ਤਾਂ ਜੀਵ ਸੰਪੂਰਨ ਹੁੰਦਾ ਹੈ “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ॥ ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ॥ ਬਿਨਵੰਤਿ ਨਾਨਕ ਸੇਈ ਜਾਣਹਿ ਜਿਨੑੀ ਹਰਿ ਰਸੁ ਪੀਆ॥”
”ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ॥ ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ॥ ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ॥੩॥ ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ॥ ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ॥”
ਪਾਤਿਸ਼ਾਹ ਆਖਦੇ ਜੋਤ ਤਾਂ ਤੇਰੇ ਅੰਦਰ ਜਗਾ ਕੇ ਹੀ ਤੈਨੂੰ ਭੇਜਿਆ ਗਿਆ ਹੈ ਤੈਨੂੰ ਇਹ ਭੁੱਲ ਗਿਆ “ ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ॥ ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥ ਗੁਰਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ॥ ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥੩੩॥”
ਭਗਤ ਨੇ ਇਹੀ ਗਿਆਨ ਦੀ ਜੋਤ ਜਗਾ ਕੇ ਘਟ ਅੰਦਰ ਵੱਸਦੇ ਹਰਿ ਦੀ ਆਰਤੀ ਕੀਤੀ ਹੈ “ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜੵਾਰਾ॥ ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ॥੨॥ ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ॥ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ॥”
ਇਹੀ ਕੋਤ ਭਗਤਾਂ ਨੇ ਭਗਤਾਂ ਦੀ ਤੇ ਗੁਰੂਆਂ ਨੇ ਗੁਰੂਆਂ ਦੀ ਜਗਾਈ ਹੈ ਗੁਣਾਂ ਦੇ ਗਿਆਮ, ਪ੍ਰੇਮ, ਹੁਕਮ ਦੀ ਸੋਝੀ ਰੂਪ ਵਿੱਚ ਨਾਮ ਦੁਆਰਾ “ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥”, “ਨਾਨਕ ਅੰਗਦ ਕੋ ਬਪੁ ਧਰਾ॥ ਧਰਮ ਪ੍ਰਚੁਰ ਇਹ ਜਗ ਮੋ ਕਰਾ॥ ਅਮਰਦਾਸ ਪੁਨਿ ਨਾਮੁ ਕਹਾਯੋ॥ ਜਨ ਦੀਪਕ ਤੇ ਦੀਪ ਜਗਾਯੋ॥“ ਅਤੇ “ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ॥ ਆਦਿ ਪੁਰਖਿ ਪਰਤਖਿ ਲਿਖੵਉ ਅਛਰੁ ਮਸਤਕਿ ਧੁਰਿ॥ ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ॥ ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ॥ ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ॥ ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ॥”। ਅੱਜ ਗੁਰਬਾਣੀ ਸਾਡੇ ਲਈ ਇਸੀ ਜੋਤ ਨਾਲ ਚਾਨਣ ਕਰ ਰਹੀ ਹੈ।
ਸੋ ਹਰੇਕ ਸਿੱਖ ਨੇ ਗੁਰਮਤਿ ਤੋਂ ਗਿਆਨ ਰਾਹੀਂ ਆਪਣੇ ਘਟ ਵਿੱਚ ਨਾਮ ਦੇ ਦੀਵੇ ਤੋਂ ਜੋਤ ਜਗਾਉਣੀ ਹੈ। ਗੁਰਬਾਣੀ ਪੜ੍ਹ ਕੇ ਸਮਝ ਕੇ ਵਿਚਾਰ ਕੇ ਸੱਚ ਨੂੰ, ਜੋਤ ਨੂੰ ਹਰਿ ਨੂੰ ਰਾਮ ਨੂੰ ਘਟ ਅੰਦਰ ਹੀ ਖੋਜਣਾ ਹੈ। ਜਦੋਂ ਤੱਕ ਵਿਵਾਦ ਹੈ, ਵਿਕਾਰ ਹਨ, ਹਉਮੈ, ਨਦਿਆ ਦੀ ਕਾਲਖ ਹੈ ਇਹ ਗੱਲ ਸਮਝਣਾ ਔਖਾ ਹੈ। ਵਿਕਾਰ ਤਿਆਗ ਕੇ ਪੂਰਨ ਪ੍ਰੇਮ ਦੀ ਪ੍ਰੀਤ ਸੰਭਾਲਣੀ ਹੈ ਸਿੱਖ ਨੇ।
